ਸਮੱਗਰੀ 'ਤੇ ਜਾਓ

ਖੰਡ ਮਿਸ਼ਰੀ ਦੀਆਂ ਡਲ਼ੀਆਂ/ਆਰ-ਪਰਿਵਾਰ-ਅੰਗਲੀਆਂ ਸੰਗਲੀਆਂ

ਵਿਕੀਸਰੋਤ ਤੋਂ
49613ਖੰਡ ਮਿਸ਼ਰੀ ਦੀਆਂ ਡਲ਼ੀਆਂ — ਆਰ-ਪਰਿਵਾਰ-ਅੰਗਲੀਆਂ ਸੰਗਲੀਆਂਸੁਖਦੇਵ ਮਾਦਪੁਰੀ

ਆਰ-ਪਰਿਵਾਰ-ਅੰਗਲੀਆਂ ਸੰਗਲੀਆਂ

233
ਮਾਪੇ-ਸਹੁਰੇ
ਮਾਪਿਆਂ ਨੇ ਮੈਂ ਰੱਖੀ ਵੇ ਲਾਡਲੀ
ਸੌਹਰੀਂ ਲਾ ਲਈ ਚੱਕੀ
ਮਾਂ ਦੀਏ ਲਾਡਲੀਏ-
ਸੌ ਵਲ ਪੈਂਦਾ ਵੱਖੀ
234
ਮਾਪਿਆਂ ਨੇ ਮੈਂ ਰੱਖੀ ਵੇ ਲਾਡਲੀ
ਸੌਹਰੀਂ ਲਾ ਲਈ ਰੇਹ ਵੇ
ਐਵੇਂ ਜਨਮ ਗਵਾਇਆ-
ਚੰਨਣ ਵਰਗੀ ਦੇਹ ਵੇ
235
ਲੈ ਪੋਣਾ ਮੈਂ ਸਾਗ ਨੂੰ ਚੱਲੀਆਂ
ਅਲਝ ਗਈ ਵਿੱਚ ਝਾਫਿਆਂ ਦੇ
ਮੇਰੀ ਸੁਰਤ ਗਈ ਵਿੱਚ ਮਾਪਿਆਂ ਦੇ
236
ਰੇਲਾਂ ਵਾਲਿਆ ਰੇਲ ਜਾਵੇ ਲੰਦਨ ਨੂੰ
ਪੈਸਾ ਦੇ ਢਕਣਾ ਬਚਨੋ ਦੇ ਕੰਗਣ ਨੂੰ
ਰੇਲਾਂ ਵਾਲਿਆ ਰੇਲਾਂ ਵਿੱਚ ਖੀਰੇ ਨੇ
ਖੋਹਲੋ ਟਾਕੀਆਂ ਵਿੱਚ ਮੇਰੇ ਵੀਰੇ ਨੇ
ਰੇਲਾਂ ਵਾਲਿਆ ਰੇਲਾਂ ਵਿੱਚ ਝਾਫੇ ਨੇ
ਖੋਹਲੋ ਟਾਕੀਆਂ ਵਿੱਚ ਮੇਰੇ ਮਾਪੇ ਨੇ
237
ਤਖਤ ਹਜ਼ਾਰਿਓ-ਵੰਗਾਂ ਆਈਆਂ
ਬੜੇ ਸ਼ੌਕ ਨਾਲ ਪਾਵਾਂ
ਮਾਪਿਆਂ ਦਾ ਦੇਸ਼ ਛੱਡ ਕੇ
ਮੈਂ ਕਿਵੇਂ ਮੁਕਲਾਵੇ ਜਾਵਾਂ
238
ਮਾਪਿਆਂ ਦੇ ਘਰ ਖਰੀਓ ਲਾਡਲੀ
ਸੌਹਰੀਂ ਲਾ ਲਈ ਚੱਕੀ

ਨੀ ਮਾਂ ਦੀਏ ਲਾਡਲੀਏ-
ਨੌਂ ਵਲ ਪੈਂਦੇ ਵੱਖੀ
239
ਮਾਪਿਆਂ ਦੇ ਘਰ ਖਰੀਓ ਲਾਡਲੀ
ਸੌਹਰੀਂ ਲਾ ਲੀ ਕੰਮ ਵੇ-
ਮੇਰਾ ਉਡੇ ਸੁਨਹਿਰੀ ਰੰਗ ਵੇ
240
ਡੁਲ੍ਹਿਆਂ ਬੇਰਾਂ ਦਾ ਕੁਝ ਨੀ ਵਿਗੜਿਆ
ਚੁੱਕ ਝੋਲੀ ਵਿੱਚ ਪਾ ਲੈ
ਆਸੇ ਪਾਸੇ ਮਿੱਟੀ ਨਾ ਲਗ ਜੇ
ਝਾੜ ਪੂੰੰਝ ਕੇ ਖਾ ਲੈ
ਲੜ ਛੱਡ ਮਾਪਿਆਂ ਦਾ-
ਤੂੰ ਮੋਹ ਸਹੁਰਿਆਂ ਵਿੱਚ ਪਾ ਲੈ
241
ਘਰੋਂ ਤਾਂ ਆਈ ਕੁੜੀ ਕੱਤਣ ਤੁੰਬਣ
ਕੰਧਾਂ ਕੋਠੇ ਟੱਪਦੀ
ਹੱਥ ਵਿੱਚ ਉਹਦੇ ਸ਼ੀਸ਼ਾ ਕੰਘੀ
ਅਤਰ ਜੇਬ ਵਿੱਚ ਰਖਦੀ
ਆਪਦੇ ਮਾਪਿਆਂ ਨੂੰ-
ਨਿੱਤ ਬਦਨਾਮੀ ਖੱਟਦੀ
242
ਹਾੜ ਦੇ ਮਹੀਨੇ,
ਜੀ ਨਾ ਕਰੇ ਸਹੁਰੀਂ ਜਾਣ ਨੂੰ
ਮੁੰਡਾ ਫਿਰੇ ਨੀ
ਗੱਡੀ ਜੋੜ ਕੇ ਲਜਾਣ ਨੂੰ
ਹਾੜ ਦੇ ਮਹੀਨੇ
ਧੁੱਪਾਂ ਪੈਣ ਨੀ ਕਰਾਰੀਆਂ
ਨਿਜ ਨੂੰ ਵਿਆਹੀ
ਬੁੱਲੇ ਲੁੱਟਣ ਕੁਆਰੀਆਂ
243
ਬਾਰੀਂ ਬਰਸੀਂ ਖੱਟਣ ਗਏ
ਖਟਕੇ ਲਿਆਂਦਾ ਚੀਣਾ
ਪਿਓਕੇ ਜਾਂਦੀ ਨੂੰ-
ਬਲਦ ਜੋੜਤਾ ਮੀਣਾ
244
ਬਾਹਰੋਂ ਆਜੂ ਪੁੱਤ ਪਰਾਇਆ
ਤੂੰ ਹੈਂ ਜੀਹਦੀ ਬਰਦੀ

ਉੱਠ ਜਾ ਪਿਓਕਿਆਂ ਨੂੰ
ਹੁਣ ਸੋਚਾਂ ਕੀ ਕਰਦੀ
245
ਬਾਪੂ
ਉੱਚੀਆਂ ਕੰਧਾਂ ਨੀਵੇਂ ਆਲੇ
ਵਿਆਹ ਦੇ ਬਾਪੂ ਪੱਕੇ ਮੰਦਰੀਂ
ਸਾਨੂੰ ਲਿਪਣੇ ਨਾ ਪੈਣ ਬਨੇਰੇ
246
ਉੱਚੀਆਂ ਕੰਧਾਂ ਨੀਵੇਂ ਆਲੇ
ਵਿਆਹ ਦੇ ਬਾਪੂ ਕੱਛ ਵਾਲੇ ਨੂੰ
ਸਾਨੂੰ ਮਨਣੇ ਨਾ ਪੈਣ ਜਠੇਰੇ
247
ਘਰ ਧੀਏ ਤੇਰਾ ਚਿਤ ਨੀ ਲਗਦਾ
ਕੱਤਣ ਬਗਾਨੇ ਜਾਮੇਂ
ਖੱਬੀ ਢਾਕ ਤੇ ਚੁੱਕਲੇਂ ਚਰਖਾ
ਤੂੰ ਤੰਦ ਅਵੱਲੜੇ ਪਾਮੇਂ
ਰੁੱਸ ਕੇ ਬਹਿਜੇਂ ਨੀ-
ਜਦ ਲੈਣ ਪਰਾਹੁਣਾ ਆਵੇ
248
ਹਰ ਵੇ ਬਾਬਲਾ ਹਰ ਵੇ
ਮੇਰਾ ਮਾਝੇ ਸਾਕ ਨਾ ਕਰ ਵੇ
ਮਾਝੇ ਦੇ ਜਟ ਬੁਰੇ ਸੁਣੀਂਦੇ
ਪਾਉਂਦੇ ਊਠ ਨੂੰ ਖਲ ਵੇ
ਖਲ ਤਾਂ ਸਾਥੋਂ ਕੁੱਟੀ ਨਾ ਜਾਵੇ
ਗੁੱਤੋਂ ਲੈਂਦੇ ਫੜ ਵੇ
ਮੇਰਾ ਉਡੇ ਡੋਰੀਆ-
ਮਹਿਲਾਂ ਵਾਲੇ ਘਰ ਵੇ
249
ਬਾਬਲ-ਚਾਚਾ-ਤਾਇਆ
ਸੁਣ ਵੇ ਤਾਇਆ
ਸੁਣ ਵੇ ਚਾਚਾ
ਸੁਣ ਵੇ ਬਾਬਲ ਲੋਭੀ
ਦਾਰੂ ਪੀਣੇ ਨੂੰ
ਮੈਂ ਕੂੰਜ ਕਿਉਂ ਡੋਬੀ

250
ਤਾਇਆ
ਖਿੜਕੀ ਉਹਲੇ ਸੁਰਮਾਂ ਪਾਵਾਂ
ਉੱਤੇ ਆ ਗਿਆ ਤਾਇਆ
ਰੋ ਰੋ ਕੱਢ ਸੁੱਟਿਆ-
ਕਿਹੜੇ ਸ਼ੌਕ ਨੂੰ ਪਾਇਆ
251
ਵੀਰ
ਉੱਚੇ ਟਿੱਬੇ ਮੈਂ ਆਟਾ ਗੁੰਨ੍ਹਾਂ
ਆਟੇ ਨੂੰ ਆ ਗਈ ਲਾਲੀ
ਵੀਰਾ ਨਾ ਵੱਢ ਵੇ-
ਸ਼ਾਮਲਾਟ ਦੀ ਟਾਹਲੀ
252
ਛੋਟੇ ਵੀਰ ਨੇ ਚਰਖਾ ਘਲ਼ਿਆ
ਵਿੱਚ ਸੋਨੇ ਦੀਆਂ ਮੇਖਾਂ
ਵੀਰਾ ਤੈਨੂੰ ਯਾਦ ਕਰਾਂ-
ਜਦ ਚਰਖੇ ਵਲ ਦੇਖਾਂ
253
ਲੈ ਪੋਣਾ ਮੈਂ ਸਾਗ ਨੂੰ ਚੱਲੀ ਆਂ
ਉਲਝ ਗਈ ਵਿੱਚ ਲੀਰਾਂ ਦੇ
ਮੇਰੀ ਸੁਰਤ ਗਈ ਵਿੱਚ ਵੀਰਾਂ ਦੇ
254
ਵੀਰਨ ਮੇਰੇ ਨੇ ਕੁੜਤੀ ਭੇਜੀ
ਕੁੜਤੀ ਆ ਗਈ ਮੇਚ
ਵੇ ਮੈਂ ਸਦਕੇ ਵੀਰਾ-
ਤੂੰ ਬੈਠਾ ਪ੍ਰਦੇਸ
255
ਅੱਗੇ ਭੈਣਾਂ ਨੂੰ ਭਾਈ ਲੈਣ ਆਉਂਦੇ
ਹੁਣ ਕਿਉਂ ਆਉਂਦੇ ਨਾਈ
ਵੇ ਮੁਖ ਮੋੜ ਗਏ-
ਭੈਣਾਂ ਨਾਲੋਂ ਭਾਈ
256
ਅੱਗੇ ਤਾਂ ਭੈਣਾਂ ਨੂੰ
ਬੀਬੀ ਬੀਬੀ ਕਹਿੰਦੇ
ਹੁਣ ਕਿਉਂ ਕਹਿੰਦੇ ਨੀ
ਕਲਜੁਗ ਦੇ ਗੱਭਰੂ-
ਕਿਥੋਂ ਭਾਲਦੇ ਮੀਂਹ

257
ਚੰਦ ਵਰਗੀ ਭਰਜਾਈ ਮੇਰੀ
ਵੀਰ ਵਿਆਹ ਕੇ ਲਿਆਇਆ
ਹੱਥੀਂ ਉਹਦੇ ਛਾਪਾਂ ਛੱਲੇ
ਮੱਥੇ ਟਿੱਕਾ ਲਾਇਆ
ਖੁੱਲ੍ਹ ਕੇ ਨੱਚ ਲੈ ਨੀ-
ਹੜ੍ਹ ਜੋਬਨ ਦਾ ਆਇਆ
258
ਨਿੱਕੇ ਨਿੱਕੇ ਬਾਲਿਆਂ ਦੀ
ਛਤ ਵੇ ਛਤਾਉਨੀ ਆਂ
ਉੱਚਾ ਰਖਦੀ ਬਾਰ
ਭਾਬੋ ਆ ਬੜ ਨੀ
ਘੁੰਮਦੇ ਲਹਿੰਗੇ ਨਾਲ
ਵੀਰਾ ਆ ਬੜ ਵੇ
ਸਣੇ ਘੋੜੇ ਅਸਵਾਰ
259
ਹੂੰ ਹਾਂ ਨੀ ਬਾਹਮਣੀ ਦੀ ਰੁੱਤ ਵਰਗਾ
ਕਾਲਾ ਨਾਗ ਚਰ੍ਹੀ ਵਿੱਚ ਮੇਲ੍ਹੇ
ਨੀ ਬਾਹਮਣੀ ਦੀ ਗੁੱਤ ਵਰਗਾ
ਹੂੰ ਹਾਂ ਨੀ ਚਿੱਠੀ ਆਈ ਬ੍ਰਹਮਾਂ ਤੋਂ
ਹੂੰ ਹਾਂ ਨੀ ਚਿੱਠੀਏ ਵੀਰ ਦੀਏ
ਤੈਨੂੰ ਚੁੱਕ ਕੇ ਕਲੇਜੇ ਲਾਵਾਂ
ਨੀ ਚਿੱਠੀਏ ਨੀ ਵੀਰ ਦੀਏ
260
ਮਾਂ
ਹੋਰ ਜਨੌਰ ਰੋਹੀਏਂ ਚੁਗਦੇ
ਕੀੜੀਆਂ ਚੁਗਦੀਆਂ ਕਾਵਾਂ ਕੋਲ
ਬੜਾ ਜੀ ਲਗਦਾ ਮਾਵਾਂ ਕੋਲ
261
ਮਾਂ ਮੇਰੀ ਨੇ ਬੋਹੀਆ ਭੇਜਿਆ
ਨਣਦ ਮੇਰੀ ਨੇ ਖੋਹ ਲਿਆ
ਮੈਂ ਕਰੂਏ ਦੀ ਵਰਤਣ-
ਮੇਰਾ ਨਰਮ ਕਲੇਜਾ ਕੋਹ ਲਿਆ
262
ਧੀਏ ਨੀ ਮੈਂ ਬੜਾ ਪਛਤਾਈ
ਨਾਉਂ ਹਰਨਾਮੀ ਧਰ ਕੇ

ਸੁੱਤੀ ਪਈ ਤੂੰ ਪਾਸਾ ਨੀ ਲੈਂਦੀ
ਆ ਗਿਆ ਦੁਪਹਿਰਾ ਚੜ੍ਹਕੇ
ਇਕਨਾਂ ਨੇ ਤਾਂ ਦੁਧ ਰਿੜਕ ਲੇ
ਇਕਨਾਂ ਨੇ ਡਾਹ ਲੇ ਚਰਖੇ
ਅੰਦਰੋਂ ਤੂੰ ਨਿਕਲੀ-
ਖੰਡ ਦਾ ਖੇਲ੍ਹਣਾ ਬਣਕੇ
263
ਮਾਏਂ ਨੀ ਮੈਂਨੂੰ ਚਰਖਾ ਲੈ ਦੇ
ਟਾਹਲੀ ਦਾ ਬਣਵਾ ਦੇ
ਇਸ ਚੰਦਰੇ ਦਾ ਹਿੱਲੇ ਮਝੇਰੂ
ਮਾਹਲਾਂ ਨਿੱਤ ਨਿੱਤ ਖਾਵੇ
ਹੋਰ ਹਾਣ ਦੀਆਂ ਕੱਤ ਕੇ ਸੌ ਗਈਆਂ
ਮੈਥੋਂ ਕੱਤਿਆ ਨਾ ਜਾਵੇ
ਚਰਖਾ ਬੂ ਚੰਦਰਾ-
ਮੇਰੀ ਨੀਂਦ ਗੁਮਾਵੇ
264
ਮਾਮੇ-ਨਾਨੇ
ਨਿੱਕੀ ਹੁੰਦੀ ਦੇ ਮਰਗੇ ਮਾਪੇ
ਨਾਨਕਿਆਂ ਦੇ ਰਹਿੰਦੀ
ਮਾਮਾ ਮਾਮੀ ਇਉਂ ਚੁੱਕ ਲੈਂਦੇ
ਜਿਉਂ ਗਾਰੇ ਦੀ ਬਹਿੰਗੀ
ਘੁੰਮ ਘੁਮਾ ਕੇ ਚੜ੍ਹੀ ਜਵਾਨੀ
ਸੁੱਥਣ ਪੱਟਾਂ ਨਾਲ ਖਹਿੰਦੀ
ਮਾਮਾ ਮੈਨੂੰ ਕੁਸ਼ ਨਾ ਆਖੇ
ਮਾਮੀ ਝਿੜਕਦੀ ਰਹਿੰਦੀ
ਲੈ ਚੱਲ ਵੇ ਮਿੱਤਰਾ-
ਹੁਣ ਨਾ ਨਾਨਕੇ ਰਹਿੰਦੀ
265
ਸਹੁਰੇ
ਜੇ ਮੁੰਡਿਆ ਤੈਂ ਮੇਲੇ ਜਾਣਾ
ਸੌਹਰਿਆਂ ਵਿੱਚ ਦੀ ਜਾਈਂ
ਦਰਵਾਜੇ ਵੜਦੇ ਨੂੰ ਸਹੁਰਾ ਮਿਲੂਗਾ
ਫਤਹਿ ਵਾਹਿਗੁਰੂ ਦੀ ਬੁਲਾਈਂ
ਦਰ ਵੜਦੇ ਨੂੰ ਸੱਸ ਮਿਲੂਗੀ
ਮੱਥਾ ਟੇਕਦਾ ਮਾਈ

ਮੂਹੜਾ ਪੀਹੜੀ ਡਾਹ ਕੇ ਪੁੱਛੂ
ਕਿਥੇ ਦਾ ਆ ਗਿਆ ਨਾਈ
ਨਾਈ ਨਾਈ ਨਾ ਕਰ ਨੀ ਬੁੜ੍ਹੀਏ
ਮੈਂ ਹਾਂ ਤੇਰਾ ਜਮਾਈ
ਜੇ ਮੁੰਡਿਆਂ ਧੀ ਲਜਾਣੀ
ਅੱਸੂ ਕੱਤੇ ਲਜਾਈਂ
ਮਾਂ ਮਰਾਵੇ ਤੇਰਾ ਅੱਸੂ ਕੱਤਾ
ਬਾਹੋਂ ਫੜ ਕੇ ਮੂਹਰੇ ਕਰਲੀ
ਮਗਰੇ ਬਹੂ ਦਾ ਭਾਈ
ਮੁੜ ਜਾ ਵੇ ਵੀਰਾ-
ਲੜ ਚੰਦਰੇ ਦੇ ਲਾਈ
266
ਜੇ ਮੁੰਡਿਆ ਤੋਂ ਸਹੁਰੀਂ ਜਾਣਾ
ਜੇ ਮੁੰਡਿਆ ਤੂੰ ਰਾਹ ਨੀ ਜਾਣਦਾ
ਰਾਹ ਹੈ ਬੇਰੀਆਂ ਵਾਲਾ
ਜੇ ਮੁੰਡਿਆਂ ਤੂੰ ਘਰ ਨੀ ਜਾਣਦਾ
ਘਰ ਹੈ ਚੁਬਾਰੇ ਵਾਲਾ
ਜੇ ਮੁੰਡਿਆਂ ਨੂੰ ਨਾਉਂ ਨੀ ਜਾਣਦਾ
ਨਾਉਂ ਹਰ ਕੁਰ ਤੇ ਦਰਬਾਰਾ
ਰਾਤੀਂ ਧਾੜ ਪਈ-
ਲੁਟ ਲਿਆ ਤਖਤ ਹਜ਼ਾਰਾ
267
ਸਹੁਰਾ
ਕੋਰੇ ਕੋਰੇ ਕੁੱਜੇ ਵਿੱਚ
ਮਿਰਚਾਂ ਮੈਂ ਰਗੜਾਂ
ਸਹੁਰੇ ਦੀ ਅੱਖ ਵਿੱਚ
ਪਾ ਦਿੰਨੀਆਂ
ਘੁੰਡ ਕੱਢਣੇ ਦੀ ਰੜਕ
ਮਿਟਾ ਦਿੰਨੀਆਂ
268
ਸਹੁਰਾ-ਨੂੰਹ
ਨੂੰਹ ਸਹੁਰੇ ਦੀ ਸੁਣੋਂਂ ਵਾਰਤਾ
ਖੋਲ੍ਹ ਸੁਣਾਵਾਂ ਸਾਰੀ

ਨੂੰਹ ਬਹੂ ਮੁਕਲਾਵੇ ਆਈ
ਫਿਰਦੀ ਹਾਰ ਸ਼ਿੰਗਾਰੀ
ਰਾਜ ਕੌਰ ਸੀ ਨਾਮ ਬਹੂ ਦਾ
ਸੋਹਣੀ ਸ਼ਕਲ ਪਿਆਰੀ
ਬਹੂ ਮੁਟਿਆਰ ਪੁੱਤ ਨਿਆਣਾ
ਨੀਤ ਬੁੜ੍ਹੇ ਨੇ ਧਾਰੀ
ਸੂਰਤ ਰਾਜੋ ਦੀ-
ਹੁਸਨ ਭਰੀ ਪਟਿਆਰੀ
269
ਸੂਰਤ ਦੇਖ ਨੂੰਹ ਦੀ ਬੁੱਢਾ
ਪੀਰ ਫਕੀਰ ਧਿਆਵੇ
ਸਵਾ ਪੱਚੀ ਦਾ ਦੇਵਾਂ ਚੂਰਮਾ
ਜੇ ਰਾਜੋ ਮਿਲ ਜਾਵੇ
ਦਿਨ ਤੇ ਰਾਤ ਫੇਰਦਾ ਮਾਲਾ
ਪਲ ਨਾ ਦਿਲੋਂ ਭੁਲਾਵੇ
ਕੋਈ ਪੇਸ਼ ਨਾ ਜਾਂਦੀ ਵੀਰਨੋ
ਬੁੱਢਾ ਭਰਦਾ ਹਾਵੇ
ਨੂੰਹ ਦੇ ਮਿਲਣੇ ਨੂੰ-
ਸੌ ਸੌ ਬਣਤ ਬਣਾਵੇ
270
ਸੱਸ
ਨਵੀਂ ਬਹੂ ਮੁਕਲਾਵੇ ਆਈ
ਸੱਸ ਧਰਤੀ ਪੈਰ ਨਾ ਲਾਵੇ
ਲੈ ਨੀ ਨੂੰਹੇਂ ਰੋਟੀ ਖਾ ਲੈ
ਨੂੰਹ ਸੰਗਦੀ ਨਾ ਖਾਵੇ
ਪਿਛਲੇ ਯਾਰ ਦਾ ਕਰਦੀ ਹੇਰਵਾ
ਕੀਹਨੂੰ ਆਖ ਸੁਣਾਵੇ
ਰੋਂਦੀ ਭਾਬੋ ਦੇ-
ਨਣਦ ਬੁਰਕੀਆਂ ਪਾਵੇ
271
ਸੁਣ ਨੀ ਸੱਸੇ ਐਤਵਾਰੀਏ
ਵਾਰ ਵਾਰ ਸਮਝਾਵਾਂ

ਜਿਹੜਾ ਤੇਰਾ ਲੀਰ ਪਰਾਂਦਾ
ਸਣੇ ਸੰਦੂਕ ਅੱਗ ਲਾਵਾਂ
ਜਿਹੜੀ ਤੇਰੀ ਸੇਰ ਪੰਜੀਰੀ
ਵਿਹੜੇ ਵਿੱਚ ਖਿੰਡਾਵਾਂ
ਗਾਲ ਭਰਾਵਾਂ ਦੀ-
ਮੈਂ ਨਾ ਮੁੜ ਮੁੜ ਖਾਵਾਂ
272
ਸੱਸ ਮੇਰੀ ਨੂੰ ਮਾਤਾ ਨਿਕਲੀ
ਸਹੁਰਾ ਕਰੇ ਦੁਆ
ਨੀ ਮਾਤਾ ਭਾਗ ਭਰੀਏ-
ਬੇੜਾ ਬੰਨੇ ਲਾ
273
ਸੁਨਿਆਰਾਂ ਦਿਆ ਮੁੰਡਿਆਂ ਵੇ
ਮੇਰੀ ਮਛਲੀ ਘੜਦੇ
ਉੱਤੇ ਪਾ ਦੇ ਮੋਰਨੀਆਂ
ਅਸੀਂ ਸਸ ਮੁਕਲਾਵੇ ਤੋਰਨੀਆਂ
274
ਸੱਸ ਮੇਰੀ ਨੇ ਟਿੱਕਾ ਘੜਾਇਆ
ਮੈਨੂੰ ਕਹਿੰਦੀ ਪਾ ਕੁੜੇ
ਰਾਂਝਾ ਮੇਰਾ ਨੂਣ ਘੋਟਣਾ
ਪਾਮਾਂ ਕੀਹਦੇ ਚਾ ਕੁੜੇ
275
ਸੱਸ ਪਕਾਵੇ ਰੋਟੀਆਂ
ਮੈਂ ਪੇੜੇ ਗਿਣਦੀ ਆਈ
ਸੱਸ ਨੇ ਰਿੰਨ੍ਹੀ ਖੀਰ
ਮੈਂ ਵੀ ਘੋਟ ਲਈ ਸਰਦਾਈ
ਸੱਸੇ ਨੀ ਬਾਰਾਂ ਤਾਲੀਏ-
ਮੈਂ ਵੀ ਤੇਰਾਂ ਤਾਲੀ ਆਈ
276
ਬਾਹਰ ਜਾਈਏ ਬੇਰ ਖਾਈਏ
ਘਰ ਨੂੰ ਲਿਆਈਏ ਹਿੜ੍ਹਕਾਂ
ਸੱਸ ਲਵੇ ਲੜਾਈ ਦੀਆਂ ਬਿੜਕਾਂ
277
ਬਾਹਰ ਜਾਈਏ ਗਾਜਰ ਖਾਈਏ
ਘਰ ਨੂੰ ਲਿਆਈਏ ਬੂੰਡੇ
ਸੱਸ ਪੁੱਟੇ ਨੂੰਹਾਂ ਦੇ ਚੂੰਡੇ

278
ਢਾਹੇ ਦੀ ਮੈਂ ਜੰਮੀ ਜਾਈ
ਪੁਆਧ ਲਿਆਣ ਵਿਆਹੀ
ਪਹਿਲਾਂ ਮੈਥੋਂ ਰੇਹ ਸਟਾਇਆ
ਪਿਛੋਂ ਗੋਡੀ ਕਰਾਈ
ਘਰ ਆਈ ਨਾਲ ਸੱਸ ਲੜੇਂਦੀ
ਘਾਹ ਕਿਊਂ ਨਾ ਲਿਆਈ
ਡੰਗਰ ਵੱਛਾ ਵੰਡਣ ਲੱਗੇ
ਬੇੜੀਂ ਜੁੜੇ ਕਸਾਈ
ਗਾਲ਼ ਭਰਾਵਾਂ ਦੀ-
ਸੱਸੇ ਕੀਹਨੇ ਦੇਣ ਸਖਾਈ
279
ਜੰਗਲ ਦੀ ਮੈਂ ਜੰਮੀ ਜਾਈ
ਚੰਦਰੇ ਪੁਆਧ ਵਿਆਹੀ
ਹੱਥ ਵਿੱਚ ਖੁਰਪਾ ਮੋਢੇ ਚਾਦਰ
ਮੱਕੀ ਗੁਡਣ ਲਾਈ
ਗੁਡਦੀ ਗੁਡਦੀ ਦੇ ਪੈਗੇ ਛਾਲੇ
ਆਥਣ ਨੂੰ ਘਰ ਆਈ
ਆਉਂਦੀ ਨੂੰ ਸੱਸ ਦੇਵੇ ਗਾਲਾਂ
ਘਾਹ ਦੀ ਪੰਡ ਨਾ ਲਿਆਈ
ਵੱਛੇ ਕੱਟੇ ਵਗ ਰਲਾਵਾਂ
ਮਹਿੰ ਨੂੰ ਲੈਣ ਕਸਾਈ
ਪੰਜੇ ਬੁਢੀਏ ਤੇਰੇ ਪੁਤ ਮਰ ਜਾਣ
ਛੇਵਾਂ ਮਰੇ ਜੁਆਈ
ਗਾਲ਼ ਭਰਾਵਾਂ ਦੀ-
ਕੀਹਨੇ ਕੱਢਣ ਸਖਾਈ
280
ਜੰਗਲ ਦੀ ਮੈਂ ਜੰਮੀ ਜਾਈ
ਚੰਦਰੇ ਪੁਆਧ ਵਿਆਹੀ
ਚੰਦਰੇ ਪੁਆਧ ਦੇ ਐਸੇ ਸੁਣੀਂਦੇ
ਜਾਂਦੀ ਘਾਹ ਖੋਤਣ ਲਾਈ
ਘਾਹ ਖੋਤਦੀ ਦਾ ਖੁਰਪਾ ਟੁਟਿਆ
ਰੋਂਦੀ ਘਰ ਨੂੰ ਆਈ
ਘਰ ਆਈ ਨੂੰ ਸੱਸ ਗਾਲ਼ਾਂ ਦਿੰਦੀ
ਘਾਹ ਦੀ ਪੰਡ ਨਾ ਲਿਆਈ

ਕੱਟਰੂ ਵੱਛਰੂ ਭੁਖੇ ਮਰਦੇ
ਮੈਸ ਮਰੇ ਥਿਹਾਈ
ਕੱਟਰੂ ਵੱਛਰੂ ਵੱਗ ਰਲਾਵਾਂ
ਮੈਸ ਨੂੰ ਦੇਵਾਂ ਕਸਾਈ
ਪੰਜੇ ਸੱਸੇ ਤੇਰੇ ਪੁਤ ਮਰ ਜਾਣ
ਛੇਵਾਂ ਮਰੇ ਜਮਾਈ
ਸਤਵਾਂ ਉਹ ਮਰਜੇ
ਜੀਹਦੇ ਲੜ ਤੂੰ ਲਾਈ
ਗਾਲ਼ ਭਰਾਵਾਂ ਦੀ-
ਕੀਹਨੇ ਦੇਣ ਸੀਖਾਈ
281
ਸੱਸ ਮੇਰੀ ਨੇ ਬੜਾ ਸਤਾਇਆ
ਨਿੱਤ ਪੁਆੜੇ ਪਾਵੇ
ਉਠਦੀ ਬਹਿੰਦੀ ਰਹੇ ਸਿਖਾਉਂਦੀ
ਜਦ ਮਾਹੀ ਘਰ ਆਵੇ
ਮਾਹੀ ਮੇਰਾ ਲਾਈ ਲੱਗ ਨਾ
ਮੈਨੂੰ ਕਾਹਦੀ ਲੋੜ
ਮੇਰਾ ਮਾਹੀ ਗੜਵਾ-
ਮੈਂ ਗੜਵੇ ਦੀ ਡੋਰ
282
ਸੱਸ ਮੇਰੀ ਨੇ ਜੂੜਾ ਕੀਤਾ
ਉਤੇ ਫਿਰਦੀ ਜੂੰ
ਨੀ ਸੱਸ ਚੰਦਰੀਏ-
ਝਗੜੇ ਦੀ ਜੜ ਤੂੰ
283
ਹੋਰ ਜਨੌਰ ਰੋਹੀਏਂ ਚੁਗਦੇ
ਕੀੜੀਆਂ ਚੁਗਦੀਆਂ ਅੱਕਾਂ ਕੋਲ
ਨਹੀਂ ਜੀ ਲੱਗਦਾ ਸੱਸਾਂ ਕੋਲ
284
ਕਿੱਕਰਾਂ ਵੀ ਲੰਘ ਆਈ
ਬੇਰੀਆਂ ਵੀ ਲੰਘ ਆਈ
ਲੰਘਣੋਂ ਰਹਿ ਗਏ ਤੂਤ
ਜੇ ਮੇਰੀ ਸੱਸ ਮਰਜੇ
ਮੈਂ ਦੂਰੋਂ ਮਾਰਾਂ ਕੂਕ

285
ਕਿੱਕਰਾਂ ਵੀ ਲੰਘ ਆਈ
ਬੇਰੀਆਂ ਵੀ ਲੰਘ ਆਈ
ਲੰਘਣੋਂ ਰਹਿ ਗਏ ਝਾਫੇ
ਜੇ ਮੇਰੀ ਸੱਸ ਮਰਜੇ
ਮੈਂ ਦੂਰੋਂ ਕਰਾਂ ਸਿਆਪੇ
286
ਕੁਰਸ਼ਾਂ ਦੀ ਮੈਂ ਚਾਂਦੀ ਵੈਰੀਆ
ਧੁਰੋ ਪਟਿਆਲਿਓਂ ਆਂਦੀ
ਸੌਕਣ ਨੇ ਤਾਂ ਚੂੜਾ ਕਰਾ ਲਿਆ
ਮੈਂ ਰਹਿ ਗਈ ਪਛਤਾਂਦੀ
ਮੇਰੇ ਹੱਥਾਂ ਦਾ ਦੁਧ ਨਾ ਪੀਂਦਾ
ਸੌਕਣ ਪਾਣੀ ਲਿਆਂਦੀ
ਛੱਡ ਕੇ ਪਾਰਬਤੀ-
ਘੁੰਡੀਆਂ ਵੇਚਣੀ ਲਿਆਂਦੀ
287
ਜੇਠ-ਜਠਾਣੀ
ਜੇਠ ਜਠਾਣੀ ਇੱਟਾਂ ਢੋਂਦੇ
ਮੈਂ ਢੌਂਦੀ ਗਾਰਾ
ਮੇਰੀ ਹਾ ਪੈ ਜੇ-
ਸਿਖਰੋਂ ਡਿੱਗੇ ਚੁਬਾਰਾ
288
ਜੇਠ ਜਠਾਣੀ ਗਾਰਾ ਢੋਂਦੇ
ਮੈਂ ਢੋਂਦੀ ਪਾਣੀ
ਮੇਰੀ ਹਾ ਪੈ ਜੇ-
ਸਿਖਰੋਂ ਡਿਗੇ ਜਠਾਣੀ
289
ਤਾਰਾਂ ਤਾਰਾਂ ਤਾਰਾਂ
ਬੋਲੀਆਂ ਦਾ ਖੂਹ ਭਰ ਦਿਆਂ
ਪਾਣੀ ਭਰਨ ਮੁਟਿਆਰਾਂ
ਬੋਲੀਆਂ ਦੀ ਸੜਕ ਬੰਨ੍ਹਾਂ
ਚਲਦੀਆਂ ਮੋਟਰ ਕਾਰਾਂ
ਬੋਲੀਆਂ ਦੀ ਰੇਲ ਭਰਾਂ
ਦੁਨੀਆਂ ਚੜ੍ਹੇ ਹਜ਼ਾਰਾਂ
ਬੋਲੀਆਂ ਦੀ ਨਹਿਰ ਭਰਾਂ
ਲਗਦੇ ਮੋਘੇ ਨਾਲਾਂ

ਜਿਊਂਦੀ ਤੂੰ ਮਰ ਗਈ-
ਕੱਢੀਆਂ ਜੇਠ ਨੇ ਗਾਲ਼ਾਂ
290
ਪਹਿਲੀ ਵਾਰ ਜਦ ਗਈ ਮੈਂ ਸਹੁਰੇ
ਬਣ ਗਈ ਸਭ ਤੋਂ ਨਿਆਣੀ
ਚੁਲ੍ਹਾ ਚੌਂਕਾ ਸਾਰਾ ਸਾਂਭਦੀ
ਨਾਲੇ ਭਰਦੀ ਪਾਣੀ
ਦਿਨ ਚੜ੍ਹ ਜਾਏ ਜਾਗ ਨਾ ਆਵੇ
ਮਾਰੇ ਬੋਲ ਜਠਾਣੀ
ਉੱਠ ਕੇ ਕੰਮ ਕਰ ਨੀ-
ਕਾਹਤੇ ਪਈ ਐਂ ਮੂੰਗੀਆ ਤਾਣੀ
291
ਪਹਿਲੀ ਵਾਰ ਜਦ ਗਈ ਮੁਕਲਾਵੇ
ਸੱਭ ਗੱਲੋਂ ਸ਼ਰਮਾਵੇ
ਉੱਚਾ ਬੋਲ ਕਦੇ ਨਾ ਬੋਲੇ
ਚੰਗੇ ਕਰਮ ਕਮਾਵੇ
ਤੜਕੇ ਉਠ ਕੇ ਸੱਸ ਸਹੁਰੇ ਦੇ
ਪੈਰਾਂ ਨੂੰ ਹੱਥ ਲਾਵੇ
ਨਾਲ ਜਠਾਣੀ ਬੋਲਣ ਹੋ ਗਿਆ
ਚੰਗੀ ਪੜ੍ਹਤ ਪੜਾਵੇ
ਚੱਕ ਤੀ ਜਠਾਣੀ ਨੇ-
ਦਾਬਾ ਮੁੰਡੇ ਤੇ ਪਾਵੇ
292
ਭੋਏਂ ਵੰਡਲੀ ਭਾਂਡਾ ਵੰਡ ਲਿਆ
ਭੋਏਂ ਵੰਡਲੀ ਨਿਹਾਣੀ ਨਾਲ
ਮੇਰਾ ਝਗੜਾ ਜਠਾਣੀ ਨਾਲ
ਭੋਏਂ ਵੰਡਲੀ ਬਹੋਲੇ ਨਾਲ
ਮੇਰਾ ਝਗੜਾ ਵਚੋਲੇ ਨਾਲ
293
ਪਹਿਲੀ ਵਾਰ ਮੈਂ ਗਈ ਮੁਕਲਾਵੇ
ਪਹਿਨਿਆ ਸੋਨਾ ਚਾਂਦੀ
ਮੇਰੇ ਹੱਥਾਂ ਦਾ ਦੁਧ ਨੀ ਪੀਂਦਾ
ਪਾਣੀ ਲੈ ਕੇ ਜਠਾਣੀ ਜਾਂਦੀ
ਮਨੋ ਵਿਸਾਰ ਦਿੱਤੀ-
ਸੋਚ ਹੱਡਾਂ ਨੂੰ ਖਾਂਦੀ

294
ਮੈਂ ਤਾਂ ਜੇਠ ਨੂ ਜੀ ਜੀ ਕਹਿੰਦੀ
ਮੈਨੂੰ ਕਹਿੰਦਾ ਫੋਟ
ਜੇਠ ਨੂੰ ਅੱਗ ਲਗ ਜੇ
ਸਣੇ ਪਜਾਮੇ ਕੋਟ
295
ਨਹੀਂ ਤਾਂ ਜੇਠਾ ਵਿਆਹ ਕਰਾ ਲੈ
ਨਹੀਂ ਤਾਂ ਕਰ ਲੈ ਕੰਧ ਵੇ
ਮੈਂ ਬੁਰੀ ਸੁਣੀਂਂਦੀ-
ਨਬਜ਼ਾਂ ਕਰਦੂੰ ਬੰਦ ਵੇ
296
ਦਿਓਰ-ਭਰਜਾਈ
ਬਾਹਰੋਂ ਆਇਆ ਦੇਵਰ ਜਲ਼ਿਆ ਕੁੜ੍ਹਿਆ
ਭੰਨਤੇ ਭਾਬੀ ਦੇ ਪਾਸੇ
ਮੈਂ ਤਾਂ ਦਿਓਰਾ ਤੈਨੂੰ ਕੁਛ ਨਾ ਆਖਿਆ
ਤੈਂ ਕਿਉਂ ਚਾਰ ਗੰਦਾਲੇ ਮਾਰੇ
ਆਉਂਦੂੰ ਰਾਂਝੇ ਨੂੰ-
ਹਾਲ ਸੁਣਾਂਦੂੰ ਸਾਰੇ
297
ਸੁਣ ਓ ਭਰਾਵਾ ਤੈਂ ਕਿਉਂ ਮਾਰਿਆ
ਰੋਂਦੀ ਝੱਲੀ ਨਾ ਜਾਵੇ
ਲਿਆਂਦੀ ਦਮ ਲਾਕੇ-
ਸਾਥੋਂ ਨਿਤ ਨਾ ਕੁਟਾਈ ਜਾਵੇ
298
ਜੇ ਮੁੰਡਿਆ ਤੈਨੂੰ ਸੱਚ ਨੀ ਆਉਂਦਾ
ਲੋਕ ਖੜੇ ਸੀ ਚਾਲੀ
ਫੜਦੀ ਫੜਦੀ ਦੇ-
ਡਾਂਗ ਪੱਟਾਂ ਤੇ ਮਾਰੀ
299
ਤਾਂ ਕੀ ਹੋਇਆ ਕਰਲੀ ਮਸ਼ਕਰੀ
ਮੈਂ ਬਰਛੀ ਨਾ ਮਾਰੀ
ਕਾਹਨੂੰ ਛੇੜੀ ਸੀ-
ਨਾਗਾਂ ਦੀ ਪਟਿਆਰੀ
300
ਆ ਨੀ ਜੈ ਕੁਰੇ ਪਾਣੀ ਨੂੰ ਚੱਲੀਏ
ਈਸੋ ਹਾਕਾਂ ਮਾਰੇ

ਖੂਹੀ ਸਾਡੀ ਤੇ ਛੀਂਂਟ ਲਿਸ਼ਕਦੀ
ਇੱਕੋ ਬਾਣਾ ਪਾਈਏ
ਦੁਖੱਲੀਆਂ ਜੁੱਤੀਆਂ ਤਿਰਮਚੀ ਲਹਿੰਗੇ
ਉੱਤੇ ਬਦਾਮੀ ਪਾਈਏ
ਜਿਸ ਘਰ ਦਿਓਰ ਨਹੀਂ-
ਨਿਜ ਮੁਕਲਾਵੇ ਜਾਈਏ
301
ਭਾਬੋ ਤਾਈਂ ਦਿਓਰ ਬੋਲਦਾ
ਗਲ ਸੁਣ ਰੱਬ ਸੁਆਲੀ
ਮੈਂ ਤਾਂ ਤੇਰੇ ਭਾਂਡੇ ਮਾਂਜ ਦੂੰ
ਲਾ ਕੜਛੀ ਤੇ ਥਾਲੀ
ਆਪੇ ਦੁੱਧ ਚੁਆ ਕੇ ਲਿਆਵਾਂ
ਰਿੜਕਾਂ ਦੁੱਧ ਮਧਾਣੀ
ਭਾਬੋ ਮਰਦੇ ਦੇ-
ਮੂੰਹ ਵਿੱਚ ਪਾ ਦਈਂ ਪਾਣੀ
302
ਭਾਬੀ ਮੋਰਨੀਏਂ ਮੁਰਗਾਈਏ
ਤੀਲੀ ਲੌਂਗ ਬਿਨਾਂ ਨਾ ਪਾਈਏ
ਗੋਰੇ ਰੰਗ ਦਾ ਮਾਣ ਨਾ ਕਰੀਏ
ਮੁੱਠੀਆਂ ਭਰ ਵਰਤਾਈਏ
ਬਾੜੀ ਦੇ ਖ਼ਰਬੂਜੇ ਵਾਂਗੂੰ
ਮੁਸ਼ਕਣ ਤਾਈਂ ਜਾਈਏ
ਦਿਓਰ ਨਿਆਣੇ ਨੂੰ-
ਨਾ ਝਿੜਕੀ ਭਰਜਾਈਏ
303
ਘਰ ਜਿਨ੍ਹਾਂ ਦੇ ਪਾਲੋ ਪਾਲੀ
ਖੇਤ ਜਿਨ੍ਹਾਂ ਦੇ ਨਿਆਈਆਂ
ਪੁੱਤਰ ਜਿਨ੍ਹਾਂ ਦੇ ਸਾਧੂ ਹੋ ਗਏ
ਸਿਰ ਤੇ ਜਟਾਂ ਰਖਾਈਆਂ
ਕਾਸਾ ਫੜਕੇ ਮੰਗਣ ਚੜ੍ਹ ਪਏ
ਖੈਰ ਪਾਉਣ ਨਾ ਮਾਈਆਂ
ਚਰਖਾ ਤਾਂ ਜੈਕੁਰ ਭਾਬੀ ਦਾ
ਗਿਣ ਗਿਣ ਮੇਖਾਂ ਲਾਈਆਂ
ਹੁਣ ਨਾ ਸਿਆਣ ਦੀਆਂ-
ਦਿਓਰਾਂ ਨੂੰ ਭਰਜਾਈਆਂ

304
ਮਾਪਿਆਂ ਦੇ ਘਰ ਪਲੀ ਲਾਡਲੀ
ਖਾਂਦੀ ਦੁਧ ਮਲਾਈਆਂ
ਤੁਰਦੀ ਦਾ ਲੱਕ ਝੂਟੇ ਖਾਂਦਾ
ਪੈਰੀਂ ਝਾਂਜਰਾਂ ਪਾਈਆਂ
ਗੋਹਾ ਕੂੜਾ ਕਰਨ ਚੂਹੜੀਆਂ
ਪਾਣੀ ਨੂੰ ਝਿਊਰੀਆਂ ਲਾਈਆਂ
ਸਣੇ ਸੰਦੂਖੀਂਂ ਅੱਗ ਲੱਗ ਜਾਂਦੀ
ਜਲਗੀਆਂ ਲੇਫ ਤਲਾਈਆਂ
ਜੱਟਾਂ ਦੇ ਪੁੱਤ ਸਾਧੂ ਹੋ ਗੇ
ਸਿਰ ਤੇ ਜਟਾਂ ਰਖਾਈਆਂ
ਬਗਲੀ ਪਾ ਕੇ ਮੰਗਣ ਚੜ੍ਹ ਪਏ
ਖ਼ੈਰ ਨਾ ਪਾਉਂਦੀਆਂ ਮਾਈਆਂ
ਹੁਣ ਨਾ ਸਿਆਣ ਦੀਆਂ-
ਦਿਓਰਾਂ ਨੂੰ ਭਰਜਾਈਆਂ
305
ਘਰ ਤਾਂ ਜਿਨ੍ਹਾਂ ਦੇ ਲਾਗੋ ਲਾਗੀ
ਖੇਤ ਜਿਨ੍ਹਾਂ ਦੇ ਨਿਆਈਆਂ
ਕੋਲੋ ਕੋਲੀ ਮਨ੍ਹੇ ਗਡਾ ਲੇ
ਗੱਲਾਂ ਕਰਨ ਪਰਾਈਆਂ
ਗੱਲਾਂ ਕਰ ਕਰ ਸਾਧੂ ਹੋ ਗੇ
ਸਿਰ ਪਰ ਜਟਾਂ ਰਖਾਈਆਂ
ਚਿੱਪੀ ਫੜਕੇ ਮੰਗਣ ਚੜ੍ਹਪੇ
ਖੈਰ ਨਾ ਪਾਉਂਦੀਆਂ ਮਾਈਆਂ
ਦਿਓਰਾਂ ਨੂੰ ਝਿੜਕਦੀਆਂ
ਨਾਲੇ ਨਿਜ ਜੰਮੀਆਂ ਭਰਜਾਈਆਂ
ਫੁੱਲ ਵਾਂਗੂੰ ਤਰਜੇਂ ਗੀ
ਹਾਣ ਦੇ ਮੁੰਡੇ ਨਾਲ ਲਾਈਆਂ
ਲੱਗੀਆਂ ਤ੍ਰਿਜਣ ਦੀਆਂ
ਯਾਦ ਗੱਡੀ ਵਿੱਚ ਆਈਆਂ
ਦੇਖੀਂ ਰੱਬਾ ਚੱਕ ਨਾ ਲਈਂ
ਪੈਰ ਧੋ ਕੇ ਝਾਂਜਰਾਂ ਪਾਈਆਂ
ਪਟਤੀ ਆਸ਼ਕ ਨੇ-
ਦੇਵੇ ਖੜੀ ਦੁਹਾਈਆਂ

306
ਪਤਲੀ ਨਾਰੀ ਲਗਦੀ ਪਿਆਰੀ
ਰੋ ਰੋ ਦਸਦੀ ਕਹਿਣੇ
ਹਸ-ਬੰਦ ਤੇ ਪਿੱਪਲ ਪੱਤੀਆਂ
ਵਾਲੇ ਕੰਨੀਂ ਨੀ ਰਹਿਣੇ
ਛੋਟਾ ਦਿਓਰ ਮੈਨੂੰ ਮਾਰੇ ਬੋਲੀਆਂ
ਅਸੀਂ ਬੋਲ ਨੀ ਸਹਿਣੇ
ਲੌਂਗ ਤਬੀਤੜੀਆਂ-
ਪਤਲੀ ਨਾਰ ਦੇ ਗਹਿਣੇ
307
ਆ ਜਾ ਦਿਓਰਾ ਬਹਿ ਜਾ ਪਲੰਘ ਤੇ
ਕੀਕੂੰ ਮਾਰਦਾ ਗੇੜੇ
ਪੇਕਿਆਂ ਤੂੰ ਤੈਨੂੰ ਸਾਕ ਲਿਆ ਦੂੰ
ਬੰਨ੍ਹ ਸ਼ਗਨਾਂ ਦੇ ਸੋਹਰੇ
ਅੰਗ ਦੀ ਪਤਲੀ ਦੇ-
ਨਾਲ ਦੁਆ ਦੂੰ ਫੇਰੇ
308
ਆ ਨੀ ਭਾਬੀ ਬਹਿ ਨੀ ਭਾਬੀ
ਦਿਲ ਦੇ ਦੁਖ ਸੁਣਾਈਏ
ਪਲੰਘ ਨਮਾਰੀ ਵੱਢ ਵੱਢ ਖਾਂਦਾ
ਕਿੱਕਣ ਰਾਤ ਲੰਘਾਈਏ
ਜੇ ਲੋਕਾਂ ਨੂੰ ਦਰਦ ਦੱਸੀਏ
ਤਾਂ ਦੋਸ਼ੀ ਬਣ ਜਾਈਏ
ਦਿਓਰ ਕੁਮਾਰੇ ਨੂੰ-
ਦੱਸ ਦਾਰੂ ਭਰਜਾਈਏ
309
ਆ ਵੇ ਦਿਓਰਾ ਬਹਿ ਵੇ ਦਿਓਰਾ
ਚੜ੍ਹ ਕੇ ਬੈਠ ਚੁਬਾਰੇ
ਰੋਗ ਇਸ਼ਕ ਦਾ ਭੈੜਾ ਹੁੰਦਾ
ਨਾ ਛੱਡੇ ਨਾ ਮਾਰੇ
ਏਸੇ ਦੁੱਖੋਂ ਤੜਫਦੇ ਫਿਰਦੇ
ਲੱਖਾਂ ਲੋਕ ਵਿਚਾਰੇ
ਜੋਗੀ ਜੱਟ ਬਣ ਗੇ-
ਛੱਡ ਕੇ ਤਖਤ ਹਜ਼ਾਰੇ

310
ਇਕ ਗਲ ਤੈਨੂੰ ਆਖ ਸੁਣਾਵਾਂ
ਸੁਣ ਵੱਡੀਏ ਭਰਜਾਈਏ
ਹਾਂ ਤਾਂ ਕਹਿ ਕੇ ਨਾਂਹ ਨਾ ਕਰੀਏ
ਦਾਅ ਨਾਲ ਕਾਲਜੇ ਲਾਈਏ
ਜੇ ਰੰਗ ਹੋਵੇ ਗੋਰਾ
ਕੁੜਤੀ ਕਢਵੀਂ ਪਾਈਏ
ਰੇਬ ਪਜਾਮੇ ਨੂੰ-
ਅੱਡੀਆਂ ਪਤਲੀਆਂ ਚਾਹੀਏ
311
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਗੋਡੇ ਗੋਡੇ ਗਾਰਾ
ਤਹਿਮਤ ਨਿੱਬੜ ਗਿਆ
ਪਤਲੀ ਨਾਰ ਦਿਆ ਯਾਰਾ
ਤਹਿਮਤ ਤੂੰ ਚੱਕ ਲੈ
ਦੰਦ ਵਢਦਾ ਕਬੀਲਾ ਸਾਰਾ
ਚੌਂਕੜੀ ਢਾਹ ਨੀ ਗਿਆ
ਮੇਰਾ ਬੁਰਛਾ ਦਿਓਰ ਕੰਵਾਰਾ
ਚੌਂਕੜੀ ਮੈਂ ਲਿਪ ਦੂੰੰ-
ਲਿਆ ਕੇ ਢਾਬ ਤੋਂ ਗਾਰਾ
312
ਅੱਸੂ ਅਮਰ ਰਹੇ ਨਾ ਕੋਈ
ਕੀ ਦਮ ਦਾ ਭਰਵਾਸਾ
ਜੇ ਜੋਗੀ ਨੂੰ ਖ਼ੈਰ ਨਾ ਪਾਈਏ
ਜਾਵੇ ਘਰੋਂ ਨਰਾਸਾ
ਰੰਗ ਰੂਪ ਦਾ ਮਾਣ ਕਰੇਂਦੀ
ਖੁਰਜੂ ਵਾਂਗ ਪਤਾਸਾ
ਜਦ ਭਾਬੀ ਤੂੰ ਝਿੜਕੇਂਂ ਮੈਨੂੰ
ਦੇਖਣ ਲੋਕ ਤਮਾਸ਼ਾ
ਦਿਓਰ ਕੁਮਾਰੇ ਦੀ-
ਪੂਰਨ ਕਰਦੇ ਆਸਾ
313
ਨਣਦ-ਨਣਦੋਈਆ
ਉੱਚੇ ਟਿੱਬੇ ਮੈਂ ਤਾਣਾ ਤਣਦੀ
ਧਾਗੇ ਟੁਟ ਗਏ ਚਾਰ

ਇਕ ਮੇਰੀ ਨਣਦ ਬੁਰੀ
ਨਣਦੌਈਆ ਠਾਣੇਦਾਰ
314
ਤਾਵੇ ਤਾਵੇ ਤਾਵੇ
ਨਣਦ ਬਛੇਰੀ ਨੂੰ
ਕੋਈ ਹਾਣ ਦਾ ਮੁੰਡਾ ਨਾ ਥਿਆਵੇ
ਮਾਪਿਆਂ ਨੇ ਵਰ ਟੋਲਿਆ
ਉਹਨੂੰ ਪੱਗ ਬੰਨ੍ਹਣੀ ਨਾ ਆਵੇ
ਮਾਪਿਆਂ ਨੇ ਇਕ ਨਾ ਸੁਣੀ
ਮੇਰੀ ਨਣਦ ਬਹੁੜੀਆਂ ਪਾਵੇ
ਰੋਂਦੀ ਨਣਦੀ ਦੀ
ਓਥੇ ਪੇਸ਼ ਕੋਈ ਨਾ ਜਾਵੇ
ਪਿੱਪਲੀ ਦੇ ਪੱਤ ਵਰਗੀ-
ਮੇਰੀ ਨਣਦ ਚੱਲੀ ਮੁਕਲਾਵੇ
315
ਨਵੀਂ ਬਹੂ ਮੁਕਲਾਵੇ ਆਈ
ਸੱਸ ਧਰਤੀ ਪੈਰ ਨਾ ਲਾਵੇ
ਲੈ ਨੀ ਨੂੰਹੇ ਰੋਟੀ ਖਾ ਲੈ
ਨੂੰਹ ਸੰਗਦੀ ਨਾ ਖਾਵੇ
ਪਿਛਲੇ ਯਾਰ ਦਾ ਕਰਦੀ ਹੇਰਵਾ
ਕੀਹਨੂੰ ਆਖ ਸੁਣਾਵੇ
ਰੋਂਦੀ ਭਾਬੋ ਦੇ-
ਨਣਦ ਬੁਰਕੀਆਂ ਪਾਵੇ
316
ਛੋਲੇ ਛੋਲੇ ਛੋਲੇ
ਗੱਡੀ ਜਾਂਦੀ ਐ ਬਣਾਂ ਦੇ ਉਹਲੇ
ਗੱਡੀ ਵਿੱਚ ਮੈਂ ਰੋਵਾਂ
ਮੇਰੀ ਕਤਣੀ `ਚ ਰੋਣ ਪਟੋਲੇ
ਇਕ ਮੇਰੀ ਨਣਦ ਬੁਰੀ
ਸੱਸ ਗਲੋਟੇ ਤੋਲੋ
ਨਾਰ ਦਹਾਜੂ ਦੀ-
ਭਰ ਭਰ ਅੱਖੀਆਂ ਡੋਹਲੇ
317
ਜੀਜਾ-ਸਾਲੀ
ਸੁਣ ਨੀ ਕੁੜੀਏ ਮਛਲੀ ਵਾਲੀਏ
ਤੇਰੀ ਭੈਣ ਦਾ ਸਾਕ ਲਿਆਵਾਂ

ਤੈਨੂੰ ਬਣਾਵਾਂ ਸਾਲੀ
ਫੇਰ ਆਪਾਂ ਚੜ੍ਹ ਚੱਲੀਏ
ਮੇਰੀ ਬੋਤੀ ਝਾਂਜਰਾਂ ਵਾਲੀ
ਬੋਤੀ ਮੇਰੀ ਐਂ ਚਲਦੀ
ਜਿਵੇਂ ਚਲਦੀ ਡਾਕ ਸਵਾਰੀ
ਬੋਤੀ ਨੇ ਛਾਲ ਚੱਕ ਲੀ
ਜੁੱਤੀ ਡਿਗਪੀ ਸਤਾਰਿਆਂ ਵਾਲੀ
ਡਿਗਦੀ ਨੂੰ ਡਿਗ ਲੈਣ ਦੇ
ਪਿੰਡ ਚਲਕੇ ਸਮਾਦੂੰ ਚਲੀ
ਲਹਿੰਗੇ ਤੇਰੇ ਨੂੰ-
ਧੁਣਖ ਲਗਾਦੂੰ ਕਾਲੀ
318
ਤੇਲ ਬਾਝ ਨਾ ਪੱਕਣ ਗੁਲਗਲੇ
ਦੇਖ ਰਹੀ ਪਰਤਿਆ ਕੇ
ਦੇ ਕੇ ਹੁਲਾਰਾ ਚੜ੍ਹੀ ਪੀਂਂਘ ਪਰ
ਪੀਂਘ ਗਈ ਵਲ ਖਾ ਕੇ
ਬੋਰੀਂ ਵੇ ਜੀਜਾ-
ਘਰ ਦੀ ਨਾਰ ਬਣਾ ਕੇ
319
ਕੁੜਤੀ ਹੇਠਲੇ ਪੱਕੇ ਨੇਂਬੂ
ਜੀਜਾ ਮੰਗੇ ਉਧਾਰੇ
ਨਾ'ਜੀਜਾ ਮੈਂ ਤੈਨੂੰ ਦੇਮਾਂ
ਨਾ ਦੇਮਾਂ ਜਗ ਸਾਰੇ
ਜੀਹਦੀ ਖਾਤਰ ਪੱਕੇ ਨੇਂਬੂ
ਬੈਠਾ ਧਰਮ ਦੁਆਰੇ
ਸੁੰਨੀਆਂ ਸੋਜਾਂ ਤੇ-
ਨਾਗ ਮੇਲ੍ਹਦੇ ਕਾਲੇ
320
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਖੰਡ ਦੀ ਪੁੜੀ
ਜੀਜਾ ਅੱਖੀਆਂ ਨਾ ਮਾਰ-
ਵੇ ਮੈਂ ਕਲ੍ਹ ਦੀ ਕੁੜੀ
321
ਅੱਗੇ ਤਾਂ ਗੁੜ ਵਿਕੇ ਧੜੀਏਂਂ
ਹੁਣ ਕਿਉਂ ਦੇਣ ਘਟਾ ਕੇ

ਖਤਰੀ ਮਹਾਜਨ ਐਂ ਲੁੱਟ ਲੈਂਦੇ
ਦਿਨ ਤੀਆਂ ਦੇ ਆ ਗੇ
ਜਾਹ ਨਾ ਕੁੜੀਏ ਪੱਤਾ ਤੋੜ ਲਿਆ
ਹੱਥ ਨਾ ਪੱਤੇ ਨੂੰ ਜਾਵੇ
ਮਾਰ ਟਪੂਸੀ ਪੱਤਾ ਤੋੜ ਲਿਆ
ਬਹਿਗੀ ਟੰਗ ਤੁੜਾ ਕੇ
ਇਕਨਾਂ ਦੇ ਮਨ ਖ਼ੁਸ਼ੀਆਂ ਵੀਰਨੋ
ਇਕ ਬੈਠ ਗੇ ਢੇਰੀਆਂ ਢਾ ਕੇ
ਬਾਗ ਦਾ ਫੁੱਲ ਬਣਗੀ
ਮਹਿੰਦੀ ਹੱਥਾਂ ਨੂੰ ਲਾ ਕੇ
ਜੀਜਾ ਸਾਲੀ ਤੇ-
ਡਿਗਦਾ ਲੋਟਨੀ ਖਾ ਕੇ
322
ਕੰਤ
ਬੋੜੇ ਖੂਹ ਵਿੱਚ ਘੁੱਘੀਆਂ ਬੋਲਣ
ਕਰਦੀਆਂ ਰੀਂ ਰੀਂ ਰੀ ਰੀ
ਭੁੱਲਿਆ ਵੇ ਕੰਤਾ-
ਨਾਰਾਂ ਬਾਝ ਫਕੀਰੀ
323
ਸੁਣ ਵੇ ਕੰਤਾਂ ਸ਼ਾਹ ਬਲਵੰਤਾ
ਅਰਜ ਕਰਾਂ ਮੈਂ ਨਾਰੀ
ਸਿਰ-ਧੜਾਂ ਦੀਆਂ ਲੱਗੀਆਂ ਵੈਰੀਆ
ਤੂੰ ਜਿੱਤਆ ਮੈਂ ਹਾਰੀ
ਓਸ ਪੱਠੇ ਨਾਲ ਲਾਈਏ ਦੋਸਤੀ
ਧੌਣ ਲੰਬੀ ਗੁੱਤ ਕਾਲੀ
ਸਹੁਰੀਂ ਕੱਟ ਆਈ-
ਦੋਜ਼ਖ਼ ਦੇ ਦਿਨ ਚਾਲੀ
324
ਚੜ੍ਹ ਵੇ ਚੰਦਾ ਦੇ ਵੇ ਲਾਲੀ
ਕਿਉਂ ਪਾਇਆ ਏ ਨ੍ਹੇਰਾ
ਆਈ ਗੁਆਂਢਣ ਪੁੱਛਣ ਲੱਗੀ
ਔਹ ਕੀ ਲਗਦਾ ਤੇਰਾ
ਬਾਪ ਮੇਰੇ ਦਾ ਸਕਾ ਜਵਾਈ
ਸਿਰ ਮੇਰੇ ਦਾ ਸਿਹਰਾ
ਕੁੜੀਆਂ ਨੂੰ ਦਸਦੀ ਫਿਰਾਂ-
ਅੜਬ ਪਰਾਹੁਣਾ ਮੇਰਾ

325
ਬਾਹਰੋਂ ਆਉਂਦਾ ਹਰਿਆ ਭਰਿਆ
ਆ ਕੇ ਪਰਾਣੀ ਮਾਰੀ
ਵੱਖੀ ਵਿਚੋਂ ਰੁਗ ਭਰ ਲੈਂਦਾ
ਕੁੜਤੀ ਪਾੜਤੀ ਸਾਰੀ
ਪੰਜਾਂ ਦੀ ਫੁਲਕਾਰੀ ਵੈਰੀਆ
ਲੀਰਾਂ ਕਰਤੀ ਸਾਰੀ
ਮੱਲੋ ਮੱਲੀ ਚਿੰਬੜ ਜਾਂਦਾ
ਘੁਲਦੇ ਰਹੇ ਦਿਹਾੜੀ
ਜੇ ਤੂੰ ਮੇਰਾ ਸੱਚ ਨੀ ਜਾਣਦਾ
ਲੋਕ ਖੜੇ ਸੀ ਚਾਲੀ
ਜਾਂਦੂੰ ਬੱਕਰੇ ਨੂੰ-
ਚਟਕ ਚੋਬਰਾਂ ਵਾਲੀ
326
ਸਰਾਹਣੇ ਬੰਨ੍ਹੀ ਬਾਂਦਰੀ
ਪੈਂਦੇ ਬੰਨ੍ਹਿਆਂ ਕੁੱਤਾ
ਲੈਣ ਕਿਉਂ ਨੀ ਆਉਂਦਾ
ਕੁਪੱਤੀ ਮਾਂ ਦਿਆ ਪੁੱਤਾ
327
ਬਾਹਰੋਂ ਆਉਂਦਾ ਚਾਹ ਧਰ ਲੈਂਦਾ
ਨਾਲ ਮੁੰਡਿਆਂ ਦੀ ਟੋਲੀ
ਮੈਂ ਨਾ ਕਿਸੇ ਦੇ ਭਾਂਡੇ ਮਾਂਜਣੇ
ਮੈਂ ਨਾ ਕਿਸੇ ਦੀ ਗੋਲੀ
ਕੀਲੇ ਤੇ ਕੱਟਾ ਮਰ ਗਿਆ ਭੁੱਖਾ
ਮਰਗੀ ਤਿਆਹੀ ਖੋਲੀ
ਤਾਹੀਓਂ ਸਿਰ ਚੜ੍ਹਿਆ-
ਜੇ ਮੈਂ ਨਾ ਬਰੋਬਰ ਬੋਲੀ
328
ਛੋਲੇ ਛੋਲੇ ਛੋਲੇ
ਗੱਡੀ ਆਉਂਦੀ ਐ ਬਣਾ ਦੇ ਓਹਲੇ
ਗੱਡੀ ਵਿੱਚ ਮੈਂ ਰੋਵਾਂ
ਮੇਰੀ ਕਤਣੀ 'ਚ ਰੋਣ ਪਟੋਲੇ
ਵਣ ਵਣ ਰੋਵੇ ਲੱਕੜੀ

ਯਾਰ ਰੋਣ ਕਿੱਕਰਾਂ ਦੇ ਓਹਲੇ
ਬੋਲੀ ਨਾ ਬੁਲਾਈ ਕੁੜੀਓ
ਮੇਰੀ ਨਣਦ ਗਲੋਟੇ ਤੋਲੇ
ਇਕ ਤੰਦ ਘਟ ਪੈ ਗਿਆ
ਮੇਰੀ ਕੱਤਣੀ ’ਚ ਰੋਣ ਪਟੋਲੇ
ਨਾਰ ਦਿਹਾਜੂ ਦੀ-
ਭਰ ਭਰ ਅੱਖੀਆਂ ਡੋਲ੍ਹੇ
329
ਬਿਗਾਨੀ ਨਾਰ
ਉੱਚਾ ਬੁਰਜ ਬਰੋਬਰ ਮੋਰੀ
ਦੀਵਾ ਕਿਸ ਵਿਧ ਧਰੀਏ
ਚਾਰੇ ਨੈਣ ਕਟਾ ਵੱਢ ਹੋ ਗੇ
ਹਾਮੀ ਕੀਹਦੀ ਭਰੀਏ
ਨਾਰ ਪਰਾਈ ਆਦਰ ਥੋੜ੍ਹਾ
ਗਲ਼ ਲੱਗ ਕੇ ਨਾ ਮਰੀਏ
ਨਾਰ ਬਿਗਾਨੀ ਦੀ-
ਬਾਂਹ ਨਾਂ ਮੂਰਖਾ ਫੜੀਏ
330
ਬਾਗਾਂ ਦੇ ਵਿੱਚ ਬੋਲੇ ਤੋਤਾ
ਕਰਦਾ ਹੇਵਾ ਹੇਵਾ
ਨਾਰ ਬਿਗਾਨੀ ਦੀ-
ਨਾ ਕਰ ਵੇ ਮੂਰਖਾ ਸੇਵਾ