ਖੰਡ ਮਿਸ਼ਰੀ ਦੀਆਂ ਡਲ਼ੀਆਂ/ਛੜੇ ਵਖਤਾਂ ਫੜੇ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਛੜੇ ਵਖਤਾਂ ਫੜੇ
490
ਤੋਰ ਤੁਰੇ ਜਦ ਵਾਂਗ ਹੰਸ ਦੇ
ਸੱਪ ਵਾਂਗੂੰ ਵਲ ਖਾਵੇ
ਬਸਰੇ ਦਾ ਲਹਿੰਗਾ ਗੋਰਜੈਟ ਦਾ
ਛਮ ਛਮ ਲਕ ਹਲਾਵੇ
ਕੁੜਤੀ ਜਾਕਟ ਪਾਪਲੈਨ ਦੀ
ਹੱਥ ਰੁਮਾਲ ਸਜਾਵੇ
ਮੱਛਲੀ ਵੈਰਨ ਦੀ-
ਅੱਗ ਛੜਿਆਂ ਨੂੰ ਲਾਵੇ
491
ਰੜਕੇ ਰੜਕੇ ਰੜਕੇ
ਛੜਿਆਂ ਨੇ ਅੰਬ ਤੜਕੇ
ਧੰਨੀ ਆਈ ਬੈਲੂਆ ਫੜਕੇ
ਛੜਿਆਂ ਨੇ ਅੰਬ ਖਾ ਵੀ ਲਏ
ਧੰਨੀ ਮੁੜਗੀ ਢਿਲੇ ਜਹੇ ਬੁਲ੍ਹ ਕਰਕੇ
ਧੰਨੀਏਂ ਨਾ ਮੁੜ ਨੀ
ਆਪਾਂ ਚੱਲਾਂਗੇ ਪਹਿਰ ਦੇ ਤੜਕੇ
ਬੋਤਾ ਚੋਰੀ ਦਾ-
ਮੇਰੀ ਹਿੱਕ ਤੇ ਜੰਜੀਰੀ ਖੜਕੇ
492
ਛੜਾ ਛੜੇ ਨੂੰ ਬੋਲੇ
ਰੋਟੀ ਪਰਸੋਂ ਦੀ
ਹੇਠ ਜਾੜ੍ਹ ਦੇ ਬੋਲੇ
493
ਰਾਮ ਰਾਮ ਦੀ ਹੋ ਗੀ ਮਰਜ਼ੀ
ਬਾਪ ਛੜੇ ਦਾ ਮਰਿਆ
ਭੌਂ ਭਰਾਵਾਂ ਵੰਡਲੀ
ਅੱਡ ਵਿਚਾਰਾ ਕਰਿਆ
ਛੜਾ ਵਿਚਾਰਾ ਬੋਲਦਾ ਨੀ

ਵਿੱਚ ਹਰਖ ਦੇ ਭਰਿਆ
ਤੇਰੀ ਕੁਦਰਤ ਤੇ-
ਸਭ ਕੋਈ ਹੈ ਡਰਿਆ
494
ਛੜਾ ਛੜਾ ਨਾ ਕਰਿਆ ਕਰ ਨੀ
ਦੇਖ ਛੜੇ ਨਾਲ ਲਾ ਕੇ
ਛੜਾ ਤਾਂ ਤੈਨੂੰ ਐਂ ਰੱਖ ਲੈਂਦਾ
ਹਿੱਕ ਦਾ ਵਾਲ ਬਣਾ ਕੇ
ਲੱਗੀਆਂ ਸਿਆਲ ਦੀਆਂ-
ਟੁੱਟੀਆਂ ਪਿੜਾਂ ਵਿੱਚ ਜਾ ਕੇ
495
ਛੜਾ ਛੜਾ ਨਾ ਕਰਿਆ ਕਰ ਨੀ
ਦੇਖ ਛੜੇ ਨਾਲ ਲਾ ਕੇ
ਪਹਿਲਾਂ ਛੜਾ ਤੇਰੇ ਭਾਂਡੇ ਮਾਂਜੇ
ਲਾ ਕੜਛੀ ਤੋਂ ਲਾ ਕੇ
ਵਿਛੀਆਂ ਸੇਜਾਂ ਤੇ-
ਸੌਂ ਜਾ ਮਨ ਚਿਤ ਲਾ ਕੇ
496
ਛੜਾ ਛੜਾ ਨਿਤ ਰਹੇਂ ਆਖਦੀ
ਦੇਖ ਛੜੇ ਨਾਲ ਲਾ ਕੇ
ਭਾਂਡੇ ਟੀਂਡੇ ਸਾਰੇ ਮਾਂਜਦੂੰੰ
ਕੜਛੀ ਪਤੀਲਾ ਲਾ ਕੇ
ਲੱਗੀਆਂ ਸਿਆਲ ਦੀਆਂ-
ਟੁੱਟੀਆਂ ਪਿੜਾਂ ਵਿੱਚ ਜਾ ਕੇ
497
ਇਕ ਛੜਾ ਸੁਣਾਵੇ ਦੁਖੜੇ
ਰੋ ਰੋ ਮਾਰੇ ਧਾਹੀਂ
ਦੋ ਸੌ ਨਗਦ ਰੁਪਿਆ ਖਾ ਗੀ
ਜਨਤਾ ਨਾਮ ਜੁਲਾਹੀ
ਕਢਮੀ ਜੁੱਤੀ ਰੇਸ਼ਮੀ ਲੀੜੇ
ਲੈਂਦੀ ਚੜ੍ਹੀ ਛਮਾਹੀ
ਲੱਡੂ ਕਦੇ ਅੰਗੂਰ ਮੰਗੌਂਦੀ
ਖਾਂਦੀ ਬੇ ਪਰਵਾਹੀ
ਨਾਰ ਬਿਗਾਨੀ ਨੇ-
ਘਰ ਦੀ ਕਰੀ ਤਬਾਹੀ

498
ਛੜਾ ਆਖਦਾ ਵੀਰੋ
ਕੀ ਪੁਛਦੇ ਦੁਖ ਮੇਰਾ
ਸਾਲ ਹੋ ਗਿਆ ਔਰਤ ਮਰਗੀ
ਹੋ ਗਿਆ ਜਗਤ ਹਨੇਰਾ
ਰੋਂਦੇ ਫਿਰਨ ਜਵਾਕ ਨਿਆਣੇ
ਪਿਆ ਦੁੱਖਾਂ ਦਾ ਘੇਰਾ
ਸੜਦੇ ਹੱਥ ਪੱਕੇ ਰੋਟੀ
ਕੱਟਣਾ ਵਖਤ ਉਖੇਰਾ
ਬਾਝ ਜਨਾਨੀ ਦੇ-
ਘਰ ਸਾਧਾਂ ਦਾ ਡੇਰਾ
499
ਛੜਾ ਛੜੇ ਨੂੰ ਦਏ ਦਲਾਸਾ
ਮੌਜ ਭਰਾਵਾ ਰਹਿੰਦੀ
ਦੋ ਡੱਕਿਆਂ ਨਾਲ ਅੱਗ ਬਲ ਪੈਂਦੀ
ਰੋਟੀ ਸੇਕ ਨਾਲ ਲਹਿੰਦੀ
ਇਕ ਦੁੱਖ ਮਾਰ ਗਿਆ-
ਸੁਰਤ ਰੰਨਾਂ ਵਿੱਚ ਰਹਿੰਦੀ
500
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਛੜਿਆਂ ਦਾ ਢਹਿ ਗਿਆ ਕੋਠਾ
ਛੜਿਓ ਪੁੰਨ ਕਰ ਦੋ
ਥੋਡਾ ਭਰਿਆ ਜਹਾਜ਼ ਖਲੋਤਾ
ਪਤਲੋ ਐਂ ਲੰਘ ਗੀ
ਜਿਵੇਂ ਲੰਘ ਗਿਆ ਸੜਕ ਤੇ ਬੋਤਾ
ਅੱਖੀਆਂ ਮਾਰ ਗਿਆ-
ਜ਼ੈਲਦਾਰ ਦਾ ਪੋਤਾ
501
ਛੜਾ ਵਿਚਰਾ ਨਾ ਹੁਣ ਬੋਲੇ
ਵਿੱਚ ਹਰਖ ਦੇ ਭਰਿਆ
ਭਾਂਡਾ ਟੀਂਡਾ ਹਿੱਸੇ ਆਉਂਦਾ
ਕੋਲ ਛੜੇ ਦੇ ਧਰਿਆ
ਓਹਦੀ ਕੁਦਰਤ ਤੋਂ-
ਹਰ ਕੋਈ ਹੈ ਡਰਿਆ

502
ਜਦ ਤਾਂ ਭਾਬੀ ਕੱਲੀ ਹੁੰਦੀ
ਕਰਕੇ ਪੈਂਦਾ ਹੱਲਾ
ਛੜਾ ਵਿਚਾਰਾ ਕਹਿੰਦਾ
ਆਹ ਲੈ ਭਾਬੀ ਛੱਲਾ
ਮਿੰਨਤਾਂ ਕਰਦਾ ਨੀ-
ਗਲ ਵਿੱਚ ਪਾ ਕੇ ਪੱਲਾ
503
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਛੜਿਆਂ ਦਾ ਢਹਿ ਗਿਆ ਕੋਠਾ
ਛੜਿਓ ਨਾ ਰੋਵੋ
ਥੋਡਾ ਭਰਿਆ ਜਹਾਜ ਖਲੋਤਾ
ਪਤਲੋਂ ਐਂ ਤੁਰਦੀ
ਜਿਮੇਂ ਤੁਰਦਾ ਸੜਕ ਤੇ ਬੋਤਾ
ਸੁੱਚਿਆਂ ਰੁਮਾਲਾਂ ਨੂੰ-
ਲਾ ਦੇ ਧਨ ਕੁਰੇ ਗੋਟਾ
504
ਛੜੇ ਛੜੇ ਨਾ ਆਖੋ ਲੋਕੋ
ਛੜੇ ਵਖਤ ਨੇ ਫੜੇ
ਅੱਧੀ ਰਾਤੀਂ ਪੀਂਂਹਣ ਲੱਗੇ
ਪੰਜ ਸੇਰ ਛੋਲੇ ਦਲੇ
ਦਲ ਦੁਲ ਕੇ ਜਾਂ ਛਾਨਣ ਲੱਗੇ
ਆਟਾ ਦੇਹ ਨੂੰ ਲੜੇ
ਛਾਣ ਛੂਣ ਕੇ ਗੁਨ੍ਹਣ ਲੱਗੇ
ਪਾਣੀ ਨੂੰ ਝਿਊਰ ਨਾ ਚੜ੍ਹੇ
ਅੱਗ ਬਾਲਣ ਦੀ ਸਾਰ ਨਾ ਆਵੇ
ਭੜ ਭੜ ਦਾਹੜੀ ਸੜੇ
ਝਾੜ ਝੂੜ ਕੇ ਚਾਰੇ ਪੱਕੀਆਂ
ਚਾਰ ਪਰਾਹੁਣੇ ਖੜੇ
ਲਓ ਭਰਾਵੋ ਇਹੋ ਖਾ ਲਓ
ਇਹੋ ਹੀ ਸਾਥੋਂ ਸਰੇ
ਛੜਿਆਂ ਨੂੰ ਵਖਤ ਪਿਆ-
ਨਾ ਜਿਉਂਦੇ ਨਾ ਮਰੇ
505
ਛੜੇ ਛੜੇ ਸਭ ਜਗ ਜਾਣਦਾ
ਛੜੇ ਵਖਤ ਦੇ ਮਾਰੇ

ਪਹਿਲਾਂ ਛੜੇ ਨੇ ਕਰਲੀ ਨੌਕਰੀ
ਓਥੋਂ ਲਿਆਂਦੇ ਕੜੇ
ਕੜੇ ਕੁੜੇ ਤਾਂ ਬੇਚ ਕੇ
ਚਿੱਤ ਖੇਤੀ ਨੂੰ ਕਰੇ
ਹਲ਼ ਪੰਜਾਲ਼ੀ ਲੈ ਗਿਆ ਲੱਦ ਕੇ
ਚਊ ਭੁੱਲ ਗਿਆ ਘਰੇ
ਜਦ ਛੜਾ ਚਊ ਚੁੱਕਣ ਭੱਜਦਾ
ਝੋਟੇ ਛਪੜੀਏਂਂ ਬੜੇ
ਇੱਟਾਂ ਉੱਟਾਂ ਮਾਰ ਕੇ ਝੋਟੇ ਕੱਢੇ
ਸਿਖਰ ਦੁਪਹਿਰਾ ਚੜ੍ਹੇ
ਰੰਨਾਂ ਵਾਲਿਆਂ ਦੀ ਆ ਗੀ ਹਾਜ਼ਰੀ
ਛੜੇ ਦਾ ਕਾਲਜਾ ਸੜੇ
ਜੱਦ ਤਾਂ ਛੜਾ ਆਟਾ ਦੇਖਦਾ
ਆਂਟਾ ਨੀ ਹੈਗਾ ਘਰੇ
ਪੰਜ ਸੇਰ ਤਾਂ ਮੱਕੀ ਪਈ ਸੀ
ਛੜਾ ਚੱਕੀ ਦਾ ਹੱਥਾ ਫੜੇ
ਸਾਉਣ ਦਾ ਮਹੀਨਾ ਰੁੱਤ ਗਰਮੀ ਦੀ
ਆਟਾ ਵਿੱਚ ਕੁਲਿਆਂ ਦੇ ਲੜੇ
ਜਦ ਤਾਂ ਛੜਾ ਪਾਣੀ ਦੇਖਦਾ
ਪਾਣੀ ਨਾ ਹੈਗਾ ਘਰੇ
ਜਦ ਤਾਂ ਛੜਾ ਘੜੇ ਚੱਕ ਕੇ ਭੱਜਦਾ
ਫੇਰ ਝਿਊਰਾਂ ਨਾਲ ਲੜੇ
ਪੰਜ ਰੁਪਯੇ ਥੋਨੂੰ ਦਿੰਦਾ
ਮੇਰਾ ਪਾਣੀ ਨਾ ਭਰੇ
ਜਦ ਤਾਂ ਛੜਾ ਮੁੜ ਕੇ ਦੇਖਦਾ
ਆਟੇ ਨਾਲ ਕੁੱਤੇ ਰੱਜੇ ਖੜੇ
ਜਦ ਤਾਂ ਛੜਾ ਸੋਟੀ ਚੱਕ ਕੇ
ਕੁੱਤਿਆਂ ਦੇ ਗੈਲ ਭਜਦਾ
ਜਦ ਛੜਾ ਮੁੜ ਕੇ ਦੇਖਦਾ
ਘਰ ਨੌ ਪਰਾਹੁਣੇ ਖੜੇ
ਬੁਰਕੀ ਬੁਰਕੀ ਵੰਡ ਕੇ ਉਹਨਾਂ ਨੂੰ
ਆਪ ਕੋਠੇ ਤੇ ਚੜ੍ਹੇ
ਨਾ ਕਿਸੇ ਦੇ ਆਵਾਂ ਜਾਵਾਂ
ਨਾ ਕੋਈ ਸਾਲਾ ਸਾਡੇ ਬੜੇ