ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ/ਪੂਰਨ ਦਾ ਜਨਮ
Jump to navigation
Jump to search
ਪਹਿਲੀ ਸੀਹਰਫ਼ੀ
ਪੂਰਨ ਦਾ ਜਨਮ
ਅਲਫ਼ ਆਖ ਸਖੀ ਸਿਆਲਕੋਟ ਅੰਦਰ,
ਪੂਰਨ ਪੁੱਤ ਸਲਵਾਨ ਨੇ ਜਾਇਆ ਈ।
ਜਦੋਂ ਜੰਮਿਆਂ ਰਾਜੇ ਨੂੰ ਖ਼ਬਰ ਹੋਈ,
ਸੱਦ ਪੰਡਤਾਂ ਵੇਦ ਪੜ੍ਹਾਇਆ ਈ।
ਬਾਰਾਂ ਬਰਸ ਨਾ ਰਾਜਿਆ ਮੂੰਹ ਲੱਗੀਂ,
ਦੇਖ ਪੰਡਤਾਂ ਏਵ ਫਰਮਾਇਆ ਈ।
ਕਾਦਰਯਾਰ ਮੀਆਂ ਪੂਰਨ ਭਗਤ ਤਾਈਂ,
ਬਾਪ ਜੰਮਦਿਆਂ ਹੀ ਭੋਰੇ ਪਾਇਆ ਈ।
ਬੇ ਬੇਦ ਉਤੇ ਜਿਵੇਂ ਲਿਖਿਆ ਸੀ,
ਤਿਵੇਂ ਪੰਡਤਾਂ ਆਖਿ ਸੁਣਾਇ ਦਿੱਤਾ।
ਪੂਰਨ ਇਕ ਹਨੇਰਿਓਂ ਨਿੱਕਲਿਆ ਸੀ,
ਦੂਜੀ ਕੋਠੜੀ ਦੇ ਵਿੱਚ ਪਾਇ ਦਿਤਾ।
ਸਭੋ ਗੋਲੀਆਂ ਬਾਂਦੀਆਂ ਦਾਈਆਂ ਨੂੰ,
ਬਾਰ੍ਹਾਂ ਬਰਸ ਦਾ ਖਰਚ ਪੁਵਾਇ ਦਿੱਤਾ।
ਕਾਦਰਯਾਰ ਮੀਆਂ ਪੂਰਨ ਭਗਤ ਤਾਈਂ,
ਬਾਪ ਜੰਮਦਿਆਂ ਕੈਦ ਕਰਵਾਇ ਦਿਤਾ।
ਤੇ ਤਾਬਿਆ ਨਾਲ ਉਸਤਾਦ ਹੋਏ,
ਲੱਗੇ ਵਿਦਿਆ ਅਕਲ ਸਿਖਾਵਣੇ ਨੂੰ।
ਛਿਆਂ ਬਰਸਾਂ ਦਾ ਪੂਰਨ ਭਗਤ ਹੋਇਆ,
ਪਾਂਧੇ ਪੋਥੀਆਂ ਦੇਣ ਪੜ੍ਹਾਵਣੇ ਨੂੰ।
ਤੀਰ-ਅੰਦਾਜ਼ੀਆਂ ਹੱਥ ਕਮਾਨ ਦਿੰਦੇ,
ਦਸਨ ਤਰਗਸਾ ਤੀਰ ਚਲਾਵਣੇ ਨੂੰ।
ਕਾਦਰਯਾਰ ਜੁਆਨ ਜਦ ਹੋਇਆ ਪੂਰਨ,
ਦੰਮ ਦੰਮ ਲੋਚੇ ਬਾਹਰ ਆਵਣੇ ਨੂੰ।