ਦੁਖ ਭੰਜਨੀ ਸਾਹਿਬ/ਭੂਮਿਕਾ

ਵਿਕੀਸਰੋਤ ਤੋਂ

ਭੂਮਿਕਾ

"ਨਾਮ ਬਿਨਾ ਜਗੁ ਰੋਗਿ ਬਿਆਪਿਆ

ਦੁਬਿਧਾ ਡੁਬਿ ਡੁਬਿ ਮਰੀਐ॥"

ਇਸ ਸੰਸਾਰ ਦੇ ਅੰਦਰ ਕੌਣ ਕਹਿ ਸਕਦਾ ਹੈ ਕਿ ਮੈਂ ਪੂਰਨ ਸੁਖੀ ਹਾਂ, ਕੋਈ ਨਾ ਕੋਈ ਦੁਖ ਅਵਸ਼-ਮੇਵ ਬਣਿਆ ਹੀ ਰਹਿੰਦਾ ਹੈ। ਹਾਂ! ਉਹ ਪੁਰਸ਼ ਆਪਣੇ ਆਪ ਨੂੰ ਠੀਕ ਸੁਖੀ ਆਖ ਸਕਦਾ ਹੈ, ਜਿਸ ਨੂੰ ਵਾਹਿਗੁਰੂ-ਨਾਮ ਦੀ ਟੇਕ ਤੇ ਆਸਰਾ ਹੈ। 'ਸੋ ਸੁਖੀਆ ਜਿਸ ਨਾਮ ਆਧਾਰ॥' ਦੁੱਖ ਦੀ ਨਵਿਰਤੀ ਦਾ ਉਪਾਵ ਕਰਨਾ ਮਨੁੱਖ ਦਾ ਯੋਗ ਕਰਤੱਵਯ ਹੈ, ਪਰ ਸੁਖ ਦਾਤਾ ਵਾਹਿਗੁਰੂ ਤੋਂ ਬੇਮੁਖ ਹੋਕੇ ਤੇ ਆਪਣੇ ਧਰਮ ਤੋਂ ਭੀ ਪਤਿਤ ਹੋਕੇ ਦੁਖ ਨਵਿਰਤੀ ਦਾ ਉਪਾਵ ਕਰਨਾ ਇਹ ਤਾਂ ਦੁੱਖਾਂ ਨੂੰ ਆਪ ਹੀ ਅਵਾਜ਼ਾਂ ਮਾਰਨੀਆਂ ਹਨ। ਅਨੇਕਾਂ ਮਾਵਾਂ, ਭੈਣਾਂ ਆਪਣੇ ਬੱਚੇ ਦੇ ਬੀਮਾਰ ਹੋਣ ਪੁਰ ਭੂਤਾਂ ਪ੍ਰੇਤਾਂ ਦੇ ਮੰਤਰ ਜਾਦੂ ਟੂਣੇ ਕਰਕੇ ਸੁਖ ਦੀ ਬਜਾਏ ਦੁੱਖ ਵਧਾਉਂਦੀਆਂ ਹਨ। ਪਰ ਜੋ ਸੱਚੇ ਵੈਦ ਪੂਰਨ ਸਤਿਗੁਰਾਂ ਨੇ ਸੁਖ ਸ਼ਾਂਤੀ ਦਾ ਉਪਾਵ ਦੱਸਿਆ ਹੈ ਤੇ ਆਪ ਵੀ ਵਰਤਿਆ, ਉਹ ਇਸ ਗੁਟਕੇ ਵਿਚ ਸਪੱਸ਼ਟ ਹੈ। ਜਿਸ ਮਾਤਾ ਜਾਂ ਭੈਣ ਦਾ ਬੱਚਾ ਬੀਮਾਰ ਹੋਵੇ ਉਹ ਆਪਣੇ

ਬੱਚੇ ਨੂੰ ਇਸਦਾ ਸਮੂਹ ਪਾਠ ਰੋਜ਼ ਨਿਤਨੇਮ ਨਾਲ ਸੁਣਾਏ, ਬੱਚੇ ਦੀਆਂ ਸਭ ਬਲਾਵਾਂ ਦੂਰ ਹੋ ਜਾਣਗੀਆਂ। ਸੋ ਅਸਾਂ ਨੇ ਸੁਖਦਾਇਕ ਪੂਰਨ ਸਾਧਨ ਸਮਝ ਕੇ ਇਹ ਸੁਖ ਰੂਪ ਬਾਣੀ ਦਾ ਗੁਟਕਾ ਪ੍ਰੇਮੀ ਸੱਜਣਾਂ ਦੇ ਲਾਭ ਹਿਤ ਛਪਵਾ ਕੇ ਪ੍ਰਕਾਸ਼ਤ ਕੀਤਾ ਹੈ, ਜਿਸ ਮਾਈ ਭਾਈ ਨੂੰ ਲੋੜ ਹੋਵੇ ਉਹ ਸਾਥੋਂ ਮੰਗਵਾ ਸਕਦਾ ਹੈ।

ਸਾਧ ਸੰਗਤ ਦਾ ਦਾਸ——
ਨਿਸਚਲ ਸਿੰਘ 'ਸੇਵਾ ਪੰਥੀ'