ਸਮੱਗਰੀ 'ਤੇ ਜਾਓ

ਖੰਡ ਮਿਸ਼ਰੀ ਦੀਆਂ ਡਲ਼ੀਆਂ/ਹਾਰ-ਸ਼ਿੰਗਾਰ

ਵਿਕੀਸਰੋਤ ਤੋਂ

ਹਾਰ ਸ਼ਿੰਗਾਰ
291
ਆਰਸੀ
ਅੱਧੀ ਰਾਤੇ ਪਾਣੀ ਮੰਗਦਾ
ਮੈਂ ਤਾਂ ਆਰਸੀ ਦਾ ਕੌਲ ਬਣਾਇਆ
292
ਸੁਰਮਾਂ
ਸੁਰਮਾਂ ਕਹਿਰ ਦੀ ਗੋਲੀ
ਬਿੱਲੀਆਂ ਅੱਖੀਆਂ ਨੂੰ
293
ਸੁਰਮਾਂ ਕਿਹੜੀਆਂ ਅੱਖਾਂ ਵਿੱਚ ਪਾਵਾਂ
ਅੱਖੀਆਂ ’ਚ ਯਾਰ ਵੱਸਦਾ
294
ਸੁਰਮਾਂ ਨੌਂ ਰੱਤੀਆਂ
ਡਾਕ ਗੱਡੀ ਵਿੱਚ ਆਇਆ
295
ਧਾਰੀ ਬੰਨ੍ਹ ਸੁਰਮਾਂ ਨਾ ਪਾਈਏ
ਪਿਉਕੇ ਪਿੰਡ ਕੁੜੀਏ
296
ਮੁੰਡਾ ਪੱਟਿਆ ਨਵਾਂ ਪਟਵਾਰੀ
ਅੱਖਾਂ ਵਿੱਚ ਪਾ ਕੇ ਸੁਰਮਾਂ
297
ਲੋਕਾਂ ਭਾਣੇ ਹੋਗੀ ਕੰਜਰੀ
ਸੁਰਮਾਂ ਅੱਖਾਂ ਦੀ ਦਾਰੂ
298
ਸ਼ੀਸ਼ਾ
ਤੇਰੇ ਰੰਗ ਤੋਂ ਤੇਜ਼ ਰੰਗ ਮੇਰਾ
ਸ਼ੀਸ਼ਾ ਦੇਖ ਮਿੱਤਰਾ

299
ਕਲਿੱਪ
ਮਾਂਗ ਤੇ ਸੰਧੂਰ ਭੁੱਕ ਕੇ
ਰੰਨ ਮਾਰਦੀ ਛੱਪੜ ਤੇ ਗੇੜੇ
300
ਨੰਗਾ ਰੱਖਦੀ ਕਲਿੱਪ ਵਾਲਾ ਪਾਸਾ
ਜੇਠ ਕੋਲੋਂ ਘੁੰਡ ਕੱਢਦੀ
301
ਲੋਕਾਂ ਭਾਣੇ ਘੁੰਡ ਕੱਢਦੀ
ਨੰਗਾ ਰੱਖਦੀ ਕਲਿੱਪਾਂ ਵਾਲਾ ਪਾਸਾ
302
ਕੋਕੇ ਵਾਲੀ ਡਾਂਗ
ਨਾਂ ਲਿਖ ਲਿਆ ਬਚਨੀਏਂ ਤੇਰਾ
ਕੋਕੇ ਵਾਲੀ ਡਾਂਗ ਦੇ ਉੱਤੇ
303
ਕੰਬਲੀ ਤੇ ਪਾਈਆਂ ਬੂਟੀਆਂ
ਚੱਜ ਨੀ ਬੱਸਣ ਦੇ ਤੇਰੇ
ਕੰਬਲੀ ਤੇ ਪਾਈਆਂ ਬੂਟੀਆਂ
304
ਚੰਦ
ਚੰਦ ਚੌਂਕ ਜੱਟੀਆਂ ਦੇ
ਸੱਗੀ ਫੁੱਲ ਸਰਕਾਰੀ ਗਹਿਣਾ
305
ਜਿਹੜੇ ਲਏ ਸੀ ਬਾਗ ਦੇ ਓਹਲੇ
ਮੋੜ ਚੰਦ ਮਿੱਤਰਾਂ ਦੇ
306
ਚੂੜਾ
ਕਦੀ ਹਾਕ ਨਾ ਚੰਦਰੀਏ ਮਾਰੀ
ਚੂੜੇ ਵਾਲੀ ਬਾਂਹ ਕੱਢ ਕੇ
307
ਤੇਰੀ ਚੰਦਰੀ ਦੀ ਜ਼ਾਤ ਤਖਾਣੀ
ਚੂੜਾ ਪਾ ਕੇ ਸੱਕ ਹੂੰਝਦੀ
308
ਚੂੜੀਆਂ
ਤੇਰੀ ਜੇਬ ’ਚ ਖੜਕਦੇ ਪੈਸੇ
ਹੱਥਾਂ ਨੂੰ ਚੜ੍ਹਾ ਦੇ ਚੂੜੀਆਂ

309
ਨੈਣਾਂ ਦੇਵੀ ਤੋਂ ਚੂੜੀਆਂ ਲਿਆਏ
ਤੇਰੇ ਨਾਲੋਂ ਮਿੱਤਰ ਚੰਗੇ
310
ਮੁੰਡਾ ਭੰਨਦਾ ਕਿਰਕ ਨੀ ਕਰਦਾ
ਮੇਰੀਆਂ ਬਰੀਕ ਚੂੜੀਆਂ
311
ਚੰਦਰਾ ਸ਼ੁਕੀਨ ਬਣ ਗਿਆ
ਚੰਦਰਾ ਸ਼ੁਕੀਨ ਬਣ ਗਿਆ
ਪਾ ਕੇ ਰੇਬ ਪਜਾਮਾ
312
ਬੰਨ੍ਹ ਕੇ ਖੱਦਰ ਦਾ ਸਾਫਾ
ਚੰਦਰਾ ਸ਼ੁਕੀਨ ਬਣ ਗਿਆ
313
ਚੁੰਨੀ ਰੰਗਦੇ ਲਲਾਰੀਆ ਮੇਰੀ
ਚੁੰਨੀ ਰੰਗਦੇ ਲਲਾਰੀਆ ਮੇਰੀ
ਅਲਸੀ ਦੇ ਫੁੱਲ ਵਰਗੀ
314
ਚੀਰਾ ਰੰਗਦੇ ਲਲਾਰੀਆਂ ਮੇਰਾ
ਪਤਲੇ ਦੀ ਪੱਗ ਵਰਗਾ
315
ਚਿੱਟੇ ਦੰਦ ਮੋਤੀਆਂ ਦੇ ਦਾਣੇ
ਚਿੱਟੇ ਦੰਦ ਮੋਤੀਆਂ ਦੇ ਦਾਣੇ
ਹਸਦੀ ਦੇ ਕਿਰ ਜਾਣਗੇ
316
ਚਿੱਟਿਆਂ ਦੰਦਾਂ ਦੀ ਮਾਰੀ
ਦਾਤਣ ਨਿੱਤ ਕਰਦੀ
317
ਚਿੱਟੇ ਦੰਦ ਹੱਸਣੋਂ ਨਾ ਰਹਿੰਦੇ
ਦੁਨੀਆਂ ਭਰਮ ਕਰੇ
318
ਜੰਜੀਰੀ
ਸ਼ਰਮਾਂ ਚੱਕ ਧਰੀਆਂ
ਹਿੱਕ ਤੇ ਜੰਜੀਰੀ ਲਾ ਕੇ

319
ਸੁੱਤੀ ਪਈ ਦੀ ਜੰਜੀਰੀ ਖੜਕੇ
ਗੱਭਰੂ ਦਾ ਮੱਚੇ ਕਾਲਜਾ
320
ਮੇਰੀ ਕੁੜਤੀ ਖੱਲਾਂ ਦਾ ਕੂੜਾ
ਬਾਅਝ ਜੰਜੀਰੀ ਤੋਂ
321
ਜਾਗਟ
ਘੁੰਡ ਕੱਢ ਕੇ ਮੋਰਨੀ ਪਾਵਾਂ
ਬਾਬੇ ਦੀ ਜਾਗਟ ਤੇ
322
ਝਾਂਜਰ
ਅੱਗ ਲਾ ਗੀ ਝਾਂਜਰਾਂ ਵਾਲੀ
ਲੈਣ ਆਈ ਪਾਣੀ ਦਾ ਛੰਨਾ
323
ਝਾਂਜਰ ਪਤਲੋ ਦੀ
ਠਾਣੇਦਾਰ ਦੇ ਚੁਬਾਰੇ ਵਿੱਚ ਖੜਕੇ
324
ਤੇਰੇ ਝਾਂਜਰਾਂ ਬੱਜਣ ਨੂੰ ਪਾਈਆਂ
ਲੰਘ ਗਈ ਪੈਰ ਦੱਬ ਕੇ
325
ਪਾਣੀ ਡੋਲ੍ਹਗੀ ਝਾਂਜਰਾਂ ਵਾਲੀ
ਕੰਠੇ ਵਾਲਾ ਤਿਲ੍ਹਕ ਗਿਆ
326
ਝੁਮਕੇ
ਨਿੰਮ ਨਾਲ ਝੂਟਦੀਏ
ਤੇਰੇ ਝੁਮਕੇ ਲੈਣ ਹੁਲਾਰੇ
327
ਮੇਰੇ ਕੰਨਾਂ ਨੂੰ ਕਰਾ ਦੇ ਝੁਮਕੇ
ਤੇ ਹੱਥਾਂ ਨੂੰ ਸੁਨਹਿਰੀ ਚੂੜੀਆਂ
328
ਤਵੀਤ
ਤੂੰ ਕੀ ਘੋਲ ਤਵੀਤ ਪਲਾਏ
ਲੱਗੀ ਤੇਰੇ ਮਗਰ ਫਿਰਾਂ

329
ਘੁੰਡ ਕੱਢਣਾ ਤਬੀਤ ਨੰਗਾ ਰੱਖਣਾ
ਛੜਿਆਂ ਦੀ ਹਿੱਕ ਲੂਹਣ ਨੂੰ
330
ਮੁੰਡਾ ਛੱਡ ਗਿਆ ਬੀਹੀ ਦਾ ਖਹਿੜਾ
ਪੰਜਾਂ ਦੇ ਤਵੀਤ ਬਦਲੇ
331
ਲੱਗੀ ਮਗਰ ਫਿਰੇਂਗੀ ਮੇਰੇ
ਹੁੱਬ ਦੇ ਤਵੀਤ ਪਾ ਦਿਊਂ
332
ਨੱਥ ਮੱਛਲੀ
ਤੇਰੀ ਚੂਸ ਲਾਂ ਬੁਲ੍ਹਾਂ ਦੀ ਲਾਲੀ
ਮੱਛਲੀ ਦਾ ਪੱਤ ਬਣ ਕੇ
333
ਦੋ ਪੱਤ ਮੱਛਲੀ ਦੇ
ਜਾਂਦੇ ਰਾਹੀ ਦੀ ਨਿਗਾਹ ਬੰਦ ਕਰਦੇ
334
ਤਿੰਨ ਪੱਤ ਮੱਛਲੀ ਦੇ
ਜੱਟ ਚੱਬ ਗਿਆ ਸ਼ਰਾਬੀ ਹੋ ਕੇ
335
ਨੱਤੀਆਂ
ਆਹ ਲੈ ਨੱਤੀਆਂ ਕਰਾ ਲੈ ਪਿੱਪਲ ਪੱਤੀਆਂ
ਕਿਸੇ ਅੱਗੇ ਗੱਲ ਨਾ ਕਰੀਂ
336
ਤੈਨੂੰ ਨੱਤੀਆਂ ਬਹੂ ਨੂੰ ਪਿੱਪਲ ਪੱਤੀਆਂ
ਵਿਆਹ ਕਰਵਾ ਮਿੱਤਰਾ
337
ਨੱਤੀਆਂ ਕਰਾਈਆਂ ਰਹਿ ਗਈਆਂ
ਦਿਨ ਚੜ੍ਹਦੇ ਨੂੰ ਜੰਮਪੀ ਤਾਰੋ
338
ਪੰਜੇਬ
ਲੱਤ ਮਾਰੂੰਗੀ ਪੰਜੇਬਾਂ ਵਾਲੀ
ਪਰੇ ਹੋ ਜਾ ਜੱਟ ਵੱਟਿਆ

339
ਪਹੁੰਚੀ
ਹੱਥ ਮੱਚ ਗੇ ਪਹੁੰਚੀਆਂ ਵਾਲੇ
ਧੁੱਪੇ ਮੈਂ ਪਕਾਵਾਂ ਰੋਟੀਆਂ
340
ਢਿੱਲੇ ਹੋ ਗੇ ਗਲਾਂ ਦੇ ਮੂੰਗੇ
ਲਿੱਸੀ ਹੋ ਗੀ ਤੂੰ ਬਚਨੋ
341
ਮੇਰੇ ਹੱਥ ਨੂੰ ਕਰਾਦੇ ਪਹੁੰਚੀ
ਲੈ ਜਾ ਮੇਰਾ ਗੁੱਟ ਮਿਣ ਕੇ
342
ਪੱਟੀਆਂ
ਨਾਮਾ ਬੋਲਦਾ ਮਰਾਸਣੇ ਤੇਰਾ
ਪੱਟੀਆਂ ਨਾਇਣ ਗੁੰਦੀਆਂ
343
ਪੱਖੀ ਨੂੰ ਲਵਾਦੇ ਘੁੰਗਰੂ
ਹਾੜ੍ਹੀ ਵੱਦੂੰਗੀ ਨਾਲ ਤੇਰੇ
ਦਾਤੀ ਨੂੰ ਲਵਾ ਦੇ ਘੁੰਗਰੂ
344
ਜਿੱਦਣ ਦੀ ਮੈਂ ਹੋ ਗੀ ਸਾਧਣੀ
ਪਊਏ ਰੱਖਦੀ ਘੁੰਗਰੂਆਂ ਵਾਲੇ
345
ਥਾਲੀ ਭੰਨ ਕੇ ਬਣਾ ਦੂੰ ਛੈਣੇ
ਜਲਸਾ ਸਿਖ ਮੁੰਡਿਆ
346
ਯਾਰਾ ਰੁੱਤ ਗਰਮੀ ਦੀ ਆਈ
ਪੱਖੀ ਨੂੰ ਲਵਾ ਦੇ ਘੁੰਗਰੂ
347
ਪੱਚੀਆਂ ਦੀ ਲਿਆ ਦੇ ਲੋਗੜੀ
ਕੱਢਣਾ ਦਿੱਲੀ ਦਰਵਾਜ਼ਾ
ਪੱਚੀਆਂ ਦੀ ਲਿਆ ਦੇ ਲੋਗੜੀ
348
ਕਿਹੜੀ ਗਲ ਤੇ ਪਰਖਦੈਂ ਚੂੰਡਾ
ਡੋਰੀ ਮੇਰੇ ਮਾਪਿਆਂ ਦੀ

349
ਤੇਰੀ ਧੌਣ ਤੇ ਲਟਕਦਾ ਆਵਾਂ
ਲੋਗੜੀ ਦਾ ਫੁੱਲ ਬਣ ਕੇ
350
ਪੱਚੀਆਂ ਦੀ ਲਿਆ ਦੇ ਲੋਗੜੀ
ਅਸੀਂ ਸੱਸ ਦੇ ਪਰਾਂਦੇ ਕਰਨੇ
351
ਲੰਮੀ ਤੇਰੀ ਗੁੱਤ ਕੁੜੀਏ
ਛਾਲਾਂ ਮਾਰਦੀ ਕਮਰ ਤੇ ਫਿਰਦੀ
352
ਫੁਲਕਾਰੀ
ਤੇਰੀ ਸੜਜੈ ਨੰਬਰਦਾਰੀ
ਕੁੜਤੀ ਨਾ ਲਿਆਂਦੀ ਟੂਲ ਦੀ
353
ਮੈਂ ਕਿਹੜਾ ਘੱਟ ਵੱਸਦੀ
ਮੇਰੇ ਨਾਲ ਦੀ ਪਹਿਨਦੀ ਨਰਮਾ
354
ਲੋਕੀ ਪਹਿਨਦੇ ਵਲੈਤੀ ਟੋਟੇ
ਫੂਕਾਂ ਫੁਲਕਾਰੀ ਨੂੰ
355
ਬਾਲੇ
ਗੱਲ੍ਹਾਂ ਗੋਰੀਆਂ ਚਿਲਕਣੇ ਬਾਲੇ
ਬਚਨੋ ਬੈਲਣ ਦੇ
356
ਰਸ ਲੈ ਗੇ ਕੰਨਾਂ ਦੇ ਬਾਲੇ
ਝਾਕਾ ਲੈ ਗੀ ਨੱਥ ਮੱਛਲੀ
357
ਵਿੰਗੇ ਹੋ ਗੇ ਕੰਨਾਂ ਦੇ ਬਾਲੇ
ਬੋਤੇ ਉਤੋਂ ਮੈਂ ਡਿਗ ਪੀ
358
ਦਸ ਡੰਡੀਆਂ ਗਿਆਰਵਾਂ ਬਾਲਾ
ਦੰਦੀਆਂ ਨੂੰ ਥਾਂ ਕੋਈ ਨਾ
359
ਬੰਦ
ਤੇਰੇ ਯਾਰ ਦੀ ਲਲਾਮੀ ਬੋਲੇ
ਵਿੱਚੇ ਤੇਰੇ ਬੰਦ ਜਾਣਗੇ

360
ਤੇਰਾ ਮਾਮਲਾ ਅਜੇ ਨਾ ਤਰਿਆ
ਬੰਦ ਮੇਰੇ ਵੇਚ ਵੀ ਆਇਉਂ
361
ਨਹੀਂ ਮੰਨਜਾ ਬੀਹੀ ਦੇ ਵਿੱਚ ਬਹਿਣਾ
ਨਹੀਂ ਮੇਰੇ ਬੰਦ ਮੋੜ ਦੇ
362
ਪਹਿਲਾਂ ਮਾਮਲੇ ਤੋਂ ਜਾਨ ਛੁਡਾਈਏ
ਬੰਦ ਫੇਰ ਬਣ ਜਾਣਗੇ
363
ਲੱਛੀ ਤੇਰੇ ਬੰਦ ਨਾ ਬਣੇ
ਮੁੰਡੇ ਮਰਗੇ ਕਮਾਈਆਂ ਕਰਦੇ
364
ਬਾਂਕਾਂ
ਆਹ ਲੈ ਫੜ ਮਿੱਤਰਾ
ਬਾਂਕਾਂ ਮੇਚ ਨਾ ਆਈਆਂ
365
ਰੰਨ ਅੱਡੀਆਂ ਕੂਚਦੀ ਮਰਗੀ
ਬਾਂਕਾਂ ਨਾ ਜੁੜੀਆਂ
366
ਬਾਜ਼ੂ ਬੰਦ
ਬਾਜ਼ੂ ਬੰਦ ਚੰਦਰਾ ਗਹਿਣਾ
ਜੱਫੀ ਪਾਇਆਂ ਛਣਕ ਪਵੇ
367
ਮੇਖਾਂ
ਤੇਰੇ ਲਾ ਕੇ ਦੰਦਾਂ ਵਿੱਚ ਮੇਖਾਂ
ਮੌਜ ਸੁਨਿਆਰਾ ਲੈ ਗਿਆ
368
ਮੌਜ ਸੁਨਿਆਰਾ ਲੈ ਗਿਆ
ਜੀਹਨੇ ਲਾਈਆਂ ਦੰਦਾਂ ਵਿੱਚ ਮੇਖਾਂ
369
ਮੈਨੂੰ ਲੇ ਦੇ ਸਲੀਪਰ ਕਾਲੇ
ਕੁੱਕੜੀ ਨੂੰ ਬਿਕ ਲੈਣ ਦੇ
ਤੈਨੂੰ ਲੈ ਦੂੰ ਸਲੀਪਰ ਕਾਲੇ

370
ਜੁੱਤੀ ਲੈ ਦੇ ਸਿਤਾਰਿਆਂ ਵਾਲੀ
ਜੇ ਤੂੰ ਮੇਰੀ ਚਾਲ ਵੇਖਣੀ
371
ਜੁੱਤੀ ਖੱਲ ਦੀ ਮਰੋੜਾ ਨਹੀਂ ਝੱਲਦੀ
ਤੋਰ ਕੁਆਰੀ ਦੀ
372
ਜੁੱਤੀ ਕੱਢ੍ਹਦੇ ਮੋਚੀਆ ਮੇਰੀ
ਉੱਤੇ ਪਾ ਦੇ ਡਾਕ ਬੰਗਲਾ
373
ਤੈਨੂੰ ਲੈ ਦੂੰ ਸਲੀਪਰ ਕਾਲੇ
ਚਾਹੇ ਮੇਰੀ ਮਹਿੰ ਬਿਕਜੇ
374
ਮੈਨੂੰ ਲੈ ਦੇ ਸਲੀਪਰ ਕਾਲੇ
ਜੇ ਤੈਂ ਮੇਰੀ ਚਾਲ ਦੇਖਣੀ
375
ਮੇਰੇ ਪੈਰ ਜੁੱਤੀ ਨਾ ਪੈਂਦੀ
ਮਿੱਤਰਾਂ ਨੇ ਯਾਦ ਕਰੀ
376
ਮੋਤੀ
ਮੋਤੀ ਚੁਗ ਲੈ ਨੀ
ਕੂੰਜ ਪਤਲੀਏ ਨਾਰੇ
377
ਮੈਨੂੰ ਬੋਸਕੀ ਦਾ ਸੂਟ ਸਮਾ ਦੇ
ਕੁੜਤੀ ਸਮਾ ਦੇ ਮਿੱਤਰਾ
ਜਿਹੜਾ ਸੌ ਦੀ ਸਵਾ ਗਜ਼ ਆਵੇ
378
ਖੱਟੇ ਸੂਟ ਤੇ ਪਸ਼ਮ ਦੀਆਂ ਤਣੀਆਂ
ਬੁੱਢੜੇ ਵੀ ਕੱਢਣ ਬੈਠਕਾਂ
379
ਚਿੱਤ ਕਰਦੇ ਬੁੱਢੇ ਦਾ ਰਾਜ਼ੀ
ਉੱਤੇ ਲੈ ਕੇ ਲਾਲ ਡੋਰੀਆ
380
ਪੈਰਾਸ਼ੂਟ ਦੀ ਸਮਾਦੂੰ ਕੁੜਤੀ
ਖੜ ਕੇ ਗਲ ਸੁਣ ਜਾ

381
ਮੈਨੂੰ ਬੋਸਕੀ ਦਾ ਸੂਟ ਸਮਾ ਦੇ
ਭੁੱਲਾਂ ਨਾ ਹਸਾਨ ਮਿੱਤਰਾ
382
ਮੇਰਾ ਡਿੱਗਿਆ ਰੁਮਾਲ ਫੜਾ ਦੇ
ਡੰਡੀ ਡੰਡੀ ਜਾਣ ਵਾਲਿਆ
383
ਲੌਂਗ
ਸੱਗੀ ਫੁੱਲ ਸਰਕਾਰੀ ਗਹਿਣਾ
ਤੀਲੀ ਲੌਂਗ ਕੰਜਰਾਂ ਦੇ
384
ਡੁੱਬ ਜਾਣ ਘਰਾਂ ਦੀਆਂ ਗਰਜ਼ਾਂ
ਲੌਂਗ ਕਰਾਉਣਾ ਸੀ
385
ਤੇਰੇ ਲੌਂਗ ਦਾ ਪਿਆ ਲਸ਼ਕਾਰਾ
ਹਾਲੀਆਂ ਨੇ ਹਲ਼ ਡੱਕ ਲਏ
386
ਤੇਰੇ ਲੌਂਗ ਦੀ ਚਾਨਣੀ ਮਾਰੇ
ਪੱਲਾ ਲੈ ਲੈ ਗੋਰੀਏ ਰੰਨੇ
387
ਤੀਲੀ ਲੌਂਗ ਵਾਲੀਏ ਰੰਨੇ
ਤੇਰਾ ਟਮਕ ਅਵਾਜ਼ਾਂ ਮਾਰੇ
388
ਤੀਲੀ ਲੌਂਗ ਦਾ ਮੁਕੱਦਮਾ ਭਾਰੀ
ਠਾਣੇਦਾਰਾ ਸੋਚ ਕੇ ਕਰੀਂ
389
ਤੀਲੀ ਰੁਸ ਕੇ ਪਹੇ ਦੇ ਵਿੱਚ ਬਹਿਗੀ
ਲੌਂਗ ਪਿਆ ਮਿੰਨਤਾਂ ਕਰੇ
390
ਨੱਕ ਦੀ ਜੜ ਪੱਟ ਲੀ
ਪਾਕੇ ਲੌਂਗ ਬਗਾਨਾ
391
ਪਤਲੀ ਨਾਰ ਦਾ ਗਹਿਣਾ
ਲੌਂਗ ਤਵੀਤੜੀਆਂ

392
ਮਰਜ਼ੀ ਮਾਲਕ ਦੀ
ਤੀਲੀ ਭੰਨ ਕੇ ਲੌਂਗ ਬਣਾਇਆ
393
ਲੌਂਗ ਤੇਰੀਆਂ ਮੁੱਛਾਂ ਦੇ ਵਿੱਚ ਰੁਲ਼ਿਆ
ਟੋਲ ਕੇ ਫੜਾ ਦੇ ਮਿੱਤਰਾ
394
ਲੌਂਗ ਮੰਗਦੀ ਬੁਰਜੀਆਂ ਵਾਲਾ
ਨੱਕ ਤੇਰਾ ਹੈ ਨੀ ਪੱਠੀਏ
395
ਲੌਂਗ ਵਾਲੀ ਨੇ ਭਨਾ ਲਏ ਗੋਡੇ
ਤੀਲੀ ਵਾਲੀ ਖਾਲ ਟੱਪਗੀ
396
ਲੌਂਗ ਚਾਂਬੜਾਂ ਪਾਵੇ
ਮਿੱਡੀਆਂ ਨਾਸਾਂ ਤੇ
397
ਲੋਟਣ
ਜੇ ਰਸ ਗੋਰੀਆਂ ਗੱਲ੍ਹਾਂ ਦਾ ਲੈਣਾ
ਲੋਟਣ ਬਣ ਮਿੱਤਰਾ
398
ਲੋਟਣ ਮਿੱਤਰਾਂ ਦੇ
ਨਾਉਂ ਬਜਦਾ ਬੋਬੀਏ ਤੇਰਾ
399
ਲੋਟਣ ਮਿੱਤਰਾਂ ਦਾ
ਨਾਉਂ ਬੱਜਦਾ ਬਾਬਲਾ ਤੇਰਾ