ਖੰਡ ਮਿਸ਼ਰੀ ਦੀਆਂ ਡਲ਼ੀਆਂ/ਸਤਨਾਜਾ

ਵਿਕੀਸਰੋਤ ਤੋਂ

ਸਤਨਾਜਾ
506
ਕਾਮ ਹਨੇਰੀ
ਕਲਜੁਗ ਬੜਾ ਜ਼ਮਾਨਾ ਖੋਟਾ
ਲੋਕ ਦੇਣ ਦੁਹਾਈ
ਊਚ ਨੀਚ ਨਾ ਦੇਖੇ ਕੋਈ
ਕਾਮ ਹਨੇਰੀ ਛਾਈ
ਨਾ ਕੋਈ, ਮਾਮੀ ਫੂਫੀ ਦੇਖੇ
ਨਾ ਚਾਚੀ ਨਾ ਤਾਈ
ਨੂੰਹਾਂ ਵਲ ਨੂੰ ਸੌਹਰੇ ਝਾਕਣ
ਸੱਸਾਂ ਵੱਲ ਜਮਾਈ
ਪਾਪੀ ਕਲਜੁਗ ਨੇ-
ਉਲਟੀ ਨਦੀ ਚਲਾਈ
507
ਮਾਵਾਂ ਦੇ ਪੁਤ ਸਾਧੂ ਬਣਗੇ
ਸੰਤੋਂ ਬੰਤੋ ਦੋਨੋਂ ਭੈਣਾਂ
ਇੱਕ ਪਿੰਡ ਵਿਆਹੀਆਂ
ਮਾਵਾਂ ਦੇ ਪੁੱਤ ਸਾਧੂ ਬਣਗੇ
ਸਿਰ ਤੇ ਜਟਾਂ ਰਖਾਈਆਂ
ਬਗਲੀ ਪਾ ਕੇ ਮੰਗਣ ਤੁਰਪੇ
ਖ਼ੈਰ ਨਾ ਪਾਉਂਦੀਆਂ ਮਾਈਆਂ
ਬਾਂਕਾਂ ਕੰਚ ਦੀਆਂ-
ਨਰਮ ਪੱਠੇ ਦੇ ਪਾਈਆਂ
508
ਸਾਧ ਹੋਣ ਦੀ ਕਰੀ ਤਿਆਰੀ
ਜਾਂਦਾ ਸਾਧ ਦੇ ਡੇਰੇ
ਨਾਲੇ ਤਾਂ ਮੈਂ ਗਜ਼ਾ ਕਰੂੰਗਾ
ਨਾਲੇ ਪੜੂੰਗਾ ਡੇਰੇ
ਚੇਲਾ ਮੁੰਨ ਬਾਬਾ-
ਪੈਰ ਕੂਚਦਾ ਤੇਰੇ

509
ਸੰਤਾਂ ਤੋਂ ਕੀ ਲੈਣਾ ਬੱਚਿਆ
ਹੋ ਜੂ ਬੜੀ ਖਰਾਬੀ
ਆਪਣੇ ਘਰ ਵਿੱਚ ਮੌਜਾਂ ਮਾਣਦਾ
ਰੰਗ ਪਹਿਨਦਾ ਨਾਭੀ
ਘਰ ਨੂੰ ਮੁੜ ਬੱਚਿਆ-
ਚੰਦ ਵਰਗੀ ਤੇਰੀ ਭਾਬੀ
510
ਮੋਰਧਜ ਦਾ ਚੁਬਾਰਾ ਕਿਹੜਾ
ਪੁਛਦੇ ਪੁਛਦੇ ਸੰਤ ਖੜੇ
ਮੋਰਧਜ ਦਾ ਚੁਬਾਰਾ ਕਿਹੜਾ
ਐਸ ਘਰ ਓਸ ਘਰ ਸੰਤੋ
ਕੰਧਾਂ ਪੱਕੀਆਂ ਸਬਜ਼ ਬਨੇਰਾ
ਭੋਜਨ ਤੁਸੀਂ ਮੰਨੋ ਸੰਤੋ
ਥੋਨੂੰ ਭੋਜਨ ਤਿਆਰ ਕਰਾਈਏ
ਭੋਜਨ ਅਸੀਂ ਤਾਂ ਮੰਨਾਂਗੇ
ਸਾਡੇ ਸ਼ੇਰਾਂ ਨੂੰ ਮਾਸ ਵੀ ਹੋਵੇ
ਭੋਜਨ ਤੁਸੀਂ ਮੰਨੋ ਸੰਤੋ
ਥੋਡੇ ਸ਼ੇਰਾਂ ਨੂੰ ਇੱਜੜ ਬਥੇਰੇ
ਇਜੜ ਅਸਾਂ ਕੀ ਕਰਨੇ
ਮਾਸ ਤੇਰੇ ਨੀ ਪੁੱਤਰ ਦਾ ਖਾਣਾ
ਐਡਾ ਕੀ ਲੋਹੜਾ ਮਾਰਿਆ
ਰਾਜਾ ਖੇਲਦੇ ਬੱਚੇ ਨੂੰ ਚੱਕ ਲਿਆਇਆ
ਛੇਤੀ ਬਾਹਾਂ ਖਿੱਚ ਬਾਬਲਾ
ਮੈਥੋਂ ਪੀੜ ਝੱਲੀ ਨਾ ਜਾਵੇ
ਪੁੱਤਰਾਂ ਦੀ ਮਮਤਾ ਬੁਰੀ
ਰਾਣੀ ਟੱਕਰਾਂ ਮਹਿਲ ਨਾਲ ਮਾਰੇ
ਸ਼ੇਰ ਮਾਸ ਤਾਂ ਮੰਨਣਗੇ
ਰਾਣੀ ਅੱਖ ਤੇ ਹੰਝੂ ਨਾ ਕੇਰੇ
511
ਵਿੱਚ ਕਲਰਾਂ ਦੇ ਵਾਸਾ
ਮਧਰਿਆ ਵੇ ਤੈਨੂੰ ਕਬਰ ਪੁੱਟ ਦਿਆਂ
ਲੰਬਿਆ ਵੇ ਤੈਨੂੰ ਖਾਤਾ
ਨੀਵੀਂ ਹੋ ਕੇ ਝਾਕਣ ਲੱਗੀ
ਛਾਤੀ ਪਿਆ ਜੜਾਕਾ

ਸਹੁਣੀ ਸੂਰਤ ਦਾ-
ਵਿੱਚ ਕੱਲਰਾਂ ਦੇ ਵਾਸਾ
512
ਜੰਮ ਦਖਾਈ ਦੇਂਦੇ
ਜਦੋਂ ਜੰਮ ਦਖਾਈ ਦੇਂਦੇ
ਕੁੱਤਾ ਉਦੋਂ ਭੌਂਕੇ
ਬੰਦਿਆ ਉਠ ਖੜ ਤੂੰ-
ਕਾਹਨੂੰ ਲਾਉਨੈਂ ਢੌਂਕੇ।
513
ਕੌਣ ਕਰੂਗਾ ਰਾਖੀ
ਨੰਦ ਕੁਰ ਚੰਦ ਕੁਰ ਦੋਨੋਂ ਭੈਣਾਂ
ਕੱਢਣ ਕਸੀਦਾ
ਕੋਲ ਖੜੀ ਪਰਤਾਪੀ
ਕੱਤਣਾ ਨਾ ਜਾਣੇ ਤੁੰਬਣਾ ਨਾ ਜਾਣੇ
ਲਾਉਣ ਨਾ ਜਾਣੇ ਟਾਕੀ
ਐਸ ਪਟੋਲੇ ਦੀ-
ਕੌਣ ਕਰੂਗਾ ਰਾਖੀ
514
ਲੱਛੀ ਪੁੱਛੇ ਬੰਤੋ ਨੂੰ
ਤੇਰੀ ਕੈ ਮੁੰਡਿਆਂ ਨਾਲ ਯਾਰੀ
ਇੱਕ ਯਾਰ ਦੁਧ ਰਿੜਕੇ
ਦੂਜਾ ਧਰੇ ਤਰਕਾਰੀ
ਤੀਜੇ ਨੇ ਦਾਲ ਧਰਤੀ
ਗਰਮ ਮਸਾਲਿਆਂ ਵਾਲੀ
ਚੌਥਾ ਯਾਰ ਪਕਾਵੇ ਰੋਟੀਆਂ
ਪੰਜਵਾਂ ਕਰੇ ਬੁਹਾਰੀ
ਏਸ ਜੁਆਨੀ ਨੇ-
ਪਟਤੀ ਦੁਨੀਆਂ ਸਾਰੀ
515
ਤੇਰਾ ਕਦ ਮੁਕਲਾਵਾ
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਚੂਲੀ ਚੂਲੀ ਢਾਬ ਭਰੀ
ਤੇਰਾ ਕਦ ਮੁਕਲਾਵਾ ਭਾਗ ਪਰੀ

516
ਘੜੇ ਦੋ ਦੋ ਚੱਕਦੀ
ਝਿਊਰਾਂ ਦੀ ਕੁੜੀ
ਘੜੇ ਦੋ ਦੋ ਚੱਕਦੀ
ਗੜਵਾ ਚੱਕਦੀ ਰੇਤ ਦਾ
ਜਿੰਦ ਜਾਵੇ-
ਮੁਕਲਾਵਾ ਚੇਤ ਦਾ
517
ਝਿਊਰਾਂ ਦੀ ਕੁੜੀ
ਘੜੇ ਦੋ ਦੋ ਚੱਕਦੀ
ਗੜਵਾ ਚੁੱਕਦੀ ਦਾਲ ਦਾ
ਚਿੱਤ ਢਿੱਲ੍ਹਾ ਮਲਾਹਜੇਦਾਰ ਦਾ
518
ਝਿਊਰਾਂ ਦੀ ਕੁੜੀ
ਘੜੇ ਦੋ ਦ ਚੱਕਦੀ
ਗੜਵਾ ਚੱਕਦੀ ਖੀਰ ਦਾ
ਚਿੱਤ ਢਿੱਲ੍ਹਾ ਨਣਦ ਦੇ ਵੀਰ ਦਾ
519
ਝਿਊਰਾਂ ਦੀ ਕੁੜੀ ਤਾਂ
ਘੜੇ ਦੋ ਦੋ ਚੁੱਕਦੀ
ਘੜਾ ਤਾਂ ਭਰਿਆ ਨੀਰ ਦਾ ਨੀ
ਢਿੱਡ ਦੁਖੇ ਨਣਦ ਦੇ ਵੀਰ ਦਾ ਨੀ
520
ਝਿਊਰਾਂ ਦੀ ਕੁੜੀ ਨੇ ਸੱਗੀ ਕਰਾਈ
ਚੜ੍ਹ ਕੋਠੇ ਲਿਸ਼ਕਾਈ ਮਧਰੋ ਨੇ
ਜਗ ਲੁਟਣੇ ਨੂੰ ਪਾਈ ਮਧਰੋ ਨੇ
521
ਜੇ ਮੈਂ ਹੁੰਦੀ ਘੁਮਾਰਾਂ ਦੀ ਕੁੜੀ
ਘੜੇ ਪਰ ਘੜਾ ਚੜ੍ਹਾ ਰੱਖਦੀ
ਤਾਰ ਬੰਗਲੇ
ਮਸ਼ੀਨ ਲਗਾ ਰੱਖਦੀ
522
ਆ ਠਾਣੇਦਾਰਾ ਵੇ ਆ ਠਾਣੇਦਾਰਾ
ਮੇਰੇ ਬੰਗਲੇ ਨੂੰ
ਮੋਰੀਆਂ ਰਖਾ ਠਾਣੇਦਾਰਾ

523
ਪੱਕੀ ਗੁਣਾਂ ਦੀ
ਨੌਕਰ ਜਾਂਦੇ ਕੀ ਖੱਟ ਲਿਆਉਂਦੇ
ਖੱਟ ਕੇ ਲਿਆਂਦਾ ਫੁੱਲ ਵੇ
ਮੈਂ ਪੱਕੀ ਗੁਣਾਂ ਦੀ
ਮਧਰੀ ਦੇਖ ਨਾ ਡੁਲ ਵੇ
524
ਮਧਰੀ ਰੰਨ ਦਾ ਕੀ ਸਰਾਹੁਣਾ
ਜਿਉਂ ਚਰਖੇ ਦਾ ਮੁੰਨਾਂ
ਮਧਰੀ ਦੀਂਹਦੀ ਨੀ-
ਘਰ ਸੁੰਨੇ ਦਾ ਸੁੰਨਾ
525
ਮੁਰਾਦਾ ਪੂਰੀਆਂ ਵੇ
ਬਾਹਲੇ ਟੱਬਰ ਵਿੱਚ
ਕੁਝ ਨੀ ਵੇ ਬਣਦਾ
ਥੋਹੜੇ ਟੱਬਰ ਵਿੱਚ ਚੂਰੀਆਂ ਵੇ
ਅੱਡ ਹੋ ਜਾ-
ਮੁਰਾਦਾਂ ਪੂਰੀਆਂ ਵੇ
526
ਸੋਹਣੀ ਤੋਰ
ਸੜਕੇ ਸੜਕ ਮੈਂ
ਰੋਟੀ ਲੈ ਕੇ ਚੱਲੀ ਆਂ
ਅੱਡੀ ’ਚ ਲੱਗਿਆ ਰੋੜ
ਉਹਨੂੰ ਵਿਆਹ ਲੈ ਵੇ-
ਜੀਹਦੀ ਸੋਹਣੀ ਤੋਰ
527
ਸੁੰਨੀ ਹਵੇਲੀ
ਨਵੀਂ ਬਹੂ ਮੁਕਲਾਵੇ ਆਈ
ਲਿਆਣ ਬਹਾਲੀ ਖੂੰਜੇ
ਸਿੰਘ ਆ ਜੋ ਜੀ-
ਸੁੰਨੀ ਹਵੇਲੀ ਗੂੰਜੇ
528
ਸਾਗ ਨੂੰ ਚੱਲੀ
ਚੱਕ ਪੋਣਾ
ਕੁੜੀ ਸਾਗ ਨੂੰ ਵੇ ਚੱਲੀ ਏ

ਖੜੀ ਉਡੀਕੇ ਸਾਥਣ ਨੂੰ
ਕੱਚੀ ਕੈਲ-
ਮਰੋੜੇ ਮੁੰਡਾ ਦਾਤਣ ਨੂੰ
529
ਨਾ ਝੜਿਕਿਓ
ਹੋਰ ਟੂਮਾਂ ਮੇਰੀਆਂ
ਸਾਰੀਆਂ ਵੇ ਰੱਖ ਦਿਓ
ਨੱਥ ਮੱਛਲੀ ਦੇ ਦਿਓ ਦੇਖਣ ਨੂੰ
ਮੈਨੂੰ ਨਾ ਝਿੜਕਿਓ ਪ੍ਰਦੇਸਣ ਨੂੰ
530
ਹੋਰ ਟੂਮਾਂ ਮੈਂ ਮੈਲ਼ੀਆਂ ਵੇ ਰਖਦੀ
ਬਾਂਕਾਂ ਰਖਦੀ ਚਿਲਕਦੀਆਂ
ਛੱਡ ਆਈ
ਸਹੇਲੀਆਂ ਵਿਲਕਦੀਆਂ
531
ਰੂਪ ਦਾ ਗ਼ੁਮਾਨ ਨਾ ਕਰੀਂ
ਤੇਲ ਬਾਝ ਨਾ ਪੱਕਦੇ ਗੁਲਗਲੇ
ਦੇਖ ਰਹੀ ਪਰਤਿਆ ਕੇ
ਦੇ ਕੇ ਹੁਲਾਰਾ ਚੜ੍ਹਗੀ ਪੀਂਘ ਪੁਰ
ਪੀਂਂਘ ਗਈ ਬਲ ਖਾ ਕੇ
ਰੁਪ ਦਾ ਗ਼ੁਮਾਨ ਨਾ ਕਰੀਂ-
ਵਿੱਚ ਤੀਆਂ ਦੇ ਜਾਕੇ
532
ਆਏ ਗਏ ਦਾ ਘਰ
ਇਕ ਡੰਗ ਦਾ ਦੁਧ ਸਾਰਾ ਪਿਆਇਆ
ਲਿਆਣ ਬਹਾਈ ਢਾਣੀ
ਇਕ ਡੰਗ ਦੇ ’ਚੋਂ ਕੀ ਕੱਢ ਲੂੰਗੀ
ਫਿਰਨੀ ਨਹੀਂ ਮਧਾਣੀ
ਆਏ ਗਏ ਦਾ ਘਰ ਵੇ ਸਖਤਿਆ
ਕੀ ਪਾ ਦੂੰਗੀ ਪਾਣੀ
ਭਲਿਆਂ ਮੂੰਹਾਂ ਤੋਂ ਬੁਰੇ ਪੈਣਗੇ
ਤੈਂ ਨਾ ਗਲ ਪਛਾਣੀ
ਮੇਰੇ ਸਿਰ ਤੇ ਵੇ-
ਤੈਂ ਮੌਜ ਬਥੇਰੀ ਮਾਣੀ