ਸਮੱਗਰੀ 'ਤੇ ਜਾਓ

ਖੰਡ ਮਿਸ਼ਰੀ ਦੀਆਂ ਡਲ਼ੀਆਂ/ਪਸ਼ੂ-ਪੰਛੀ

ਵਿਕੀਸਰੋਤ ਤੋਂ

ਪਸ਼ੂ-ਪੰਛੀ

91

ਊਠ

ਬੀਕਾਨੇਰ ਤੋਂ ਊਠ ਲਿਆਂਦਾ
ਦੇ ਕੇ ਰੋਕ ਪਚਾਸੀ
ਸ਼ੈਣੇ ਦੇ ਵਿੱਚ ਝਾਂਜਰ ਬਣਦੀ
ਮੁਕਸਰ ਬਣਦੀ ਕਾਠੀ
ਭਾਈ ਬਖਤੌਰੇ ਬਣਦੇ ਟਕੂਏ
ਰੱਲੇ ਬਣੇ ਗੰਡਾਸੀ
ਰੋਡੇ ਦੇ ਵਿੱਚ ਬਣਦੇ ਕੂੰਡੇ
ਸ਼ਹਿਰ ਭਦੌੜ ਦੀ ਚਾਟੀ
ਹਿੰਮਤਪੁਰੇ ਬਣਦੀਆਂ ਕਹੀਆਂ
ਕਾਸ਼ੀਪੁਰ ਦੀ ਦਾਤੀ
ਚੜ੍ਹ ਜਾ ਬੋਤੇ ਤੇ-
ਮੰਨ ਲੈ ਭੌਰ ਦੀ ਆਖੀ
92
ਸੋਹਣਾ ਵਿਆਂਦੜ ਰੱਥ ਵਿੱਚ ਬਹਿ ਗਿਆ
ਹੇਠ ਚੁਤੈਹੀ ਵਿਛਾ ਕੇ
ਊਠਾਂ ਤੇ ਸਭ ਜਾਨੀ ਚੜ੍ਹ ਗਏ
ਝਾਂਜਰਾਂ ਛੋਟੀਆਂ ਪਾ ਕੇ
ਰੱਥ ਗੱਡੀਆਂ ਦਾ ਅੰਤ ਨਾ ਕੋਈ
ਜਾਨੀ ਚੜ੍ਹ ਗਏ ਸਜ ਸਜਾ ਕੇ
ਜੰਨ ਆਈ ਜਦ ਕੁੜੀਆਂ ਦੇਖਣ
ਆਈਆਂ ਹੁੰਮ ਹੁਮਾ ਕੇ
ਵਿਆਂਦੜ ਫੁੱਲ ਵਰਗਾ-
ਦੇਖ ਵਿਆਹੁਲੀਏ ਆ ਕੇ
93
ਊਠਾਂ ਵਾਲਿਆਂ ਰਾਹ ਰੋਕ ਲਏ
ਕੁੜੀਆਂ ਨੇ ਜੂਹਾਂ ਮੱਲੀਆਂ
ਮੇਲੇ ਜੈਤੋ ਦੇ-
ਸੋਹਣੀਆਂ ਤੇ ਸੱਸੀਆਂ ਚੱਲੀਆਂ

94


ਹਰ ਵੇ ਬਾਬਲਾ ਹਰ ਵੇ
ਮੇਰਾ ਮਾਝੇ ਸਾਕ ਨਾ ਕਰ ਵੇ
ਮਾਝੇ ਦੇ ਜੱਟ ਬੁਰੋ ਸੁਣੀਂਦੇ
ਪਾਉਂਦੇ ਊਠ ਨੂੰ ਖਲ ਵੇ
ਖਲ ਤਾਂ ਸਾਥੋਂ ਕੁੱਟੀ ਨਾ ਜਾਵੇ
ਗੁੱਤੋਂ-ਲੈਂਦੇ ਫੜ ਵੇ
ਮੇਰਾ ਉਡੇ ਡੋਰੀਆ-
ਮਹਿਲਾਂ ਵਾਲੇ ਘਰ ਵੇ
95
ਬੋਤਾ-ਬੋਤੀ
ਟਾਂਡਾ ਟਾਂਡਾ ਟਾਂਡਾ
ਭਾਗੀ ਦੇ ਯਾਰਾਂ ਨੇ
ਬੋਤਾ ਬੀਕਾਨੇਰ ਤੋਂ ਲਿਆਂਦਾ
ਜਦ ਭਾਗੀ ਉੱਤੇ ਚੜ੍ਹਦੀ-
ਬੋਤਾ ਰੇਲ ਦੇ ਬਰਾਬਰ ਜਾਂਦਾ
96
ਨਿੱਕੀ ਨਿੱਕੀ ਕਣੀਂ ਦਾ ਮੀਂਹ ਵਰਸੇਂਦਾ
ਛੜਿਆਂ ਦਾ ਢਹਿ ਗਿਆ ਕੋਠਾ
ਛੜਿਓ ਪੁੰਨ ਕਰ ਦੋ
ਖੋਡਾ ਭਰਿਆ ਜਹਾਜ਼ ਖਲੋਤਾ
ਪਤਲੋ ਐਂ ਲੰਘ ਗੀ
ਜਿਵੇਂ ਲੰਘ ਗਿਆ ਸੜਕ ਤੇ ਬੋਤਾ
ਅੱਖੀਆਂ ਮਾਰ ਗਿਆ-
ਜ਼ੈਲਦਾਰ ਦਾ ਪੋਤਾ
97
ਆ ਵੇ ਦਿਓਰਾ, ਬਹਿ ਵੇ ਦਿਓਰਾ
ਬੋਤਾ ਬੰਨ੍ਹ ਦਰਵਾਜ਼ੇ
ਬੋਤੇ ਤੇਰੇ ਨੂੰ ਘਾਹ ਦਾ ਟੋਕਰਾ
ਤੈਨੂੰ ਪੰਜ ਪਰਸਾਦੇ
ਨਿੰਮ ਹੇਠ ਕੱਤਦੀ ਦੀ-
ਗੂੰਜ ਸੁਣੇ ਦਰਵਾਜ਼ੇ
98
ਆਦਾ ਆਦਾ ਆਦਾ
ਭਾਗੀ ਦੇ ਬਾਪੂ ਨੇ

ਬੋਤਾ ਬੀਕਾਂਨੇਰ ਤੋਂ ਲਿਆਂਦਾ
ਭਾਗੀ ਉੱਤੇ ਬਹਿ ਗਿਆ
ਬੋਤਾ ਰੇਲ ਬਰਾਬਰ ਜਾਂਦਾ
ਭਾਗੀ ਦੇ ਬਾਪੂ ਨੇ
ਪੱਗ ਲਾਹ ਕੇ ਸਭਾ ਦੇ ਵਿੱਚ ਮਾਰੀ
ਜਾਗਟ ਮਿੱਤਰਾਂ ਦੀ-
ਪੱਚੀਆਂ ਗਦਾਮਾਂ ਵਾਲੀ
99
ਧੰਨੀਏ
ਬੋਤਾ ਚੋਰੀ ਦਾ
ਕਿੱਥੇ ਬੰਨ੍ਹੀਏਂ
100
ਆਦਾ ਆਦਾ ਆਦਾ
ਭਾਗੋ ਦੇ ਯਾਰਾਂ ਨੇ
ਬੋਤਾ ਬੀਕਾਂਨੇਰ ਤੋਂ ਲਿਆਂਦਾ
ਜਦ ਭਾਗੋ ਉੱਤੇ ਚੜ੍ਹਦੀ
ਬੋਤਾ ਰੇਲ ਦੇ ਬਰਾਬਰ ਜਾਂਦਾ
ਭਾਗੋ ਦੇ ਬਾਪੂ ਨੇ
ਪੱਗ ਲਾਹ ਕੇ ਸਭਾ ਵਿੱਚ ਮਾਰੀ
ਘੜਾ ਨਾ ਚੁਕਾਇਓ ਕੁੜੀਓ
ਇਹਦੀ ਪਿੰਡ ਦੇ ਮੁੰਡਿਆਂ ਨਾਲ ਯਾਰੀ
ਖਸਮਾਂ ਨੂੰ ਖਾਣ ਕੁੜੀਆਂ
ਘੜਾ ਚੁਕਲੂ ਮੌਣ ਤੇ ਧਰਕੇ
ਮਾਵਾਂ ਧੀਆਂ ਦੋਵੇਂ ਗੱਭਣਾਂ-
ਕੌਣ ਦੇਊਗਾ ਦਾਬੜਾ ਕਰਕੇ
101
ਬੋਤੀ
ਸੁਣ ਨੀ ਕੁੜੀਏ ਮੱਛਲੀ ਵਾਲੀਏ
ਤੇਰੀ ਭੈਣ ਦਾ ਸਾਕ ਲਿਆਵਾਂ
ਤੈਨੂੰ ਬਣਾਵਾਂ ਸਾਲੀ
ਫੇਰ ਆਪਾਂ ਚੜ੍ਹ ਚੱਲੀਏ
ਮੇਰੀ ਬੋਤੀ ਝਾਂਜਰਾਂ ਵਾਲੀ
ਬੋਤੀ ਮੇਰੀ ਐਂ ਚਲਦੀ
ਜਿਵੇਂ ਚਲਦੀ ਡਾਕ ਸਵਾਰੀ
ਬੋਤੀ ਨੇ ਛਾਲ ਚੱਕਲੀ

ਜੁੱਤੀ ਡਿੱਗਪੀ ਸਤਾਰਿਆਂ ਵਾਲੀ
ਡਿਗਦੀ ਨੂੰ ਡਿਗ ਲੈਣ ਦੇ
ਪਿੰਡ ਚਲਕੇ ਸਮਾਦੂੰ ਚਾਲੀ
ਲਹਿੰਗੇ ਤੇਰੇ ਨੂੰ-
ਧੁਣਖ ਲਵਾਦੂੰ ਕਾਲੀ
102
ਉੱਚੇ ਟਿੱਬੇ ਮੇਰੀ ਬੋਤੀ ਚੁਗਦੀ
ਨੀਵੇਂ ਕਰਦੀ ਲੇਡੇ
ਤੋਰ ਸ਼ੁਕੀਨਾਂ ਦੀ-
ਤੂੰ ਕੀ ਜਾਣੇਂਂ ਭੇਡੇ
103
ਘੋੜਾ
ਹਰੀ ਹਰੀ ਬਾੜੀ
ਉਹਨੂੰ ਲੱਗੇ ਕਰੇਲੇ
ਸਿੰਘ ਆਜੋ ਜੀ
ਘੋੜਾ ਬੰਨ੍ਹੋ ਤਬੇਲੇ
ਆ ਜਾ ਸਿੰਘਾ
ਤੇਰਾ ਕੁਝ ਨਾ ਦੇਖਿਆ
ਕਛਨੀ ਦੇਖ ਕੇ ਡੁੱਲੀ ਸਿੰਘਾ-
ਘਰ ਆ ਜਾ ਹਵੇਲੀ ਸੁੰਨੀ ਸਿੰਘਾ।
104
ਨਿੱਕੇ ਨਿੱਕੇ ਬਾਲਿਆਂ ਦੀ
ਛਤ ਵੇ ਛਤਾਉਨੀਆਂ
ਉੱਚਾ ਰੱਖਦੀ ਬਾਰ
ਭਾਬੋ ਆ ਬੜ ਨੀ
ਘੁੰਮਦੇ ਲਹਿੰਗੇ ਨਾਲ
ਵੀਰਾ ਆ ਬੜ ਵੇ-
ਸਣੇ ਘੋੜੇ ਅਸਵਾਰ
105
ਬਲਦ
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਂਦਾ ਲੱਲੀਆਂ
ਓਥੋਂ ਦੇ ਦੋ ਬੈਲ ਸੁਣੀਂਦੇ
ਗਲ ਉਹਨਾਂ ਦੇ ਟੱਲੀਆਂ
ਨੱਠ ਨੱਠ ਕੇ ਉਹ ਮੱਕੀ ਬੀਜਦੇ

ਹੱਥ ਹੱਥ ਲੱਗੀਆਂ ਛੱਲੀਆਂ
ਬੰਤੋ ਦੇ ਬੈਲਾਂ ਨੂੰ-
ਪਾਵਾਂ ਗੁਆਰੇ ਦੀਆਂ ਫਲੀਆਂ
106
ਗੱਡੀ ਜੋੜ ਕੇ ਆ ਗੇ ਸੌਹਰੇ
ਆਣ ਖੜੇ ਦਰਵਾਜ਼ੇ
ਬੈਲਾਂ ਤੇਰਿਆਂ ਨੂੰ ਭੋ ਦੀ ਟੋਕਰੀ
ਤੈਨੂੰ ਦੋ ਪਰਛਾਦੇ
ਨੀਵੀਂ ਪਾ ਬਹਿੰਦਾ-
ਪਾਲੇ ਭੌਰ ਨੇ ਦਾਬੇ
107
ਆ ਵੇ ਤੋਤਿਆ ਬਹਿ ਵੇ ਤੋਤਿਆ
ਘਰ ਦਾ ਹਾਲ ਸੁਣਾਵਾਂ
ਅੱਠੀਂ ਬੀਹੀਂ ਬੈਲ ਲਿਆਂਦਾ
ਸੌ ਕੋਹਲੂ ਤੇ ਲਾਇਆ
ਮਝ ਬੀਹਾਂ ਪੱਚੀਆਂ ਦਾ ਦਾਣਾ ਖਾਗੀ
ਸੇਰ ਥੰਦਾ ਨਾ ਆਇਆ
ਮਿੰਦਰੋ ਦੇ ਇਸ਼ਕਾਂ ਨੇ-
ਜੈਬੂ ਕੈਦ ਕਰਾਇਆ
108
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਭਾਰਾ
ਰਾਈਓਂ ਰੇਤ ਵੰਡਾ ਲਾਂਗਾ ਨੀ
ਕੋਠੇ ਨਾਲ ਚੁਬਾਰਾ
ਭੌਂ ਦੇ ਵਿਚੋਂ ਅੱਡ ਵੰਡਾਵਾਂ
ਬਲਦ ਸਾਂਭ ਲਾਂ ਨ੍ਹਾਰਾ
ਰੋਹੀ ਵਾਲਾ ਜੰਡ ਵੱਢ ਕੇ-
ਤੈਨੂੰ ਕੱਲੀ ਨੂੰ ਪਾਊਂ ਚੁਬਾਰਾ
109
ਵਹਿੜਕਾ
ਪਾਰੋਂ ਦੋ ਵਹਿੜਕੇ ਲਿਆਂਦੇ
ਇਕ ਮਾਰਦਾ ਇਕ ਘੰਗੂਰਦਾ
ਕੁੜਤੀ ਪਾਟੀ ਮਲ ਮਲ ਦੀ-
ਤੂੰ ਧੋਬੀ ਨੂੰ ਨੀ ਘੂਰਦਾ

110


ਪੰਝੀ ਰੁਪਈਏ ਪੰਜ ਵਹਿੜਕੇ
ਪੰਜੇ ਨਿਕਲੇ ਹਾਲੀ
ਲਾਲ ਸਿਆਂ ਤੇਰੇ ਵਣਜਾਂ ਨੇ-
ਮੈਂ ਤਾਰੀ
111
ਗ਼ਮ ਨੇ ਖਾਲੀ ਗ਼ਮ ਨੇ ਪੀ ਲੀ
ਗ਼ਮ ਦੀ ਕਰੋ ਨਿਹਾਰੀ
ਗ਼ਮ ਹੱਡਾਂ ਨੂੰ ਐਂ ਖਾ ਜਾਂਦਾ
ਜਿਉਂ ਲੱਕੜੀ ਨੂੰ ਆਰੀ
ਕੋਠੇ ਚੜ੍ਹਕੇ ਦੇਖਣ ਲੱਗੀ
ਲੱਦੇ ਜਾਣ ਵਪਾਰੀ
ਉਤਰਨ ਲੱਗੀ ਦੇ ਲੱਗਿਆ ਕੰਡਾ
ਦੁਖ ਹੋ ਜਾਂਦੇ ਭਾਰੀ
ਗੱਭਣਾਂ ਤੀਵੀਆਂ ਨਚਣੋਂ ਰਹਿ ਗੀਆਂ
ਆਈ ਫੰਡਰਾਂ ਦੀ ਵਾਰੀ
ਅਲ਼ਕ ਵਹਿੜਕੇ ਚਲਣੋਂ ਰਹਿ ਗੇ
ਮੋਢੇ ਧਰੀ ਪੰਜਾਲੀ
ਤੈਂ ਮੈਂ ਮੋਹ ਲਿਆ ਨੀ-
ਢਾਂਡੇ ਚਾਰਦਾ ਪਾਲ਼ੀ
112
ਢਾਈਆਂ ਢਾਈਆਂ ਢਾਈਆਂ
ਬੇਈਮਾਨ ਮਾਪਿਆਂ ਨੇ
ਧੀਆਂ ਪੜ੍ਹਨ ਸਕੂਲੇ ਲਾਈਆਂ
ਅੱਠੀਂ ਦਿਨੀਂ ਲੈਣ ਛੁੱਟੀਆਂ
ਲੀੜੇ ਧੋਣ ਨਹਿਰ ਤੇ ਆਈਆਂ
ਦੁਧ ਘਿਓ ਦੇਣ ਮੱਝੀਆਂ
ਵਹਿੜਕੇ ਦੇਣ ਗੀਆਂ ਗਾਈਆਂ
ਅੰਗ ਦੀ ਪਤਲੀ ਨੇ
ਪਿੱਪਲਾਂ ਨਾਲ ਪੀਂਘਾਂ ਪਾਈਆਂ
ਰਾਤਾਂ ਸਿਆਲ ਦੀਆਂ-
ਕੱਲੀ ਨੂੰ ਕੱਟਣੀਆਂ ਆਈਆਂ
113
ਮੱਝ
ਮੱਝਾਂ ਮੱਝਾਂ ਹਰ ਕੋਈ ਕਹਿੰਦਾ
ਮੱਝਾਂ ਤਾਂ ਹੂਰਾਂ ਪਰੀਆਂ

ਸਿੰਗ ਉਨ੍ਹਾਂ ਦੇ ਗਜ਼ ਗਜ਼ ਲੰਬੇ
ਦੰਦ ਚੰਬੇ ਦੀਆਂ ਕਲੀਆਂ
ਦੁੱਧ ਉਹਨਾਂ ਦਾ ਐਕਣ ਮਿੱਠਾ
ਜਿਉਂ ਮਿਸ਼ਰੀ ਦੀਆਂ ਡਲ਼ੀਆਂ
ਮੱਝਾਂ ਸਾਂਵਲੀਆਂ-
ਭੱਜ ਬੇਲੇ ਵਿੱਚ ਬੜੀਆਂ
114
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਗੋਡੇ ਗੋਡੇ ਗਾਰਾ
ਮਿੱਤਰਾਂ ਦੀ ਮਹਿੰ ਭਜਗੀ-
ਮੋੜੀਂ ਵੇ ਮਲਾਹਜ਼ੇਦਾਰਾ
115
ਖੱਖਰ ਖਾਧਾ ਮੈਨੂੰ ਹੈਂ ਦਸਦੀ
ਆਪ ਹੁਸਨ ਹੈਂ ਬਾਨੋ
ਦਿਨੇ ਦੇਖ ਕੇ ਡਰ ਹੈ ਲਗਦਾ
ਡਿਗਦੇ ਹੰਸ ਆਸਮਾਨੋਂ
ਪਿੰਡਾ ਮਹਿੰ ਵਰਗਾ-
ਸੋਹਣੀ ਬਣੇਂ ਜਹਾਨੋਂ
116
ਝੋਟਾ
ਦਾੜ੍ਹੀ ਚਾੜ੍ਹ ਕੇ ਬਹਿ ਗਿਆ ਤਕੀਏ
ਕਣਕ ਖਾ ਗਿਆ ਝੋਟਾ
ਜੇ ਮੈਂ ਕਹਿੰਦੀ ਝੋਟਾ ਮੋੜ ਲਿਆ
ਮੂੰਹ ਕਰ ਲੈਂਦਾ ਮੋਟਾ
ਸਾਰ ਜਨਾਨੀ ਦੀ ਕੀ ਜਾਣੇ
ਚੁੱਕ ਚੁੱਕ ਆਵੇਂ ਸੋਟਾ
ਮੇਰੇ ਉਤਲੇ ਦਾ-
ਘੱਸ ਗਿਆ ਸੁਨਿਹਰੀ ਗੋਟਾ
117
ਭੇਡ
ਉੱਚੇ ਟਿਬੇ ਮੇਰੀ ਬੋਤੀ ਚੁਗਦੀ
ਨੀਵੇਂ ਕਰਦੀ ਲੇਡੇ
ਤੋਰ ਸ਼ੁਕੀਨਾਂ ਦੀ-
ਤੂੰ ਕੀ ਜਾਣੇਂਂ ਭੇਡੇ

118


ਉਰਲੀ ਢਾਬ ਦਾ ਗੰਧਲਾ ਪਾਣੀ
ਪਰਲੀ ਢਾਬ ’ਚ ਰੋੜੇ
ਨਿੱਕੀ ਜਹੀਈਏ ਓਡਣੀਈਏਂ-
ਲਾ ਭੇਡਾਂ ਦੇ ਮੋੜੇ
119
ਨਾਈਆਂ ਦੇ ਘਰ ਭੇਡ ਲਵੇਰੀ
ਬਾਹਰੋਂ ਆਈ ਚਰ ਕੇ
ਨੈਣ ਤੇ ਨਾਈ ਚੋਣ ਲੱਗੇ
ਚਾਰੇ ਟੰਗਾਂ ਫੜ ਕੇ
ਦੋਵੇਂ ਜਾਣੇ ਚੋ ਕੇ ਉੱਠੇ
ਸੁਰਮੇ ਦਾਨੀ ਭਰ ਕੇ
ਹੱਟੀਓਂ ਜਾਕੇ ਚਾਉਲ ਲਿਆਂਦੇ
ਲੱਛੇ ਗਹਿਣੇ ਧਰ ਕੇ
ਨੈਣ ਨੇ ਲੱਪ ਸ਼ਕਰ ਲਿਆਂਦੀ
ਸਿਰ ਜੱਟੀ ਦਾ ਕਰ ਕੇ
ਖਾਣ ਪੀਣ ਦਾ ਵੇਲਾ ਹੋਇਆ
ਟੱਬਰ ਮਰ ਗਿਆ ਲੜ ਕੇ
ਕੋਲੇ ਠਾਣਾਂ ਕੋਲ ਸਿਪਾਹੀ
ਸਾਰਿਆਂ ਨੂੰ ਲੈਗੇ ਫੜ ਕੇ
ਪੰਦਰਾਂ ਪੰਦਰਾਂ ਤੀਹ ਜੁਰਮਾਨਾ
ਨਾਈ ਬਹਿਗੇ ਭਰ ਕੇ
ਘਰ ਵਿੱਚ ਬਹਿਕੇ ਸੋਚਣ ਲੱਗੇ-
ਕੀ ਲਿਆ ਅਸਾਂ ਨੇ ਲੜ ਕੇ
120
ਬੋਦੀ ਵਾਲਾ ਚੜ੍ਹਿਆ ਤਾਰਾ
ਘਰ ਘਰ ਹੋਣ ਵਿਚਾਰਾਂ
ਕੁਛ ਤਾਂ ਲੁਟ ਲੀ ਪਿੰਡ ਦੇ ਪੈਂਚਾਂ
ਕੁਛ ਲੁਟ ਲੀ ਸਰਕਾਰਾਂ
ਗਹਿਣਾ ਗੱਟਾ ਘਰਦਿਆਂ ਲੁੱਟਿਆ
ਜੋਬਨ ਲੁੱਟਿਆ ਯਾਰਾਂ
ਭੇਡਾਂ ਚਾਰ ਦੀਆਂ-
ਬੇਕਦਰਾਂ ਦੀਆਂ ਨਾਰਾਂ

121


ਬੱਕਰੀ


ਦਰਾਣੀ ਦੁੱਧ ਰਿੜਕੇ
ਜਠਾਣੀ ਦੁੱਧ ਰਿੜਕੇ
ਅਸੀਂ ਕਿਉਂ ਬੈਠੇ ਚਿਰਕਾਂਗੇ
ਸਿੰਘਾ ਲਿਆ ਬੱਕਰੀ-
ਦੁੱਧ ਰਿੜਕਾਂਗੇ
122
ਬਾਂਦਰੀ ਤੇ ਕੁੱਤਾ
ਸਰਹਾਣੇ ਬੰਨ੍ਹੀਂਂ ਬਾਂਦਰੀ
ਪੈਂਦੇ ਬੰਨ੍ਹਿਆ ਕੁੱਤਾ
ਲੈਣ ਕਿਉਂ ਨੀ ਆਉਂਦਾ-
ਕੁਪੱਤੀ ਮਾਂ ਦਿਆ ਪੁੱਤਾ
123
ਹਰਨ
ਹੀਰਿਆਂ ਹਰਨਾਂ ਬਾਗੀਂ ਚਰਨਾ
ਬਾਗੀਂਂ ਹੋ ਗਈ ਚੋਰੀ
ਪਹਿਲੋਂ ਲੰਘ ਗਿਆ ਕੈਂਠੇ ਵਾਲਾ
ਮਗਰੋਂ ਲੰਘ ਗਈ ਗੋਰੀ
ਲੁਕ ਲੁਕ ਰੋਂਦੀ ਹੀਰ ਨਿਮਾਣੀ
ਜਿੰਦ ਗ਼ਮਾਂ ਨੇ ਖੋਰੀ
ਕੂਕਾਂ ਪੈਣ ਗੀਆਂ-
ਨਿਹੁੰ ਨਾ ਲੁਗਦੇ ਜੋਰੀਂ
124
ਹੀਰਿਆ ਹਰਨਾ ਬਾਗੀਂਂ ਚਰਨਾ
ਬਾਗੀਂਂ ਪੱਤਰ ਸਾਵੇ
ਗ਼ਮ ਨੇ ਪੀ ਲਈ ਰੱਤ ਜਿਸਮ ਦੀ
ਗ਼ਮ ਹੱਡੀਆਂ ਨੂੰ ਖਾਵੇ
ਸੌ ਸੌ ਕੋਹ ਤੇ ਨੀਂਦਰ ਤੁਰਗੀ
ਅੱਖੀਆਂ ਵਿੱਚ ਨਾ ਆਵੇ
ਸਰਹੋਂ ਦੇ ਫੁੱਲ ਵਰਗੀ-
ਤੁਰ ਗਈ ਅਜ ਮੁਕਲਾਵੇ
125
ਹੀਰਿਆਂ ਹਰਨਾਂ ਬਾਗੀ ਚਰਨਾ
ਬਾਗੀਂਂ ਹੋ ਗਈ ਚੋਰੀ

ਪਹਿਲਾਂ ਲੰਘ ਗਿਆ ਸਬਜੀ ਤੋਤਾ
ਮਗਰੋਂ ਲੰਘ ਗਈ ਗੋਰੀ
ਪਹਿਲਾਂ ਗੋਰੀ ਦਾ ਪੱਲਾ ਅੱੜ ਗਿਆ
ਮਗਰੋਂ ਅੜ ਗਈ ਡੋਰੀ
ਰੋਂਦੀ ਚੁੱਪ ਨਾ ਕਰੇ-
ਸਿਖਰ ਦੁਪਹਿਰੇ ਤੋਰੀ
126
ਕਾਲਿਆਂ ਹਰਨਾਂ ਰੋਹੀਏਂ ਫਿਰਨਾ
ਤੇਰੇ ਪੈਰੀਂ ਝਾਂਜਰਾਂ ਪਾਈਆਂ
ਸਿੰਗਾਂ ਤੇਰਿਆਂ ਤੇ ਕੀ ਕੁਛ ਲਿਖਿਆ
ਤਿੱਤਰ ਤੇ ਮੁਰਗਾਈਆਂ
ਚੱਬਣ ਨੂੰ ਤੇਰੇ ਮੋਠ ਬਾਜਰਾ
ਪਹਿਨਣ ਨੂੰ ਮੁਗਲਾਈਆਂ
ਅੱਗੇ ਤਾਂ ਟੱਪਦਾ ਨੌ ਨੌ ਕੋਠੇ
ਹੁਣ ਨੀ ਟੱਪੀਦੀਆਂ ਖਾਈਆਂ
ਖਾਈ ਟੱਪਦੇ ਦੇ ਵੱਜਿਆ ਕੰਡਾ
ਦੇਵੇਂ ਰਾਮ ਦੁਹਾਹੀਆਂ
ਮਾਸ ਮਾਸ ਤੇਰਾ ਕੁੱਤਿਆਂ ਖਾਧਾ
ਹੱਡੀਆਂ ਰੇਤ ਰਲਾਈਆਂ
ਹੱਡੀਆਂ ਚੁਗ ਕੇ ਮਹਿਲ ਚੁਣਾਇਆ
ਵਿੱਚ ਰਖਾਈ ਮੋਰੀ
ਪਹਿਲਾਂ ਲੰਘਿਆ ਸੁੰਦਰ ਤੋਤਾ
ਮਗਰੋਂ ਲੰਘ ਗਈ ਗੋਰੀ
ਕੂਕਾਂ ਪੈਣਗੀਆਂ-
ਨਿਹੁੰ ਨਾ ਲਗਦੇ ਜੋਰੀਂ
127
ਹੀਰਿਆ ਹਰਨਾਂ ਬਾਗੀਂ ਚਰਨਾ
ਬਾਗੀਂ ਤਾਂ ਹੋ ਗਈ ਚੋਰੀ
ਪਹਿਲੋਂ ਲੰਘ ਗਿਆ ਰਾਂਝਣ ਮੀਆਂ
ਮਗਰੋਂ ਲੰਘ ਗਈ ਗੋਰੀ
ਲੁਕ ਲੁਕ ਰੋਂਦੀ ਹੀਰ ਨਿਮਾਣੀ
ਜਿੰਦ ਗਮਾਂ ਨੇ ਖੋਰੀ
ਕੂਕਾਂ ਪੈਣਗੀਆਂ-
ਨਿਹੁੰ ਨਾ ਲਗਦੇ ਜੋਰੀਂ

128
ਕਾਂ
ਕਾਵਾਂ ਕਾਵਾਂ ਕਾਵਾਂ
ਤੈਨੂੰ ਵਿੱਚ ਪਤੀਲੇ ਪਾਵਾਂ
ਜਦ ਮੇਰੇ ਹੌਲ ਉਠਿਆ
ਮੈਂ ਚਿੱਠੀਆਂ ਚੀਨ ਨੂੰ ਪਾਵਾਂ
ਚਿੱਠੀਆਂ ਤੇ ਕੀ ਲਿਖਦੀ
ਝਟ ਛੋਟਾ ਵੈਦ ਸਦਾਵਾਂ
ਛੋਟਿਆ ਵੇ ਵੈਦਾ
ਤੈਨੂੰ ਦਿਲ ਦਾ ਹਾਲ ਸੁਣਾਵਾਂ
ਮਗਰ ਮੰਝੇਰੂ* ਦੇ-
ਰੋਂਦੀ ਬਾਬਲਾ ਆਵਾਂ
129
ਕਾਵਾਂ ਕਾਵਾਂ ਕਾਵਾਂ
ਪਹਿਲਾਂ ਤੇਰਾ ਗਲ ਵਢਲਾਂ
ਫੇਰ ਵੇ ਵੱਢਾਂ ਪ੍ਰਛਾਵਾਂ
ਨਿੱਕਾ ਨਿੱਕਾ ਕਰਾਂ ਕੁਤਰਾ
ਤੈਨੂੰ ਕਰਕੇ ਪਤੀਲੇ ਪਾਵਾਂ
ਉਤਲੇ ਚੁਬਾਰੇ ਲੈ ਚੜ੍ਹਦੀ
ਮੇਰੀ ਖਾਂਦੀ ਦੀ ਹਿੱਕ ਦੁਖਦੀ
ਮੈਂ ਚਿੱਠੀਆਂ ਵੈਦ ਨੂੰ ਪਾਵਾਂ
ਪੁੱਤ ਮੇਰੇ ਚਾਚੇ ਦਾ
ਜਿਹੜਾ ਫੇਰਦਾ ਪੱਟਾਂ ਤੇ ਝਾਵਾਂ
ਚੁਬਾਰੇ ਵਿੱਚ ਰੱਖ ਮੋਰੀਆਂ
ਕੱਚੀ ਲੱਸੀ ਦਾ ਗਲਾਸ ਫੜਾਵਾਂ
ਸੇਜ ਵਿਛਾ ਮਿੱਤਰਾ-
ਹਸਦੀ ਖੇਡਦੀ ਆਵਾਂ
130
ਚੁੰਝ ਤੇਰੀ ਵੇ ਕਾਲਿਆ ਕਾਵਾਂ
ਸੋਨੇ ਨਾਲ ਮੜ੍ਹਾਵਾਂ
ਜਾ ਆਖੀਂ ਮੇਰੇ ਢੋਲ ਸਿਪਾਹੀ ਨੂੰ
ਨਿੱਤ ਮੈਂ ਔਸੀਆਂ ਪਾਵਾਂ


  • ਮੰਝੇਰੂ-ਪਤੀ

ਖ਼ਬਰਾਂ ਲਿਆ ਕਾਵਾਂ-
ਤੈਨੂੰ ਘਿਓ ਦੀ ਚੂਰੀ ਪਾਵਾਂ
131
ਕੋਇਲ ਤੇ ਕਾਂ
ਬਾਗਾਂ ਦੇ ਵਿੱਚ ਕੋਇਲ ਬੋਲਦੀ
ਬੋਲ ਜੰਗਲ ਦਿਆ ਕਾਵਾਂ
ਸੱਸ ਨੂੰ ਯਾਰ ਜਮਾਈ ਪੁੱਛਦਾ
ਕਦੋਂ ਦਊਂਗੀ ਮੁਕਲਾਵਾ
ਧੀ ਮੇਰੀ ਨਰਮ ਜਹੀ
ਭਾਦੋਂ ਦਾ ਮੁਕਲਾਵਾ
ਬਸਰੇ ਨੂੰ ਊਠ ਜੂੰ ਗਾ
ਮੂੰਹ ਸਿਰ ਕਰਕੇ ਕਾਲਾ
ਬੱਚਾ ਤੈਨੂੰ ਕੀਹਨੇ ਸੱਦਿਆ
ਪੁਛ ਲੈ ਧੀ ਕੋਲੋਂ
ਉਹਨੇ ਕਦੋਂ ਦਾ ਜ਼ੋਰ ਪਾਇਆ
ਧੀਏ ਤੈਨੂੰ ਅੱਗ ਲਗ ਜੈ
ਸਣੇ ਸੁਥਣ ਫੁਲਕਾਰੀ
ਬਾਪੂ ਜੀ ਨੂੰ ਖਿਝ ਚੜ੍ਹਗੀ
ਧੀ ਚੱਕ ਕੇ ਮਹਿਲ ਨਾਲ ਮਾਰੀ
ਤੜਕਿਓਂ ਭਾਲੇਂਗਾ-
ਨਰਮ ਕਾਲਜੇ ਵਾਲੀ
132
ਝਾਵਾਂ ਝਾਵਾਂ ਝਾਵਾਂ
ਜੁੱਤੀ ਤੇਰੀ ਮਖਮਲ ਦੀ
ਮੈਂ ਪੈਰਾਂ ਵਿੱਚ ਦੀ ਪਾਵਾਂ
ਟਾਹਲੀ ਉੱਤੇ ਬੋਲ ਤੋਤਿਆ
ਤੇਰੇ ਰੰਗ ਦੀ ਕਮੀਜ਼ ਸੁਆਵਾਂ
ਪੁੱਤੇ ਮੇਰੇ ਸਹੁਰੇ ਦਾ
ਲੱਗੀ ਲਾਮ ਤੇ ਲੁਆ ਲਿਆ ਨਾਵਾਂ
ਜਾਂਦਾ ਹੋਇਆ ਦਸ ਨਾ ਗਿਆ
ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ
ਕੋਲਾਂ ਕੂਕਦੀਆਂ-
ਕਿਤੇ ਬੋਲ ਚੰਦਰਿਆ ਕਾਵਾਂ

133
ਕੋਇਲ
ਪ੍ਰੀਤਾਂ ਦੀ ਮੈਨੂੰ ਕਦਰ ਬਥੇਰੀ
ਲਾ ਕੇ ਮੈਂ ਤੋੜ ਨਿਭਾਵਾਂ
ਕੋਇਲੇ ਸਾਉਣ ਦੀਏ-
ਤੈਨੂੰ ਹੱਥ ਤੇ ਚੋਗ ਚੁਗਾਵਾਂ
134
ਬਗਲੇ ਦੇ ਖੰਭ ਚਿੱਟੀ ਸੁਣੀਂਦੇ
ਕੋਇਲ ਸੁਣੀਂਂਦੀ ਕਾਲੀ
ਛਡ ਕੇ ਦਰੋਗੇ ਨੂੰ-
ਜਾ ਕੀਤਾ ਪਟਵਾਰੀ
135
ਬਗਲੇ ਦੇ ਫੰਗ ਚਿੱਟੇ ਸੁਣੀਂਦੇ
ਕੋਇਲ ਸੁਣੀਂਦੀ ਕਾਲੀ
ਬਗਲਾ ਤਾਂ ਆਪਣੇ ਭਾਈਆਂ ਨਾਲ ਰਲ ਗਿਆ
ਰਹਿਗੀ ਕੋਇਲ ਵਿਚਾਰੀ
ਹਾਕਾਂ ਘਰ ਵੱਜੀਆਂ-
ਛੱਡ ਮਿੱਤਰਾ ਫੁਲਕਾਰੀ
136
ਬਗਲਾ ਤੇ ਕੋਇਲ
ਚੱਕ ਕੇ ਚਰਖਾ ਰੱਖਿਆ ਢਾਕ ਤੇ
ਕਰਲੀ ਕੱਤਣ ਦੀ ਤਿਆਰੀ
ਠੁਮਕ ਠੁਮਕ ਚੱਕਦੀ ਪੱਬਾਂ ਨੂੰ
ਲਗਦੀ ਜਾਨ ਤੋਂ ਪਿਆਰੀ
ਬਗਲੇ ਦੇ ਖੰਭ ਬੱਗੇ ਸੁਣੀਂਂਦੇ
ਕੋਲ ਸੁਣੀਂਦੀ ਕਾਲੀ
ਸਿੰਘ ਜੀ ਦੇ ਗੜਵੇ ਦਾ
ਸ਼ਰਬਤ ਵਰਗਾ ਪਾਣੀ
ਮਿੱਤਰਾਂ ਦੀ ਨੂਣ ਦੀ ਡਲ਼ੀ
ਮਿਸ਼ਰੀ ਕਰਕੇ ਜਾਣੀ
ਸੁਰਮਾਂ ਨੌਂ ਰੱਤੀਆਂ
ਵਿੱਚ ਕਜਲੇ ਦੀ ਧਾਰੀ
ਹੇਠ ਬਰੋਟੇ ਦੇ-
ਦਾਤਣ ਕਰੇ ਸੁਨਿਆਰੀ

137
ਚਿੜੀਆਂ ਤੇ ਕੋਇਲਾਂ
ਹਾੜ੍ਹ ਮਹੀਨੇ ਬੋਲਣ ਚਿੜੀਆਂ
ਸਾਉਣ ਮਹੀਨੇ ਕੋਲਾਂ
ਦਿਲ ਤੋਲੇਂ ਤੂੰ ਝੁਕਦੇ ਪਲੜੇ
ਮੈਂ ਝੁਕਦੇ ਨਾ ਤੋਲਾਂ
ਮੇਲੇ ਵਿੱਚ ਤੂੰ ਲਾਈ ਛਹਿਬਰ
ਕਿਵੇਂ ਮੈਂ ਤੈਨੂੰ ਮੋਹ ਲਾਂ
ਸੁਣ ਲੈ ਨੀ ਹੀਰੇ-
ਸੱਧਰਾਂ ਸਾਰੀਆਂ ਖੋਲ੍ਹਾ
138
ਕਾਂ ਤੇ ਬੁਲਬੁਲ
ਏਸ ਦੇਸ ਦਾ ਚੰਦਰਾ ਪਾਣੀ
ਚੰਦਰੀ ਜਹੀ ਇਹ ਥਾਂ
ਛਾਵੇਂ ਬਹਿ ਕੇ ਕੱਤਣ ਲੱਗੀ
ਚੂੰਢੀ ਲੈ ਗਿਆ ਕਾਂ
ਕਾਵਾਂ ਕਾਵਾਂ ਚੂੰਢੀ ਦੇ ਜਾ
ਲੈ ਕੇ ਰੱਬ ਦਾ ਨਾਂ
ਚੂੰਢੀ ਤੇਰੀ ਤਾਂ ਦੇਊਂ ਹੀਰੇ
ਦਸ ਦਏਂ ਮਾਹੀ ਦਾ ਨਾਂ
ਜਿਹੜਾ ਮੇਰੇ ਦਿਲ ਦਾ ਵਾਲੀ
ਰਾਂਝਾ ਉਹਦਾ ਨਾਂ
ਚੂੰਢੀ ਦੇ ਜਾ ਵੇ-
ਮੈਂ ਬੁਲਬੁਲ ਤੂੰ ਕਾਂ
139
ਘੁੱਗੀਆਂ
ਬੋੜੇ ਬੋੜੇ ਖੂਹ ਵਿੱਚ
ਘੁੱਗੀਆਂ ਬੋਲਣ
ਕਰਦੀਆਂ ਰੀਰੀ ਰੀਰੀ
ਭੁਲਿਆ ਵੇ ਕੰਤਾ-
ਨਾਰਾ ਬਾਝ ਫਕੀਰੀ
140
ਤੋਤਾ
ਬਾਗਾਂ ਦੇ ਵਿੱਚ ਬੋਲੇ ਤੋਤਾ
ਕਰਦਾ ਹੇਵਾ ਹੇਵਾ

ਨਾਰ ਬਿਗਾਨੀ ਦੀ-
ਨਾ ਕਰ ਵੇ ਮੂਰਖਾ ਸੇਵਾ
141
ਬਾਗਾਂ ਦੇ ਵਿੱਚ ਬੋਲੇ ਤੋਤਾ
ਕਰਦਾ ਆਟਾ ਆਟਾ
ਨੀ ਧੀਏ ਮੋਰਨੀਏਂ-
ਤੈਨੂੰ ਕੰਤਾਂ ਦਾ ਕੀ ਘਾਟਾ
142
ਚਿੜਾ ਚਿੜੀ
ਗ਼ਮ ਨੇ ਖਾ ਲੀ ਗ਼ਮ ਨੇ ਪੀ ਲੀ
ਗ਼ਮ ਦੀ ਕਰੋ ਨਿਹਾਰੀ
ਯਾਰੀ ਦੇਖੀ ਮੂਨ ਮਿਰਗ ਦੀ
ਰਲ ਕੇ ਰੋਹੀ ਉਜਾੜੀ
ਯਾਰੀ ਦੇਖੀ ਚਿੜੇ ਚਿੜੀ ਦੀ
ਰਲ ਕੇ ਛੱਤਣ ਪਾੜੀ
ਯਾਰੀ ਦੇਖੀ ਨਾਰੇ ਬੱਗੇ ਦੀ
ਰਲ ਮਿਲ ਖਿੱਚਣ ਪੰਜਾਲੀ
ਖਾਤਰ ਰਾਂਝੇ ਦੀ-
ਉਧਲੀ ਫਿਰੇ ਕੁਆਰੀ
143
ਚਿੜੇ ਚਿੜੀ ਦੀ ਲੱਗੀ ਦੋਸਤੀ
ਲੱਗੀ ਕਿੱਕਰ ਦੀ ਟੀਸੀ
ਚਿੜਾ ਤਾਂ ਕਰਦਾ ਚੀਂ ਚੀਂ ਚੀਂ
ਚਿੜੀ ਬੈਠੀ ਚੁੱਪ ਕੀਤੀ
ਮਰ ਜੋ ਔਤ ਦਿਓ-
ਕਿਉਂ ਦੁਨੀਆਂ ਠਿੱਠ ਕੀਤੀ
144
ਸੱਪ
ਅੱਡੀ ਤਾਂ ਤੇਰੀ ਉਠਣੋਂ ਰਹਿਗੀ
ਗੂਠੇ ਤੇ ਬਰਨਾਮਾਂ
ਮਾਂ ਨਾਲ ਧੀ ਲੜਪੀ
ਹੁਣ ਕੀ ਲਾਜ ਬਣਾਵਾਂ
ਮਰਜੂੰ ਓਧਰੇ ਕਰਲੂੰ ਜੇਠ ਨੂੰ
ਬੈਣ ਕਦੇ ਨਾ ਪਾਵਾਂ
ਕਿਸ਼ਨੋ ਦੇ ਮਹਿਲਾਂ ਤੇ-
ਸੱਪ ਬਣ ਕੇ ਫਿਰ ਆਵਾਂ

145
ਬੁਲਬੁਲ
ਸਦਾ ਨਾ ਬਾਗੀਂ-ਬਾਗ ਬਹਾਰਾਂ
ਸਦਾ ਨਾ ਬੁਲਬੁਲ ਬੋਲੇ
ਤੇਰੀਆਂ ਮੇਰੀਆਂ ਅੱਖੀਆਂ ਲੱਗੀਆਂ
ਓਸ ਘੰਦੋਲੀ ਓਹਲੇ
ਮੇਰੇ ਹੱਥ ਵਿੱਚ ਗੁੱਲੀ ਡੰਡਾ
ਤੇਰੇ ਹੱਥ ਪਟੋਹਲੇ
ਨੀ ਹੱਕ ਵਾਲਾ ਹੱਕ ਮੰਗਦਾ-
ਜੇ ਕੋਈ ਪੂਰਾ ਤੋਲੇ
146
ਕੂੰਜ
ਨੰਦ ਕੁਰ ਚੰਦ ਕੁਰ ਦੋਵੇਂ ਭੈਣਾਂ
ਹੌਲਦਾਰ ਨੂੰ ਵਿਆਹੀਆਂ
ਰੋਟੀਂਂ ਲੈ ਕੇ ਚੱਲੀਆਂ ਹੌਲਦਾਰ ਦੀ
ਰਾਹ ਵਿੱਚ ਮਰਨ ਤਿਹਾਈਆਂ
ਗੜਵੀ ਭਰ ਮਿੱਤਰਾ-
ਕੂੰਜਾਂ ਮਰਨ ਤਿਹਾਈਆਂ
147
ਦੇਵੀ ਦੀ ਮੈਂ ਕਰਾਂ ਕੜਾਹੀ
ਪੀਰ ਫਕੀਰ ਧਿਆਵਾਂ
ਹੈਦਰ ਸ਼ੇਖ ਦਾ ਬੱਕਰਾ ਦੇਵਾਂ
ਨੰਗੇ ਪੈਰੀਂ ਜਾਵਾਂ
ਹਨੂੰਮਾਨ ਦੀ ਦੇਵਾਂ ਮੰਨੀ
ਰਤੀ ਫਰਕ ਨਾ ਪਾਵਾਂ
ਜੇ ਸੁਰਮਾਂ ਤੂੰ ਬਣਜੇਂ ਮੇਲਣੇ
ਮੈਂ ਅੱਖਾਂ ਵਿੱਚ ਪਾਵਾਂ
ਕੂੰਜੇ ਪਹਾੜ ਦੀਏ-
ਜਿੰਦ ਤੇਰੇ ਨਾਉਂ ਲਾਵਾਂ
148
ਮੈਂ ਤਾਂ ਤੈਨੂੰ ਲੈਣ ਨੀ ਆਇਆ
ਤੂੰ ਬੜ ਬੈਠੀ ਖੂੰਜੇ
ਤੇਰੇ ਬਾਝੋਂ ਚਿੱਤ ਨੀ ਲਗਦਾ
ਸੁੰਨੀ ਹਵੇਲੀ ਗੂੰਜੇ
ਕੌਣ ਤੇਰੇ ਬਿਨ ਭਾਂਡੇ ਮਾਂਜੂ
ਕੌਣ ਅੰਦਰ ਨੂੰ ਹੂੰਝੇ

ਬਾਂਹ ਵਿੱਚ ਸਜਦਾ ਰੰਗਲਾ ਚੂੜਾ
ਗਲ ਵਿੱਚ ਸਜਦੇ ਮੂੰਗੇ
ਲੈ ਕੇ ਜਾਊਂਗਾ-
ਮੋਤੀ ਬਾਗ ਦੀਏ ਕੂੰਜੇ
149
ਚੀਨਾ ਕਬੂਤਰ
ਬੀਕਾਂਨੇਰ ਵਿੱਚ ਮੀਂਹ ਨੀ ਪੈਂਦਾ
ਸੁੱਕੀਆਂ ਰਹਿਣ ਜ਼ਮੀਨਾਂ
ਪਸ਼ੂ ਵਿਚਾਰੇ ਭੁੱਖੇ ਮਰਦੇ
ਕੁਤਰਾ ਕਰਨ ਮਸ਼ੀਨਾਂ
ਗਿੱਧੇ ਵਿੱਚ ਆ ਜਾ ਪੱਠੀਏ-
ਬਣ ਕੇ ਕਬੂਤਰ ਚੀਨਾ
150
ਮੀਂਹ ਤਾਂ ਬੀਬਾ ਪੈਣੋਂ ਹਟ ਗੇ
ਸੁੱਕੀਆਂ ਵਗਣ ਜ਼ਮੀਨਾਂ
ਤੂੜੀ ਖਾਂਦੇ ਢੱਗੇ ਹਾਰਗੇ
ਗੱਭਰੂ ਗਿਝ ਗਏ ਫੀਮਾਂ
ਤੇਰੀ ਬੈਠਕ ਨੇ-
ਪੱਟਿਆ ਕਬੂਤਰ ਚੀਨਾ
151
ਕਾਲਾ ਨਾਗ
ਹੂੰ ਹਾਂ ਨੀ ਬਾਹਮਣੀ ਦੀ ਗੁੱਤ ਵਰਗਾ
ਕਾਲਾ ਨਾਗ ਚਰ੍ਹੀ ਵਿੱਚ ਮੇਲ੍ਹੇ
ਨੀ ਬਾਹਮਣੀ ਦੀ ਗੁੱਤ ਵਰਗਾ
ਹੂੰ ਹਾਂ ਨੀ ਚਿੱਠੀ ਆਈ ਬ੍ਰਹਮਾਂਂ ਤੋਂ
ਹੂੰ ਹਾਂ ਨੀ ਚਿੱਠੀਏ ਵੀਰ ਦੀਏ
ਤੈਨੂੰ ਚੁੱਕ ਕੇ ਕਲੇਜੇ ਨਾਲ ਲਾਵਾਂ
ਨੀ ਚਿੱਠੀਏ ਵੀਰ ਦੀਏ
152
ਸੁਣ ਵੇ ਘੁਪ ਕਰੀਰਾ
ਤੈਨੂੰ ਲਗਣ ਡੇਲੇ
ਇਸ਼ਕ ਤੇਰੇ ਨੂੰ ਮੌਜਾਂ ਹੋਈਆਂ
ਮਾਲਕ ਉਠ ਗਿਆ ਮੇਲੇ
ਹਰਾ ਚੁਬਾਰਾ ਸਬਜ਼ ਪੌੜੀਆਂ
ਵਿੱਚ ਕੁਆਰਾ ਖੇਲੇ

ਨੰਦ ਕੁਰ ਭਬਕੇ ਦੇ-
ਨਾਗ ਪੱਟਾਂ ਤੇ ਮੇਲ੍ਹੇ
153
ਕੱਛੂ-ਡੱਡੂ-ਕਿਰਲਾ
ਕੱਛੂ ਡੱਡੂ ਦੀ ਲਗ ਗੀ ਦੋਸਤੀ
ਕਿਰਲਾ ਜ਼ੋਰ ਖਪਾਵੇ
ਛੱਪੜੀ ਨੂੰ ਅੱਗ ਲੱਗ ਗੀ
ਇਲ੍ਹ ਪਹੁੰਚਿਆਂ ਨਾਲ ਬੁਝਾਵੇ
ਇਸ ਪਟ੍ਹੋਲੇ ਦੀ-
ਮਛਲੀ ਹੁਲਾਰੇ ਖਾਵੇ
154
ਕੀੜੀਆਂ
ਹੋਰ ਜਨੌਰ ਰੋਹੀਏਂ ਚੁਗਦੇ
ਕੀੜੀਆਂ ਚੁਗਦੀਆਂ ਅੱਕਾਂ ਕੋਲ
ਨਹੀਂ ਜੀ ਲਗਦਾ ਸੱਸਾਂ ਕੋਲ
155
ਹੋਰ ਜਨੌਰ ਰੋਹੀਏਂ ਚੁਗਦੇ
ਕੀੜੀਆਂ ਚੁਗਦੀਆਂ ਕਾਵਾਂ ਕੋਲ
ਬੜਾ ਜੀ ਲਗਦਾ ਮਾਵਾਂ ਕੋਲ