ਸਮੱਗਰੀ 'ਤੇ ਜਾਓ

ਨਵਾਂ ਜਹਾਨ/ਅਰਸ਼ੀ ਕਿਣਕਾ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਅਰਸ਼ੀ ਕਿਣਕਾ

ਜੇ ਵੱਸ ਮੇਰੇ ਵਿਚ ਹੁੰਦਾ,
ਭੁਲ ਕੇ ਭੀ ਛਾਲ ਨ ਮਾਰਦਾ।

੧.ਠੰਢਕ ਦਾ ਨਿਰਮਲ ਕਿਣਕਾ,
ਅਰਸ਼ਾਂ ਵਿੱਚ ਵੱਸਣ ਵਾਲਾ।
ਮਾਸੂਮ ਅਞਾਣੇ ਵਰਗਾ,
ਨਿਰਛਲ ਤੇ ਭੋਲਾ ਭਾਲਾ।
ਮੈਂ ਮੌਜਾਂ ਮਾਣ ਰਿਹਾ ਸਾਂ,
ਅਪਣੀ ਮਦ ਵਿੱਚ ਮਸਤਾਨਾ,
ਛਡ ਅਗਾਂਹ ਪਿਛਾਂਹ ਦੀ ਚਿੰਤਾ,
ਗਾਂਦਾ ਸਾਂ ਪ੍ਰੇਮ-ਤਰਾਨਾ।
ਨਾ ਜਾਗ ਰਿਹਾ ਸਾਂ ਪੂਰਾ,
ਨਾ ਬੇਸੁਰਤੀ ਨੀਂਦਰ ਦੀ,
ਇਕ ਵਾ ਹੇਠਾਂ ਲੈ ਆਈ,
ਕੋਈ ਗੁਪਤ ਇਸ਼ਾਰੇ ਕਰਦੀ।
ਮੈਂ ਓਥੇ ਹੀ ਸਾਂ ਚੰਗਾ,
ਪਰ ਦਮ ਨਹੀਂ ਸੀ ਇਨਕਾਰ ਦਾ।

ਜੇ ਵੱਸ ਮੇਰੇ ਵਿਚ ਹੁੰਦਾ,
ਭੁਲ ਕੇ ਭੀ ਛਾਲ ਨ ਮਾਰਦਾ।

੨.ਮੈਂ ਵਾਂਗ ਫੁਹਾਰ ਉਤਰਿਆ,
ਪਰਬਤ ਤੇ ਆ ਕੇ ਢੱਠਾ।
ਕਈ ਹੋਰ ਕਰੋੜਾਂ ਉਤਰੇ,
ਇਕ ਤੋਦਾ ਹੋ ਗਿਆ ਕੱਠਾ।
ਸੂਰਜ ਨੇ ਸੁਟ ਸੁਟ ਕਿਰਣਾਂ,
ਉਸ ਤੋਦੇ ਨੂੰ ਪੰਘਰਾਇਆ।
ਚਸ਼ਮੇ ਦੀ ਸੂਰਤ ਬਦਲੀ,
ਝਰਨੇ ਦਾ ਰੂਪ ਵਟਾਇਆ।
ਨਾਲੇ ਤੋਂ ਨਦੀ ਚਲਾਈ,
ਮੈਦਾਨਾਂ ਵਿੱਚ ਵਿਛਾਇਆ।
ਸਾਗਰ ਵਿਚ ਧੱਕਾ ਦੇ ਕੇ,
ਮੁੜ ਕਰ ਕਰ ਭਾਫ ਉਡਾਇਆ।
ਮੈਂ ਭੰਵਿਆ ਲਖ ਲਖ ਵਾਰੀ,
ਹਰ ਵਾਰੀ ਕੀਤੀ ਧਾਈ,
ਸੱਧਰ ਸੀ ਦਿਲ ਵਿਚ ਭਾਰੀ,
ਮਿਲ ਜਾਵੇ ਉਹੋ ਉਚਾਈ।
ਪਰ ਪੈਰ ਮੇਰਾ ਬਣ ਭਾਰਾ,
ਹੇਠਾਂ ਹੀ ਗਿਆ ਨਿਘਾਰਦਾ।

ਜੇ ਵੱਸ ਮੇਰੇ ਵਿਚ ਹੁੰਦਾ,
ਭੁਲ ਕੇ ਭੀ ਛਾਲ ਨ ਮਾਰਦਾ।

੩. ਇਸ ਚੱਕਰ ਦੇ ਵਿਚ ਚਲਦਿਆਂ,
ਅੱਜ ਤੀਕ ਸਮਝ ਨਹੀਂ ਆਈ,
ਮੈਂ ਕਿਸਮਤ ਆਪ ਲਿਖਾਈ,
ਜਾਂ ਬਾਹਰੋਂ ਕਿਸੇ ਬਣਾਈ।
ਮੈਂ ਕੀ ਕਸੂਰ ਕਰ ਬੈਠਾ,
ਜਿਸ ਦਾ ਬਦਲਾ ਹੈ ਮਿਲਦਾ।
ਇਹ ਰੀਝ ਮੇਰੀ ਅਪਣੀ ਸੀ,
ਯਾ ਸ਼ੌਕ ਕਿਸੇ ਦੇ ਦਿਲ ਦਾ।
ਮੇਰੀ ਪਹਿਲੀ ਮਾਸੂਮੀ
ਕਿਉਂ ਮੈਥੋਂ ਖੁੱਸ ਗਈ ਹੈ ?
ਆਵਾ ਜਾਈ ਦੀ ਬਿਪਤਾ,
ਗਲ ਮੇਰੇ ਕਿਵੇਂ ਪਈ ਹੈ ?
ਮੈਂ ਪੁੰਨ ਪਾਪ ਤੋਂ ਨਿਆਰਾ,
ਹੋ ਗਿਆ ਕਿਸ ਤਰ੍ਹਾਂ ਦਾਗੀ?
ਕੀ ਕਾਲਖ ਮੂੰਹ ਤੇ ਮਲ ਕੇ,
ਮੈਂ ਅਪਣੀ ਸ਼ਾਨ ਤਿਆਗੀ।
ਮੇਰੇ ਮਨ ਦੀ ਸੀ ਮਰਜ਼ੀ,
ਜਾਂ ਭਾਣਾ ਸੀ ਕਰਤਾਰ ਦਾ।

ਜੇ ਵੱਸ ਮੇਰੇ ਵਿਚ ਹੁੰਦਾ,
ਭੁਲ ਕੇ ਭੀ ਛਾਲ ਨ ਮਾਰਦਾ।

੪. ਓ ਹੇਠ ਉਤਾਰਨ ਵਾਲੇ!
ਤੂੰ ਮਾਲਕ ਹੀ ਸਹੀ ਮੇਰਾ,
ਪਰ ਇਹ ਗੱਲ ਤੇ ਸਮਝਾ ਦੇ,
ਵਸ ਮੇਰਾ ਸੀ, ਜਾਂ ਤੇਰਾ ?
ਜਿਸ ਵਾ ਨੇ ਹੇਠ ਲਿਆਂਦਾ,
ਉਹ ਕਿਉਂ ਨਹੀਂ ਉਤਾਂਹ ਉਠਾਂਦੀ ?
ਉਹ ਸੈਨਤ ਸਿੱਧੀ ਹੋ ਕੇ,
ਕਿਉਂ ਰਸਤਾ ਨਹੀਂ ਵਿਖਾਂਦੀ ?
ਜੇ ਇਹ ਭੀ ਹੋ ਨਹੀਂ ਸਕਦਾ,
ਤਦ ਇਹ ਸੋਝੀ ਹੀ ਪਾ ਦੇ,
ਪਰਵਸ ਮਜਬੂਰਾਂ ਉੱਤੇ,
ਏਹ ਟੈਕਸ ਲਗ ਗਏ ਕਾਹਦੇ ?
ਏਹ ਪੋਪ, ਮਸੰਦ, ਮੁਲਾਣੇ,
ਕਿਉਂ ਮੇਰੇ ਮਗਰ ਲਗਾਏ ?
ਏਹ ਲਹੂ ਨਿਚੋੜਨ ਵਾਲੇ,
ਤੂੰ ਵਾਰਸ ਕਦੋਂ ਬਣਾਏ ?
ਮੈਂ ਅੱਕ ਗਿਆ ਮੂੰਹ ਰਖਦਾ,
ਇਸ ਤੇਰੇ ਦਾਵੇਦਾਰ ਦਾ।

ਜੇ ਵੱਸ ਮੇਰੇ ਵਿਚ ਹੁੰਦਾ,
ਭੁਲ ਕੇ ਭੀ ਛਾਲ ਨ ਮਾਰਦਾ।