ਸਮੱਗਰੀ 'ਤੇ ਜਾਓ

ਜਿਨ੍ਹਾਂ ਵਣਜ ਦਿਲਾਂ ਦੇ ਕੀਤੇ/ਹੀਰ ਰਾਂਝਾ

ਵਿਕੀਸਰੋਤ ਤੋਂ

ਹੀਰ ਰਾਂਝਾ

ਪੰਦਰਵੀਂ-ਸੋਲ੍ਹਵੀਂ ਸਦੀ ਵਿਚ ਪਾਕਿਸਤਾਨ ਸਥਿਤ ਝੰਗ ਦੇ ਇਲਾਕੇ ਵਿਚ ਵਾਪਰੀ 'ਹੀਰ ਰਾਂਝੇ' ਦੀ ਲੋਕ ਗਾਥਾ ਨੇ ਪੰਜਾਬੀਆਂ ਦੇ ਦਿਲਾਂ 'ਤੇ ਇਕ ਅਮਿੱਟ ਛਾਪ ਲਾ ਦਿੱਤੀ ਹੈ। ਪੰਜਾਬ ਦੇ ਕਣ-ਕਣ ਵਿਚ ਇਹ ਪ੍ਰੀਤ ਕਹਾਣੀ ਰਮੀ ਹੋਈ ਹੈ ਜਿਸ ਨੂੰ ਅੱਜ ਵੀ ਪੰਜਾਬ ਦਾ ਲੋਕ ਮਾਨਸ ਬੜੀਆਂ ਲਟਕਾਂ ਨਾਲ਼ ਗਾ ਕੇ ਅਗੰਮੀ ਖ਼ੁਸ਼ੀ ਪ੍ਰਾਪਤ ਕਰਦਾ ਹੈ।
ਧੀਦੋ ਅਜੇ ਨਿੱਕਾ ਹੀ ਸੀ ਜਦੋਂ ਉਹਦੀ ਮਾਂ ਮਰ ਗਈ। ਉਹਦਾ ਬਾਪ ਮੌਜੂ ਤਖ਼ਤ ਹਜ਼ਾਰੇ ਦਾ ਚੌਧਰੀ ਸੀ। ਚੰਗਾ ਖਾਂਦਾ ਪੀਂਦਾ ਘਰ ਸੀ। ਸਾਰੇ ਇਲਾਕੇ ਵਿਚ ਮੌਜੂ ਚੌਧਰੀ ਦੀ ਇੱਜ਼ਤ ਬਣੀ ਹੋਈ ਸੀ। ਜਾਤ ਦਾ ਮੁਸਲਮਾਨ ਸੀ ਤੇ ਰਾਂਝਾ ਉਨ੍ਹਾਂ ਦਾ ਗੋਤ ਸੀ। ਉਹਦੇ ਘਰ ਅੱਠ ਪੁੱਤਰ ਹੋਏ, ਧੀਦੋ ਉਹਦਾ ਸਭ ਤੋਂ ਛੋਟਾ ਅਤੇ ਪਿਆਰਾ ਪੁੱਤਰ ਸੀ। ਮੌਜੂ ਨੇ ਮਾਂ ਮਹਿਟਰ ਧੀਦੋ ਨੂੰ ਬੜਿਆਂ ਲਾਡਾਂ ਮਲ੍ਹਾਰਾਂ ਨਾਲ਼ ਪਾਲਿਆ। ਧੀਦੋ ਮਸਾਂ ਸੋਲ੍ਹਾਂ-ਸਤਾਰਾਂ ਵਰ੍ਹਿਆਂ ਦਾ ਹੋਇਆ ਸੀ ਕਿ ਮੌਜੂ ਦੀ ਮੌਤ ਹੋ ਗਈ। ਮਗਰੋਂ ਉਹਦੇ ਭਰਾਵਾਂ ਨੇ ਭੌਂ-ਵੰਡ ਲਈ, ਚੰਗੀ ਚੰਗੀ ਆਪ ਰੱਖ ਲਈ ਅਤੇ ਕੱਲਰ ਤੇ ਮਾਰੂ ਜ਼ਮੀਨ ਧੀਦੋ ਦੇ ਹਿੱਸੇ ਪਾ ਦਿੱਤੀ। ਲਾਡਲਾ ਅਤੇ ਛੈਲ ਛਬੀਲਾ ਧੀਦੋ ਭਲਾ ਕੰਮ ਕਿੱਥੋਂ ਕਰਦਾ। ਉਹ ਆਪਣੇ ਪੱਟਾਂ ਨੂੰ ਲਸ਼ਕਾਈ, ਬੋਦੇ ਵਾਹੀ, ਹੱਥ ਵਿਚ ਵੰਝਲੀ ਲਈ ਸਾਰਾ ਸਾਰਾ ਦਿਨ ਪਿੰਡ ਦੀਆਂ ਗਲ਼ੀਆਂ ਵਿਚ ਫਿਰ ਤੁਰ ਛੱਡਦਾ ਜਾਂ ਸੋਹਣੀਆਂ ਤ੍ਰੀਮਤਾਂ ਨਾਲ਼ ਜਕੜਾਂ ਮਾਰ ਲੈਂਦਾ। ਜਦੋਂ ਉਹ ਘਰ ਆ ਕੇ ਰੋਟੀ ਖਾਣ ਲੱਗਦਾ ਤਾਂ ਉਹਦੀਆਂ ਭਾਬੀਆਂ ਉਹਨੂੰ ਕੰਮ ਨਾ ਕਰਨ ਕਾਰਨ ਵੱਢਣ ਖਾਣ ਨੂੰ ਪੈਂਦੀਆਂ। ਇਕ ਦਿਨ ਉਹਦੇ ਤੋਂ ਸਤੀ ਹੋਈ ਭਾਬੀ ਨੇ ਮਿਹਣਾ ਮਾਰਿਆ, "ਵੇ ਕਿਧਰੋਂ ਆ ਗਿਐਂ ਰੋਟੀਆਂ ਦੇ ਨੁਕਸ ਪਰਖਣ ਵਾਲਾ। ਸਾਥੋਂ ਨੀ ਨਿੱਤ ਤੇਰੇ ਨਹੋਰੇ ਝੱਲੇ ਜਾਂਦੇ। ਹਰ ਗੱਲ ਨੂੰ ਨੱਕ ਬੁੱਲ੍ਹ ਮਾਰਦਾ ਰਹਿੰਨੈ। ਕੱਖ ਭੰਨ ਕੇ ਦੂਹਰਾ ਨੀ ਕਰਦਾ ਉਤੋਂ ਆ ਜਾਂਦੈ ਧੌਂਸ ਦਖਾਉਣ। ਵੇ ਵੇਖ ਲਵਾਂਗੇ ਵੱਡੇ ਨਾਢੂ ਖਾਨ ਨੂੰ ਜਦੋਂ ਸਿਆਲਾਂ ਦੀ ਹੀਰ ਪਰਨਾ ਲਿਆਵੇਂਗਾ।"
ਭਾਬੀ ਦੀ ਇਸ ਬੋਲੀ ਨਾਲ਼ ਧੀਦੋ ਤੜਪ ਉੱਠਿਆ। ਰੋਟੀ ਉਸ ਪਰ੍ਹੇ ਵਗਾਹ ਮਾਰੀ। ਸਤਾਰਾਂ ਅਠਾਰਾਂ ਵਰ੍ਹੇ ਦੇ ਲਡਿਕੇ ਧੀਦੋ ਦੀ ਅਣਖ ਜਾਗ ਪਈ। ਉਹਨੇ ਅੰਦਰੋਂ ਕਪੜਿਆਂ ਦੀ ਇਕ ਪੋਟਲੀ ਕੱਢੀ ਅਤੇ ਵੰਝਲੀ ਕੱਛੇ ਮਾਰ ਪਿੰਡੋਂ ਨਿਕਲ ਤੁਰਿਆ। ਉਹ ਕਿਧਰ ਨੂੰ ਜਾ ਰਿਹਾ ਸੀ, ਉਹ ਆਪ ਨਹੀਂ ਸੀ ਜਾਣਦਾ। ਭਾਬੀਆਂ ਦੇ ਤਾਹਨੇ ਉਹਨੂੰ ਸੁਣਦੇ ਪਏ ਸਨ ਤੇ ਹੀਰ ਦੀ ਧੁੰਦਲੀ ਤਸਵੀਰ ਉਹਦੇ ਮਨ ਵਿਚ ਉਕਰੀ ਜਾ ਰਹੀ ਸੀ...
ਧੀਦੋ ਆਪਣੇ ਵਿਚਾਰਾਂ ਵਿਚ ਮਗਨ ਟੁਰਦਾ ਰਿਹਾ, ਟੁਰਦਾ ਰਿਹਾ। ਆਪਣੀ ਮਾਂ ਦੀ ਅਣਪਛਾਤੀ ਜਿਹੀ ਯਾਦ ਉਹਨੂੰ ਆਈ, ਉਹਦੀਆਂ ਅੱਖਾਂ ਵਿਚੋਂ ਮਮਤਾ ਦੇ ਅੱਥਰੂ ਵਗ ਟੁਰੇ। ਮੌਜੂ ਦੀ ਜਾਣੀ ਪਛਾਣੀ ਤਸਵੀਰ ਉਹਦੇ ਨੈਣਾਂ ਵਿਚ ਉਤਰੀ, ਉਹਦੇ ਕਲੇਜੇ ਵਿਚੋਂ ਰੁਗ ਭਰਿਆ ਗਿਆ। ਉਹਦੇ ਭਰਾਵਾਂ ਅਤੇ ਭਾਬੀਆਂ ਦੀਆਂ ਸ਼ਕਲਾਂ ਉਹਦੇ ਸਾਹਮਣੇ ਆਈਆਂ, ਉਹਨੇ ਕੌੜਾ ਘੁਟ ਭਰਿਆ। ਅਣਵੇਖੀ ਹੀਰ ਸਲੇਟੀ ਦਾ ਉਹਨੂੰ ਖ਼ਿਆਲ ਆਇਆ- ਉਹਦੇ ਪੈਰਾਂ ਵਿਚ ਹੋਰ ਤੇਜ਼ੀ ਆ ਗਈ। ਇਕ ਅਨੂਠੀ ਮੁਸਕਾਨ ਉਹਦੇ ਬੁਲ੍ਹਾਂ 'ਤੇ ਨੱਚ ਪਈ ਤੇ ਉਹਨੇ ਵੰਝਲੀ ਦੀਆਂ ਮਿੱਠੀਆਂ ਸੁਰਾਂ ਛੇੜ ਦਿੱਤੀਆਂ।
ਸ਼ਾਮ ਨੂੰ ਧੀਦੋ ਤਖ਼ਤ ਹਜ਼ਾਰੇ ਤੋਂ ਵੀਹ ਪੰਝੀ ਮੀਲ ਦੀ ਵਾਟ 'ਤੇ ਲੰਗਰ ਮਖ਼ਤੂਮ ਨਾਮੀਂ ਪਿੰਡ ਵਿਚ ਪੁੱਜ ਗਿਆ। ਇਸੇ ਪਿੰਡ ਦੀ ਮਸੀਤ ਵਿਚ ਉਹਨੇ ਰਾਤ ਬਤੀਤ ਕੀਤੀ।
ਕੁੱਕੜ ਨੇ ਬਾਂਗ ਦਿੱਤੀ। ਧੀਦੋ ਉੱਠਿਆ, ਮਸੀਤ ਦੀ ਖੂਹੀ ਤੋਂ ਇਸ਼ਨਾਨ ਕੀਤਾ, ਆਪਣੇ ਆਪ ਨੂੰ ਰੀਝ ਨਾਲ਼ ਸੁਆਰਿਆ ਤੇ ਝੰਗ ਸਿਆਲ ਨੂੰ ਚਾਲੇ ਪਾ ਲਏ। ਉਹਦੀ ਮੰਜ਼ਲ ਹੁਣ ਹੀਰ ਦਾ ਪਿੰਡ ਸੀ। ਉਹ ਸਿਆਲੀਂ ਜਾ ਕੇ ਕੀ ਕਰੇਗਾ? ਹੀਰ ਨੂੰ ਕਿਵੇਂ ਮਿਲੇਗਾ? ਉਹ ਇਹ ਨਹੀਂ ਸੀ ਸੋਚ ਰਿਹਾ ਬਸ ਉਹ ਤਾਂ ਕੇਵਲ ਸਿਆਲਾਂ ਨੂੰ ਜਾ ਰਿਹਾ ਸੀ।
ਜਦੋਂ ਧੀਦੋ ਝਨਾਂ ਦੇ ਤ੍ਰਿਮੂੰ ਨਾਮੀ ਪੱਤਣ 'ਤੇ ਪੁੱਜਾ ਉਹ ਥੱਕ ਕੇ ਚੂਰ ਹੋ ਚੁੱਕਿਆ ਸੀ। ਉਰਲੇ ਕੰਢੇ ਤੋਂ ਪਾਰਲੇ ਕੰਢੇ ਵੱਲ ਬੇੜੀ ਤੈਰਦੀ ਜਾ ਰਹੀ ਸੀ। ਉਸ ਆਲ਼ੇ-ਦੁਆਲ਼ੇ ਨਜ਼ਰ ਮਾਰੀ, ਇਕ ਬੇੜੀ ਵਿਚ ਸਜੀਲਾ ਪਲੰਘ ਪਿਆ ਸੀ। ਉਹ ਮੁੜਦੀ ਬੇੜੀ ਦੀ ਉਡੀਕ ਕਰਨ ਲਈ ਉਸ ਸਜੀਲੇ ਪਲੰਘ 'ਤੇ ਇਕ ਪਲ ਲਈ ਬੈਠ ਗਿਆ, ਪਰੰਤੂ ਉਹਦੇ ਉਥੇ ਬੈਠਣ ਦੀ ਦੇਰ ਸੀ ਕਿ ਉਹਨੂੰ ਨੀਂਦ ਨੇ ਜ਼ੋਰ ਪਾ ਲਿਆ ਤੇ ਉਹ ਉਥੇ ਹੀ ਆਪਣੇ ਉੱਤੇ ਚਾਦਰ ਤਾਣ ਕੇ ਸੌਂ ਗਿਆ।
ਪੱਤਣ ਦਾ ਮਲਾਹ ਲੁੱਡਣ ਪਾਰਲੇ ਕੰਢੇ ਤੋਂ ਬੇੜੀ ਮੋੜ ਲਿਆਇਆ। ਉਹਨੂੰ ਇਹ ਨਹੀਂ ਸੀ ਪਤਾ ਕਿ ਕੋਈ ਸਜੀਲੇ ਪਲੰਘ 'ਤੇ ਸੁੱਤਾ ਪਿਆ ਹੈ। ਉਹ ਕੰਢੇ 'ਤੇ ਬੈਠ ਕੇ ਹੁੱਕਾ ਪੀਣ ਲੱਗਾ। ਉਹਦੀਆਂ ਦੋਨੋਂ ਤ੍ਰੀਮਤਾਂ ਵੀ ਉਹਦੇ ਪਾਸ ਆ ਕੇ ਬੈਠ ਗਈਆਂ। ਉਹ ਗੱਲਾਂ ਵਿਚ ਐਨਾ ਰੁਝ ਗਿਆ ਜਿਸ ਕਰਕੇ ਉਹ ਉਸ ਪਲੰਘ ਬਾਰੇ ਸੋਚ ਵੀ ਨਾ ਸਕਿਆ, ਜੀਹਦਾ ਉਹ ਆਪਣੀ ਜਿੰਦ ਨਾਲ਼ੋਂ ਵੀ ਵੱਧ ਖ਼ਿਆਲ ਰੱਖਦਾ ਸੀ। ਇਕ ਘੰਟਾ ਲੰਘ ਗਿਆ। ਮੁਸਾਫ਼ਰ ਘੂਕ ਸੁੱਤਾ ਪਿਆ ਸੀ। ਹਵਾ ਵਿਚੋਂ ਮਹਿਕ ਆਈ। ਲੁੱਡਣ ਨੇ ਉਠ ਕੇ ਵੇਖਿਆ- ਅੱਲੜ੍ਹ ਮੁਟਿਆਰਾਂ ਦੀ ਟੋਲੀ ਪੱਤਣ ਤੇ ਪੁੱਜ ਗਈ ਸੀ। ਉਹਨੇ ਬੇੜੀ ਵਲ ਨਿਗਾਹ ਮਾਰੀ। ਕਿਸੇ ਮੁਸਾਫ਼ਰ ਨੂੰ ਪਲੰਘ 'ਤੇ ਸੁੱਤਾ ਵੇਖ ਕੇ ਉਹਦਾ ਤ੍ਰਾਹ ਨਿਕਲ ਗਿਆ। ਪਰ ਹੁਣ ਕੀ ਕਰਦਾ? ਮੁਟਿਆਰਾਂ ਦੇ ਖ਼ੁਸ਼ੀਆਂ ਭਰੇ ਹਾਸਿਆਂ ਨਾਲ਼ ਪੱਤਣ ਦੀਆਂ 'ਵਾਵਾਂ ਵਿਚ ਸੁਗੰਧ ਖਿਲਰੀ ਪਈ ਸੀ। ਮੁਟਿਆਰਾਂ ਦੀ ਟੋਲੀ ਉਹਦੇ ਸਿਰ 'ਤੇ ਪੁੱਜ ਚੁੱਕੀ ਸੀ।
"ਵੇ ਲੁੱਡਣਾ! ਔਹ ਮੇਰੀ ਸੇਜ 'ਤੇ ਕਿਹੜਾ ਸੁੱਤਾ ਪਿਐ?" ਟੋਲੀ ਦੀ ਸਰਦਾਰ ਹੁਸ਼ਨਾਕ ਮੁਟਿਆਰ ਦੇ ਮੱਥੇ 'ਤੇ ਤਿਊੜੀ ਪਈ।
"ਬੀਬੀ, ਪਤਾ ਨੀ ਕਿਹੜਾ ਆ ਕੇ ਸੁਤੈ। ਮੈਂ ਵੀ ਹੁਣੇ ਵੇਖਿਐ।" ਲੁੱਡਣ ਨੇ ਦੋਨੋਂ ਹੱਥ ਜੋੜ ਕੇ ਕੰਬਦਿਆਂ-ਕੰਬਦਿਆਂ ਉੱਤਰ ਦਿੱਤਾ।
ਇਹ ਮੁਟਿਆਰ ਉਹਦੇ ਮਾਲਕ ਦੀ ਅਲਬੇਲੀ ਧੀ ਸੀ।
"ਬੁਢਿਆ ਤੂੰ ਦਾਈਆਂ ਕੋਲੋਂ ਢਿੱਡ ਲੁਕੋਨਾ ਏਂ, ਇਹ ਸਭ ਤੇਰੀ ਸ਼ਰਾਰਤ ਲਗਦੀ ਐ। ਤੂੰ ਉਹਤੋਂ ਮੇਰੀ ਸੇਜ 'ਤੇ ਸੌਣ ਦੇ ਪੈਸੇ ਬਟੋਰੇ ਹੋਣੇ ਨੇ। ਪਹਿਲਾਂ ਉਹਨੂੰ ਸੌਣ ਦਾ ਸੁਆਦ ਚਖਾ ਲਵਾਂ ਫੇਰ ਲੈਨੀ ਆਂ ਤੇਰੀ ਖ਼ਬਰ।" ਉਹ ਕੜਕਦੀ ਹੋਈ ਬੋਲੀ।
ਮੁਟਿਆਰ ਨੇ ਕੋਲ਼ ਪਈਆਂ ਤੂਤ ਦੀਆਂ ਛਟੀਆਂ ਵਿਚੋਂ ਇਕ ਹਰੀ ਛਮਕੀ ਚੁੱਕ ਲਈ ਤੇ ਚਾਦਰ ਤਾਣੀ ਪਏ ਮੁਸਾਫ਼ਰ ਦੁਆਲੇ ਹੋ ਗਈ।
"ਵੇ ਤੂੰ ਕਿਹੜੈਂ ਏਥੇ ਲੰਮੀਆਂ ਤਾਣੀ ਪਿਆ," ਉਹਨੇ ਛਮਕੀ ਦੀ ਹੁੱਜ ਮਾਰੀ ਪਰ ਉਹ ਘੂਕ ਸੁੱਤਾ ਪਿਆ ਸੀ।
ਮੁਟਿਆਰ ਦੀਆਂ ਗੁਲਾਬੀ ਗੱਲ੍ਹਾਂ ਗੁੱਸੇ ਨਾਲ਼ ਭਖ ਉੱਠੀਆਂ। ਉਹਨੇ ਸੁੱਤੇ ਪਏ ਮੁਸਾਫ਼ਰ ਦੇ ਤਿੰਨ ਚਾਰ ਛਮਕਾਂ ਜੜ ਦਿੱਤੀਆਂ। ਧੀਦੋ ਮੁਖ ਤੋਂ ਪੱਲਾ ਪਰੇ ਸਰਕਾਇਆ- ਅਮਸਾਨੀ ਚੰਦ ਦੀ ਖ਼ੂਬਸੂਰਤ ਟੁਕੜੀ ਧਰਤ 'ਤੇ ਉਤਰ ਪਈ। ਮੁਟਿਆਰ ਦੀਆਂ ਅੱਖਾਂ ਚੁੰਧਿਆ ਗਈਆਂ ਤੇ ਛਮਕੀ ਉਹਦੇ ਹੱਥ ਵਿਚੋਂ ਪਰ੍ਹੇ ਜਾ ਡਿੱਗੀ। ਮੁਸਾਫ਼ਰ ਮੁਸਕਰਾਂਦਾ ਬੋਲਿਆ, "ਮੁਟਿਆਰੇ ਕਿਉਂ ਰੁਕ ਗਈ ਏਂ। ਇਹੋ ਜਿਹੀਆਂ ਛਮਕਾਂ ਤਾਂ ਰੱਬ ਨਿੱਤ ਮਰਵਾਵੇ।"
ਮੁਟਿਆਰ ਸ਼ਰਮਾ ਗਈ। ਮੁਟਿਆਰ ਦੇ ਬਾਂਕੇ ਸਰੀਰ ਨੇ ਧੀਦੋ 'ਤੇ ਕੋਈ ਜਾਦੂ ਧੂੜ ਦਿੱਤਾ। ਧੀਦੋ ਦੀ ਮਨਮੋਹਣੀ ਸੂਰਤ ਮੁਟਿਆਰ ਦੇ ਧੁਰ ਅੰਦਰ ਲਹਿ ਗਈ।
"ਮੈਂ ਰਾਹੀ ਆਂ ਮੁਟਿਆਰੇ, ਬੜੀ ਦੂਰੋਂ ਆਇਆਂ ਤਖ਼ਤ ਹਜ਼ਾਰੇ ਤੋਂ। ਮੇਰਾ ਨਾਂ ਧੀਦੋ ਰਾਂਝਾ ਏ। ਮੇਰਾ ਭਾਈਆ ਮੌਜੂ ਚੌਧਰੀ ਸੀ, ਉਹ ਮਰ ਗਿਆ ਏ। ਮਗਰੋਂ ਮੇਰੇ ਭਰਾਵਾਂ ਨੇ ਮੇਰੇ ਨਾਲ਼ ਧੋਖਾ ਕੀਤਾ ਏ ਤੇ ਮੈਂ ਘਰੋਂ ਨਸ ਆਇਆਂ। ਮੈਂ ਝੰਗ ਸਿਆਲੀਂ ਹੀਰ ਸਲੇਟੀ ਦੇ ਦੀਦਾਰ ਲਈ ਚੱਲਿਆਂ। ਕਹਿੰਦੇ ਨੇ ਬੜੀ ਹੁਸ਼ਨਾਕ ਏ। ਮੁਟਿਆਰੇ ਤੂੰ ਹੀ ਉਹਦਾ ਕੋਈ ਥਹੁ ਪਤਾ ਦਸ।" ਧੀਦੋ ਰਾਂਝੇ ਨੇ ਬਿਨਾਂ ਲਕੋ ਦੇ ਸਾਰੀ ਗੱਲ ਸਪੱਸ਼ਟ ਕਰ ਦਿੱਤੀ।
ਇਹ ਸੁਣ ਸਾਰੀਆਂ ਮੁਟਿਆਰਾਂ ਤਾੜੀ ਮਾਰ ਕੇ ਹੱਸ ਪਈਆਂ। 'ਵਾਵਾਂ ਵਿਚ ਕੇਸਰ ਘੁਲ ਗਏ। ਰਾਂਝੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕਿਹੋ ਜਹੀ ਗੱਲ ਆਖ ਬੈਠਾ ਹੈ ਜੀਹਦੇ ਕਾਰਨ ਸਾਰੀਆਂ ਮੁਟਿਆਰਾਂ ਹੱਸ ਹੱਸ ਦੂਹਰੀਆਂ ਹੋ ਰਹੀਆਂ ਨੇ।
"ਅੱਛਾ! ਤਾਂ ਤੂੰ ਹੀਰ ਵਾਸਤੇ ਐਡੀ ਦੂਰੋਂ ਆਇਐਂ। ਜੋੜ ਤਾਂ ਬੜਾ ਸੁਹਣਾ ਜੁੜਿਆ ਏ।" ਇਕ ਹੋਰ ਮੁਟਿਆਰ ਅੱਗੇ ਵਧੀ- ਛਮਕੀ ਵਾਲ਼ੀ ਮੁਟਿਆਰ ਹੁਣ ਦੂਜੀਆਂ ਮੁਟਿਆਰਾਂ ਵਿਚਕਾਰ ਗੁਆਚ ਗਈ ਸੀ।
"ਚਲ ਵੇ ਰਾਂਝਿਆ ਤੈਨੂੰ ਹੀਰ ਦੇ ਘਰ ਲੈ ਚਲੀਏ।" ਇਕ ਹੋਰ ਜਵਾਨੀ ਨੇ ਚਸਕਾ ਲਿਆ।
ਧੀਦੋ ਉਨ੍ਹਾਂ ਦੇ ਮਗਰ ਹੋ ਟੁਰਿਆ।
ਲੁੱਡਣ ਉਨ੍ਹਾਂ ਵਲ ਬਿਟ-ਬਿਟ ਤਕਦਾ ਖੜਾ ਰਿਹਾ।
ਝੰਗ ਪਿੰਡ ਦੇ ਚੜ੍ਹਦੇ ਪਾਸੇ ਚੂਚਕ ਚੌਧਰੀ ਦੀ ਹਵੇਲੀ ਸੀ। ਸਾਰੀਆਂ ਮੁਟਿਆਰਾਂ ਮੁਗਧ ਹੋਈਆਂ ਆਪਣੇ-ਆਪਣੇ ਘਰਾਂ ਨੂੰ ਚਲੀਆਂ ਗਈਆਂ। ਛਮਕੀ ਵਾਲ਼ੀ ਮੁਟਿਆਰ ਦੇ ਪਿੱਛੇ-ਪਿੱਛੇ ਤੁਰਦਾ ਧੀਦੋ ਰਾਂਝਾ ਚੂਚਕ ਦੀ ਹਵੇਲੀ ਆਣ ਵੜਿਆ। ਅੱਗੇ ਰੰਗੀਲੇ ਪਲੰਘ 'ਤੇ ਬੈਠਾ ਚੌਧਰੀ ਹੁੱਕਾ ਪੀ ਰਿਹਾ ਸੀ। ਉਨ੍ਹਾਂ ਵਲ ਉਹ ਉਤਸੁਕਤਾ ਨਾਲ਼ ਵੇਖਣ ਲੱਗਾ।
"ਭਾਈਆ ਮੈਂ ਮੱਝਾਂ ਚਾਰਨ ਲਈ ਚਾਕ ਲੱਭ ਲਿਆਈਂ ਆਂ। ਇਹ ਜਾਤ ਦਾ ਰਾਂਝਾ ਏ- ਤੇ ਤਖ਼ਤ ਹਜ਼ਾਰੇ ਦੇ ਚੌਧਰੀ ਮੌਜੂ ਦਾ ਪੁੱਤਰ ਏ। ਇਹ ਘਰੋਂ ਭਾਈਆਂ ਨਾਲ਼ ਲੜ ਕੇ ਏਧਰ ਚਾਕਰੀ ਕਰਨ ਆਇਆ ਏ।" ਮੁਟਿਆਰ ਨੇ ਚੂਚਕ ਦੀਆਂ ਪ੍ਰਸ਼ਨ ਸੂਚਕ ਨਿਗਾਹਾਂ ਦਾ ਉੱਤਰ ਬੜੀ ਸਿਆਣਪ ਨਾਲ਼ ਦੇ ਦਿੱਤਾ।
ਚੂਚਕ ਨੇ ਨੀਵੀਂ ਪਾਈ ਖੜੇ ਰਾਂਝੇ ਵੱਲ ਵੇਖਿਆ, ਉਹਦੇ ਸਾਰੇ ਸਰੀਰ 'ਤੇ ਫਿਰਵੀਂ ਨਜ਼ਰ ਮਾਰੀ ਤੇ ਉਹਨੂੰ ਇਸ਼ਾਰਾ ਕਰਕੇ ਆਪਣੇ ਪਾਸ ਸੱਦ ਲਿਆ ਤੇ ਉਹਦੀ ਪਿੱਠ 'ਤੇ ਥਾਪੀ ਦੇ ਕੇ ਉਹਨੂੰ ਆਪਣੇ ਨਾਲ਼ ਪਲੰਘ 'ਤੇ ਬਠਾ ਲਿਆ। ਫੇਰ ਉਸ ਨੇ ਆਪਣੀ ਧੀ ਨੂੰ ਸੰਬੋਧਨ ਕਰਕੇ ਕਿਹਾ, "ਜਾ ਹੀਰੇ ਇਹਨੂੰ ਕਾੜ੍ਹਨੀ ਵਿਚੋਂ ਦੁੱਧ ਦਾ ਛੰਨਾ ਕੱਢ ਕੇ ਪਲ਼ਾ ਸਵੇਰ ਦਾ ਭੁੱਖਾ ਹੋਵੇਗਾ।"
"ਹੀਰ" ਸ਼ਬਦ ਦੇ ਬੋਲ ਰਾਂਝੇ ਦੇ ਕੰਨੀਂ ਪਏ ਉਹਨੇ ਇਕਦਮ ਤ੍ਰਬੱਕ ਕੇ ਉਸ ਮੁਟਿਆਰ ਵਲ ਵੇਖਿਆ। ਦੋਨੋਂ ਮੁਸਕੜੀਏਂ ਮੁਸਕਰਾ ਪਏ। ਦੋਨੋਂ ਮੁਸਕਾਨਾਂ ਇਕ ਦੂਜੇ ਨੂੰ ਕਤਲ ਕਰ ਗਈਆਂ।
ਰਾਂਝਾ ਹੀਰ ਦੇ ਘਰ ਮੱਝਾਂ 'ਤੇ ਚਾਕ ਰਹਿ ਪਿਆ। ਰਾਂਝਾ ਸਾਝਰੇ ਹੀ ਵੱਗ ਬੇਲੇ ਵਿਚ ਲੈ ਜਾਂਦਾ ਉਹ ਜਦ ਵੰਝਲੀ ਤੇ ਮਿੱਠੀਆਂ ਸੁਰਾਂ ਛੇੜਦਾ, ਸਾਰਾ ਬੇਲਾ ਨਸ਼ਿਆ ਜਾਂਦਾ। ਚਰਦੇ ਪਸ਼ੂ ਬੂਥੀਆਂ ਚੁੱਕ ਕੇ ਉਹਦੀਆਂ ਤਾਨਾਂ ਸੁਣਨ ਲਈ ਖੜੋ ਜਾਂਦੇ ਹੀਰ ਬੜੀ ਰੀਝ ਨਾਲ ਰਾਂਝੇ ਲਈ ਚੂਰੀ ਕੁੱਟਦੀ ਤੇ ਆਪ ਬੇਲੇ ਵਿਚ ਜਾ ਪੁੱਜਦੀ।ਇਕ ਦਿਨ ਜਦੋਂ ਉਹ ਬੇਲੇ ਵਿਚ ਪੁੱਜੀ ਤਾਂ ਰਾਂਝੇ ਦੀ ਕੋਇਲ ਜਿਹੀ 'ਵਾਜ਼ ਉਹਦੇ ਕੰਨੀਂ ਪਈ। ਉਹ ਉਹਦੀ ਪਿੱਠ ਪਿੱਛੇ ਮਲਕ ਦੇ ਕੇ ਖੜੋ ਗਈ। ਰਾਂਝਾ ਵਜਦ ਵਿਚ ਆ ਕੇ ਗਾ ਰਿਹਾ ਸੀ-

ਆਖੇਂ ਗਲ ਤਾਂ ਹੀਰੇ ਕਹਿ ਕੇ ਸੁਣਾ ਦਿਆਂ ਨੀ
ਦੇ ਕੇ ਤੈਨੂੰ ਨੱਢੀਏ ਸੋਹਣੇ ਨੀ ਹਵਾਲੇ
ਮੋਹ ਲਿਆ ਮੈਨੂੰ ਪਰੀਏ ਤੇਰਿਆਂ ਨੀ ਨੈਣਾਂ ਨੇ
ਮੈਂ ਕੀ ਜਾਣਾਂ ਇਨ੍ਹਾਂ ਅੱਖੀਆਂ ਦੇ ਚਾਲੇ
ਬਲਣ ਮਸਾਲਾਂ ਵਾਂਗੂੰ ਅੱਖੀਆਂ ਹੀਰੇ ਤੇਰੀਆਂ
ਆਸ਼ਕ ਘੇਰ ਤੈਂ ਭਮੱਕੜ ਵਿਚ ਫਸਾ ਲੇ
ਮੁਖੜਾ ਤੇਰਾ ਹੀਰੇ ਸੋਹਣਾ ਫੁੱਲ ਗੁਲਾਬ ਨੀ
ਆਸ਼ਕ ਭੌਰ ਜੀਹਦੇ ਫਿਰਦੇ ਨੀ ਉਦਾਲੇ
ਵਿੰਨ੍ਹਿਆਂ ਕਾਲਜਾ ਨਾ ਹਿੱਲਿਆ ਜਾਵੇ ਰਾਂਝੇ ਤੋਂ
ਇਹ ਜਿੰਦ ਕਰਤੀ ਮੈਂ ਤਾਂ ਤੇਰੇ ਨੀ ਹਵਾਲੇ

ਹੀਰ ਤੋਂ ਰਹਿ ਨਾ ਹੋਇਆ, ਉਹਨੇ ਨਸ ਕੇ ਰਾਂਝੇ ਦੁਆਲੇ ਆਪਣੀਆਂ ਮਖ਼ਮਲੀ ਬਾਹਾਂ ਵਲਾ ਦਿੱਤੀਆਂ। ਰਾਂਝਾ ਤ੍ਰੱਬਕ ਪਿਆ। ਸੂਹੇ ਗੁਲਾਬ ਵਾਂਗ ਟਹਿਕਦਾ ਹੀਰ ਦਾ ਪਿਆਰਾ ਮੁਖੜਾ ਰਾਂਝੇ ਦੀ ਝੋਲੀ ਆਣ ਪਿਆ। ਦੋਨਾਂ ਪ੍ਰੀਤ ਨਿਭਾਉਣ ਦੇ ਕੌਲ਼-ਕਰਾਰ ਕਰ ਲਏ
ਹੀਰ ਰਾਂਝੇ ਨੂੰ ਹਰ ਰੋਜ਼ ਬੇਲੇ ਵਿਚ ਚੂਰੀ ਖੁਆਉਣ ਜਾਂਦੀ। ਦੋਨੋਂ 'ਕੱਠੇ ਚੂਰੀ ਖਾਂਦੇ, ਪਿਆਰ ਭਰੀਆਂ ਮਾਖਿਓਂ-ਮਿੱਠੀਆਂ ਗੱਲਾਂ ਕਰਦੇ। ਕਈ ਵਰ੍ਹੇ ਇਸੇ ਤਰ੍ਹਾਂ ਲੰਘ ਗਏ। ਆਖ਼ਰ ਇਨ੍ਹਾਂ ਦੇ ਇਸ਼ਕ ਦੀ ਚਰਚਾ ਝੰਗ ਦੇ ਘਰ ਘਰ ਦੀ ਚਰਚਾ ਬਣ ਗਈ। ਹੀਰ ਦੇ ਮਾਪੇ ਏਸ ਗੱਲ ਤੋਂ ਬੇਖ਼ਬਰ ਸਨ, ਇਨ੍ਹਾਂ ਕੋਲ਼ ਹੀਰ ਬਾਰੇ ਕਿਸੇ ਨੂੰ ਗੱਲ ਕਰਨ ਦੀ ਹਿੰਮਤ ਨਹੀਂ ਸੀ ਪੈਂਦੀ।ਉਂਜ ਆਮ ਲੋਕਾਂ ਨੂੰ ਏਸ ਬਾਂਕੇ ਜੋੜੇ ਦਾ ਪਿਆਰ ਭੈੜਾ ਨਹੀਂ ਸੀ ਲਗਦਾ, ਪਰੰਤੁ ਹੀਰ ਦਾ ਚਾਚਾ ਕੈਦੋ ਲੰਙਾ ਇਹ ਬਰਦਾਸ਼ਤ ਨਾ ਕਰ ਸਕਿਆ। ਉਹਦੀ ਸਾਰੀ ਉਮਰ ਉਪੱਧਰਾਂ ਵਿਚ ਹੀ ਲੰਘੀ ਸੀ। ਉਹਨੇ ਆਪਣੇ ਵੱਡੇ ਭਰਾ ਚੂਚਕ ਕੋਲ਼ ਹੀਰ ਰਾਂਝੇ ਦੇ ਇਸ਼ਕ ਦੀ ਗੱਲ ਤੋਰੀ। ਚੂਚਕ ਨੂੰ ਆਪਣੀ ਧੀ ’ਤੇ ਵਿਸ਼ਵਾਸ ਸੀ। ਉਸ ਸਬੂਤ ਮੰਗ ਲਿਆ। ਇਕ ਦਿਨ ਕੈਦੋਂ ਫ਼ਕੀਰ ਦੇ ਭੇਖ ਵਿਚ ਬੇਲੇ ਵਿਚ ਪੁੱਜਿਆ। ਰਾਂਝਾ ਚੂਰੀ ਖਾਂਦਾ ਪਿਆ ਸੀ ਤੇ ਹੀਰ ਪਸ਼ੂਆਂ ਦਾ ਮੋੜਾ ਲਾਉਣ ਗਈ ਹੋਈ ਸੀ। ਕੈਦੋਂ ਰਾਂਝੇ ਪਾਸ ਪੁੱਜਾ ਤੇ ਲੱਗਾ ਚੂਰੀ ਲਈ ਲੇਲ੍ਹੜੀਆਂ ਕੱਢਣ। ਰਾਂਝੇ ਨੂੰ ਫ਼ਕੀਰ ’ਤੇ ਦਿਆ ਆ ਗਈ। ਉਹਨੇ ਇਕ ਲੱਪ ਚੂਰੀ ਦੀ ਫ਼ਕੀਰ ਦੀ ਚਿੱਪੀ ਵਿਚ ਪਾ ਦਿੱਤੀ। ਕੈਦੋਂ ਤੇਜ਼ ਤੇਜ਼ ਕਦਮੀਂ ਓਥੋਂ ਖਿਸਕ ਗਿਆ। ਹੀਰ ਮੋੜਾ ਲਾ ਕੇ ਵਾਪਸ ਆਈ ਉਹਨੂੰ ਜਦੋਂ ਫ਼ਕੀਰ ਦੇ ਚੂਰੀ ਲਿਜਾਣ ਦਾ ਪਤਾ ਲੱਗਾ, ਉਹ ਉਸੇ ਵੇਲੇ ਫ਼ਕੀਰ ਦੇ ਮਗਰ ਨੱਸ ਤੁਰੀ।ਉਸ ਨੱਸੇ ਜਾਂਦੇ ਕੈਦੋ ਨੂੰ ਜਾ ਫੜਿਆ ਤੇ ਲੱਗੀ ਮੁੱਕੀਆਂ ਘਸੁੰਨਾਂ ਨਾਲ਼ ਉਹਦੀ ਮੁਰੰਮਤ ਕਰਨ। ਚਿੱਪੀ ਫੁਟ ਕੇ ਚੂਰੀ ਧਰਤੀ ਤੇ ਖਿੱਲਰ ਗਈ। ਮਿੰਨਤਾਂ ਤਰਲੇ ਕਰਕੇ ਕੈਦੋ ਨੇ ਹੀਰ ਪਾਸੋਂ ਆਪਣੀ ਜਾਨ ਛੁਡਾ ਲਈ। ਹੀਰ ਵਾਪਸ ਰਾਂਝੇ ਕੋਲ ਪਰਤ ਆਈ ਤੇ ਕੈਦੋ ਨੇ ਮਗਰੋਂ ਮਿੱਟੀ ਵਿਚ ਰਲੇ ਹੋਏ ਚੂਰੀ ਦੇ ਭੋਰੇ ਕੱਠੇ ਕਰ ਲਏ ਤੇ ਪਿੰਡ ਆ ਕੇ ਚੂਚਕ ਦੇ ਅੱਗੇ ਰੱਖ ਕੇ ਬੋਲਿਆ, "ਇਹ ਹੈ ਤੇਰੀ ਲਾਡਲੀ ਦੀ ਕਰਤੂਤ।ਉਹ ਰੋਜ਼ ਧਗੜੇ ਨੂੰ ਚੂਰੀ ਲਜਾ ਕੇ ਖਲਾਉਂਦੀ ਏ।ਉਹਨੇ ਤਾਂ ਸਾਡੇ ਖ਼ਾਨਦਾਨ ਦਾ ਨੱਕ ਵੱਢ ਕੇ ਰੱਖ ਦਿੱਤੈ।"
ਚੂਚਕ ਦੇ ਸਿਰ ਸੌ ਘੜਾ ਪਾਣੀ ਦਾ ਪੈ ਗਿਆ।
ਉਨ੍ਹਾਂ ਰਾਂਝੇ ਨੂੰ ਚਾਕਰੀਓ ਜਵਾਬ ਦੇ ਦਿੱਤਾ। ਰਾਂਝਾ ਮਸੀਤੇ ਜਾ ਸੁੱਤਾ। ਪਰ ਦੂਜੀ ਭਲਕ ਮੱਝਾਂ ਗਾਈਆਂ ਨੇ ਬਿਨਾਂ ਰਾਂਝੇ ਤੋਂ ਇਕ ਵੀ ਕਦਮ ਪੁਟਣੋਂ ਇਨਕਾਰ ਕਰ ਦਿੱਤਾ। ਹਾਰ ਕੇ ਉਹ ਰਾਂਝੇ ਨੂੰ ਪੁਚਕਾਰ ਕੇ ਮੋੜ ਲਿਆਏ। ਰਾਂਝੇ ਵੰਝਲੀ ਵਿਚ ਫੂਕ ਮਾਰੀ, ਵਗ ਉਹਦੇ ਅੱਗੇ ਅੱਗੇ ਬੇਲੇ ਨੂੰ ਤੁਰ ਪਿਆ।
ਹੀਰ ਦਾ ਬੇਲੇ ਵਿਚ ਜਾਣਾ ਬੰਦ ਹੋ ਗਿਆ। ਹੁਣ ਉਹ ਚੋਰੀ ਛਿਪੇ ਮਿਲਦੇ। ਮਾਂ ਨੇ ਹੀਰ ਨੂੰ ਬਥੇਰਾ ਹੋੜਿਆ ਕਿ ਉਹ ਰਾਂਝੇ ਦਾ ਖਹਿੜਾ ਛੱਡ ਦੇਵੇ। ਪਰ ਹੀਰ ਨੇ ਉਹਦੀ ਇਕ ਨਾ ਮੰਨੀ।ਉਹ ਆਪਣੇ ਰਾਂਝਣ ਦੀ ਸੁਖ ਭਾਲਦੀ ਪਈ ਸੀ। ਉਹਨੂੰ ਸਾਰੇ ਜੱਗ ਦੀ ਪਰਵਾਹ ਨਹੀਂ ਸੀ।
ਹੀਰ ਦੇ ਮਾਪਿਆਂ ਨੇ ਹੀਰ ਰਾਂਝੇ ਦੇ ਪਿਆਰ ਨੂੰ ਪਰਵਾਨ ਨਾ ਕੀਤਾ। ਰੰਗਪੁਰ ਖੇੜੇ ਦੇ ਚੌਧਰੀ ਅੱਜੂ ਦੇ ਪੁੱਤਰ ਸੈਦੇ ਨਾਲ਼ ਹੀਰ ਦਾ ਨਿਕਾਹ ਨਿਯਤ ਹੋ ਗਿਆ। ਰੰਗਪੁਰੋਂ ਜੰਜ ਬੜੇ ਵਾਜਿਆਂ-ਗਾਜਿਆਂ ਨਾਲ ਢੁੱਕੀ। ਸਾਰੇ ਪਿੰਡ ਵਿਚ ਬੜੀਆਂ ਖ਼ੁਸ਼ੀਆਂ ਮਨਾਈਆਂ ਗਈਆਂ। ਬੁਲਬਲਾਂ ਵਰਗੀਆਂ ਘੋੜੀਆਂ 'ਤੇ ਜਾਨੀ ਸਜੇ ਬੈਠੇ ਸਨ। ਰਾਂਝਾ ਮੱਝਾਂ ਦੇ ਸਿੰਙਾਂ ਨੂੰ ਫੜੀਂ ਭੁੱਬੀਂ-ਭੁੱਬੀਂ ਰੋ ਰਿਹਾ ਸੀ। ਹੀਰ ਆਪਣੇ ਘਰ ਤੜਪ ਰਹੀ ਸੀ।
ਹੀਰ ਦਾ ਜ਼ੋਰੀਂ ਸੈਦੇ ਖੇੜੇ ਨਾਲ਼ ਨਿਕਾਹ ਪੜਾ ਦਿੱਤਾ ਗਿਆ। ਰਾਂਝਾ ਤੜਪਦਾ ਰਿਹਾ, ਹੀਰ ਕੁਰਲਾਉਂਦੀ ਰਹੀ- ਉਨ੍ਹਾਂ ਦੀ ਕਿਸੇ ਇਕ ਨਾ ਸੁਣੀ। ਰਾਤ ਸਮੇਂ ਰਾਂਝਾ ਚੋਰੀ ਹੀਰ ਦੀਆਂ ਸਹੇਲੀਆਂ ਨਾਲ਼ ਹੀਰ ਪਾਸ ਪੁੱਜਾ। ਦੋਨੋਂ ਹੰਝੂ ਕੇਰਦੇ ਰਹੇ। ਆਖ਼ਰ ਹੀਰ ਦਿਲ ਤਕੜਾ ਕਰਕੇ ਬੋਲੀ, "ਕੀ ਹੋਇਆ ਰਾਂਝਿਆ ਮੇਰਾ ਨਿਕਾਹ ਲੋਕਾਂ ਦੀਆਂ ਨਜ਼ਰਾਂ ਵਿਚ ਸੈਦੇ ਨਾਲ਼ ਪੜਿਆ ਗਿਐ ਪਰ ਮੈਂ ਸੱਚੇ ਖ਼ੁਦਾ ਦੀਆਂ ਨਜ਼ਰਾਂ ਵਿਚ ਤੇਰੀ ਆਂ। ਸਾਡਾ ਨਿਕਾਹ ਰਸੂਲ ਨੇ ਪਹਿਲਾਂ ਹੀ ਪੜ੍ਹਾਇਆ ਹੋਇਆ ਏ। ਮੈਂ ਮਰਜਾਂਗੀ ਪਰ ਸੈਦੇ ਖੇੜੇ ਦੀ ਸੇਜ ਕਬੂਲ ਨਾ ਕਰਾਂਗੀ। ਤੂੰ ਛੇਤੀ ਤੋਂ ਛੇਤੀ ਕੋਈ ਅਹੁਰ ਪਹੁਰ ਕਰਕੇ ਰੰਗਪੁਰ ਪੁੱਜ।"
ਤੀਜੇ ਦਿਨ ਖੇੜੇ ਕੁਰਲਾਉਂਦੀ ਹੀਰ ਦੀ ਡੋਲ਼ੀ ਲੈ ਤੁਰੇ। ਹੀਰ ਦੀ ਡੋਲ਼ੀ ਰੰਗਪੁਰ ਖੇੜੇ ਜਾ ਪੁੱਜੀ। ਸਾਰਾ ਪਿੰਡ ਏਸ ਹੁਸ਼ਨਾਕ ਪਰੀ ਨੂੰ ਵੇਖਣ ਲਈ ਢੁਕਿਆ। ਹੁਸਨ ਉਦਾਸ-ਉਦਾਸ ਬੈਠਾ ਰਿਹਾ। ਹੀਰ ਦੀ ਨਣਦ ਸਹਿਤੀ ਉਹਦੇ ਦਿਲ ਦੇ ਰੋਗ ਨੂੰ ਬੁਝ ਗਈ। ਉਹਨੇ ਆਪਣਾ ਹਮਦਰਦ ਦਿਲ ਹੀਰ ਅੱਗੇ ਪੇਸ਼ ਕਰ ਦਿੱਤਾ। ਸੈਦੇ ਖੇੜੇ ਨੇ ਵੀ ਹੀਰ ਨੂੰ ਰਝਾਣ ਦੀ ਬੜੀ ਕੋਸ਼ਿਸ਼ ਕੀਤੀ ਪਰੰਤੂ ਹੀਰ ਨੇ ਉਹਨੂੰ ਆਪਣੇ ਨੇੜੇ ਨਾ ਢੁਕਣ ਦਿੱਤਾ। ਉਹ ਤਾਂ ਧੁਰ ਦਰਗਾਹੋਂ ਰਾਂਝੇ ਦੀ ਅਮਾਨਤ ਹੋ ਚੁੱਕੀ ਸੀ। ਉਹ ਰਾਂਝੇ ਦੀ ਯਾਦ ਵਿਚ ਤੜਪਦੀ ਰਹੀ ਤੇ ਉਹਦਾ ਸੂਹਾ ਮੁਖੜਾ ਪੀਲ਼ਾ ਵਸਾਰ ਹੋ ਗਿਆ।
ਰਾਂਝਾ ਝੰਗ ਸਿਆਲ ਤੋਂ ਸਿੱਧਾ ਬਾਲ ਨਾਥ ਦੇ ਟਿੱਲੇ ਜਾ ਪੁੱਜਾ ਤੇ ਜੋਗੀ ਦਾ ਭੇਖ ਧਾਰਨ ਲਈ ਬੇਨਤੀ ਕੀਤੀ। ਬਾਲ ਨਾਥ ਨੇ ਉਹਦੇ ਗਠੀਲੇ ਸਰੀਰ ਤੇ ਭਖਦੀ ਜਵਾਨੀ ਵਲ ਨਿਗਾਹ ਮਾਰੀ। ਉਹਦਾ ਦਿਲ ਪਸੀਜ਼ ਗਿਆ। ਜੋਗੀ ਨੇ ਉਹਨੂੰ ਬਥੇਰਾ ਸਮਝਾਇਆ ਕਿ ਉਹਦੀ ਉਮਰ ਜੋਗ ਧਾਰਨ ਦੀ ਨਹੀਂ। ਪਰੰਤੂ ਰਾਂਝਾ ਤਾਂ ਆਪਣੀ ਹੀਰ ਲਈ ਜੋਗੀ ਬਣ ਰਿਹਾ ਸੀ, ਉਹਨੇ ਤਾਂ ਹੁਸਨ ਦੀ ਭਿੱਖਿਆ ਮੰਗਣ ਚੜ੍ਹਨਾ ਸੀ। ਆਖ਼ਰ ਬਾਲ ਨਾਥ ਨੇ ਉਹਨੂੰ ਜੋਗ ਦੇ ਦਿੱਤਾ। ਜਟਾਂ ਲਟਕਾਈ, ਕੰਨਾਂ ਵਿਚ ਮੁੰਦਰਾਂ ਪਾ, ਲਾਲੀ ਦੀ ਭਾਅ ਮਾਰਦੇ ਸਰੀਰ 'ਤੇ ਭਬੂਤੀ ਮਲ ਰਾਂਝਾ ਜੋਗੀ ਬਣ ਤੁਰਿਆ। ਉਹਦੇ ਹੁਸਨ ਦੀ ਹੁਣ ਝਾਲ ਝੱਲੀ ਨਾ ਸੀ ਜਾਂਦੀ। ਉਹ ਸਿੱਧਾ ਰੰਗਪੁਰ ਖੇੜੇ ਪੁੱਜਾ। ਰਾਹ ਵਿਚ ਉਹਨੂੰ ਇਕ ਆਜੜੀ ਇੱਜੜ ਚਰਾਂਦਾ ਮਿਲ ਗਿਆ। ਜੋਗੀ ਨੇ ਉਹਦੇ ਪਾਸੋਂ ਰੰਗਪੁਰ ਬਾਰੇ ਯੋਗ ਵਾਕਫ਼ੀ ਪ੍ਰਾਪਤ ਕੀਤੀ ਤੇ ਪਿੰਡ ਵਿਚ ਆਣ ਵੜਿਆ। ਕਈ ਮੁਟਿਆਰਾਂ ਖੂਹ ਉਤੋਂ ਪਾਣੀ ਭਰ ਰਹੀਆਂ ਸਨ। ਜੋਗੀ ਦਾ ਰੰਗ ਰੂਪ ਵੇਖ ਕਈਆਂ ਨੇ ਠੰਡੇ ਹੌਕੇ ਭਰੇ। ਲੁਗ ਲੁਗ ਕਰਦਾ ਜੋਗੀ ਦਾ ਸਰੀਰ ਲਪਟਾਂ ਛੱਡ ਰਿਹਾ ਸੀ। ਕਈਆਂ ਦੇ ਕਾਲਜੇ ਧਰੂਹੇ ਗਏ। ਕਈਆਂ ਨੇ ਇਕ ਦੂਜੀ ਦੀਆਂ ਵੱਖੀਆਂ ਵਿਚ ਚੂੰਢੀਆਂ ਭਰ ਲਈਆਂ। ਇਨ੍ਹਾਂ ਵਿਚਕਾਰ ਹੀਰ ਦੀ ਨਨਾਣ ਸਹਿਤੀ ਵੀ ਸੀ। ਉਹਨੇ ਆਪਣੀ ਭਾਬੋ ਕੋਲ਼ ਪਿੰਡ ਵਿਚ ਆਏ ਨਵੇਂ ਜੋਗੀ ਦੀ ਚਰਚਾ ਕੀਤੀ। ਹੀਰ ਦਾ ਦਿਲ ਧੜਕਣ ਲੱਗ ਪਿਆ। "ਖੌਰੇ ਰਾਂਝਾ ਈ ਜੋਗੀ ਦਾ ਭੇਖ ਧਾਰ ਕੇ ਆ ਗਿਆ ਹੋਵੇ," ਉਸ ਸੋਚਿਆ। ਰਾਂਝੇ ਲਈ ਉਹਦਾ ਲੂੰ-ਲੂੰ ਤੜਪਦਾ ਪਿਆ ਸੀ। ਜੋਗੀ ਬਣੇ ਰਾਂਝੇ ਨੇ ਹੀਰ ਦੇ ਦਰਾਂ ਅੱਗੇ ਆ ਅਲਖ ਜਗਾਈ। ਸਹਿਤੀ ਉਹਨੂੰ ਲੱਗੀ ਟਿੱਚਰਾਂ ਕਰਨ। ਅੰਦਰ ਖੜੀ ਹੀਰ ਉਨ੍ਹਾਂ ਦੀਆਂ ਝੜਪਾਂ ਸੁਣ ਰਹੀ ਸੀ। ਉਹ ਤਾਂ ਕਿਸੇ ਬਹਾਨੇ ਏਸ ਰੰਗੀਲੇ ਜੋਗੀ ਦਾ ਪਿਆਰਾ ਮੁਖੜਾ ਦੇਖਣਾ ਚਾਹੁੰਦੀ ਸੀ।
"ਜੋਗੀਆ ਤੈਨੂੰ ਤਾਂ ਮੰਨਦੀ ਆਂ ਜੇ ਤੂੰ ਇਹ ਬੁਝ ਲਵੇਂ ਕਿ ਮੇਰੀ ਭਾਬੋ ਨੂੰ ਕਿਹੜਾ ਰੋਗ ਚਿੰਬੜਿਆ ਹੋਇਐ?" ਸਹਿਤੀ ਜੋਗੀ ਦੀ ਪ੍ਰੀਖਿਆ ਲੈ ਰਹੀ ਸੀ।
ਜੋਗੀ ਨੇ ਹੀਰ ਰਾਂਝੇ ਦੀ ਮੁਹੱਬਤ ਦੁਹਰਾ ਦਿੱਤੀ। ਇਹ ਸੁਣਦੇ ਸਾਰ ਹੀ ਸਹਿਤੀ ਜੋਗੀ ਦੇ ਪੈਰੀਂ ਜਾ ਡਿੱਗੀ ਤੇ ਲੱਗੀ ਆਪਣੀਆਂ ਮਾੜੀਆਂ ਚੰਗੀਆਂ ਕਹੀਆਂ ਦੀ ਭੁੱਲ ਬਖ਼ਸਾਣ। ਜੋਗੀ ਨੇ ਅਸੀਸ ਦਿੱਤੀ, "ਸਹਿਤੀਏ ਮੁਰਾਦ ਪਾਵੇਂਗੀ।" ਮੁਰਾਦ ਸਹਿਤੀ ਦਾ ਪ੍ਰੇਮੀ ਸੀ। ਹੁਣ ਸਹਿਤੀ ਦਾ ਵਿਸ਼ਵਾਸ ਜੋਗੀ ਲਈ ਹੋਰ ਵੀ ਪੱਕਾ ਹੋ ਗਿਆ। ਉਹ ਨਸ ਕੇ ਅੰਦਰੋਂ ਚੀਣੇ ਦਾ ਥਾਲ਼ ਭਰ ਲਿਆਈ। ਜਦੋਂ ਉਹ ਚੀਣਾ ਪਾਣ ਲੱਗੀ ਤਾਂ ਜੋਗੀ ਨੇ ਆਪਣੇ ਹੱਥੋਂ ਜਾਣ ਬੁਝ ਕੇ ਚਿੱਪੀ ਛੱਡ ਦਿੱਤੀ ਤੇ ਸਾਰਾ ਚੀਣਾ ਧਰਤੀ 'ਤੇ ਖਿੱਲਰ ਗਿਆ। ਜੋਗੀ ਚੀਣਾ ਚੁਗਣ ਲਈ ਬੈਠ ਗਿਆ। ਜਦੋਂ ਸਹਿਤੀ ਅੰਦਰ ਚਲੀ ਗਈ ਤਾਂ ਹੀਰ ਨੇ ਦਰਵਾਜ਼ੇ ਦੇ ਨੇੜੇ ਹੋ ਕੇ ਆਖਿਆ, "ਰਾਂਝਿਆ! ਮੇਰੇ ਲਈ ਅੱਜ ਚੰਦ ਚੜ੍ਹ ਪਿਐ।"
ਰਾਂਝੇ ਨੇ ਹੀਰ ਦੇ ਪੀਲੇ ਮੁੱਖ ਵਲ ਤੱਕਿਆ, "ਹੀਰੇ ਤੈਨੂੰ ਕੀ ਹੋ ਗਿਐ, ਤੂੰ ਤਾਂ ਦਿਨਾਂ ਵਿਚ ਈ ਨਿੱਬੜ ਗਈ ਏਂ।"
"ਰਾਂਝਿਆ ਆਪਾ ਰੱਜ ਕੇ ਗੱਲਾਂ ਫੇਰ ਕਰਾਂਗੇ। ਤੂੰ ਕੁਝ ਦਿਨ ਕਾਲ਼ੇ ਬਾਗ਼ ਵਿਚ ਟਿਕਿਆ ਰਹੀਂ। ਮੈਂ ਕਿਸੇ ਪੱਜ ਤੇਰੇ ਪਾਸ ਪੁੱਜਾਂਗੀ। ਮੇਰੀ ਨਨਾਣ ਸਹਿਤੀ ਮੇਰੀ ਭੇਤਣ ਹੈ। ਉਹਨੂੰ ਵੀ ਸਾਡੇ ਜਿਹਾ ਰੋਗ ਲੱਗਿਆ ਹੋਇਐ। ਚੰਗਾ ਹੁਣ ਤੂੰ ਜਾਹ ਮੁੜ ਕੇ ਏਧਰ ਪੈਰ ਨਾ ਪਾਵੀਂ, ਕਿਧਰੇ ਖੇੜੇ ਸ਼ੱਕ ਨਾ ਕਰਨ ਲੱਗ ਜਾਣ।" ਇਹ ਆਖ ਹੀਰ ਨੇ ਹਵੇਲੀ ਦੇ ਦਰਵਾਜ਼ੇ ਬੰਦ ਕਰ ਦਿੱਤੇ।
ਰਾਂਝੇ ਜੋਗੀ ਕਾਲ਼ੇ ਬਾਗ਼ ਵਿਚ ਧੂਣੀ ਤਪਾ ਦਿੱਤੀ। ਸ਼ਰਧਾਲੂ ਤ੍ਰੀਮਤਾਂ ਉਹਦੇ ਆ ਦੁਆਲੇ ਹੋਈਆਂ ਤੇ ਲੱਗੀਆਂ ਮਨ ਦੀਆਂ ਮੁਰਾਦਾਂ ਮੰਗਣ। ਜੋਗੀ ਦੀ ਮੰਨਤਾ ਹੋਣ ਲੱਗ ਪਈ। ਹੀਰ ਨੇ ਸਹਿਤੀ ਨੂੰ ਜੋਗੀ ਬਾਰੇ ਸਭ ਕੁਝ ਦੱਸ ਦਿੱਤਾ। ਹੀਰ ਨੇ ਆਪਣਾ ਰਾਂਝਾ ਅਤੇ ਸਹਿਤੀ ਨੇ ਆਪਣਾ ਮੁਰਾਦ ਪ੍ਰਾਪਤ ਕਰਨ ਲਈ ਤਰਕੀਬ ਸੋਚ ਲਈ। ਇਸ ਤਰਕੀਬ ਬਾਰੇ ਸਹਿਤੀ ਜੋਗੀ ਨੂੰ ਸਭ ਕੁਝ ਸਮਝਾ ਆਈ।
ਅਗਲੀ ਭਲ਼ਕ ਹੀਰ ਆਪਣੀ ਨਣਦ ਤੇ ਉਹਦੀਆਂ ਸਹੇਲੀਆਂ ਨਾਲ਼ ਬਾਹਰਲੇ ਖੂਹ 'ਤੇ ਸੈਰ ਕਰਨ ਚਲੀ ਗਈ। ਜਦੋਂ ਉਹ ਸੈਰ ਕਰਕੇ ਵਾਪਸ ਪਰਤ ਰਹੀਆਂ ਸਨ ਤਾਂ ਹੀਰ ਨੇ ਰਾਹ ਵਿਚ ਮਲ੍ਹਕ ਦੇਣੇ ਆਪਣੇ ਪੈਰ ਵਿਚ ਕਿੱਕਰ ਦਾ ਕੰਡਾ ਚੋਭ ਲਿਆ ਤੇ ਲੱਗੀ ਕਲਕਾਰੀਆਂ ਮਾਰਨ। ਸਹਿਤੀ ਅਤੇ ਉਹਦੀਆਂ ਸਹੇਲੀਆਂ ਨੇ ਰੌਲ਼ਾ ਪਾ ਦਿੱਤਾ ਕਿ ਹੀਰ ਨੂੰ ਤਾਂ ਸੱਪ ਲੜ ਗਿਆ ਹੈ। ਸਾਰਾ ਪਿੰਡ ਇਕੱਠਾ ਹੋ ਗਿਆ। ਹੀਰ ਧਰਤੀ 'ਤੇ ਲਿਟ ਰਹੀ ਸੀ, ਸਾਹ ਉਹਨੇ ਖਿੱਚਿਆ ਹੋਇਆ ਸੀ। ਉਹ ਪਲਾਂ ਵਿਚ ਹੀ ਨੀਲੀ ਪੀਲ਼ੀ ਹੋ ਗਈ। ਲੋਕੀ ਉਹਨੂੰ ਮੰਜੀ 'ਤੇ ਪਾ ਕੇ ਘਰ ਲੈ ਆਏ। ਕਈ ਹੱਥ ਹੌਲ਼ਾ ਕਰਨ ਵਾਲੇ ਸੱਦੇ ਗਏ ਪਰ ਹੀਰ ਤੜਪਦੀ ਰਹੀ, ਕੁਰਲਾਉਂਦੀ ਰਹੀ। ਮਾਂਦਰੀ ਹੈਰਾਨ ਸਨ ਕਿ ਇਹ ਕਿਹੋ ਜਿਹਾ ਨਾਗ ਹੈ ਜੀਹਦੇ 'ਤੇ ਉਨ੍ਹਾਂ ਦਾ ਮੰਤਰ ਕੋਈ ਅਸਰ ਨਹੀਂ ਸੀ ਕਰ ਰਿਹਾ।
"ਵੀਰਾ ਕਾਲ਼ੇ ਬਾਗ ਵਾਲ਼ੇ ਜੋਗੀ ਨੂੰ ਸੱਦ ਵੇਖ, ਸ਼ਾਇਦ ਭਾਬੀ ਦਾ ਉਹ ਇਲਾਜ ਕਰ ਦੇਵੇ। ਉਹ ਬੜਾ ਸਿੱਧ ਏ ਲੋਕੀ ਦੂਰੋਂ-ਦੂਰੋਂ ਉਹਦੇ ਪਾਸ ਆਉਂਦੇ ਨੇ।
ਸਹਿਤੀ ਦੀ ਇਕ ਸਹੇਲੀ ਨੇ ਸੈਦੇ ਨੂੰ ਜੋਗੀ ਵਲ ਭੇਜ ਦਿੱਤਾ।
ਬਾਗ਼ ਵਿਚ ਜੋਗੀ ਸਮਾਧੀ ਲਾਈ ਬੈਠਾ ਸੀ ।ਸੈਦੇ ਨੇ ਉਹਦੇ ਪੈਰ ਜਾ ਫੜੇ ਪਰੰਤੂ ਅੱਗੋਂ ਜੋਗੀ ਸੈਦੇ ਨੂੰ ਫਹੁੜੀਆਂ ਲੈ ਕੇ ਪਿਆ। ਉਹ ਖ਼ਾਲੀ ਵਾਪਸ ਆ ਗਿਆ। ਮੁੜ ਸਹਿਤੀ ਨੇ ਆਪਣੇ ਪਿਤਾ ਅਤੇ ਕੁਝ ਹੋਰ ਸਿਆਣੇ ਬੰਦਿਆਂ ਨੂੰ ਜੋਗੀ ਵਲ ਭੇਜ ਦਿੱਤਾ। ਅੱਜੂ ਜੋਗੀ ਦੇ ਵਾਸਤੇ ਪਾਏ, ਤਰਲੇ ਕੀਤੇ ਆਖ਼ਰ ਜੋਗੀ ਉਹਦੀ ਨੂੰਹ ਦਾ ਇਲਾਜ ਕਰਨਾ ਮਨ ਗਿਆ। ਉਹ ਉਹਨੂੰ ਬਹੁੜੀਆਂ ਪਾਉਂਦੀ ਹੀਰ ਪਾਸ ਲੈ ਆਏ।
ਜੋਗੀ ਨੇ ਹੀਰ ਦੀ ਮੰਜੀ ਦੁਆਲੇ ਸਤ ਚੱਕਰ ਲਾਏ; ਤੜਪਦੀ ਹੀਰ 'ਤੇ ਪਾਣੀ ਦੇ ਛਿੱਟੇ ਮਾਰੇ ਤੇ ਸਮਾਧੀ ਲਾ ਕੇ ਬੈਠ ਗਿਆ। ਹੀਰ ਹੂੰਗਰਾ ਮਾਰਦੀ ਰਹੀ, ਦਰਸ਼ਕ ਜੋਗੀ ਵਲ ਆਸ਼ਾਜਨਕ ਨਿਗਾਹਾਂ ਨਾਲ਼ ਵੇਖਦੇ ਰਹੇ। ਕੁਝ ਚਿਰ ਮਗਰੋਂ ਜੋਗੀ ਨੇ ਅੱਖਾਂ ਖੋਹਲੀਆਂ ਤੇ ਬੋਲਿਆ, "ਲੜਕੀ ਬਚ ਜਾਵੇਗੀ ਪਰੰਤੂ ਕਈ ਜਤਨ ਕਰਨੇ ਪੈਣੇ ਨੇ। ਇਹਨੂੰ ਇਕ ਜ਼ਹਿਰੀ ਸੱਪ ਨੇ ਡੱਸਿਐ! ਉਹ ਸੱਪ ਆਪ ਆ ਕੇ ਇਹਦੀ ਜ਼ਹਿਰ ਚੂਸੇਗਾ ਤਦ ਜਾ ਕੇ ਇਹਦਾ ਇਲਾਜ ਹੋ ਸਕੇਗਾ"
"ਮਹਾਤਮਾ ਜੀ, ਹੁਕਮ ਕਰੋ ਅਸੀਂ ਸਭ ਕੁਝ ਕਰਨ ਲਈ ਤਿਆਰ ਹਾਂ। ਇਹਦੀ ਜਾਨ ਜ਼ਰੂਰ ਬਚਾਓ।" ਅੱਜੂ ਨੇ ਦੋਨੋਂ ਹੱਥ ਜੋੜੇ।
"ਪਿੰਡੋਂ ਬਾਹਰ ਇਹਦੇ ਮੰਜੇ ਨੂੰ ਕਿਸੇ ਘਰ ਵਿਚ ਲੈ ਜਾਵੋ। ਇਹਦੇ ਕੋਲ ਮੈਂ ਰਹਾਂਗਾ ਅਤੇ ਇਕ ਹੋਰ ਕੁਆਰੀ ਕੰਨਿਆ ਰਹੇਗੀ । ਮੈਂ ਤਿੰਨ ਦਿਨ ਸਮਾਧੀ ਲਾਵਾਂਗਾ ਤਦ ਸੱਪ ਆਵੇਗਾ ਤੇ ਲੜਕੀ ਦੀ ਜ਼ਹਿਰ ਚੂਸੇਗਾ। ਇਸ ਮਗਰੋਂ ਉਹ ਨੌ-ਬਰ-ਨੌ ਹੋ ਜਾਵੇਗੀ...।" ਜੋਗੀ ਨੇ ਉਪਾਓ ਦੱਸ ਦਿੱਤਾ।
ਪਿੰਡ ਤੋਂ ਬਾਹਰ-ਬਾਹਰ ਡੂਮਾਂ ਦੇ ਕੱਲੇ ਕਾਰੇ ਕੋਠੇ ਵਿਚ ਉਹ ਹੀਰ ਦੀ ਮੰਜੀ ਲੈ ਗਏ। ਕੋਠੇ ਵਿਚ ਹੀਰ, ਜੋਗੀ ਅਤੇ ਇਕ ਕੁਆਰੀ ਕੰਨਿਆ ਸਹਿਤੀ ਰਹਿ ਗਏ। ਉਨ੍ਹਾਂ ਬਾਹਰੋਂ ਕੋਠੇ ਦੇ ਦਰਾਂ ਦਾ ਕੁੰਡਾ ਮਰਵਾ ਲਿਆ। ਜੋਗੀ ਕੁਰਲਾਉਂਦੀ ਹੀਰ ਦਾ ਇਲਾਜ ਕਰਨ ਲੱਗਾ। ਲੋਕੀ ਭੈ-ਭੀਤ ਹੋ ਕੇ ਆਪਣੇ-ਆਪਣੇ ਘਰਾਂ ਨੂੰ ਪਰਤ ਆਏ।
ਅੱਧੀ ਰਾਤ ਲੰਘੀ- ਰਾਂਝੇ ਨੇ ਪਿਛਲੀ ਕੰਧ ਵਿਚ ਮਘੋਰਾ ਕਰਕੇ ਬਾਹਰ ਵੇਖਿਆ- ਬਾਹਰ ਸਹਿਤੀ ਦਾ ਪ੍ਰੇਮੀ ਬਲੋਚ ਮੁਰਾਦ ਸਾਂਢਣੀ ਲਈ ਮਿਥੀ ਯੋਜਨਾ ਅਨੁਸਾਰ ਤਿਆਰ ਖੜ੍ਹਾ ਸੀ। ਸਹਿਤੀ, ਹੀਰ ਅਤੇ ਜੋਗੀ ਇਸ ਮਘੋਰੇ ਰਾਹੀਂ ਬਾਹਰ ਨਿਕਲ਼ ਆਏ। ਹੀਰ ਰਾਂਝੇ ਨਾਲ਼ ਅਤੇ ਸਹਿਤੀ ਆਪਣੇ ਮੁਰਾਦ ਨਾਲ਼ ਓਥੋਂ ਨਸ ਟੁਰੇ।
ਸਵੇਰ ਹੋਈ। ਖੇੜੇ ਕੀ ਵੇਖਦੇ ਹਨ ਜੋਗੀ ਨਣਦ ਭਰਜਾਈ ਨੂੰ ਲੈ ਕੇ ਤਿੱਤਰ ਹੋ ਚੁੱਕਾ ਸੀ। ਉਹ ਦੋ ਵਾਹਰਾਂ ਬਣਾ ਕੇ ਉਨ੍ਹਾਂ ਪਿੱਛੇ ਭੱਜੇ। ਮੁਰਾਦ ਅਤੇ ਸਹਿਤੀ ਦੂਰ ਜਾ ਚੁੱਕੇ ਸਨ ਉਹ ਉਨ੍ਹਾਂ ਦੇ ਹੱਥ ਨਾ ਲੱਗੇ ਪਰੰਤੂ ਹੀਰ ਰਾਂਝੇ ਨੂੰ ਉਨ੍ਹਾਂ ਨਾਹੜਾਂ ਦੇ ਇਲਾਕੇ ਵਿਚ ਜਾ ਘੇਰਿਆ। ਨਾਹੜਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਖੇੜਿਆਂ ਸਮੇਤ ਆਪਣੇ ਇਲਾਕੇ ਦੇ ਹਾਕਮ ਕੋਲ਼ ਇਨਸਾਫ਼ ਲਈ ਕੋਟਕਬੂਲੇ ਭੇਜ ਦਿੱਤਾ।
ਖੇੜਿਆਂ ਆਖਿਆ, "ਇਹ ਜੋਗੀ ਸਾਡੀ ਵਹੁਟੀ ਨੂੰ ਉਧਾਲ ਲਿਆਇਆ ਹੈ। ਇਹ ਇਹਦਾ ਇਲਾਜ ਕਰ ਰਿਹਾ ਸੀ।"
ਰਾਂਝੇ ਆਪਣਾ ਹੱਕ ਜਤਾਇਆ, "ਇਹ ਝੂਠ ਮਾਰਦੇ ਹਨ, ਇਹ ਹੀਰ ਮੇਰੀ ਏ ਬੇਸ਼ਕ ਹੀਰ ਤੋਂ ਪੁੱਛ ਵੇਖੋ।"
ਹੀਰ ਨੇ ਆਪਣੀ ਰਜ਼ਾਮੰਦੀ ਵਿਚ ਸਿਰ ਝੁਕਾ ਦਿੱਤਾ।
ਪਰੰਤੂ ਹਾਕਮ ਨੇ ਫ਼ੈਸਲਾ ਖੇੜਿਆਂ ਦੇ ਹੱਕ ਵਿਚ ਦੇ ਦਿੱਤਾ। ਹੀਰ ਰਾਂਝੇ ਪਾਸੋਂ ਖੋਹ ਲਈ ਗਈ! ਕਰਨੀ ਕੁਦਰਤ ਦੀ ਅਚਾਨਕ ਕੋਟਕਬੂਲੇ ਸ਼ਹਿਰ ਨੂੰ ਅੱਗ ਲੱਗ ਗਈ। ਲੋਕਾਂ ਜਾਤਾ ਕਿ ਇਹ ਹੀਰ ਰਾਂਝੇ ਦੀ ਬਦਅਸੀਸ ਦਾ ਫ਼ਲ ਹੈ। ਇਸ ਤਰ੍ਹਾਂ ਹਾਕਮ ਨੇ ਰਾਂਝੇ ਨੂੰ ਸੱਚਾ ਜਾਣ ਕੇ ਹੀਰ ਖੇੜਿਆਂ ਪਾਸੋਂ ਦੋਬਾਰਾ ਖੋਹ ਕੇ ਰਾਂਝੇ ਦੇ ਹਵਾਲੇ ਕਰ ਦਿੱਤੀ।
ਹੀਰ ਰਾਂਝਾ ਕਈ ਦਿਨਾਂ ਮਗਰੋਂ ਘੁੰਮਦੇ-ਘੁਮਾਂਦੇ ਝੰਗ ਦੇ ਪੱਤਣ 'ਤੇ ਪੁੱਜ ਗਏ। ਕਿਸੇ ਨੇ ਚੂਚਕ ਨੂੰ ਜਾ ਦੱਸਿਆ ਕਿ ਹੀਰ ਰਾਂਝਾ ਪੱਤਣ 'ਤੇ ਬੈਠੇ ਨੇ। ਉਹ ਉਨ੍ਹਾਂ ਨੂੰ ਘਰ ਲੈ ਆਇਆ। ਉਪਰੋਂ ਚੂਚਕ ਬਹੁਤ ਖ਼ੁਸ਼ ਹੋਇਆ। ਪਰੰਤੂ ਅੰਦਰੋਂ ਉਹ ਨਮੋਸ਼ੀ ਦਾ ਮਾਰਿਆ ਪਿਆ ਸੀ। ਉਸ ਰਾਂਝੇ ਦੀ ਬੜੀ ਖ਼ਾਤਰਦਾਰੀ ਕੀਤੀ। ਰਾਂਝੇ ਹੁਣ ਮੁੰਦਰਾਂ ਲਾਹ ਦਿੱਤੀਆਂ। ਜਟਾਂ ਕਟਵਾ ਕੇ ਮੁੜ ਧੀਦੋ ਰਾਂਝਾ ਬਣ ਬੈਠਾ। ਕਈ ਯਾਰ ਬੇਲੀ ਉਹਨੂੰ ਮਿਲਣ ਲਈ ਚੂਚਕ ਦੇ ਘਰ ਆਏ। ਹੀਰ ਦੀਆਂ ਸਹੇਲੀਆਂ ਵੀ ਖ਼ੁਸ਼ੀ ਨਾਲ਼ ਨੱਚਦੀਆਂ ਪਈਆਂ ਸਨ। ਰਾਂਝੇ ਦੀ ਵੰਝਲੀ ਮੁੜ ਮਿੱਠੀਆਂ ਤਰਾਨਾਂ ਛੇੜ ਦਿੱਤੀਆਂ। ਰੋਟੀ ਟੁੱਕਰ ਖਾਣ ਮਗਰੋਂ ਚੂਚਕ ਨੇ ਰਾਂਝੇ ਨੂੰ ਆਖਿਆ, "ਪੁੱਤਰ ਰਾਂਝਿਆ, ਤੂੰ ਸਾਨੂੰ ਖ਼ਿਮਾ ਕਰ ਦੇ। ਅਸੀਂ ਹੀਰ ਨੂੰ ਤੇਰੇ ਨਾਲ਼ ਨਾ ਵਿਆਹ ਕੇ ਤੇਰੇ ਨਾਲ਼ ਬੜਾ ਅਨਿਆਂ ਕੀਤਾ ਸੀ। ਤੂੰ ਹੁਣ ਛੇਤੀ ਤੋਂ ਛੇਤੀ ਤਖ਼ਤ ਹਜ਼ਾਰੇ ਜਾਹ ਤੇ ਜੰਞ ਚੜ੍ਹਾ ਕੇ ਹੀਰ ਨੂੰ ਸ਼ਗਨਾਂ ਨਾਲ਼ ਵਿਆਹ ਕੇ ਲੈ ਜਾ।"
ਰਾਂਝਾ ਦੂਜੇ ਦਿਨ ਸਵੇਰੇ ਸਾਝਰੇ ਹੀ ਜੰਝ ਲੈਣ ਲਈ ਤਖ਼ਤ ਹਜ਼ਾਰੇ ਦੇ ਰਾਹ ਪੈ ਗਿਆ। ਉਹ ਸੋਚਦਾ ਪਿਆ ਸੀ ਕਿ ਉਹ ਹੁਣ ਆਪਣੀਆਂ ਭਾਬੀਆਂ ਦੇ ਮਾਰੇ ਹੋਏ ਤਾਹਨੇ ਨੂੰ ਪੂਰਾ ਕਰੇਗਾ।
ਤੀਜੇ ਦਿਨ ਰਾਂਝਾ ਸਿਹਰੇ ਬੰਨ੍ਹੀਂ ਜੰਵ ਸਮੇਤ ਝੰਗ ਸਿਆਲਾਂ ਨੂੰ ਚੱਲ ਪਿਆ। ਜਦ ਉਹ ਪਿੰਡ ਦੀ ਜੂਹ ਵਿਚ ਪੁੱਜਾ ਤਾਂ ਰਾਂਝੇ ਦਾ ਇਕ ਜਾਣੂੰ ਮੱਝਾਂ ਚਰਾਂਦਾ ਚਰਾਂਦਾ ਜੰਵ ਪਾਸ ਪੁੱਜਾ ਤੇ ਰਾਂਝੇ ਨੂੰ ਗਲਵਕੜੀ ਪਾ ਕੇ ਰੋਣ ਲੱਗਾ, "ਰਾਂਝਿਆ ਔਹ ਵੇਖਦਾ ਪਿਆ ਏਂ ਸਜਰੀ ਕਬਰ। ਇਹ ਤੇਰੀ ਹੀਰ ਦੀ ਕਬਰ ਏ। ਹੀਰ ਦੇ ਮਾਪਿਆਂ ਨੇ ਉਹਨੂੰ ਜ਼ਹਿਰ ਦੇ ਕੇ ਮਾਰ ਦਿੱਤੈ।" ਉਹਨੇ ਨਵੀਂ ਬਣੀ ਕਬਰ ਵੱਲ ਇਸ਼ਾਰਾ ਕਰਕੇ ਆਖਿਆ।
ਰਾਂਝੇ ਨੇ ਇਹ ਸੁਣਦੇ ਸਾਰ ਹੀ ਭੁੱਬ ਮਾਰੀ ਤੇ ਹੀਰ ਦੀ ਕਬਰ 'ਤੇ ਟੱਕਰਾਂ ਮਾਰ ਮਾਰ ਜਾਨ ਦੇ ਦਿੱਤੀ।
ਜਾਂਞੀਆਂ ਨੇ ਕਬਰ ਨੂੰ ਮੁੜ ਖੋਲ੍ਹਿਆ ਤੇ ਰਾਂਝੇ ਨੂੰ ਵੀ ਉਸੇ ਕਬਰ ਵਿਚ ਦਫ਼ਨਾ ਦਿੱਤਾ।
ਜੰਞ ਉਦਾਸ-ਉਦਾਸ ਤਖ਼ਤ ਹਜ਼ਾਰੇ ਨੂੰ ਪਰਤ ਆਈ। ਬੇਲਾ ਸੁੰਨਾ ਪਿਆ ਸੀ...

.