ਸਮੱਗਰੀ 'ਤੇ ਜਾਓ

ਖੰਡ ਮਿਸ਼ਰੀ ਦੀਆਂ ਡਲ਼ੀਆਂ/ਨੌਕਰ ਨਾ ਜਾਈਂ ਵੇ

ਵਿਕੀਸਰੋਤ ਤੋਂ

ਨੌਕਰ ਨਾ ਜਾਈਂ ਵੇ
351
ਜੇ ਮੁੰਡਿਆ ਸੀ ਭਰਤੀ ਹੋਣਾ
ਵਿਆਹ ਨਹੀਂ ਸੀ ਕਰਵਾਉਣਾ
ਤਿੰਨ ਤਿੰਨ ਵੇਲੇ ਕਰੌਣ ਪਰੇਟਾਂ
ਬਾਂਦਰ ਵਾਂਗ ਟਪਾਉਣਾ
ਮਾਰਨ ਗੋਲੇ ਸਿੱਟਣ ਮੂਧਾ
ਕੁੱਤਿਆਂ ਵਾਂਗ ਰੁਲਾਉਣਾ
ਨੌਕਰ ਨਾ ਜਾਈਂ ਵੇ-
ਆਪਣਾ ਦੇਸ ਨੀ ਥਿਆਉਣਾ
352
ਨੌਕਰ ਨੂੰ ਨਾ ਦਈਂ ਬਾਬਲਾ
ਹਾਲੀ ਪੁੱਤ ਬਥੇਰੇ
ਨੌਕਰ ਵਿਆਹ ਕੇ ਉਠਜੂ
ਮਗਰੋਂ ਛੜੇ ਮਾਰਨਗੇ ਗੇੜੇ
ਬ੍ਰਹਮਾ ਮਾਂ ਦੇ ਵਿੱਚ ਲੱਗੀ ਲੜਾਈ
ਗੋਲੀ ਚਲਦੀ ਚਾਰ ਚੁਫੇਰੇ
ਲਗਜੂ ਗੋਲੀ ਮਰਜੂ ਲਫੰਗਾ
ਕੀ ਹੱਥ ਆਊ ਤੇਰੇ
ਮੈਂ ਤੈਨੂੰ ਵਰਜ ਰਹੀ-
ਦਈਂ ਨਾ ਬਾਬਲਾ ਫੇਰੇ
353
ਨੌਕਰ ਨੂੰ ਨਾ ਵਿਆਹੀਂ ਵੇ ਬਾਬਲਾ
ਨੌਕਰ ਨੇ ਤਾਂ ਬੰਨ੍ਹ ਲਏ ਬਿਸਤਰੇ
ਹੋ ਗਿਆ ਗੱਡੀ ਦੇ ਨੇੜੇ
ਮੈਂ ਤੈਨੂੰ ਵਰਜ ਰਹੀ-
ਦਈਂ ਨਾ ਬਾਬਲਾ ਫੇਰੇ
354
ਗੱਡੀਏ ਨੀ ਤੇਰੇ ਪਹੀਏ ਟੁੱਟ ਜਾਣ
ਚਾਰੇ ਟੁੱਟ ਜਾਣ ਬਾਹੀਆਂ

ਗੱਭਰੂ ਤੈਂ ਢੋ ਲੇ-
ਨਾਰਾਂ ਦੇਣ ਦੁਹਾਈਆਂ
355
ਪਿੱਪਲਾ ਵੇ ਮੇਰੇ ਪਿੰਡ ਦਿਆ
ਤੇਰੀਆਂ ਠੰਡੀਆਂ ਛਾਵਾਂ
ਢਾਬ ਤੇਰੀ ਦਾ ਗੰਧਲਾ ਪਾਣੀ
ਉੱਤੋਂ ਬੂਰ ਹਟਾਵਾਂ
ਲੱਛੀ ਬੰਤੋ ਉੱਠ ਗਈਆਂ ਸਹੁਰੀਂ
ਕੀਹਨੂੰ ਹਾਲ ਸੁਣਾਵਾਂ
ਬਿਨਾਂ ਬਸੰਤਰ ਭੁੱਜਣ ਹੱਡੀਆਂ
ਚਰਖੇ ਤੰਦ ਨਾ ਪਾਵਾਂ
ਸਹੁਰੀਂ ਜਾ ਕੇ ਅੰਦਰ ਵੜ ਜਾਂ
ਅੱਗ ਦਾਜ ਨੂੰ ਲਾਵਾਂ
ਚਿੱਠੀਆਂ ਬਰੰਗ ਘਲਦਾ
ਕਿਹੜੀ ਛਾਉਣੀ 'ਚ ਲਵਾ ਲਿਆ ਨਾਵਾਂ
ਚੜ੍ਹਦੇ ਛਿਪਦੇ ਸੋਚਾਂ ਸੋਚਦੀ
ਗ਼ਮ ਪੀਵਾਂ ਗ਼ਮ ਖਾਵਾਂ
ਜਾਂਦਾ ਹੋਇਆ ਦਸ ਨਾ ਗਿਆ-
ਚਿੱਠੀਆਂ ਕਿਧਰ ਨੂੰ ਪਾਵਾਂ
356
ਜਿੱਥੇ ਜੈ ਕੁਰੇ ਤੂੰ ਬਹਿ ਜਾਂਦੀ
ਚਾਨਣ ਚਾਰ ਚੁਫੇਰੇ
ਬਾਬਲ ਤੇਰੇ ਕੁਝ ਨਾ ਦੇਖਿਆ
ਸੁੱਟ ’ਤੀ ਪਰੇ ਪਰੇਰੇ
ਨਾ ਤਾਂ ਜੈ ਕੁਰੇ ਵਸ ਤੇਰੇ ਸੀ
ਨਾ ਸੀਗਾ ਵਲ ਮੇਰੇ
ਬੱਚੜੇ ਖਾਣੇ ਨੇ-
ਦੇ ਤੇ ਸਿਪਾਹੀ ਨਾਲ ਫੇਰੇ
357
ਦੁਆਬੇ ਦੀ ਮੈਂ ਜੰਮੀ ਜਾਈ
ਜੰਗਲ ਵਿੱਚ ਵਿਆਹੀ
ਦੇਸ ਵਿਛੁੰਨੀ ਕੂੰਜ ਮੈਂ ਭੈਣੋਂ
ਜੰਗ ਨੂੰ ਗਿਆ ਮੇਰਾ ਮਾਹੀ
ਹਰਦਮ ਨੀਰ ਵਗੇ ਨੈਣਾਂ ਚੋਂ
ਆਉਣ ਦੀ ਚਿੱਠੀ ਨਾ ਪਾਈ

ਮੁੜ ਪੌ ਸਪਾਹੀਆ ਵੇ-
ਮੈਂ ਜਿੰਦੜੀ ਘੋਲ ਘੁਮਾਈ
358
ਚਿੱਟਾ ਕਾਗਜ਼ ਕਾਲੀ ਸਿਆਹੀ
ਗੂੜ੍ਹੇ ਅੱਖਰ ਪਾਵਾਂ
ਇਸ਼ਕ ਤੰਦੂਰ ਹੱਡਾਂ ਦਾ ਬਾਲਣ
ਦੋਜ਼ਖ ਨਾਲ ਤਪਾਵਾਂ
ਕੱਢ ਕਲੇਜਾ ਕਰ ਲਾਂ ਪੇੜੇ
ਹੁਸ਼ਨ ਪਲੇਥਣ ਲਾਵਾਂ
ਮੁੜ ਪਉ ਸਿਪਾਹੀਆ ਵੇ-
ਰੋਜ਼ ਔਸੀਆਂ ਪਾਵਾਂ
359
ਬਿਸ਼ਨ ਕੌਰ ਨੇ ਕੀਤੀ ਤਿਆਰੀ
ਹਾਰ ਸ਼ਿੰਗਾਰ ਲਗਾਇਆ
ਮੋਮ ਢਾਲ ਕੇ ਗੁੰਦੀਆਂ ਪੱਟੀਆਂ
ਅੱਖੀਂ ਕਜਲਾ ਪਾਇਆ
ਚੱਬ ਦੰਦਾਸਾ ਦੇਖਿਆ ਸ਼ੀਸ਼ਾ
ਚੜ੍ਹਿਆ ਰੂਪ ਸਵਾਇਆ
ਸਿਪਾਹੀਆ ਤੱਕ ਲੈ ਵੇ-
ਮੇਰੇ ਜੋਬਨ ਤੇ ਹੜ੍ਹ ਆਇਆ
360
ਅੱਡੀ ਮੇਰੀ ਕੌਲ ਕੰਚ ਦੀ
ਗੂਠੇ ਤੇ ਬਰਨਾਮਾਂ
ਪੁੱਤ ਮੇਰੇ ਸਹੁਰੇ ਦਾ
ਲੱਗੀ ਲਾਮ ਤੇ ਲਵਾ ਲਿਆ ਨਾਮਾ
ਜਾਂਦਾ ਹੋਇਆ ਦਸ ਨਾ ਗਿਆ
ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ
ਕੋਇਲਾਂ ਕੂਕਦੀਆਂ
ਕਿਤੇ ਬੋਲ ਚੰਦਰਿਆ ਕਾਵਾਂ
ਤੇਰੀ ਫੋਟੇ ਤੇ-
ਬਹਿ ਕੇ ਦਿਲ ਪਰਚਾਵਾਂ
361
ਬੋਲੀ ਪਾਮਾਂ ਸ਼ਗਨ ਮਨਾਵਾਂ
ਚਿੱਠੀ ਆਈ ਬਰਮਾਂ ਤੋਂ
ਮੈਂ ਫੜ ਕੱਤਣੀ ਵਿੱਚ ਪਾਵਾਂ
ਚਿੱਠੀਏ ਫੇਰ ਵਾਚੂੰ

ਮੈਂ ਰੋਟੀ ਖੇਤ ਅਪੜਾਵਾਂ
ਜੰਡੀ ਆਲਾ ਖੇਤ ਭੁੱਲ ਗੀ
ਮੈਂ ਰੋਂਦੀ ਘਰ ਨੂੰ ਆਵਾਂ
ਆਉਂਦੀ ਜਾਂਦੀ ਨੂੰ ਦਿਨ ਢਲ ਜਾਂਦਾ
ਮੁੜ ਆਉਂਦਾ ਪਰਛਾਵਾਂ
ਕੋਇਲਾਂ ਬੋਲਦੀਆਂ-
ਕਦੇ ਬੋਲ ਚੰਦਰਿਆ ਕਾਵਾਂ
362
ਅੱਡੀ ਮੇਰੀ ਕੌਲ ਕਨਚ ਦੀ
ਗੂਠੇ ਤੇ ਬਰਨਾਮਾ
ਮੈਂ ਮੁੜ ਮੁੜ ਚਿੱਠੀਆਂ ਪਾਵਾਂ
ਤੂੰ ਮੁੜ ਮੁੰਡਿਆ ਅਣਜਾਣਾ
ਐਸ ਪਟੋਲੇ ਨੇ-
ਨਾਲ ਸਤੀ ਹੋ ਜਾਣਾ
363
ਜੇ ਮੁੰਡਿਆ ਤੈਂ ਨੌਕਰ ਹੋਣਾ
ਹੋ ਜੀਂਂ ਬਾਗ ਦਾ ਮਾਲੀ
ਬੂਟੇ ਬੂਟੇ ਪਾਣੀ ਦੇਈਂ
ਕੋਈ ਨਾ ਛੱਡੀਂਂ ਖਾਲੀ
ਰੂਪ ਕੁਆਰੀ ਦਾ-
ਦਿਨ ਚੜ੍ਹਦੇ ਦੀ ਲਾਲੀ
364
ਸੁਣ ਵੇ ਫਰੰਗੀਆ ਸਧਰਾਂ ਮੇਰੀਆਂ
ਮੈਂ ਤੈਨੂੰ ਆਖ ਸੁਣਾਵਾਂ
ਛੁੱਟੀ ਦੇ ਮੇਰੇ ਸੂਰਮੇ ਮਾਹੀ ਨੂੰ
ਧਾ ਗਲਵੱਕੜੀ ਪਾਵਾਂ
ਖੰਡ ਮੱਖਣਾਂ ਦੇ ਪਲੇ ਮਾਹੀ ਨੂੰ
ਕਦੀ ਨਾ ਰਫਲ ਫੜਾਵਾਂ
ਫਰੰਗੀਆ ਤਰਸ ਕਰੀਂ-
ਤੇਰਾ ਜਸ ਗਿੱਧੇ ਵਿੱਚ ਗਾਵਾਂ
365
ਮਾਹੀ ਮੇਰੇ ਦਾ ਪੱਕਿਆ ਬਾਜਰਾ
ਤੁਰ ਪਈ ਗੋਪੀਆ ਫੜ ਕੇ
ਖੇਤ 'ਚ ਜਾ ਕੇ ਹੂਕਰ ਮਾਰੀ
ਸਿਖਰ ਮਨ੍ਹੇ ਤੇ ਚੜ੍ਹ ਕੇ

ਉਤਰਦੀ ਨੂੰ ਆਈਆਂ ਝਰੀਟਾਂ
ਚੁੰਨੀ ਪਾਟ ਗਈ ਅੜ ਕੇ
ਤੁਰ ਪ੍ਰਦੇਸ ਗਿਉਂ-
ਦਿਲ ਮੇਰੇ ਵਿੱਚ ਵੜ ਕੇ
366
ਝਾਮਾਂ ਝਾਮਾਂ ਝਾਮਾਂ
ਮਾਹੀ ਪਰਦੇਸ ਗਿਆ
ਕਿਹੜੇ ਦਰਦੀ ਨੂੰ ਹਾਲ ਸੁਣਾਮਾਂ
ਸੱਸ ਮੇਰੀ ਮਾਰੇ ਬੋਲੀਆਂ
ਘੁੰਡ ਕੱਢ ਕੇ ਕੀਰਨੇ ਪਾਮਾਂ
ਪਤਾ ਨਾ ਟਕਾਣਾ ਦੱਸਿਆ
ਵੇ ਮੈਂ ਚਿੱਠੀਆਂ ਕਿਧਰ ਨੂੰ ਪਾਮਾਂ
ਛੇਤੀ ਆ ਜੇ ਵੇ-
ਘਰੇ ਕਟਾ ਕੇ ਨਾਮਾਂ
367
ਝਾਮਾਂ ਝਾਮਾਂ ਝਾਮਾਂ
ਜੁੱਤੀ ਮੇਰੀ ਮਖਮਲ ਦੀ
ਧੋ ਕੇ ਪੈਰ ਵਿੱਚ ਪਾਵਾਂ
ਪੁੱਤ ਮੇਰੇ ਸਹੁਰੇ ਦਾ
ਲੱਗੀ ਲਾਮ ਤੇ ਲਵਾ ਲਿਆ ਨਾਵਾਂ
ਜਾਂਦਾ ਹੋਇਆ ਦੱਸ ਨਾ ਗਿਆ
ਚਿੱਠੀਆਂ ਕਿੱਧਰ ਨੂੰ ਪਾਵਾਂ
ਚੁੰਝ ਤੇਰੀ ਵੇ ਕਾਲਿਆ ਕਾਵਾਂ
ਸੋਨੇ ਨਾਲ ਮੜ੍ਹਾਵਾਂ
ਜਾ ਆਖੀਂ ਮੇਰੇ ਢੋਲ ਸਿਪਾਹੀ ਨੂੰ
ਨਿਤ ਮੈਂ ਔਸੀਆਂ ਪਾਵਾਂ
ਖ਼ਬਰਾਂ ਜੇ ਲਿਆਵੇਂ
ਤੈਨੂੰ ਘਿਓ ਦੀਆਂ ਚੂਰੀਆਂ ਪਾਵਾਂ
ਰੱਖ ਲਿਆ ਮੇਮਾਂ ਨੇ-
ਵਿਹੁ ਖਾ ਕੇ ਮਰ ਜਾਵਾਂ
368
ਤਿੱਖੀ ਨੋਕ ਦੀ ਜੁੱਤੀ ਘਸ ਗਈ
ਨਾਲੇ ਘਸ ਗਈਆਂ ਖੁਰੀਆਂ
ਮਾਹੀ ਮੇਰਾ ਜੰਗ ਨੂੰ ਗਿਆ
ਮੇਰੇ ਵੱਜਣ ਕਲੇਜੇ ਛੁਰੀਆਂ

369
ਬਾਂਕੇ ਸਪਾਹੀ ਦੀ ਚਾਂਦੀ ਦੀ ਸੋਟੀ
ਵਿੱਚ ਸੋਨੇ ਦੀ ਠੋਕਰ
ਕੈਦਾਂ ਉਮਰ ਦੀਆਂ-
ਕੰਤ ਜਿਨ੍ਹਾਂ ਦੇ ਨੌਕਰ
370
ਜੇ ਤੂੰ ਸਿਪਾਹੀਆ ਗਿਆ ਜੰਗ ਨੂੰ
ਲਾ ਕੇ ਮੈਨੂੰ ਝੋਰਾ
ਬਿਰਹੋਂ ਹੱਡਾਂ ਨੂੰ ਮੇਰੇ ਇਉਂ ਖਾ ਜੂ
ਜਿਉਂ ਛੋਲਿਆਂ ਨੂੰ ਢੋਰਾ
ਜੰਗ ਵਿੱਚ ਨਾ ਜਾਈਂ ਵੇ-
ਬਾਗਾਂ ਦਿਆ ਮੋਰਾ
371
ਬੱਲੇ ਬੱਲੇ
ਨੀ ਚੜ੍ਹ ਗਿਆ ਰਾਤ ਦੀ ਗੱਡੀ
ਨਾਲੇ ਧਾਰ ਕੱਢਾਂ ਨਾਲੇ ਰੋਵਾਂ
ਚੜ੍ਹ ਗਿਆ ਰਾਤ ਦੀ ਗੱਡੀ
372
ਬੱਲੇ ਬੱਲੇ
ਬਈ ਬਸਰੇ ਦੀ ਲਾਮ ਟੁਟ ਜੇ
ਨੀ ਮੈਂ ਰੰਡੀਓਂ ਸੁਹਾਗਣ ਹੋਵਾਂ
ਬਸਰੇ ਦੀ ਲਾਮ ਟੁਟ ਜੇ
373
ਬੱਲੇ ਬੱਲੇ
ਸੱਸੇ ਨੀ ਮੰਗਾ ਲੈ ਪੁੱਤ ਨੂੰ
ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ
ਸੱਸੇ ਨੀ ਮੰਗਾ ਲੈ ਪੁੱਤ ਨੂੰ
374
ਬੱਲੇ ਬੱਲੇ
ਬਈ ਦੁਨੀਆਂ ਸੁੱਖੀ ਵਸਦੀ
ਸਾਨੂੰ ਸਜਨਾਂ ਬਾਝ ਹਨ੍ਹੇਰਾ
ਬਈ ਦੁਨੀਆਂ ਸੁਖੀ ਵਸਦੀ