ਚੰਬੇ ਦੀਆਂ ਕਲੀਆਂ/ਤਿੰਨ ਸਵਾਲ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਤਿੰਨ ਸਵਾਲ


ਇਕ ਰਾਜਾ ਸੀ, ਉਸਨੂੰ ਆਪਣੇ ਰਾਜ ਪ੍ਰਬੰਧ ਨੂੰ ਚੰਗਾ ਕਰਨ ਦਾ ਸਦਾ ਫਿਕਰ ਰਹਿੰਦਾ ਸੀ। ਇਕ ਦਿਨ ਉਸ ਨੇ ਸੋਚਿਆ, ਜੇ ਮੈਨੂੰ ਤਿੰਨ ਸਵਾਲਾਂ ਦਾ ਜਵਾਬ ਮਿਲ ਜਾਵੇ ਤਾਂ ਮੈਂ ਰਾਜ ਪ੍ਰਬੰਧ ਵਿਚ ਕਦੀ ਗ਼ਲਤੀ ਨਾਂ ਕਰਾਂ। ਉਹ ਸਵਾਲ ਇਹ ਸਨ:

੧. ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕੇਹੜਾ ਹੈ ?

੨. ਵਰਤਾਵ ਲਈ ਚੰਗੇ ਆਦਮੀ ਕੇਹੜੇ ਹਨ ?

੩. ਸਭ ਤੋਂ ਜ਼ਰੂਰੀ ਕੰਮ ਕੇਹੜਾ ਹੈ ?

ਰਾਜੇ ਨੇ ਡੂੰਡੀ ਪਿਟਵਾ ਦਿਤੀ ਕਿ ਜੇਹੜਾ ਸ਼ਖਸ ਉਸ ਨੂੰ ਇਨ੍ਹਾਂ ਤਿੰਨਾਂ ਸਵਾਲਾਂ ਦੇ ਉਤਰ ਦੇਵੇਗਾ ਉਸ ਨੂੰ ਉਹ ਧਨ ਪਦਾਰਥ ਨਾਲ ਮਾਲਾਮਾਲ ਕਰ ਦੇਵੇਗਾ। ਭਾਂਤ ਭਾਂਤ ਦੇ ਸਿਆਣੇ ਪੁਰਸ਼ ਡੂੰਡੀ ਸੁਣਕੇ ਰਾਜੇ ਪਾਸ ਆਏ ਤੇ ਅੱਡੋ ਅੱਡ ਜਵਾਬ ਦੇਣ ਲਗੇ।

ਪਹਿਲੇ ਸਵਾਲ ਦੇ ਉਤਰ ਵਿਚ ਕਿਸੇ ਨੇ ਆਖਿਆ ਕਿ ਵੇਲੇ ਦੀ ਵੰਡ ਅਨੁਸਾਰ ਹਰ ਕੰਮ ਮੌਕੇ ਸਿਰ ਕਰਨਾ ਚਾਹੀਦਾ ਹੈ। ਕਿਸੇ ਆਖਿਆ ਹਮੇਸ਼ਾ ਰੁਝਿਆ ਰਹਿਣਾ ਚਾਹੀਦਾ ਹੈ, ਆਪੇ ਠੀਕ ਸਮੇਂ ਦਾ ਪਤਾ ਲਗ ਜਾਵੇਗਾ। ਕਿਸੇ ਆਖਿਆ ਸਿਆਣੇ ਆਦਮੀਆਂ ਦੀ ਇਕ ਕੌਂਸਲ ਹੋ ਜਾਣੀ ਚਾਹੀਦੀ ਹੈ, ਜੇਹੜੀ ਰਾਜੇ ਨੂੰ ਦਸੇ ਕਿ ਹੁਣ ਕੰਮ ਕਰਨ ਦਾ ਠੀਕ ਮੌਕਾ ਹੈ।

ਇਹਨਾਂ ਜਵਾਬਾਂ ਤੋਂ ਹੋਰ ਸਿਆਣਿਆਂ ਨੇ ਇਤਰਾਜ਼ ਕੀਤੇ। ਕਿਸੇ ਆਖਿਆ ਹਰ ਵਕਤ ਕੌਂਸਲ ਕਿਵੇਂ ਬੁਲਾ ਸਕੀਦੀ ਹੈ। ਕਿਸੇ ਆਖਿਆ ਰਾਜੇ ਨੂੰ ਚੰਗੇ ਚੰਗੇ ਜੋਤਸ਼ੀ ਨੌਕਰ ਰਖਣੇ ਚਾਹੀਦੇ ਹਨ, ਜਿਹੜੇ ਭਵਿਖਤ ਦੀਆਂ ਗਲਾਂ ਦਸ ਦੇਣ ਤੇ ਰਾਜਾ ਹਰ ਗਲ ਲਈ ਪਹਿਲੋਂ ਤਿਆਰ ਰਿਹਾ ਕਰੇ। ਇਤਿਆਦਿਕ, ਬਾਕੀ ਸਵਾਲਾਂ ਦੇ ਜਵਾਬ ਭੀ ਇਸੇ ਤਰਾਂ ਵਣ ਵਣ ਦੀ ਲਕੜੀ ਵਾਂਗ ਆਏ। ਕਿਸੇ ਆਖਿਆ ਵਰਤਾਵ ਲਈ ਚੰਗੇ ਆਦਮੀ ਵਜ਼ੀਰ ਹਨ। ਕਿਸੇ ਆਖਿਆ ਨਹੀਂ। ਫ਼ੌਜ ਅਤੇ ਜਰਨੈਲਾਂ ਨਾਲ ਮਸ਼ਵਰਾ ਕਰਨਾ ਚਾਹੀਦਾ ਹੈ, ਸਭ ਤੋਂ ਜ਼ਰੂਰੀ ਕੰਮ ਕਿਸੇ ਨੇ ਸਾਇੰਸ ਦਸਿਆ ਕਿਸੇ ਨੇ ਕੋਮਲ ਹੁਨਰ, ਕਿਸੇ ਨੇ ਯੁਧ ਤੇ ਕਿਸੇ ਨੇ ਭਗਤੀ ਦਸਿਆ। ਜਵਾਬ ਅਜਿਹੇ ਭਾਂਤ ਭਾਂਤ ਦੇ ਸਨ ਕਿ ਰਾਜੇ ਦੀ ਕਿਸੇ ਨਾਲ ਭੀ ਤਸੱਲੀ ਨਾ ਹੋਈ ਤੇ ਉਸ ਨੇ ਇਨਾਮ ਕਿਸੇ ਨੂੰ ਭੀ ਨਾ ਦਿਤਾ।

ਇੰਨੇ ਨੂੰ ਪਤਾ ਲਗਾ ਕਿ ਜੰਗਲ ਵਿਚ ਇਕ ਸਿਆਣਾ ਤਪੀਸ਼ਰ ਰਹਿੰਦਾ ਹੈ। ਰਾਜੇ ਆਖਿਆ ਚਲੋ ਓਸ ਤੋਂ ਉਤਰ ਪੁਛੀਏ। ਤਪੀਸ਼ਰ ਆਪਣੀ ਕੁਟੀਆ ਛਡਕੇ ਬਾਹਰ ਨਹੀਂ ਸੀ ਜਾਂਦਾ ਹੁੰਦਾ ਅਤੇ ਨਾਂ ਹੀ ਉਹ ਆਮ ਆਦਮੀਆਂ ਤੋਂ ਬਿਨਾਂ ਕਿਸੇ ਨਾਲ ਬਾਤ ਚੀਤ ਕਰਿਆ ਕਰਦਾ ਸੀ। ਇਸ ਵਾਸਤੇ ਰਾਜੇ ਨੇ ਭੇਸ ਬਦਲਿਆ, ਮਾਮੂਲੀ ਲੋਕਾਂ ਵਾਲੇ ਕਪੜੇ ਪਾਏ, ਆਪਣਾ ਬਾਡੀਗਾਰਡ ਜੰਗਲ ਦੇ ਬਾਹਰ ਛਡਕੇ ਆਪ ਕੁਟੀਆ ਵਲ ਇਕੱਲਾ ਚਲਾ ਗਿਆ। ਜਦ ਰਾਜਾ ਆਇਆ ਤਾਂ ਤਪੀਸ਼ਰ ਆਪਣੀ ਕੁਟੀਆ ਦੇ ਸਾਹਮਣੇ ਇਕ ਕਿਆਰੀ ਪੁਟ ਰਿਹਾ ਸੀ। ਰਾਜੇ ਨੂੰ ਅਸ਼ੀਰਵਾਦ ਦੇਕੇ ਉਹ ਆਪਣੇ ਕੰਮ ਵਿਚ ਹੀ ਰੁਝਾ ਰਿਹਾ। ਪੀਰ ਦਾ ਸਰੀਰ ਬਿਰਧ ਅਰ ਸੁਕਾ ਹੋਇਆ ਸੀ। ਕਹੀ ਮਾਰਦਿਆਂ ਤੋਂ ਮਿੱਟੀ ਪੁੱਟਦਿਆਂ ਉਸ ਨੂੰ ਸਾਹ ਚੜ੍ਹ ਗਿਆ। ਰਾਜੇ ਨੇ ਕੋਲ ਜਾਕੇ ਆਖਿਆ, ਤਪੀਸ਼ਰ ਜੀਓ, ਮੈਂ ਤਿੰਨ ਸਵਾਲ ਪੁਛਣ ਆਇਆ ਹਾਂ:-

੧. ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕੇਹੜਾ ਹੈ?

੨. ਵਰਤਾਵ ਲਈ ਚੰਗੇ ਆਦਮੀ ਕੇਹੜੇ ਹਨ?

੩. ਸਭ ਤੋਂ ਜ਼ਰੂਰੀ ਕੰਮ ਕੇਹੜਾ ਹੈ?

ਤਪੀਸ਼ਰ ਨੇ ਸਵਾਲ ਸੁਣਕੇ ਕੋਈ ਜਵਾਬ ਨਾ ਦਿਤਾ। ਆਪਣੇ ਹਥ ਤੇ ਥੁਕ ਕੇ ਉਸ ਨੇ ਫੇਰ ਕਹੀ ਫੜ ਲਈ ਅਤੇ ਪੁਟਣਾ ਸ਼ੁਰੂ ਕਰ ਦਿਤਾ। ਰਾਜੇ ਨੇ ਆਖਿਆ:-

ਤਪੀਸ਼ਰ ਜੀ:-ਤੁਸੀਂ ਥੱਕ ਗਏ ਹੋ, ਕਹੀ ਮੈਨੂੰ ਦਿਓ, ਮੈਂ ਕਿਆਰੀ ਪੁਟ ਦਿਆਂ ।"

ਤਪੀਸ਼ਰ ਨੇ "ਮੇਹਰਬਾਨੀ ਆਖਕੇ ਕਹੀ ਫੜਾ ਦਿਤੀ ਅਰ ਜ਼ਮੀਨ ਤੇ ਬੈਠ ਗਿਆ। ਰਾਜੇ ਨੇ ਕੁੱਝ ਚਿਰ ਕੰਮ ਕਰਕੇ ਫੇਰ ਓਹੀ ਸਵਾਲ ਪੁਛੇ, ਪਰ ਤਪੀਸ਼ਰ ਨੇ ਸਵਾਲਾਂ ਦਾ ਜਵਾਬ ਨਾ ਦਿੱਤਾ ਅਤੇ ਕਹੀ ਫੜਕੇ ਆਖਿਆ: "ਤੁਸੀਂ ਥਕ ਗਏ ਹੋ, ਆਓ ਹੁਣ ਮੈਂ ਕੰਮ ਕਰਾਂ।" ਰਾਜੇ ਨੇ ਕਹੀ ਹਥੋਂ ਨ ਛਡੀ ਅਤੇ ਕਿਆਰੇ ਪੁਟਦਾ ਰਿਹਾ। ਦੋ ਘੰਟੇ ਲੰਘ ਗਏ। ਰੁਖਾਂ ਦੇ ਓਹਲੇ ਹੋਕੇ ਸੂਰਜ ਛੁਪਣ ਲਗਾ ਅਤੇ ਰਾਜੇ ਨੇ ਕਹੀ ਰਖਕੇ ਪੁਛਿਆ:-"ਤਪੀ ਜੀ, ਮੈਂ ਤਸਾਡੇ ਪਾਸ ਆਪਣੇ ਪ੍ਰਸ਼ਨਾਂ ਦਾ ਉੱਤਰ ਲੈਣ ਨੂੰ ਆਇਆ ਹਾਂ। ਜੇ ਤੁਸੀਂ ਜਵਾਬ ਨਹੀਂ ਦੇਣਾ, ਤਾਂ ਦਸੋ। ਮੈਂ ਘਰ ਨੂੰ ਮੁੜ ਜਾਵਾਂ।" ਤਪੀਸ਼ਰ ਬੋਲਿਆ ਔਹ ਵੇਖੋ ਕੋਈ ਆਦਮੀ ਦੌੜਿਆ ਆਉਂਦਾ ਹੈ। ਵੇਖੀਏ ਇਸ ਵਿਚਾਰੇ ਤੇ ਕੀ ਬਿਪਤਾ ਪਈ ਹੈ।" ਰਾਜੇ ਨੇ ਮੁੜਕੇ ਵੇਖਿਆ ਜੰਗਲ ਵਿਚੋਂ ਇਕ ਗੱਭਰੂ ਦੌੜਦਾ ਆਇਆ, ਓਸ ਦੇ ਹੱਥ ਅਪਣੀ ਇਕ ਵਖੀ ਤੇ ਸਨ ਅਤੇ ਓਥੋਂ ਲਹੂ ਚਲ ਰਿਹਾ ਸੀ। ਓਹ ਤਪੀਸ਼ਰ ਅਰ ਰਾਜੇ ਦੇ ਨੇੜੇ ਆਕੇ ਨਿਢਾਲ ਹੋਕੇ ਢਹਿ ਪਿਆ। ਰਾਜੇ ਨੇ ਫੌਰਨ ਓਸ ਦੀ ਪਟੀ ਖੋਲੀ ਤੇ ਵੇਖਿਆ ਕਿ ਵਖੀ ਵਿਚ ਭਾਰੀ ਜ਼ਖ਼ਮ ਹੈ। ਰਾਜੇ ਨੇ ਉਸ ਨੂੰ ਧੋਕੇ ਆਪਣੇ ਰੁਮਾਲ ਤੇ ਤਪੀਸ਼ਰ ਦੇ ਤੌਲੀਏ ਨਾਲ ਬੰਨ੍ਹਿਆਂ, ਪਰ ਲਹੂ ਵਗਣੋਂ ਬੰਦ ਨ ਹੋਇਆ। ਰਾਜਾ ਫਿਰ ਫਿਰ ਲਹੂ ਭਰਿਆ ਰੁਮਾਲ ਲਾਹੇ ਅਤੇ ਓਸ ਨੂੰ ਧੋਕੇ ਜ਼ਖਮ ਤੇ ਬੰਨ੍ਹ ਦੇਵੇ। ਅਖੀਰ ਲਹੂ ਵਗਣਾ ਬੰਦ ਹੋ ਗਿਆ ਤੇ ਉਸ ਆਦਮੀ ਨੇ ਅੱਖਾ ਖੋਲ੍ਹੀਆਂ ਅਰ ਪੀਣ ਨੂੰ ਕੁਝ ਪਾਣੀ ਮੰਗਿਆ। ਰਾਜਾ ਦੌੜਕੇ ਤਾਜ਼ਾ ਪਾਣੀ ਲੈ ਆਇਆ ਤੇ ਉਸ ਦੇ ਮੂੰਹ ਵਿਚ ਪਾਇਓ ਸੂ। ਇੰਨੇ ਨੂੰ ਸੂਰਜ ਲਹਿ ਗਿਆ ਅਤੇ ਠੰਡ ਪੈਣ ਲਗੀ। ਰਾਜੇ ਅਰ ਤਪੀਸ਼ਰ ਨੇ ਆਦਮੀ ਨੂੰ ਚੁਕਕੇ ਕੁਟੀਆ ਵਿਚ ਲਿਟਾਇਆ। ਅੰਦਰ ਲੇਟਕੇ ਉਸ ਆਦਮੀ ਦੀ ਅੱਖ ਲਗ ਗਈ ਤੇ ਓਹ ਸੌਂ ਗਿਆ। ਰਾਜਾ ਵੀ ਦਿਨ ਭਰ ਦਾ ਥਕਿਆ ਹੋਇਆ ਸੀ। ਉਸ ਨੂੰ ਭੀ ਫਰਸ਼ ਪੁਰ ਬੈਠਿਆਂ ਨੀਂਦਰ ਨੇ ਘੇਰ ਲਿਆ ਤੇ ਓਥੇ ਹੀ ਸੌਂ ਗਿਆ। ਇਸ ਤਰਾਂ ਸੁਤਿਆਂ ਰਾਤ ਲੰਘ ਗਈ ਸਵੇਰੇ ਜਦ ਉਹ ਜਾਗਿਆ ਤਾਂ ਸੋਚਣ ਲਗਾ ਮੈਂ ਇਥੇ ਕਿਵੇਂ ਆ ਗਿਆ। ਜਦ ਉਸ ਗੱਭਰੂ ਨੇ ਅੱਖ ਖੋਲ੍ਹੀ ਤਾਂ ਰਾਜੇ ਨੂੰ ਆਪਣੇ ਵਲ ਤਕਦਿਆਂ ਵੇਖਕੇ ਉਸ ਨੇ ਹੱਥ ਜੋੜਕੇ ਆਖਿਆ: "ਮੈਨੂੰ ਮਾਫ਼ੀ ਦਿਓ" ਰਾਜਾ ਹੈਰਾਨ ਹੋ ਗਿਆ ਕਿ ਮੈਂ ਤੈਨੂੰ ਜਾਣਦਾ ਨਹੀਂ, ਮਾਫ਼ੀ ਕਿਸ ਗਲ ਦੀ ਹੈ ਅਤੇ ਕਸੂਰ ਕੀ ਹੈ?

ਗਭਰੂ ਨੇ ਦਸਿਆ ਤੁਸੀਂ ਮੈਨੂੰ ਨਹੀਂ ਜਾਣਦੇ। ਪਰ ਮੈਂ ਤੁਸਾਡਾ ਦੁਸ਼ਮਣ ਸਾਂ। ਮੈਂ ਸਹੁੰ ਖਾਧੀ ਸੀ ਕਿ ਮੈਂ ਤੁਸਾਨੂੰ ਕਤਲ ਕਰਾਂਗਾ। ਤੁਸੀਂ ਮੇਰੇ ਭਰਾ ਨੂੰ ਫਾਂਸੀ ਤੇ ਲਟਕਾਇਆ ਤੇ ਉਸ ਦੀ ਜਾਇਦਾਦ ਜ਼ਬਤ ਕਰ ਲਈ ਸੀ। ਮੈਨੂੰ ਪਤਾ ਸੀ ਕਿ ਤੁਸੀਂ ਜੰਗਲ ਵਿਚ ਇਕੱਲੇ ਆਏ ਹੋ। ਮੇਰਾ ਇਰਾਦਾ ਤੁਹਾਨੂੰ ਵਾਪਸੀ ਤੇ ਮਾਰਨ ਦਾ ਸੀ, ਪਰ ਦਿਨ ਗੁਜ਼ਰ ਚਲਿਆ ਤੇ ਤੁਸੀਂ ਨਾ ਮੁੜੇ। ਮੈਂ ਆਪਣੀ ਥਾਂ ਵਿਚੋਂ ਨਿਕਲਕੇ ਤੁਹਾਨੂੰ ਲਭਣ ਲੱਗਾ। ਤੁਸਾਡੇ ਆਦਮੀਆਂ ਰਲਕੇ ਮੈਨੂੰ ਪਛਾਣਕੇ, ਜ਼ਖ਼ਮੀ ਕਰ ਦਿਤਾ। ਓਥੋਂ ਭਜਕੇ ਮੈਂ ਇਥੇ ਆਇਆ। ਤੁਸੀਂ ਮੇਰੀ ਮਰ੍ਹਮ ਪਟੀ ਕਰਕੇ ਜਾਨ ਬਚਾਈ। ਮੈਂ ਤੁਹਾਨੂੰ ਮਾਰਨ ਲਈ ਆਇਆ ਸਾਂ, ਪਰ ਤੁਸੀਂ ਮੇਰੀ ਰਖਿਆ ਕੀਤੀ। ਜੇ ਮੈਂ ਜੀਉਂਦਾ ਰਿਹਾ ਤਾਂ ਤੁਹਾਡਾ ਚਰਨ ਸੇਵਕ ਬਣਕੇ ਰਹਾਂਗਾ। ਮੈਨੂੰ ਖਿਮਾਂ ਕਰੋ?"

ਰਾਜਾ ਆਪਣੇ ਇਸ ਵੈਰੀ ਨਾਲ ਸੁਲਹ ਕਰਕੇ ਬਹੁਤ ਪ੍ਰਸੰਨ ਹੋਇਆ ਅਤੇ ਨਾਹੀਂ ਕੇਵਲ ਉਸ ਨੂੰ ਮਾਫ ਕਰ ਦਿਤਾ ਸਗੋਂ ਕਹਿਣ ਲਗਾ ਕਿ ਆਪਣੇ ਨੌਕਰ ਭੇਜਕੇ ਮੈਂ ਸ਼ਾਹੀ ਹਕੀਮ ਬੁਲਾਵਾਂਗਾ ਅਤੇ ਫੇਰ ਓਹ ਤੇਰੇ ਫੱਟਾਂ ਦੀ ਪਟੀ ਕਰੇਗਾ, ਤੇਰੇ ਭਰਾ ਦੀ ਜਾਇਦਾਦ ਵੀ ਤੈਨੂੰ ਮਿਲ ਜਾਵੇਗੀ।

ਜ਼ਖਮੀ ਗਭਰੂ ਤੋਂ ਵੇਹਲਿਆਂ ਹੋਕੇ ਰਾਜਾ ਬਾਹਰ ਆਇਆ। ਤਪੀਸ਼ਰ ਕਲ ਵਾਲੀ ਕਿਆਰੀ ਵਿਚ ਬੀਜ ਪਾ ਰਿਹਾ ਸੀ। ਰਾਜੇ ਨੇ ਨੇੜੇ ਹੋਕੇ ਪ੍ਰਣਾਮ ਕੀਤੀ ਤੇ ਆਖਿਆ:-

'ਮਹਾਰਾਜ ਮੇਰੀ ਅਖੀਰੀ ਬੇਨਤੀ ਹੈ ਕਿ ਮੇਰੇ ਸਵਾਲਾਂ ਦਾ ਉਤਰ ਦਿਓ।"

ਤਪੀਸ਼ਰ ਨਿਠਕੇ ਬੈਠ ਗਿਆ: "ਰਾਜਨ ਤੈਨੂੰ ਜਵਾਬ ਮਿਲ ਚੁਕਾ ਹੈ?"

ਰਾਜਾ:-"ਮੈਨੂੰ ਜਵਾਬ ਕਿਸ ਤਰਾਂ ਮਿਲ ਚੁੱਕਾ ਹੈ।"

ਤਪੀਸ਼ਰ ਨੇ ਕਿਹਾ:-"ਰਾਜਨ, ਵੇਖ, ਜੇ ਤੂੰ ਕਲ ਮੇਰੇ ਉਤੇ ਦਇਆ ਕਰਕੇ ਕਿਆਰੀ ਨਾ ਪੁਟਦਾ ਅਤੇ ਛੇਤੀ ਵਾਪਸ ਮੁੜ ਜਾਂਦਾ ਤਾਂ ਇਹ ਆਦਮੀ ਤੇਰੇ ਉੱਤੇ ਹਮਲਾ ਕਰਦਾ ਅਰ ਫਿਰ ਤੂੰ ਪਛਤਾਂਦਾ। ਸੋ ਸਭ ਤੋਂ ਚੰਗਾ ਸਮਾਂ ਓਹ ਸੀ, ਜਦ ਤੂੰ ਕਿਆਰੀ ਪੁਟਦਾ ਸੀ। “ਮੈਂ ਉਸ ਵੇਲੇ ਵਰਤਾਵ ਲਈ ਚੰਗਾ ਪੁਰਸ਼ ਸਾਂ ਅਤੇ ਮੇਰੇ ਨਾਲ ਨੇਕੀ ਕਰਨੀ ਤੇਰਾ ਸਭ ਤੋਂ ਜ਼ਰੂਰੀ ਕੰਮ ਸੀ। ਫਿਰ ਉਸ ਤੋਂ ਪਿਛੋਂ ਜਦ ਇਹ ਗਭਰੂ ਦੌੜਦਾ ਆਇਆ ਤਾਂ ਸਭ ਤੋਂ ਚੰਗਾ ਸਮਾਂ ਓਹ ਸੀ ਜਦ ਤੂੰ ਉਸ ਦੀ ਪੱਟੀ ਕੀਤੀ ਜੇ ਤੂੰ ਇਉਂ ਨਾ ਕਰਦਾ ਤਾਂ ਇਹ ਆਦਮੀ ਤੇਰਾ ਵੈਰੀ ਹੋਕੇ ਮਰਦਾ। ਉਸ ਵੇਲੇ ਵਰਤਾਵ ਲਈ ਓਹੀ ਜ਼ਰੂਰੀ ਆਦਮੀ ਸੀ ਅਤੇ ਜੋ ਭਲਾ ਤੂੰ ਉਸ ਨਾਲ ਕੀਤਾ, ਓਹ ਜ਼ਰੂਰੀ ਕੰਮ ਸੀ।

ਯਾਦ ਰਖ, ਕਿ ਸਭ ਤੋਂ ਜ਼ਰੂਰੀ ਤੇ ਚੰਗਾ ਸਮਾਂ ਵਰਤਮਾਨ ਦਾ ਹੈ। ਇਸ ਵੇਲੇ ਜੋ ਨੇਕੀ ਹੋ ਸਕੇ ਕਰ ਲੈ । ਈਹੋ ਵੇਲਾ ਤੇਰੇ ਹੱਥ ਵਿਚ ਹੈ ਇਹੀ ਜ਼ਰੂਰੀ ਵੇਲਾ ਹੈ । ਵਰਤਾਵ ਲਈ ਓਹੀ ਚੰਗਾ ਆਦਮੀ ਹੈ ਜੇਹੜਾ ਤੇਰੇ ਪਾਸ ਹੋਵੇ, ਪਤਾ ਨਹੀਂ ਹੋਰ ਕਿਸੇ ਨਾਲ ਸਾਡਾ ਵਾਹ ਪੈਣਾ ਭੀ ਹੈ ਕਿ ਨਹੀਂ।

ਸਭ ਤੋਂ ਜ਼ਰੂਰੀ ਕੰਮ ਇਹ ਹੈ ਕਿ ਉਸ ਆਦਮੀ ਦਾ ਭਲਾ ਕੀਤਾ ਜਾਵੇ ਕਿਉਂ ਜੋ ਮਨੁਖ ਦੇ ਦੁਨੀਆ ਵਿਚ ਆਵਣ ਦਾ ਮੰਤਵ ਇਹ ਇਕੋ ਹੀ ਹੈ।

__ __

ਹਰ ਪ੍ਰਕਾਰ ਦੇ ਪੁਸਤਕ ਮੰਗਾਣ ਦਾ ਪਤਾ:-
ਭਾ: ਅਰਜਨ ਸਿੰਘ ਜਮੀਅਤ ਸਿੰਘ
ਪੁਸਤਕਾਂ ਵਾਲੇ, ਬਾਜ਼ਾਰ ਮਾਈ ਸੇਵਾਂ, ਅੰਮ੍ਰਤਸਰ,