ਸਮੱਗਰੀ 'ਤੇ ਜਾਓ

ਖੰਡ ਮਿਸ਼ਰੀ ਦੀਆਂ ਡਲ਼ੀਆਂ/ਸੁਣ ਵੇ ਮੁੰਡਿਆ ਕੰਠੇ ਵਾਲਿਆ

ਵਿਕੀਸਰੋਤ ਤੋਂ

ਸੁਣ ਵੇ ਮੁੰਡਿਆ ਕੰਠੇ ਵਾਲਿਆ
375
ਸੁਣ ਵੇ ਮੁੰਡਿਆ ਕੰਠੇ ਵਾਲਿਆ
ਕੰਠਾ ਤੇਰਾ ਅੱਗ ਵਾਂਗੂੰ ਦਗਦਾ
ਨੱਤੀਆਂ ਤੇਰੀਆਂ ਛੱਡਣ ਚੰਗਿਆੜੇ
ਇਕ ਦਿਲ ਕਹਿੰਦਾ ਲਾ ਲੈ ਕੁਸ਼ਤੀ
ਦੂਜਾ ਡਰ ਮਾਪਿਆਂ ਦਾ ਮਾਰੇ
ਕੱਚੀਆਂ ਕੈਲਾਂ ਤੇ-
ਡਿਗ ਡਿਗ ਪੈਣ ਕੰਵਾਰੇ
376
ਸੁਣ ਵੇ ਮੁੰਡਿਆ ਕੰਠੇ ਵਾਲਿਆ
ਕੰਠਾ ਦਵੇ ਦਮਕਾਰੇ
ਮੈਂ ਤਾਂ ਤੈਨੂੰ ਖੜੀ ਬੁਲਾਵਾਂ
ਤੂੰ ਬੜ ਗਿਆ ਬਾਗ ਦੇ ਬਾੜੇ
ਜੋੜੀ ਨਾ ਮਿਲਦੀ-
ਕਰਮ ਜਿਨ੍ਹਾਂ ਦੇ ਮਾੜੇ
377
ਸੁਣ ਵੇ ਮੁੰਡਿਆ ਕੰਠੇ ਵਾਲਿਆ
ਕੰਠਾ ਰੋਗਨ ਕੀਤਾ
ਮੈਂ ਤੈਨੂੰ ਖੜੀ ਬੁਲਾਵਾਂ
ਤੂੰ ਲੰਘ ਗਿਆ ਚੁੱਪ ਕੀਤਾ
ਜੋੜੀ ਨਾ ਮਿਲਦੀ-
ਪਾਪ ਜਿਨ੍ਹਾਂ ਨੇ ਕੀਤਾ
378
ਸੁਣ ਵੇ ਮੁੰਡਿਆ ਗਾਉਣ ਵਾਲਿਆ
ਗਾਉਣ ਸੁਣਾ ਦੇ
ਕੌਣ ਵੇਲੇ ਦੀਆਂ ਖੜੀਆਂ
ਖੜੀਆਂ ਦੇ ਸਾਡੇ ਰਹਿ ਗਏ ਗੋਡੇ
ਪੈਰਾਂ ਦੀਆਂ ਰਹਿ ਗਈਆਂ ਤਲੀਆਂ
ਟਿਕਟਾਂ ਦੇ ਬਾਬੂ-
ਦੋ ਮੁਟਿਆਰਾਂ ਖੜੀਆਂ

379
ਜੇ ਮੁੰਡਿਆ ਤੈਨੂੰ ਪਾਲਾ ਲਗਦਾ
ਡੱਬਾ ਖੇਸ ਵਛਾਵਾਂ
ਜੇ ਮੁੰਡਿਆ ਤੈਨੂੰ ਆਵੇ ਗਰਮੀ
ਚੰਬਾ ਬਾਗ ਲਗਾਵਾਂ
ਚੰਬੇ ਬਾਗ ਵਿੱਚ ਕੋਲਾਂ ਕੂਕਣ
ਕਰਦੀਆਂ ਜੀਰੀ ਜੀਰੀ
ਭੁਲਿਆ ਵੇ ਕੰਤਾ-
ਨਾਰਾਂ ਬਾਝ ਫਕੀਰੀ
380
ਜੇ ਤੂੰ ਮੁੰਡਿਆ ਯਾਰੀ ਲਾਉਣੀ
ਬਹਿ ਵੇ ਸਰ੍ਹੋਂ ਦਾ ਰਾਖਾ
ਆਉਂਦੀ ਜਾਂਦੀ ਨੂੰ ਹੱਥ ਨਾ ਪਾਵੀਂ
ਲੋਕ ਬਣਾਉਂਦੇ ਡਾਕਾ
ਕੱਚੀਆਂ ਕੈਲਾਂ ਦਾ-
ਬਹਿ ਕੇ ਲੈ ਲੀਏ ਝਾਕਾ
381
ਜਦ ਮੁੰਡਿਆ ਮੈਂ ਪਾਣੀ ਭਰਦੀ
ਤੂੰ ਸਾਧਾਂ ਦੇ ਡੇਰੇ
ਹੋਰਨਾਂ ਮੁੰਡਿਆਂ ਦੇ ਨਾਭੀ ਸਾਫੇ
ਕੱਚਾ ਗੁਲਾਬੀ ਤੇਰੇ
ਚੱਕ ਕੇ ਤੌੜਾ ਤੁਰਪੀ ਢਾਬ ਨੂੰ
ਨਜ਼ਰ ਨਾ ਆਵੇਂ ਮੇਰੇ
ਚਾਂਦੀ ਬਣ ਮਿੱਤਰਾ-
ਬੰਦ ਕਰਵਾਵਾਂ ਤੇਰੇ
382
ਜੇ ਮੁੰਡਿਆਂ ਤੈਂ ਨੌਕਰ ਹੋਣਾ
ਹੋ ਜੀ ਬਾਗ ਦਾ ਮਾਲੀ
ਬੂਟੇ ਬੂਟੇ ਪਾਣੀ ਦੇਈਂ
ਕੋਈ ਨਾ ਛੱਡੀਂ ਖਾਲੀ
ਰੂਪ ਕੁਮਾਰੀ ਦਾ-
ਦਿਲ ਚੜ੍ਹਦੇ ਦੀ ਲਾਲੀ
383
ਕਣਕ ਵੰਨਾ ਤੇਰਾ ਰੰਗ ਵੇ ਚੋਬਰਾ
ਨਜ਼ਰ ਫਜ਼ਰ ਤੋਂ ਡਰਦੀ

ਇਕ ਚਿਤ ਕਰਦਾ ਤਵੀਤ ਕਰਾ ਦਿਆਂ
ਇਕ ਚਿਤ ਕਰਦਾ ਧਾਗਾ
ਬਿਨ ਮੁਕਲਾਈਆਂ ਨੇ-
ਢਾਹ ਸੁਟਿਆ ਦਰਵਾਜ਼ਾ
384
ਚਿੱਟੇ ਚਿੱਟੇ ਦੰਦ
ਲਾਈਆਂ ਸੋਨੇ ਦੀਆਂ ਮੇਖਾਂ
ਵੇ ਬੈਠ ਦਰਵਾਜ਼ੇ-
ਮੈਂ ਘੁੰਡ ਵਿਚੋਂ ਦੇਖਾਂ
385
ਅੱਧੀ ਰਾਤੋਂ ਆਉਨੈਂ ਚੋਬਰਾ
ਜਾਨੈ ਪਹਿਰ ਦੇ ਤੜਕੇ
ਜੇ ਮੈਂ ਤੈਨੂੰ ਲਗਦੀ ਪਿਆਰੀ
ਲੈ ਜਾ ਬਾਹੋਂ ਫੜ ਕੇ
ਭਾਈਆਂ ਮੇਰਿਆਂ ਨੂੰ ਖ਼ਬਰਾਂ ਹੋ ਗੀਆਂ
ਆਉਣ ਗੰਡਾਸੇ ਫੜ ਕੇ
ਭੀੜੀ ਗਲੀ ਵਿੱਚ ਹੋਣ ਟਾਕਰੇ
ਡਾਂਗਾਂ ਦੇ ਪੈਣ ਜੜਾਕੇ
ਰੂਪ ਗੁਆ ਲਿਆ ਨੀ-
ਉਤਲੇ ਚੁਬਾਰੇ ਚੜ੍ਹ ਕੇ
386
ਸੁਣ ਵੇ ਗੱਭਰੂਆ ਚੀਰੇ ਵਾਲਿਆ
ਛੈਲ ਛਬੀਲਿਆ ਸ਼ੇਰਾ
ਤੇਰੇ ਬਾਝੋਂ ਘਰ ਵਿੱਚ ਮੈਨੂੰ
ਦਿਸਦਾ ਘੁੱਪ ਹਨੇਰਾ
ਹੋਰ ਹਾਲੀ ਤਾਂ ਘਰਾਂ ਨੂੰ ਆ ਗੇ
ਤੂੰ ਵਲ ਲਿਆ ਕਿਉਂ ਘੇਰਾ
ਤੈਨੂੰ ਧੁੱਪ ਲਗਦੀ-
ਭੁਜਦਾ ਕਾਲਜਾ ਮੇਰਾ