ਸਮੱਗਰੀ 'ਤੇ ਜਾਓ

ਨਵਾਂ ਜਹਾਨ/ਦਿਲ ਦੀ ਸੱਧਰ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਦਿਲ ਦੀ ਸੱਧਰ.

ਦਿਲ ਕਰਦਾ ਏ, ਮੈਂ ਸੋਹਣੀ ਹੋਵਾਂ।
ਜਿਨ੍ਹਾਂ ਸਖੀਆਂ ਲਾਲ ਰਿਝਾਏ,
ਜਾ ਉਹਨਾਂ ਦੇ ਨਾਲ ਖਲੋਵਾਂ।
੧.ਬਣਾਂ ਪੁਜਾਰਨ, ਅਲਫੀ ਪਾ ਕੇ,
ਪੂਜਣ ਜਾਵਾਂ, ਥਾਲ ਸਜਾ ਕੇ,
ਪ੍ਰੇਮ-ਗਲੀ ਵਿਚ, ਲਿਟਾਂ ਖਿੰਡਾ ਕੇ,
ਨਾਲੇ ਗਾਵਾਂ, ਨਾਲੇ ਰੋਵਾਂ।
ਦਿਲ ਕਰਦਾ ਏ, ਮੈਂ ਸੋਹਣੀ ਹੋਵਾਂ।
੨.ਬਾਹਰੋਂ ਉਜਲੀ, ਅੰਦਰੋਂ ਕਾਲੀ,
ਚੱਜ ਵਿਹੂਣੀ, ਪੱਲਿਓਂ ਖ਼ਾਲੀ,
ਹੰਝੂ ਪਾ ਪਾ, ਸਾਬਣ ਲਾ ਲਾ,
ਚਿੱਕੜ ਭਰੀਆਂ ਕੰਨੀਆਂ ਧੋਵਾਂ।
ਦਿਲ ਕਰਦਾ ਏ, ਮੈਂ ਸੋਹਣੀ ਹੋਵਾਂ।
੩.ਹਿੰਮਤ ਥੋੜੀ, ਪੰਧ ਲੰਮੇਰਾ,
ਪਤਾ ਨਹੀਂ, ਕੀ ਬਣਸੀ ਮੇਰਾ,
ਪਰ ਆਸ਼ਾ ਦੀ ਤਾਰ ਸੰਭਾਲੀ,
ਘੜੀਆਂ ਗਿਣ ਗਿਣ ਹਾਰ ਪਰੋਵਾਂ।
ਦਿਲ ਕਰਦਾ ਏ, ਮੈਂ ਸੋਹਣੀ ਹੋਵਾਂ।