ਨਵਾਂ ਜਹਾਨ/ਏਥੇ ਬੋਲਣ ਦੀ ਨਹੀਂ ਜਾਹ ਅੜਿਆ
ਦਿੱਖ
ਏਥੇ ਬੋਲਣ ਦੀ ਨਹੀਂ ਜਾਹ ਅੜਿਆ (ਕਾਫੀ)
੧.ਚੌੜਾ ਦਰਯਾ, ਡੂੰਘਾ ਪਾਣੀ,
ਰਾਤ ਹਨੇਰੀ, ਘੁੰਮਣਵਾਣੀ,
ਬੇੜੀ ਛੇਕੋ ਛੇਕ ਪੁਰਾਣੀ
ਰਿਸ਼ਵਤ ਖੋਰ ਮਲਾਹ ਅੜਿਆ।
੨.ਜੀਭ ਤੇ ਜੰਦਰਾ, ਪੈਰੀਂ ਬੇੜੀ,
ਸੱਚ ਆਖਣ ਦੀ ਵਾਹ ਨ ਮੇਰੀ,
ਦਾਵੇਦਾਰਾਂ ਦੇ ਹੱਥ ਮਿਸਲਾਂ,
ਹਾਕਮ ਬੇਪਰਵਾਹ ਅੜਿਆ।
੩.ਰਬ ਦੀ ਹੁਰਮਤ ਦੇ ਰਖਵਾਲੇ,
ਛੁਰਿਆਂ ਤੇ ਕਿਰਪਾਨਾਂ ਵਾਲੇ,
ਫਤਵੇ ਸਾਂਭੀ ਫਿਰਨ ਦੁਆਲੇ,
ਸੁਕਿਆ ਰਹਿੰਦਾ ਏ ਸਾਹ ਅੜਿਆ।
੪.ਰਬ ਖ਼ਬਰੇ ਮੈਨੂੰ ਮਿਲ ਹੀ ਪੈਂਦਾ,
ਮਿੰਨਤ ਨਾਲ ਮਨਾ ਭੀ ਲੈਂਦਾ,
ਪਰ ਬੇਤਰਸ ਮਸੰਦ ਮਜਾਉਰ,
ਰੋਕੀ ਬੈਠੇ ਰਾਹ ਅੜਿਆ।
੫.ਹਮਸਾਏ ਦਾ ਮੋਢਾ ਫੜਕੇ,
ਕੀ ਹਾਸਲ ਸੁਰਗਾਂ ਵਿਚ ਵੜਕੇ,
ਅਪਣੇ ਪੈਰੀਂ ਤੋੜ ਚੜ੍ਹਨ ਦੀ,
ਦਿਲ ਵਿਚ ਰਹਿੰਦੀ ਏ ਚਾਹ ਅੜਿਆ।