ਚੰਬੇ ਦੀਆਂ ਕਲੀਆਂ/ਰੱਬ ਕਿਥੇ ਵਸਦਾ ਹੈ?

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)


ਰੱਬ ਕਿੱਥੇ ਵਸਦਾ ਹੈ ?


ਕਿਸੇ ਸ਼ਹਿਰ ਵਿਚ ਸੰਤੂ ਨਾਮ ਦਾ ਇਕ ਪੂਰਬੀਆ ਮੋਚੀ ਰਹਿੰਦਾ ਸੀ। ਵਡੇ ਸ਼ਹਿਰਾਂ ਵਿਚ ਮਕਾਨਾਂ ਦੇ ਕਰਾਏ ਲਹੂ ਪੀਂਦੇ ਹਨ, ਇਸ ਲਈ ਸੰਤੂ ਨੇ ਇਕ ਵਡੇ ਮਕਾਨ ਦਾ ਭੋਰਾ ਹੀ ਕਿਰਾਏ ਤੇ ਲਿਆ ਹੋਇਆ ਸੀ, ਜਿਸਦੀ ਖਿੜਕੀ ਬਜ਼ਾਰ ਵਲ ਸੀ। ਇਸ ਖਿੜਕੀ ਦੇ ਵਿਚੋਂ ਸੰਤੂ ਨੂੰ ਆਉਣ ਜਾਣ ਵਾਲਿਆਂ ਦੇ ਪੈਰ ਨਜ਼ਰ ਆਉਂਦੇ ਸਨ ਅਰ ਸੰਤੂ ਲੋਕਾਂ ਨੂੰ ਪੈਰਾਂ ਤੋਂ ਪਛਾਣਦਾ ਸੀ। ਉਸ ਨੂੰ ਇਥੇ ਰਹਿੰਦਿਆਂ ਕਈ ਸਾਲ ਬੀਤ ਗਏ ਅਰ ਉਸ ਦੇ ਬਥੇਰੇ ਲੋਕ ਜਾਣੂੰ ਹੋ ਗਏ। ਬਜ਼ਾਰ ਵਿਚ ਭਾਵੇਂ ਹੀ ਕੋਈ ਜੁਤੀ ਅਜੇਹੀ ਲੰਘਦੀ ਹੋਊ, ਜਿਸ ਨੂੰ ਸੰਤੂ ਨੇ ਸੀਤਾ ਜਾਂ ਗੰਢਿਆ ਨ ਹੋਵੇ। ਕੰਮ ਸੁਥਰਾ ਕਰਦਾ ਸੀ, ਚਮੜਾ ਚੰਗਾ ਤੇ ਪੈਸੇ ਵੀ ਵਾਜਬੀ ਲਾਉਂਦਾ ਸੀ, ਡੋਰ ਪੱਕੀ ਵਰਤਦਾ ਸੀ, ਇਸ ਲਈ ਲੋਕ ਇਸ ਨੂੰ ਬਹੁਤ ਕੰਮ ਦੇਂਦੇ ਸਨ। ਝੂਠੇ ਲਾਰੇ ਇਸ ਨੇ ਕਦੇ ਨਹੀਂ ਸੀ ਲਾਏ। ਜੇ ਕੰਮ ਸਮੇਂ ਸਿਰ ਕਰ ਸਕਦਾ ਸੀ ਤਾਂ ਹੱਥ ਪਾਉਂਦਾ ਸੀ, ਨਹੀਂ ਤਾਂ ਪਹਿਲਾਂ ਹੀ ਜਵਾਬ ਦੇ ਦੇਦਾ ਸੀ। ਇਹਨਾਂ ਗੁਣਾਂ ਦੇ ਕਾਰਣ ਸੰਤੂ ਨੂੰ ਕੰਮ ਦਾ ਕੋਈ ਘਾਟਾ ਨਹੀਂ ਸੀ। ਚੰਗਾ ਆਦਮੀ ਸੀ ਅਰ ਹੁਣ ਬੁਢੇ ਹੋਇਆਂ ਉਸ ਨੂੰ ਰੱਬ ਵਾਲੇ ਪਾਸੇ ਦਾ ਫਿਕਰ ਲਗਾ। ਜਦ ਉਹ ਜਵਾਨ ਸੀ ਤੇ ਇਕ ਦੁਕਾਨਦਾਰ ਦੀ ਨੌਕਰੀ ਕਰਦਾ ਸੀ ਤਾਂ ਉਸ ਦੀ ਵਹੁਟੀ ਮਰ ਗਈ ਅਤੇ ਤਿੰਨਾਂ ਵਰ੍ਹਿਆਂ ਦਾ ਮੁੰਡਾ ਛੋੜ ਗਈ। ਸੰਤੂ ਦਾ ਖਿਆਲ ਇਸ ਮੁੰਡੇ ਨੂੰ ਆਪਣੀ ਭੈਣ ਪਾਸ ਭੇਜਣ ਦਾ ਹੋਇਆ, ਪਰ ਫੇਰ ਇਸ ਦੇ ਮਨ ਨੇ ਪਤਾ ਨਹੀਂ ਕੀ ਆਖਿਆ, ਮਾਲਕ ਦੀ ਨੌਕਰੀ ਛੱਡਕੇ ਸੰਤੂ ਨੇ ਇਸ ਭੋਹਰੇ ਵਿਚ ਅਪਣੀ ਦੁਕਾਨ ਪਾ ਲਈ ਅਰ ਮੁੰਡੇ ਨੂੰ ਆਪਣੇ ਕੋਲ ਰਖ ਕੇ ਪਾਲਦਾ ਰਿਹਾ। ਰੱਬ ਡਾਢੇ ਦੀਆਂ ਖੇਡਾਂ, ਮੁੰਡਾ ਜਦ ਸੋਲਾਂ ਵਰ੍ਹਿਆਂ ਦਾ ਗਭਰੂ ਹੋਇਆ ਅਤੇ ਪਿਓ ਨੂੰ ਕੁਝ ਖੱਟਕੇ ਖਵਾਉਣ ਜੋਗਾ ਬਣਿਆ ਤਾਂ ਸੱਤ ਦਿਨ ਮੋਹਰਕੇ ਤਾਪ ਦੇ ਪਿਛੋਂ ਉਹ ਭੀ ਮਰ ਗਿਆ ਅਰ ਸੰਤੂ ਇਕੱਲਾ ਰਹਿ ਗਿਆ। ਆਪਣੇ ਪੁੱਤਰ ਦਾ ਸਸਕਾਰ ਅਰ ਕਿਰਿਆ ਕਰਮ ਕਰਕੇ ਸੰਤੂ ਨੂੰ ਦੁਨੀਆਂ ਹਨੇਰ ਅਰ ਰੱਬ ਆਪਣਾ ਵੈਰੀ ਦਿਸੇ। ਕਈ ਵੇਰੀ ਉਸ ਨੇ ਪ੍ਰਾਰਥਨਾ ਕੀਤੀ-"ਰੱਬਾ ਹੁਣ ਮੈਨੂੰ ਵੀ ਸੱਦ ਲੈ, ਮੇਰਾ ਮੁੰਡਾ ਲਿਆ ਈ, ਮੈਨੂੰ ਕਾਹਨੂੰ ਛੱਡਿਆ ਈ। ਮੈਨੂੰ ਬੁਢੇ ਨੂੰ ਮੌਤ ਕਿਉਂ ਨਹੀਂ ਆਉਂਦੀ?" ਇਸ ਪੁਕਾਰ ਲੱਕ ਤੇ ਦਿਲ ਟੁਟਿਆਂ ਉਸ ਨੇ ਮੰਦਰ ਵਿਚ ਜਾਣਾ ਭੀ ਛਡ ਦਿਤਾ। ਇਕ ਦਿਨ ਸੰਤੂ ਦੇ ਪਿੰਡ ਦਾ ਇਕ ਭਲਾ ਪੁਰਸ਼ ਤੀਰਥ ਯਾਤਰਾ ਤੋਂ ਮੁੜਿਆ ਹੋਇਆ ਰਾਹ ਵਿਚ ਸੰਤੂ ਪਾਸ ਆ ਠਹਿਰਿਆ। ਸੰਤੂ ਨੇ ਆਪਣੇ ਦਿਲ ਦਾ ਹਾਲ ਉਸ ਨੂੰ ਖੋਹਲ ਸੁਣਾਇਆ ਤੇ ਆਖਣ ਲਗਾ- "ਮਹਾਤਮਾਂ ਜੀ, ਮੈਨੂੰ ਜੀਵਨ ਦੀ ਹੁਣ ਕੋਈ ਇਛਿਆ ਨਹੀਂ, ਮੈਂ ਤਾਂ ਹਰ ਘੜੀ ਰਬ ਪਾਸੋਂ ਮੌਤ ਮੰਗਦਾ ਹਾਂ। ਮੇਰਾ ਹੁਣ ਕੌਣ ਸਹਾਰਾ ਰਿਹਾ ਹੈ?" ਬੁਢੇ ਮਹਾਤਮਾ ਨੇ ਆਖਿਆ- "ਸੰਤੂ, ਇਉਂ ਨਹੀਂ ਆਖੀਦਾ, ਸਾਨੂੰ ਰੱਬ ਦੇ ਕੰਮਾਂ ਦਾ ਕੀ ਪਤਾ? ਸਾਰਾ ਕਾਰਖਾਨਾ ਸਾਡੀ ਅਕਲ ਨਾਲ ਨਹੀਂ, ਰਬ ਦੀ ਮਨਸ਼ਾ ਨਾਲ ਚਲ ਰਿਹਾ ਹੈ। ਜੇ ਕਰਤਾਰ ਨੂੰ ਇਹੀ ਭਾਉਂਦਾ ਸੀ ਕਿ ਤੇਰਾ ਮੁੰਡਾ ਜੰਮੇ ਅਰ ਸੋਲਾਂ ਸਾਲ ਪਿਛੋਂ ਮਰ ਜਾਵੇ, ਤਾਂ ਇਹੋ ਚੰਗੀ ਗਲ ਹੈ। ਜੇਹੜਾ ਤੂੰ ਨਿਰਾਸ ਹੋਇਆ ਹੈਂ, ਉਸ ਦਾ ਇਹ ਕਾਰਨ ਹੈ ਕਿ ਤੂੰ ਨਿਰੋਲ ਆਪਣੇ ਵਾਸਤੇ ਜੀਵਨ ਦੀ ਇਛਿਆ ਰਖਦਾ ਹੈਂ।" ਸੰਤੂ ਨੇ ਪੁਛਿਆ-'ਹੋਰ ਮੈਂ ਕਿਸਦੇ ਵਾਸਤੇ ਜੀਵਾਂ ?' ਮਹਾਤਮਾ ਨੇ ਆਖਿਆ-'ਸੰਤੂ, ਰਬ ਦੇ ਵਾਸਤੇ ਜੀਉ । ਉਸ ਨੇ ਤੈਨੂੰ ਜਾਨ ਦਿਤੀ, ਤੂੰ ਉਸ ਦੇ ਵਾਸਤੇ ਜੀ । ਜਦ ਤੂੰ ਰਜ਼ਾ ਵਿਚ ਰਹਿਣਾ ਅਰੰਭ ਕੀਤਾ, ਦੁਖ ਹਟ ਜਾਵੇਗਾ ਤੇ ਤੈਨੂੰ ਹੁਣੇ ਹੀ ਸੁਖ ਭਾਸੇਗਾ' ਸੰਤੂ ਕੁਝ ਚਿਰ ਚੁਪ ਰਿਹਾ ਤੇ ਫੇਰ ਪੁਛਣ ਲਗਾ-'ਰਬ ਦੀ ਰਜ਼ਾ ਵਿਚ ਕਿਦਾਂ ਜੀਵੀਏ ?' ਮਹਾਤਮਾਂ ਬੋਲਿਆ- 'ਇਹ ਗਲਾਂ ਸੰਤਾਂ ਮਹਾਤਮਾਂ ਦੀਆਂ ਹਨ। ਜੇ ਤੂੰ ਗੁਰਮੁਖੀ ਪੜ੍ਹ ਸਕਦਾ ਹੈਂ, ਤਾਂ ਜਾਕੇ ਸੁਖਮਨੀ ਸਾਹਿਬ ਦਾ ਗੁਟਕਾ ਲੈ ਆ, ਓਥੋਂ ਤੈਨੂੰ ਪਤਾ ਲਗੇਗਾ ਕਿ ਰਜ਼ਾ ਕੀ ਹੈ।'

ਮਹਾਤਮਾ ਦੇ ਬਚਨ ਸੰਤੂ ਦੇ ਹਿਰਦੇ ਵਿਚ ਖੁਭ ਗਏ ਅਰ ਉਸ ਨੇ ਉਸੇ ਦਿਨ ਬਾਜ਼ਾਰੋਂ ਮੋਟੇ ਟਾਇਪ ਦਾ ਗੁਟਕਾ ਲਿਆਕੇ ਪਾਠ ਸ਼ੁਰੂ ਕੀਤਾ । ਇਹ ਪਾਠ ਉਹ ਹਰ ਰੋਜ਼ ਨੇਮ ਨਾਲ ਕਰਦਾ ਸੀ ਅਰ ਪਾਠ ਕੀਤਿਆਂ ਉਸ ਨੂੰ ਧੀਰਜ ਆਉਂਦਾ ਸੀ। ਕਿਸੇ ੨ ਰਾਤ ਉਸ ਦੇ ਦੀਵੇ ਵਿਚ ਤੇਲ ਮੁਕ ਜਾਵੇ, ਪਰ ਉਸ ਦਾ ਜੀ ਗੁਟਕਾ ਛਡਣ ਨੂੰ ਨਾ ਕਰੇ। ਜਿਉਂ ਜਿਉਂ ਪੜ੍ਹਦਾ ਗਿਆ, ਉਸ ਨੂੰ ਪਤਾ ਲਗਾ ਕਿ ਰੱਬ ਉਸ ਤੋਂ ਕੀ ਮੰਗਦਾ ਹੈ ਅਤੇ ਰੱਬ ਦੀ ਰਜ਼ਾ ਵਿਚ ਕਿੱਦਾਂ ਰਹੀਦਾ ਹੈ । ਉਸ ਦਾ ਮਨ ਫ਼ੁਲ ਵਾਂਗ ਹੌਲਾ ਹੁੰਦਾ ਗਿਆ । ਇਸ ਤੋਂ ਪਹਿਲਾਂ ਸੌਣ ਲਗਿਆਂ ਉਸ ਦਾ ਮਨ ਉਦਾਸੀ ਤੇ ਚਿੰਤਾ ਦਾ ਭਰਿਆ ਹੋਇਆ ਰਹੇ ਤੇ ਆਪਣੇ ਮੁੰਡੇ ਨੂੰ ਯਾਦ ਕਰਕੇ ਰੱਬ ਨੂੰ ਗਾਲ੍ਹਾਂ ਕਢਿਆ ਕਰੇ, ਹੁਣ ਸੌਣ ਲਗਿਆਂ ਸੰਤੂ ਆਖਦਾ ਸੀ:-

ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ
ਤੇ ਮਨਹਿ ਬਸੇਰਾ ॥ ਨਿਜ ਘਰ ਮਹਲ
ਪਾਵਹੁਸੁਖ ਸਹਿਜੇ ਬਹੁਰਿ ਨ ਹੋਇਗੋ ਫੇਰਾ।

ਹੁਣ ਤੋਂ ਸੰਤੂ ਦਾ ਜੀਵਨ ਬਦਲ ਗਿਆ। ਅਗੇ ਉਹ ਉਦਾਸੀ ਨੂੰ ਦੂਰ ਕਰਨ ਲਈ ਕਦੀ ੨ ਘੁਟ ਕੁ ਪੀ ਲੈਂਦਾ ਸੀ ਤੇ ਨਸ਼ਾ ਭਾਵੇਂ ਨਾ ਚੜ੍ਹੇ ਪਰ ਲੋਕਾਂ ਨੂੰ ਮਖੌਲ ਕਰਨ ਲਗ ਜਾਂਦਾ ਸੀ। ਕਿਸੇ ੨ ਨੂੰ ਗਾਲ੍ਹਾਂ ਭੀ ਕਢ ਬਹਿੰਦਾ ਸੀ। ਹੁਣ ਇਹ ਗੱਲਾਂ ਛੁਟ ਗਈਆਂ । ਉਸ ਦੇ ਜੀਵਨ ਵਿਚ ਅਧਾਰ ਤੇ ਸ਼ਾਂਤੀ ਆ ਗਈ । ਸਵੇਰ ਤੋਂ ਤ੍ਰਿਕਾਲਾਂ ਤਕ ਕੰਮ ਕਰਦਾ ਸੀ ਤੇ ਕੰਮ ਮੁਕਾਕੇ ਦੀਵੇ ਨੂੰ ਦੀਵਕੀ ਤੋਂ ਲਾਹਕੇ ਛੋਟੇ ਸਟੂਲ ਤੇ ਧਰਦਾ ਤੇ ਦਰੀ ਵਿਚੋਂ ਗੁਟਕਾ ਲਿਆਕੇ ਉਸ ਦਾ ਪਾਠ ਕਰਦਾ ਤੇ ਮੁੜ ੨ ਕੇ ਪੜ੍ਹਿਆਂ ਉਸ ਨੂੰ ਵਧੇਰੀ ਸਮਝ ਆਵੇ। ਮਨ ਹੌਲਾ ਤੇ ਰਸ ਭਰਿਆ ਜਾਪੇ। ਇਕ ਰਾਤ ਪਾਠ ਕਰਦਾ ਕਰਦਾ ਸੰਤੂ ਇਹਨਾਂ ਤੁਕਾਂ ਤੇ ਅਟਕ ਗਿਆ ਤੇ ਹੌਲੀ ਹੌਲੀ ਪੜ੍ਹਨ ਲਗਾ-

"ਸਗਲ ਸ੍ਰਿਸਟਿ ਕੋ ਰਾਜਾ ਦੁਖੀਆ॥
ਹਰਿ ਕਾ ਨਾਮੁ ਜਪਤ ਹੋਇ ਸੁਖੀਆ॥
ਲਾਖ ਕਰੋਰੀ ਬੰਧੁ ਨ ਪਰੈ॥
ਹਰਿ ਕਾ ਨਾਮੁ ਜਪਤ ਨਿਸਤਰੈ॥
ਅਨਿਕ ਮਾਇਆ ਰੰਗ ਤਿਖ ਨ ਬੁਝਾਵੈ॥
ਹਰਿ ਕਾ ਨਾਮੁ ਜਪਤ ਅਘਾਵੈ॥
ਜਿਹ ਮਾਰਗ ਇਹ ਜਾਤ ਇਕੇਲਾ॥
ਤਹ ਹਰਿ ਕਾ ਨਾਮੁ ਸੰਗਿ ਹੋਤ ਸੁਹੇਲਾ॥
ਐਸਾ ਨਾਮੁ ਮਨੁ ਸਦਾ ਧਿਆਈਐ॥
ਨਾਨਕ ਗੁਰਮੁਖਿ ਪਰਮ ਗਤਿ ਪਾਈਐ॥"

ਇਸੇ ਸ਼ਬਦ ਨੂੰ ਮੁੜ ੨ ਪੜ੍ਹਕੇ, ਉਸ ਦੇ ਮਨ ਨੂੰ ਧੀਰਜ ਆਵੇ। ਦੁਖ ਕੀ ਚੀਜ਼ ਹੈ? ਬੰਧਨ ਕਾਹਦੇ ਹਨ? ਤ੍ਰਿਸ਼ਨਾਂ ਕਿਸ ਗਲ ਦੀ ਹੈ ਅਤੇ ਇਨ੍ਹਾਂ ਦੁਖਾਂ ਅਰ ਵੇਦਨਾਂ ਦਾ ਇਲਾਜ ਕੀ ਹੈ? ਇਸ ਦਾ ਉਸ ਨੂੰ 'ਨਾਮ' ਇਕੋ ਜਵਾਬ ਮਿਲਿਆ। ਫੇਰ 'ਨਾਮ' ਨੂੰ ਸੋਚਦਾ ੨ ਉਹ ਅਗਾਂਹ ਪਾਠ ਕਰਨ ਲਗਾ ਅਤੇ ਇਥੇ ਪਹੁੰਚਿਆ:-

ਨਾਨਾ ਰੂਪ ਨਾਨਾ ਜਾਕੇ ਰੰਗ॥
ਨਾਨਾ, ਭੇਖ ਕਰੇ ਇਕ ਰੰਗ॥
ਨਾਨਾ ਬਿਧਿ ਕੀਨੋ ਬਿਸਥਾਰੁ॥
ਪ੍ਰਭੁ ਅਬਿਨਾਸੀ ਏਕੰਕਾਰ ॥

ਨਾਨਾ ਚਲਤ ਕਰੇ ਖਿਨ ਮਾਹਿ॥
ਪੁਰਿ ਰਹਿਓ ਪੂਰਨੁ ਸਭ ਠਾਇ॥
ਨਾਨਾ ਬਿਧ ਕਰਿ ਬਨਤ ਬਨਾਈ॥
ਅਪਨੀ ਕੀਮਤ ਆਪੇ ਪਾਈ॥
ਸਭ ਘਟ ਤਿਸਕੇ ਸਭ ਤਿਸਕੇ ਠਾਉ॥
ਜਪਿ ਜਪਿ ਜੀਵੈ ਨਾਨਕ ਹਰਿ ਨਾਉ॥

ਇਥੇ ਪਹੁੰਚਕੇ ਉਸ ਨੂੰ ਖਿਆਲ ਆਇਆ 'ਜੇ ਰਬ ਸਾਰੇ ਘਟਾਂ ਵਿਚ ਵਸਦਾ ਹੈ ਅਰ ਸਾਰੇ ਨਾਉਂ ਉਸ ਦੇ ਹੀ ਹਨ, ਤਾਂ ਮੈਨੂੰ ਕਿਉਂ ਨਹੀਂ ਦਿਸਦਾ? ਕੀ ਮੈਨੂੰ ਭੀ ਕਦੇ ਰਬ ਦੇ ਦਰਸ਼ਨ ਹੋਣਗੇ। ਦਰਸ਼ਨ ਨਾਲ ਸ਼ਾਂਤੀ ਆਉਣੀ ਹੈ ਅਰ ਦਰਸ਼ਨ ਘਟਾਂ ਵਿਚ ਵਸਕੇ ਦੇਂਦਾ ਹੈ। ਮੈਨੂੰ ਭੀ ਕਦੀ ਝਲਕਾਰਾ ਵਜੇਗਾ?' ਇਹੀ ਸੋਚਦਿਆਂ ਸੰਤੂ ਨੂੰ ਨੀਂਦਰ ਆ ਗਈ। ਦੀਵਾ ਜਗਦਾ ਰਿਹਾ ਅਤੇ ਸੰਤੂ ਊਂਘਦਾ ਰਿਹਾ। ਅਚਨਚੇਤ ਉਸ ਨੂੰ ਆਵਾਜ ਕੰਨੀ ਪਈ। ਇਹ ਆਵਾਜ਼ ਇਉਂ ਸੀ, ਜਿਦਾਂ ਕੋਈ ਉਸ ਦੇ ਕੰਨ ਦੇ ਪਾਸ ਬੋਲ ਰਿਹਾ ਹੋਵੇ। ਤ੍ਰਬਕਕੇ ਸੰਤੁ ਜਾਗਿਆ ਅਤੇ ਕਿਹਾ-'ਕੌਣ ਹੈ' ਉਸ ਨੇ ਚਾਰੇ ਪਾਸੇ ਵੇਖਿਆ, ਦਰਵਾਜ਼ੇ ਵਲ ਵੇਖਿਆ, ਉਧਰ ਭੀ ਕੋਈ ਨਹੀਂ ਸੀ। ਉਸ ਨੇ ਡਰਦਿਆਂ ਹੌਲੀ ਜਿਹੀ ਫੇਰ ਕਿਹਾ- 'ਕੌਣ ਹੈ?' ਤਾਂ ਉਸ ਨੂੰ ਬਿਲਕੁਲ ਸਾਫ ਅਰ ਬਰੀਕ ਆਵਾਜ਼ ਕੰਨੀ ਪਈ- 'ਸੰਤੂ ਕਲ੍ਹ ਮੈਂ ਤੇਰੀ ਗਲੀ ਆਵਾਂਗਾ। ਮੈਨੂੰ ਵੇਖਣਾ ਈਂ ਤਾਂ ਉਡੀਕੀਂਂ।' ਸੰਤੂ ਨੇ ਚੌਕੱਨੇ ਹੋਕੇ ਅੰਗੜਾਈ ਲਈ। ਫਰਸ਼ ਤੋਂ ਉਠਿਆ, ਅਖਾਂ ਨੂੰ ਮਲਿਆ, ਪਰ ਇਹ ਪਤਾ ਨਾ ਲਗੇ ਕਿ ਇਹ ਮੈਂ ਸੁਪਨਾ ਵੇਖਿਆ ਹੈ ਕਿ ਸਚੀ ਮੁਚੀ ਆਵਾਜ਼ ਪਈ ਹੈ। ਦੀਵਾ ਬੁਝਾਕੇ ਉਹ ਮੰਜੀ ਤੇ ਜਾ ਲੇਟਿਆ, ਅਰ ਸੌਂ ਗਿਆ।

ਦੂਜੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਉਠਕੇ ਉਸ ਨੇ ਇਸ਼ਨਾਨ ਪਾਣੀ ਕੀਤਾ ਅਰ ਆਪਣੇ ਕੰਮ ਤੇ ਆ ਬੈਠਾ। ਰਾਤ ਵਾਲੀ ਗਲ ਉਸ ਨੂੰ ਯਾਦ ਸੀ। ਕਦੀ ਉਹ ਇਸ ਨੂੰ ਸੁਪਨਾਂ ਸਮਝੇ ਤੇ ਕਦੀ ਆਖੇ-'ਆਵਾਜ਼ ਸਚੀ ਸੀ ਅਰ ਮੈਂ ਹੋਸ਼ ਹਵਾਸ਼ ਵਿਚ ਕੰਨੀਂ ਸੁਣੀ ਸੀ ਤੇ ਜੇ ਹੋਰ ਲੋਕ ਅਕਾਸ਼ ਬਾਣੀ ਸੁਣਦੇ ਰਹੇ ਹਨ ਤਾਂ ਕੀ ਪਤਾ ਮੈਨੂੰ ਭੀ ਅਕਾਸ਼ ਬਾਣੀ ਆਈ ਹੋਵੇ।' ਇਸ ਸੋਚ ਵਿਚ ਉਹ ਬਾਰੀ ਦੇ ਪਾਸ ਬਹਿਕੇ ਅਰ ਓਥੇ ਹੀ ਆਰ, ਧਾਗਾ ਅਰ ਅਧ-ਸੀਤੀਆਂ ਜੁਤੀਆਂ ਫੜਕੇ ਕੰਮ ਨੂੰ ਜੁਟ ਗਿਆ, ਅਰ ਜਦ ਖੜਾਕ ਸੁਣੇ, ਬੈਠਾ ੨ ਬਾਰੀ ਵਿਚੋਂ ਵੇਖ ਲਵੇ ਜੇ ਕੋਈ ਓਪਰੀ ਜੁਤੀ ਹੋਵੇ ਤਾਂ ਸਿਰ ਚੁਕਕੇ ਉਤਾਂਹ ਵੇਖ ਲਵੇ।

ਪਹਿਲਾਂ ਇਕ ਮਾਸ਼ਕੀ ਲੰਘਿਆ ਫੇਰ ਕਸਾਈਆਂ ਦਾ ਇਕ ਮੁੰਡਾ ਦੌੜਦਾ ਗਿਆ ਅਤੇ ਇਸ ਦੇ ਪਿਛੋਂ ਇਕ ਬੁਢਾ ਮੇਹਤਰ ਪੁਰਾਣੇ ਫੌਜੀ ਬੂਟ ਪਾਕੇ ਹੌਲੀ ਹੌਲੀ ਆਇਆ।

ਇਸ ਦਾ ਨਾਮ ਬਿਸ਼ਨਾ ਸੀ ਅਤੇ ਇਸ ਨੇ ਅਫਰੀਕਾ ਵਾਲੀ ਬੌਇਰਾਂ ਦੀ ਲੜਾਈ ਵਿਚ ਹਿਸਾ ਲਿਆ ਹੋਇਆ ਸੀ, ਪਰ ਹੁਣ ਬਹੁਤ ਬੁਢਾ ਹੋਣ ਦੇ ਕਾਰਨ ਪੈਨਸ਼ਨ ਤੇ ਸੀ। ਪਿਨਸ਼ਨ ਕੇਵਲ ੩) ਰੁਪਏ ਮਹੀਨਾ ਸੀ, ਇਸ ਲਈ ਗਲੀਆਂ ਸਾਫ ਕਰਕੇ ਉਹ ਕੁਝ ਹੋਰ ਰੁਪਏ ਬਣਾ ਲੈਂਦਾ ਸੀ ਅਰ ਇਦਾਂ ਗੁਜ਼ਾਰਾ ਤੋਰਦਾ ਸੀ। ਅੱਜ ਭੀ ਉਹ ਸਦਾ ਵਾਂਗ ਝਾੜੂ ਹਥ ਵਿਚ ਫੜਕੇ ਸਫਾਈ ਕਰਨ ਨੂੰ ਆਇਆ। ਸੰਤੂ ਮੂੰਹ ਵਿਚ ਆਖਣ ਲਗਾ, ਮੈਂ ਭੀ ਝੱਲਾ ਹੋ ਚਲਿਆ ਹਾਂ। ਬਿਸ਼ਨਾ ਮੇਹਤਰ ਝਾੜੂ ਚੁਕਕੇ ਆਇਆ ਹੈ ਤੇ ਮੈਂ ਉਸ ਨੂੰ ਰਬ ਦੇ ਭੁਲੇਖੇ ਸਿਰ ਚੁਕਕੇ ਵੇਖਦਾ ਹਾਂ, ਮੈਂ ਭੀ ਚੰਗਾ ਬੁਢਾ ਮੂਰਖ ਹਾਂ।

ਜੁਤੀ ਦੇ ਤੱਲੇ ਨੂੰ ਦੋ ਕੁ ਤੋਪੇ ਲਾਕੇ ਉਸ ਨੇ ਫੇਰ ਬਿਸ਼ਨੇ ਵਲ ਵੇਖਿਆ। ਪੋਹ ਦਾ ਮਹੀਨਾ, ਸਵੇਰ ਦਾ ਵਕਤ, ਕੰਕਰ ਪਵੇ, ਹਥ ਪੈਰ ਆਕੜਦੇ ਜਾਵਣ, ਬਿਸ਼ਨਾ ਵਿਚਾਰਾ ਠੰਡੀ ਹਵਾ ਤੋਂ ਬਚਣ ਲਈ ਇਕ ਗੁਠ ਵਿਚ ਲੁਕਿਆ ਖੜਾ ਸੀ। ਬਿਰਧ ਅਵਸਥਾ, ਸਰੀਰ ਵਿਚ ਆਸੰਗ ਨਹੀਂ ਸੀ। ਝਾੜੂ ਕਿਦਾਂ ਦੇਵੇ?

ਸੰਤੂ ਨੇ ਸੋਚਿਆ, ਵਿਚਾਰਾ ਬਹੁਤ ਬੁਢਾ ਹੈ। ਇਸ ਨੂੰ ਅੰਦਰ ਬੁਲਾਕੇ ਚਾਹ ਕਿਉਂ ਨਾਂ ਪਿਆਵਾਂ? ਆਪਣੀ ਆਰ ਨੂੰ ਠੋਕਕੇ ਸੰਤੂ ਉਠਿਆ ਅਤੇ ਤਾਂਬੀਆ ਚੁਲ੍ਹੇ ਤੇ ਧਰਕੇ ਪਾਣੀ ਉਬਲਣਾ ਧਰ ਦਿਤਾ, ਫੇਰ ਬਾਰੀ ਵਿਚ ਜਾਕੇ ਉਸ ਨੇ ਬਿਸ਼ਨੇ ਨੂੰ ਇਸ਼ਾਰਾ ਕੀਤਾ ਅਤੇ ਆਪ ਬੂਹਾ ਖੋਲ੍ਹਣ ਲਈ ਗਿਆ। ਬੂਹਾ ਖੋਲ੍ਹਕੇ ਉਸ ਨੇ ਆਖਿਆ-'ਆ ਸਜਣਾਂ ਅੰਦਰ ਆਕੇ ਅੱਗ ਸੇਕ।'

'ਰਬ ਤੇਰਾ ਭਲਾ ਕਰੇ, ਮੇਰੀਆਂ ਤਾਂ ਹਡੀਆਂ ਵਿਚ ਪਾਲਾ ਵੜ ਗਿਆ ਹੈ' ਇਹ ਆਖਕੇ ਬਿਸ਼ਨਾ ਅੰਦਰ ਆਇਆ ਅਤੇ ਔਣ ਲਗਿਆਂ ਆਪਣੇ ਪੈਰਾਂ ਤੋਂ ਮਿੱਟੀ ਲਾਹੁਣ ਲਗਿਆਂ ਸੰਭਲ ਨ ਸਕਿਆ ਤੇ ਡਿਗ ਪਿਆ। ਸੰਤੂ ਨੇ ਆਖਿਆ-'ਜਾਣ ਭੀ ਦੇਹ, ਪੈਰ ਨ ਸਾਫ ਕਰ, ਮੈਂ ਸਫ਼ ਆਪੇ ਝਾੜ ਲਵਾਂਗਾ, ਇਥੇ ਆਕੇ ਬਹਿ ਜਾ ਅਰ ਚਾਹ ਪੀ।'

ਇਕ ਗਲਾਸ ਚਾਹ ਦਾ ਭਰ ਕੇ ਉਸ ਨੇ ਬਿਸ਼ਨੇ ਨੂੰ ਦਿਤਾ ਤੇ ਦੂਜੇ ਛੰਨੇ ਵਿਚ ਪਾਕੇ ਆਪ ਪੀਣ ਲਗਾ। ਬਿਸ਼ਨੇ ਨੇ ਛੇਤੀ ਗਲਾਸ ਮੁਕਾ ਲਿਆ ਤੇ ਸੰਤੂ ਨੇ ਇਕ ਹੋਰ ਭਰ ਦਿੱਤਾ, ਪਰ ਚਾਹ ਪੀਂਦਿਆਂ ਵੀ ਸੰਤੂ ਦੀ ਨਜ਼ਰ ਬਾਜ਼ਾਰ ਵਲ ਰਹੀ, ਕਿਤੇ ਰੱਬ ਲੰਘ ਨਾ ਜਾਵੇ।

ਬਿਸ਼ਨੇ ਪੁਛਿਆ-'ਕਿਸ ਦੀ ਉਡੀਕ ਹੈ?'

ਸੰਤੂ-'ਹੈ, ਮੈਂ, ਆਹੋ, ਗਲ ਤਾਂ ਕਮਲਿਆਂ ਵਾਲੀ ਹੈ, ਪਰ ਰਾਤ ਮੈਂ ਜੋ ਕੁਝ ਸੁਣਿਆ, ਉਹ ਮੇਰੇ ਦਿਲ ਵਿਚੋਂ ਨਿਕਲਦਾ ਨਹੀਂ, ਪਤਾ ਨਹੀਂ ਉਹ ਸੁਪਨਾ ਸੀ ਕਿ ਸਚੀ ਗਲ ਸੀ, ਤੂੰ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈਂ?'

ਬਿਸ਼ਨਾ-'ਨਹੀਂ, ਮੈਂ ਮੂਰਖ ਮਿਹਤਰ! ਮੈਂ ਤਾਂ ਪਾਪੀ ਹਾਂ, ਮੈਨੂੰ ਪਾਠ ਦਾ ਕੀ ਪਤਾ?' ਸੰਤੂ-'ਮੈਂ ਰਾਤ ਪਾਠ ਕਰਦਾ ਸਾਂ । ਪਾਠ ਪਿਛੋਂ ਕੁਝ ਊਂਘ ਜਿਹੀ ਆ ਗਈ ਤੇ ਮੇਰੇ ਕੰਨ ਵਿਚ ਆਵਾਜ਼ ਪਈ-'ਸੰਤੂ! ਕਲ੍ਹ ਮੈਂ ਤੇਰੀ ਗਲੀ ਆਵਾਂਗਾ, ਮੈਨੂੰ ਵੇਖਣਾ ਈਂ ਤਾਂ ਉਡੀਕੀਂਂ'। ਮੈਂ ਸੋਚਦਾ ਸੀ ਭਾਈ ਸ਼ਾਂਤੀ ਰੱਬ ਦੇ ਨਾਮ ਵਿਚ ਹੈ, ਦਰਸ਼ਨ ਬਿਨਾਂ ਸ਼ਾਂਤੀ ਨਹੀਂ। ਕੀ ਮੈਂ ਭੀ ਕਦੀ ਦਰਸ਼ਨ ਕਰਾਂਗਾ?' ਬਿਸ਼ਨੇ ਨੂੰ ਇਸ ਗਲ ਦੀ ਸਮਝ ਨ ਪਈ ਉਸ ਨੇ ਗਿਲਾਸ ਮੁਕਾਕੇ ਮੂਧਾ ਰਖ ਦਿਤਾ, ਪਰ ਸੰਤੂ ਨੇ ਫੇਰ ਭਰ ਦਿਤਾ।

ਸੰਤੂ:-'ਪੀ, ਮਿੱਤਰਾ, ਪੀ! ਕੋਧਰੇ ਦੀ ਰੋਟੀ ਖਾਣ ਵਾਸਤੇ ਗੁਰੂ ਨਾਨਕ ਜੀ ਏਮਨਾਬਾਦ ਗਏ। ਮਾਈ ਦਾ ਖੱਦਰ ਦਾ ਚੋਲਾ ਪਹਿਨਣ ਲਈ ਗੁਰੂ ਹਰਿਗੋਬਿੰਦ ਸਾਹਿਬ ਜੀ ਕਸ਼ਮੀਰ ਅਪੜੇ। ਗਰੀਬਾਂ ਦੇ ਘਰ ਤਾਂ ਸਾਂਈ ਟੁਰਕੇ ਆਉਂਦਾ ਹੈ, ਜੇ ਇਉਂ ਨ ਕਰੇ ਤਾਂ ਗਰੀਬਾਂ ਦੀ ਜਾਹ ਕਿਥੇ? ਤੀਰਥ ਯਾਤਰਾ ਪੁੰਨ ਦਾਨ ਅਮੀਰਾਂ ਦੇ ਕੰਮ। ਅਸੀਂ ਤਾਂ ਘਰ ਆਏ ਰਬ ਨੂੰ ਸੁਕੀ ਰੋਟੀ ਅਤੇ ਰੁਖੀ ਚਾਹ ਦੇ ਸਕਦੇ ਹਾਂ, ਪਰ ਸਾਈਂ ਹੋਇਆ ਜੁ ਗਰੀਬਾਂ ਦਾ ਪਾਤਸ਼ਾਹ, ਆਪੇ ਕਦੀ ਆਵੇਗਾ।'

ਬਿਸ਼ਨੇ ਨੂੰ ਚਾਹ ਭੁਲ ਗਈ, ਉਸ ਦੀਆਂ ਅੱਖਾਂ ਤੋਂ ਹੰਝੂ ਵਗ ਤੁਰੇ ਤੇ ਗੋਲ ੨ ਅੱਥਰੂ ਗੱਲਾਂ ਤੋਂ ਉਤਰਕੇ ਤਲੇ ਡਿਗੇ, ਸੰਤੂ ਨੇ ਆਖਿਆ:'ਹੋਰ ਚਾਹ ਪੀ ਭਈ ਸਜਣਾ' ਪਰ ਬਿਸ਼ਨੇ ਨੇ ਆਪਣੇ ਪਾਟੇ ਹੋਏ ਪਰਨੇ ਨਾਲ ਮੂੰਹ ਪੂੰਝਿਆ ਤੇ ਆਖਣ ਲਗਾ: 'ਬਸ ਸਾਂਈ ਤੈਨੂੰ ਨੇਕੀ ਦੇਵੇ, ਤੂੰ ਮੈਨੂੰ ਚਾਹ ਤੇ ਆਤਮ ਅੰਮ੍ਰਿਤ ਦੋਵੇਂ ਪਿਲਾਏ ਹਨ।'

ਸੰਤੂ- 'ਧੰਨ ਭਾਗ, ਬਿਸ਼ਨਿਆਂ, ਫੇਰ ਵੀ ਆਵੀਂ, ਮੈਨੂੰ ਤੇਰੇ ਆਇਆਂ ਖੁਸ਼ੀ ਹੁੰਦੀ ਹੈ। ਜ਼ਰੂਰ ਦਰਸ਼ਨ ਦੇ ਜਾਵੀਂ।'

ਬਿਸ਼ਨਾ ਟੁਰ ਗਿਆ ਤੇ ਸੰਤੂ ਚਾਹ ਮੁਕਾਕੇ ਫੇਰ ਆਪਣੇ ਕੰਮ ਤੇ ਜਾ ਬੈਠਾ। ਕੰਮ ਕਰਦਾ ਕਰਦਾ ਫੇਰ ਬਾਰੀ ਥਾਂਣੀ ਵੇਖੇ ਤੇ ਬੈਠਾ ਰਬ ਨੂੰ ਉਡੀਕੇ। ਦੋ ਸਿਪਾਹੀ ਲੰਘੇ ਤੇ ਫੇਰ ਇਕ ਮੋਚੀ, ਫੇਰ ਦੋ ਭਟਿਆਰਨਾਂ ਲੜਦੀਆਂ ਲੰਘ ਗਈਆਂ, ਫੇਰ ਇਕ ਪੇਂਡੂ ਜ਼ਨਾਨੀ ਪੁਰਾਣੀ ਜੁਤੀ ਪਾਈ ਹੋਈ ਤੇ ਫਟਿਆ ਹੋਇਆ ਪਰਨਾਂ ਸਿਰ ਤੇ ਰੱਖੀ ਹੋਈ ਆਈ ਤੇ ਸੰਤੂ ਦੀ ਬਾਰੀ ਥੱਲੇ ਹਵਾ ਤੋਂ ਬਚਣ ਲਈ ਖਲੋ ਗਈ। ਸੰਤੂ ਨੇ ਦੇਖਿਆ ਕਿ ਇਸ ਜਨਾਨੀ ਦੇ ਕੁਛੜ ਦੁਧ ਪੀਂਦਾ ਬਚਾ ਹੈ, ਪਾਲੇ ਨਾਲ ਕੰਬਦਾ ਹੈ, ਮਾਂ ਉਸ ਦੇ ਉਦਾਲੇ ਕਪੜਾ ਦੇਣ ਦੀ ਕਰਦੀ ਹੈ, ਪਰ ਉਸ ਦੇ ਪਾਸ ਕਪੜਾ ਨਹੀਂ ਜੋ ਮੁੰਡੇ ਨੂੰ ਪਾਲੇ ਤੋਂ ਬਚਾਵੇ। ਬਾਰੀ ਵਿਚੋਂ ਸੰਤੂ ਨੇ ਮੁੰਡੇ ਦਾ ਰੋਣਾ ਤੇ ਮਾਂ ਦੇ ਮੂੰਹੋਂ-'ਨਾ ਮੇਰਾ ਬੱਚਾ' ਦੀ ਆਵਾਜ਼ ਸੁਣੀ। ਉਹ ਉਠਿਆ ਤੇ ਦਰਵਾਜ਼ਾ ਖੋਲ੍ਹਕੇ ਉਸ ਨੂੰ ਆਖਣ ਲਗਾ-'ਬੀਬੀ, ਬੀਬੀ, ਬੱਚਾ, ਅੰਦਰ ਆ ਜਾ।'

ਜ਼ਨਾਨੀ ਨੇ ਸੁਣਕੇ ਮੂੰਹ ਏਧਰ ਨੂੰ ਕੀਤਾ ਤੇ ਸੰਤੂ ਨੇ ਫੇਰ ਕਿਹਾ:-'ਬੀਬੀ ਬਾਹਰ ਮੁੰਡੇ ਨੂੰ ਲਈ ਫਿਰਦੀ ਹੈਂ, ਅੰਦਰ ਆ ਜਾ, ਇਥੇ ਆਣਕੇ ਮੁੰਡੇ ਤੇ ਕਪੜਾ ਪਾ, ਐਸ ਰਸਤੇ ਆ ਜਾ।'

ਜ਼ਨਾਨੀ ਹੈਰਾਨ ਤਾਂ ਹੋਈ, ਕਿ ਇਹ ਐਨਕਾਂ ਵਾਲਾ ਬੁਢਾ ਕੌਣ ਹੈ, ਪਰ ਉਸ ਨੂੰ ਬਾਬਾ ਵੇਖਕੇ ਅੰਦਰ ਆ ਗਈ। ਸੰਤੂ ਨੇ ਉਸ ਨੂੰ ਮੰਜੇ ਤੇ ਬਿਠਾ ਲਿਆ ਤੇ ਅੰਗੀਠੀ ਉਸ ਦੇ ਨੇੜੇ ਕਰ ਦਿਤੀ ਤੇ ਆਖਣ ਲਗਾ:-'ਲੈ ਬੀਬੀ ਅਗ ਸੇਕ ਤੇ ਮੁੰਡੇ ਨੂੰ ਦੁਧ ਪਿਆ।'

ਜ਼ਨਾਨੀ-"ਦੁਧ ਕਿਥੇ? ਮੈਨੂੰ ਰੋਟੀ ਖਾਧਿਆਂ ਤਿੰਨ ਦਿਨ ਹੋ.........." ਅਰ ਉਸ ਨੇ ਮੁੰਡੇ ਨੂੰ ਛਾਤੀ ਦੇ ਨਾਲ ਲਾ ਲਿਆ।

ਸੰਤੂ ਨੇ ਇਕ ਆਲੇ ਵਿਚੋਂ ਕੁਝ ਦੁਧ ਕਢਿਆ ਤੇ ਇਕ ਡਬਲ ਰੋਟੀ ਵਿਚ ਪਾਕੇ ਉਸ ਨੂੰ ਦੇਕੇ ਕਿਹਾ, 'ਬੈਠ ਜਾ ਪੁਤਰ, ਬੈਠਕੇ ਇਹ ਛਕ ਲੈ ਤੇ ਮੈਂ ਤੇਰੇ ਮੁੰਡੇ ਨੂੰ ਹੂਟੇ ਦਿਆਂਗਾ, ਮੇਰੇ ਵੀ ਮੁੰਡੇ ਹੁੰਦੇ ਸਨ, ਮੈਨੂੰ ਪਤਾ ਹੈ ਕਿ ਨਿਆਣੇ ਕਿੱਦਾਂ ਖਿਡਾਈਦੇ ਹਨ।'

ਮੁੰਡੇ ਨੂੰ ਮੰਜੇ ਤੇ ਪਾਕੇ ਸੰਤੂ ਉਸ ਨੂੰ ਪਰਚਾਣ ਲਈ ਸੀਟੀ ਵਜਾਣ ਲਗਾ, ਪਰ ਬੁਢਾ ਬੰਦਾ ਸੀ, ਸੀਟੀ ਠੀਕ ਨਾ ਵਜੇ। ਫੇਰ ਉਸਨੇ ਆਪਣੀ ਉਂਗਲੀ ਮੁੰਡੇ ਦੇ ਮੂੰਹ ਦੇ ਨੇੜੇ ਲਿਜਾਕੇ ਪਿਛਾਂਹ ਕਰ ਲਈ। ਇਸ ਤਰਾਂ ਕਰਨ ਨਾਲ ਮੁੰਡੇ ਨੇ ਰੋਣਾ ਬੰਦ ਕਰ ਦਿਤਾ ਅਤੇ ਉਂਗਲੀ ਨੂੰ ਫੜਨ ਲਗਾ। ਹੌਲੀ ੨ ਮੁੰਡਾ ਖੁਸ਼ ਹੋ ਗਿਆ ਤੇ ਖਿੜ ਖਿੜਾਕੇ ਹਸ ਪਿਆ, ਜ਼ਨਾਨੀ ਡਬਲ ਰੋਟੀ ਤੇ ਦੁਧ ਪੀਦੀਂਂ ਰਹੀ ਤੇ ਆਪਣਾ ਹਾਲ ਦਸਦੀ ਰਹੀ:"ਮੇਰਾ ਮਰਦ ਸਿਪਾਹੀ ਹੈ, ਅਠ ਮਹੀਨੇ ਹੋ ਗਏ ਉਸ ਨੂੰ ਲਾਮ ਤੇ ਗਿਆਂ। ਮੈਂ ਪਹਿਲੋਂ ਤਾਂ ਇਕ ਘਰ ਵਿਚ ਨੌਕਰ ਸਾਂ, ਪਰ ਜਦ ਮੇਰਾ ਮੁੰਡਾ ਹੋਇਆ ਤਾਂ ਉਹਨਾਂ ਮੈਨੂੰ ਕਢ ਦਿਤਾ ਅਤੇ ਹੁਣ ਨੌਕਰੀ ਦੀ ਢੂੰਡ ਵਿਚ ਮੁੰਡਾ ਚੁਕਕੇ ਫਿਰਦੀ ਹਾਂ। ਪਤਾ ਲਗਾ ਸੀ ਅਗਲੇ ਪਿੰਡ ਇਕ ਨੋਕਰਿਆਣੀ ਦੀ ਲੋੜ ਹੈ, ਓਥੇ ਚਲੀ ਸਾਂ।"

ਸੰਤੂ:-'ਤੇਰੇ ਪਾਸ ਮੁੰਡੇ ਲਈ ਗਰਮ ਕਪੜਾ ਕੋਈ ਨਹੀਂ?'

ਜ਼ਨਾਨੀ:-"ਕਪੜੇ ਕਿਥੇ ਹੋਣ? ਮੈਂ ਤਾਂ ਆਪਣੀ ਅਖ਼ੀਰੀ ਚਾਦਰ ਕੁਲ । = ) ਨੂੰ ਇਕ ਬਾਣੀਏ ਪਾਸ ਬੰਦ ਰਖ ਦਿਤੀ ਹੈ।"

ਜ਼ਨਾਨੀ ਨੇ ਦੁਧ ਮੁਕਾਕੇ ਮੁੰਡੇ ਨੂੰ ਚੁਕਿਆ ਤੇ ਤੁਰਨ ਲਗੀ। ਸੰਤੂ ਨੇ ਟੋਲ ਕੇ ਆਪਣਾ ਇਕ ਪੁਰਾਣਾ ਕੋਟ ਲਿਆ ਦਿਤਾ "ਲੈ ਇਹ ਲੈ ਲੈ ਇਸ ਨਾਲ ਮੁੰਡੇ ਨੂੰ ਕੱਜ ਲੈ।"

ਜ਼ਨਾਨੀ ਨੇ ਪਹਿਲਾਂ ਕੋਟ ਵੇਖਿਆ ਫੋਰ ਬੁਢੇ ਸੰਤੂ ਵਲ ਵੇਖਿਆ, ਉਸ ਦੀਆਂ ਅੱਖਾਂ ਵਿਚ ਹੰਝੂ ਭਰ ਆਏ, ਕਹਿਣ ਲਗੀ:-

"ਬਾਬਾ ਜੀ! ਮੈਨੂੰ ਤਾਂ ਕਿਤੇ ਆਪ ਨਿਰੰਕਾਰ ਨੇ ਤੁਸਾਡੇ ਘਰ ਨੇੜੇ ਭੇਜਿਆ, ਨਹੀਂ ਤਾਂ ਮੈਂ ਤੇ ਮੇਰਾ ਮੁੰਡਾ ਪਾਲੇ ਨਾਲ ਮਰ ਜਾਂਦੇ, ਤੁਸਾਂਨੂੰ ਰਬ ਨੇ ਬਾਰੀ ਵਿਚੋਂ ਵੇਖਣ ਲਈ ਆਖਿਆ ਤੇ ਮੈਂ ਗ਼ਰੀਬਣੀ ਬਚ ਗਈ।"

ਸੰਤੂ ਨੇ ਮੁਸਕਰਾ ਕੇ ਆਖਿਆ "ਹਾਂ, ਠੀਕ ਹੈ। ਮੈਨੂੰ ਰਬ ਨੇ ਹੀ ਬਾਰੀ ਵਿਚੋਂ ਵੇਖਣ ਲਈ ਆਖਿਆ ਸੀ?" ਫੇਰ ਉਸ ਨੇ ਰਾਤ ਦਾ ਸੁਪਨਾ ਤੇ ਬਾਰੀ ਵਿਚੋਂ ਬਾਹਰ ਝਾਕਣ ਦਾ ਕਾਰਨ ਦਸਿਆ। ਜ਼ਨਾਨੀ ਕਹਿਣ ਲਗੀ, ਕੀ ਪਤਾ ਸਚੀ ਗਲ ਹੋਵੇ, ਰਬ ਸਭ ਕੁਝ ਕਰ ਸਕਦਾ ਹੈ, ਇਉਂ ਕਹਿਕੇ ਉਸ ਨੇ ਅਧਾ ਕੋਟ ਆਪਣੇ ਉਪਰ ਅਤੇ ਅਧਾ ਮੁੰਡੇ ਉਪਰ ਲਪੇਟਿਆ। ਸੰਤੂ ਨੇ ਉਸ ਨੂੰ ਚਾਦਰ ਛਡਾਣ ਲਈ । =) ਦਿਤੇ ਤੇ ਜ਼ਨਾਨੀ "ਵਾਹ ਰਬ ਜੀ! ਵਾਹ ਰਬ ਜੀ!" ਕਹਿੰਦੀ ਉਥੋਂ ਤੁਰ ਗਈ।

ਜ਼ਨਾਨੀ ਦੇ ਟੁਰ ਜਾਣ ਤੇ ਸੰਤੂ ਫੇਰ ਆਪਣੇ ਕੰਮ ਤੇ ਲਗ ਗਿਆ, ਪਰ ਇਕ ਅਖ ਕੰਮ ਵਲ ਤੇ ਇਕ ਅਖ ਬਾਰੀ ਦੇ ਬਾਹਰ। ਕਈ ਲੋਕ ਲੰਘ ਗਏ ਪਰ ਉਹਨਾਂ ਵਿਚੋਂ ਕੋਈ ਅਜਿਹਾ ਨਹੀਂ ਸੀ ਜਿਸ ਨੂੰ ਉਹ ਰਬ ਸਮਝ ਸਕੇ। ਥੋੜੇ ਚਿਰ ਪਿਛੋਂ ਸੇਉ ਵੇਚਣ ਵਾਲੀ ਇਕ ਜ਼ਨਾਨੀ ਉਸ ਦੀ ਬਾਰੀ ਪਾਸ ਆ ਖਲੋਤੀ। ਉਸ ਦੇ ਪਾਸ ਟੋਕਰੀ ਤਾਂ ਵਡੀ ਸੀ, ਪਰ ਸੋਉ ਥੋੜੇ ਰਹਿ ਗਏ ਸਨ। ਪਿਛੇ ਉਸ ਨੇ ਕੁਝ ਬਾਲਣ ਬੰਨ੍ਹਿਆ ਹੋਇਆ ਸੀ। ਬਾਰੀ ਦੇ ਪਾਸ ਖਲੋਕੇ ਉਸ ਨੇ ਟੋਕਰੀ ਰਖ ਦਿਤੀ ਅਰ ਪਿਠ ਵਾਲੇ ਬਾਲਣ ਵਿਚੋਂ ਜੇਹੜੀਆਂ ਲਕੜਾਂ ਚੁਭਦੀਆਂ ਸਨ ਓਹਨਾਂ ਨੂੰ ਠੀਕ ਕਰਨ ਲਗੀ । ਉਸਨੂੰ ਏਧਰ ਰੁਝਿਆ ਵੇਖਕੇ ਪਾਟੀ ਹੋਈ ਟੋਪੀ ਵਾਲਾ ਇਕ ਮੁੰਡਾ ਛੇਤੀ ਨਾਲ ਆਇਆ ਅਤੇ ਇਕ ਸੇਉ ਹਥ ਵਿਚ ਫੜਕੇ ਖਿਸਕਣ ਲਗਾ, ਪਰ ਸੇਆਂ ਵਾਲੀ ਮਾਈ ਨੇ ਉਸਨੂੰ ਕੁੜਤੇ ਤੋਂ ਫੜ ਲਿਆ। ਮੁੰਡੇ ਨੇ ਛੁਡਾਣ ਦਾ ਯਤਨ ਕੀਤਾ, ਪਰ ਮਾਈ ਨੇ ਦੋਹਾਂ ਹਥਾਂ ਨਾਲ ਫੜਕੇ ਉਸ ਦੀ ਫਟੀ ਹੋਈ ਟੋਪੀ ਲਾਹਕੇ ਔਹ ਮਾਰੀ ਤੇ ਉਸ ਨੂੰ ਜੂੰਡਿਆਂ ਥੀਂ ਫੜ ਲਿਆ। ਮੁੰਡਾ ਚੀਕਾਂ ਮਾਰੇ ਤੇ ਮਾਈ ਪਈ ਘੁਰਕੇ। ਸੰਤੂ ਨੇ ਆਰ ਸੂਆ ਝਟ ਪਟ ਸੁਟਕੇ ਬੂਹਾ ਖੋਲ੍ਹਿਆ। ਮਾਈ ਉਸ ਮੁੰਡੇ ਨੂੰ ਵਾਲਾਂ ਤੋਂ ਫੜਕੇ ਘਸੀਟਦੀ ਪਈ ਸੀ ਤੇ ਕਹਿੰਦੀ ਸੀ, ਠਾਣੇ ਨੂੰ ਲੈ ਜਾਵਾਂਗੀ। ਮੁੰਡਾ ਚੀਕਦਾ ਸੀ, ਮੈਂ ਸੇਉ ਨਹੀਂ ਚੁਕਿਆ, ਮੈਨੂੰ ਕਿਉਂ ਮਾਰਨੀ ਏ, ਛਡ ਵੀ।

ਸੰਤੂ ਨੇ ਇਹਨਾਂ ਨੂੰ ਛੁਡਾਇਆ ਤੇ ਮੁੰਡੇ ਨੂੰ ਹਥੋਂ ਫੜਕੇ ਕਹਿਣ ਲਗਾ:'ਮਾਈ ਇਸ ਨੂੰ ਜਾਣ ਦੇਹ। ਤੇ ਰਬ ਦੇ ਨਾਮ ਤੇ ਮਾਫ ਕਰ ਦੇਹ।"

"ਮੈਂ ਇਸਦੀ ਗਤ ਬਣਾਵਾਂਗੀ ਸਾਰੀ ਉਮਰ ਯਾਦ ਰਖੇਗਾ, ਮੈਂ ਇਸ ਸ਼ੈਤਾਨ ਨੂੰ ਠਾਣੇ ਲੈ ਜਾਊਂ?"

ਸੰਤੂ ਨੇ ਮਾਈ ਦੇ ਤਰਲੇ ਕਢੇ:"ਅੰਮਾਂ, ਜਾਣ ਦੇਹ ਸੂ, ਫੇਰ ਨ ਕਰੇਗਾ, ਰਬ ਵਾਸਤੇ ਜਾਣ ਦੇਹ ਸੂ" ਜ਼ਨਾਨੀ ਨੇ ਉਸਨੂੰ ਛਡ ਦਿਤਾ। ਮੁੰਡਾ ਨਠਣਾ ਚਾਹੁੰਦਾ ਸੀ, ਪਰ ਸੰਤੂ ਨੇ ਉਸ ਨੂੰ ਠਹਿਰਾ ਲਿਆ ਤੇ ਆਖਣ ਲਗਾ: "ਬੁਢੀ ਮਾਈ ਤੋਂ ਮਾਫ਼ੀ ਮੰਗ ਤੇ ਮੁੜਕੇ ਏਦਾਂ ਨ ਕਰੀਂ। ਮੈਂ ਤੈਨੂੰ ਆਪ ਵੇਖਿਆ ਹੈ ਸੇਉ ਚੁਕਦਿਆਂ" ਮੁੰਡੇ ਨੇ ਰੋ ਕੇ ਮਾਫੀ ਮੰਗੀ। ਸੰਤੂ ਨੇ ਆਖਿਆ:'ਹੁਣ ਠੀਕ ਹੈ, ਲੈ ਇਹ ਸੇਉ ਤੈਨੂੰ ਇਨਾਮ ਹੈ ਇਹ ਆਖਕੇ ਉਸਨੇ ਮੁੰਡੇ ਨੂੰ ਇਕ ਸੇਉ ਫੜਾਇਆ ਤੇ ਮਾਈ ਨੂੰ ਮੁਲ ਕੋਲੋਂ ਦੇ ਦਿਤਾ। ਮਾਈ ਬੋਲੀ:"ਇਸੇ ਕਰਕੇ ਤੇ ਇਹ ਮੁੰਡੇ ਵਿਗੜਦੇ ਹਨ। ਇਸ ਮੁੰਡੇ ਨੂੰ ਬੈਂਤ ਵਜਣੇ ਚਾਹੀਦੇ ਸਨ।"

ਸੰਤੂ ਬੋਲਿਆ:"ਮਾਈ ਤੈਨੂੰ ਕੀ ਪਤਾ, ਇਹ ਤਾਂ ਬੰਦਿਆਂ ਦਾ ਨਿਆਂ ਹੈ, ਰੱਬ ਦਾ ਇਹ ਦਸਤੂਰ ਨਹੀਂ। ਜੇ ਇਕ ਸਿਉ ਚਰੌਣ ਲਈ ਬੈਂਤ ਵਜਣ ਤਾਂ ਸਾਡੇ ਅਪਰਾਧਾਂ ਦੀ ਕੇਡੀ ਕਰੜੀ ਸਜ਼ਾ ਚਾਹੀਦੀ ਹੈ।"

ਬੁਢੀ ਮਾਈ ਚੁਪ ਹੋ ਗਈ। ਸੰਤੂ ਨੇ ਉਸ ਨੂੰ ਸਮਝਾਇਆ ਕਿ:"ਅਸੀਂ ਹੋਰਨਾਂ ਨੂੰ ਮਾਫ ਕਰੀਏ ਤਾਂ ਹੀ ਰਬ ਸਾਨੂੰ ਮਾਫ ਕਰੇਗਾ?" ਮਾਈ ਨੇ ਆਖਿਆ:"ਇਹ ਠੀਕ ਹੈ, ਪਰ ਮੁੰਡੇ ਬਹੁਤ ਵਿਗੜ ਜਾਂਦੇ ਹਨ।"

ਸੰਤੂ ਨੇ ਆਖਿਆ "ਅਸੀਂ ਉਨ੍ਹਾਂ ਨੂੰ ਸਿਖਾਇਆ ਹੋਰ ਕੀ ਹੈ?" ਬੁਢੀ ਮਾਈ ਨੂੰ ਆਪਣੇ ਦੋਹਤਰਿਆਂ ਦਾ ਖਿਆਲ ਆ ਗਿਆ ਤੇ ਓਹਨਾਂ ਦੀਆਂ ਗਲਾਂ ਕਰਕੇ ਤੁਰਨ ਲਗੀ ਤੇ ਟੋਕਰੀ ਸਿਰ ਤੇ ਰਖੀ ਕਿ ਇਸ ਮੁੰਡੇ ਨੇ ਅਗੇ ਵਧਕੇ ਆਖਿਆ:"ਮਾਈ ਟੋਕਰੀ ਮੈਨੂੰ ਚਾ ਦੇਹ, ਮੈਂ ਇਸੇ ਪਾਸੇ ਜਾਣਾ ਹੈ ਚੁਕੀ ਜਾਵਾਂਗਾ।" ਇਸ ਪ੍ਰਕਾਰ ਮਾਈ ਦੀ ਟੋਕਰੀ ਚੁਕਕੇ ਮੁੰਡਾ ਤੇ ਮਾਈ ਆਪਸ ਵਿਚ ਪਿਆਰ ਦੀਆਂ ਗਲਾਂ ਕਰਦੇ ਟੁਰ ਗਏ ਤੇ ਸੰਤੂ ਉਹਨਾਂ ਨੂੰ ਤਕਦਾ ਖੜਾ ਰਿਹਾ।

ਸੰਤੂ ਮੁੜ ਕੰਮ ਤੇ ਆ ਗਿਆ, ਪਰ ਹੁਣ ਸ਼ਾਮ ਹੋ ਚਲੀ ਸੀ ਤੇ ਹਨੇਰਾ ਪੈ ਗਿਆ। ਜੁਤੀ ਦਾ ਇਕ ਪੌਲਾ ਰਹਿੰਦਾ ਸੀ। ਉਸ ਨੇ ਕੰਮ ਸਾਂਭਿਆ, ਹਥਿਆਰ ਹਥਿਊਰ ਆਪਣੇ ਟਿਕਾਣੇ ਤੇ ਰਖੇ, ਦੀਵਾ ਆ ਬਾਲਿਆ ਤੇ ਉਬਲੇ ਹੋਏ ਚਾਵਲ ਛਕਕੇ ਸੁਖਮਨੀ ਸਾਹਿਬ ਦਾ ਗੁਟਕਾ ਫੜਕੇ ਬੈਠ ਗਿਆ, ਪਰ ਉਸ ਵੇਲੇ ਇਸ ਤਰਾਂ ਦਾ ਖੜਾਕ ਹੋਇਆ, ਜਿਦਾਂ ਕੋਈ ਉਸ ਦੇ ਪਿਛੇ ਚਲਦਾ ਫਿਰਦਾ ਹੋਵੇ। ਉਸ ਨੇ ਨੀਝ ਲਾਕੇ ਵੇਖਿਆ ਤਾਂ ਸ਼ੱਕ ਪਿਆ ਕਿ ਕੋਠੇ ਦੀ ਹਨੇਰੀ ਗੁਠ ਵਿਚ ਆਦਮੀ ਫਿਰਦੇ ਹਨ। ਵਾਜ ਆਈ:"ਸੰਤੂ ਮੈਨੂੰ ਪਛਾਣਿਆ ਈਂ ਕੌਣ ਹਾਂ?" ਸੰਤੂ ਨੇ ਹੌਲੀ ਜਿਹੀ ਕਿਹਾ:"ਮੈਨੂੰ ਹਨੇਰੇ ਵਿਚ ਕੁਝ ਨਹੀਂ ਦਿਸਦਾ।" ਏਨੇ ਨੂੰ ਹਨੇਰੇ ਵਿਚੋਂ ਬਿਸ਼ਨਾ ਨਿਕਲਿਆ ਤੇ ਮੁਸਕਰਾਂਦਾ ਹੋਇਆ ਹਨੇਰੇ ਵਿਚ ਲੀਨ ਹੋ ਗਿਆ। ਆਵਾਜ ਆਈ:"ਇਹ ਮੈਂ ਹਾਂ।" ਫੇਰ ਹਨੇਰੇ ਵਿਚੋਂ ਬਚੇ ਵਾਲੀ ਮਾਈ ਨਿਕਲੀ, ਮਾਈ ਮੁਸਕ੍ਰਾਈ ਤੇ ਬੱਚਾ ਖਿੜ ਖਿੜਾਕੇ ਹਸਿਆ। ਉਹ ਭੀ ਲੋਪ ਹੋ ਗਏ। ਆਵਾਜ ਆਈ:"ਇਹ ਮੈਂ ਹਾਂ।" ਬੁਢੀ ਮਾਈ ਅਰ ਸੇਉ ਵਾਲਾ ਮੁੰਡਾ ਹਨੇਰੇ ਵਿਚੋਂ ਨਿਕਲੇ, ਦੋਵੇਂ ਮੁਸਕ੍ਰਾਏ ਤੇ ਲੋਪ ਹੋ ਗਏ, ਆਵਾਜ ਆਈ:"ਇਹ ਮੈਂ ਹਾਂ।"

ਸੰਤੂ ਦਾ ਮੁਖੜਾ ਖਿੜ ਗਿਆ ਤੇ ਉਸ ਦੇ ਦਿਲ ਵਿਚ ਖੁਸ਼ੀ ਭਰ ਗਈ। ਇਸ ਨੂੰ ਯਾਦ ਆ ਗਿਆ:-

"ਅਵਲ ਅਲਹ ਨੂਰ ਉਪਾਇਆ
ਕੁਦਰਤ ਕੇ ਸਭ ਬੰਦੇ ॥

ਏਕ ਨੂਰ ਤੇ ਸਭ ਜਗ ਉਪਜਿਆ
ਕਉਨ ਭਲੇ ਕੋ ਮੰਦੇ ॥
ਲੋਗਾ ਭਰਮਿ ਨ ਭੂਲਹੁ ਭਾਈ ॥
ਖਾਲਕ ਖਲਕ ਖਲਕ ਮਹਿ ਖਾਲਕ
ਪੂਰ ਰਹਿਓ ਸਭ ਠਾਈ ॥

ਹੁਣ ਜਦ ਕੋਈ ਸੰਤੂ ਨੂੰ ਪੁਛੇ ਰਬ ਕਿਥੇ ਵਸਦਾ ਹੈ? ਤਾਂ ਉਹ ਪਰੇਮ ਭਰੀ ਆਵਾਜ਼ ਵਿਚ ਬੋਲਦਾ ਹੈ -

"ਕਹੁ ਕਬੀਰ ਮੇਰੀ ਸ਼ੰਕਾ ਨਾਸੀ

ਸਰਬ ਨਿਰੰਜਨ ਡੀਠਾ ॥"


ਸਜਨ ਜੀ!


ਜਦੋਂ ਆਪ ਨੇ ਕੋਈ ਪੁਸਤਕ, ਗਰੰਥ, ਕੰਘੇ,
ਕੜੇ, ਕ੍ਰਿਪਾਨਾਂ ਮੰਗਾਣੀਆਂ ਹੋਣ ਤਾਂ ਇਸ ਪਤੇ
ਤੋਂ ਸੇਵਕਾਂ ਨੂੰ ਯਾਦ ਕਰੋ!
ਭਾਈ ਅਰਜਨ ਸਿੰਘ ਜਮੀਅਤ ਸਿੰਘ
ਕਿਤਾਬਾਂ ਵਾਲੇ, ਬਾਜ਼ਾਰ ਮਾਈ ਸੇਵਾਂ
ਅੰਮ੍ਰਤਸਰ.