ਖੰਡ ਮਿਸ਼ਰੀ ਦੀਆਂ ਡਲ਼ੀਆਂ/ਮੇਲੇ ਮੁਸਾਹਵੇ

ਵਿਕੀਸਰੋਤ ਤੋਂ
Jump to navigation Jump to search

ਮੇਲੇ-ਮਸਾਹਵੇ
224
ਛਪਾਰ ਦਾ ਮੇਲਾ
ਆਰੀ ਆਰੀ ਆਰੀ
ਮੇਲਾ ਛਪਾਰ ਲੱਗਦਾ
ਜਿਹੜਾ ਲੱਗਦਾ ਜਰਗ ਤੋਂ ਭਾਰੀ
ਕੱਠ ਮੁਸ਼ਟੰਡਿਆਂ ਦੇ
ਓਥੇ ਬੋਤਲਾਂ ਮੰਗਾ ਲੀਆਂ ਚਾਲੀ
ਤਿੰਨ ਸੇਰ ਸੋਨਾ ਲੁੱਟਿਆ
ਭਾਨ ਲੁੱਟਲੀ ਹੱਟੀ ਦੀ ਸਾਰੀ
ਸੰਤ ਸਿੰਘ ਨਾਮ ਦਸ ਦਿਆਂ
ਜੀਹਦੇ ਚਲਦੇ ਮੁਕੱਦਮੇ ਭਾਰੀ
ਥਾਣੇਦਾਰਾ ਚੜ੍ਹ ਘੋੜੀ
ਤੇਰਾ ਯਾਰ ਕੁੱਟਿਆ ਪਟਵਾਰੀ
ਥਾਣੇਦਾਰ ਤਿੰਨ ਚੜ੍ਹਗੇ
ਨਾਲ ਪੁਲਸ ਚੜ੍ਹੀ ਸੀ ਸਾਰੀ
ਕੁਟਦਿਆਂ ਦੇ ਹੱਥ ਥੱਕਗੇ
ਉਹਨੇ ਸੀ ਨਾ ਕਰੀ ਇਕ ਵਾਰੀ
ਇੱਸੂ ਧੁਰੀ ਦਾ
ਜਿਹੜਾ ਡਾਂਗ ਬਹਾਦਰ ਭਾਰੀ
ਤੈਂ ਕਿਉਂ ਛੇੜੀ ਸੀ-
ਨਾਗਾਂ ਦੀ ਪਟਿਆਰੀ
225
ਜਗਰਾਵਾਂ ਦੀ ਰੌਸ਼ਨੀ
ਆਰੀ ਆਰੀ ਆਰੀ
ਵਿੱਚ ਜਗਰਾਵਾਂ ਦੇ
ਲੱਗਦੀ ਰੌਸ਼ਨੀ ਭਾਰੀ
ਬੋਲੀਆਂ ਦੀ ਸੜਕ ਬੰਨ੍ਹਾਂ
ਜਿਥੋਂ ਖਲਕਤ ਲੰਘੇ ਸਾਰੀ
ਬੋਲੀਆਂ ਦਾ ਖੂਹ ਭਰ ਦਿਆਂ
ਪਾਣੀ ਭਰੇ ਝਾਂਜਰਾਂ ਵਾਲੀ

ਬੋਲੀਆਂ ਦੀ ਗੱਡੀ ਲੱਦ ਦਿਆਂ
ਜੀਹਨੂੰ ਇੰਜਣ ਲੱਗੇ ਸਰਕਾਰੀ
ਨਿਮਕੇ ਚੱਕ ਪੱਠਿਆ-
ਗੇਂਦ ਘੁੰਗਰੂਆਂ ਵਾਲੀ
226
ਆਰੀ ਆਰੀ ਆਰੀ
ਵਿੱਚ ਜਗਰਾਵਾਂ ਦੇ
ਲੱਗਦੀ ਰੌਸ਼ਨੀ ਭਾਰੀ
ਬੈਲੀਆਂ ਦਾ ਕੱਠ ਹੋ ਗਿਆ
ਭਾਨ ਚੱਕਲੀ ਹੱਟੀ ਦੀ ਸਾਰੀ
ਰਤਨ ਸਿੰਘ ਰੱਕੜਾਂ ਦਾ
ਜੀਹਨੇ ਪਹਿਲੀ ਡਾਂਗ ਸ਼ਿੰਗਾਰੀ
ਮੰਗੂ ਖੇੜੀ ਦਾ
ਪੁੱਠੇ ਹੱਥ ਦੀ ਗੰਡਾਸੀ ਮਾਰੀ
ਠਾਣੇਦਾਰ ਐਂ ਡਿਗਿਆ
ਜਿਮੇਂ ਹਲ ਤੋਂ ਡਿਗੇ ਪੰਜਾਲੀ
ਲੱਗੀਆਂ ਹੱਥ ਕੜੀਆਂ-
ਹੋ ਗੀ ਜੇਲ੍ਹ ਦੀ ਤਿਆਰੀ
227
ਜਰਗ ਦਾ ਮੇਲਾ
ਚਲ ਚੱਲੀਏ ਜਰਗ ਦੇ ਮੇਲੇ
ਮੁੰਡਾ ਤੇਰਾ ਮੈਂ ਚੱਕਲੂੰ
ਤੈਨੂੰ ਘੱਗਰੇ ਦਾ ਭਾਰ ਬਥੇਰਾ
ਮੁੰਡਾ ਤੇਰਾ ਮੈਂ ਚੱਕਲੂੰ
228
ਲੁਧਿਆਣੇ ਲੱਗਦੀ ਰੌਸ਼ਨੀ
ਆਰੀ ਆਰੀ ਆਰੀ
ਲੁਧਿਆਣੇ ਲੱਗਦੀ ਰੌਸ਼ਨੀ ਭਾਰੀ
ਬੈਲੀਆਂ ਦਾ ਕੱਠ ਹੋ ਗਿਆ
ਦਾਰੂ ਪੀਕੇ ਭਾਨ ਚੱਕਲੀ ਹੱਟੀ ਦੀ ਸਾਰੀ
ਠਾਣੇਂਦਾਰ ਆ ਉਤਰਿਆ
ਰਤਨ ਸਿੰਘ ਰੱਕੜਾਂ ਦਾ
ਜੀਹਨੇ ਪਹਿਲੀਂ ਡਾਂਗ ਸ਼ਿੰਗਾਰੀ
ਮੰਗੂ ਖੇੜੀ ਦਾ
ਜੀਹਨੇ ਪੁੱਠੇ ਹੱਥ ਦੀ ਗੰਡਾਸੀ ਮਾਰੀ

ਥਾਣੇਦਾਰ ਐਂ ਗਿਰਿਆ
ਜਿਵੇਂ ਹਲ ਤੋਂ ਗਿਰੀ ਪੰਜਾਲੀ
ਲੱਗੀਆਂ ਹੱਥ ਕੜੀਆਂ
ਹੋ ਗੀ ਜੇਲ੍ਹ ਦੀ ਤਿਆਰੀ
ਦਿਓਰ ਕਮਾਰੇ ਦੀ-
ਮੰਜੀ ਸੜਕ ਤੇ ਮਾਰੀ
229
ਆਰੀ ਆਰੀ ਆਰੀ
ਲੁਧਿਆਣੇ ਟੇਸਣ ਤੇ
ਲੱਗਦੀ ਰੌਸ਼ਨੀ ਭਾਰੀ
ਬੈਲੀਆਂ ਦਾ ਕੱਠ ਹੋ ਗਿਆ
ਬੋਤਲਾਂ ਮੰਗਾ ਲੀਆਂ ਚਾਲੀ
ਪੀਕੇ ਬੋਤਲਾਂ ਚੜ੍ਹਗੇ ਮੋਟਰੀਂਂ
ਫਿਰ ਆਏ ਸ਼ਹਿਰ ਬਜ਼ਾਰੀਂ
ਬਾਮਣਾਂ ਦਾ ਪੁੱਤ ਗੱਭਰੂ
ਹੱਥ ਟਕੂਆ ਤੇ ਨਾਲ ਗੰਦਾਲੀ
ਘੋੜੀ ਉਤੋਂ ਨੈਬ ਸੁਟ ਲਿਆ
ਨਾਲੇ ਪੁਲਸ ਦਬੱਲੀ ਸਾਰੀ
ਹੇਠ ਬਰੋਟੇ ਦੇ-
ਭਜਨ ਕਰੇ ਸੁਨਿਆਰੀ
230
ਮੇਲਾ ਲੋਪੋਂ ਦਾ
ਆਰੀ ਆਰੀ ਆਰੀ
ਮੇਲਾ ਲੋਪੋਂ ਦਾ
ਲੱਗਦਾ ਬਹੁਤ ਹੈ ਭਾਰੀ
ਲੁੱੱਧਿਆਣੇ ਦੁਗ ਦੁਗੀਆ
ਸਾਹਨੇ ਕੌਲ ਢੰਡਾਰੀ
ਤੜਕਿਓਂ ਭਾਲੇਂਗਾ-
ਨਰਮ ਕਾਲਜੇ ਵਾਲੀ
231
ਖਮਾਣੋਂ ਦਾ ਮੇਲਾ
ਆਰੀ ਆਰੀ ਆਰੀ
ਵਿੱਚ ਖਮਾਣੋਂ ਦੇ ਮੇਲਾ ਲਗਦਾ
ਲਗਦਾ ਜਗਤ ਤੋਂ ਭਾਰੀ
ਬੈਲੀਆਂ ਦਾ ਕੱਠ ਹੋ ਗਿਆ

ਓਥੇ ਬੋਤਲਾਂ ਮੰਗਾ ਲੀਆਂ ਚਾਲੀ
ਚਾਲੀਆਂ ਚੋਂ ਇਕ ਬਚਗੀ
ਥਾਣੇਦਾਰ ਦੇ ਮੱਥੇ ਵਿੱਚ ਮਾਰੀ
ਥਾਣੇਦਾਰ ਇਉਂ ਡਿੱਗਿਆ
ਜਿਉਂ ਬੌਲਦ ਗਲੋਂ ਪੰਜਾਲੀ
ਮਿਲਖੀ ਨਿਊਆਂ ਦਾ
ਥਾਣੇਦਾਰ ਦੇ ਗੰਡਾਸੀ ਮਾਰੀ
ਈਸੂ ਘੜੂਏਂ ਦਾ
ਜੀਦੇ ਚਲਦੇ ਮੁਕਦਮੇ ਭਾਰੀ
ਤਿਲੀਅਰ ਤੋਤੇ ਨੇ-
ਛਾਲ ਗਿੱਧੇ ਵਿੱਚ ਮਾਰੀ
232
ਮੇਲਾ ਅਲਕਾਂ ਦਾ
ਆਰੀ ਆਰੀ ਆਰੀ
ਮੇਲਾ ਅਲਕਾਂ ਦਾ
ਲਗਦੀ ਰੌਣਕ ਭਾਰੀ
ਦੁਆਬੇ 'ਚ ਜਗ ਆਂਹਦਾ
ਮੇਲੇ ਲਗਦੇ ਚਾਲੀ
ਕੋਲੋ ਕੋਲੀ ਪਿੰਡ ਸੁਣੀਂਦੇ
ਪੱਖੋ ਵਾਲ ਪਰਾਲੀ
ਉੱਥੇ ਦੋ ਕੁੜੀਆਂ
ਇਕ ਪਤਲੀ ਇਕ ਭਾਰੀ
ਪਤਲੀ ਦਾ ਨਾਂ ਉਤਮੀ
ਭਾਰੀ ਦਾ ਕਰਤਾਰੀ
ਮੋਤੀਆ ਲੈ ਗੀ ਉਤਮੀ
ਨਰਮ ਰਹੀ ਕਰਤਾਰੀ
ਬੋਤਾ ਮੋਹਲਕ ਦਾ-
ਉਤਮੀ ਦੀ ਸਰਦਾਰੀ