ਸਮੱਗਰੀ 'ਤੇ ਜਾਓ

ਨਵਾਂ ਜਹਾਨ/ਮਾਤ ਭੂਮੀ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਮਾਤ ਭੂਮੀ.

ਗ਼ਜ਼ਲ।


ਗ਼ੁਲਾਮ ਜਨਿਤਾ ਦੀ ਮਾਤ ਭੂਮੀ!

ਨਿਰਾਸ ਨ ਹੋ ਨ ਕੰਬ ਥਰ ਥਰ।


ਲਹੂ ਪਿਆ ਕੇ ਨ ਪਾਲ ਚਿੰਤਾ,

ਨ ਨੈਣ ਭਰ ਭਰ ਕੇ ਜੀ ਬੁਰਾ ਕਰ।


ਬਿਤਰਸ ਹੁੰਦੇ ਨੇ ਬੁੱਤ ਹਮੇਸ਼ਾਂ,

ਤੂੰ ਪੱਥਰਾਂ ਤੋਂ ਉਮੈਦ ਨ ਰਖ,


ਤੂੰ ਉਠ ਖੜੀ ਹੋ, ਇਰਾਦਾ ਕਰ ਕੇ,

ਤੇ ਆਪ ਬਣ ਕੇ ਵਿਖਾਲ ਬੁਤਗਰ।


ਤੂੰ ਜਿਸ ਸਤਾਰੇ ਦੀ ਲੋ ਨੂੰ ਤਰਸੇਂ,

ਓ ਚੜ੍ਹ ਚੁਕਾ ਹੈ ਬੜੇ ਚਿਰਾਂ ਦਾ,


ਤੂੰ ਜਿਸ ਅਗਨ ਦੀ ਤਲਾਸ਼ ਵਿਚ ਹੈਂ,

ਓ ਜਗ ਰਹੀ ਹੈ ਤੇਰੇ ਹੀ ਅੰਦਰ।


ਪਰਾਏ ਪੁਤ੍ਰਾਂ ਦਾ ਕੀ ਭਰੋਸਾ,

ਪਰਾਈ ਛਾਹ ਤੇ ਮੁਨਾ ਨ ਝਾਟਾ,


ਤੂੰ ਅਪਨੀ ਔਲਾਦ ਚੋਂ ਖੜੇ ਕਰ-
ਖਮੋਸ਼ ਸੇਵਕ, ਬਿਗਰਜ਼ ਲੀਡਰ।

ਤੇਰੇ ਹੀ ਪੁਤ੍ਰਾਂ ਪੁਆਏ ਸੰਗਲ,

ਉਨ੍ਹਾਂ ਹੀ ਰਲ ਮਿਲ ਕੇ ਤੋੜਨੇ ਨੇਂ,


ਤੂੰ ਬੇਵਿਸਾਹੀ ਦਾ ਭੂਤ ਕਢ ਦੇ

ਤੇ ਏਕਤਾ ਦਾ ਪੜ੍ਹਾ ਦੇ ਮੰਤਰ।


ਦਲੇਰ, ਨਿਰਛਲ ਤੇ ਨੇਕ ਰਹਬਰ,

ਨਿਤਰ ਰਹੇ ਨੇ ਤਲੀ ਤੇ ਸਿਰ ਧਰ,


ਕਿ ਖਾ ਖਾ ਮਰਜੀਉੜਾ ਹੀ ਗੋਤੇ,

ਹੈ ਢੂੰਡਦਾ ਆਬਦਾਰ ਗੌਹਰ।


ਸ਼ਮਾਂ ਤੇ ਨਕਲੀ ਤੇ ਅਸਲ ਭੰਭਟ-

ਦੀ ਪਰਖ ਦਾ ਆ ਗਿਆ ਹੈ ਵੇਲਾ,


ਕਿ ਕੌਮੀ ਰਤਨਾਂ ਦੀ ਚੋਣ ਖਾਤਰ-
ਹੀ ਰਿੜਕਿਆ ਜਾ ਰਿਹਾ ਏ ਸਾਗਰ।