ਸਮੱਗਰੀ 'ਤੇ ਜਾਓ

ਜਿਨ੍ਹਾਂ ਵਣਜ ਦਿਲਾਂ ਦੇ ਕੀਤੇ/ਮਿਰਜ਼ਾ ਸਾਹਿਬਾਂ

ਵਿਕੀਸਰੋਤ ਤੋਂ

ਮਿਰਜ਼ਾ ਸਾਹਿਬਾਂ

ਮੱਧ ਕਾਲ ਤੋਂ ਹੀ ਲੋਕ ਗਾਥਾਵਾਂ ਪੰਜਾਬੀ ਜਨ ਸਾਧਾਰਨ ਦੇ ਮਨੋਰੰਜਨ ਦਾ ਮੁੱਖ ਸਾਧਨ ਰਹੀਆਂ ਹਨ। ਮਿਰਜ਼ਾ-ਸਾਹਿਬਾਂ ਦੀ ਲੋਕ ਗਾਥਾ ਪੰਜਾਬੀਆਂ ਦੇ ਅਵਚੇਤਨ ਵਿਚ ਮਿਸ਼ਰੀ ਵਾਂਗ ਘੁਲ਼ੀ ਹੋਈ ਹੈ, ਜਿਸ ਦਾ ਪੰਜਾਬੀ ਲੋਕ ਜੀਵਨ 'ਤੇ ਡੂੰਘਾ ਪ੍ਰਭਾਵ ਹੈ। ਪੁਰਾਤਨ ਪੰਜਾਬ ਦੇ ਦ੍ਰਿਸ਼ ਮਿਰਜ਼ੇ ਦੀਆਂ ਸੱਦਾ ਵਿਚ ਵਿਦਮਾਨ ਹਨ ਜੋ ਮਿਰਜ਼ਾ-ਸਾਹਿਬਾਂ ਦੀ ਗਾਥਾ ਨੂੰ ਬਿਆਨ ਕਰਦੇ ਹਨ:

ਹੁਜ਼ਰੇ ਸ਼ਾਹ ਹਕੀਮ ਦੇ
ਇਕ ਜੱਟੀ ਅਰਜ਼ ਕਰੇ
ਮੈਂ ਬੱਕਰਾ ਦੇਨੀ ਆਂ ਪੀਰ ਦਾ
ਮੇਰੇ ਸਿਰ ਦਾ ਕੰਤ ਮਰੇ
ਪੰਜ ਸੱਤ ਮਰਨ ਗਵਾਂਢਣਾਂ
ਰਹਿੰਦੀਆਂ ਨੂੰ ਤਾਪ ਚੜ੍ਹੇ
ਹੱਟੀ ਢਹੇ ਕਰਾੜ ਦੀ
ਜਿੱਥੇ ਦੀਵਾ ਨਿੱਤ ਬਲ਼ੇ
ਕੁੱਤੀ ਮਰੇ ਫ਼ਕੀਰ ਦੀ
ਜਿਹੜੀ ਚਊਂ-ਚਊਂ ਨਿੱਤ ਕਰੇ
ਗਲ਼ੀਆਂ ਹੋਵਣ ਸੁੰਨੀਆਂ
ਵਿਚ ਮਿਰਜ਼ਾ ਯਾਰ ਫਿਰੇ

ਮਿਰਜ਼ਾ ਮਸੀਂ ਪੰਜ ਕੁ ਸਾਲਾਂ ਦਾ ਹੋਇਆ ਸੀ ਕਿ ਉਹਦੇ ਬਾਪ ਬਿੰਜਲ ਦੀ ਮੌਤ ਹੋ ਗਈ। ਬਿੰਜਲ ਖਰਲਾਂ ਦਾ ਸਰਦਾਰ ਦਾਨਾਬਾਦ ਦੇ ਰਾਵੀ ਦੇ ਇਲਾਕੇ ਦਾ ਚੌਧਰੀ ਸੀ। ਚੌਧਰੀ ਦੀ ਕੁਵੇਲੇ ਦੀ ਮੌਤ ਸਾਰੇ ਇਲਾਕੇ ਲਈ ਸੋਗ ਬਣ ਗਈ। ਮਿਰਜ਼ੇ ਦੀ ਮਾਂ ਖੀਵੀ ਦਾ ਸੰਸਾਰ ਜਿਵੇਂ ਸੁੰਨਾ ਹੋ ਗਿਆ ਹੋਵੇ। ਉਸ ਨੂੰ ਗਸ਼ਾਂ ਤੇ ਗਸ਼ਾਂ ਪੈ ਰਹੀਆਂ ਸਨ। ਸਿਆਣੀਆਂ ਤ੍ਰੀਮਤਾਂ ਨੇ ਉਸ ਨੂੰ ਸੰਭਾਲਿਆ ਤੇ ਹੌਸਲਾ ਦਿੱਤਾ। ਮਿਰਜ਼ੇ ਦੇ ਜਵਾਨ ਹੋਣ ਦੀ ਆਸ ਖੀਵੀ ਲਈ ਬਿੰਜਲ ਦੀ ਮੌਤ ਨੂੰ ਭੁੱਲ ਜਾਣ ਦਾ ਸਾਹਸ ਦੇਣ ਲੱਗੀ। ਮਿਰਜ਼ੇ ਦਾ ਮਾਮਾ ਖੀਵਾ ਖ਼ਾਨ ਉਹਨੂੰ ਆਪਣੇ ਪਿੰਡ ਲੈ ਆਇਆ। ਖੀਵੇ ਦੇ ਘਰ ਕਿਸੇ ਗੱਲ ਦੀ ਤੋਟ ਨਹੀਂ ਸੀ। ਉਹ ਝੰਗ ਸਿਆਲਾਂ ਦਾ ਚੌਧਰੀ ਸੀ। ਆਪਣੀ ਭੈਣ ਦੀ ਕਿਸੇ ਨਾ ਕਿਸੇ ਬਹਾਨੇ ਮਦਦ ਕਰਨੀ, ਉਹ ਆਪਣਾ ਫ਼ਰਜ਼ ਸਮਝਦਾ ਸੀ। ਮਿਰਜ਼ੇ ਦੀ ਪਾਲਣਾ ਉਹਨੇ ਆਪਣੇ ਜ਼ਿੰਮੇ ਲੈ ਲਈ।
ਕੁਝ ਵਰ੍ਹੇ ਹੋਏ ਖੀਵੇ ਖਾਨ ਦੀ ਘਰ ਵਾਲ਼ੀ ਦੋ ਪੁੱਤਰ ਤੇ ਇਕ ਧੀ ਛੱਡ ਕੇ ਮਰ ਗਈ ਸੀ ਤੇ ਹੁਣ ਉਹਨੇ ਪਿਛਲੇ ਵਰ੍ਹੇ ਦੂਜਾ ਵਿਆਹ ਕਰਵਾ ਲਿਆ ਸੀ। ਪਹਿਲੀ ਪਤਨੀ ਦੀ ਸਭ ਤੋਂ ਛੋਟੀ ਧੀ ਸਾਹਿਬਾਂ ਮਿਰਜ਼ੇ ਦੀ ਹਾਨਣ ਸੀ। ਮਿਰਜ਼ੇ ਦਾ ਜੀ ਪ੍ਰਚਾਣ ਨੂੰ ਸਾਹਿਬਾਂ ਤੋਂ ਪਿਆਰਾ ਸਾਥ ਹੋਰ ਕਿਹੜਾ ਹੋ ਸਕਦਾ ਸੀ। ਪਲਾਂ ਵਿਚ ਦੋ ਪਿਆਰੇ ਬਾਲ ਇਕਮਿਕ ਹੋ ਗਏ ਤੇ ਸਭ ਕੁਝ ਭੁੱਲ ਭੁਲਾ ਕੇ ਬਾਲ ਖੇਡਾਂ ਵਿਚ ਰੁਝ ਗਏ।
ਦੋਵਾਂ ਨੂੰ ਮਸੀਤੇ ਕਾਜ਼ੀ ਪਾਸ ਪੜ੍ਹਨੇ ਪਾ ਦਿੱਤਾ ਗਿਆ। ਦਿਨਾਂ ਦੇ ਦਿਨ, ਮਹੀਨਿਆਂ ਦੇ ਮਹੀਨੇ, ਵਰ੍ਹਿਆਂ ਦੇ ਵਰ੍ਹੇ ਗੁਜ਼ਰਦੇ ਰਹੇ। ਮਿਰਜ਼ਾ ਸਾਹਿਬਾਂ ਇਕ ਪਲ ਲਈ ਵੀ ਇਕ ਦੂਜੇ ਤੋਂ ਜੁਦਾ ਨਾ ਹੁੰਦੇ, 'ਕੱਠੇ ਪੜ੍ਹਦੇ,'ਕੱਠੇ ਖੇਡਦੇ।
ਸਾਹਿਬਾਂ ਮੁਟਿਆਰ ਹੋਣ ਲੱਗੀ!
ਮਿਰਜ਼ਾ ਜਵਾਨ ਹੋਣ ਲੱਗਾ!
ਜੇ ਮਿਰਜ਼ੇ ਨੂੰ ਕੋਈ ਗੁਲਾਬ ਦਾ ਫੁੱਲ ਸੱਦਦਾ ਤਾਂ ਸਾਹਿਬਾਂ ਨੂੰ ਚੰਬੇ ਦੀ ਕਲੀ ਆਖਦਾ। ਸਾਹਿਬਾਂ ਦੇ ਤੁਲ ਪਿੰਡ ਵਿਚ ਕੋਈ ਹੋਰ ਮੁਟਿਆਰ ਨਹੀਂ ਸੀ ਵਿਖਾਈ ਦਿੰਦੀ ਤੇ ਮਿਰਜ਼ੇ ਦੇ ਮੁਕਾਬਲੇ ਦਾ ਕੋਈ ਗੱਭਰੂ ਨਜ਼ਰ ਨਹੀਂ ਸੀ ਆਉਂਦਾ। ਬਚਪਨ ਦੀ ਮੁਹੱਬਤ ਜਵਾਨ ਹੋ ਗਈ। ਮਿਰਜ਼ਾ ਸਾਹਿਬਾਂ ਨੂੰ ਚੰਗਾ ਲੱਗਦਾ ਸੀ ਤੇ ਸਾਹਿਬਾਂ ਮਿਰਜ਼ੇ ਨੂੰ ਪਿਆਰੀ ਲੱਗਦੀ ਸੀ। ਦੋਵੇਂ ਇਕ ਦੂਜੇ ਦੇ ਸਦਕੜੇ ਜਾਂਦੇ ਸਨ।
ਦੋ ਜਵਾਨੀਆਂ ਦਾ ਇਕ ਦੂਜੇ ਨੂੰ ਚੰਗਾ ਲੱਗਣਾ, ਬੇਮੁਹੱਬਤੇ ਸਮਾਜ ਨੂੰ ਚੰਗਾ ਨਾ ਲੱਗਾ। ਉਨ੍ਹਾਂ ਮਿਰਜ਼ੇ ਸਾਹਿਬਾਂ ਦੀ ਮੁਹੱਬਤ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ।
"ਮਿਰਜ਼ਿਆ ਪਤਾ ਨਹੀਂ ਕਿਉਂ ਇਹ ਲੋਕੀਂ ਸਾਨੂੰ ਵੇਖ ਕੇ ਸੜਦੇ ਨੇ। ਸਾਡੀ ਪਾਕ ਮੁਹੱਬਤ ਨੂੰ ਊਜਾਂ ਲਾਉਂਦੇ ਨੇ। ਸਾਹਿਬਾਂ ਨੇ ਬੜੀ ਗੰਭੀਰਤਾ ਨਾਲ਼ ਗੱਲ ਤੋਰੀ।
"ਸਾਹਿਬਾਂ! ਇਹ ਲੋਕੀਂ ਕੀ ਜਾਨਣ। ਸਾਡੀ ਬਚਪਨ ਦੀ ਮੁਹੱਬਤ 'ਚ ਕੋਈ ਫ਼ਰਕ ਨਹੀਂ ਪਿਆ। ਅਸੀਂ ਬਚਪਨ 'ਚ ਮੁਹੱਬਤ ਕਰਦ ਰਹੇ ...। ਉਦੋਂ ਕਿਸੇ ਸਾਡੀ ਕੋਈ ਗਲ ਨਹੀਂ ਸੀ ਜੋੜੀ ਤੇ ਅੱਜ...।" ਸਮਾਜ ਪ੍ਰਤੀ ਮਿਰਜ਼ੇ ਨੇ ਆਪਣਾ ਪ੍ਰਤੀਕਰਮ ਜ਼ਾਹਰ ਕੀਤਾ।
"ਮਿਰਜ਼ਿਆ! ਉਦੋਂ ਅਸੀਂ ਬੱਚੇ ਸਾਂ। ਇਹ ਸਮਾਜ ਜਵਾਨ ਮੁਹੱਬਤਾਂ ਨੂੰ ਵੇਖ ਕੇ ਸੜਦੈ। ਮੁਟਿਆਰ ਪ੍ਰੀਤਾਂ ਦੇ ਰਾਹਾਂ ਵਿਚ ਕੰਡਿਆਲੀਆਂ ਰਸਮਾਂ ਦੇ ਕੋਟ ਉਸਾਰਨ ਵਿਚ ਫ਼ਖ਼ਰ ਅਨੁਭਵ ਕਰਦੈ। ਮਿਰਜ਼ਿਆ! ਲੋਕੀਂ ਕੁਝ ਵੀ ਪਏ ਆਖਣ। ਤੂੰ ਮੇਰੀਆਂ ਨਜ਼ਰਾਂ 'ਚ ਰੱਬੀ ਨੂਰ ਏਂ, ਮੇਰੀ ਜ਼ਿੰਦਗੀ ਦਾ ਚਾਨਣ ਏਂ।"
"ਸਾਹਿਬਾਂ ਤੂੰ ਮੇਰਾ ਸਭੋ ਕੁਝ ਏਂ! ਮੇਰੀ ਜਿੰਦ ਤੂੰ ਹੀ ਏਂ, ਮੇਰੀ ਜਾਨ ਤੂੰ ਹੀ ਏਂ।" ਆਖ ਮਿਰਜ਼ੇ ਨੇ ਸਾਹਿਬਾਂ ਨੂੰ ਆਪਣੀ ਗਲਵਕੜੀ 'ਚ ਲੈ ਲਿਆ ਤੇ ਦੋਨੋਂ ਵਿਸਮਾਦ ਦੀ ਅਵਸਥਾ 'ਚ ਪੁੱਜ ਗਏ।
ਸਾਹਿਬਾਂ ਦੀ ਮਤਰੇਈ ਮਾਂ ਨੂੰ ਮਿਰਜ਼ਾ ਸਾਹਿਬਾਂ ਦਾ ਖਿੜ-ਖਿੜ ਹੱਸਣਾ, ਮਿਲ਼-ਮਿਲ਼ ਬੈਠਣਾ ਚੰਗਾ ਨਹੀਂ ਸੀ ਲੱਗਦਾ। ਉਹਨੇ ਖੀਵੇ ਖ਼ਾਨ ਅੱਗੇ ਉਨ੍ਹਾਂ ਬਾਰੇ ਕਈ ਨਾ ਲਾਉਣ ਵਾਲੀਆਂ ਊਜਾਂ ਲਾਈਆਂ ਤੇ ਉਸ ਦੇ ਮਨ ਵਿਚ ਪਿਆਰ ਵਿਚ ਲੀਨ ਹੋਈਆਂ ਜਵਾਨੀਆਂ ਬਾਰੇ ਕਈ ਸ਼ੰਕੇ ਪੈਦਾ ਕਰ ਦਿੱਤੇ ਅਤੇ ਮਿਰਜ਼ਾ ਸਾਹਿਬਾਂ ਦੀ ਮਮਤਾ ਵਿਚ ਮੁਗਧ ਹੋਏ ਉਹਦੇ ਦਿਲ ਵਿਚ ਕਾਂਜੀ ਘੋਲ ਦਿੱਤੀ।
ਹੁਣ ਖੀਵੇ ਖ਼ਾਨ ਨੂੰ ਮਿਰਜ਼ਾ ਸਾਹਿਬਾਂ ਦਾ ਹੱਸਣਾ, ਖੇਡਣਾ, ਉਠਣਾ, ਬੈਠਣਾ ਪਹਿਲਾਂ ਵਾਂਗ ਨਿੱਘ ਨਹੀਂ ਸੀ ਦਿੰਦਾ। ਉਸ ਪਾਸੋਂ ਲਾਡਾਂ ਮਲ੍ਹਾਰਾਂ ਦੀਆਂ ਗੱਲਾਂ ਨਹੀਂ ਸੀ ਕਰਵਾਉਂਦਾ। ਉਸ ਆਪਣੀ ਭੈਣ ਦਾਨਾਬਾਦ ਤੋਂ ਸੱਦ ਲਈ ਤੇ ਮਿਰਜ਼ੇ ਨੂੰ ਉਹਦੇ ਨਾਲ਼ ਤੋਰ ਦਿੱਤਾ।
ਸਾਹਿਬਾਂ ਤੋਂ ਵਿਛੜ ਜਾਣਾ ਮਿਰਜ਼ੇ ਲਈ ਸੁਖੇਰਾ ਨਹੀਂ ਸੀ। ਉਹਦਾ ਸਕਾ ਮਾਮਾ ਉਹਦੇ ਨਾਲ਼ ਇਸ ਤਰ੍ਹਾਂ ਦਾ ਵਰਤਾਓ ਕਰੇਗਾ? ਮਿਰਜ਼ੇ ਨੂੰ ਇਹਦਾ ਚਿੱਤ ਚੇਤਾ ਵੀ ਨਹੀਂ ਸੀ। ਮਿਰਜ਼ੇ ਨੇ ਦਿਲ 'ਤੇ ਪੱਥਰ ਰੱਖ ਲਿਆ ਤੇ ਉਹ ਸਾਹਿਬਾਂ ਦੀ ਯਾਦ ਦੇ ਸਹਾਰੇ ਆਪਣੇ ਪਿੰਡ ਦਾਨਾਬਾਦ ਆ ਗਿਆ।
ਮਿਰਜ਼ੇ ਦੇ ਕੁਸ਼ਤੀ ਕਰਨ, ਨੇਜ਼ਾਬਾਦੀ ਤੇ ਸ਼ਿਕਾਰ ਆਦਿ ਖੇਡਣ ਦੇ ਸ਼ੌਕ ਵੀ ਉਹਦੇ ਮਨ ਨੂੰ ਸਾਹਿਬਾਂ ਵਲੋਂ ਮੋੜ ਨਾ ਸਕੇ। ਸਾਹਿਬਾਂ ਨਾਲ਼ ਬਿਤਾਏ ਦਿਨਾਂ ਦੀਆਂ ਯਾਦਾਂ ਮਿਰਜ਼ੇ ਲਈ ਆਫ਼ਤਾਂ ਖੜ੍ਹੀਆਂ ਕਰ ਦਿੰਦੀਆਂ। ਉਹਦਾ ਦਿਲ ਕਰਦਾ ਕਿ ਉਹ ਉੱਡ ਕੇ ਸਾਹਿਬਾਂ ਪਾਸ ਪੁੱਜ ਜਾਵੇ ਪਰ ਉਹ ਅਜਿਹਾ ਨਾ ਕਰ ਸਕਦਾ। ਉਹਦੀ ਮਾਂ ਦੇ ਨੈਣਾਂ ਵਿਚ ਛਲਕਦੇ ਅੱਥਰੂ ਉਹਦਾ ਰਾਹ ਰੋਕ ਲੈਂਦੇ।
ਮਿਰਜ਼ੇ ਬਿਨਾਂ ਸਾਹਿਬਾਂ ਦਾ ਜਹਾਨ ਸੁੰਨਾ ਹੋ ਗਿਆ। ਉਹ ਬੜੀ ਰੁੰਨੀ, ਸਹੇਲੀਆਂ ਢਾਰਸਾਂ ਬਨ੍ਹਾਈਆਂ। ਮਤਰੇਈ ਮਾਂ ਦੇ ਨਿੱਤ ਦੇ ਤਾਹਨੇ ਉਹਨੂੰ ਛਲਣੀ ਕਰਨ ਲੱਗੇ।
ਤੇ ਖੀਵਾ ਖ਼ਾਨ ਸਾਹਿਬਾਂ ਦੀ ਮੰਗਣੀ ਚੰਧੜਾਂ ਦੇ ਇਕ ਮੁੰਡੇ ਨਾਲ਼ ਕਰ ਆਇਆ ਤੇ ਵਿਆਹ ਦਾ ਦਿਨ ਵੀ ਧਰ ਦਿੱਤਾ। ਜਦੋਂ ਆਪਣੇ ਮੰਗਣੇ ਅਤੇ ਵਿਆਹ ਦੀ ਕਨਸੋਅ ਸਾਹਿਬਾਂ ਦੇ ਕੰਨੀਂ ਪਈ ਤਾਂ ਉਹ ਤੜਪ ਉੱਠੀ, ਹਨ੍ਹੇਰਾ ਉਹਦੀਆਂ ਅੱਖਾਂ ਅੱਗੇ ਛਾ ਗਿਆ। ਉਹ ਸਾਰੀ ਰਾਤ ਰਜਾਈ ਵਿਚ ਮੂੰਹ ਦੇਈ ਡੁਸਕਦੀ ਰਹੀ, ਹਟਕੋਰੇ ਭਰਦੀ ਰਹੀ, ਆਪਣੇ ਧੁੰਦਲੇ ਭਵਿੱਖ ਬਾਰੇ ਸੋਚਦੀ ਰਹੀ ਅਤੇ ਆਪਣੀਆਂ ਮੁਟਿਆਰ ਹੋਈਆਂ ਸੱਧਰਾਂ 'ਤੇ ਗੜੇਮਾਰ ਹੁੰਦੀ ਮਹਿਸੂਸ ਕਰਦੀ ਰਹੀ।
ਦੂਜੀ ਭਲਕ ਸਾਹਿਬਾਂ ਨੇ ਆਪਣੇ ਪਿੰਡ ਦੇ ਕਰਮੂ ਪਰੋਹਤ ਕੋਲ਼ ਮਿਰਜ਼ੇ ਲਈ ਸੁਨੇਹਾ ਘੱਲ ਦਿੱਤਾ।
"ਮਿਰਜ਼ਿਆ ਅਗਲਿਆਂ ਨੇ ਕਸਰ ਨਹੀਂ ਜੇ ਛੱਡੀ। ਮੇਰੇ ਵਿਆਹ ਦੇ ਦਿਨ ਧਰ ਦਿੱਤੇ ਨੇ। ਤੈਨੂੰ ਆਪਣੀ ਮੁਹੱਬਤ ਦੀ ਕਸਮ। ਸਭੋ ਕੰਮ ਛੱਡ ਕੇ ਵਿਆਹ ਤੋਂ ਪਹਿਲਾਂ ਆ ਕੇ ਮਿਲ। ਮੈਨੂੰ ਤੇਰੇ ਬਿਨਾਂ ਚੈਨ ਨਹੀਂ ਆਉਂਦਾ ਪਿਆ। ਜੇ ਤੂੰ ਨਾ ਆਇਓਂ ਤਾਂ ਮੇਰਾ ਨਿਕਾਹ ਮੇਰੀ ਲਾਸ਼ ਨਾਲ਼ ਹੀ ਹੋਵੇਗਾ।"
ਸਾਹਿਬਾਂ ਦਾ ਸੁਨੇਹਾ ਮਿਲਦੇ ਸਾਰ ਹੀ ਮਿਰਜ਼ਾ ਤੜਪ ਉੱਠਿਆ। ਉਹਦੇ ਡੌਲ਼ੇ ਫਰਕ ਉੱਠੇ। ਉਸ ਨੇ ਆਪਣਾ ਤੀਰਾਂ ਦਾ ਤਰਕਸ਼, ਕਮਾਣ ਤੇ ਨੇਜ਼ਾ ਸੰਭਾਲਿਆ। ਆਪਣੀ ਪਿਆਰੀ ਬੱਕੀ ਸ਼ਿੰਗਾਰੀ ਤੇ ਝੰਗ ਨੂੰ ਤੁਰਨ ਲਈ ਤਿਆਰ ਹੋ ਗਿਆ। ਉਹਦੀ ਮਾਂ ਨੇ ਘੋੜੀ ਦੀ ਵਾਗ ਜਾ ਫੜੀ, "ਪੁੱਤਰ ਮਿਰਜ਼ਿਆ, ਘਰ ਭੈਣ ਦੀ ਬਰਾਤ ਢੁੱਕਣ ਵਾਲੀ ਹੈ ਤੇ ਤੂੰ ਘਰੋਂ ਟੁਰ ਪਿਐਂ।" ਤੇ ਖੀਵੀ ਦੀਆਂ ਅੱਖਾਂ 'ਚ ਮਮਤਾ ਦੇ ਅੱਥਰੂ ਵਗ ਟੁਰੇ।
"ਮਾਂ! ਜੇ ਮੈਂ ਅੱਜ ਝੰਗ ਨਾ ਅੱਪੜਿਆ ਤਾਂ ਸਾਹਿਬਾਂ ਕੁਝ ਖਾ ਕੇ ਮਰ ਜਾਵੇਗੀ। ਮੈਂ ਸਾਹਿਬਾਂ ਬਿਨਾਂ ਜੀਅ ਨਹੀਂ ਸਕਦਾ। ਮੇਰਾ ਰਾਹ ਛੱਡ ਦੇ ਮਾਂ। ਉਸ ਦੀ ਜਿੰਦ ਨੂੰ ਬਚਾਉਣਾ ਮੇਰੇ ਲਈ ਬਹੁਤ ਜ਼ਰੂਰੀ ਏ। ਉਹ ਮੇਰਾ ਰਾਹ ਤੱਕਦੀ ਪਈ ਏ...।"
"ਪੁੱਤਰ ਮਿਰਜ਼ਿਆ, ਜਵਾਨੀਆਂ ਮਾਣੇ! ਚੰਗਾ ਦੇਰ ਨਾ ਕਰ, ਛੇਤੀ ਜਾਹ। ਪੁੱਤਰਾ ਖਰਲਾਂ ਦੇ ਖੂਨ ਨੂੰ ਦਾਗ਼ ਨਾ ਲਾਈਂ। ਸਾਹਿਬਾਂ ਨੂੰ ਨਾਲ਼ ਲੈ ਕੇ ਮੁੜੀਂ।"
ਤੇ ਮਿਰਜ਼ੇ ਦੀ ਮਾਂ ਨੇ ਰੱਬ ਅੱਗੇ ਦੋਨੋਂ ਹੱਥ ਜੋੜ ਦਿੱਤੇ। ਬੱਕੀ ਰੇਵੀਆ ਚਾਲ ਫੜਦੀ ਹਵਾ ਨਾਲ਼ ਗੱਲਾਂ ਕਰਨ ਲੱਗੀ।
ਮਿਰਜ਼ਾ ਜਦੋਂ ਝੰਗ ਪੁੱਜਾ, ਚਾਰੇ ਬੰਨੇ ਹਨ੍ਹੇਰਾ ਪਸਰਿਆ ਹੋਇਆ ਸੀ। ਸਾਹਿਬਾਂ ਦੀ ਬਰਾਤ ਪਿੰਡ ਪੁੱਜ ਚੁੱਕੀ ਸੀ ਤੇ ਜਾਨੀ ਸ਼ਰਾਬ ਵਿਚ ਮਸਤ ਆਤਿਸ਼ਬਾਜ਼ੀ ਚਲਾ ਰਹੇ ਸਨ, ਮੁਜਰੇ ਸੁਣ ਰਹੇ ਸਨ। ਮਿਰਜ਼ੇ ਦਾ ਦਿਲ ਧੜਕਿਆ! ਅੱਜ ਦੀ ਰਾਤ ਸਾਹਿਬਾਂ ਦਾ ਨਿਕਾਹ ਪੜ੍ਹਿਆ ਜਾਣਾ ਸੀ ਤੇ ਸਾਹਿਬਾਂ ਉਹਨੂੰ ਉਡੀਕਦੀ- ਉਡੀਕਦੀ ਬੇਆਸ ਹੋ ਚੁੱਕੀ ਸੀ।
ਮਿਰਜ਼ਾ ਬੀਬੋ ਨਾਇਣ ਦੇ ਘਰ ਜਾ ਪੁੱਜਾ। ਬੀਬੋ ਲਈ ਜਿਵੇਂ ਚੰਨ ਚੜ੍ਹ ਗਿਆ ਹੋਵੇ। ਉਸ ਸੱਚੇ ਖ਼ੁਦਾ ਦਾ ਲੱਖ-ਲੱਖ ਸ਼ੁਕਰ ਕੀਤਾ ਤੇ ਉਹ ਉਸੇ ਵੇਲੇ ਸਾਹਿਬਾਂ ਨੂੰ ਮਿਰਜ਼ੇ ਦੇ ਪੁੱਜ ਜਾਣ ਦੀ ਖ਼ਬਰ ਦੇ ਆਈ। ਸਾਹਿਬਾਂ ਘਰਦਿਆਂ ਪਾਸੋਂ ਅੱਖ ਬਚਾ ਕੇ ਬੀਬੋ ਦੇ ਘਰ ਪੁੱਜ ਗਈ। ਉਸ ਮਿਰਜ਼ੇ ਦੁਆਲ਼ੇ ਬਾਹਾਂ ਵਲ ਦਿੱਤੀਆਂ ਤੇ ਡੁਸਕਣ ਲੱਗ ਪਈ।
"ਸਾਹਿਬਾਂ ਰੋ ਕੇ ਕੁਝ ਨਹੀਂ ਜੇ ਬਣਨਾ। ਹੌਸਲਾ ਕਰ। ਤੇਰਾ ਵਿਆਹ ਹੁਣ ਰੁਕ ਨਹੀਂ ਸਕਦਾ। ਮਾਂ ਮੇਰੀ ਬਹੁਤੇਰੇ ਵਾਸਤੇ ਪਾ ਚੁੱਕੀ ਏ, ਮਾਮਾ ਨਹੀਂ ਮੰਨਿਆ। ਇਹ ਝੂਠੀ ਲੋਕ ਲਾਜ, ਇਹ ਝੂਠੀਆਂ ਸਮਾਜਕ ਬੰਦਸ਼ਾਂ ਸਾਡੇ ਰਾਹ ਵਿਚ ਰੋਕਾਂ ਬਣ ਖਲੋਈਆਂ ਨੇ। ਸਾਡਾ ਮਜ਼ਹਬ ਤੇਰੇ ਮੇਰੇ ਵਿਆਹ ਦੀ ਆਗਿਆ ਦਿੰਦਾ ਏ ਪਰ ਇਹ ਲੋਕ ਨਹੀਂ ਮੰਨਦੇ। ਸਾਡੀਆਂ ਰੂਹਾਂ ਨੂੰ ਕਤਲ ਕਰਕੇ ਹੀ ਇਨ੍ਹਾਂ ਨੂੰ ਸ਼ਾਂਤੀ ਮਿਲਦੀ ਏ।" ਮਿਰਜ਼ਾ ਗੰਭੀਰ ਹੋਇਆ ਸਾਹਿਬਾਂ ਦਾ ਦਿਲ ਧਰੌਣ ਲੱਗਾ।
"ਮਿਰਜ਼ਿਆ ਮੈਂ ਤੇਰੇ ਬਿਨਾਂ ਕਿਸੇ ਹੋਰ ਨੂੰ ਆਪਣਾ ਨਹੀਂ ਬਣਾ ਸਕਦੀ। ਅੱਧੀ ਰਾਤ ਹੋ ਚੁੱਕੀ ਏ, ਕੁਝ ਸੋਚ, ਕੁਝ ਉਪਾਅ ਕਰ।"
"ਸਾਹਿਬਾਂ ਮੈਂ ਸਭ ਕੁਝ ਸੋਚ ਕੇ ਹੀ ਆਇਆ ਹਾਂ। ਤੂੰ ਤਾਂ ਮੇਰੀ ਜ਼ਿੰਦਗੀ ਏਂ। ਉਹ ਕਿਹੜਾ ਸੂਰਮਾ ਹੈ ਜਿਹੜਾ ਹੁਣ ਤੈਨੂੰ ਮੇਰੇ ਪਾਸੋਂ ਖੋਹ ਲਵੇਗਾ?" ਮਿਰਜ਼ੇ ਨੇ ਸਾਹਿਬਾਂ ਨੂੰ ਆਪਣੇ ਕਲਾਵੇ 'ਚ ਲੈ ਲਿਆ।
ਬਾਹਰੋਂ ਮਿਰਜ਼ੇ ਦੀ ਬੱਕੀ ਹਿਣਹਿਣਾਈ।
"ਚਲ ਸਾਹਿਬਾਂ, ਤੈਨੂੰ ਦਾਨਾਬਾਦ ਲੈ ਚੱਲਾਂ। ਤਿਆਰ ਏਂ ਨਾ ਮੇਰੇ ਨਾਲ਼ ਹੁਣੇ ਟੁਰਨ ਲਈ।" ਮਿਰਜ਼ਾ ਪ੍ਰਸ਼ਨ ਸੂਚਕ ਨਿਗਾਹਾਂ ਨਾਲ਼ ਸਾਹਿਬਾਂ ਦੇ ਕੁਮਲਾਏ ਮੁਖੜੇ ਵੱਲ ਤੱਕਣ ਲੱਗਾ।
ਬਿਨਾਂ ਇਕ ਪਲ ਸੋਚੇ ਸਾਹਿਬਾਂ ਬੋਲੀ, "ਮਿਰਜ਼ਿਆ ਇਹਦਾ ਜੁਆਬ ਆਪਣੇ ਦਿਲ ਪਾਸੋਂ ਪੁੱਛ। ਮੇਰੀ ਜਿੰਦ ਤੇਰੇ ਹਵਾਲੇ ਹੈ।"
ਤੇ ਮਿਰਜ਼ਾ ਸਾਹਿਬਾਂ ਨੂੰ ਬੱਕੀ 'ਤੇ ਚੜ੍ਹਾ ਕੇ ਦਾਨਾਬਾਦ ਨੂੰ ਨਸ ਟੁਰਿਆ।
ਕਾਜ਼ੀ ਹੋਰੀਂ ਨਿਕਾਹ ਪੜ੍ਹਾਉਣ ਲਈ ਪੁੱਜ ਗਏ। ਖੀਵੇ ਹੋਰਾਂ ਸਾਰਾ ਘਰ ਛਾਣ ਮਾਰਿਆ, ਸਾਹਿਬਾਂ ਕਿਧਰੇ ਵਿਖਾਈ ਨਾ ਦਿੱਤੀ। ਨਮੋਸ਼ੀ ਦੇ ਕਾਰਨ ਖੀਵੇ ਨੂੰ ਗਸ਼ੀਆਂ ਪੈਣ ਲੱਗੀਆਂ। ਸਾਰਾ ਪਿੰਡ ਸਾਹਿਬਾਂ ਦੀ ਭਾਲ਼ ਕਰਨ ਲੱਗਾ। "ਖੌਰੇ ਕਿਸੇ ਖੂਹ ਖਾਤੇ ਵਿਚ ਡੁੱਬ ਮੋਈ ਹੋਵੇ" ਕੋਈ ਆਖਦਾ। ਕਿਸੇ ਆਖਿਆ, "ਰਾਤੀਂ ਮੈਂ ਮਿਰਜ਼ੇ ਨੂੰ ਆਉਂਦੇ ਵੇਖਿਆ ਹੈ। ਹੋ ਸਕਦਾ ਹੈ ਉਹ ਹੀ ਸਾਹਿਬਾਂ ਨੂੰ ਉਧਾਲ ਕੇ ਲੈ ਗਿਆ ਹੋਵੇ।"
ਇਹ ਸੁਣ ਸਾਹਿਬਾਂ ਦੇ ਭਰਾ ਸ਼ਮੀਰ ਤੇ ਝੁਮਰਾ ਤੈਸ਼ ਵਿਚ ਆ ਗਏ। ਉਹ ਦੋ ਵਾਹਰਾਂ ਬਣਾ ਕੇ ਦਾਨਾਬਾਦ ਦੇ ਰਸਤੇ ਪੈ ਗਏ। ਘੋੜੀਆਂ ਅਤੇ ਊਠਾਂ ਦੀ ਧੂੜ ਇਕ ਤੁਫ਼ਾਨੀ ਹਨੇਰੀ ਵਾਂਗ ਦਾਨਾਬਾਦ ਵੱਲ ਵਧਣ ਲੱਗੀ। ਮਿਰਜ਼ੇ ਦੀ ਬੱਕੀ ਸਿਰ ਤੋੜ ਦੌੜਦੀ ਹੋਈ ਦਾਨਾਬਾਦ ਦੇ ਨੇੜੇ ਪੁੱਜ ਗਈ। ਰਾਤ ਦਾ ਉਣੀਂਦਰਾ ਤੇ ਸਫ਼ਰ ਦਾ ਥਕੇਵਾਂ ਬੱਕੀ 'ਤੇ ਭਾਰੂ ਹੋ ਗਿਆ। "ਹੁਣ ਅਸੀਂ ਵੈਰੀ ਦੀ ਮਾਰ ਤੋਂ ਦੂਰ ਆ ਚੁੱਕੇ ਆਂ। ਉਸ ਜੰਡ ਥੱਲੇ ਇਕ ਪਲ ਸੁਸਤਾ ਲਈਏ।" ਆਖ ਮਿਰਜ਼ੇ ਨੇ ਬੱਕੀ ਜੰਡ ਨਾਲ਼ ਬੰਨ੍ਹ ਦਿੱਤੀ ਤੇ ਆਪ ਸਾਹਿਬਾਂ ਦੇ ਪੱਟ ਦਾ ਸਿਰਹਾਣਾ ਲਾ ਕੇ ਸੌਂ ਗਿਆ।
ਸਾਹਿਬਾਂ ਨੇ ਕਈ ਵਾਰੀ ਮਿਰਜ਼ੇ ਨੂੰ ਜਗਾਇਆ ਵੀ ਪਰ ਉਹ ਘੂਕ ਸੁੱਤਾ ਰਿਹਾ। ਘੋੜੀਆਂ ਦੀਆਂ ਟਾਪਾਂ ਨੇੜੇ ਆਉਂਦੀਆਂ ਗਈਆਂ। ਸਾਹਿਬਾਂ ਵੇਖਿਆ ਉਹਦਾ ਭਰਾ ਸ਼ਮੀਰ ਵਾਹਰ ਸਮੇਤ ਉਨ੍ਹਾਂ ਵੱਲ ਮਾਰੋ-ਮਾਰ ਕਰਦਾ ਹੋਇਆ ਵਧ ਰਿਹਾ ਸੀ:

ਦੱਖਣ ਦੇ ਵੱਲੋਂ ਚੜ੍ਹੀਆਂ ਨੇ ਨ੍ਹੇਰੀਆਂ
ਉਡਦੇ ਨੇ ਗਰਦ ਗੁਬਾਰ
ਬੁਲਬਲਾਂ ਵਰਗੀਆਂ ਘੋੜੀਆਂ
ਉੱਤੇ ਵੀਰਾਂ ਜਹੇ ਅਸਵਾਰ
ਹੱਥੀਂ ਤੇਗਾਂ ਨੰਗੀਆਂ
ਕਰਦੇ ਮਾਰੋ-ਮਾਰ
ਵੇ ਤੂੰ ਹੇਠਾਂ ਜੰਡ ਦੇ ਸੌਂ ਗਿਐਂ
ਜੱਟਾ ਕਰਕੇ ਆ ਗਿਆ ਵਾਰ
ਤੈਨੂੰ ਭੱਜੇ ਨੂੰ ਜਾਣ ਨਾ ਦੇਣਗੇ
ਜੱਟਾ ਜਾਨੋਂ ਦੇਣਗੇ ਮਾਰ

ਸਾਹਿਬਾਂ ਨੇ ਵੇਖਿਆ ਵਾਹਰ ਵਾਹੋ-ਦਾਹੀ ਉਨ੍ਹਾਂ ਵੱਲ ਵਧ ਰਹੀ ਹੈ। ਉਸ ਨੇ ਬੜੇ ਹੌਸਲੇ ਨਾਲ਼ ਘੂਕ ਸੁੱਤੇ ਪਏ ਮਿਰਜ਼ੇ ਨੂੰ ਹਲੂਣਿਆ, "ਮਿਰਜ਼ਿਆ ਜਾਗ ਖੋਲ੍ਹ, ਵੈਰੀ ਸਿਰ 'ਤੇ ਪੁੱਜ ਗਏ ਨੇ, ਚਲ ਛੇਤੀ ਉਠ।" ਮਿਰਜ਼ਾ ਇਕਦਮ ਉਠਿਆ ਤੇ ਆਪਣੇ ਆਪ ਨੂੰ ਸੰਭਾਲ ਕੇ ਸ਼ਮੀਰ ਹੋਰਾਂ ਦੀ ਵਾਰ ਦਾ ਮੁਕਾਬਲਾ ਬੜੀ ਬਹਾਦਰੀ ਨਾਲ਼ ਕਰਨ ਲੱਗਾ:

ਭੱਥੇ 'ਚੋਂ ਕੱਢ ਲਿਆ ਜੱਟ ਨੇ ਟੋਲ਼ ਕੇ
ਰੰਗ ਦਾ ਸੁਨਹਿਰੀ ਤੀਰ
ਮਾਰਿਆ ਜੱਟ ਨੇ ਮੁੱਛਾਂ ਕੋਲੋਂ ਵੱਟ ਕੇ
ਉੱਡ ਗਿਆ ਵਾਂਗ ਭੰਬੀਰ
ਪੰਜ-ਸੱਤ ਲਾਹ ਲਏ ਘੋੜਿਓਂ

ਨੌਵਾਂ ਲਾਹਿਆਂ ਸਾਹਿਬਾਂ ਦਾ ਵੀਰ
ਸਾਹਿਬਾਂ ਡਿੱਗਦੇ ਭਰਾਵਾਂ ਨੂੰ ਵੇਖ ਕੇ
ਅੱਖੀਓਂ ਸੁੱਟਦੀ ਨੀਰ
ਆਹ ਕੀ ਕੀਤਾ ਮਿਰਜ਼ਿਆ ਖ਼ੂਨੀਆਂ
ਹੋਰ ਨਾ ਚਲਾਈਂ ਐਸਾ ਤੀਰ
ਅਸੀਂ ਇਕ ਢਿੱਡ ਲੱਤਾਂ ਦੇ ਲਈਆਂ
ਇਕੋ ਮਾਂ ਦਾ ਚੁੰਘਿਆ ਸੀਰ

ਦੋ ਵਾਹਰਾਂ ਦੇ ਵਿਚਕਾਰ ਉਹ ਘੇਰੇ ਗਏ। ਮਿਰਜ਼ੇ ਨੇ ਬੜੀ ਸੂਰਮਗਤੀ ਨਾਲ਼ ਉਨ੍ਹਾਂ ਦੇ ਵਾਰ ਝੱਲੇ। ਉਹਦਾ ਇਕ-ਇਕ ਤੀਰ ਕਈਆਂ ਦੇ ਹੋਸ਼ ਭੁਲਾ ਦਿੰਦਾ। ਸੈਆਂ ਬਾਹਵਾਂ ਦਾ ਮੁਕਾਬਲਾ ਉਹ ਕਦੋਂ ਤਕ ਕਰਦਾ। ਸਾਹਿਬਾਂ ਨੇ ਵੀ ਆਪਣੇ ਭਰਾਵਾਂ ਅੱਗੇ ਭੈਣ-ਭਰਾਵਾਂ ਦੇ ਪਿਆਰ ਦੇ ਵਾਸਤੇ ਪਾਏ ਪਰ ਉਨ੍ਹਾਂ ਨੇ ਉਹਦੀ ਇਕ ਨਾ ਸੁਣੀ ਤੇ ਮਿਰਜ਼ੇ ਦਾ ਗੇਲੀ ਜਿਹਾ ਸੁੰਦਰ ਸਰੀਰ ਤੀਰਾਂ, ਨੇਜ਼ਿਆਂ ਨਾਲ਼ ਛਲਣੀ-ਛਲਣੀ ਕਰ ਦਿੱਤਾ ਅਤੇ ਸਾਹਿਬਾਂ ਵੀ ਆਪਣੇ ਪੇਟ ਵਿਚ ਕਟਾਰ ਮਾਰ ਕੇ ਮਿਰਜ਼ੇ ਦੀ ਲੋਥ 'ਤੇ ਜਾ ਡਿੱਗੀ। ਬੱਕੀ ਆਪਣੇ ਪਿਆਰੇ ਮਿਰਜ਼ੇ ਦੀ ਲੋਥ ਕੋਲ਼ ਖੜ੍ਹੀ ਹੰਝੂ ਕੇਰਦੀ ਰਹੀ ਅਤੇ ਸਾਰੇ ਵਾਤਾਵਰਣ ਵਿਚ ਸੋਗ ਦੀ ਲਹਿਰ ਦੌੜ ਗਈ।

ਵਿੰਗ ਤੜਿੰਗੀਏ ਟਾਹਲੀਏ
ਤੇਰੇ ਹੇਠ ਮਿਰਜ਼ੇ ਦੀ ਗੋਰ
ਜਿੱਥੇ ਮਿਰਜ਼ਾ ਵੱਢਿਆ
ਓਥੇ ਰੋਣ ਤਿੱਤਰ ਤੇ ਮੋਰ
ਮਹਿਲਾਂ 'ਚ ਰੋਂਦੀਆਂ ਰਾਣੀਆਂ
ਕੱਲਰਾਂ 'ਚ ਰੋਂਦੇ ਚੋਰ।

.