ਸਮੱਗਰੀ 'ਤੇ ਜਾਓ

ਜਿਨ੍ਹਾਂ ਵਣਜ ਦਿਲਾਂ ਦੇ ਕੀਤੇ/ਕੀਮਾ ਮਲਕੀ

ਵਿਕੀਸਰੋਤ ਤੋਂ

ਕੀਮਾ ਮਲਕੀ

ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇਗਾ ਜਿਸ ਨੇ 'ਗੜ੍ਹ ਮੁਗਲਾਣੇ ਦੀਆਂ ਨਾਰਾਂ ਪੀਂਘਾਂ ਝੂਟਦੀਆਂ' ਵਾਲ਼ਾ ਰਿਕਾਰਡ ਸੁਣ ਕੇ ਆਨੰਦ ਨਾ ਮਾਣਿਆਂ ਹੋਵੇ। ਦੋ ਤਿੰਨ ਦਹਾਕੇ ਪਹਿਲਾਂ ਪੰਜਾਬ ਦੇ ਪਿੰਡਾਂ ਵਿਚ ਮੰਗਣੇ-ਵਿਆਹ ਜਾਂ ਕਿਸੇ ਹੋਰ ਖ਼ੁਸ਼ੀ ਦੇ ਅਵਸਰ 'ਤੇ ਕੋਠਿਆਂ ਦੀਆਂ ਛੱਤਾਂ ਉਤੇ ਲਾਊਡ ਸਪੀਕਰ ਲਾ ਕੇ ਰਿਕਾਰਡ ਸੁਣਨ ਦਾ ਆਮ ਰਿਵਾਜ ਸੀ। ਕਈ-ਕਈ ਦਿਨ ਮਸ਼ੀਨੀ ਤਵਿਆਂ ਨੇ ਰੌਣਕਾਂ ਲਾਈ ਰੱਖਣੀਆਂ। ਜਦੋਂ 'ਗੜ੍ਹ ਮੁਗਲਾਣੇ ਦੀਆਂ ਨਾਰਾਂ ਪੀਂਘਾਂ ਝੂਟਦੀਆਂ' ਵਾਲ਼ਾ ਰਿਕਾਰਡ ਵੱਜਣਾ ਤਾਂ ਕੀਮਾ-ਮਲਕੀ ਦੀ ਮੁਹੱਬਤ ਨੇ ਦਿਲਾਂ ਵਿਚ ਅਨੂਠੀਆਂ ਤਰਬਾਂ ਛੇੜ ਦੇਣੀਆਂ ਅਤੇ ਵਫ਼ਾ ਦੀ ਸਾਖ਼ਸ਼ਾਤ ਮੂਰਤ ਸਿਦਕਵਾਨ ਮਲਕੀ ਦੇ ਹੁਸ਼ਨਾਕ ਚਿਹਰੇ ਨੇ ਮਨਾਂ ਦੀਆਂ ਅੱਖਾਂ ਅੱਗੇ ਆ ਸਾਕਾਰ ਰੂਪ ਧਾਰਨਾ।
ਮਲਕੀ ਸਿੰਧ ਦੇ ਇਲਾਕੇ ਦੇ ਪਿੰਡ ਗੜ੍ਹ ਮੁਗਲਾਣੇ ਦੇ ਖਾਂਦੇ-ਪੀਂਦੇ ਵੜੈਚ ਜੱਟ ਰਾਏ ਮੁਬਾਰਕ ਅਲੀ ਦੀ ਲਾਡਲੀ ਧੀ ਸੀ। ਉਸ ਦਾ ਬਾਪ ਪਿੰਡ ਦਾ ਚੌਧਰੀ ਤੇ ਨੰਬਰਦਾਰ ਸੀ ਅਤੇ ਉਹਦਾ ਚਾਚਾ ਦਰੀਆ ਅਕਬਰ ਬਾਦਸ਼ਾਹ ਦੇ ਰਾਜ ਦਰਬਾਰ ਵਿਚ ਸੂਬੇਦਾਰ ਸੀ। ਰਾਏ ਮੁਬਾਰਕ ਦੇ ਦੋ ਗੇਲੀਆਂ ਵਰਗੇ ਪੁੱਤਰ ਸਨ ਅਖਤੁ ਤੇ ਬਖਤੂ। ਸਰਕਾਰੇ ਦਰਬਾਰੇ ਚੌਧਰੀ ਦੀ ਚੰਗੀ ਪੁੱਛ ਪ੍ਰਤੀਤ ਹੋਣ ਕਰਕੇ ਉਨ੍ਹਾਂ ਦਾ ਇਲਾਕੇ ਵਿਚ ਚੰਗਾ ਦਬਦਬਾ ਸੀ। ਘਰ ਵਿਚ ਕਿਸੇ ਕਿਸਮ ਦੀ ਤੋਟ ਨਹੀਂ ਸੀ। ਚਾਰੇ ਬੰਨੇ ਸੱਤੇ ਖੈਰਾਂ ਸਨ। ਦੋਵੇਂ ਪੁੱਤਰ ਵਿਆਹੇ ਹੋਏ ਸਨ- ਮਲਕੀ ਦੀ ਮਾਂ ਜਮਾਲੋ ਪਰਿਵਾਰਕ ਸੁੱਖ ਭੋਗ ਰਹੀ ਸੀ। ਉਸ ਨੂੰ ਕੇਵਲ ਇਕ ਗੱਲ ਦੀ ਚਿੰਤਾ ਸੀ- ਕੌੜੀ ਵੇਲ ਵਾਂਗ ਵੱਧ ਰਹੀ ਮਲਕੀ ਲਈ ਵਰ ਲੱਭਣ ਦੀ... ਮਲਕੀ 'ਤੇ ਆਏ ਦਿਨ ਲੋਹੜੇ ਦਾ ਰੂਪ ਚੜ੍ਹ ਰਿਹਾ ਸੀ ਤੇ ਉਸ ਦੇ ਹੁਸਨ ਦੀ ਚਰਚਾ ਸੱਥਾਂ ਵਿਚ ਹੋ ਰਹੀ ਸੀ।
ਜਮਾਲੋ ਮਲਕੀ ਦੇ ਹੁਸਨ ਨੂੰ ਵੇਖ-ਵੇਖ ਆਪਣੇ ਆਪ 'ਤੇ ਮਾਣ ਮਹਿਸੂਸ ਕਰ ਰਹੀ ਸੀ, ਜਿਸ ਨੇ ਅਜਿਹੀ ਖ਼ੂਬਸੂਰਤ ਧੀ ਨੂੰ ਜਨਮ ਦਿੱਤਾ ਸੀ ਪਰੰਤੁ ਏਹੀ ਹੁਸਨ ਜਮਾਲੋ ਲਈ ਚਿੰਤਾ ਦਾ ਖੌ ਬਣਿਆ ਹੋਇਆ ਸੀ... ਇਕ ਉਹਦਾ ਬਾਪ ਸੀ, ਜਿਹੜਾ ਸਭ ਕਾਸੇ ਤੋਂ ਬੇਨਿਆਜ਼ ਹੋ ਕੇ ਬੇਫ਼ਿਕਰ ਜ਼ਿੰਦਗੀ ਬਤੀਤ ਕਰ ਰਿਹਾ ਸੀ... ਉਹਦੀ ਧੀ ਜਵਾਨੀ ਦੀਆਂ ਬਰੂਹਾਂ 'ਤੇ ਆਣ ਖਲੋਤੀ ਸੀ, ਜਿਸ ਦੀ ਉਹਨੂੰ ਕੋਈ ਚਿੰਤਾ ਨਹੀਂ ਸੀ।
ਰਾਏ ਮੁਬਾਰਕ ਅਵੈੜੇ ਸੁਭਾਅ ਦਾ ਮਾਲਕ ਸੀ, ਜਿਸ ਕਰਕੇ ਜਮਾਲੋ ਉਹਦੇ ਨਾਲ਼ ਮਲਕੀ ਬਾਰੇ ਕੋਈ ਗੱਲ ਕਰਨੋਂ ਝਿਜਕਦੀ ਸੀ। ਆਖ਼ਰ ਇਕ ਦਿਨ ਹਿੰਮਤ ਕਰਦਿਆਂ ਜਮਾਲੋ ਨੇ ਚੌਧਰੀ ਨੂੰ ਆਖਿਆ, "ਮਖਿਆ ਮਲਕੀ ਦੇ ਅੱਬਾ ਤੂੰ ਕਿਉਂ ਅੱਖਾਂ ਮੁੰਦੀ ਫਿਰਦੈਂ... ਤੇਰੇ ਬੂਹੇ 'ਤੇ ਕੋਠੇ ਜਿੱਡੀ ਧੀ ਬੈਠੀ ਐ ਉਹਨੂੰ ਵਿਆਹੁਣ ਦਾ ਕੋਈ ਬੰਨ ਸੁਬ ਕਰ।"
ਰਾਏ ਮੁਬਾਰਕ ਸੱਚ-ਮੁਚ ਹੀ ਮਲਕੀ ਵਲੋਂ ਅਵੇਸਲਾ ਹੋਇਆ ਬੈਠਾ ਸੀ... ਉਹਦੇ ਲਈ ਤਾਂ ਉਹ ਅਜੇ ਵੀ ਗੁੱਡੀਆਂ ਪਟੋਲਿਆਂ ਨਾਲ਼ ਖੇਡਣ ਵਾਲੀ ਬੱਚੀ ਸੀ।
"ਭਾਗਵਾਨੇ ਤੂੰ ਕਾਹਨੂੰ ਆਪਣਾ ਲਹੂ ਸਾੜਦੀ ਐਂ, ਮਲਕੀ ਦਾ ਚਾਚਾ ਦਰੀਆ ਹੈਗਾ ਆਪੇ ਕੋਈ ਇਹਦੇ ਹਾਣ ਪਰਵਾਣ ਦਾ ਵਰ ਲੱਭ ਦੇਊਗਾ... ਭਲਕੇ ਚਿੱਠੀ ਲਿਖਦਾ ਆਂ ਉਹਨੂੰ।"
ਅਗਲੀ ਭਲਕ ਰਾਏ ਮੁਬਾਰਕ ਨੇ ਆਪਣੇ ਛੋਟੇ ਵੀਰ ਦਰੀਏ ਨੂੰ ਚਿੱਠੀ ਲਿਖ ਦਿੱਤੀ।
ਵੱਡੇ ਭਰਾ ਦੀ ਚਿੱਠੀ ਮਿਲਦੇ ਸਾਰ ਹੀ ਦਰੀਏ ਨੂੰ ਖ਼ੁਸ਼ੀਆਂ ਚੜ੍ਹ ਗਈਆਂ। ਰਾਜ ਦਰਬਾਰ ਦੀ ਨੌਕਰੀ ਕਰਦਿਆਂ ਉਹਦੇ ਅੰਦਰ ਖ਼ੁਦਗਰਜ਼ੀ ਦੇ ਅੰਸ਼ ਪ੍ਰਵੇਸ਼ ਕਰ ਚੁੱਕੇ ਸਨ... ਉਹ ਆਪਣੇ ਨਿੱਜੀ ਹਿੱਤਾਂ ਲਈ ਕੁਝ ਵੀ ਕਰ ਸਕਦਾ ਸੀ। ਪਰੀਆਂ ਵਰਗੀ ਉਹਦੀ ਹੁਸੀਨ ਭਤੀਜੀ ਮਲਕੀ ਉਹਦੇ ਲਈ ਇਕ ਅਜਿਹੀ ਗਿੱਦੜ ਸਿੰਗੀ ਸਾਬਤ ਹੋ ਸਕਦੀ ਸੀ, ਜਿਸ ਦੁਆਰਾ ਉਹ ਅਕਬਰ ਬਾਦਸ਼ਾਹ ਦੇ ਦਰਬਾਰ ਵਿਚ ਉੱਚ ਪਦਵੀ ਪ੍ਰਾਪਤ ਕਰ ਸਕਦਾ ਸੀ। ਹੁਸਨਪ੍ਰੱਸਤ ਅਕਬਰ ਕੱਚੀਆਂ ਕੈਲਾਂ ਦਾ ਰਸੀਆ ਸੀ। ਦਰੀਏ ਨੇ ਆਪਣੇ ਨਿੱਜੀ ਹਿੱਤਾਂ ਨੂੰ ਮੁੱਖ ਰੱਖਦਿਆਂ ਮਲੂਕੜੀ ਮਲਕੀ ਰਾਹੀਂ ਉਸ ਦੀ ਏਸ ਕਮਜ਼ੋਰੀ ਦਾ ਲਾਭ ਉਠਾਉਣ ਦਾ ਮਨ ਬਣਾ ਲਿਆ।
ਆਥਣ ਪਸਰ ਰਹੀ ਸੀ ਜਦੋਂ ਦਰੀਆ ਗੜ੍ਹ ਮੁਗਲਾਣੇ ਪੁੱਜਾ। ਉਹਨੂੰ ਵੇਖ ਕੇ ਉਹਦੇ ਵੱਡੇ ਭਰਾ ਮੁਬਾਰਕ ਅਤੇ ਦੋਹਾਂ ਭਤੀਜਿਆਂ ਨੂੰ ਖੁਸ਼ੀਆਂ ਚੜ੍ਹ ਗਈਆਂ। ਆਂਢੀ-ਗੁਆਂਢੀ ਉਹਦੀ ਖ਼ਬਰ ਸਾਰ ਲੈਣ ਆਏ। ਘਰ ਦੀਆਂ ਬੇਗ਼ਮਾਂ ਰੋਟੀ-ਟੁਕ ਦੇ ਆਹਰ ਵਿਚ ਰੁਝ ਗਈਆਂ... ਮੁਰਗ ਮੁਸੱਲਮ ਭੁੰਨੇ ਗਏ... ਦਰੀਏ ਅਤੇ ਮੁਬਾਰਕ ਨੇ ਬੋਤਲਾਂ ਦੇ ਡੱਟ ਖੋਹਲ ਲਏ ਤੇ ਉਹ ਸਰੂਰ ਵਿਚ ਆ ਗਏ। ਉਹਦੇ ਭਤੀਜੇ ਉਹਦੀ ਖ਼ਾਤਰਦਾਰੀ ਵਿਚ ਪੇਸ਼ ਪੇਸ਼ ਸਨ... ਭਾਬੀ ਜਮਾਲੋ ਦਾ ਚਾਅ ਝੱਲਿਆ ਨਹੀਂ ਸੀ ਜਾਂਦਾ, ਜੋ ਆਨੀ ਬਹਾਨੀਂ ਦੋਹਾਂ ਭਰਾਵਾਂ ਦੀ ਗੱਲਬਾਤ ਸੁਣਨ ਦਾ ਯਤਨ ਕਰ ਰਹੀ ਸੀ... ਮਲਕੀ ਕਿਧਰੇ ਵੀ ਨਜ਼ਰ ਨਹੀਂ ਸੀ ਆ ਰਹੀ... ਘਰ 'ਚ ਆਪਣੀਆਂ ਭਾਬੀਆਂ ਵਿਚਕਾਰ ਬੈਠੀ ਆਪਣੇ ਭਵਿੱਖ ਦੇ ਹਮਸਫ਼ਰ ਦੀ ਨੁਹਾਰ ਚਿਤਵ ਰਹੀ ਸੀ। ਉਹਨੂੰ ਇਸ ਗੱਲ ਦੀ ਭਿਣਕ ਪੈ ਗਈ ਸੀ ਕਿ ਉਹਦਾ ਚਾਚਾ ਦਰੀਆ ਉਹਦੇ ਰਿਸ਼ਤੇ ਬਾਰੇ ਗੱਲ ਕਰਨ ਆਇਆ ਹੈ।
ਅੰਨ ਪਾਣੀ ਛਕਣ ਛਕਾਉਣ ਮਗਰੋਂ ਜਨਾਨੀਆਂ ਆਪਣੇ ਕਮਰਿਆਂ 'ਚ ਚਲੀਆਂ ਗਈਆਂ। ਦਰੀਆ ਤੇ ਮੁਬਾਰਕ ਮੰਜਿਆਂ 'ਤੇ ਲੰਮੇ ਪੈ ਗਏ। ਦਰੀਆ ਆਪਣੇ ਦਿਲ ਦੀ ਗੱਲ ਕਰਨ ਲਈ ਉਤਾਵਲਾ ਸੀ... ਆਖਰ ਉਹਨੇ ਗੱਲ ਤੋਰੀ, "ਬੜੇ ਭਾਈ ਜਾਗਦੈਂ? ਗੱਲ ਮੂੰਹੋਂ ਕੱਢਣੀ ਬੜੀ ਔਖੀ ਐ...। ਚੰਗੇ ਰਿਸ਼ਤੇਦਾਰ ਲਭਣੇ ਕਿਹੜਾ ਖਾਲਾ ਜੀ ਦਾ ਬਾੜਾ ਨੇ... ਚੰਗੇ ਪਰਿਵਾਰ ਨਾਲ਼ ਹੱਥ ਜੁੜ ਜਾਣ ਤਾਂ ਧੀ ਵੀ ਸੁਖਾਲੀ ਤੇ ਮਾਪੇ ਵੀ ਸੁਖਾਲੇ ...। ਬੜੇ ਭਾਈ ਜੇ ਮੇਰੀ ਗੱਲ ਮੰਨੇਂ ਆਪਾਂ ਆਪਣੀ ਮਲਕੀ ਦਾ ਰਿਸ਼ਤਾ ਬਾਦਸ਼ਾਹ ਅਕਬਰ ਨਾਲ਼ ਕਰ ਦਿੰਨੇ ਆਂ, ਉਹ ਮੇਰੇ ਤੋਂ ਬਾਹਰ ਨੀ...। ਐਡੇ ਵੱਡੇ ਸਾਕ ਨਾਲ਼ ਸਿਰ ਜੋੜਨ ਨਾਲ਼ ਸਾਡੇ ਖ਼ਾਨਦਾਨ ਨੂੰ ਬਹੁਤ ਫਾਇਦੈ, ਨਾਲ਼ੇ ਮਲਕੀ ਰਾਜ ਕਰੂਗੀ, ਗੋਲੀਆਂ 'ਤੇ ਹੁਕਮ ਚਲਾਊਗੀ ਨਾਲ਼ੇ ਆਪਾਂ ਸਰਦਾਰੀਆਂ ਭੋਗਾਂਗੇ।"
ਰਾਏ ਮੁਬਾਰਕ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਦਰੀਆ ਐਡੀ ਵੱਡੀ ਗੱਲ ਆਖ ਦੇਵੇਗਾ... ਉਹ ਇਕਦਮ ਅੱਗ ਦੇ ਭੰਬੂਕੇ ਵਾਂਗ ਉੱਠ ਕੇ ਬੈਠ ਗਿਆ ਤੇ ਆਪਣੇ-ਆਪ ਨੂੰ ਮਸੀਂ ਕਾਬੂ ਕਰਦਿਆਂ ਬੋਲਿਆ, "ਛੋਟੇ ਵੀਰ ਨੂੰ ਇਹ ਗੱਲ ਕਿਵੇਂ ਸੋਚ ਲਈ? ਮੈਂ ਆਪਣੀ ਮਲੂਕ ਜਹੀ ਧੀ, ਗੁੱਡੀਆਂ-ਪਟੋਲਿਆਂ ਨਾਲ਼ ਖੇਡਣ ਵਾਲ਼ੀ ਨੂੰ ਬੁੱਢੇ ਖੋਸੜ ਅਕਬਰ ਦੇ ਲੜ ਕਿਵੇਂ ਲਾ ਦਿਆਂ... ਇਹਦੇ ਨਾਲੋਂ ਤਾਂ ਉਹਨੂੰ ਕਿਸੇ ਖੂਹ-ਖਾਤੇ 'ਚ ਧੱਕਾ ਦੇਣਾ ਬਿਹਤਰ ਐ... ਲੱਖ ਲਾਹਨਤ ਐ ਤੇਰੀ ਕਮੀਨੀ ਸੋਚ 'ਤੇ... ਤੂੰ ਐਨਾ ਨਿੱਘਰ ਜਾਵੇਂਗਾ ਮੈਂ ਤਾਂ ਸੋਚ ਵੀ ਨਹੀਂ ਸੀ ਸਕਦਾ... ਐਡਾ ਸੁਆਰਥੀ। ਜਿਹੜਾ ਆਪਣੀ ਭਤੀਜੀ ਦੀ ਬਲੀ ਦੇ ਕੇ ਸਰਦਾਰੀਆਂ ਭਾਲਦੈ... ਦੁਰ-ਫਿਟੇ ਮੂੰਹ ਤੇਰੇ ... ਮੈਂ ਤਾਂ ਐਦਾਂ ਦੀ ਨਵਾਬੀ 'ਤੇ ਧਾਰ ਨੀ ਮਾਰਦਾ।"
ਦਰੀਆ ਮੁਬਾਰਕ ਦੇ ਕੱਬੇ ਸੁਭਾਅ ਤੋਂ ਵਾਕਿਫ਼ ਸੀ। ਉਹਨੇ ਚੁੱਪ ਰਹਿਣਾ ਹੀ ਠੀਕ ਸਮਝਿਆ... ਦੋਨੋਂ ਸਾਰੀ ਰਾਤ ਆਪਣੀਆਂ-ਆਪਣੀਆਂ ਮੰਜੀਆਂ 'ਤੇ ਪਏ ਉਸਲਵੱਟੇ ਭੰਨਦੇ ਰਹੇ।
ਦਰੀਏ ਦੇ ਸਾਰੇ ਮਨਸੂਬੇ ਧਰੇ ਧਰਾਏ ਰਹਿ ਗਏ। ਉਹਨੂੰ ਇਸ ਗੱਲ ਦਾ ਰੋਸ ਸੀ ਕਿ ਉਹਦੇ ਵੱਡੇ ਭਰਾ ਨੇ ਉਸ ਦੀ ਗੱਲ ਨਹੀਂ ਸੀ ਮੰਨੀ। ਬਦਲੇ ਦੀ ਭਾਵਨਾ ਉਹਦੇ ਮਨ ਅੰਦਰ ਪ੍ਰਵੇਸ਼ ਕਰ ਚੁੱਕੀ ਸੀ। ਉਹਨੂੰ ਰਾਜ ਦਰਬਾਰ ਦਾ ਨਸ਼ਾ ਸੀ। ਉਹਨੇ ਆਪਣੇ ਮਨ ਵਿਚ ਕਿਹਾ, "ਵੇਖਾਂਗਾ ਕਿਹੜਾ ਨਾਢੂ ਖਾਂ ਮਲਕੀ ਨੂੰ ਵਿਆਹ ਕੇ ਲਿਜਾਊਗਾ।"
ਉਹ ਅਗਲੀ ਸਵੇਰ ਬਿਨਾਂ ਕੁਝ ਖਾਧੇ-ਪੀਤੇ ਗੁੱਸੇ ਨਾਲ਼ ਭਰਿਆ ਪੀਤਾ ਦਿੱਲੀ ਨੂੰ ਰਵਾਨਾ ਹੋ ਗਿਆ।
ਦਰੀਏ ਦੇ ਵਤੀਰੇ ਨੇ ਰਾਏ ਮੁਬਾਰਕ ਦੇ ਪਰਿਵਾਰ ਵਿਚ ਸੋਗੀ ਵਾਤਾਵਰਣ ਪੈਦਾ ਕਰ ਦਿੱਤਾ। ਮੁਬਾਰਕ ਨੇ ਦਰੀਏ ਨਾਲ਼ ਹੋਈ ਬੀਤੀ ਸਾਰੀ ਗੱਲਬਾਤ ਆਪਣੇ ਪਰਿਵਾਰ ਨਾਲ਼ ਬੜੀ ਗੰਭੀਰਤਾ ਨਾਲ਼ ਵਿਚਾਰੀ। ਸਾਰਾ ਪਰਿਵਾਰ ਉਸ ਵਲੋਂ ਲਏ ਦ੍ਰਿੜਤਾ ਭਰੇ ਫ਼ੈਸਲੇ ਨਾਲ਼ ਸੌ ਫ਼ੀਸਦੀ ਸਹਿਮਤ ਸੀ। ਮਲਕੀ ਆਪਣੇ ਮਨ ਵਿਚ ਖ਼ੁਸ਼ੀਆਂ ਦੇ ਲੱਡੂ ਭੋਰਦੀ ਹੋਈ ਆਪਣੇ ਬਾਪ ਦੇ ਬਲਿਹਾਰੇ ਜਾ ਰਹੀ ਸੀ ਜਿਸ ਨੇ ਉਸ ਨੂੰ ਬੁੱਢੇ ਬਾਦਸ਼ਾਹ ਦੇ ਹਰਮ ਵਿਚ ਜਾਣੋ ਬਚਾ ਲਿਆ ਸੀ
ਜਮਾਲੋ ਬੜੀ ਗੰਭੀਰਤਾ ਨਾਲ਼ ਮਲਕੀ ਦਾ ਵਿਆਹ ਛੇਤੀ ਕਰਨ ਬਾਰੇ ਆਖ ਰਹੀ ਸੀ। "ਬਾਦਸ਼ਾਹ ਦਾ ਕੀ ਐ ਮਤੇ ਦਰੀਏ ਦੇ ਕਹੇ 'ਤੇ ਮਲਕੀ ਨੂੰ ਜ਼ੋਰੀਂ ਪਰਨਾ ਕੇ ਲੈ ਜਾਵੇ।"
ਜਮਾਲੋ ਦੀ ਵੱਡੀ ਭੈਣ ਲਾਲੋ ਤਖ਼ਤ ਹਜ਼ਾਰੇ ਦੇ ਚੌਧਰੀ ਮੌਜੂ ਦੇ ਵੱਡੇ ਪੁੱਤਰ ਜਾਨੀ ਚੌਧਰੀ ਨਾਲ਼ ਵਿਆਹੀ ਹੋਈ ਸੀ। ਲਾਲੋ ਦੇ ਪਹਿਲੇ ਜਣੇਪੇ ਸਮੇਂ ਜਦੋਂ ਕੀਮੇ ਦਾ ਜਨਮ ਹੋਇਆ ਸੀ, ਜਮਾਲੋ ਤਖ਼ਤ ਹਜ਼ਾਰੇ ਆਈ ਹੋਈ ਸੀ। ਮੁੰਡੇ ਦੇ ਮਸਤਕ ਨੂੰ ਵੇਖ ਕੇ ਜਮਾਲੋ ਨੇ ਆਪਣੇ ਮਨ ਵਿਚ ਫ਼ੈਸਲਾ ਕਰ ਲਿਆ ਸੀ ਕਿ ਜੇ ਉਸ ਦੇ ਘਰ ਧੀ ਜਨਮੀ ਅਤੇ ਜੇਕਰ ਸੱਚੇ ਰਸੂਲ ਨੇ ਚਾਹਿਆ ਤਾਂ ਉਹ ਆਪਣੀ ਧੀ ਦਾ ਲੜ ਆਪਣੀ ਭੈਣ ਨੂੰ ਫੜਾ ਕੇ ਦੋਹਾਂ ਪਰਿਵਾਰਾਂ ਨੂੰ ਪੱਕੇ ਤੌਰ 'ਤੇ 'ਕੱਠਿਆਂ ਕਰ ਦੇਵੇਗੀ। ਓਦੋਂ ਉਹ ਹਾਮਲਾ ਸੀ, ਦਿਨ ਪਾ ਕੇ ਮਲਕੀ ਨੇ ਜਨਮ ਲਿਆ ਸੀ। ਉਹਨੇ ਆਪਣੇ ਮਨ ਦੀ ਗੱਲ ਕਿਸੇ ਹੋਰ ਨਾਲ਼ ਸਾਂਝੀ ਨਹੀਂ ਸੀ ਕੀਤੀ। ਜਮਾਲੋ ਨੇ ਮਹਿਸੂਸ ਕੀਤਾ ਕਿ ਆਪਣੇ ਮਨ ਦੀ ਭਾਵਨਾ ਨੂੰ ਪੂਰੀ ਕਰਨ ਦਾ ਸਹੀ ਮੌਕਾ ਆ ਗਿਆ ਹੈ। ਉਹਨੇ ਸੋਚਿਆ ਕਿਉਂ ਨਾ ਹੁਣ ਉਹ ਮਲਕੀ ਦਾ ਰਿਸ਼ਤਾ ਕੀਮੇ ਨਾਲ਼ ਕਰਨ ਦੀ ਸਲਾਹ ਰਾਏ ਮੁਬਾਰਕ ਨੂੰ ਦੇਵੇ। ਉਹਨੇ ਰਾਏ ਮੁਬਾਰਕ ਨਾਲ਼ ਗੱਲ ਤੋਰੀ। ਉਹ ਪਹਿਲਾਂ ਹੀ ਤਖ਼ਤ ਹਜ਼ਾਰੇ ਦੇ ਚੌਧਰੀ ਮੌਜੂ ਦੇ ਪਰਿਵਾਰ ਤੋਂ ਜਾਣੂੰ ਸੀ। ਉਹ ਬਖ਼ਤਾਵਰਾਂ ਦਾ ਪਰਿਵਾਰ ਸੀ... ਦੋਨੋਂ ਪਰਿਵਾਰ ਮਿਲ ਕੇ ਜਿਹਲਮ ਤੋਂ ਸਿੰਧ ਤਕ ਸਰਦਾਰੀਆਂ ਕਰਨਗੇ... ਇਕੱਠੇ ਸ਼ਿਕਾਰ ਖੇਡਣਗੇ... ਕਿਹੜਾ ਉਨ੍ਹਾਂ ਅੱਗੇ ਕੁਸਕੇਗਾ।
ਕੀਮਾ ਮਲਕੀ ਦੇ ਹਾਣ ਦਾ ਛੈਲ ਛਬੀਲਾ ਗੱਭਰੂ ਸੀ। ਦੋਹਾਂ ਪਰਿਵਾਰਾਂ ਨੇ ਸਿਰ ਮੱਥੇ ਇਹ ਰਿਸ਼ਤੇ ਪ੍ਰਵਾਨ ਕਰ ਲਏ ਤੇ ਦੋਹਾਂ ਦਾ ਨਿਕਾਹ ਪੜ੍ਹਾ ਦਿੱਤਾ।
ਕੀਮਾ ਮੁਕਲਾਵਾ ਲੈਣ ਲਈ ਘੋੜੇ 'ਤੇ ਸਵਾਰ ਹੋ ਕੇ ਗੜ੍ਹ ਮੁਗਲਾਣੇ ਪੁੱਜ ਗਿਆ। ਉਹਦਾ ਸ਼ਗਨਾਂ ਨਾਲ਼ ਸਵਾਗਤ ਕੀਤਾ ਗਿਆ।
ਕੀਮੇ ਨੂੰ ਕੀ ਪਤਾ ਸੀ ਕਿ ਹੋਣੀ ਉਹਦੇ ਲਈ ਖ਼ੁਸ਼ੀਆਂ ਦੀ ਥਾਂ ਗ਼ਮੀਆਂ ਲਈ ਖੜੋਤੀ ਹੈ। ਰਾਏ ਮੁਬਾਰਕ ਨੇ ਛੋਟੇ ਭਰਾ ਦਰੀਏ ਨੂੰ ਰਿਸ਼ਤੇਦਾਰਾਂ ਦੇ ਕਹਿਣ 'ਤੇ ਮਲਕੀ ਦੇ ਮੁਕਲਾਵੇ ਦੇ ਸਮਾਗਮ 'ਚ ਸ਼ਾਮਲ ਹੋਣ ਲਈ ਸੱਦਾ ਭੇਜ ਦਿੱਤਾ। ਉਹ ਇਹ ਨਹੀਂ ਸੀ ਜਾਣਦਾ ਕਿ ਦਰੀਆ ਅੱਗ ਦੀ ਨਾਲ਼ ਬਣਿਆਂ ਅਜੇ ਠੰਢਾ ਨਹੀਂ ਸੀ ਹੋਇਆ...। ਉਹਨੇ ਤਾਂ ਸਗੋਂ ਵੈਰੀ ਦਾ ਰੂਪ ਧਾਰ ਲਿਆ ਸੀ। ਦਰੀਆ ਸ਼ਾਹੀ ਸਿਪਾਹੀਆਂ ਦੀ ਧਾੜ ਲੈ ਕੇ ਗੜ੍ਹ ਮੁਗਲਾਣੇ ਪੁੱਜ ਗਿਆ।
ਸਰਕਾਰੀ ਦਹਿਸ਼ਤਗਰਦੀ ਦੀ ਹੱਦ ਸੀ ਇਹ! ਦਰੀਏ ਨੇ ਕੁਮਕ ਲੈ ਕੇ ਇਸ ਤਰ੍ਹਾਂ ਚੜ੍ਹਾਈ ਕੀਤੀ ਸੀ, ਜਿਵੇਂ ਕਿਸੇ ਸ਼ਾਹੀ ਬਾਗੀ ਨੂੰ ਗ੍ਰਿਫ਼ਤਾਰ ਕਰਨ ਜਾਣਾ ਹੋਵੇ। ਇਸ ਤੋਂ ਵੱਧ ਕੇ ਕਮੀਨਗੀ ਕੀ ਹੋ ਸਕਦੀ ਸੀ। ਦਰੀਏ ਨੇ ਆਪਣੇ ਮੰਤਵ ਦੀ ਪੂਰਤੀ ਲਈ ਸਰਕਾਰੀ ਦਬਾਅ ਦਾ ਇਹ ਇਕ ਹੋਰ ਹੱਥਕੰਡਾ ਵਰਤਿਆ ਸੀ...। ਸ਼ਾਇਦ ਡਰ ਦੇ ਮਾਰੇ ਮੁਬਾਰਕ ਹੋਰੀਂ ਮਲਕੀ ਨੂੰ ਬਾਦਸ਼ਾਹ ਦੇ ਹਰਮ ਵਿਚ ਭੇਜਣ ਲਈ ਰਾਜ਼ੀ ਹੋ ਜਾਣ। ਦਰੀਆ ਭਰਾ ਦੇ ਰਿਸ਼ਤੇ ਨੂੰ ਭੁੱਲ ਕੇ ਨਵਾਬੀ ਦਾ ਰੋਅਬ ਛਾਂਟ ਰਿਹਾ ਸੀ।
ਦਰੀਏ ਦਾ ਇਹ ਹੱਥਕੰਡਾ ਵੀ ਕਾਰਗਰ ਸਾਬਤ ਨਾ ਹੋਇਆ। ਰਾਏ ਮੁਬਾਰਕ ਆਪਣੀ ਅੜੀ 'ਤੇ ਅੜਿਆ ਹੋਇਆ ਸੀ...। ਉਸ ਨੂੰ ਆਪਣੀ ਇੱਜ਼ਤ ਪਿਆਰੀ ਸੀ। ਆਪਣੇ ਪਰਿਵਾਰ ਦੀ ਮਾਣ ਮਰਿਯਾਦਾ ਲਈ ਉਹ ਅਜਿਹੀਆਂ ਸੈਂਕੜੇ ਮੌਤਾਂ ਮਰਨ ਲਈ ਤਿਆਰ ਸੀ। ਉਹਨੇ ਦਰੀਏ ਨੂੰ ਲਲਕਾਰ ਕੇ ਆਖਿਆ, "ਕਮੀਨਿਆਂ ਮਲਕੀ ਦਾ ਕੀਮੇ ਨਾਲ਼ ਨਿਕਾਹ ਹੋ ਚੁੱਕੈ। ਉਹ ਹੁਣ ਉਹਦੀ ਐ... ਉਹਦੇ ਘਰ ਹੀ ਵੱਸੇਗੀ... ਇਹਦੇ ਤੋਂ ਮੈਂ ਸੈਆਂ ਬਦਾਬਾਹਾਂ ਨੂੰ ਵਾਰ ਸਕਦਾਂ....।"
ਦਰੀਏ ਦੇ ਪੈਰਾਂ ਥੱਲੇ ਜਿਵੇਂ ਅੰਗਿਆਰ ਦਗ ਰਹੇ ਸਨ। ਉਹ ਗੇੜੇ 'ਤੇ ਗੇੜਾ ਕੱਢ ਰਿਹਾ ਸੀ...। ਉਸ ਦੀ ਆਤਮਾ ਉਸ ਨੂੰ ਲਾਹਨਤਾਂ ਵੀ ਪਾ ਰਹੀ ਸੀ, ਪਰੰਤੂ ਜਦੋਂ ਬੰਦਾ ਆਪਣੇ-ਆਪ ਤੋਂ ਡਿੱਗ ਪਵੇ ਉਹ ਆਪਣੇ ਪਰਾਏ ਦੀ ਪਛਾਣ ਭੁੱਲ ਜਾਂਦੈ...। ਆਪਣੀ ਧੀਆਂ ਵਰਗੀ ਭਤੀਜੀ 'ਤੇ ਜ਼ੁਲਮ ਕਰਦਿਆਂ ਉਸ ਨੂੰ ਭੋਰਾ ਵੀ ਸ਼ਰਮ ਨਹੀਂ ਸੀ ਮਹਿਸੂਸ ਹੋ ਰਹੀ ਨਾ ਹੀ ਕਿਸੇ ਕਿਸਮ ਦਾ ਅਫ਼ਸੋਸ ਹੋ ਰਿਹਾ ਸੀ...। ਸਰਕਾਰੀ ਅਫ਼ਸਰਸ਼ਾਹੀ ਤੇ ਰਾਜ ਦਰਬਾਰ ਦੇ ਰੋਅਬ ਨੇ ਉਹਦਾ ਸਿਰ ਫੇਰ ਦਿੱਤਾ ਸੀ..। ਸਿਪਾਹੀਆਂ ਨੇ ਸਭ ਨੂੰ ਕਾਬੂ ਕਰ ਲਿਆ।
ਰਾਏ ਮੁਬਾਰਕ, ਉਹਦੇ ਦੋਹਾਂ ਪੁੱਤਰਾਂ ਅਤੇ ਕੀਮੇ ਦੀਆਂ ਮੁਸ਼ਕਾਂ ਬੰਨ ਕੇ ਦਰੀਆ ਕਾਫ਼ਲੇ ਦੇ ਰੂਪ ਵਿਚ ਦਿੱਲੀ ਨੂੰ ਰਵਾਨਾ ਹੋ ਗਿਆ। 'ਕੱਲੇ 'ਕੱਲੇ ਕੈਦੀ ਦੀ ਕਈ ਕਈ ਸਿਪਾਹੀ ਨਿਗਰਾਨੀ ਕਰ ਰਹੇ ਸਨ। ਉਨ੍ਹਾਂ ਦਿਨਾਂ ਵਿਚ ਪੈਦਲ ਹੀ ਸਫ਼ਰ ਤੈਅ ਕਰਨਾ ਪੈਂਦਾ ਸੀ। ਅਫ਼ਸਰਸ਼ਾਹੀ ਘੋੜਿਆਂ ਊਠਾਂ 'ਤੇ ਸਫ਼ਰ ਕਰਦੀ ਸੀ... ਬੜਾ ਲੰਬਾ ਤੇ ਬਿਖੜਾ ਪੈਂਡਾ ਸੀ ਇਹ ਜ਼ੋਖਮ ਭਰਿਆ..
ਮਲਕੀ ਲਈ ਤਾਂ ਜਾਣੀਦਾ ਸਾਰਾ ਸੰਸਾਰ ਹੀ ਸੁੰਨਾ ਹੋ ਗਿਆ ਸੀ... ਉਹਦਾ ਸਭੋ ਕੁਝ ਉੱਜੜ ਚੁੱਕਾ ਸੀ... ਸਿਰ ਦਾ ਸਾਈਂ ਕੀਮਾ, ਬਾਪ ਤੇ ਭਰਾ ਕੈਦੀ ਬਣਾ ਕੇ ਦਿੱਲੀ ਨੂੰ ਲਿਜਾਏ ਜਾ ਰਹੇ ਸਨ। ਉਹਦੀਆਂ ਅੱਖਾਂ ਅੱਗੇ ਹਨ੍ਹੇਰਾ ਛਾ ਗਿਆ। ਉਸ ਨੂੰ ਕੁਝ ਵੀ ਅਹੁੜ ਨਹੀਂ ਸੀ ਰਿਹਾ। ਕਰੇ ਤਾਂ ਕੀ ਕਰੇ। ਕਿਹੜੀ ਬਣਤ ਬਣਾਵੇ, ਜਿਸ ਨਾਲ਼ ਸਾਰੇ ਜਣੇ ਛੁੱਟ ਜਾਣ।
ਜਦੋਂ ਚਾਰੇ ਬੰਨੇ ਦੁੱਖਾਂ ਦਾ ਪਹਾੜ ਟੁੱਟਿਆ ਹੋਵੇ ਤਾਂ ਕਈ ਵਾਰ ਮਨੁੱਖ ਦੀਆਂ ਅੰਦਰੂਨੀ ਸ਼ਕਤੀਆਂ ਉਸ ਦਾ ਸਾਥ ਦੇਂਦੀਆਂ ਹਨ, ਆਤਮ ਵਿਸ਼ਵਾਸ ਅਜਿਹੀ ਸ਼ਕਤੀ ਹੈ ਜੋ ਮਨੁੱਖ ਨੂੰ ਕਦੀ ਡੋਲਣ ਨਹੀਂ ਦੇਂਦੀ।
ਮਲਕੀ ਜਿੰਨੀ ਸਰੀਰਕ ਤੌਰ 'ਤੇ ਨਰੋਈ ਸੀ ਉਤਨੀ ਹੀ ਉਹ ਅੰਦਰੋਂ ਮਜ਼ਬੂਤ ਸੀ, ਇਰਾਦੇ ਦੀ ਪੱਕੀ। ਉਹਨੇ ਆਪਣੇ ਮਨ ਨਾਲ਼ ਫ਼ੈਸਲਾ ਕਰ ਲਿਆ ਕਿ ਉਹ ਰਾਜੇ ਦੇ ਦਰਬਾਰ ਵਿਚ ਜਾ ਕੇ ਫਰਿਆਦ ਕਰੇਗੀ...।
ਮਲਕੀ ਨੇ ਗੇਰੂਏ ਬਸਤਰ ਪਹਿਨ ਕੇ ਸਾਧਣੀ ਦਾ ਰੂਪ ਧਾਰ ਲਿਆ। ਮੂੰਹ 'ਤੇ ਭਬੂਤੀ ਮਲ ਲਈ। ਗਲ਼ ਵਿਚ ਮਾਲ਼ਾ, ਮੋਢੇ ਤੇ ਬਗਲ਼ੀ ਤੇ ਹੱਥ ਵਿਚ ਕਾਸਾ ਫੜ ਕੇ ਉਹ ਦਿੱਲੀ ਨੂੰ ਤੁਰ ਪਈ... ਜਿਧਰ ਜਿਧਰ ਦਰੀਏ ਦਾ ਕਾਫ਼ਲਾ ਜਾ ਰਿਹਾ ਸੀ, ਓਧਰ ਓਧਰ ਉਨ੍ਹਾਂ ਦੀ ਪੈੜ ਦੱਬਦੀ ਉਹ ਉਨ੍ਹਾਂ ਦੇ ਪਿੱਛੇ ਤੁਰੀ ਜਾ ਰਹੀ ਸੀ...। ਸੈਂਕੜੇ ਕੋਹਾਂ ਦਾ ਲੰਬਾ ਤੇ ਬਿਖੜਾ ਪੈਂਡਾ... ਬੇਗਾਨੇ ਲੋਕ, ਬੇਗਾਨੀ ਧਰਤੀ... ਪੈਰਾਂ ਵਿਚ ਬਿਆਈਆਂ ਫਟ ਗਈਆਂ... ਮਲੂਕੜੇ ਪੈਰਾਂ ਵਿਚੋਂ ਲਹੂ ਸਿੰਮ ਰਿਹਾ ਸੀ, ਪਰੰਤੂ ਉਸ ਦੇ ਆਤਮ ਵਿਸ਼ਵਾਸ ਨੇ ਉਹਨੂੰ ਥਿੜਕਣ ਨਹੀਂ ਸੀ ਦਿੱਤਾ। ਰਾਹ ਦੀਆਂ ਦੁਸ਼ਵਾਰੀਆਂ ਨੂੰ ਉਹ ਖਿੜੇ ਮੱਥੇ ਸਰ ਕਰ ਰਹੀ ਸੀ...। ਉਹਦਾ ਨੂਰਾਨੀ ਚਿਹਰਾ ਦਗ਼-ਦਗ਼ ਪਿਆ ਕਰਦਾ ਸੀ।
ਵਾਟਾਂ ਕੱਛਦਾ ਦਰੀਏ ਦਾ ਕਾਫ਼ਲਾ ਕੁਰੂਕਸ਼ੇਤਰ ਦੀ ਧਰਤੀ 'ਤੇ ਥਾਨੇਸਰ ਦੇ ਪੜਾਅ 'ਤੇ ਜਾ ਪੁੱਜਾ...। ਮਲਕੀ ਵੀ ਮਗਰੇ ਪਹੁੰਚ ਗਈ। ਉਹਨੇ ਭਿੱਛਿਆ ਮੰਗਣ ਲਈ ਇਕ ਮਹਿਲ ਅੱਗੇ ਜਾ ਅਲਖ ਜਗਾਈ। ਦੇਵਨੇਤ ਨਾਲ਼ ਇਹ ਮਹਿਲ ਅਕਬਰ ਦੀ ਰਾਜਪੂਤ ਰਾਣੀ ਦੀ ਧੀ ਜਮਨਾ ਦਾ ਸੀ। ਭਿੱਛਿਆ ਪਾਉਣ ਆਈ ਜਮਨਾ ਦੀ ਗੋਲੀ ਪਾਸੋਂ ਭਰ ਜੋਬਨ ਮੁਟਿਆਰ ਜੋਗਣ ਦੀ ਤਰਸਯੋਗ ਹਾਲਤ ਝੱਲੀ ਨਾ ਗਈ। ਉਹ ਮਲਕੀ ਨੂੰ ਆਪਣੀ ਰਾਣੀ ਜਮਨਾ ਦੇ ਕੋਲ਼ ਲੈ ਗਈ। ਮਲਕੀ ਦੀ ਸੂਰਤ ਵੇਖ ਕੇ ਜਮਨਾ ਦੇ ਮਨ ਵਿਚ ਸੁੱਤੀ ਵੇਦਨਾ ਜਾਗ ਪਈ। ਉਹਨੂੰ ਇੰਜ ਜਾਪਿਆ ਜਿਵੇਂ ਉਹ ਉਹਦੀ ਨਿੱਕੀ ਭੈਣ ਹੋਵੇ- ਦੁੱਖਾਂ ਨਾਲ਼ ਭੰਨੀ ਹੋਈ...। ਤਰਸ ਭਰੀਆਂ ਨਜ਼ਰਾਂ ਨਾਲ਼ ਨਿਹਾਦਰੀ ਹੋਈ ਜਮਨਾ ਨੇ ਉਹਨੂੰ ਆਪਣੀ ਵੇਦਨਾ ਸੁਣਾਉਣ ਲਈ ਆਖਿਆ। ਮਲਕੀ ਨੇ ਬਿਨਾਂ ਕਿਸੇ ਸੰਕੋਚ ਤੋਂ ਸਾਰੀ ਵਿੱਥਿਆ ਸੁਣਾ ਦਿੱਤੀ ਤੇ ਇਹ ਵੀ ਦੱਸ ਦਿੱਤਾ ਕਿ ਉਹਦਾ ਚਾਚਾ ਦਰੀਆ ਉਸ ਨੂੰ ਬਾਦਸ਼ਾਹ ਅਕਬਰ ਨਾਲ਼ ਪਰਨਾਉਣਾ ਚਾਹੁੰਦਾ ਹੈ, ਜਿਸ ਕਰਕੇ ਉਹ ਉਹਦੇ ਬਾਪ, ਭਰਾਵਾਂ ਅਤੇ ਉਹਦੇ ਪਤੀ ਨੂੰ ਬੰਦੀ ਬਣਾ ਕੇ ਲਿਆਇਆ ਹੈ।
ਜਮਨਾ ਆਪਣੇ ਬੁੱਢੇ ਬਾਪ ਦੇ ਸ਼ੌਕਾਂ ਤੋਂ ਭਲੀ ਪ੍ਰਕਾਰ ਜਾਣੂ ਸੀ... ਸ਼ਹਿਜ਼ਾਦਾ ਸਲੀਮ ਦੀ ਮਹਿਬੂਬਾ ਅਨਾਰਕਲੀ ਨੂੰ ਅਕਬਰ ਨੇ ਮਰਵਾ ਦਿੱਤਾ ਸੀ, ਕਿਉਂਕਿ ਉਹ ਉਸ ਦੀ ਰਖੇਲ ਨਹੀਂ ਸੀ ਬਣੀ। ਜਮਨਾ ਆਪਣੀ ਬੁੱਢੀ ਮਾਂ ਲਈ ਨਵੀਂ ਸੌਂਕਣ ਕਿਵੇਂ ਬਰਦਾਸ਼ਤ ਕਰ ਸਕਦੀ ਸੀ। ਦਰੀਏ ਦੀ ਇਹ ਕਰਤੂਤ ਸੁਣ ਕੇ ਉਹ ਗੁੱਸੇ ਨਾਲ਼ ਲਾਲ-ਪੀਲੀ ਹੋ ਗਈ ਤੇ ਦਰੀਏ ਨੂੰ ਤੁਰੰਤ ਆਪਣੇ ਮਹਿਲੀਂ ਬੁਲਾ ਕੇ ਬੰਦੀਆਂ ਨੂੰ ਰਿਹਾਅ ਕਰਨ ਦਾ ਹੁਕਮ ਸੁਣਾ ਦਿੱਤਾ। ਮਲਕੀ ਨੂੰ ਉਸ ਨੇ ਆਪਣੇ ਕੋਲ਼ ਹੀ ਰੱਖ ਲਿਆ ਤੇ ਇਹ ਵਿਸ਼ਵਾਸ ਦਿਵਾਇਆ ਕਿ ਉਸ ਨੂੰ ਬਾਦਸ਼ਾਹ ਅਕਬਰ ਵਲੋਂ ਪੂਰਾ ਇਨਸਾਫ਼ ਮਿਲੇਗਾ।
ਦਰੀਏ ਦਾ ਨਿਸ਼ਾਨਾ ਤਾਂ ਅਕਬਰ ਦੇ ਦਰਬਾਰ ਵਿਚ ਉੱਚ ਪਦਵੀ ਪ੍ਰਾਪਤ ਕਰਨ ਦਾ ਸੀ...। ਉਹਦੇ ਲਈ ਅਕਬਰ ਦੀਆਂ ਨਜ਼ਰਾਂ ਵਿਚ ਬਾਗ਼ੀ ਦਰਸਾਏ ਗਏ ਬੰਦੀਆਂ ਲਈ ਉਹਦੀ ਧੀ ਦਾ ਹੁਕਮ ਮੰਨਣਾ ਜ਼ਰੂਰੀ ਨਹੀਂ ਸੀ। ਇਸ ਲਈ ਉਹ ਰਾਤੋ-ਰਾਤ ਅਗਾਂਹ ਤੁਰ ਗਏ।
ਅਗਲੀ ਸਵੇਰ ਜਮਨਾ ਨੂੰ ਕੈਦੀਆਂ ਦੇ ਅਗਾਂਹ ਤੋਰੇ ਜਾਣ ਦੀ ਖ਼ਬਰ ਮਿਲ ਗਈ। ਉਹਦਾ ਗੁੱਸਾ ਹੋਰ ਪ੍ਰਚੰਡ ਹੋ ਗਿਆ...। ਉਹਨੇ ਦਰੀਏ ਨੂੰ ਉਹਦੀ ਕਮੀਨਗੀ ਅਤੇ ਉਹਦਾ ਹੁਕਮ ਨਾ ਮੰਨਣ ਦਾ ਮਜ਼ਾ ਚਖਾਉਣ ਦਾ ਫ਼ੈਸਲਾ ਕਰ ਲਿਆ। ਉਹਨੇ ਮਲਕੀ ਦਾ ਫ਼ਕੀਰੀ ਭੇਸ ਉਤਰਵਾ ਦਿੱਤਾ ਤੇ ਨਵੇਂ ਨਕੋਰ ਵਸਤਰ ਪਹਿਨਾ ਕੇ ਆਪਣੇ ਨਾਲ਼ ਲੈ ਕੇ ਦਿੱਲੀ ਨੂੰ ਤੁਰ ਪਈ।
ਜਮਨਾ ਸਿੱਧੀ ਆਪਣੀ ਮਾਂ ਦੇ ਮਹਿਲ ਵਿਚ ਗਈ। ਉਸ ਨੂੰ ਦਰੀਏ ਦੀ ਸਾਜ਼ਿਸ਼ ਤੋਂ ਜਾਣੂੰ ਕਰਵਾਇਆ। ਰਾਣੀ ਇਹ ਸੁਣ ਕੇ ਸਿਰ ਤੋਂ ਪੈਰਾਂ ਤਕ ਝੰਜੋੜੀ ਗਈ। ਉਹਦੀ ਧੀ ਤੋਂ ਵੀ ਘੱਟ ਉਮਰ ਦੀ ਮਲਕੀ ਨੂੰ ਸੌਂਕਣ ਦੇ ਰੂਪ ਵਿਚ ਚਿਤਵ ਕੇ ਉਹ ਕੰਬ ਗਈ।
ਹਨ੍ਹੇਰਾ ਗੂੜ੍ਹਾ ਹੋਇਆ। ਬਾਦਸ਼ਾਹ ਅਕਬਰ ਆਪਣੇ ਦਰਬਾਰ ਵਿਚੋਂ ਵਿਹਲਾ ਹੋ ਕੇ ਆਪਣੀ ਮਨਮੋਹਨੀ ਰਾਣੀ ਦੇ ਮਹਿਲ ਵਿਚ ਆਇਆ ਤਾਂ ਸਾਰੇ ਦੀਵੇ ਗੁਲ ਹੋਏ ਪਏ ਸਨ ਤੇ ਰਾਣੀ ਖਨਪੱਟੀ ਲਈ ਪਈ ਹੋਈ ਸੀ। ਅੱਜ ਪਹਿਲੀ ਵਾਰ ਸੀ ਜਦੋਂ ਰਾਣੀ ਨੇ ਉਸ ਨਾਲ਼ ਅਜਿਹਾ ਵਰਤਾਓ ਕੀਤਾ ਸੀ। "ਉਸ ਕੋਲੋਂ ਕਿਹੜੀ ਅਵੱਗਿਆ ਹੋ ਗਈ ਸੀ, ਜਿਸ ਕਾਰਨ ਰਾਣੀ ਨੇ ਮੂੰਹ ਸੁਜਾਇਆ ਹੋਇਆ ਹੈ...।" ਰਾਜੇ ਨੇ ਸੋਚਿਆ ਤੇ ਰਾਣੀ ਦੀ ਠੋਡੀ ਫੜ ਕੇ ਉਹਦਾ ਮੂੰਹ ਉਤਾਂਹ ਨੂੰ ਚੁੱਕਿਆ। ਰਾਜੇ ਨੇ ਵੇਖਿਆ ਰਾਣੀ ਦੀਆਂ ਅੱਖਾਂ ਵਿਚੋਂ ਤ੍ਰਿਪ-ਤ੍ਰਿਪ ਹੰਝੂ ਕਿਰ ਰਹੇ ਸਨ।
ਹੰਝੂ ਤਾਂ ਪੱਥਰ ਦਿਲਾਂ ਨੂੰ ਵੀ ਪਿਘਲਾ ਦੇਂਦੇ ਨੇ, ਅਕਬਰ ਕੀਹਦੇ ਪਾਣੀ ਹਾਰ ਸੀ...। ਉਹਨੇ ਝੱਟ ਦੇਣੇ ਰਾਣੀ ਨੂੰ ਆਪਣੀ ਬੁੱਕਲ ਵਿਚ ਘੁਟਦਿਆਂ ਕਿਹਾ, "ਮੇਰੀ ਜਾਨ, ਕੋਈ ਗੱਲ ਵੀ ਤਾਂ ਦੱਸੋ, ਕਿਹੜੀ ਗੱਲੋਂ ਸੋਹਣਿਆਂ ਨੇ ਅੱਖਾਂ ਸਜਾਈਆਂ ਨੇ।"
"ਰਾਜਨ!" ਰਾਣੀ ਗਲ਼ਾ ਸਾਫ਼ ਕਰਦਿਆਂ ਬੋਲੀ, "ਤੁਸੀਂ ਤੇ ਅਦਲੀ ਰਾਜਾ ਅਖਵਾਉਂਦੇ ਓ... ਤੁਹਾਡੇ ਇਨਸਾਫ਼ ਦੀਆਂ ਧੁੰਮਾਂ ਚਾਰੇ ਪਾਸੇ ਜਗ ਰੌਸ਼ਨ ਨੇ। ਮੇਰੇ ਪਾਸੋਂ ਕਿਹੜੀ ਖੁਨਾਮੀ ਹੋ ਗਈ ਹੈ ਜੋ ਤੁਸੀਂ ਇਕ ਨਵੀਂ ਸੌਂਕਣ ਲਿਆ ਕੇ ਮੈਨੂੰ ਸਜ਼ਾ ਦੇ ਰਹੇ ਹੋ?"
"ਰਾਣੀ ਕੀ ਬੁਝਾਰਤਾਂ ਪਾ ਰਹੀ ਏਂ, ਸਪੱਸ਼ਟ ਗੱਲ ਕਰ।" ਅਕਬਰ ਬੋਲਿਆ।
ਰਾਣੀ ਅਕਬਰ ਦੀ ਨਬਜ਼ ਨੂੰ ਬਾਖ਼ੂਬੀ ਪਛਾਣਦੀ ਸੀ। ਉਹ ਉਹਦੇ ਪੂਰੇ ਪ੍ਰਭਾਵ ਥੱਲੇ ਸੀ... ਬੋਲੀ, "ਰਾਜਨ ਮੈਂ ਰਾਜਪੂਤ ਜੱਟਾਂ ਦੀ ਧੀ ਆਂ। ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਜੱਟ ਜ਼ਿਮੀਦਾਰ ਜਾਇਦਾਦ ਪਿਛੇ ਆਪਣੇ ਸਕੇ ਭਰਾਵਾਂ ਨੂੰ ਵੱਢਣ ਲੱਗੇ ਭੋਰਾ ਕਿਰਕ ਨੀ ਕਰਦੇ। ਮੇਰੇ ਭੋਲੇ ਪਾਤਸ਼ਾਹ ਤੁਹਾਨੂੰ ਪਤੈ ਤੁਹਾਡੇ ਦਰਬਾਰ ਦਾ ਸੂਬੇਦਾਰ ਦਰੀਆ ਆਪਣੇ ਵੱਡੇ ਭਰਾ ਰਾਏ ਮੁਬਾਰਕ ਦੀ ਜਾਇਦਾਦ ਨੂੰ ਹੜੱਪਣ ਤੇ ਉਹਦੀ ਲੰਬਰਦਾਰੀ ਹਥਿਆਉਣ ਖ਼ਾਤਰ ਉਨ੍ਹਾਂ 'ਤੇ ਰਾਜ ਦਰਬਾਰ ਵਿਰੁੱਧ ਬਗ਼ਾਵਤ ਕਰਨ ਦਾ ਝੂਠਾ ਇਲਜ਼ਾਮ ਲਾ ਕੇ ਉਹਨੂੰ ਤੇ ਉਹਦੇ ਦੋਹਾਂ ਪੁੱਤਰਾਂ ਨੂੰ ਬੰਦੀ ਬਣਾ ਲਿਆਇਐ ਤੇ ਤੁਹਾਡੇ ਦਰਬਾਰ 'ਚ ਉੱਚਾ ਰੁਤਬਾ ਲੈਣ ਖ਼ਾਤਰ ਆਪਣੀ ਧੀਆਂ ਵਰਗੀ ਭਤੀਜੀ ਮਲਕੀ ਨੂੰ ਤੁਹਾਡੇ ਹਰਮ ਵਿਚ ਸ਼ਾਮਲ ਕਰ ਕੇ ਮੇਰੀ ਸੌਂਕਣ ਬਣਾਉਣ ਦੀ ਵਿਉਂਤ ਬਣਾ ਕੇ ਉਹਦੇ ਪਤੀ ਕੀਮੇ ਨੂੰ ਵੀ ਫੜ ਲਿਐ।"
ਰਾਣੀ ਦੇ ਬੋਲਣ ਦਾ ਅੰਦਾਜ਼ ਹੀ ਅਜਿਹਾ ਸੀ ਕਿ ਅਕਬਰ ਦੀ ਆਤਮਾ ਟੁੱਬੀ ਗਈ ਤੇ ਉਹ ਧੁਰ ਅੰਦਰ ਤਕ ਝੰਜੋੜਿਆ ਗਿਆ।
ਅਗਲੀ ਸਵੇਰ ਅਕਬਰ ਨੇ ਦਰੀਏ ਨੂੰ ਬੰਦੀਆਂ ਸਮੇਤ ਰਾਜ ਦਰਬਾਰ ਵਿਚ ਹਾਜ਼ਰ ਹੋਣ ਦਾ ਹੁਕਮ ਸੁਣਾ ਦਿੱਤਾ।
ਬੰਦੀਆਂ ਸਮੇਤ ਦਰੀਆ ਹਾਜ਼ਰ ਹੋ ਗਿਆ। ਰਾਜੇ ਨੇ ਉਹਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਿਆ- ਕਮੀਨਗੀ ਦੇ ਡੋਰੇ ਉਹਦੀਆਂ ਅੱਖਾਂ ਵਿਚ ਸਾਫ਼ ਝਲਕ ਰਹੇ ਸਨ।
ਅਕਬਰ ਨੇ ਬੰਦੀਆਂ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ ਅਤੇ ਦਰੀਏ ਨੂੰ ਰਾਜ ਦਰਬਾਰ ਨਾਲ਼ ਧੋਖਾਦੇਹੀ ਕਰਨ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਸੁਣਾ ਦਿੱਤੀ।
ਮਲਕੀ ਜਮਨਾ ਤੇ ਉਹਦੀ ਮਾਂ ਰਾਣੀ ਦਾ ਲੱਖ-ਲੱਖ ਸ਼ੁਕਰ ਅਦਾ ਕਰ ਰਹੀ ਸੀ, ਜਿਨ੍ਹਾਂ ਦੇ ਯਤਨਾਂ ਸਦਕਾ ਉਹਦੇ ਸਿਰ ਦੇ ਸਾਈਂ ਕੀਮੇ, ਬਾਪ ਅਤੇ ਭਰਾਵਾਂ ਦੀ ਬੰਦ ਖਲਾਸੀ ਹੋਈ ਸੀ।
ਜਮਨਾ ਸਾਰਿਆਂ ਨੂੰ ਆਪਣੇ ਨਾਲ਼ ਥਾਨੇਸਰ ਲੈ ਗਈ। ਜਮਨਾ ਦੇ ਮਹਿਲ ਦੀ ਛੱਤ ਉਤੇ ਚੰਦ ਚਾਂਦਨੀ ਰਾਤ ਵਿਚ ਕੀਮਾ ਤੇ ਮਲਕੀ ਇੰਜ ਮਿਲੇ ਜਿਵੇਂ ਔੜਾਂ ਮਾਰੀ ਧਰਤੀ ਨੂੰ ਬਾਰਸ਼ ਦੀਆਂ ਬੂੰਦਾਂ ਮਿਲਦੀਆਂ ਹਨ...। ਦੋਨੋਂ ਇਕ-ਦੂਜੇ 'ਚ ਲੀਨ ਹੋਏ ਖਿੜੀ ਚਾਨਣੀ ਦਾ ਆਨੰਦ ਮਾਣਦੇ ਰਹੇ ਤੇ ਅਗਲੀ ਭਲਕ ਉਹ ਜਮਨਾ ਦਾ ਧੰਨਵਾਦ ਕਰਦੇ ਹੋਏ ਗੜ੍ਹ ਮੁਗਲਾਣੇ ਨੂੰ ਤੁਰ ਪਏ। ਸਾਰੇ ਵਾਤਾਵਰਣ ਵਿਚ ਮੁਹੱਬਤ, ਕੁਰਬਾਨੀ ਅਤੇ ਵਫ਼ਾ ਦੀ ਸੁਗੰਧੀ ਮਹਿਕਾਂ ਵੰਡ ਰਹੀ ਸੀ...। ਜਮਨਾ ਆਪਣੇ ਮਹਿਲ ਦੀ ਛੱਤ 'ਤੇ ਖੜ੍ਹੀ ਆਪਣੇ ਮੁਹੱਬਤੀ ਮਹਿਮਾਨਾਂ ਨੂੰ ਜਾਂਦਿਆਂ ਵੇਖ ਰਹੀ ਸੀ...। ਉਹਦੇ ਨੈਣਾਂ 'ਚੋਂ ਅਣੋਖੀ ਖ਼ੁਸ਼ੀ ਦੇ ਹੰਝੂ ਟਪਕ ਰਹੇ ਸਨ।

.