ਸਮੱਗਰੀ 'ਤੇ ਜਾਓ

ਜਿਨ੍ਹਾਂ ਵਣਜ ਦਿਲਾਂ ਦੇ ਕੀਤੇ/ਸੋਹਣੀ ਮਹੀਂਵਾਲ

ਵਿਕੀਸਰੋਤ ਤੋਂ

ਸੋਹਣੀ ਮਹੀਂਵਾਲ

ਝਨਾਅ ਦੇ ਪਾਣੀਆਂ ਨੇ ਜਿਨ੍ਹਾਂ ਮੁਹੱਬਤੀ ਰੂਹਾਂ ਨੂੰ ਜਨਮ ਦਿੱਤਾ ਹੈ ਉਨ੍ਹਾਂ ਵਿਚ 'ਸੋਹਣੀ' ਇਕ ਅਜਿਹਾ ਅਮਰ ਨਾਂ ਹੈ ਜਿਸ ਨੇ ਪੰਜਾਬੀਆਂ ਦੇ ਮਨਾਂ 'ਤੇ ਅਮਿੱਟ ਛਾਪ ਛੱਡੀ ਹੈ। ਸਦੀਆਂ ਬੀਤਣ ਬਾਅਦ ਵੀ ਲੋਕ ਉਸ ਦੀਆਂ ਬਾਤਾਂ ਬੜੇ ਚਾਵਾਂ ਨਾਲ਼ ਪਾਉਂਦੇ ਹਨ।
ਬਾਤ ਸਦੀਆਂ ਪੁਰਾਣੀ ਹੈ ਬਲਖ਼ ਬੁਖਾਰੇ ਦੇ ਸੌਦਾਗਰ ਅਲੀ ਬੇਗ ਦਾ ਨੌਜਵਾਨ ਪੁੱਤਰ ਇੱਜ਼ਤ ਬੇਗ ਅਜੋਕੇ ਪਾਕਿਸਤਾਨ ਦੇ ਸ਼ਹਿਰ ਗੁਜਰਾਤ ਵਿਚ ਭਾਂਡਿਆਂ ਦਾ ਵਪਾਰ ਕਰਨ ਲਈ ਆਇਆ। ਇਕ ਦਿਨ ਉਹ ਆਪਣੇ ਨੌਕਰ ਨਾਲ਼ ਗੁਜਰਾਤ ਦੀਆਂ ਹੱਟੀਆਂ ਵੇਖਦਾ-ਵੇਖਦਾ ਤੁੱਲੇ ਦੀ ਭਾਂਡਿਆਂ ਦੀ ਦੁਕਾਨ 'ਤੇ ਪੁੱਜ ਗਿਆ। ਦੁਕਾਨ 'ਤੇ ਭਾਂਡੇ ਖ਼ਰੀਦਣ ਵਾਲ਼ਿਆਂ ਦੀ ਬੜੀ ਭੀੜ ਸੀ। ਦੁਕਾਨ ਵਿਚ ਕੂਜੇ, ਬਾਦੀਏ, ਸੁਰਾਹੀਆਂ, ਘੜੇ, ਮਟਕੇ ਆਦਿ ਇਸ ਸਲੀਕੇ ਨਾਲ਼ ਟਿਕਾਏ ਹੋਏ ਸਨ ਜਿਵੇਂ ਕਿਸੇ ਚਿੱਤਰਕਾਰ ਨੇ ਆਪਣੇ ਚਿੱਤਰਾਂ ਦੀ ਪ੍ਰਦਰਸ਼ਨੀ ਲਾਈ ਹੋਵੇ।
ਇੱਜ਼ਤ ਬੇਗ ਬਾਹਰ ਖੜ੍ਹਾ ਸਜੀਲੀ ਦੁਕਾਨ ਵੱਲ ਪ੍ਰਸੰਸਾ ਭਰੀਆਂ ਤੱਕਣੀਆਂ ਨਾਲ਼ ਤੱਕਦਾ ਰਿਹਾ। ਗਾਹਕਾਂ ਦੀ ਕੁਝ ਭੀੜ ਘਟੀ। ਤੁੱਲੇ ਦੀ ਨਿਗਾਹ ਨੌਜਵਾਨ ਸੌਦਾਗਾਰ 'ਤੇ ਜਾ ਪਈ।
"ਹੁਕਮ ਕਰੋ ਸਭ ਕੁਝ ਹਾਜ਼ਰ ਹੈ, ਜਲ ਪਾਣੀ ਦੀ ਆਗਿਆ ਦਿਓ।" ਤੁੱਲੇ ਨੇ ਨੌਜਵਾਨ ਸੌਦਾਗਰ ਅੱਗੇ ਦੋਨੋਂ ਹੱਥ ਜੋੜੇ ਅਤੇ ਕਾਹੀ ਦਾ ਬਣਿਆਂ ਰਾਂਗਲਾ ਮੂਹੜਾ ਅੱਗੇ ਵਧਾ ਦਿੱਤਾ।
"ਜਲ ਪਾਣੀ ਲਈ ਮਿਹਰਬਾਨੀ, ਸਾਨੂੰ ਕੁਝ ਭਾਂਡਿਆਂ ਦੀ ਲੋੜ ਏ, ਅਸੀਂ ਆਪਣੇ ਦੇਸ਼ ਨੂੰ ਤੁਹਾਡੇ ਦੇਸ਼ ਦੀ ਸੁਗਾਤ ਲਿਜਾਣਾ ਚਾਹੁੰਦੇ ਹਾਂ, ਕੁਝ ਨਮੂਨੇ ਦਿਖਾਓ।" ਮੂਹੜੇ 'ਤੇ ਬੈਠਦਿਆਂ ਇੱਜ਼ਤ ਬੇਗ ਨੇ ਉੱਤਰ ਦਿੱਤਾ।
ਤੁੱਲਾ ਘੁਮਿਆਰ ਦੁਕਾਨ ਅੰਦਰੋਂ ਭਾਂਡੇ ਲੈਣ ਲਈ ਚਲਿਆ ਗਿਆ, ਇੱਜ਼ਤ ਬੇਗ ਸੋਚ ਰਿਹਾ ਸੀ ਕਿ ਉਹ ਖ਼ੂਬਸੂਰਤ ਭਾਂਡਿਆਂ ਦੇ ਰਚਣਹਾਰੇ ਦੀ ਸਿਫ਼ਤ ਕਰੇ ਤਾਂ ਕਿਵੇਂ ਕਰੇ।
ਤੁੱਲਾ ਅੰਦਰੋਂ ਕਈ ਨਮੂਨੇ ਲੈ ਆਇਆ, ਨਮੂਨੇ ਕੀ ਸਨ- ਕਿਸੇ ਕਰਾਮਾਤੀ ਹੱਥਾਂ ਦਾ ਕਮਾਲ ਸਨ- ਤੱਕਿਆਂ ਭੁੱਖ ਲਹਿੰਦੀ ਸੀ।
"ਇਹ ਬਹੁਤ ਸੁੰਦਰ ਹਨ- ਅਤੀ ਸੁੰਦਰ। ਕੋਈ ਕਦਰਦਾਨ ਦਿਲ ਹੀ ਇਨ੍ਹਾਂ ਦਾ ਮੁੱਲ ਤਾਰ ਸਕਦਾ ਹੈ। ਤੁਸੀਂ ਏਡੇ ਮਨਮੋਹਣੇ ਭਾਂਡੇ ਕਿਵੇਂ ਬਣਾ ਲੈਂਦੇ ਹੋ?" ਇੱਜ਼ਤ ਬੇਗ ਦੀਆਂ ਪ੍ਰਸੰਸਾ ਭਰੀਆਂ ਤੱਕਣੀਆਂ ਜਾਣਕਾਰੀ ਲੋੜਦੀਆਂ ਸਨ।
ਪ੍ਰਸੰਸਾ ਦੇ ਸ਼ਬਦ ਸੁਣ ਕੇ ਤੁੱਲੇ ਦੀਆਂ ਅੱਖਾਂ ਚਮਕ ਉੱਠੀਆਂ। ਉਹ ਇੱਜ਼ਤ ਬੇਗ ਨੂੰ ਆਪਣੇ ਅੰਦਰ-ਬਾਰ ਲੈ ਗਿਆ ਜਿੱਥੇ ਭਾਂਡੇ ਬਣ ਰਹੇ ਸਨ। ਚੱਕ ਬੜੀ ਤੇਜ਼ੀ ਨਾਲ ਘੁੰਮ ਰਿਹਾ ਸੀ ਤੇ ਤੁੱਲੇ ਦੀ ਮੁਟਿਆਰ ਧੀ ਆਪਣੀਆਂ ਕੋਮਲ ਉਂਗਲਾਂ ਨਾਲ ਗੁੰਨ੍ਹੀ ਹੋਈ ਮਿੱਟੀ ਨੂੰ ਜਾਦੂ ਭਰੀਆਂ ਛੂਹਾਂ ਦੇ ਰਹੀ ਸੀ।
"ਇਹ ਹੈ ਮੇਰੀ ਧੀ ਸੋਹਣੀ, ਇਹ ਸਾਰੇ ਭਾਂਡੇ ਏਸੇ ਦੇ ਬਣਾਏ ਹੋਏ ਹਨ।" ਤੁੱਲੇ ਨੇ ਆਪਣੀ ਧੀ ਵੱਲ ਇਸ਼ਾਰਾ ਕੀਤਾ।
ਘੁੰਮਦਾ ਚੱਕ ਹੌਲ਼ੀ ਹੋ ਗਿਆ। ਮੁਟਿਆਰ ਚੱਕ ਉਤੇ ਜਨਮ ਲੈ ਰਹੇ ਸ਼ਾਹਕਾਰ ਵਿਚ ਮਗਨ ਸੀ, ਉਸ ਜ਼ਰਾ ਕੁ ਪਿੱਛੇ ਮੁੜ ਕੇ ਤੱਕਿਆ- ਕਾਲ਼ੀਆਂ ਘਟਾਵਾਂ ਪਿੱਛੋਂ ਚੰਦ ਦੀ ਪਿਆਰੀ ਟੁਕੜੀ ਟਹਿਕ ਪਈ।
ਇੱਜ਼ਤ ਬੇਗ ਨੇ ਧੁੱਪ ਵਿਚ ਸੁਕਾਏ ਜਾ ਰਹੇ ਭਾਂਡੇ ਤੱਕੇ ਅਤੇ ਆਵੇ ਵਿਚ ਪਕਾਏ ਜਾ ਰਹੇ ਭਾਂਡਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਜਿੰਨੀ ਦੇਰ ਉਹ ਇਸ ਬਾੜੇ ਵਿਚ ਰਿਹਾ ਸੋਹਣੀ ਦੀ ਪਿਆਰੀ ਸੂਰਤ ਉਹਨੂੰ ਨਜ਼ਰੀਂ ਆਂਦੀ ਰਹੀ। ਉਸ ਨੂੰ ਭਾਂਡਿਆਂ ਦੀ ਖ਼ੂਬਸੂਰਤੀ ਦਾ ਭੇਤ ਸਮਝ ਪੈ ਗਿਆ, "ਸੋਹਣੀ ਦਾ ਆਪਣਾ ਰੂਪ ਹੀ ਤਾਂ ਇਨ੍ਹਾਂ ਭਾਂਡਿਆਂ ਵਿਚ ਸਮਾਇਆ ਹੋਇਆ ਹੈ ਜਿਸ ਕਰਕੇ ਉਹ ਐਨੇ ਖ਼ੂਬਸੂਰਤ ਲਗਦੇ ਨੇ।"
ਇੱਜ਼ਤ ਬੇਗ ਨੇ ਬਹੁਤ ਸਾਰੇ ਭਾਂਡੇ ਖ਼ਰੀਦ ਲਏ ਜੋ ਮੁੱਲ ਤੁੱਲੇ ਨੇ ਮੰਗਿਆ ਉਹਨੇ ਤਾਰ ਦਿੱਤਾ।
ਤੁੱਲੇ ਦੀ ਦੁਕਾਨ ਵਿਚੋਂ ਨਿਕਲ਼ਦਿਆਂ ਇੱਜ਼ਤ ਬੇਗ ਨੇ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਉਹ ਕਿਸੇ ਮੰਦਰ ਦੀ ਜ਼ਿਆਰਤ ਕਰਕੇ ਆ ਰਿਹਾ ਹੋਵੇ।
ਹੁਣ ਤੁੱਲੇ ਦੀ ਹੁਸ਼ਨਾਕ ਧੀ, ਸੋਹਣੀ, ਇੱਜ਼ਤ ਬੇਗ ਦੇ ਖ਼ਿਆਲਾਂ 'ਤੇ ਛਾ ਚੁੱਕੀ ਸੀ।
ਇੱਜ਼ਤ ਬੇਗ ਨੇ ਖ਼ੂਬਸੂਰਤ ਭਾਂਡੇ ਆਪਣੇ ਤੰਬੂ ਵਿਚ ਸਜਾ ਦਿੱਤੇ ਜਿਸ ਭਾਂਡੇ ਵਲ ਉਹ ਤੱਕਦਾ, ਚੰਨ ਨਾਲੋਂ ਪਿਆਰੀ ਸੋਹਣੀ ਨਜ਼ਰ ਆਂਦੀ। ਹਰ ਪਾਸੇ ਸੋਹਣੀ, ਜਿਧਰ ਵੀ ਤੱਕਦਾ ਮੁਸਕਰਾਉਂਦੀ ਸੋਹਣੀ ਵਿਖਾਈ ਦਿੰਦੀ। ਸਾਰੀ ਰਾਤ ਉਹ ਸੋਹਣੀ ਦੇ ਖ਼ਿਆਲਾਂ ਵਿਚ ਖੋਇਆ ਰਿਹਾ, ਇਕ ਪਲ ਲਈ ਵੀ ਉਹਨੂੰ ਨੀਂਦ ਨਾ ਆਈ। ਪੈਸੇ ਦਾ ਵਣਜ ਕਰਨ ਆਇਆ ਸੌਦਾਗਰ ਇਸ਼ਕ ਦਾ ਵਣਜ ਕਰਨ ਲਈ ਉਤਾਵਲਾ ਹੋ ਉੱਠਿਆ। ਉਹਨੇ ਆਪਣਾ ਨੌਕਰ ਆਪਣੇ ਦੇਸ਼ ਪਰਤਾ ਦਿੱਤਾ ਤੇ ਆਪ ਗੁਜਰਾਤ ਵਿਚ ਹੀ ਭਾਂਡਿਆਂ ਦੀ ਹੱਟੀ ਪਾ ਲਈ। ਉਹ ਭਾਂਡੇ ਖ਼ਰੀਦਣ ਦੇ ਪੱਜ ਹਰ ਰੋਜ਼ ਸੋਹਣੀ ਦਾ ਪਿਆਰਾ ਮੁਖੜਾ ਤੱਕ ਆਉਂਦਾ। ਭਾਂਡਿਆਂ ਦਾ ਵਪਾਰੀ ਉਹ ਕਿਧਰੋਂ ਸੀ, ਉਹ ਤਾਂ ਨੈਣਾਂ ਦਾ ਵਣਜਾਰਾ ਸੀ, ਹੁਸਨ ਦੀ ਹੱਟੀ ਤੋਂ ਸੌਦਾ ਖ਼ਰੀਦਣ ਵਾਲ਼ਾ। ਦੁਕਾਨ ਵਿਚ ਘਾਟੇ 'ਤੇ ਘਾਟਾ ਪੈਂਦਾ ਗਿਆ। ਇਕ ਵਰ੍ਹੇ ਵਿਚ ਹੀ ਉਹਨੇ ਆਪਣੀ ਸਾਰੀ ਪੂੰਜੀ ਮੁਕਾ ਦਿੱਤੀ। ਤੁੱਲੇ ਦਾ ਸੈਂਕੜੇ ਰੁਪਏ ਦਾ ਕਰਜ਼ਾ ਉਦ੍ਹੇ ਸਿਰ ਹੋ ਗਿਆ। ਹਾਲਤ ਇਥੋਂ ਤਕ ਪੁੱਜ ਗਈ ਕਿ ਉਹ ਰੋਟੀ ਤੋਂ ਵੀ ਆਤੁਰ ਹੋ ਗਿਆ।
ਅਜੇ ਤੀਕਰ ਇੱਜ਼ਤ ਬੇਗ ਨੇ ਸੋਹਣੀ ਨਾਲ਼ ਦੋ ਪਿਆਰ ਭਰੀਆਂ ਗੱਲੜੀਆਂ ਵੀ ਨਹੀਂ ਸਨ ਕੀਤੀਆਂ, ਸੋਹਣੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਮੁਸਕਰਾਇਆ ਤਕ ਨਹੀਂ ਸੀ।
ਹਾਰ ਕੇ ਇੱਜ਼ਤ ਬੇਗ ਨੇ ਤੁੱਲੇ ਦੇ ਪੈਰ ਜਾ ਫੜੇ।
"ਮਾਪਿਆ ਮੈਨੂੰ ਬਚਾ ਲੈ। ਮੇਰੇ ਪਾਸ ਫੁੱਟੀ ਕੌਡੀ ਵੀ ਨਹੀਂ ਜੀਹਦੇ ਨਾਲ਼ ਤੇਰਾ ਕਰਜ਼ਾ ਮੋੜ ਸਕਾਂ। ਇਸ ਪ੍ਰਦੇਸ਼ ਵਿਚ ਮੇਰਾ ਕੋਈ ਨਹੀਂ। ਹੇ ਨੇਕ ਦਿਲ ਬੰਦੇ ਮੇਰੇ 'ਤੇ ਤਰਸ ਕਰ। ਮੈਨੂੰ ਆਪਣੇ ਕੋਲ਼ ਨੌਕਰ ਰੱਖ ਲੈ। ਮੈਂ ਸਿਰਫ਼ ਦੋ ਟੁਕੜੇ ਰੋਟੀ ਖਾ ਕੇ ਗੁਜ਼ਾਰਾ ਕਰ ਲਵਾਂਗਾ, ਮੇਰੀ ਨੌਕਰੀ ਵਿਚੋਂ ਆਪਣਾ ਕਰਜ਼ਾ ਕੱਟ ਲੈਣਾ।" ਇੱਜ਼ਤ ਬੇਗ ਨੇ ਲੇਲੜ੍ਹੀਆਂ ਕੱਢਦਿਆਂ ਆਖਿਆ। ਉਹਦੇ ਨੈਣ ਭਰ ਆਏ।
ਤੁੱਲਾ ਸੋਚੀਂ ਪੈ ਗਿਆ। ਕੁਝ ਚਿਰ ਸੋਚ ਕੇ ਤੁੱਲੇ ਨੇ ਹੁੰਗਾਰਾ ਭਰਿਆ, "ਬੇਟਾ ਘਾਬਰਨ ਦੀ ਲੋੜ ਨਹੀਂ। ਵਣਜਾਂ ਵਿਚ ਘਾਟੇ-ਵਾਧੇ ਬਣੇ ਹੀ ਹੋਏ ਨੇ। ਇਹ ਮੈਂ ਜਾਣਦਾਂ ਕਿ ਤੂੰ ਪ੍ਰਦੇਸੀ ਏਂ, ਤੇਰਾ ਏਥੇ ਕੋਈ ਮਦਦਗਾਰ ਨਹੀਂ। ਤੂੰ ਮੇਰੇ ਕੋਲ਼ ਨੌਕਰ ਰਹਿਣ ਦਾ ਸਵਾਲ ਪਾਇਆ ਏ, ਮੈਂ ਸਵਾਲੀ ਕਦੇ ਦਰੋਂ ਮੋੜਿਆ ਨਹੀਂ। ਮੈਂ ਤੈਨੂੰ ਆਪਣੇ ਕੋਲ਼ ਨੌਕਰ ਰੱਖਣ ਲਈ ਤਿਆਰ ਹਾਂ ਪਰ ਇਕ ਸ਼ਰਤ ਏ ..."
"ਹਾਂ ਦੱਸ ਬਾਬਾ...।" ਇੱਜ਼ਤ ਬੇਗ ਕਾਹਲ਼ੀ ਨਾਲ਼ ਬੋਲਿਆ। ਉਸ ਨੂੰ ਆਸ ਦਾ ਟਹਿਟਹਾਣਾ ਜਗਮਗਾਂਦਾ ਵਿਖਾਈ ਦੇ ਰਿਹਾ ਸੀ।
"ਤੈਨੂੰ ਮੱਝਾਂ ਚਾਰਨ 'ਤੇ ਨੌਕਰ ਰਹਿਣਾ ਪਵੇਗਾ, ਸੋਚ ਲੈ।" ਤੁੱਲੇ ਨੇ ਗੰਭੀਰਤਾ ਪੂਰਵਕ ਆਖਿਆ।
"ਮੈਨੂੰ ਮਨਜ਼ੂਰ ਏ, ਮੈਂ ਖਿੜੇ ਮੱਥੇ ਇਹ ਨੌਕਰੀ ਕਰਾਂਗਾ।"
ਇੱਜ਼ਤ ਬੇਗ ਲਈ ਜਿਵੇਂ ਸਵਰਗ ਦੀ ਖਿੜਕੀ ਖੁੱਲ੍ਹ ਗਈ ਹੋਵੇ। ਆਪਣੇ ਪਿਆਰੇ ਨਾਲ਼ ਨੇੜਤਾ ਪ੍ਰਾਪਤ ਕਰਨ ਦੀ ਸੱਧਰ ਉਹਨੂੰ ਹੁਣ ਪੂਰੀ ਹੁੰਦੀ ਜਾਪਦੀ ਸੀ।
ਇੱਜ਼ਤ ਬੇਗ ਮੂੰਹ ਝਾਖਰੇ ਹੀ ਮੱਝਾਂ ਖੋਲ੍ਹਦਾ, ਆਪਣੇ ਸਾਥੀਆਂ ਸਮੇਤ ਝਨਾਅ ਦੇ ਬੇਲੇ ਵਿਚ ਪੁੱਜ ਜਾਂਦਾ। ਇੱਜ਼ਤ ਬੇਗ ਤੋਂ ਉਹ ਹੁਣ ਮਹੀਂਵਾਲ ਬਣ ਚੁੱਕਾ ਸੀ, ਉਹ ਨੂੰ ਇਸੇ ਨਾਂ ਨਾਲ਼ ਸੱਦਦੇ ਸਨ। ਕੋਈ ਡੇਢ ਵਰ੍ਹਾ ਇਸੇ ਤਰ੍ਹਾਂ ਲੰਘ ਗਿਆ। ਸੋਹਣੀ ਦੀ ਰਾਂਗਲੀ ਨੁਹਾਰ ਉਹਨੂੰ ਜ਼ਿੰਦਗੀ ਜੀਣ ਦਾ ਲਾਰਾ ਦਈ ਜਾ ਰਹੀ ਸੀ। ਉਹ ਕਲਪਨਾ ਵਿਚ ਹੀ ਕਈ ਵਾਰ ਸੋਹਣੀ ਨਾਲ਼ ਸ਼ਹਿਦ ਭਰੀਆਂ ਗੱਲਾਂ ਕਰਦਾ, ਰੁੱਸਦਾ, ਹੱਸਦਾ ਅਤੇ ਮਨਮਨਾਈ ਕਰਦਾ। ਪਰੰਤੂ ਸੋਹਣੀ ਉਹਦੇ ਪਾਸੋਂ ਬਹੁਤ ਦੂਰ ਸੀ- ਅਸਮਾਨੀ ਤਾਰਿਆਂ ਨਾਲ਼ੋਂ ਵੀ ਦੂਰ। ਸੋਹਣੀ ਤਾਂ ਉਹਦੇ ਲਈ ਲਾਜਵੰਤੀ ਦਾ ਬੂਟਾ ਸੀ, ਜਿਹੜਾ ਹੱਥ ਲਾਇਆਂ ਕੁਮਲਾ ਜਾਂਦਾ ਏ।
ਇਕ ਦਿਨ ਸੋਹਣੀ ਮਹੀਂਵਾਲ ਲਈ ਭੱਤਾ ਲੈ ਕੇ ਆ ਗਈ। ਉਹਦਾ ਚੋ ਚੋ ਪੈਂਦਾ ਰੂਪ ਮਹੀਂਵਾਲ ਨੂੰ ਤੜਪਾ ਗਿਆ। ਉਸ ਆਪਣਾ ਦਿਲ ਸੋਹਣੀ ਅੱਗੇ ਫੋਲ ਸੁੱਟਿਆ।
"ਸੋਹਣੀਏ! ਮੈਂ ਤੇਰੇ ਪਿੱਛੇ ਆਪਣੇ ਮਾਂ ਬਾਪ ਅਤੇ ਪਿਆਰਾ ਦੇਸ਼ ਛੱਡ ਦਿੱਤੈ ਪਰ ਤੂੰ ਏਂ ਜੀਹਨੇ ਮੇਰੇ ਨਾਲ਼ ਅਜੇ ਤਕ ਸਿੱਧੇ ਮੂੰਹ ਗੱਲ ਵੀ ਨਹੀਂ ਕੀਤੀ। ਹਜ਼ਾਰਾਂ ਲੱਖਾਂ ਦੀ ਦੌਲਤ ਨੂੰ ਲੱਤ ਮਾਰ ਕੇ ਮੈਂ ਤੇਰੀਆਂ ਮੱਝਾਂ ਚਾਰ ਰਿਹਾਂ। ਕੁਝ ਰਹਿਮ ਕਰ ਸੋਹਣੀਏਂ। ਕੁਝ ਤਰਸ ਕਰ ਹੁਸਨ ਪਰੀਏ।"
ਮਹੀਂਵਾਲ ਦੇ ਇਹ ਬੋਲ ਸੋਹਣੀ ਦੇ ਧੁਰ ਅੰਦਰ ਤਕ ਲਹਿ ਗਏ ਅਤੇ ਉਸ ਦੇ ਹੁਸ਼ਨਾਕ ਚਿਹਰੇ 'ਤੇ ਲਾਲੀ ਦੀ ਲਹਿਰ ਦੌੜ ਗਈ। ਉਹਨੇ ਮਹੀਂਵਾਲ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਤੇ ਆਪਣੀ ਮੁਹੱਬਤ ਇਸ਼ਕ ਦੀ ਦਹਿਲੀਜ਼ੇ ਚੜ੍ਹਾ ਦਿੱਤੀ।
"ਸੋਹਣੀਏਂ ਦੁਨੀਆਂ ਦੀ ਸਾਰੀ ਦੌਲਤ ਅੱਜ ਮੇਰੀ ਝੋਲੀ ਵਿਚ ਏ, ਮੇਰੇ ਨਾਲ਼ੋ ਅਮੀਰ ਹੁਣ ਦੁਨੀਆਂ ਵਿਚ ਦੂਜਾ ਕੋਈ ਨਹੀਂ।"
"ਮਹੀਂਵਾਲਾ ਮੈਂ ਆਪਣੀ ਪਾਕ ਮੁਹੱਬਤ ਤੇਰੇ ਹਵਾਲੇ ਕਰ ਦਿੱਤੀ ਐ, ਮੈਂ ਵਫ਼ਾ ਨਿਭਾਵਾਂਗੀ ਇਸ਼ਕ ਨੂੰ ਦਾਗ ਨਹੀਂ ਲੱਗਣ ਦਿਆਂਗੀ...।"
ਸੋਹਣੀ ਮਹੀਂਵਾਲ ਹਰ ਰੋਜ਼ ਬੇਲੇ ਵਿਚ ਪਿਆਰ ਮਿਲਣੀਆਂ ਮਾਣਦੇ ਰਹੇ।
ਬੇਲੇ ਵਿਚ ਸੋਹਣੀ ਦਾ ਰੋਜ਼ ਮਹੀਂਵਾਲ ਪਾਸ ਜਾਣਾ ਕਈ ਖਚਰੀਆਂ ਨਜ਼ਰਾਂ ਨੂੰ ਖੁੜਕ ਗਿਆ। ਉਨ੍ਹਾਂ ਦੇ ਇਸ਼ਕ ਦੀ ਚਰਚਾ ਸ਼ੁਰੂ ਹੋ ਗਈ:

ਤੂੰ ਹੱਸਦੀ ਦਿਲ ਰਾਜ਼ੀ ਮੇਰਾ
ਲਗਦੇ ਨੇ ਬੋਲ ਪਿਆਰੇ
ਚੱਲ ਕਿਧਰੇ ਦੋ ਗੱਲਾਂ ਕਰੀਏ
ਬਹਿ ਕੇ ਨਦੀ ਕਿਨਾਰੇ
ਲੁਕ ਲੁਕ ਲਾਈਆਂ ਪ੍ਰਗਟ ਹੋਈਆਂ

ਵਜ ਗਏ ਢੋਲ ਨਿਗਾਰੇ
ਸੋਹਣੀਏਂ ਆ ਜਾ ਨੀ
ਡੁੱਬਦਿਆਂ ਨੂੰ ਰੱਬ ਤਾਰੇ

ਤੁੱਲੇ ਨੂੰ ਵੀ ਸੋਹਣੀ ਮਹੀਂਵਾਲ ਦੇ ਪ੍ਰੇਮ ਬਾਰੇ ਸੂਹ ਮਿਲ ਗਈ। ਦੋ ਜਵਾਨੀਆਂ ਦੀ ਪਾਕ ਮੁਹੱਬਤ ਨੂੰ ਉਨ੍ਹਾਂ ਪ੍ਰਵਾਨ ਨਾ ਕੀਤਾ। ਮਹੀਂਵਾਲ ਨੂੰ ਚਾਕਰੀਓਂ ਜਵਾਬ ਮਿਲ ਗਿਆ ਤੇ ਸੋਹਣੀ ਨੂੰ ਉਨ੍ਹਾਂ ਗੁਜਰਾਤ ਦੇ ਇਕ ਹੋਰ ਘੁਮਾਰਾਂ ਦੇ ਮੁੰਡੇ ਨਾਲ਼ ਵਿਆਹ ਦਿੱਤਾ।
ਸੋਹਣੀ ਮਹੀਂਵਾਲ ਲਈ ਤੜਫ਼ਦੀ ਰਹੀ, ਮਹੀਂਵਾਲ ਸੋਹਣੀ ਦੇ ਵੈਰਾਗ ਵਿਚ ਹੰਝੂ ਕੇਰਦਾ ਰਿਹਾ। ਝੂਠੀ ਲੋਕ ਲਾਜ ਨੇ ਦੋ ਪਿਆਰੇ ਵਿਛੋੜ ਦਿੱਤੇ, ਦੋ ਰੂਹਾਂ ਘਾਇਲ ਕਰ ਦਿੱਤੀਆਂ।
ਇੱਜ਼ਤ ਬੇਗੋਂ ਮਹੀਂਵਾਲ ਬਣਿਆਂ ਮਹੀਂਵਾਲ ਮਹੀਂਵਾਲੋਂ ਫ਼ਕੀਰ ਬਣ ਗਿਆ ਤੇ ਗੁਜਰਾਤ ਤੋਂ ਵਜ਼ੀਰਾਬਾਦ ਦੇ ਪਾਸੇ ਇਕ ਮੀਲ ਦੀ ਦੂਰੀ 'ਤੇ ਝਨਾਅ ਦਰਿਆ 'ਤੇ ਪਾਰਲੇ ਕੰਢੇ ਝੁੱਗੀ ਜਾ ਪਾਈ।
ਸੋਹਣੀ ਹੁਣ ਆਪਣੇ ਸਹੁਰੇ ਘਰ ਰਹਿ ਰਹੀ ਸੀ। ਇਕ ਦਿਨ ਫ਼ਕੀਰ ਬਣਿਆਂ ਮਹੀਂਵਾਲ ਸੋਹਣੀ ਨੂੰ ਜਾ ਮਿਲ਼ਿਆ ਤੇ ਉਨ੍ਹਾਂ ਹਰ ਰੋਜ਼ ਅੱਧੀ ਰਾਤ ਮਗਰੋਂ ਝਨਾਅ ਦੇ ਕੰਢੇ ਮਿਲਣਾ ਨੀਯਤ ਕਰ ਲਿਆ।
ਅੱਧੀ ਰਾਤ ਗੁਜ਼ਰਦੀ, ਸੋਹਣੀ ਆਪਣੇ ਘਰਦਿਆਂ ਤੋਂ ਚੋਰੀ ਉਠਦੀ ਤੇ ਇਕ ਮੀਲ ਬੇਲੇ ਦੇ ਤਰਾਹ-ਤਰਾਹ ਕਰ ਰਹੇ ਸੁੰਨਸਾਨ ਰਾਹਾਂ ਵਿਚੋਂ ਲੰਘਦੀ ਹੋਈ ਆਪਣੇ ਮਹੀਂਵਾਲ ਨੂੰ ਜਾ ਮਿਲਦੀ। ਮਹੀਂਵਾਲ ਪਾਰੋਂ ਕਾਲ਼ੀ ਬੋਲ੍ਹੀ ਰਾਤ ਵਿਚ ਝਨਾਅ ਪਾਰ ਕਰਕੇ ਆਉਂਦਾ। ਸਤਾਰਿਆਂ ਜੜੇ ਚੰਦੋਏ ਦੀ ਛਾਂ ਥੱਲੇ ਦੋ ਘਾਇਲ ਰੂਹਾਂ ਮਿਲਦੀਆਂ, ਪਿਆਰੀਆਂ, ਰਸ ਭਰੀਆਂ ਤੇ ਨਾ ਮੁੱਕਣ ਵਾਲੀਆਂ ਗੱਲਾਂ ਕਰਦੀਆਂ।
ਇਕ ਰਾਤ ਝਨਾਅ ਪਾਰ ਕਰੇਂਦੇ ਮਹੀਂਵਾਲ ਦੇ ਤੇਂਦੂਏ ਨੇ ਚੱਕ ਮਾਰਿਆ ਤੇ ਉਹਦਾ ਪੱਟ ਚੀਰ ਸੁੱਟਿਆ। ਹੁਣ ਉਹਦੇ ਲਈ ਤੈਰਨਾ ਮੁਸ਼ਕਲ ਹੋ ਗਿਆ ਸੀ।
ਇਹ ਰਵਾਇਤ ਵੀ ਪ੍ਰਚੱਲਤ ਹੈ ਕਿ ਮਹੀਂਵਾਲ ਸੋਹਣੀ ਲਈ ਮੱਛੀਆਂ ਭੁੰਨ ਕੇ ਲਿਆਉਂਦਾ ਸੀ। ਇਕ ਰਾਤ ਮੱਛੀਆਂ ਨਾ ਮਿਲੀਆਂ ਤਾਂ ਉਸ ਨੇ ਆਪਣੇ ਪੱਟ ਨੂੰ ਚੀਰ ਕੇ ਮਾਸ ਭੁੰਨ ਲਿਆ।

ਖ਼ਾਤਰ ਸੋਹਣੀ ਦੀ
ਪੱਟ ਚੀਰ ਕਬਾਬ ਬਣਾਇਆ(ਲੋਕ ਗੀਤ)

ਅਗੀਲੀ ਰਾਤ ਸੋਹਣੀ ਆਪਣੇ ਨਾਲ਼ ਮਿੱਟੀ ਦਾ ਪੱਕਾ ਘੜਾ ਲੈ ਗਈ। ਘੜੇ ਦੀ ਮਦਦ ਨਾਲ਼ ਉਹਨੇ ਝਨਾਅ ਪਾਰ ਕੀਤਾ ਤੇ ਮਹੀਂਵਾਲ ਦੀ ਝੁੱਗੀ ਵਿਚ ਜਾ ਪੁੱਜੀ। ਮਹੀਂਵਾਲ ਸੋਹਣੀ ਨੂੰ ਮਿਲ਼ ਕੇ ਆਪਣੀ ਪੀੜ ਭੁੱਲ ਗਿਆ, "ਤੈਨੂੰ ਪਾ ਕੇ ਸੋਹਣੀਏਂ ਮੇਰਾ ਦੁੱਖ ਅੱਧਾ ਰਹਿ ਗਿਐ। ਤੂੰ ਤਾਂ ਮਰਦਾਂ ਨਾਲ਼ੋਂ ਵੀ ਤਕੜੀ ਨਿਕਲ਼ੀ ਏਂ, ਐਡੀ ਕਾਲ਼ੀ ਬੋਲ੍ਹੀ ਰਾਤ ਵਿਚ ਐਡੇ ਵੱਡੇ ਦਰਿਆ ਨੂੰ ਪਾਰ ਕਰਨਾ ਇਕ ਔਰਤ ਲਈ ਬਹੁਤ ਵੱਡੀ ਗੱਲ ਏ।" ਉਹ ਹਰ ਰੋਜ਼ ਦਰਿਆ ਪਾਰ ਕਰਕੇ ਮਹੀਂਵਾਲ ਪਾਸ ਜਾਂਦੀ ਅਤੇ ਆਉਂਦੀ ਹੋਈ ਘੜੇ ਨੂੰ ਸਰਕੜੇ ਦੇ ਬੂਝੇ ਵਿਚ ਲੁਕੋ ਦੇਂਦੀ।
ਸੋਹਣੀ ਦੇ ਹਰ ਰੋਜ਼ ਅੱਧੀ ਰਾਤੋਂ ਬਾਹਰ ਜਾਣ 'ਤੇ ਉਹਦੀ ਨਨਾਣ ਨੂੰ ਸ਼ੱਕ ਹੋ ਗਿਆ। ਇਕ ਦਿਨ ਉਹ ਵੀ ਸੋਹਣੀ ਦੇ ਮਗਰ ਤੁਰ ਪਈ। ਸੋਹਣੀ ਨੂੰ ਆਪਣੇ ਮਗਰ ਆਉਂਦੀ ਕਦਮਾਂ ਦੀ 'ਵਾਜ਼ ਵੀ ਸੁਣਾਈ ਦਿੱਤੀ ਪਰੰਤੂ ਉਹਨੇ ਆਪਣੇ ਕਦਮਾਂ ਦੀ ਆਵਾਜ਼ ਦਾ ਭੁਲੇਖਾ ਜਾਣ ਕੇ ਗੱਲ ਆਈ ਗਈ ਕਰ ਛੱਡੀ। ਸੋਹਣੀ ਦਰਿਆ 'ਤੇ ਪੁੱਜੀ, ਸਰਕੜੇ ਦੇ ਬੂਝੇ ਵਿਚੋਂ ਘੜਾ ਚੁੱਕਿਆ ਤੇ ਦਰਿਆ ਵਿਚ ਠਿੱਲ੍ਹ ਪਈ, ਉਹਦੀ ਨਨਾਣ ਦੂਰ ਖੜ੍ਹੀ ਸਭ ਕੁਝ ਤੱਕਦੀ ਰਹੀ। ਸੋਹਣੀ ਕੁਝ ਸਮੇਂ ਮਗਰੋਂ ਵਾਪਸ ਪਰਤੀ ਤੇ ਘੜਾ ਉਸੇ ਥਾਂ 'ਤੇ ਲੁਕੋ ਦਿੱਤਾ। ਉਹਦੀ ਨਨਾਣ ਛੋਪਲੇ-ਛੋਪਲੇ ਕਦਮੀਂ ਸੋਹਣੀ ਤੋਂ ਪਹਿਲੋਂ ਘਰ ਪੁੱਜ ਗਈ।
ਦਿਨੇ ਨਨਾਣ ਨੇ ਆਪਣੀ ਮਾਂ ਨੂੰ, ਸੋਹਣੀ ਦੇ ਦਰਿਆ ਪਾਰ ਕਰਕੇ ਮਹੀਂਵਾਲ ਨੂੰ ਮਿਲ਼ਣ ਜਾਣ ਦੀ ਸਾਰੀ ਵਾਰਤਾ ਜਾ ਸੁਣਾਈ।
ਅੱਧੀ ਰਾਤ ਲੰਘੀ, ਸੋਹਣੀ ਉੱਠੀ। ਬਾਹਰ ਘੁੱਪ ਹਨੇਰਾ ਪਸਰਿਆ ਹੋਇਆ ਸੀ। ਸਾਰੇ ਅਸਮਾਨ 'ਤੇ ਬੱਦਲ ਛਾਏ ਹੋਏ ਸਨ। ਸੋਹਣੀ ਨੇ ਦਰੋਂ ਬਾਹਰ ਪੈਰ ਰੱਖਿਆ ਹੀ ਸੀ ਕਿ ਬਿਜਲੀ ਕੜਕੜਾਈ। ਉਹਦਾ ਦਿਲ ਕੰਬ ਗਿਆ ਪਰੰਤੂ ਉਸ ਪੈਰ ਪਿੱਛੇ ਨਾ ਮੋੜੇ। ਉਹਦਾ ਮਹੀਂਵਾਲ ਉਹਨੂੰ ਉਡੀਕਦਾ ਪਿਆ ਸੀ... ਦੂਰ ਪਾਰਲੇ ਕੰਢੇ ਉਹਦਾ ਇੰਤਜ਼ਾਰ ਕਰ ਰਿਹਾ ਸੀ। ਉਹ ਆਪਣਾ ਦਿਲ ਤਕੜਾ ਕਰਕੇ ਤੁਰ ਪਈ। ਰਾਹ ਨਜ਼ਰੀਂ ਨਹੀਂ ਸੀ ਪੈਂਦਾ। ਰਾਹ ਵਿਚ ਅਨੇਕਾਂ ਕੰਡੇ ਤੇ ਝਾੜੀਆਂ ਖਿੰਡੀਆਂ ਪਈਆਂ ਸਨ। ਉਹ ਡਿੱਗਦੀ ਢਹਿੰਦੀ, ਝਾੜੀਆਂ ਝਾਫਿਆਂ ਵਿਚੋਂ ਫਸਦੀ ਲਹੂ ਲੁਹਾਣ ਹੋਈ ਝਨਾਅ ਦੇ ਕੰਢੇ 'ਤੇ ਪੁੱਜ ਗਈ। ਉਸ ਸਰਕੜੇ ਦੇ ਬੂਝੇ ਵਿਚੋਂ ਘੜਾ ਚੁੱਕ ਲਿਆ। ਘੜੇ ਨੂੰ ਉਸ ਆਪਣੀ ਆਦਤ ਅਨੁਸਾਰ ਟੁਣਕਾ ਕੇ ਵੇਖਿਆ, ਪਹਿਲਾਂ ਵਰਗੀ ਟੁਣਕਾਟ ਨਹੀਂ ਸੀ। ਆਹ! ਕਿਸੇ ਪਾਪੀ ਨੇ ਪੱਕੇ ਦੀ ਥਾਂ ਕੱਚਾ ਰੱਖ ਦਿੱਤਾ ਸੀ। ਮੁਹੱਬਤ ਨਵੇਂ ਇਮਤਿਹਾਨ ਵਿਚ ਪਾ ਦਿੱਤੀ ਸੀ।
ਪਾਰਲੇ ਕੰਢੇ ਮਹੀਂਵਾਲ ਦੀ ਝੁੱਗੀ ਵਿਚ ਦੀਵਾ ਟਿਮਟਿਮਾ ਰਿਹਾ ਸੀ ਤੇ ਮਹੀਂਵਾਲ ਸੁਰੀਲੀ ਬੰਸਰੀ ਦੀਆਂ ਤਾਨਾਂ 'ਤੇ ਪਿਆਰੇ ਬੋਲ ਗਾਉਂਦਾ ਪਿਆ ਸੀ। ਉਰਲੇ ਕੰਢੇ ਸੋਹਣੀ ਕੱਚਾ ਘੜਾ ਚੁੱਕੀ ਸੋਚਾਂ ਵਿਚ ਡੁੱਬੀ ਖੜ੍ਹੀ ਸੀ। ਵਿਚਕਾਰ ਦਰਿਆ ਪੂਰੇ ਸਿਖ਼ਰ 'ਤੇ ਸੀ। ਅਸਮਾਨਾਂ 'ਤੇ ਕਹਿਰਾਂ ਦੀ ਬਿਜਲੀ ਲਿਸ਼ਕ ਰਹੀ ਸੀ।
"ਕੀ ਹੋਇਆ ਘੜਿਆ ਤੂੰ ਪੱਕਿਓਂ ਕੱਚਾ ਬਣ ਗਿਓਂ। ਮੈਂ ਪਿੱਛੇ ਨਹੀਂ ਪਰਤਾਂਗੀ, ਆਪਣਾਂ ਕੌਲ ਪੂਰਾ ਕਰਾਂਗੀ। ਮੈਂ ਮਰਦ ਜਾਤ ਪਾਸੋਂ ਉਲਾਂਭਾ ਨਹੀਂ ਖੱਟਾਂਗੀ। ਆਪਣੀ ਵਫ਼ਾ ਨਿਭਾਵਾਂਗੀ, ਚਾਹੇ ਮੈਨੂੰ ਆਪਣੀ ਜਿੰਦ ਵੀ ਕਿਉਂ ਨਾ ਵਾਰਨੀ ਪਵੇ..."
ਸੋਹਣੀ ਨੇ ਸੱਚੇ ਰੱਬ ਅੱਗੇ ਦੋਨੋਂ ਹੱਥ ਜੋੜੇ ਤੇ ਕੱਚੇ ਘੜੇ ਨਾਲ਼ ਦਰਿਆ ਵਿਚ ਠਿੱਲ੍ਹ ਪਈ।

ਰਾਤ ਹਨੇਰੀ ਲਿਸ਼ਕਣ ਤਾਰੇ
ਕੱਚੇ ਘੜੇ 'ਤੇ ਮੈਂ ਤਰਦੀ
ਵੇਖੀਂ ਰੱਬਾ ਖੈਰ ਕਰੀਂ
ਤੇਰੀ ਆਸ 'ਤੇ ਮੂਲ ਨਾ ਡਰਦੀ


ਮੂੰਹ ਜ਼ੋਰ ਪਾਣੀਆਂ ਅੱਗੇ ਕੱਚਿਆਂ ਨੇ ਕਿੱਥੋਂ ਠਹਿਰਨਾ ਹੋਇਆ। ਸੋਹਣੀ ਅਜੇ ਥੋੜ੍ਹੀ ਦੂਰ ਹੀ ਗਈ ਸੀ ਕਿ ਘੜਾ ਖੁਰ ਗਿਆ। ਉਹ ਆਪਣੇ ਹੱਥ ਪੈਰ ਮਾਰਨ ਲੱਗੀ... ਹੋਰ ਕੁਝ ਗਜ਼ ਵਧੀ... ਕਹਿਰਾਂ ਦਾ ਪਾਣੀ ਵਗ ਰਿਹਾ ਸੀ। ਉਹਦਾ ਸਾਹ ਟੁੱਟਣ ਲੱਗਾ...।
"ਮਹੀਂਵਾਲਾ... ਮਹੀਂਵਾਲਾ... ਆ ਮਿਲ਼ ਲੈ ਮਹੀਂਵਾਲਾ... ਤੇ ਸੋਹਣੀ ਦੀ ਆਵਾਜ਼ ਗੁਆਚ ਗਈ। ਪਾਣੀ ਦੀ ਇਕ ਤੇਜ਼ ਲਹਿਰ ਉਹਨੂੰ ਆਪਣੇ ਨਾਲ਼ ਵਹਾ ਕੇ ਲੈ ਗਈ।
ਬੜੇ ਜ਼ੋਰਾਂ ਦੀ ਬਿਜਲੀ ਕੜਕੀ। ਬਿਜਲੀ ਦੇ ਲਿਸ਼ਕਾਰੇ ਵਿਚ ਮਹੀਂਵਾਲ ਨੂੰ ਪਾਣੀਆਂ ਨਾਲ਼ ਘੋਲ ਕਰੇਂਦੀ ਸੋਹਣੀ ਵਖਾਈ ਦਿੱਤੀ।
"ਸੋਹਣੀਏਂ ਦਿਲ ਨਾ ਛੱਡੀਂ, ਮੈਂ ਆਇਆ।" ਮਹੀਂਵਾਲ ਨੇ ਆਪਣੇ ਪੂਰੇ ਜ਼ੋਰ ਨਾਲ਼ ਆਵਾਜ਼ ਮਾਰੀ ਅਤੇ ਦਰਿਆ ਵਿਚ ਛਾਲ਼ ਮਾਰ ਦਿੱਤੀ।
ਉਹ ਮੁਸ਼ਕਿਲ ਨਾਲ਼ ਝਨਾਅ ਦੇ ਅੱਧ ਵਿਚਕਾਰ ਪੁਜਿਆ ਹੀ ਸੀ ਕਿ ਉਹਨੇ ਬਿਜਲੀ ਦੇ ਲਿਸ਼ਕਾਰੇ ਵਿਚ ਆਪਣੇ ਤੋਂ ਚੰਦ ਕਦਮਾਂ ਦੀ ਦੂਰੀ 'ਤੇ ਰੁੜ੍ਹੀ ਜਾਂਦੀ ਸੋਹਣੀ ਤੱਕੀ। ਉਹਨੇ ਬੜੇ ਜ਼ੋਰ ਨਾਲ਼ ਹੱਥ ਮਾਰੇ ਤੇ ਬੇਸੁਰਤ ਸੋਹਣੀ ਨੂੰ ਫੜ੍ਹ ਲਿਆ ਅਤੇ ਕੰਢੇ ਵੱਲ ਨੂੰ ਵਧਣ ਲੱਗਾ। ਦਰਿਆ ਅੱਜ ਪੂਰਾ ਚੜ੍ਹਿਆ ਹੋਇਆ ਸੀ। ਉਹਦੀ ਕੋਈ ਪੇਸ਼ ਨਹੀਂ ਸੀ ਜਾ ਰਹੀ। ਪੂਰਾ ਅੱਧਾ ਦਰਿਆ ਅਜੇ ਉਸ ਪਾਰ ਕਰਨਾ ਸੀ, ਉਸ ਬੜੀ ਕੋਸ਼ਿਸ਼ ਕੀਤੀ ਪਰੰਤੂ ਉਹਦਾ ਸਾਹ ਅਧ-ਵਿਚਕਾਰ ਹੀ ਟੁੱਟ ਗਿਆ। ਪਾਣੀ ਦੀ ਇਕ ਕਹਿਰਾਂ ਭਰੀ ਲਹਿਰ ਉਹਨੂੰ ਸੋਹਣੀ ਸਮੇਤ ਵਹਾਅ ਕੇ ਲੈ ਗਈ।

ਮਹੀਂਵਾਲ ਦੀ ਝੁੱਗੀ ਵਿਚ ਟਿਮਟਿਮਾਉਂਦਾ ਦੀਵਾ ਚਿਰੋਕਣਾ ਬੁੱਝ ਚੁੱਕਾ ਸੀ।
ਜਿਸ ਸਿਦਕ ਦਿਲੀ ਨਾਲ਼ ਸੋਹਣੀ ਨੇ ਆਪਣੀ ਪ੍ਰੀਤ ਨਿਭਾਈ ਹੈ ਉਸ ਸਦਕਾ ਪੰਜਾਬ ਦਾ ਲੋਕ ਮਾਨਸ ਅੱਜ ਵੀ ਉਸ ਦੇ ਸਿਦਕ ਨੂੰ ਵਾਰਮ-ਵਾਰ ਪ੍ਰਣਾਮ ਕਰਦਾ ਹੈ:

ਸੋਹਣੀ ਜਹੀ ਕਿਸੇ ਪ੍ਰੀਤ ਕੀ ਕਰਨੀ
ਉਹਦਾ ਪ੍ਰੀਤ ਵੀ ਪਾਣੀ ਭਰਦੀ
ਵਿਚ ਝਨਾਵਾਂ ਦੇ
ਸੋਹਣੀ ਆਪ ਡੁੱਬੀ ਰੂਹ ਤਰਦੀ।

.