ਖੰਡ ਮਿਸ਼ਰੀ ਦੀਆਂ ਡਲ਼ੀਆਂ/ਤੂੰ ਨੀ ਮੇਰੀ ਮਰਜ਼ੀ ਦਾ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਤੂੰ ਨੀ ਮੇਰੀ ਮਰਜ਼ੀ ਦਾ
334
ਨਿਆਣਾ ਕੰਤ
ਰਾਹ ਵਿੱਚ ਤੇਰੀ ਭੱਠੀ ਮਹਿਰੀਏ
ਠੱਗੀ ਦੇ ਤੰਬੂ ਤਾਣੇ
ਮਗਰੋਂ ਆਇਆਂ ਦੇ ਮੂਹਰੇ ਭੁੰਨਦੀ
ਕਰਦੀ ਦਿਲ ਦੇ ਭਾਣੇ
ਕਿਸੇ ਦੀ ਮੱਕੀ ਕਿਸੇ ਦੇ ਛੋਲੇ
ਸਾਡੇ ਮੋਠ ਪੁਰਾਣੇ
ਲਤ ਮਾਰ ਤੇਰੀ ਭੱਠੀ ਢਾਹ ਦਿਆਂ
ਰੇਤ ਰਲਾ ਦਿਆਂ ਦਾਣੇ
ਕੈਦਾਂ ਉਮਰ ਦੀਆਂ-
ਕੰਤ ਜਿਨ੍ਹਾਂ ਦੇ ਨਿਆਣੇ
335
ਮਾਏਂ ਨੀ ਤੈਂ ਵਰ ਕੀ ਸਹੇੜਿਆ
ਇਹ ਕੀ ਮਾਰਿਆ ਲੋਹੜਾ
ਖੁੱਦੋ ਖੂੰਡੀ ਉਠ ਗਿਆ ਖੇਡਣ
ਮੁੜ ਨੀ ਕਰਦਾ ਮੋੜਾ
ਜੇ ਤਾਂ ਮੈਨੂੰ ਮੁੜਦਾ ਦਿਸਦਾ
ਕਰਾਂ ਹੰਦੋਸਾ ਥੋੜ੍ਹਾ
ਰੇਰੂ ਦਾ ਰੁੱਖ ਕੋਲ ਖੜਾ ਤਾਂ
ਮੈਂ ਟਾਹਲੀ ਦਾ ਪੋਰਾ
ਕੰਤ ਨਿਆਣੇ ਦਾ-
ਖਾ ਗਿਆ ਹੱਡਾਂ ਨੂੰ ਝੋਰਾ
336
ਸਹੁਰੀਂ ਮੇਰੇ ਪਵੇ ਹਵੇਲੀ
ਪੇਕੀਂ ਪਵੇ ਚੁਬਾਰਾ
ਸੱਸ ਤਾਂ ਮੇਰੀ ਪਾਣੀ ਢੋਵੇ
ਮੈਂ ਢੋਂਦੀ ਆਂ ਗਾਰਾ
ਇਕ ਮਹੀਨੇ ਤਾਈਂ ਵੀਰਨਾ
ਕੰਮ ਮੁਕਜੂ ਗਾ ਸਾਰਾ

ਕੰਤ ਨਿਆਣੇ ਦਾ-
ਪੈ ਗਿਆ ਮਾਮਲਾ ਭਾਰਾ
337
ਛੋਟੇ ਨਾਲ ਨਾ ਵਿਆਹੀਂ ਬਾਬਲਾ
ਛੋਟਾ ਖਰਾ ਸ਼ੁਦਾਈ
ਡੰਗਰਾਂ ਦੇ ਵਿੱਚ ਮੰਜਾ ਡਾਹੇ
ਬੜੇ ਜੇਠ ਦਾ ਭਾਈ
ਬਾਕੀ ਪੀਂਂਦੇ ਦੁੱਧ ਸਰਦਾਈਆਂ
ਉਹਨੂੰ ਝਾਤ ਪੁਆਈ
ਲੇਫ਼ ਤਲਾਈਆਂ ਆਪ ਲੈਂਦੇ
ਉਹਨੂੰ ਲੀਰੋ ਲੀਰ ਰਜਾਈ
ਮੈਨੂੰ ਘਰ ਛੋਟੇ ਦੇ-
ਕੈਦ ਕਟਣੀ ਆਈ
338
ਸੜਕੇ ਸੜਕੇ ਮੇਰਾ ਡੋਲਾ ਜਾਵੇ
ਰੱਥ ਦੀ ਟੁੱਟ ਗਈ ਫੱਟੀ
ਗਲਾਬ ਸਿੰਘ ਨਿੱਕਾ ਜਿਹਾ-
ਮੈਂ ਮਾਝੇ ਦੀ ਜੱਟੀ
339
ਘਰ ਨੀ ਟੋਲਦੀਆਂ
ਵਰ ਨੀ ਟੋਲਦੀਆਂ
ਬਦਲੇ ਖੋਰੀਆਂ ਮਾਵਾਂ
ਨਿਕੇ ਜਿਹੇ ਮੁੰਡੇ ਨਾਲ ਵਿਆਹ ਕਰ ਦਿੰਦੀਆਂ
ਦੇ ਕੇ ਚਾਰ ਕੁ ਲਾਵਾਂ
ਏਸ ਜੁਆਨੀ ਨੂੰ-
ਕਿਹੜੇ ਖੂਹ ਵਿੱਚ ਪਾਵਾਂ
340
ਝੁੱਡੂ ਤੇ ਮਝੇਰੂ
ਬਾਰੀਂ ਬਰਸੀਂ ਖਟ ਕੇ ਲਿਆਇਆ
ਖੱਟ ਕੇ ਲਿਆਂਦੇ ਪਾਵੇ
ਬਾਬਲੇ ਨੇ ਵਰ ਟੋਲਿਆ-
ਜਿਨੂੰ ਪੱਗ ਬੰਨ੍ਹਣੀ ਨਾ ਆਵੇ
341
ਝਾਮਾਂ ਝਾਮਾਂ ਝਾਮਾਂ
ਕੰਤ ਮਝੇਰੂ ਦੇ

ਮੈਂ ਬਹਿ ਕੇ ਕੀਰਨੇ ਪਾਵਾਂ
ਮਾਂ ਨੂੰ ਧੀ ਪੁੱਛਦੀ
ਮੈਂ ਹੁਣ ਕੀ ਲਾਜ ਬਣਾਵਾਂ
ਕੁੜਤੀ ਪਾਟੀ ਦਾ
ਤੂੰ ਮੰਗ ਮਿੱਤਰਾਂ ਤੋਂ ਨਾਮਾਂ
ਨੀਮੀ ਪਾ ਕੇ ਲੰਘ ਜਾਂਦਾ
ਮੈਂ ਸਾਈ ਦੰਦਾਂ ਦੀ ਲਾਮਾਂ
ਚੌਂਂਕ ਚੰਦ ਮੈਂ ਗੁੰਦ ਲਏ ਨੇ
ਹਿੱਕ ਤੇ ਜੰਜੀਰਾਂ ਪਾਵਾਂ
ਕੰਤ ਮਝੇਰੂ ਦਾ-
ਹੁਣ ਕੀ ਲਾਜ ਬਣਾਵਾਂ
342
ਧਰਤੀ ਮੈਨੂੰ ਵੱਢ ਵੱਢ ਖਾਂਦੀ
ਕੀ ਮੈਂ ਲਾਜ ਬਣਾਵਾਂ
ਇਕ ਤਾਂ ਬਚੋਲੇ ਨੇ ਕੀਤਾ ਧੋਖਾ
ਕੰਤ ਟੋਲਤਾ ਨਿਆਣਾ
ਜਾਂ ਤਾਂ ਏਥੇ ਬਹਿਜਾਂ ਵਹਿਰ ਕੇ
ਜਾਂ ਵਿਹੁ ਖਾ ਕੇ ਮਰ ਜਾਵਾਂ
ਕੰਤ ਮਝੇਰੂ ਨਾਲ-
ਭੁਲ ਕੇ ਲੈ ਲੀਆਂ ਲਾਮਾਂ
343
ਬਾਰੀਂ ਬਰਸੀਂ ਖੱਟ ਕੇ ਲਿਆਇਆ
ਖੱਟ ਕੇ ਲਿਆਂਦੇ ਧਾਗੇ
ਜਿਦ੍ਹੇ ਨਾਲ ਮੈਂ ਵਿਆਹੀ-
ਸੁੱਤਾ ਪਿਆ ਨਾ ਜਾਗੇ
344
ਬਾਰੀਂ ਬਰਸੀਂ ਖੱਟ ਕੇ ਲਿਆਇਆ
ਖੱਟ ਕੇ ਲਿਆਂਦਾ ਫੀਤਾ
ਤੇਰੇ ਘਰ ਕੀ ਵਸਣਾ
ਤੂੰ ਮਿਡਲ ਪਾਸ ਨਾ ਕੀਤਾ
345
ਵਿਹਲ੍ਹੜ ਸ਼ੁਕੀਨ
ਨ੍ਹਾ ਧੋ ਕੇ ਮੁੰਡਾ ਖੁੰਡਾਂ ਤੇ ਬਹਿੰਦਾ
ਅੱਧੀ ਰਾਤ੍ਹੀ ਆਉਂਦਾ ਨੀ
ਸਾਡੀ ਅਸਰਾਂ ਦੀ ਨੀਂਦ ਗੁਆਉਂਦਾ ਨੀ

346
ਕਾਲਾ ਕਲੂਟਾ
ਪਹਿਲੀ ਵਾਰ ਮੈਂ ਆਈ ਮੁਕਲਾਵੇ
ਪਾ ਕੇ ਸੁਨਹਿਰੀ ਬਾਣਾ
ਮਾਲਕ ਮੇਰਾ ਕਾਲ-ਕਲੀਟਾ
ਅੱਖੋਂ ਹੈਗਾ ਕਾਣਾ
ਖੋਟੇ ਕਰਮ ਹੋ ਗਏ ਮੇਰੇ
ਵੇਖੋ ਰੱਬ ਦਾ ਭਾਣਾ
ਏਥੇ ਨਹੀਂ ਰਹਿਣਾ-
ਮੈਂ ਪੇਕੀਂ ਤੁਰ ਜਾਣਾ
347
ਬੁੱਢਾ
ਬਾਰਾਂ ਬਰਸ ਦੀ ਹੋ ਗਈ ਜਾਂ ਮੈਂ
ਚੜ੍ਹੀ ਜੁਆਨੀ ਘੁੰਮ ਘੁਮਾ ਕੇ
ਬਾਬਲ ਮੇਰੇ ਸੋਚਾਂ ਹੋਈਆਂ
ਨਾਨਕਿਆਂ ਘਰ ਬੈਠਾ ਜਾ ਕੇ
ਦੋਵੇਂ ਲੋਭੀ ਹੋ ਗੇ ਕੱਠੇ
ਟੋਲਿਆ ਬੁੱਢੜਾ ਜਾ ਕੇ
ਇਕ ਦਲਾਲ ਤੇ ਦੂਜਾ ਮਾਲਕ
ਲੈ ਲਏ ਦੰਮ ਟੁਣਕਾ ਕੇ
ਬੁੱਢੜਾ ਤੋੜੇ ਪੁੜੇ ਮਰਨ ਨੂੰ
ਰੱਖੇ ਮੂੰਹ ਚਮਕਾ ਕੇ
ਬਾਬੇ ਮੇਰੇ ਦਾ ਹਾਣੀ ਜਾਪੇ
ਬੈਠਾ ਉਮਰ ਗੰਵਾ ਕੇ
ਕੁਬੜਾ ਤੇ ਇਕ ਅੱਖੋਂ ਕਾਣਾ
ਤੁਰਦਾ ਪੈਰ ਘਸਾ ਕੇ
ਡਰਨ, ਆਉਂਦਾ ਦੇਖ ਨਿਆਣੇ
ਨਠਦੇ ਜੁੱਤੀਆਂ ਚਾ ਕੇ
ਬੁਢੀਆਂ ਠੇਰੀਆਂ ਦੇਖ ਬੁੱਢੇ ਨੂੰ
ਪਰੇ ਹੋਣ ਸ਼ਰਮਾ ਕੇ
ਮਾਪਿਆਂ ਮੇਰਿਆਂ ਨੇ-
ਦੁਖੜੇ ਪਾ ਤੇ ਵਿਆਹ ਕੇ
349
ਵੈਲੀ
ਟੁੱਟ ਪੈਣਾ ਤਾਂ ਜੂਆ ਖੇਡਦਾ
ਕਰਦਾ ਅਜਬ ਬਹਾਰਾਂ

ਮਾਸ ਸ਼ਰਾਬ ਕਦੇ ਨੀ ਛੱਡਦਾ
ਦੇਖ ਉਸ ਦੀਆਂ ਕਾਰਾਂ
ਗਹਿਣੇ ਕਪੜੇ ਲੈ ਗਿਆ ਸਾਰੇ
ਕੂਕਾਂ ਕਹਿਰ ਦੀਆਂ ਮਾਰਾਂ
ਜੀ ਚਾਹੇ ਤਾਂ ਸੋਟਾ ਫੇਰੇ
ਦੁਖੜੇ ਨਿਤ ਸਹਾਰਾਂ
ਚੋਰੀ ਯਾਰੀ ਦੇ ਵਿੱਚ ਪੱਕਾ
ਨਿਤ ਪਾਵੇ ਫਟਕਾਰਾਂ
ਕਦੀ ਕਦਾਈਂ ਘਰ ਜੇ ਆਵੇ
ਮਿੰਤਾਂ ਕਰ ਕਰ ਹਾਰਾਂ
ਛੱਡਦੇ ਵੈਲਾਂ ਨੂੰ-
ਲੈ ਲੈ ਤੱਤੀ ਦੀਆਂ ਸਾਰਾਂ
350
ਢੈ ਜਾਣੇ ਦਾ ਜੂਆ ਖੇਡਦਾ
ਬੈਲ ਕਰੇਂਦਾ ਭਾਰੇ
ਕਲ੍ਹ ਤਾਂ ਮੇਰੀਆਂ ਡੰਡੀਆਂ ਹਾਰ ਗਿਆ
ਪਰਸੋਂ ਹਾਰ ਗਿਆ ਵਾਲੇ
ਹੱਸ ਤੇ ਖੋਖੜੂ ਲੈ ਗਿਆ ਮੰਗ ਕੇ
ਕਰ ਗਿਆ ਘਾਲੇ ਮਾਲੇ
ਵੀਹਾਂ ਦਾ ਹੱਸ ਧਰਤਾ ਪੰਜਾਂ 'ਚ
ਦੇਖ ਪੱਟੂ ਦੇ ਕਾਰੇ
ਮਾਪਿਆਂ ਬਾਹਰੀ ਨੇ-
ਲੇਖ ਲਿਖਾ ਲਏ ਮਾੜੇ