ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ/ਪੂਰਨ ਦਾ ਪਿਤਾ ਦੇ ਦਰਬਾਰ ਆਉਣਾ
ਪੂਰਨ ਦਾ ਪਿਤਾ ਦੇ ਦਰਬਾਰ ਆਉਣਾ
ਸੇ ਸਾਬਤੀ ਵਿੱਦਿਆ ਸਿੱਖ ਕੇ ਜੀ,
ਬਾਰਾਂ ਬਰਸ ਗੁਜ਼ਰੇ ਖ਼ਬਰਦਾਰ ਹੋਇਆ।
ਪੂਰਨ ਪੁੱਤ੍ਰ ਰਾਜੇ ਸਲਵਾਹਨ ਤਾਈਂ,
ਪਾਨ ਲੈ ਕੇ ਮਿਲਣ ਤਿਯਾਰ ਹੋਇਆ।
ਚੜ੍ਹੀ ਹਿਰਸ ਰਾਜੇ ਸਲਵਾਹਨ ਤਾਈਂ,
ਚੁੱਕ ਅੱਡੀਆਂ ਪੱਬਾਂ ਦੇ ਭਾਰ ਹੋਇਆ।
ਕਾਦਰਯਾਰ ਸੂਰਤ ਰਾਜੇ ਜਦੋਂ ਡਿੱਠੀ,
ਚੜ੍ਹੀ ਹਿਰਸ ਤੇ ਮਸਤ ਸੰਸਾਰ ਹੋਇਆ।
ਜੀਮ ਜਾਇ ਰਾਜੇ ਸਲਵਾਹਨ ਆਂਦੀ,
ਇਕ ਇਸਤ੍ਰੀ ਹੋਰ ਵਿਆਹੇ ਕੇ ਜੀ।
ਉਸ ਦੀ ਜਾਤ ਚਮਿਆਰੀ ਤੇ ਨਾਮ ਲੂਣਾ,
ਘਰ ਆਂਦੀ ਸੀ ਈਨ ਮਨਾਇ ਕੇ ਜੀ।
ਸੂਰਤ ਉਸ ਦੀ ਚੰਦ ਮਹਿਤਾਬ ਵਾਂਗੂੰ,
ਜਦੋਂ ਬੈਠੀ ਸੀ ਜ਼ੇਵਰ ਪਾਇ ਕੇ ਜੀ।
ਕਾਦਰਯਾਰ ਕੀ ਆਖ ਸੁਣਾਵਸਾਂ ਮੈਂ,
ਪੰਛੀ ਡਿਗਦੇ ਦਰਸ਼ਨ ਪਾਇ ਕੇ ਜੀ।
ਹੇ ਹਾਰ ਸ਼ਿੰਗਾਰ ਸਭ ਪਹਿਰ ਕੇ ਜੀ,
ਪੂਰਨ ਨਾਲ ਮਹੂਰਤਾਂ ਬਾਹਰ ਆਇਆ।
ਕੱਢ ਭੋਰਿਉਂ ਬਾਪ ਦਾ ਭੌਰ ਤਾਜ਼ੀ,
ਨਿਗ੍ਹਾ ਰੱਖ ਕੇ ਵਿਚ ਬਾਜ਼ਾਰ ਆਇਆ।
ਖੁਸ਼ੀ ਬਹੁਤ ਹੋਈ ਰਾਣੀ ਇੱਛਰਾਂ ਨੂੰ,
ਦਰਿ ਘਰ ਦੇਣ ਵਧਾਈਆਂ ਸੰਸਾਰ ਆਇਆ।
ਕਾਦਰਯਾਰ ਮੀਆਂ ਬਾਰ੍ਹਾਂ ਬਰਸ ਪਿਛੋਂ,
ਪੂਰਨ ਰਾਜਿਆਂ ਦੇ ਦਰਬਾਰ ਆਇਆ।
ਖੇ ਖੁਸ਼ੀ ਹੋਈ ਸਲਵਾਹਨ ਰਾਜੇ,
ਪੂਰਨ ਆਇ ਕੇ ਜਦੋਂ ਸਲਾਮ ਕੀਤਾ।
ਖੁਸ਼ੀ ਨਾਲ ਨਾ ਮੇਉਂਦਾ ਵਿੱਚ ਜਾਮੇ,
ਗਊਆਂ ਮਣਸੀਆਂ ਤੇ ਪੁੰਨ ਦਾਨ ਕੀਤਾ।
ਪੂਰਨ ਵਿੱਚ ਕਚਹਿਰੀ ਦੇ ਆਣ ਬੈਠਾ,
ਲੋਕਾਂ ਸਭਨਾਂ ਵੱਲ ਧਿਆਨ ਕੀਤਾ।
ਕਾਦਰਯਾਰ ਮੀਆਂ ਸਲਵਾਹਨ ਰਾਜੇ,
ਹੱਥੋਂ ਸਾਈਂ ਦੇ ਨਾਮ ਕੁੱਝ ਦਾਨ ਕੀਤਾ।
ਦਾਲ ਦਸਦਾ ਪੁਛਦਾ ਲਾਗੀਆਂ ਨੂੰ,
ਸਲਵਾਹਨ ਰਾਜਾ ਤਦੋਂ ਗੱਜ ਕੇ ਜੀ।
ਪੂਰਨ ਭਗਤ ਦਾ ਢੂੰਡਸਾਂ ਸਾਕ ਯਾਰੋ,
ਜਿੱਥੇ ਚੱਲ ਢੁਕੀਏ ਦਿਨ ਅੱਜ ਕੇ ਜੀ।
ਮੈਨੂੰ ਸਿਕਦਿਆਂ ਰੱਬ ਨੇ ਲਾਲ ਦਿੱਤਾ,
ਅੱਖੀਂ ਵੇਖ ਲੀਤਾ ਹੁਣ ਰੱਜ ਕੇ ਜੀ।
ਕਾਦਰਯਾਰ ਮੀਆਂ ਪੂਰਨ ਭਗਤ ਅੱਗੋਂ,
ਕਹਿੰਦਾ ਸੁਖਨ ਸੱਚਾ ਇਕ ਵੱਜ ਕੇ ਜੀ।
ਜ਼ਾਲ ਜ਼ਰਾ ਨਾ ਬਾਪ ਤੋਂ ਸੰਗ ਕਰਦਾ,
ਕਹਿੰਦਾ ਬਾਬਲਾ ਪੁੱਤ ਵਿਆਹੁ ਨਾਹੀ।
ਜਿਸ ਵਾਸਤੇ ਲੋਕ ਵਿਆਹ ਕਰਦੇ,
ਮੇਰੇ ਮਨ ਅਜੇ ਕੋਈ ਚਾਹੁ ਨਾਹੀ।
ਮੇਰਾ ਭੌਰ ਸਲਾਮਤੀ ਰਹੂ ਏਵੇਂ,
ਬੰਨ੍ਹ ਬੇੜੀਆਂ ਬਾਬਲਾ ਪਾਉ ਨਾਹੀ।
ਕਾਦਰਯਾਰ ਨਾ ਸੰਗਦਾ ਕਹੇ ਪੂਰਨ,
ਮੈਥੋਂ ਰੱਬ ਦਾ ਨਾਉਂ ਭੁਲਾਉ ਨਾਹੀ।
ਰੇ ਰੰਗ ਤਗੀਰ ਹੋ ਗਿਆ ਸੁਣ ਕੇ,
ਪੂਰਨ ਭਗਤ ਵਲੋਂ ਸਲਵਾਹਨ ਦਾ ਈ।
ਕੋਲੋਂ ਉਠਿ ਵਜ਼ੀਰ ਨੇ ਮਤਿ ਦਿਤੀ,
ਅਜੇ ਇਹ ਕੀ ਰਾਜਿਆ ਜਾਣਦਾ ਈ।
ਜਦੋਂ ਹੋਗੁ ਜੁਆਨ ਕਰ ਲੈਗੁ ਆਪੇ,
ਤੈਥੋਂ ਬਾਹਰਾ ਫਿਕਰ ਵਿਆਹਨ ਦਾ ਈ।
ਕਾਦਰਯਾਰ ਵਜ਼ੀਰ ਦੇ ਲੱਗ ਆਖੇ,
ਰਾਜਾ ਫੇਰ ਖੁਸ਼ੀ ਅੰਦਰ ਆਂਵਦਾ ਈ।
ਜ਼ੇ ਜ਼ੁਬਾਨ ਥੀਂ ਰਾਜੇ ਨੇ ਹੁਕਮ ਕੀਤਾ,
ਘਰ ਜਾਹੁ ਸਲਾਮ ਕਰ ਮਾਈਆਂ ਨੂੰ।
ਜਿਸ ਵਾਸਤੇ ਭੋਰੇ ਦੇ ਵਿੱਚ ਪਾਇਆ,
ਹੁਣ ਮੋੜ ਨਾ ਖੁਸ਼ੀਆਂ ਆਈਆਂ ਨੂੰ।