ਜਿਨ੍ਹਾਂ ਵਣਜ ਦਿਲਾਂ ਦੇ ਕੀਤੇ/ਕਾਕਾ ਪਰਤਾਪੀ
ਕਾਕਾ ਪਰਤਾਪੀ
'ਕਾਕਾ ਪਰਤਾਪੀ' ਉਨ੍ਹੀਵੀਂ ਸਦੀ ਦੇ ਸੱਤਵੇਂ ਦਹਾਕੇ ਵਿਚ ਵਾਪਰੀ ਮਾਲਵੇ ਦੇ ਇਲਾਕੇ ਦੀ ਹਰਮਨ ਪਿਆਰੀ ਲੋਕ ਗਾਥਾ ਹੈ ਜਿਸ ਨੂੰ ਸ਼ਾਦੀ ਰਾਮ, ਗੋਕਲ ਚੰਦ, ਗੁਰਦਿੱਤ ਸਿੰਘ, ਛੱਜੂ ਸਿੰਘ ਅਤੇ ਚੌਧਰੀ ਘਸੀਟਾ ਆਦਿ ਕਿੱਸਾਕਾਰਾਂ ਨੇ ਆਪਣੇ ਕਿੱਸਿਆਂ ਵਿਚ ਬਿਆਨ ਕੀਤਾ ਹੈ।
ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲੋਪੋਂ ਦੀਆਂ ਪਰੀਆਂ ਵਰਗੀਆਂ ਮੁਟਿਆਰਾਂ ਇਕ ਦਿਨ ਪਿੰਡੋਂ ਬਾਹਰ ਢੱਕੀ ਵਿਚ ਤੀਆਂ ਪਾ ਰਹੀਆਂ ਸਨ ਕਿ ਅਚਾਨਕ ਹੀ ਲੋਪੋਂ ਦੇ ਨਾਲ਼ ਲਗਦੇ ਪਿੰਡ ਰੁਪਾਲੋਂ ਦੇ ਜ਼ੈਲਦਾਰ ਕਾਹਨ ਸਿੰਘ ਦਾ ਛੈਲ ਛਬੀਲਾ ਗੱਭਰੂ ਪੁੱਤਰ ਕਾਕਾ ਕਿਰਪਾਲ ਸਿੰਘ ਚੀਨੀ ਘੋੜੀ 'ਤੇ ਅਸਵਾਰ ਸ਼ਿਕਾਰ ਖੇਡਦਾ-ਖੇਡਦਾ ਢੱਕੀ ਵਲ ਆ ਨਿਕਲਿਆ। ਜਵਾਨੀ ਦੇ ਨਸ਼ੇ ਵਿਚ ਮੱਤੀਆਂ ਮੁਟਿਆਰਾਂ ਨੇ ਉਸ ਦਾ ਰਾਹ ਜਾ ਡੱਕਿਆ। ਹਾਸਿਆਂ ਤੇ ਮਖ਼ੌਲਾਂ ਦੀ ਛਹਿਬਰ ਲਗ ਗਈ। ਮੁਟਿਆਰਾਂ ਨੇ ਕਾਕੇ ਦੇ ਆਲ਼ੇ ਦੁਆਲ਼ੇ ਘੇਰਾ ਘੱਤ ਲਿਆ ਤੇ ਲੱਗੀਆਂ ਉਸ ਨਾਲ਼ ਖਰਮਸਤੀਆਂ ਕਰਨ। ਇਨ੍ਹਾਂ ਮੁਟਿਆਰਾਂ ਵਿਚਕਾਰ ਲੋਪੋ ਦੇ ਸੁਨਿਆਰਾਂ ਦੀ ਰੂਪਮਤੀ ਧੀ ਪਰਤਾਪੀ ਵੀ ਸੀ ਜਿਸ ਦੇ ਚੋ-ਚੋ ਪੈਂਦੇ ਰੂਪ ਨੇ ਕਾਕੇ ਨੂੰ ਧੁਰ ਅੰਦਰ ਤਕ ਹਲੂਣ ਦਿੱਤਾ ਤੇ ਉਹ ਸੁਆਦ-ਸੁਆਦ ਹੋ ਉੱਠਿਆ। ਸੁਨਿਆਰੀ ਦੀ ਪਹਿਲੀ ਤੱਕਣੀ ਨਾਲ਼ ਹੀ ਸ਼ਿਕਾਰੀ ਘਾਇਲ ਹੋ ਗਿਆ! ਪਰਤਾਪੀ ਵੀ ਕਾਕੇ ਦੇ ਨੈਣਾਂ ਦੇ ਵਾਰ ਨੂੰ ਝੱਲ ਨਾ ਸਕੀ। ਓਧਰ ਮਸਤੀਆਂ ਹੋਈਆਂ ਮੁਟਿਆਰਾਂ ਕਾਕੇ 'ਤੇ ਆਪਣੇ ਆਪਣੇ ਵਾਣ ਚਲਾ ਰਹੀਆਂ ਸਨ। ਮਸੀਂ-ਮਸੀਂ ਲੋਪੋਂ ਦੇ ਦਲੇਰ ਗੁੱਜਰ ਦੀ ਭੋਲੀ ਗੁਜਰੀ ਨੇ ਉਨ੍ਹਾਂ ਪਾਸੋਂ ਉਸ ਦਾ ਖਹਿੜਾ ਛੁਡਾਇਆ। ਉਹ ਪਹਿਲਾਂ ਤੋਂ ਹੀ ਇਕ ਦੂਜੇ ਦੇ ਵਾਕਿਫ਼ ਸਨ। ਜਾਣ ਲੱਗਿਆਂ ਕਾਕੇ ਨੇ ਭੋਲੀ ਅੱਗੇ ਪਰਤਾਪੀ ਬਾਰੇ ਆਪਣੇ ਮਨ ਦੀ ਭਾਵਨਾ ਦਾ ਪ੍ਰਗਟਾਵਾ ਕਰ ਦਿੱਤਾ।
ਮਹਿੰਦੀ ਰੱਤੇ ਹੱਥ ਮੁੜ ਹਰਕਤ ਵਿਚ ਆ ਗਏ। ਗਿੱਧਾ ਮੱਚ ਉਠਿਆ। ਸਾਰੇ ਵਾਤਾਵਰਣ ਵਿਚ ਲੋਕ ਬੋਲੀਆਂ ਦੀ ਮਿੱਠੀ ਮਹਿਕ ਖਿਲਰ ਗਈ। ਹਵਾ ਮਸਤ ਹੋ ਗਈ, ਇਸ਼ਕ ਫੁਹਾਰਾਂ ਵਹਿ ਟੁਰੀਆਂ।
ਸ਼ਾਮਾਂ ਪੈ ਰਹੀਆਂ ਸਨ ਜਦੋਂ ਹਰਨੀਆਂ ਦੀ ਡਾਰ ਪਿੰਡ ਨੂੰ ਪਰਤ ਪਈ। ਹਰ ਮੁਟਿਆਰ ਆਪਣੇ ਆਪ ਨੂੰ ਹੀਰ ਸਮਝਦੀ ਹੋਈ ਕਾਕੇ ਬਾਰ਼ੇ ਗੱਲਾਂ ਕਰ ਰਹੀ ਸੀ। ਹਸਦੀਆਂ ਖੇਡਦੀਆਂ ਮੁਟਿਆਰਾਂ ਅਜੇ ਥੋੜ੍ਹੀ ਦੂਰ ਹੀ ਗਈਆਂ ਸਨ ਕਿ ਬਾਰਸ਼ ਦਾ ਛਰਾਟਾ ਇਕਦਮ ਆ ਗਿਆ। ਹਰਨੀਆਂ ਦੀ ਡਾਰ ਵਿਚ ਭਾਜੜ ਪੈ ਗਈ। ਭੋਲੀ ਤੇ ਪਰਤਾਪੀ ਪਿੰਡੋਂ ਬਾਹਰ ਹੀਰਾ ਸਿੰਘ ਜੱਟ ਦੇ ਸੁੰਨੇ ਕੋਠੇ ਵਿਚ ਜਾ ਵੜੀਆਂ। ਭੋਲੀ ਨੇ ਏਧਰ ਓਧਰ ਦੀਆਂ ਗੱਲਾਂ ਮਾਰਨ ਮਗਰੋਂ ਕਾਕੇ ਬਾਰੇ ਗੱਲ ਤੋਰੀ। ਪਰਤਾਪੀ ਅੰਦਰੋਂ ਲੱਡੂ ਭੋਰਦੀ ਪਈ ਸੀ ਪਰ ਬਾਹਰੋਂ:
ਆਖੇ ਪਰਤਾਪੀ ਨੀ ਤੂੰ ਭੋਲੀਏ ਮਖ਼ੋਲ ਕਰੇਂ
ਕੀਤਾ ਕੀ ਪਸੰਦ ਉਸ ਮੇਰਾ ਨੀ ਗੰਵਾਰ ਦਾ
ਜਾਤ ਦੀ ਕਮੀਨਣੀ, ਅਧੀਨਣੀ, ਗ਼ਰੀਬਣੀ ਮੈਂ
ਉਸ ਨੂੰ ਤੂੰ ਦੱਸਦੀ ਹੈਂ ਪੁੱਤ ਜ਼ੈਲਦਾਰ ਦਾ
ਜੱਟਾਂ ਨਾਲ਼ ਦੋਸਤੀ ਨਾ ਪੁੱਗਦੀ ਕਮੀਣਾਂ ਦੀ ਨੀ
ਖੇਤ-ਬੰਨੇ, ਬੀਹੀ-ਗਲ਼ੀ ਦੇਖ ਨੀ ਖੁੰਗਾਰਦਾ
ਮੇਰੇ ਨਾ ਪਸੰਦ ਤੇਰੀ ਗੱਲ ਗੁਰਦਿੱਤ ਸਿੰਘਾ
ਮਿੱਟੀ ਪੱਟ ਦੇਵੇ ਜੱਟ ਜਦੋਂ ਨੀ ਹੰਕਾਰਦਾ
ਦੱਬੇ ਭਾਂਬੜ ਭਲਾ ਕਦ ਤੀਕਰ ਦਬਾਏ ਜਾ ਸਕਦੇ ਹਨ। ਆਖ਼ਰ ਜਵਾਲਾ ਫੁੱਟ ਪੈਂਦੀ ਹੈ। ਪਰਤਾਪੀ ਭੋਲੀ ਅੱਗੇ ਆਪਣੇ ਮਨ ਦੀ ਵੇਦਨਾ ਦਾ ਇਜ਼ਹਾਰ ਕਰ ਦੇਂਦੀ ਹੈ:
ਤਨ ਮਨ ਮੇਰੇ ਦੀ ਭੁਲਾਈ ਸੁੱਧ ਨਢੜੇ ਨੇ
ਮਿੱਠਾ ਮਿੱਠਾ ਬੋਲ ਕੇ ਦਿਖਾ ਗਿਆ ਹੈ ਲੀਲ੍ਹਾ ਨੀ
ਫੁੱਲ ਨੀ ਗੁਲਾਬ ਵਾਂਗੂੰ ਰੰਗ ਮੇਰਾ ਓਸ ਵੇਲੇ
ਮੁੱਖੜਾ ਲੁਕਾਇਆ ਤਾਂ ਹੋਇਆ ਪਤ-ਪੀਲਾ ਨੀ
ਦਸਦੀ ਮੈਂ ਤੈਨੂੰ ਅੱਜ ਗੁਰਦਿੱਤ ਸਿੰਘਾ
ਲੁੱਟੀ ਨੀ ਮੈਂ ਲੁੱਟੀ ਲੁੱਟ ਲੈ ਗਿਆ ਰੰਗੀਲਾ ਨੀ
ਅਗਲੀ ਭਲਕ ਭੋਲੀ ਨੇ ਕਾਕੇ ਨੂੰ ਸੁਨੇਹਾ ਭੇਜ ਕੇ ਰੁਪਾਲੋਂ ਤੋਂ ਸੱਦ ਲਿਆ। ਪਰਤਾਪੀ ਤੇ ਕਾਕੇ ਨੇ ਭੋਲੀ ਦੇ ਘਰ, ਲੱਗੀਆਂ ਤੋੜ ਨਿਭਾਉਣ ਦੇ ਕੌਲ ਕਰਾਰ ਕਰ ਲਏ। ਇਸ ਤਰ੍ਹਾਂ ਉਹ ਭੋਲੀ ਦੇ ਘਰੇ ਪਿਆਰ ਮਿਲਣੀਆਂ ਮਾਣਦੇ ਰਹੇ।
ਇਸ਼ਕ-ਮੁਸ਼ਕ ਛੁਪਾਇਆਂ ਕਦੋਂ ਛੁਪਦੇ ਨੇ। ਕਾਕੇ ਦੇ ਨਿੱਤ ਲੋਪੋਂ ਆਉਣ ਕਾਰਨ ਉਨ੍ਹਾਂ ਦੇ ਇਸ਼ਕ ਦਾ ਭੇਤ ਖੁਲ੍ਹ ਗਿਆ। ਪਰਤਾਪੀ ਦੀ ਮਾਂ ਨੰਦੋ ਦੇ ਕੰਨੀਂ ਵੀ ਉਨ੍ਹਾਂ ਦੇ ਇਸ਼ਕ ਦੀ ਭਿਣਕ ਪੈ ਗਈ। ਉਹਨੇ ਉਸ ਨੂੰ ਲੱਖ ਸਮਝਾਇਆ ਕਿ ਉਹ ਕਾਕੇ ਦਾ ਸਾਥ ਛੱਡ ਦੇਵੇ ਪਰੰਤੁ ਪਰਤਾਪੀ ਪਿਛਾਂਹ ਮੁੜਨ ਵਾਲੀ ਕਿੱਥੇ ਸੀ। ਉਹਨੇ ਨੰਦੋ ਨੂੰ ਸਾਫ਼ ਆਖ ਦਿੱਤਾ, "ਮਾਂ ਮੇਰੀਏ! ਭਾਵੇਂ ਮਾਰ! ਭਾਵੇਂ ਛੱਡ! ਮੈਂ ਤਾਂ ਕਾਕੇ ਨੂੰ ਦਿੱਤਾ ਕੌਲ ਨਿਭਾਵਾਂਗੀ- ਉਹ ਤਾਂ ਮੇਰੀ ਜਾਨ ਦਾ ਟੁਕੜਾ ਏ, ਉਹਦੀ ਖ਼ਾਤਰ ਆਪਣੀ ਜਿੰਦ ਵਾਰ ਦਿਆਂਗੀ- ਪਿਛਾਂਹ ਪੈਰ ਨਹੀਂ ਪਾਵਾਂਗੀ। ਲੋਕੀ ਪਏ ਕੁਝ ਆਖਣ ਮੈਨੂੰ ਕਿਸੇ ਦੀ ਪਰਵਾਹ ਨਹੀਂ।"
ਨੰਦੋ ਨੇ ਆਪਣੇ ਪਤੀ ਕਾਨ੍ਹੇ ਨਾਲ਼ ਪਰਤਾਪੀ ਬਾਰੇ ਮਸ਼ਵਰਾ ਕੀਤਾ। ਖੰਨੇ ਦੇ ਨਜ਼ਦੀਕ ਰਾਜੇਵਾਲ ਪਿੰਡ ਦੇ ਰਾਮ ਰਤਨ ਨਾਲ਼ ਪਰਤਾਪੀ ਵਿਆਹੀ ਹੋਈ ਸੀ ਪਰੰਤੂ ਅਜੇ ਉਹਦਾ ਮੁਕਲਾਵਾ ਨਹੀਂ ਸੀ ਤੋਰਿਆ! ਬਦਨਾਮੀ ਤੋਂ ਡਰਦਿਆਂ ਪਰਤਾਪੀ ਦੇ ਬਾਪ ਨੇ ਮੁਕਲਾਵੇ ਦਾ ਦਿਨ ਧਰ ਦਿੱਤਾ।
ਰਾਮ ਰਤਨ ਮੁਕਲਾਵਾ ਲੈਣ ਲਈ ਲੋਪੋਂ ਪੁੱਜ ਗਿਆ। ਰੋਂਦੀ ਕੁਰਲਾਉਂਦੀ ਪਰਤਾਪੀ ਨੂੰ ਮਾਪਿਆਂ ਨੇ ਰਾਮ ਰਤਨ ਨਾਲ਼ ਮੁਕਲਾਵਾ ਦੇ ਕੇ ਤੋਰ ਦਿੱਤਾ। ਪਰਤਾਪੀ ਕਾਕੇ ਨੂੰ ਯਾਦ ਕਰ ਕਰ ਹਾਉਕੇ ਭਰਦੀ ਰਹੀ, ਸਿਸਕੀਆਂ ਲੈਂਦੀ ਰਹੀ- ਉਹਦੀ ਕਿਸੇ ਨੇ ਇਕ ਨਾ ਸੁਣੀ।
ਰਾਮ ਰਤਨ ਦੀ ਖ਼ੁਸ਼ੀ ਦਾ ਕੋਈ ਪਾਰਾਵਾਰ ਨਹੀਂ ਸੀ। ਉਹਦੇ ਪੱਬ, ਪਰੀਆਂ ਵਰਗੀ ਹੁਸ਼ਨਾਕ ਪਰਤਾਪੀ ਨੂੰ ਪਾ ਕੇ, ਧਰਤੀ 'ਤੇ ਨਹੀਂ ਸੀ ਲਗ ਰਹੇ ਤੇ ਉਹ ਖੀਵਾ ਹੋਇਆ ਛੇਤੀ ਤੋਂ ਛੇਤੀ ਰਾਜੇਵਾਲ ਪੁੱਜਣਾ ਲੋਚਦਾ ਸੀ!
ਲੋਪੋਂ ਅਤੇ ਰੁਪਾਲੋਂ ਦੇ ਵਿਚਕਾਰ ਢੱਕੀ ਸੀ- ਸੁੰਨਸਾਨ ਰਾਹ! ਰਾਮ ਰਤਨ ਬੈਲ ਗੱਡੀ ਵਿਚ ਪਰਤਾਪੀ ਨੂੰ ਲਈ ਜਾ ਰਿਹਾ ਸੀ ਕਿ ਕਾਕੇ ਨੇ ਆਪਣੇ ਨਾਲ਼ ਕੁਝ ਬਦਮਾਸ਼ ਲਏ ਤੇ ਗੱਡੀ ਢੱਕੀ ਵਿਚ ਜਾ ਘੇਰੀ। ਨਾਲ਼ ਆਏ ਬਰਾਤੀ ਕੁੱਟ-ਕੁੱਟ ਕੇ ਭਜਾ ਦਿੱਤੇ ਤੇ ਪਰਤਾਪੀ ਨੂੰ ਸਣੇ ਗੱਡੀ ਆਪਣੇ ਪਿੰਡ ਰੁਪਾਲੋਂ ਲੈ ਆਇਆ।
'ਜ਼ੋਰ ਸਰਦਾਰੀ ਦੇ, ਗੱਡੀ ਮੋੜ ਕੇ ਰੁਪਾਲੋਂ ਬਾੜੀ।' (ਲੋਕ ਗੀਤ)
ਗ਼ਰੀਬ ਸੁਨਿਆਰ ਜਗੀਰਦਾਰਾਂ ਦੇ ਅੱਤਿਆਚਾਰ ਅਤੇ ਧੱਕਾਸ਼ਾਹੀ ਦੀ ਤਾਬ ਨਾ ਝੱਲਦੇ ਹੋਏ ਖੰਨੇ ਦੇ ਥਾਣੇ ਜਾ ਰੋਏ-ਪਿੱਟੇ।
ਰੁਪਾਲੋਂ ਪੁਲਿਸ ਆਈ। ਕਾਹਨ ਸਿੰਘ ਜ਼ੈਲਦਾਰ ਦੀ ਇੱਜ਼ਤ ਦਾ ਸਵਾਲ ਸੀ। ਕਾਕੇ ਨੇ ਪਰਤਾਪੀ ਨੂੰ ਕਿਧਰੇ ਹੋਰ ਤੋਰ ਦਿੱਤਾ। ਘਰ ਦੀ ਤਲਾਸ਼ੀ ਹੋਈ। ਚਾਂਦੀ ਦੇ ਛਣਕਦੇ ਰੁਪਿਆਂ ਨਾਲ਼ ਜੈਲਦਾਰ ਦੀ ਇੱਜ਼ਤ ਬਚਾ ਲਈ ਗਈ। ਪਰਤਾਪੀ ਬਰਾਮਦ ਨਾ ਹੋ ਸਕੀ। ਰਾਮ ਰਤਨ ਸਬਰ ਦਾ ਘੁੱਟ ਭਰ ਕੇ ਬਹਿ ਗਿਆ।
ਕਾਕਾ ਕਿਰਪਾਲ ਸਿੰਘ ਦੇ ਅਮੋੜ ਸੁਭਾਅ ਨੂੰ ਮੁਖ ਰੱਖਦਿਆਂ ਜੈਲਦਾਰ ਕਾਹਨ ਸਿੰਘ ਨੇ ਉਹਨੂੰ ਰਿਆਸਤ ਨਾਭਾ ਵਿਖੇ ਰਾਜਾ ਹੀਰਾ ਸਿੰਘ ਦੇ ਰਸਾਲੇ ਵਿਚ ਭਰਤੀ ਕਰਵਾ ਦਿੱਤਾ। ਕਾਕੇ ਨੇ ਪਰਤਾਪੀ, ਪਰਤਾਪੀ ਦੇ ਨਾਨਕੀਂ ਛੱਡ ਆਂਦੀ। ਓਥੋਂ ਉਹ ਵਿਛੋੜੇ ਦੀ ਅਗਨੀ ਵਿਚ ਸੜਦੀ ਹੋਈ ਲੋਪੋਂ ਆ ਗਈ।
ਨਾਭੇ ਤੋਂ ਪਰਤਾਪੀ ਨੂੰ ਕਾਕੇ ਦੇ ਸੁਖ-ਸੁਨੇਹੇ ਪੁਜਦੇ ਰਹੇ। ਉਹ ਉਹਦੇ ਵਿਯੋਗ ਵਿਚ ਬਿਨ ਪਾਣੀਓਂ-ਮੱਛੀ ਵਾਂਗ ਤੜਪ ਰਿਹਾ ਸੀ। ਪਰਤਾਪੀ ਹੁਣ ਨਾਭੇ ਕਾਕੇ ਕੋਲ਼ ਨਸ ਜਾਣ ਦੀਆਂ ਵਿਉਂਤਾਂ ਬਣਾ ਰਹੀ ਸੀ। ਉਹਨੇ ਆਪਣੀ ਸਹੇਲੀ ਭੋਲੀ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ। "ਭੋਲੀਏ ਇਸ਼ਕ ਦੀਆਂ ਲੱਗੀਆਂ ਦੇ ਬਾਣ ਬੁਰੇ, ਮੇਰਾ ਲੂੰ-ਲੂੰ ਜਲ਼ ਰਿਹੈ, ਮੇਰੀ ਨੀਂਦ ਕਿਧਰੇ ਉਡ-ਪੁਡ ਗਈ ਐ। ਬਸ ਕਾਕਾ ਅੱਠੋ ਪਹਿਰ ਯਾਦ ਆਉਂਦਾ ਰਹਿੰਦੈ... ਮੈਨੂੰ ਉਨੀ ਦੇਰ ਚੈਨ ਨਹੀਂ ਆਉਣੀ ਜਿੰਨੀ ਦੇਰ ਉਹਨੂੰ ਦੇਖ ਨਹੀਂ ਲੈਂਦੀ। ਖੌਰੇ ਉਹਦੀ ਕੀ ਹਾਲਤ ਹੋਵੇਗੀ। ਭੋਲੀਏ, ਮੈਨੂੰ ਨਾਭੇ ਪੁਚਾਣ ਦੀ ਕੋਈ ਸਕੀਮ ਸੋਚ- ਸਾਰੀ ਉਮਰ ਤੇਰਾ ਅਹਿਸਾਨ ਨਹੀਂ ਭੁੱਲਾਂਗੀ।" ਪਰਤਾਪੀ ਨੇ ਆਪਣਾ ਸਿਰ ਭੋਲੀ ਦੀ ਗੋਦੀ ਵਿਚ ਸੁੱਟ ਦਿੱਤਾ ਤੇ ਡੁਸਕਣ ਲੱਗ ਪਈ।
"ਅੜੀਏ ਹੌਸਲਾ ਕਰ, ਮੈਂ ਆਪਣੇ ਦਲੇਲ ਨਾਲ਼ ਗੱਲ ਕਰਕੇ ਤੇਰਾ ਕੋਈ ਬੰਦੋਬਸਤ ਕਰਦੀ ਆਂ... ਉਹ ਤੈਨੂੰ ਸਰਦਾਰ ਕੋਲ਼ ਛੱਡ ਆਵੇਗਾ। ਹੁਣ ਪੂੰਝ ਛੱਡ ਇਹ ਹੰਝੂ।" ਭੋਲੀ ਨੇ ਹੌਸਲਾ ਦਿੱਤਾ।
"ਭੋਲੀਏ ਤੇਰਾ ਕਰਜ਼ ਕਿਵੇਂ ਚੁਕਾਵਾਂਗੀ?"
"ਬਸ ਦਿਲ ਦੀ ਭਾਫ਼ ਦਿਲ ਵਿਚ ਹੀ ਰੱਖ! ਔਹ ਨਰੈਣੀ ਆਉਂਦੀ ਪਈ ਐ।"
ਭੋਲੀ ਨੇ ਪਰਤਾਪੀ ਦੀਆਂ ਅੱਖਾਂ ਵਿਚ ਅਨੋਖੀ ਚਮਕ ਵੇਖੀ ਤੇ ਬੁਲ੍ਹਾਂ ਵਿਚ ਮੁਸਕਰਾਈ।
ਆਥਣ ਸਮੇਂ ਭੋਲੀ ਨੇ ਆਪਣੇ ਘਰ ਵਾਲ਼ੇ ਦਲੇਲ ਗੁੱਜਰ ਨਾਲ਼ ਪਰਤਾਪੀ ਨੂੰ ਕਾਕੇ ਕੋਲ਼ ਨਾਭੇ ਛੱਡ ਆਉਣ ਦੀ ਗੱਲ ਤੋਰੀ।
ਅਗਲੀ ਭਲ਼ਕ ਦਲੇਲ ਨੇ ਰੁਪਾਲੋਂ ਜਾ ਕੇ ਕਾਕੇ ਦੀ ਮਾਂ ਅਤਰੀ ਨੂੰ ਪਰਤਾਪੀ ਦੇ ਨਾਭੇ ਜਾਣ ਦੇ ਮਨਸੂਬੇ ਬਾਰੇ ਦੱਸ ਦਿੱਤਾ। ਪਰਤਾਪੀ ਦਾ ਕਾਕੇ ਕੋਲ਼ ਨਾਭੇ ਜਾਣਾ ਸੁਣ ਕੇ ਅਤਰੀ ਦੇ ਸਿਰ ਜਿਵੇਂ ਸੌ ਘੜਾ ਪਾਣੀ ਦਾ ਪੈ ਗਿਆ। ਉਹ ਮੱਥਾ ਫੜ ਕੇ ਬੈਠ ਗਈ। ਇਕ ਪਲ ਉਹ ਸੁੰਨ ਬੈਠੀ ਰਹੀ, ਆਖ਼ਰ ਉਸ ਦੇ ਬੁਲ੍ਹ ਕੰਬੇ, "ਨਹੀਂ, ਨਹੀਂ ਹੋਣ ਦਿਆਂਗੀ। ਜ਼ੈਲਦਾਰ ਕਾਹਨ ਸਿੰਘ ਦੀ ਨੂੰਹ ਕਮੀਣ ਸੁਨਿਆਰ ਦੀ ਧੀ ਨਹੀਂ ਬਣ ਸਕਦੀ। ਨਹੀਂ ਬਣ ਸਕਦੀ। ਜੇ ਪਰਤਾਪੀ ਕਾਕੇ ਦੇ ਵਸ ਗਈ ਤਾਂ ਸਾਡੇ ਖ਼ਾਨਦਾਨ ਦੀ ਇੱਜ਼ਤ ਮਿੱਟੀ ਵਿਚ ਮਿਲ਼ ਜਾਵੇਗੀ। ਸਾਡਾ ਨੱਕ ਵੱਢਿਆ ਜਾਵੇਗਾ। ਅਸੀਂ ਵੱਡੇ ਨਾਢੂ ਖਾਂ ਸਰਦਾਰ ਕਿਸੇ ਪਾਸੇ ਵੀ ਆਪਣਾ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ। ਵੀਰ ਮੇਰਿਆ ਕੁਝ ਵੀ ਕਰ। ਸਾਡੀ ਇੱਜ਼ਤ ਬਚਾ। ਤੂੰ ਅੱਗੇ ਵੀ ਸਾਡੇ 'ਤੇ ਬਹੁਤ ਅਹਿਸਾਨ ਕੀਤੇ ਨੇ। ਆਹ ਲੈ ਪੰਜ ਸੌ ਰੁਪਏ। ਪਰਤਾਪੀ ਨੂੰ ਕਿਧਰੇ ਮੁਕਾ ਛੱਡ। ਮੈਂ ਤੇਰੇ ਪੈਰੀਂ ਪੈਨੀ ਆਂ।" ਅਤਰੀ ਨੇ ਆਪਣੀ ਚੁੰਨੀ ਦਲੇਲ ਦੇ ਪੈਰਾਂ 'ਤੇ ਰੱਖ ਦਿੱਤੀ।
ਅਤਰੀ ਦੀ ਹਾਲਤ ਦਲੇਲ ਪਾਸੋਂ ਸਹਾਰੀ ਨਾ ਗਈ। ਐਡੇ ਵੱਡੇ ਸਰਦਾਰਾਂ ਦੀ ਸਰਦਾਰਨੀ ਉਹਦੇ ਅੱਗੇ ਝੋਲੀ ਅੱਡੀ ਖੜੀ ਸੀ। ਉਹਨੇ ਪਰਤਾਪੀ ਨੂੰ ਪਾਰ ਬੁਲਾਉਣ ਦਾ ਇਕਰਾਰ ਅਤਰੀ ਨੂੰ ਦੇ ਦਿੱਤਾ।
ਰੁਪਾਲੋਂ ਦੇ ਲਾਗਲੇ ਪਿੰਡ ਚੱਕ ਦਾ ਸੱਯਦ ਮੁਹੰਮਦ ਸ਼ਾਹ ਦਲੇਲ ਦਾ ਯਾਰ ਸੀ। ਉਹਨੇ ਉਸ ਨੂੰ ਵੀ ਪਰਤਾਪੀ ਨੂੰ ਮਾਰਨ ਦੇ ਕਾਰਜ ਵਿਚ ਆਪਣਾ ਭਾਈਵਾਲ ਬਣਾ ਲਿਆ। ਅੰਨ੍ਹਾ ਲਾਲਚ ਚੰਗੇ ਭਲਿਆਂ ਨੂੰ ਵੀ ਵਿਗਾੜ ਦਿੰਦਾ ਹੈ।
ਦਲੇਲ ਨੇ ਲੋਪੋਂ ਆ ਕੇ, ਅਗਲੀ ਭਲਕ ਭੋਲੀ ਹੱਥ, ਪਰਤਾਪੀ ਨੂੰ ਨਾਭੇ ਜਾਣ ਲਈ ਤਿਆਰੀ ਕਰਨ ਦਾ ਸੁਨੇਹਾ ਭੇਜ ਦਿੱਤਾ! ਮਾਹੀ ਪਾਸ ਜਾਣ ਦਾ ਸੱਦਾ ਸੁਣ ਕੇ ਉਹ ਖਿੜੇ ਫੁੱਲ ਵਾਂਗ ਖਿੜ ਗਈ।
ਪੱਛਮ ਵੱਲ ਸੂਰਜ ਦੀ ਲਾਲੀ ਕਾਲ਼ੋ ਦਾ ਰੂਪ ਧਾਰ ਰਹੀ ਸੀ। ਤਾਰੇ ਲੁੱਕਣ ਮੀਟੀ ਖੇਡਣ ਲਗ ਪਏ ਸਨ। ਦਲੇਲ ਵਿਛੜੀ ਕੂੰਜ ਨੂੰ ਨਾਲ਼ ਲੈ ਕੇ ਚਾਵਾ-ਪੈਲ ਸਟੇਸ਼ਨ ਨੂੰ ਤੁਰ ਪਿਆ। ਲੋਪੋਂ ਤੋਂ ਚਾਵਾ-ਪੈਲ ਸਟੇਸ਼ਨ ਤੀਕਰ ਟਿੱਬੇ ਹੀ ਟਿੱਬੇ ਸਨ। ਪਰਤਾਪੀ ਟਿੱਬਿਆਂ ਦੀ ਕੋਈ ਪਰਵਾਹ ਨਹੀਂ ਸੀ ਕਰ ਰਹੀ। ਅੱਜ ਉਹ ਸਾਰੇ ਦਿਨਾਂ ਨਾਲ਼ੋਂ ਖਿੜਵੇਂ ਰੌਂਅ ਵਿਚ ਸੀ। ਉਹ ਭੋਲੀ ਦਾ ਲੱਖ-ਲੱਖ ਸ਼ੁਕਰ ਕਰ ਰਹੀ ਸੀ। ਪਿਆਰੇ ਦੇ ਮਿਲਾਪ ਲਈ ਉਹਦਾ ਦਿਲ ਬਹਿਬਲ ਹੋ ਰਿਹਾ ਸੀ। ਉਹ ਇਹ ਨਹੀਂ ਸੀ ਜਾਣਦੀ ਕਿ ਹੋਣੀ ਕੀ ਭਾਣਾ ਵਰਤਾਣ ਲੱਗੀ ਹੈ।
ਜਦੋਂ ਦਲੇਲ ਤੇ ਪਰਤਾਪੀ ਹਾਥੀ ਵਾਲ਼ੇ ਟਿੱਬੇ ਕੋਲ਼ ਪੁੱਜੇ ਤਾਂ ਅੱਗੋਂ ਸੱਯਦ ਮੁਹੰਮਦ ਨੇ ਆ ਲਲਕਾਰਾ ਮਾਰਿਆ। ਕਾਲ਼ੀ ਬੋਲ਼ੀ ਸੁੰਨਸਾਨ ਰਾਤ ਵਿਚ ਦਲੇਲ ਤੇ ਸੱਯਦ ਮੁਹੰਮਦ ਨੰਗੀਆਂ ਤਲਵਾਰਾਂ ਲੈ ਕੇ ਪਰਤਾਪੀ ਦੇ ਦੁਆਲੇ ਹੋ ਗਏ। ਬੇਬਸ ਹਰਨੀ ਨੇ ਸੈਆਂ ਤਰਲੇ ਕੀਤੇ, ਹਾੜ੍ਹੇ ਕੱਢੇ, ਆਪਣੇ ਪਿੰਡ ਦਾ ਵੀ ਵਾਸਤਾ ਪਾਇਆ। ਪਿੰਡ ਦਾ ਤਾਂ ਕੁੱਤਾ ਵੀ ਮਾਣ ਨਹੀਂ ਹੁੰਦਾ:
ਨਾ ਮਾਰੀਂ ਵੇ ਦਲੇਲ ਗੁੱਜਰਾ
ਮੈਂ ਲੋਪੋਂ ਦੀ ਸੁਨਿਆਰੀ(ਲੋਕ ਗੀਤ)
ਕਰੀ ਅਰਜੋਈ ਨਾ ਦਰਦ ਮੰਨਿਆਂ
ਪਾਪ ਉੱਤੇ ਲੱਕ ਪਾਪੀਆਂ ਨੇ ਬੰਨ੍ਹਿਆਂ
ਕਰਦੇ ਹਲਾਲ ਜਿਉਂ ਕਸਾਈ ਬੱਕਰੇ
ਗੁੱਜਰ ਦਲੇਲ ਨੇ ਬਣਾਏ ਡੱਕਰੇ(ਗੋਕਲ ਚੰਦ)
ਦਲੇਲ ਹੋਰਾਂ ਨੇ ਪਰਤਾਪੀ ਦੀ ਲਾਸ਼ ਟੁਕੜੇ-ਟੁਕੜੇ ਕਰਕੇ ਹਾਥੀ ਵਾਲ਼ੇ ਟਿੱਬੇ ਵਿਚ ਡੂੰਘੀ ਦੱਬ ਦਿੱਤੀ। ਇਕ ਟਟੀਹਰੀ ਦੀ ਦਿਲ-ਚੀਰਵੀਂ ਆਵਾਜ਼ ਹੌਲ਼ੇ-ਹੌਲ਼ੇ ਮੱਧਮ ਪੈ ਗਈ।
ਪਰਤਾਪੀ ਦੇ ਅਚਾਨਕ ਗਾਇਬ ਹੋਣ 'ਤੇ ਪਿੰਡ ਵਿਚ ਰੌਲ਼ਾ ਪੈ ਗਿਆ। ਕੋਈ ਆਖੇ, "ਪਰਤਾਪੀ ਕਾਕੇ ਪਾਸ ਨਾਭੇ ਨਸ ਗਈ ਹੈ।" ਕਿਸੇ ਕਿਹਾ, "ਪਰਤਾਪੀ ਨੂੰ ਕਾਹਨ ਸਿੰਘ ਹੋਰਾਂ ਮਰਵਾ ਦਿੱਤਾ ਹੈ।" ਆਖ਼ਰ ਸ਼ੋਹਰੋ ਸ਼ੋਹਰੀ ਹੁੰਦੀ ਗਈ। ਕਿਸੇ ਥਾਣੇ ਜਾ ਮੁਖ਼ਬਰੀ ਕੀਤੀ। ਪਰਤਾਪੀ ਦਾ ਕਤਲ ਹੋਇਆਂ ਛੇ ਮਹੀਨੇ ਲੰਘ ਚੁੱਕੇ ਸਨ।
ਪੁਲਿਸ ਆਈ। ਸਾਰੇ ਪਿੰਡ ਦੀ ਮਾਰ-ਕੁਟਾਈ ਕੀਤੀ ਗਈ ਪਰ ਪਰਤਾਪੀ ਦਾ ਕਿਧਰੇ ਥਹੁ-ਪਤਾ ਨਾ ਲੱਗਾ।
ਅੰਗਰੇਜ਼ ਬਾਰਬਟਨ ਜਿਹੜਾ ਉਸ ਸਮੇਂ ਲੁਧਿਆਣੇ ਦਾ ਪੁਲਿਸ ਸੁਪਰਡੈਂਟ ਸੀ, ਇਸ ਕੇਸ ਦੀ ਪੜਤਾਲ ਲਈ ਰੁਪਾਲੋਂ ਆਇਆ। ਉਸ ਦੇ ਨਾਲ਼ ਦੋ ਸੌ ਸਿਪਾਹੀ ਸਨ। ਪਿੰਡ ਇਕ ਛਾਉਣੀ ਵਿਚ ਬਦਲ ਗਿਆ- ਤੰਬੂ ਤਾਣੇ ਗਏ। ਉਸ ਨੇ ਆਲ਼ੇ-ਦੁਆਲ਼ੇ ਦੇ ਸਾਰੇ ਪਿੰਡ ਸਦ ਲਏ। ਫੇਰ ਵੀ ਕੁਝ ਪਤਾ ਨਾ ਲੱਗਾ। ਬਾਰਬਟਨ ਹੁਸ਼ਿਆਰ ਬਹੁਤ ਸੀ। ਉਹ ਆਥਣ ਸਮੇਂ ਬਾਹਰ ਬੈਠੀਆਂ ਔਰਤਾਂ ਪਾਸ ਚੋਰੀ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣਦਾ ਰਹਿੰਦਾ। ਇਕ ਦਿਨ ਉਸ ਨੂੰ ਪਰਤਾਪੀ ਦੇ ਭੋਲੀ ਨਾਲ਼ ਸਹੇਲਪੁਣੇ ਦਾ ਪਤਾ ਲੱਗ ਗਿਆ। ਉਹਨੇ ਭੋਲੀ ਜਾ ਫੜੀ। ਭੋਲੀ ਨੇ ਪਰਤਾਪੀ ਦੇ ਦਲੇਲ ਨਾਲ਼ ਨਾਭੇ ਜਾਣ ਦੀ ਗੱਲ ਦੱਸ ਦਿੱਤੀ। ਅੱਗੋਂ ਦਲੇਲ ਗੁੱਜਰ ਨੇ ਵਾਅਦਾ ਮੁਆਫ਼ ਗਵਾਹ ਬਣ ਕੇ ਸਾਰੀ ਹੋਈ ਬੀਤੀ ਸੁਣਾ ਦਿੱਤੀ।
ਕਾਕਾ ਕਿਰਪਾਲ ਸਿੰਘ ਦੀ ਮਾਂ ਅਤਰੀ ਅਤੇ ਸੱਯਦ ਮੁਹੰਮਦ ਸ਼ਾਹ ਹੋਰੀਂ ਫੜ ਲਏ ਗਏ।
ਹੁਣ ਸੁਆਲ ਪਰਤਾਪੀ ਦੀ ਲਾਸ਼ ਲੱਭਣ ਦਾ ਸੀ। ਦਲੇਲ ਦੇ ਦੱਸੇ ਪਤੇ 'ਤੇ ਹਾਥੀ ਵਾਲ਼ੇ ਟਿੱਬੇ ਦੀ ਪੁਟਾਈ ਸ਼ੁਰੂ ਹੋਈ। ਆਲ਼ੇ-ਦੁਆਲ਼ੇ ਦੇ ਪਿੰਡਾਂ ਦੇ ਲੋਕਾਂ ਨੇ ਜਿਸ ਵਿਚ ਮੇਰੇ ਪਿੰਡ ਮਾਦਪੁਰ ਦੇ ਲੋਕ ਵੀ ਸ਼ਾਮਲ ਸਨ, ਟਿੱਬੇ ਦੀ ਖ਼ੁਦਾਈ ਵਿਚ ਮਦਦ ਕੀਤੀ।
ਆਖ਼ਰ ਪਰਤਾਪੀ ਦੇ ਹੱਡ ਲੱਭ ਪਏ। ਇਸ ਹੱਡ ਲੱਭਣ ਦੀ ਵਾਰਤਾ ਨੂੰ ਸਾਡੇ ਇਲਾਕੇ ਦੇ ਇਕ ਲੋਕ ਗੀਤ ਨੇ ਅਜੇ ਤੀਕਰ ਸੰਭਾਲਿਆ ਹੋਇਆ ਹੈ:
ਹੱਡ ਪਰਤਾਪੀ ਦੇ
ਬਾਰ ਬਟਨ ਨੇ ਟੋਲ੍ਹੇ
ਅਦਾਲਤ ਵਿਚ ਮੁਕੱਦਮਾ ਚਲਿਆ। ਸੱਯਦ ਮੁਹੰਮਦ ਸ਼ਾਹ ਨੂੰ ਫ਼ਾਂਸੀ ਅਤੇ ਅਤਰੀ ਨੂੰ ਕਾਲ਼ੇ ਪਾਣੀ ਦੀ ਸਜ਼ਾ ਦਿੱਤੀ ਗਈ। ਦਲੇਲ ਗੁੱਜਰ ਨੂੰ ਵਾਅਦਾ ਮੁਆਫ਼ ਗਵਾਹ ਹੋਣ ਕਾਰਨ ਬਰੀ ਕਰ ਦਿੱਤਾ ਗਿਆ। ਬਜ਼ੁਰਗ ਦਸਦੇ ਹਨ ਕਿ ਇਸ ਮੁਕੱਦਮੇ ਦੇ ਫ਼ੈਸਲੇ ਤੋਂ ਇਕ ਮਹੀਨਾ ਬਾਅਦ, ਇਕ ਬੱਦਲਵਾਈ ਵਾਲ਼ੇ ਦਿਨ, ਜਦੋਂ ਦਲੇਲ ਵਗ ਚਰਾਂਦਾ ਹੋਇਆ ਪਰਤਾਪੀ ਦੇ ਮਰਨ ਵਾਲੀ ਥਾਂ 'ਤੇ ਪੁੱਜਾ ਤਾਂ ਅਸਮਾਨ ਵਿਚੋਂ ਕੜਕਦੀ ਬਿਜਲੀ ਉਸ ਉਤੇ ਡਿਗ ਪਈ ਤੇ ਉਹ ਓਥੇ ਹੀ ਖਖੜੀ-ਖਖੜੀ ਹੋ ਗਿਆ।
ਇਸ ਕਹਾਣੀ ਨੂੰ ਵਾਪਰਿਆਂ ਢੇਡ ਸਦੀ ਦੇ ਕਰੀਬ ਸਮਾਂ ਬੀਤ ਗਿਆ ਹੈ ਪਰੰਤੂ ਨਿਰਦੋਸ਼ ਮਾਸੂਮ ਪਰਤਾਪੀ ਦੇ ਕਤਲ ਦਾ ਦਰਦ ਇਸ ਇਲਾਕੇ ਦੇ ਕਣ-ਕਣ ਵਿਚ ਰਮਿਆ ਹੋਇਆ ਹੈ। ਜਦ ਕੋਈ ਬਜ਼ੁਰਗ ਇਸ ਕਹਾਣੀ ਦੀ ਬਾਤ ਪਾਉਂਦਾ ਹੈ ਤਾਂ ਉਸ ਦਾ ਗਲ਼ਾ ਭਰ-ਭਰ ਆਉਂਦਾ ਹੈ ਤੇ ਨੈਣਾਂ ਵਿਚ ਅੱਥਰੂ ਸਿੰਮ ਆਉਂਦੇ ਹਨ।
.