ਚੰਬੇ ਦੀਆਂ ਕਲੀਆਂ/ਆਦਮੀ ਤੋਂ ਪਸ਼ੂ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਆਦਮੀ ਤੋਂ ਪਸ਼ੂ


ਇਕ ਗਰੀਬ ਜੱਟ ਪ੍ਰਭਾਤ ਵੇਲੇ ਹਲ ਵਾਹੁਣ ਲਈ ਗਿਆ ਤੇ ਆਪਣੇ ਨਾਲ ਦੋ ਰੋਟੀਆਂ ਲੈ ਗਿਆ। ਪੈਲੀ ਵਿਚ ਪਹੁੰਚਕੇ ਉਸ ਨੇ ਕੁੜਤਾ ਲਾਹ ਦਿਤਾ, ਉਸ ਵਿਚ ਰੋਟੀਆਂ ਲਪੇਟ ਦਿਤੀਆਂ ਤੇ ਤਾਰਿਆਂ ਦੀ ਛਾਵੇਂ ਹਲ ਵਾਹੁਣਾ ਅਰੰਭ ਕਰ ਦਿਤਾ। ਕੁਝ ਚਿਰ ਪਿਛੋਂ ਜਦ ਬਲਦ ਥਕ ਗਏ ਤੇ ਉਸ ਨੂੰ ਆਪ ਭੀ ਭੁਖ ਲਗੀ ਤਾਂ ਜੱਟ ਨੇ ਹਲ ਖੋਲ੍ਹਆ। ਬਲਦਾਂ ਨੂੰ ਚਰਨ ਚੁਗਣ ਲਈ ਛਡਿਆ ਤੇ ਆਪਣੇ ਕੁੜਤੇ ਅਰ ਰੋਟੀਆਂ ਵਲ ਆਇਆ । ਉਸ ਨੇ ਜਦ ਕੁੜਤਾ ਫੋਲਿਆ ਤਾਂ ਰੋਟੀਆਂ ਵਿਚ ਨਹੀਂ ਸਨ। ਉਸ ਨੇ ਕੁੜਤੇ ਨੂੰ ਚੰਗੀ ਤਰਾਂ ਵੇਖਿਆ, ਫੇਰ ਝਾੜਿਆ ਪਰ ਰੋਟੀਆਂ ਕਿਤੇ ਨਜ਼ਰ ਨਾਂ ਪਈਆਂ। ਵਿਚਾਰਾ ਬਹੁਤ ਹੈਰਾਨ ਹੋਇਆ ਤੇ ਆਪਣੇ ਮਨ ਵਿਚ ਆਖੇ:-

ਇਹ ਅਜੀਬ ਗੱਲ ਹੈ, ਮੈਂ ਕਿਸੇ ਨੂੰ ਨੇੜੇ ਆਉਂਦਿਆਂ ਨਹੀਂ ਵੇਖਿਆ, ਮੇਰੀ ਰੋਟੀ ਚੁਕੀ ਕਿਸ ਤਰਾਂ ਗਈ?

ਅਸਲ ਵਿਚ ਗਲ ਇਉਂ ਹੋਈ, ਜਦ ਜੱਟ ਹਲ ਚਲਾਉਂਦਾ ਸੀ ਤਾਂ ਇਕ ਭੂਤਨੇ ਨੇ ਰੋਟੀ ਚੁਰਾ ਲਈ ਤੇ ਝਾੜੀ ਦੇ ਪਿਛੇ ਬੈਠਕੇ ਤਮਾਸ਼ਾ ਵੇਖਣ ਲਗਾ। ਭੂਤਨੇ ਨੂੰ ਉਡੀਕ ਸੀ ਕਿ ਕ੍ਰੋਧ ਦੇ ਵਸ ਹੋਕੇ ਜੱਟ ਹੁਣੇ ਗਾਲ੍ਹਾਂ ਕਢੇਗਾ ਅਤੇ ਗੁਰੂ ਤੋਂ ਬੇਮੁਖ ਹੋਕੇ ਸ਼ੈਤਾਨ ਦੀ ਪਰਜਾ ਬਣੇਗਾ।

ਜੱਟ ਨੂੰ ਰੋਟੀ ਚੁਕੇ ਜਾਣ ਦਾ ਅਫਸੋਸ ਤਾਂ ਬਹੁਤ ਹੋਇਆ, ਪਰ ਉਸ ਨੇ ਆਖਿਆ-"ਹੁਣ ਕੀ ਬਣ ਸਕਦਾ ਹੈ, ਮੈਂ ਕੋਈ ਭੁੱਖ ਨਾਲ ਮਰ ਤਾਂ ਨਹੀਂ ਚਲਿਆ, ਕਿਸੇ ਭੁਖੇ ਨੇ ਹੀ ਚੁਕੀ ਹੋਣੀ ਹੈ, ਉਸ ਦੇ ਕੰਮ ਆਵੇਗੀ, ਗੁਰੂ ਉਸ ਦਾ ਭਲਾ ਕਰੇ।"

ਇਉਂ ਆਖਕੇ ਉਹ ਖੂਹ ਨੂੰ ਗਿਆ ਤੇ ਠੰਢੇ ਪਾਣੀ ਦੇ ਦੋ ਘੁਟ ਪੀਕੇ ਲੇਟ ਗਿਆ। ਕੁਝ ਚਿਰ ਪਿਛੋਂ ਉਸ ਨੇ ਫੇਰ ਬਲਦ ਜੋੜੇ ਤੇ ਹਲ ਚਲਾਉਣ ਲਗ ਪਿਆ।

ਭੂਤਨੇ ਨੂੰ ਇਹ ਵੇਖਕੇ ਨਿਰਾਸਤਾ ਹੋਈ ਕਿ ਜਟ ਉਸ ਦੇ ਫੰਧੇ ਨਹੀਂ ਫਸਿਆ। ਉਹ ਆਪਣੇ ਮਾਲਕ ਸ਼ੈਤਾਨ ਕੋਲ ਅਪੜਿਆ ਤੇ ਉਸ ਨੂੰ ਰੋਟੀ ਵਾਲੀ ਸਾਰੀ ਗਲ ਸੁਣਾਈ ਤੇ ਦਸਿਆ ਜੋ ਜੱਟ ਨੇ ਆਖਿਆ ਸੀ-"ਰੱਬ ਉਸ ਦਾ ਭਲਾ ਕਰੇ।"

ਸ਼ੈਤਾਨ ਨੂੰ ਰੋਹ ਚੜ੍ਹ ਗਿਆ, ਉਸ ਨੇ ਆਖਿਆ-"ਜੇ ਆਦਮੀ ਪਾਸੋਂ ਤੂੰ ਹਾਰ ਖਾ ਆਇਆ ਏਂ ਤਾਂ ਇਹ ਤੇਰਾ ਆਪਣਾ ਕਸੂਰ ਹੈ, ਤੈਨੂੰ ਆਪਣੇ ਕੰਮ ਦੀ ਜਾਚ ਨਹੀਂ। ਜੇ ਕਿਸਾਨ ਤੇ ਉਸ ਦਾ ਕਬੀਲਾ ਮੇਰੇ ਇਸ ਹੁਕਮ ਤੋਂ ਬਾਹਰ ਹੋ ਗਏ ਤਾਂ ਮੇਰੀ ਕੇਹੜੀ ਥਾਂ? ਤੂੰ ਇਸ ਗਲ ਨੂੰ ਇਥੇ ਨ ਛਡ, ਛੇਤੀ ਵਾਪਸ ਜਾਹ ਅਤੇ ਇਹ ਮੋਰਚਾ ਫਤਹ ਕਰ। ਜੇ ਤੂੰ ਤਿੰਨਾਂ ਸਾਲਾਂ ਅੰਦਰ ਉਸ ਜੱਟ ਨੂੰ ਜਿੱਤਕੇ ਨਾਂ ਮੁੜਿਓਂ ਤਾਂ ਤੈਨੂੰ ਅੰਮ੍ਰਤ ਸਰੋਵਰ ਵਿਚ ਚੁਭੀਆਂ ਦਿਵਾਵਾਂਗਾ।"

ਅੰਮ੍ਰਤ ਸਰੋਵਰ ਦਾ ਨਾਮ ਸੁਣਕੇ ਭੂਤਨਾ ਬਹੁਤ ਡਰਿਆ, ਉਹ ਛੇਤੀ ਨਾਲ ਦੌੜਕੇ ਮੁੜ ਜ਼ਮੀਨ ਨੂੰ ਆਇਆ ਅਤੇ ਸੋਚਣ ਲਗਾ ਕਿ ਮੈਂ ਆਪਣੇ ਕੰਮ ਨੂੰ ਕਿਸ ਤਰ੍ਹਾਂ ਕਰਾਂ? ਸੋਚਦਿਆਂ ਸੋਚਦਿਆਂ ਉਸਨੂੰ ਇਕ ਸੋਹਣੀ ਵਿਉਂਤ ਔਹੜੀ।

ਮਜ਼ਦੂਰ ਦਾ ਰੂਪ ਧਾਰਕੇ ਉਸ ਨੇ ਜੱਟ ਦੀ ਨੌਕਰੀ ਕਰ ਲਈ। ਪਹਿਲੇ ਸਾਲ ਉਸ ਨੇ ਆਪਣੇ ਮਾਲਕ ਜੱਟ ਨੂੰ ਇਕ ਨੀਵੀਂ ਥਾਂ ਵਿਚ ਕਣਕ ਬੀਜਣ ਲਈ ਕਿਹਾ, ਜੱਟ ਨੇ ਸਲਾਹ ਮੰਨਕੇ ਨੀਵੇਂ ਸੇਬਲ ਵਿੱਚ ਕਣਕ ਬੀਜੀ। ਉਸ ਸਾਲ ਮੀਂਹ ਨ ਪਿਆ ਤੇ ਦੂਜੇ ਜ਼ਿਮੀਂਦਾਰਾਂ ਦੀਆਂ ਕਣਕਾਂ ਮਾਰੀਆਂ ਗਈਆਂ, ਪਰ ਇਸ ਗਰੀਬ ਜੱਟ ਦੀ ਫ਼ਸਲ ਬੜੀ ਭਾਰੀ ਹੋਈ। ਸਾਲ ਭਰ ਦੀਆਂ ਲੋੜਾਂ ਲਈ ਕਣਕ ਰਖਕੇ ਉਸ ਨੇ ਬਹੁਤ ਸਾਰੀ ਵੇਚ ਛੱਡੀ।

ਦੂਜੇ ਸਾਲ ਉਸ ਨੇ ਨੌਕਰ ਦਾ ਕਿਹਾ ਮੰਨਕੇ ਉਚੇ ਟਿੱਬਿਆਂ ਤੇ ਕਣਕ ਬੀਜੀ, ਉਸ ਸਾਲ ਮੀਂਹ ਹਦੋਂ ਪਰ੍ਹੇ ਵਸਿਆ। ਦੂਜਿਆਂ ਦੀਆਂ ਕਣਕਾਂ ਮਾਰੀਆਂ ਗਈਆਂ, ਪਰ ਇਸ ਜੱਟ ਦੇ ਖੇਤ ਲਹਿਰਾਂਦੇ ਸਨ। ਪਹਿਲੇ ਸਾਲ ਨਾਲੋਂ ਵੀ ਕਣਕ ਵਧ ਹੋਈ ਅਤੇ ਆਪਣੀ ਲੋੜ ਜੋਗੀ ਰਖਕੇ ਬਹੁਤ ਬਚ ਪਈ, ਜੱਟ ਨੂੰ ਸਮਝ ਨ ਆਵੇ ਕਿ ਇੰਨੀ ਕਣਕ ਅਰ ਧਨ ਮੈਂ ਕੀ ਕਰਾਂ?

ਹੁਣ ਨੌਕਰ ਨੇ ਜੱਟ ਨੂੰ ਸ਼ਰਾਬ ਕਢਣੀ ਸਿਖਾਈ ਤੇ ਜੱਟ ਸ਼ਰਾਬ ਆਪ ਭੀ ਪੀਆ ਕਰੇ ਤੇ ਆਏ ਗਏ ਦੋਸਤਾਂ ਮਿੱਤਰਾਂ ਨੂੰ ਭੀ ਪਿਲਾਇਆ ਕਰੇ।

ਹੁਣ ਭੂਤਨੇ ਨੇ ਆਪਣੇ ਮਾਲਕ ਸ਼ੈਤਾਨ ਪਾਸ ਜਾ ਕੇ ਰਪੋਟ ਦਿੱਤੀ ਤੇ ਦਸਿਆ ਕਿ ਮੈਨੂੰ ਬਹੁਤ ਸਫ਼ਲਤਾ ਹੋਈ ਹੈ। ਸ਼ੈਤਾਨ ਨੇ ਆਖਿਆ-"ਹਛਾ ਮੈਂ ਆਪ ਕਿਸੇ ਦਿਨ ਆਵਾਂਗਾ ਤੇ ਤੇਰੀ ਕਾਰਗੁਜ਼ਾਰੀ ਵੇਖਾਂਗਾ।"

ਇਕ ਦਿਨ ਸ਼ੈਤਾਨ ਓਧਰ ਆਇਆ। ਉਸ ਨੇ ਵੇਖਿਆ ਕਿ ਜੱਟ ਨੇ ਆਪਣੇ ਹਾਣ ਦੇ ਗਭਰੂ ਸਦੇ ਹੋਏ ਹਨ ਤੇ ਸ਼ਰਾਬ ਦਾ ਦੌਰ ਚਲ ਰਿਹਾ ਹੈ। ਉਸ ਦੀ ਵਹੁਟੀ ਪਰਾਹੁਣਿਆਂ ਨੂੰ ਸ਼ਰਾਬ ਗਿਲਾਸ ਵਿਚ ਪਾਕੇ ਦੇ ਰਹੀ ਸੀ। ਇਕ ਆਦਮੀ ਨੂੰ ਗਿਲਾਸ ਫੜਾਨ ਲਗਿਆਂ ਉਸ ਦਾ ਪੈਰ ਤਿਲਕ ਗਿਆ ਅਤੇ ਗਲਾਸ ਡੁਲ੍ਹ ਗਿਆ। ਇਸ ਤੇ ਜੱਟ ਨੂੰ ਰੋਹ ਚੜ੍ਹ ਗਿਆ ਤੇ ਉਹ ਘੂਰਕੇ ਆਖਣ ਲਗਾ- "ਆਹ ਕੀ ਕੀਤਾ ਈ ਬਦਮਾਸ਼ੇ, ਤੇਰੀ ਜਾਚੇ ਸ਼ਰਾਬ ਦੇ ਬਾਹਰ ਛੱਪੜ ਭਰੇ ਹੋਏ ਹਨ। ਤੇਰੇ ਪੈਰ ਟੁਟ ਗਏ ਹਨ ਜੋ ਡਿਗਦੀ ਫਿਰਦੀ ਹੈਂ ਤੇ ਸ਼ਰਾਬ ਡੋਲ੍ਹਦੀ ਫਿਰਦੀ ਹੈਂ?"

ਭੂਤਨੇ ਨੇ ਆਪਣੇ ਮਾਲਕ ਸ਼ੈਤਾਨ ਦੀ ਅਰਕ ਫੜਕੇ ਆਖਿਆ-"ਵੇਖੋ ਹਜ਼ੂਰ ਇਹ ਉਹੀ ਜੱਟ ਜੇ, ਜਿਹੜਾ ਦਿਨ ਭਰ ਦੀ ਰੋਟੀ ਚੁਕੀ ਜਾਣ ਤੇ ਚੁਪ ਕਰ ਰਿਹਾ ਸੀ।"

ਜਦ ਜੱਟ ਆਪਣੀ ਵਹੁਟੀ ਨੂੰ ਗਾਲਾਂ ਕਢ ਚੁਕਾ ਤਾਂ ਸ਼ਰਾਬ ਫੜਕੇ ਆਪ ਪਿਲਾਉਣ ਲਗਾ। ਇਸ ਵੇਲੇ ਬਾਹਰੋਂ ਇਕ ਗਰੀਬ ਜੱਟ ਅੰਦਰ ਆ ਗਿਆ । ਬਾਕੀਆਂ ਨੂੰ ਪੀਂਦੇ ਵੇਖਕੇ ਉਹ ਬੀ ਬੈਠ ਗਿਆ। ਘੁਟ ਕੁ ਮਿਲਨ ਦੀ ਆਸ ਵਿਚ ਸੀ, ਪਰ ਵਿਚਾਰੇ ਨੂੰ ਉਡੀਕਦਿਆਂ ਬਥੇਰਾ ਚਿਰ ਬੀਤ ਗਿਆ। ਉਸ ਦੇ ਮੂੰਹ ਵਿਚੋਂ ਪਾਣੀ ਵਗਣ ਲਗਾ, ਪਰ ਘਰ ਦਾ ਮਾਲਕ ਜਟ ਆਖਣ ਲਗਾ-"ਮੈਂ ਸਾਰੀ ਦੁਨੀਆਂ ਨੂੰ ਪਿਲੌਣ ਦਾ ਕੋਈ ਜ਼ੁਮਾਂ ਲਿਆ ਹੋਇਆ ਹੈ?"

ਸ਼ੈਤਾਨ ਇਸ ਗਲ ਤੇ ਬਹੁਤ ਪ੍ਰਸੰਨ ਹੋਇਆ ਪਰ ਭੂਤਨੇ ਨੇ ਆਖਿਆ-"ਮਾਲਕ ਜੀ, ਅਜੇ ਹੋਰ ਤਮਾਸ਼ਾ ਵੇਖੋ।"

ਜੱਟ ਤੇ ਉਸ ਦੇ ਪ੍ਰਾਹੁਣੇ ਪੀ ਪੀ ਕੇ ਇਕ ਦੂਜੇ ਨੂੰ ਝੂਠੀਆਂ ਮੁਹੱਬਤਾਂ ਪ੍ਰਗਟ ਕਰਨ ਲਗੇ। ਸ਼ੈਤਾਨ ਉਹਨਾ ਦੀਆਂ ਗਲਾਂ ਸੁਣਕੇ ਬਹੁਤ ਪ੍ਰਸੰਨ ਹੋਇਆ ਤੇ ਭੂਤਨੇ ਨੂੰ ਆਖਿਓ ਸੁ-“ਜੇ ਇਹ ਲੂੰਬੜ ਵਾਂਗ ਇਕ ਦੂਜੇ ਨੂੰ ਧੋਖਾ ਦੇਂਦੇ ਹਨ, ਤਾਂ ਇਹ ਤਾਂ ਛੇਤੀ ਹੀ ਮੇਰੇ ਚੇਲੇ ਬਣ ਜਾਣਗੇ।"

ਜੱਟ ਅਤੇ ਉਸ ਦੇ ਪ੍ਰਾਹੁਣੇ ਇਕ ਇਕ ਗਲਾਸ ਹੋਰ ਡਟਾਕੇ ਆ-ਮੁਹਾਰੇ ਬਕਣ ਲਗੇ। ਹੁਣ ਪਿਆਰ ਦੀਆਂ ਗਲਾਂ ਛਡਕੇ ਉਹਨਾਂ ਨੇ ਇਕ ਦੂਜੇ ਵਲ ਰੋਹ ਭਰੀ ਨਜ਼ਰ ਨਾਲ ਵੇਖਿਆ ਤੇ ਪਹਿਲਾਂ ਗਾਲ੍ਹਾਂ ਕਢੀਆਂ, ਫਿਰ ਇਕ ਦੂਜੇ ਦੀਆਂ ਪੱਗਾਂ ਲਾਹਕੇ ਜੂਤ ਪਤਾਣ ਹੋਏ। ਘਰ ਵਾਲਾ ਜੱਟ ਵੀ ਵਿਚੇ ਰਲਿਆ ਅਰ ਉਸ ਨੂੰ ਵੀ ਚੋਖੀਆਂ ਠੁਕੀਆਂ।

ਸ਼ੈਤਾਨ ਇਹ ਵੇਖਕੇ ਬਹੁਤ ਖੁਸ਼ ਹੋਇਆ ਤੇ ਆਖੇ -"ਇਹ ਤਾਂ ਹੱਦ ਹੋ ਗਈ।"

ਭੂਤਨੇ ਨੇ ਆਖਿਆ-"ਹਜ਼ੂਰ ਅਜੇ ਠਹਿਰੋ, ਸਭ ਤੋਂ ਵਧੀਆ ਤਮਾਸ਼ਾ ਤਾਂ ਹੁਣ ਆਵੇਗਾ, ਇਹਨਾਂ ਨੂੰ ਇਕ ਇਕ ਗਲਾਸ ਹੋਰ ਪੀਣ ਦਿਓ, ਹੁਣ ਬਘਿਆੜਾਂ ਵਾਂਗ ਲੜਦੇ ਹਨ ਫੇਰ ਸੂਰਾਂ ਵਾਂਗ ਹੋ ਜਾਣਗੇ।"

ਜੱਟਾਂ ਨੇ ਲੜਨ ਤੋਂ ਵੇਹਲਿਆਂ ਹੋਕੇ ਇਕ ਇਕ ਗਲਾਸ ਹੋਰ ਡਟਾਇਆ ਤੇ ਪੂਰੇ ਪਸ਼ੂ ਬਣ ਗਏ।

ਕੋਈ ਕਿਸੇ ਦੀ ਨ ਸਣੇ, ਇਕ ਦੂਜੇ ਨੂੰ ਗਾਲ੍ਹਾਂ ਦੇਂਦੇ, ਦਿਲ ਦੀਆਂ ਹਵਾੜਾਂ ਕਢਦੇ, ਆਪੋ ਆਪਣੇ ਘਰਾਂ ਨੂੰ ਟੁਰ ਪਏ। ਦੋ ਦੋ ਤਿੰਨ ਤਿੰਨ ਦੀਆਂ ਜੋਟੀਆਂ ਬਣ ਗਈਆਂ, ਘਰ ਵਾਲਾ ਜੱਟ ਆਪਣੇ ਪ੍ਰਾਹੁਣਿਆਂ ਨੂੰ ਟੋਰਨ ਲਈ ਦਰਵਾਜ਼ੇ ਤਕ ਆਇਆ, ਪਰ ਇਕ ਥਾਂ ਉਸ ਦਾ ਪੈਰ ਤਿਲਕਿਆ ਤੇ ਮੂੰਹ ਦੇ ਭਾਰ ਡਿਗਿਆ ਚਿੱਕੜ ਵਿਚ ਲਿਬੜਿਆ ਹੋਇਆ ਅਤੇ ਸੂਰ ਵਾਂਗ ਲੇਟਿਆ ਹੋਇਆ ਚੀਕਦਾ ਰਿਹਾ।

ਸ਼ੈਤਾਨ ਇਸ ਤੇ ਬਹੁਤ ਖੁਸ਼ ਹੋਇਆ ਤੇ ਭੂਤਨੇ ਨੂੰ ਆਖਣ ਲਗਾ-"ਇਹ ਤੂੰ ਬੜੀ ਸੋਹਣੀ ਚੀਜ਼ ਤਿਆਰ ਕੀਤੀ ਹੈ, ਪਰ ਮੈਨੂੰ ਦਸ ਤਾਂ ਸਹੀ ਇਹ ਕਿਵੇਂ ਬਣਾਈਦੀ ਹੈ? ਤੂੰ ਉਸ ਵਿਚ ਲੂੰਬੜ, ਬਘਿਆੜ ਤੇ ਸੂਰ ਦਾ ਲਹੂ ਜ਼ਰੂਰ ਪਾਇਆ ਹੋਣਾ ਹੈ। ਕਿਉਂ ਜੋ ਇਸ ਦੇ ਪੀਣ ਨਾਲ ਲੂੰਬੜ, ਬਘਿਆੜ ਅਰ ਸੂਰ, ਤਿੰਨਾਂ ਦਾ ਸੁਭਾਵ ਆਦਮੀ ਵਿਚ ਆ ਜਾਂਦਾ ਹੈ?"

ਭੂਤਨੇ ਨੇ ਜਵਾਬ ਦਿਤਾ-ਨਹੀਂ ਜਨਾਬ ਮੈਂ ਇਸ ਤਰਾਂ ਸ਼ਰਾਬ ਤਿਆਰ ਨਹੀਂ ਕੀਤੀ। ਮੈਂ ਕੇਵਲ ਇਹ ਪ੍ਰਬੰਧ ਕੀਤਾ ਸੀ ਕਿ ਜੱਟ ਦੇ ਪਾਸ ਲੋੜ ਤੋਂ ਵਾਧੂ ਕਣਕ ਹੋਵੇ, ਪਸ਼ੂਆਂ ਦਾ ਸੁਭਾਵ ਆਦਮੀ ਵਿਚ ਹੈ, ਪਰ ਜਦ ਤਕ ਰੋਟੀ ਕਮਾਣ ਦਾ ਫ਼ਿਕਰ ਉਸ ਨੂੰ ਪਿਆ ਰਹੇ, ਇਹ ਸੁਭਾ ਦਬਿਆ ਰਹਿੰਦਾ ਹੈ। ਜਦ ਤਕ ਇਸ ਜੱਟ ਨੂੰ ਰੋਟੀ ਕਮਾਉਣ ਦਾ ਫਿਕਰ ਸੀ ਇਸ ਵਿਚ ਪਸ਼ੂ ਪਨ ਨਹੀਂ ਸੀ, ਪਰ ਜਦੋਂ ਇਸ ਦੇ ਪਾਸ ਵਾਧੂ ਧਨ ਕੱਠਾ ਹੋ ਗਿਆ, ਤਾਂ ਇਸ ਨੂੰ ਸਵਾਦਾਂ ਦਾ ਖਿਆਲ ਆਇਆ। ਮੈਂ ਇਸ ਨੂੰ ਸ਼ਰਾਬ ਦਾ ਸਵਾਦ ਪਾਇਆ। ਜਦ ਤੋਂ ਇਸ ਰੱਬ ਦੀ ਦਿਤੀ ਹੋਈ ਕਣਕ ਨੂੰ ਸ਼ਰਾਬ ਵਿਚ ਬਦਲਣਾ ਅਰੰਭ ਕੀਤਾ ਲੂੰਬੜ, ਬਘਿਆੜ ਅਰ ਸੂਰ ਦੇ ਸਭਾ ਇਸ ਵਿਚ ਪ੍ਰਗਟ ਹੋ ਗਏ। ਜੇ ਇਹ ਮਨੁੱਖ ਸ਼ਰਾਬ ਜਾਰੀ ਰਖੇ ਤਾਂ ਇਸ ਵਿਚ ਅਰ ਪਸ਼ੂਆਂ ਵਿਚ ਕੀ ਫਰਕ ਰਹਿ ਜਾਣਾ ਹੈ।"

ਸ਼ੈਤਾਨ ਨੇ ਭੂਤਨੇ ਦੀ ਵਡਿਆਈ ਕੀਤੀ। ਉਸ ਦੀ ਪਿਛਲੀ ਭੁਲ ਖਿਮਾਂ ਕਰ ਦਿਤੀ ਅਰ ਆਪਣੇ ਮਹਿਕਮੇ ਵਿਚ ਉਸ ਦਾ ਵਡਾ ਹੁੱਦਾ ਕਰ ਦਿਤਾ।

_____