ਸਮੱਗਰੀ 'ਤੇ ਜਾਓ

ਨਵਾਂ ਜਹਾਨ/ਮੁਖ ਬੰਧ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
51112ਨਵਾਂ ਜਹਾਨ — ਮੁਖ ਬੰਧ1945ਧਨੀ ਰਾਮ ਚਾਤ੍ਰਿਕ
ਮੁਖ ਬੰਧ.

ਪੁਰਾਣੇ ਜਹਾਨ ਨੂੰ ਮੈਂ ਪੰਜਾਹ ਸਠ ਵਰਹੇ ਦੇਖਦਾ ਰਿਹਾ, ਇਸ ਪਿਛੋਂ ਨਵੇਂ ਜਹਾਨ ਦੀ ਖਿੱਚ ਨੇ ਪਿਛਲੇ ਪੰਜਾਂ ਛਿਆਂ ਸਾਲਾਂ ਵਿਚ ਜੋ ਖਿਆਲ ਪੈਦਾ ਕੀਤੇ, ਉਹ ਇਸ ਸੰਚੀ ਵਿਚ ਦਿੱਤੇ ਜਾ ਰਹੇ ਹਨ। ਮੇਰੇ ਜਜ਼ਬਾਤ ਨੂੰ ਜਿਸ ਚੀਜ਼ ਨੇ ਵਧੇਰੇ ਪੱਛਿਆ, ਉਹ ਨਿੱਤ ਦੀ ਗੁਲਾਮੀ ਹੈ। ਹਿੰਦੁਸਤਾਨ ਉਤੇ ਅੰਗਰੇਜ਼ ਦੀ ਗੁਲਾਮੀ ਤਾਂ ਸਿਰਫ ਡੇਢ ਸੌ ਸਾਲ ਤੋਂ ਸਵਾਰ ਹੈ, ਪਰ ਅਸਲ ਗੁਲਾਮੀ ਦਾ ਜਾਲ ਉਸ ਵੇਲੇ ਤੋਂ ਵਿਛਿਆ ਆ ਰਿਹਾ ਹੈ ਜਦੋਂ ਬੋਧ ਸਾਮਰਾਜ ਨੂੰ ਜਿੱਤ ਕੇ ਬ੍ਰਾਹਮਣੀ ਤਾਕਤ ਨੇ ਇਥੋਂ ਦੀ ਜਨਿਤਾ ਨੂੰ ਸਚਾਈ ਦੇ ਗ੍ਯਾਨ ਤੋਂ ਵੰਚਿਤ ਕਰ ਦਿੱਤਾ ਸੀ। ਉਨ੍ਹਾਂ ਨੇ ਆਪਣੀ ਸੰਸਕ੍ਰਿਤ ਨੂੰ ਅਪਣੇ ਕਬਜ਼ੇ ਵਿਚ ਰਖਿਆ, ਤੇ ਬਾਕੀ ਜਾਤੀਆਂ ਪਾਸੋਂ ਉਹੋ ਕਰਮ ਕਾਂਡ ਚਲਵਾਇਆ, ਜਿਸ ਨਾਲ ਉਨਾਂ ਦਾ ਮਨਸ਼ਾ ਪੂਰਾ ਹੁੰਦਾ ਸੀ ਤੇ ਹਕੂਮਤ ਦੀਆਂ ਜੜ੍ਹਾਂ ਪੱਕੀਆਂ ਹੁੰਦੀਆਂ ਸਨ। ਅੰਧੇਰੇ ਵਿਚ ਰਖਣ ਦਾ ਸਭ ਤੋਂ ਵੱਡਾ ਸਟੰਟ ਸੁਅਰਗ ਤੇ ਨਰਕ ਦੀ ਕਲਪਨਾ ਸੀ। ਇਸ ਦੇ ਨਾਲ ਧਰਮ ਰਾਜ ਦੀ ਕਚਹਿਰੀ, ਚਿਤ੍ਰ ਗੁਪਤ ਦੀ ਕਰਮ ਪਤ੍ਰੀ, ਮਰਨ ਦੇ ਬਾਦ ਦਾ ਕਿਰਿਆ ਕਰਮ, ਸ਼ਰਾਧ ਦੇ ਵਾਸਤੇ ਪਾਣੀ ਦੇਣ ਵਾਲੇ ਪੁਤ੍ਰ ਦੀ ਲੋੜ ਆਦਿਕ ਕਈ ਫਰਜ਼ ਜੜ ਦਿਤੇ ਗਏ। ਗਲ ਕੀ ਜੰਮਣ ਤੋਂ ਤਿੰਨ ਮਹੀਨੇ ਪਹਿਲੇ ਤੋਂ ਸ਼ੁਰੂ ਹੋ ਕੇ, ਸਾਰੀ ਉਮਰ, ਤੇ ਮਰਨ ਤੋਂ ਬਾਦ ਪੋਤ੍ਰੇ ਦੀ ਮੌਤ ਤਕ ਟੈਕਸਾਂ ਦਾ ਸਿਲਸਿਲਾ ਜਾਰੀ ਰਹਿੰਦਾ ਹੈ।

ਇਸੇ ਸਿਲਸਿਲੇ ਦਾ ਦੂਸਰਾ ਸਟੰਟ ਮੁਕਤੀ ਦਾ ਸਵਾਲ ਹੈ।

ਸੁਰਗ ਨਰਕ ਤਾਂ ਭਲੇ ਬੁਰੇ ਕਰਮਾਂ ਦਾ ਫਲ ਹੁੰਦਾ ਹੈ ਪਰ ਮੁਕਤੀ ਜਾਂ ਸਦਗਤੀ ਗਿਆਨ ਦੀ ਮੁਹਤਾਜ ਹੈ ਅਤੇ ਗਿਆਨ ਬਿਨਾਂ ਗੁਰੂ ਦੇ ਅਸੰਭਵ ਮੰਨਿਆ ਗਿਆ ਹੈ। ਨਿਗੁਰੇ ਦੀ ਗਤੀ ਹੋ ਹੀ ਨਹੀਂ ਸਕਦੀ। ਗੁਰੂ ਦੀ ਨਿਗਾਹ ਪੈਂਦਿਆਂ ਹੀ ਜਨਮ ਜਨਮਾਂਤ੍ਰਾਂ ਦੇ ਪਾਪ ਧੋਤੇ ਜਾਂਦੇ ਹਨ। ਗੁਰੂ ਰਬ ਅਤੇ ਬੰਦੇ ਦੇ ਵਿਚਕਾਰ ਇਕ ਪੁਲ ਹੈ, ਜਿਸ ਨਾਲ ਸੰਸਾਰ ਸਾਗਰ ਨੂੰ ਪਾਰ ਕੀਤਾ ਜਾ ਸਕਦਾ ਹੈ। ਮਠਾਂ ਦੇ ਮਹੰਤ, ਗੁਸਾਈਂ, ਪਰਮ ਹੰਸ, ਬਾਬਾ ਜੀ, ਅਖਾੜਿਆਂ ਤੇ ਜਾਗੀਰਾਂ ਦੇ ਮਾਲਕ ਗੱਦੀਆਂ ਉੱਤੇ ਕਬਜ਼ਾ ਜਮਾਈ ਬੈਠੇ ਹਨ। ਵੈਸ਼ਨਵ, ਜੈਨ, ਰਾਧਾ ਸ੍ਵਾਮੀ ਮਠਾਂ ਵਿਚ ਬੜਾ ਜ਼ੋਰ ਹੈ ਅਤੇ ਦਖਣ ਵਿਚ ਜਗਤ ਗੁਰੂ ਸ੍ਵਾਮੀ ਸ਼ੰਕਰਾਚਾਰਯ ਦਾ ਬਹੁਤ ਬੜਾ ਮਠ ਹੈ ਜਿਸ ਨਾਲ ਲਖਾਂ ਕਰੋੜਾਂ ਦੀ ਵਕਫ ਜਾਇਦਾਦ ਹੈ ਇਸ ਨੂੰ ਉਹੋ ਮਾਣ ਪ੍ਰਾਪਤ ਹੈ ਜੋ ਯੂਰਪ ਵਿਚ ਪੋਪ ਆਫ ਰੋਮ ਨੂੰ ਹਾਸਲ ਹੈ। ਪੰਜਾਬ ਵਿਚ ਭੀ ਇਨ੍ਹਾਂ ਦੀਆਂ ਸ਼ਾਖਾਂ ਹਨ। ਕਈ ਗੱਦੀਦਾਰ ਐਸੇ ਹਨ ਜੋ ਆਪਣੇ ਬਜ਼ੁਰਗਾਂ ਦੀ ਮਾਰੀ ਹੋਈ ਤੇਗ ਦਾ ਫਲ ਖਾ ਰਹੇ ਹਨ। ਬੇਦੀ ਅਤੇ ਭੱਲੇ ਗੁਰੂ ਖਾਸ ਤੌਰ ਤੇ ਮਸ਼ਹੂਰ ਹਨ। ਮੇਰੇ ਬਜ਼ੁਰਗਾਂ ਨੇ ਭੀ ਬੇਦੀ ਬਾਵਿਆਂ ਨੂੰ ਗੁਰੂ ਮੰਨਿਆ ਹੋਇਆ ਸੀ। ਇਕ ਇਕ ਗੁਰੂ ਨਾਲ ਹਜ਼ਾਰਹਾ ਚੇਲੇ ਹੁੰਦੇ ਹਨ। ਏਹ ਲੋਕ ਹਰ ਸਾਲ ਸਿਖੀ ਸੇਵਕੀ ਵਿਚ ਦੌਰਾ ਕਰ ਕੇ ਕਾਰ ਭੇਟ ਕਠੀ ਕਰ ਲਿਜਾਂਦੇ ਹਨ ਤੇ ਘਰ ਬੈਠੇ ਆਨੰਦ ਮਾਣਦੇ ਹਨ। ਮੇਰੇ ਪਾਸ ਇਕ ਬੇਦੀ ਬਾਬਾ ਕਾਰ ਭੇਟ ਲੈਣ ਆਯਾ, ਸ਼ਰਾਬੀ, ਜੁਆਰੀਆ ਤੇ ਪੱਕਾ ਗੁੰਡਾ ਸੀ ਮੈਂ ਇਕ ਦੋ ਸਵਾਲ ਕਰ ਬੈਠਾ, ਜਵਾਬ ਮਿਲਿਆ "ਗੁਰ ਕਹਿਆ ਸਾ ਕਾਰ ਕਮਾਵਉ॥ ਗੁਰ ਕੀ ਕਰਨੀ ਕਾਹੇ ਧਾਵਉ॥"ਮੁੜ ਕੇ ਉਹ ਮੇਰੇ ਪਾਸ ਕਦੇ ਨਹੀਂ ਆਇਆ।

ਇਨ੍ਹਾਂ ਸੰਤਾਂ ਮਹੰਤਾਂ, ਗੁਰੂਆਂ ਗੁਸਾਈਆਂ ਦੀ ਪੂਜਾ ਐਨੀ

ਸ਼ਰਧਾ ਨਾਲ ਹੁੰਦੀ ਹੈ, ਮਾਨੋਂ ਕਿ ਓਹ ਪਰਮੇਸ਼ਰ ਦਾ ਪਰਤੱਖ ਰੂਪ ਹਨ। ਇਨ੍ਹਾਂ ਦੀ ਮਾਨਤਾ ਵਿਚ ਬਹੁਤ ਸਾਰਾ ਹਿੱਸਾ ਅਨਪੜ੍ਹ ਇਸਤ੍ਰੀਆਂ ਦਾ ਹੈ, ਜਿਨ੍ਹਾਂ ਨੂੰ ਮੁਕਤੀ, ਸ਼ੁਕਤੀ ਦਾ ਤਾਂ ਐਨਾ ਫਿਕਰ ਨਹੀਂ ਹੁੰਦਾ, ਪਰ ਔਲਾਦ ਦੇ ਵਾਸਤੇ ਮਾਰੀਆਂ ਮਾਰੀਆਂ ਫਿਰਦੀਆਂ ਹਨ । ਮਰਦਾਂ ਦੀ ਸਾਰੀ ਕਮਾਈ ਪੁਤ੍ਰ ਦੀ ਅਸ਼ੀਰਵਾਦ ਲੈਣ ਵਾਸਤੇ ਜਿਥੇ ਭੀ ਦੱਸ ਪਏ, ਝੋਕ ਦੇਂਦੀਆਂ ਹਨ । ਪਰ ਜਿਹੜੀਆਂ ਮਾਈਆਂ ਰੱਬ ਰਜਾਈਆਂ (ਥੋੜੀਆਂ ਸੁਹਾਗਣਾਂ ਤੇ ਬਾਕੀ ਸਭ ਵਿਧਵਾਵਾਂ) ਔਲਾਦ ਦੇ ਫਿਕਰ ਤੋਂ ਵਿਹਲੀਆਂ ਹੋ ਜਾਂਦੀਆਂ ਹਨ, ਓਹ ਆਪਣੀ ਇਕ ਵਖਰੀ ਗਿਆਨ ਗੋਦੜੀ ਬਣਾ ਕੇ ਇਨ੍ਹਾਂ ਮਠ ਧਾਰੀਆਂ ਦੀਆਂ ਚੇਲੀਆਂ ਬਣ ਜਾਂਦੀਆਂ ਹਨ ਅਤੇ ਅਪਣੇ ਪਰਲੋਕ ਵਾਸੀ ਮਰਦਾਂ ਦਾ ਧਨ ਜਿੰਨਾ ਭੀ ਕਾਬੂ ਆ ਜਾਵੇ, ਸਿੱਧਾ ਹਰਦੁਆਰ ਜਾਂ ਮਥਰਾ ਬਿੰਦਰਾ ਬਨ ਪਹੁੰਚਾ ਕੇ ਭਗਵਾਨ ਦੇ ਨਾਮ ਤੇ ਅਰਪਣ ਕਰ ਦੇਂਦੀਆਂ ਹਨ ਤੇ ਉਥੋਂ ਦੇ ਮਹੰਤਾਂ ਨੂੰ ਮੁਖਤਾਰ ਕੁਲ ਬਣਾ ਦੇਂਦੀਆਂ ਹਨ । ਜੋ ਕੁਝ ਪਰਮੇਸ਼ਰ ਅਰਪਣ ਹੋ ਗਿਆ, ਉਸ ਦਾ ਹਿਸਾਬ ਪੁਛਣ ਦੀ ਲੋੜ ਨਹੀਂ ।
ਦੇਸ਼ ਦਾ ਐਨਾ ਧਨ ਕੁਰਬਾਨ ਕਰ ਕੇ ਐਨੀ ਤਸੱਲੀ ਤਾਂ ਹੋ ਜਾਂਦੀ ਕਿ ਉਸ ਨੂੰ ਕਿਸੇ ਚੰਗੇ ਅਰਥ ਲਾਇਆ ਜਾਂਦਾ ਹੈ । ਪਰ ਦੁਖ ਦੀ ਗੱਲ ਇਹ ਹੈ, ਕਿ ਏਹ ਲੋਕ ਆਪਣੇ ਚਲਨ ਨੂੰ ਭੀ ਸੰਭਾਲ ਨਹੀਂ ਸਕਦੇ । ਤਸਵੀਰ ਦਾ ਉਪਰਲਾ ਪਾਸਾ ਬੜਾ ਰੋਸ਼ਨ ਤੇ ਪਿਛਲਾ ਪਾਸਾ ਬਿਲਕੁਲ ਸਿਆਹ । ਲੱਖਾਂ ਕਰੋੜਾਂ ਦੀ ਜਾਇਦਾਦ ਦੇ ਮਾਲਕ ਬਣ ਕੇ ਤੇ ਸ਼ਾਹਾਨਾ ਸ਼ਾਨ ਪਾ ਕੇ ਉਸ ਧਨ ਨੂੰ ਅੰਨ੍ਹੇ ਵਾਹ ਉਜਾੜਨਾ ਸ਼ੁਰੂ ਕਰ ਦੇਂਦੇ ਹਨ ਪਰ ਐਸੀ ਹੁਸ਼ਿਆਰੀ ਨਾਲ ਕਿ ਦੁਜੇ ਕੰਨ ਖਬਰ ਭੀ ਨਾ ਹੋਵੇ ।
ਜਿੰਨੇ ਭੀ ਦੇਸ਼ ਦੇ ਰੀਫਾਰਮਰ ਤੇ ਸੁਧਾਰਕ ਆਉਂਦੇ ਰਹੇ ਓਹ ਇਸੇ ਤਰਾਂ ਦੀ ਮੱਕਾਰੀ, ਦੰਭ ਅਤੇ ਪਾਖੰਡ ਨੂੰ ਨੰਗਾ ਕਰਨ ਦਾ ਜਤਨ ਕਰਦੇ ਰਹੇ। ਇਸ ਸੰਬੰਧ ਵਿਚ ਕਬੀਰ ਸਾਹਿਬ ਤੇ ਗੁਰੂ ਨਾਨਕ ਦਾ ਨਾਮ ਖਾਸ ਤੌਰ ਤੇ ਲਿਆ ਜਾ ਸਕਦਾ ਹੈ। ਐਸੇ ਲੋਕਾਂ ਦੀ ਕਰਤੂਤ ਓਨ੍ਹਾਂ ਨੇ ਬੜੀ ਦਲੇਰੀ ਨਾਲ ਜ਼ਾਹਰ ਕੀਤੀ। ਏਹ ਲੋਕ ਜੇ ਕਦੇ ਏਨੀ ਦਲੇਰੀ ਹੀ ਦਿਖਾ ਸਕਦੇ ਕਿ ਮਹਾਰਾਜ! ਕਲਜੁਗ ਦਾ ਜ਼ਮਾਨਾ ਹੈ, ਅਸੀ ਸ਼ਿਵ ਸ਼ੰਕਰ ਤਾਂ ਹੈ ਨਹੀਂ, ਕਿ ਕਾਮਦੇਵ ਨੂੰ ਭਸਮ ਕਰ ਸਕੀਏ, ਤਦ ਦੁਨੀਆ ਦੀ ਤਸੱਲੀ ਹੋ ਜਾਂਦੀ। ਓਹ ਅਰਾਮ ਨਾਲ ਗ੍ਰਹਸਥ ਮਾਰਗ ਵਿਚ ਦਾਖ਼ਲ ਹੋ ਜਾਂਦੇ ਤੇ ਆਪਣੀ ਪੂੰਜੀ ਬਚਿਆਂ ਦੇ ਹਵਾਲੇ ਕਰ ਜਾਂਦੇ ਪਰ ਫਿਕਰ ਓਨ੍ਹਾਂ ਨੂੰ ਇਹ ਹੈ, ਕਿ ਅਗੋਂ ਉਨ੍ਹਾਂ ਦੀ ਉਪਜੀਵਕਾ ਰੁਕ ਜਾਏਗੀ।
ਸਾਡੀ ਦਾਨ ਪ੍ਰਣਾਲੀ ਦੇ ਅਯੋਗ ਵਰਤਾਉ ਨਾਲ ਇਕ ਹੋਰ ਅਨ੍ਯਾਇ ਨਿਰਇਛਤ ਤ੍ਰੀਕੇ ਨਾਲ ਹੋ ਰਿਹਾ ਹੈ। ਹਰਦੁਆਰ ਮਥੁਰਾ ਬਿੰਦ੍ਰਾਬਨ ਆਦਿਕ ਤੀਰਥਾਂ ਉਤੇ ਲਖੋਖਾ ਭਿਖ ਮੰਗੇ ਲੋਕ ਯਾਤ੍ਰੀਆਂ ਦੀ ਹੌਸਲਾ ਅਫਜ਼ਾਈ ਨਾਲ ਵਧਦੇ ਜਾ ਰਹੇ ਹਨ। ਉਨ੍ਹਾਂ ਨੂੰ ਬਾਕਾਇਦਾ ਤੇ ਮਨਮਰਜ਼ੀ ਦੀ ਖੁਰਾਕ ਨਾ ਮਿਲਣ ਕਰ ਕੇ ਨਰੋਏ ਨਹੀਂ ਰਹਿੰਦੇ, ਸੂਰਤਾਂ ਕੋਝੀਆਂ ਤੇ ਔਲਾਦ ਵਿੰਗੀ, ਚਿੱਬੀ ਪੈਦਾ ਹੋ ਪੈਂਦੀ ਹੈ। ਆਲਸ ਦੇ ਮਾਰੇ, ਨਾ ਕੰਮ ਦੀ ਰੋਟੀ ਨਾ ਸੁਆਦ ਦਾ ਕਪੜਾ ਜੁੜਦਾ ਹੈ। ਮਿਹਨਤ ਕਰ ਕੇ ਕਮਾਉਣ ਦੀ ਰੀਝ ਹੀ ਮਰ ਗਈ ਹੈ। ਜੇ ਉਨ੍ਹਾਂ ਹੀ ਅਸਥਾਨਾਂ ਤੇ ਕੋਈ ਦਸਤਕਾਰੀ ਦੇ ਧਰਮ ਅਰਥ ਸਕੂਲ ਖੋਲੇ ਜਾਣ, ਜਾਂ ਕੋਈ ਲਾਭਦਾਇਕ ਇੰਡਸਟਰੀ ਜਾਰੀ ਕਰ ਦਿਤੀ ਜਾਵੇ ਤਾਂ ਇਹੋ ਲੋਕ ਕਮਾਊ ਕਿਰਤੀ ਬਣ ਕੇ ਦੇਸ਼ ਦੇ ਹੁਸਨ ਤੇ ਖੁਸ਼ਹਾਲੀ ਨੂੰ ਵਧਾ ਸਕਦੇ ਹਨ।
ਜੇ ਸਿਰਫ ਮਥੁਰਾ ਬਿੰਦ੍ਰਾਬਨ ਦਾ ਉਹ ਧਨ, ਜੋ ਠਾਕੁਰ ਜੀ ਦੇ ਭੋਗ ਵਾਸਤੇ ਮੁਸਤਕਿਲ ਜਾਗੀਰਾਂ ਦੀ ਸ਼ਕਲ ਵਿਚ ਪਬਲਿਕ ਅਤੇ ਹਿੰਦੂ ਰਜਵਾੜਿਆਂ ਵਲੋਂ ਵਕਫ ਕੀਤਾ ਹੋਇਆ ਹੈ, ਕਿਸੇ ਸੁਹਣੇ ਅਰਥ ਲਗਾਇਆ ਜਾਵੇ, ਤਾਂ ਬੜੇ ਦਾਵੇ ਨਾਲ ਕਿਹਾ ਜਾ ਸਕਦਾ ਹੈ, ਕਿ ਸਾਰੇ ਯੂ. ਪੀ. ਵਿਚ ਮੁਫਤ ਪ੍ਰਾਇਮਰੀ ਤਾਲੀਮ ਜਾਰੀ ਹੋ ਜਾਵੇ। ਇਸ ਧਨ ਨਾਲ ਬਨਾਰਸ ਦੀ ਹਿੰਦੂ ਯੂਨੀਵਰਸਟੀ ਤੋਂ ਭੀ ਵਡੇਰੀ ਯੂਨੀਵਰਸਟੀ ਚਲਾਈ ਜਾ ਸਕਦੀ ਹੈ।
ਹਿੰਦੂਆਂ ਦੀ ਪੁਰਾਤਨਤਾ ਪ੍ਰਸਤੀ ਦਾ ਦੁਖਦਾਈ ਪਹਿਲੂ ਸੂਰਜ ਗ੍ਰਹਣ ਤੇ ਚੰਦ੍ਰ ਗ੍ਰਹਣ ਦਾ ਸਵਾਲ ਹੈ। ਸੈਂਕੜੇ ਵਰਿਹਾਂ ਤੋਂ ਰਾਹੂ ਕੇਤੂ ਮਾਰ ਦਿਤੇ ਗਏ ਹਨ, ਸਕੂਲਾਂ ਦੇ ਨਿਕੇ ਨਿਕੇ ਬੱਚੇ ਮਾਂ ਨੂੰ ਇਨ੍ਹਾਂ ਗ੍ਰਹਣਾਂ ਦੀ ਅਸਲੀਅਤ ਸਮਝਾਂਦੇ ਹਨ ਪਰ ਜਦ ਭੀ ਮੌਕਾ ਆਵੇ ਕੁਰਖੇਤ੍ਰ ਆਦਿਕ ਤੀਰਥਾਂ ਤੇ ਕਰੋੜਹਾ ਰੁਪਏ ਰੇਲਾਂ ਦੇ ਭਾੜਿਆਂ ਵਿਚ ਉਜੜ ਜਾਂਦੇ ਤੇ ਹਜ਼ਾਰਹਾਂ ਬੰਦਿਆਂ ਦੀ ਜਾਨ ਭੀੜਾਂ ਵਿਚ ਮਿਧੀ ਜਾਂਦੀ ਹੈ। ਇਹੋ ਹਾਲ ਕੁੰਭਾਂ ਅਧਕੁੰਭੀ ਦਿਆਂ ਮੇਲਿਆਂ ਉਤੇ ਹੁੰਦਾ ਹੈ। ਗਲ ਕੀ ਅਜ ਤੋਂ ਚਾਰ ਪੰਜ ਹਜ਼ਾਰ ਵਰਹੇ ਦੇ ਪੁਰਾਣੇ ਵਿਸਵਾਸ ਅਜ ਤਕ ਸਾਡੇ ਗਲਾਂ ਨਾਲ ਚੰਬੜੇ ਹੋਏ ਹਨ, ਹਾਲਾਂ ਕੇ ਉਹ ਵੇਲਾ ਇਨਸਾਨੀ ਕਿਆਸਾਂ ਦੇ ਬਚਪਨ ਦਾ ਸੀ। ਇਸ ਵੇਲੇ ਦੁਨੀਆ ਬਹੁਤ ਅਗੇ ਨਿਕਲ ਆਈ ਹੈ, ਬਹਿਲਾਂ, ਰੱਥਾਂ ਤੇ ਟਪਰੀਆਂ ਦੇ ਯੁਗ ਤੋਂ ਲੰਘ ਕੇ ਅਸੀਂ ਰੇਲਾਂ ਤੇ ਹਵਾਈ ਜਹਾਜਾਂ ਤੇ ਵਡੇ ਵਡੇ ਮਹੱਲਾਂ ਵਾਲੇ ਯੁਗ ਵਿਚ ਪਹੁੰਚ ਗਏ ਹਾਂ। ਫਾਸਲੇ ਐਨੇ ਘਟ ਗਏ ਹਨ ਕਿ ਤਾਰ, ਬੇਤਾਰ ਟੈਲੀਫੋਨ ਤੇ ਰੈਡੀਓ ਨਾਲ ਪਲ ਪਲ ਦੀ ਖਬਰ ਆ ਜਾਂਦੀ ਹੈ। ਟੈਲੀਵੀਯਨ ਦੀ ਉਡੀਕ ਹੋ ਰਹੀ ਹੈ, ਜਿਸ ਨਾਲ ਹਜ਼ਾਰਾਂ ਮੀਲਾਂ ਤੇ ਬੈਠੇ ਦੋ ਆਦਮੀ ਸੈਨਤਾਂ ਕਰ ਕੇ ਹਸ ਹਸ ਕੇ ਗੱਲਾਂ ਕਰ ਸਕਣਗੇ। ਨੀਊਯਾਰਕ ਵਿਚ ਬੈਠਾ ਆਦਮੀ ਲੰਡਨ ਦਾ ਸਿਨੇਮਾ ਦੇਖ ਸਕਿਆ ਕਰੇਗਾ। ਹਿੰਦੁਸਤਾਨ ਵਿਚ ਤੀਸਰਾ ਵਿਸ਼ਵਾਸ ਕਿਸਮਤ ਦਾ ਹੈ, ਕਿ ਪਿਛਲੇ ਕਰਮਾਂ ਦੇ ਫਲ ਰੂਪ ਵਿਚ ਕਿਸਮਤ ਲਿਖੀ ਜਾਂਦੀ ਹੈ। ਸਾਰੀ ਧਰਤੀ ਵਿਚੋਂ ਹਿੰਦੁਸਤਾਨ ਹੀ ਇਕ ਐਸਾ ਬਦਕਿਸਮਤ ਦੇਸ਼ ਹੈ, ਜਿਸ ਦੇ ਹਿੱਸੇ ਭੁਖ ਨੰਗ ਤੇ ਦਰਿਦ੍ਰ ਆਏ ਹੋਏ ਹਨ। ਆਲਸ ਦੇ ਮਾਰੇ ਹੋਏ ਕਿਸਮਤ ਤੇ ਸ਼ਾਕਰ ਬੈਠੇ ਹਨ, ਹਾਲਾਂ ਕਿ ਹੋਰ ਸਾਰੀ ਦੁਨੀਆ ਪੁਰਸ਼ਾਰਥ ਨਾਲ ਖੁਸ਼ਹਾਲ ਹੁੰਦੀ ਜਾ ਰਹੀ ਹੈ। ਇਸਤਰਾਂ ਦੇ ਵਿਸ਼ਵਾਸ ਭਰਪੂਰ ਤੇ ਸਰਬੰਸ ਦਾਨੀ ਦੇਸ ਉਤੇ ਭੀ ਵਿਧਾਤਾ ਨੂੰ ਤਰਸ ਨਾ ਆਉਣਾ, ਸਾਫ ਦਸਦਾ ਹੈ ਕਿ ਇਸ ਸਿੱਧਾਂਤ ਦੇ ਮਿਥਣ ਵਾਲੇ ਪਾਸੋਂ ਕੋਈ ਬੁਨਿਆਦੀ ਭੁਲ ਹੋਈ ਸੀ। ਭਾਵ ਇਹ ਕਿ ਭਾਰਤ ਵਰਸ਼ ਦੀ ਆਰਥਿਕ ਹਾਲਤ ਉਤੇ ਭੀ ਕੰਟ੍ਰੋਲ ਉਸੇ ਬ੍ਰਾਹਮਣ ਕਲਾਸ ਦਾ ਹੈ। ਸੁਤੀ ਹੋਈ ਕਿਸਮਤ ਨੂੰ ਜਗਾਉਣ ਦੇ ਉਪਾਉ ਭੀ ਹਵਨ, ਯੱਗ, ਗ੍ਰਹਿ ਪੂਜਾ, ਦੇਵ ਪੂਜਾ, ਦੁਰਗਾ ਪੂਜਾ ਆਦਿਕ ਦੱਸੇ ਜਾਂਦੇ ਹਨ ਤੇ ਗਰੀਬਾਂ ਦੀ ਰਹੀ ਸਹੀ ਕਮਾਈ ਨੂੰ ਏਸ ਤ੍ਰੀਕੇ ਨਾਲ ਚੂਸ ਲਿਆ ਜਾਂਦਾ ਹੈ। ਈਸ਼੍ਵਰ (ਜਿਸ ਨੂੰ ਕਿ ਸਾਰੇ ਸੰਸਾਰ ਦਾ ਪਾਲਣਹਾਰਾ ਮੰਨਿਆ ਜਾਂਦਾ ਹੈ) ਨੂੰ ਪ੍ਰਸੰਨ ਕਰਨ ਦਾ ਨੁਸਖਾ ਭੀ ਦਾਨ ਹੀ ਦਸਿਆ ਜਾਂਦਾ ਹੈ ਤੇ ਦਾਨ ਦਾ ਅਧਿਕਾਰੀ ਸਿਵਾਏ ਬ੍ਰਾਹਮਣ ਦੇ ਹੋਰ ਕੋਈ ਨਹੀਂ, ਕਿਉਂਕਿ ਉਹ ਈਸ਼੍ਵਰ ਦਾ ਮੁੱਖ ਹੈ। ਸ਼ੂਦਰ ਗਰੀਬ ਦਾ ਹਿੱਸਾ ਤੇ ਕਿਤੇ ਰਿਹਾ, ਛਤ੍ਰੀ ਤੇ ਵੈਸ਼ ਭੀ ਦਾਨ ਨੂੰ ਛੁਹ ਨਹੀਂ ਸਕਦਾ।

ਪਰਮਾਤਮਾ.

ਉਂਜ ਤੇ ਜੁਗਾਂ ਜੁਗਾਂਤ੍ਰਾਂ ਤੋਂ ਪਰਮਾਤਮਾ ਸੰਬੰਧੀ ਸਵਾਲ ਹਲ ਹੋ ਹੀ ਨਹੀਂ ਸਕਿਆ, ਨਾ ਉਸ ਦੀ ਉਮਰ ਦਾ ਪਤਾ ਲਗਾ ਹੈ ਤੇ ਨਾ ਉਸ ਦੇ ਤਾਣੇ ਪੇਟੇ ਦਾ ਹਿਸਾਬ ਹੋ ਸਕਿਆ ਹੈ, ਪਰ ਸਧਾਰਣ ਤੌਰ ਤੇ ਇਹ ਮੰਨ ਲਿਆ ਗਿਆ ਹੈ, ਕਿ ਉਹ ਇਕ ਮਹਾਂ ਬ੍ਰਹਮ ਹੈ, ਵੈਰਾਟ ਸਰੂਪ ਹੈ, ਜਿਸ ਦੇ ਅੰਤਰਗਤ ਅਰਬਾਂ ਖਰਬਾਂ ਤਾਰੇ ਹਨ ਤੇ ਉਨ੍ਹਾਂ ਨੂੰ ਟੱਪ ਕੇ ਹੋਰ ਭੀ ਬਹੁਤ ਕੁਝ ਹੈ, ਜਿਸ ਨੂੰ ਬੜੀ ਤੋਂ ਬੜੀ ਦੂਰਬੀਨ ਲਭ ਨਹੀਂ ਸਕਦੀ। ਸਾਡੀ ਇਹ ਧਰਤੀ ਇਸ ਬ੍ਰਹਮਾਂਡ ਵਿਚ ਇਉਂ ਹੈ ਜਿਵੇਂ ਸਰਹੋਂ ਦੇ ਵਡੇ ਸਾਰੇ ਬੋਹਲ ਵਿਚ ਇਕ ਦਾਣਾ ਹੁੰਦਾ ਹੈ। ਸੂਰਜ ਧਰਤੀ ਨਾਲੋਂ ਬਹੁਤ ਵਡਾ ਹੈ ਤੇ ਬ੍ਰਹਮਾਂਡ ਦੇ ਹੋਰ ਅਰਬਾਂ ਖਰਬਾਂ ਸਤਾਰੇ ਸੂਰਜ ਨਾਲੋਂ ਭੀ ਬਹੁਤ ਵਡੇਰੇ ਹਨ। ਪਰਮਾਤਮਾ ਇਸ ਸਾਰੇ ਨਜ਼ਾਮ ਨੂੰ ਚਲਾ ਰਿਹਾ ਹੈ। ਉਹ ਇੱਕੋ ਹੈ, ਲਾਸਾਨੀ ਹੈ, ਅਰੂਪ ਹੈ, ਅਖੰਡ ਹੈ, ਇਕ ਰਸ ਹੈ, ਅਨਾਦੀ ਅਤੇ ਅਨੰਤ ਹੈ। ਸਿਫਤ ਸੁਣ ਕੇ ਪ੍ਰਸੰਨ ਨਹੀਂ ਹੁੰਦਾ ਤੇ ਨਿੰਦਾ ਸੁਣ ਕੇ ਗੁੱਸੇ ਵਿਚ ਨਹੀਂ ਆਉਂਦਾ, ਬਦਲੇ ਨਹੀਂ ਲੈਂਦਾ। ਕੁਦਰਤ ਉਸ ਦਾ ਇਕ ਖੇਲ ਹੈ। ਇਸ ਧਰਤੀ ਦੇ ਜੀਵ ਜੰਤੂ ਪਸ਼ੂ ਤੇ ਮਨੁਖ ਕੁਦਰਤ ਦੇ ਕਾਰਖਾਨੇ ਵਿਚ ਇਉਂ ਜੰਮਦੇ ਮਰਦੇ ਹਨ ਜਿਸਤਰਾਂ ਜਲ ਵਿਚੋਂ ਬੁਲਬੁਲੇ ਉਠਦੇ ਤੇ ਪਲ ਭਰ ਲਈ ਜੀ ਕੇ ਪਾਟ ਜਾਂਦੇ ਹਨ। ਇਕ ਮਿਟਦੇ ਹਨ ਤਾਂ ਦੂਜੇ ਹੋਰ ਪੈਦਾ ਹੋ ਜਾਂਦੇ ਹਨ, ਜਲ ਆਪਣੇ ਥਾਂ ਜਿਉਂ ਕਾ ਤਿਉਂ ਰਹਿੰਦਾ ਹੈ।
ਇਸੇ ਸਚਾਈ ਤੇ ਸਿਧਾਂਤ ਨੂੰ ਸੂਫ਼ੀ ਲੋਕਾਂ ਨੇ ਹਮਹ ਓਸਤ ਕਹਿ ਕੇ ਮੰਨਿਆ ਹੈ। ਸਾਰਾ ਸੰਸਾਰ ਇਸੇ ਸਚਾਈ ਦਾ ਕਾਇਲ ਹੁੰਦਾ ਜਾ ਰਿਹਾ ਹੈ। ਕੋਈ ਇਸ ਵਿਸ਼ਵਾਸ ਨੂੰ ਦਿਲ ਵਿਚ ਦੱਬੀ ਬੈਠਾ ਹੈ ਤੇ ਕੋਈ ਖੁਲ ਕੇ ਕਹਿ ਦੇਂਦਾ ਹੈ।
ਅੰਜੀਲ ਵਿਚ ਸੰਸਾਰ ਉਤਪਤੀ ਦਾ ਜ਼ਿਕਰ ਹੈ, ਉਸ ਦੇ ਪੈਰੋਕਾਰਾਂ ਵਿਚੋਂ ਡਾਰਵਿਨ ਨੇ ਪੈਦਾ ਹੋ ਕੇ ਸਾਰੇ ਕਿਆਸ ਗਲਤ ਸਾਬਤ ਕਰ ਦਿਤੇ। ਪਰ ਹਿੰਦੂਆਂ ਵਿਚੋਂ ਕੋਈ ਅਜੇਹਾ ਦਲੇਰ ਪੈਦਾ ਨਹੀਂ ਹੋਇਆ ਜੋ ਖੋਜ ਕਰ ਕੇ ਦਸ ਸਕੇ ਕਿ ਕਿਸਤਰਾਂ ਨਾਰਾਇਣ ਦੇ ਨਾਭਿ ਕੰਵਲ ਵਿਚੋਂ ਬ੍ਰਹਮਾ ਦੀ ਪੈਦਾਇਸ਼ ਹੋਈ, ਸਮੁੁੰਦਰ ਕਿਸਤਰਾਂ ਰਿੜਕਿਆ ਗਿਆ ਤੇ ਗੰਗਾ ਨੂੰ ਕਿਸਤਰਾਂ ਅਕਾਸ਼ ਤੋਂ ਪ੍ਰਿਥਵੀ ਉਤੇ ਉਤਾਰਿਆ ਗਿਆ। ਬਾਹਰ ਦੀ ਦੁਨੀਆ ਹਿੰਦੁਸਤਾਨ ਦੇ ਅਨੋਖੇ ਕਿਆਸਾਂ ਨੂੰ ਸੁਣ ਕੇ ਯਾ ਪੜ੍ਹ ਕੇ ਮੂੂੰਹ ਵਿਚ ਰੁਮਾਲ ਲੈ ਰਹੇ ਹਨ ਪਰ ਸਾਡੀ ਧਰਤੀ ਉਤੇ ਐਸੀ ਜ਼ਿਹਨੀਅਤ ਮੌਜੂਦ ਹੈ ਜੋ ਸੱਚੀ ਗਲ ਸਹਾਰ ਨਹੀਂ ਸਕਦੀ ਤੇ "ਮਜ਼ਹਬ ਖਤਰੇ ਵਿਚ" ਦਾ ਰੌਲਾ ਪਾ ਕੇ ਓਪਰੀ ਸਰਕਾਰ ਦੀ ਮਦਦ ਨਾਲ ਕਿਤਾਬ ਨੂੰ ਜ਼ਬਤ ਕਰਾਉਣ ਨੂੰ ਤਿਆਰ ਹੋ ਜਾਂਦੀ ਹੈ।

ਫਿਰਕੇਦਾਰੀ.

ਰਬ ਭਾਵੇਂ ਇਕੋ ਹੈ, ਪਰ ਉਸ ਦੇ ਪੂਜਕਾਂ ਦੇ ਕਈ ਫਿਰਕੇ ਬਣੇ ਹੋਏ ਹਨ। ਇਨ੍ਹਾਂ ਦੀ ਪੈਦਾਇਸ਼ ਰੋਟੀ ਦੇ ਸਵਾਲ ਨਾਲ ਹੋਈ ਸੀ। ਜਿਸ ਦਿਨ ਦੇਸ਼ ਦੀ ਆਰਥਕ ਹਾਲਤ ਠੀਕ ਹੋ ਗਈ, ਫਿਰਕੇਦਾਰੀ ਆਪਣੀ ਮੌਤੇ ਆਪ ਹੀ ਮਰ ਜਾਵੇਗੀ। ਨਾ ਕੋਈ ਮਲੇਛ ਰਹੇਗਾ ਨਾ ਕਾਫਰ। ਨਾ ਬੇਇਤਬਾਰੀ ਰਹੇਗੀ ਨਾ ਨਫਰਤ।

ਇਸਤ੍ਰੀ ਜਾਤੀ.

ਮਰਦ ਨੇ ਅਜ ਤਕ ਇਸ ਨੂੰ ਇਸ ਵਾਸਤੇ ਗੁਲਾਮ ਬਣਾਈ ਰਖਿਆ ਹੈ, ਕਿ ਉਹ ਨਿਰਬਲ ਹੈ, ਨਿਰਾਸ੍ਰਾ ਹੈ, ਮਰਦ ਦੀ ਕਮਾਈ ਬਗੈਰ ਜੀ ਨਹੀਂ ਸਕਦੀ। ਇਹ ਸਵਾਲ ਹੋਰ ਦੇਸ਼ਾਂ ਵਿਚ ਤਾਂ ਹਲ ਹੋ ਚੁਕਾ ਹੈ ਨਿਰਾ ਹਿੰਦੁਸਤਾਨ ਬਾਕੀ ਹੈ ਜਿਥੇ ਇਸਤ੍ਰੀ ਨੂੰ ਡੰਗਰਾਂ ਵਾਂਗ ਵੇਚਿਆ ਖਰੀਦਿਆ ਜਾਂਦਾ ਹੈ ਤੇ ਉਸ ਨੂੰ ਖਿਡਾਉਣਾ ਸਮਝ ਕੇ ਹੰਡਾਇਆ ਜਾਂਦਾ ਹੈ। ਪਰ ਜਲਦੀ ਹੀ ਉਹ ਦਿਨ ਆਉਣ ਵਾਲਾ ਹੈ ਜਦੋਂ ਇਸਤ੍ਰੀ ਆਪਣੇ ਪੈਰਾਂ ਉਤੇ ਖਲੋ ਜਾਵੇਗੀ। ਇਸਤ੍ਰੀ ਨੂੰ ਵਿਧਵਾ ਹੋਣ ਕਰ ਕੇ ਨਰਕ ਵਿਚ ਨਹੀਂ ਸੁਟਿਆ ਜਾਵੇਗਾ। ਵਿਧਵਾ ਵਿਆਹ ਹਿੰਦੂਆਂ ਵਿਚ ਭੀ ਵੈਸਾ ਹੀ ਅਦਰਾਇਆ ਜਾਏਗਾ ਜੈਸਾ ਹੋਰ ਕੌਮਾਂ ਵਿਚ।

ਸਮਾਜ ਰਾਜ

ਪੁਰਾਣੇ ਜ਼ਮਾਨੇ ਵਿਚ ਪੋਪ ਰਾਜ ਯਾ ਪਰੋਹਤ ਰਾਜ ਪ੍ਰਧਾਨ ਸੀ, ਜਾਤੀ ਤੇ ਜਨਮ ਦੇ ਹੰਕਾਰ ਵਿਚ ਆਕੜੇ ਫਿਰਦੇ ਸਨ। ਪਰ ਹੁਣ ਸਮਾਜ ਖੁਦ ਉਨ੍ਹਾਂ ਦੇ ਚਾਲ ਚਲਨ ਦੀ ਪੜਤਾਲ ਕਰੇਗਾ ਜਾਤੀਂ ਰਾਮ ਨ ਰੀਝਿਆ, ਕਰਮ ਕਰੇ ਸੋ ਸੀਝਿਆ। ਇਕ ਵਾਰ ਦੀ ਚੋਣ ਸਦੀਵੀ ਚੋਣ ਨਹੀਂ ਰਹੇਗੀ, ਹਰ ਤੀਜੇ ਯਾ ਪੰਜਵੇਂ ਸਾਲ ਦਿਆਨਤਦਾਰੀ ਦਾ ਮੇਯਾਰ ਮੁੜ ਕੇ ਪੜਤਾਲਿਆ ਜਾਏਗਾ। ਫਿਰਕੇਦਾਰੀ ਦੇ ਢਕੋਸਲੇ ਨੂੰ ਕੋਈ ਆਸਰਾ ਨਹੀਂ ਦਿਤਾ ਜਾਏਗਾ। ਗੁਣ ਕਰਮ ਸੁਭਾਵ ਦੇ ਆਧਾਰ ਪਰ ਹਰ ਕਿਸੇ ਨੂੰ ਆਪਣਾ ਮੁੱਲ ਸਮਾਜ (ਜਮਹੂਰ) ਪਾਸੋਂ ਪੁਆਣਾ ਹੋਵੇਗਾ। ਜਿਹੜਾ ਲੀਡਰ ਸਮਾਜ ਦੀ ਆਰਥਿਕ ਖੁਸ਼ਹਾਲੀ ਵਾਸਤੇ ਮਿਹਨਤ ਨਾ ਕਰੇਗਾ, ਉਸ ਦੀਆਂ ਟੱਲੀਆਂ ਤੇ ਘੜਿਆਲਾਂ ਦੀ ਆਵਾਜ਼ ਆਪਣੇ ਆਪ ਬੰਦ ਹੋ ਜਾਏਗੀ। ਸਰਬ ਸੰਸਾਰ ਸਾਂਝੀ ਸੱਭਤਾ ਦੇ ਅਧਾਰ ਪਰ ਕੰਮ ਹੋਣ ਗੇ। ਦੌਲਤਮੰਦੀ ਯਾ ਨਸਲੀ ਉਚਾਈ ਦਾ ਕੋਈ ਮੁਲ ਨਾ ਪਏਗਾ। ਏਹ ਜਿੰਨੇ ਭੀ ਹਿੰਦੁਸਤਾਨ ਦੇ ਰੋਗ ਮੈਂ ਗਿਣਾਏ ਹਨ ਉਨ੍ਹਾਂ ਸਾਰਿਆਂ ਦਾ ਮੂਲ ਕਾਰਣ ਇਹ ਹੈ, ਕਿ ਦੇਸ਼ ਵਿਚ ਵਿਦਿਆ ਤੇ ਵਾਕਫੀਅਤ ਦੀ ਥੁੜ ਹੈ। ਸੌ ਵਿਚੋਂ ਦਸ ਬਾਰਾਂ ਪੜ੍ਹੇ ਲਿਖੇ ਹਨ ਤੇ ਬਾਕੀ ਸਾਰੇ ਮੂਰਖ ਅਨਪੜ੍ਹ। ਅੰਗ੍ਰੇਜ਼ ਹਕੂਮਤ ਨੂੰ ਇਸ ਦਾ ਫਿਕਰ ਕੋਈ ਨਹੀਂ, ਉਸ ਨੂੰ ਤਾਂ ਭਰਤੀ ਵਾਸਤੇ ਆਦਮੀਆਂ ਦੀ ਲੋੜ ਹੈ ਪੜ੍ਹੇ ਹੋਣ ਜਾਂ ਅਨਪੜ੍ਹ। ਸੋ ਜਦ ਤਕ ਦੇਸ਼ ਸੁਤੰਤਰ ਨਾ ਹੋਵੇ, ਵਿਦਯਕ ਤ੍ਰੱਕੀ ਵਲ ਕਦਮ ਨਹੀਂ ਉਠ ਸਕਦਾ। ਉਹ ਦਿਨ ਭੀ ਹੁਣ ਬਹੁਤ ਦੂਰ ਨਹੀਂ ਰਿਹਾ, ਆਜ਼ਾਦੀ ਆਪ ਹੀ ਆ ਕੇ ਪੈਰ ਚੁੰਮੇਗੀ।
ਜੋ ਕੁਝ ਮੈਂ ਪਿਛੇ ਦਸ ਚੁਕਾ ਹਾਂ ਉਸ ਨਾਲ ਉਨ੍ਹਾਂ ਲੋਕਾਂ ਨੂੰ ਜਿਨਾ ਦੀ ਰੋਟੀ ਖਤਰੇ ਵਿਚ ਪੈਂਦੀ ਹੈ, ਜ਼ਰੂਰ ਦੁਖ ਪਹੁੰਚੇਗਾ, ਪਰ ਇਹ ਮੇਰੇ ਵਸ ਦੀ ਗਲ ਨਹੀਂ, ਮੇਰਾ ਲੂੰ ਲੂੰ ਪੱਛਿਆ ਹੋਇਆ ਹੈ। ਮੈਂ ਇਹ ਹਾਲਤਾਂ ਸੁਣ ਸੁਣਾ ਕੇ ਜਾਂ ਬਾਹਰ ਬੈਠ ਕੇ ਨਹੀਂ ਦੇਖੀਆਂ, ਅੰਦਰ ਵੜ ਵੜ ਕੇ ਟੋਹੀਆਂ ਹਨ। ਉਨ੍ਹਾਂ ਲੋਕਾਂ ਦਾ ਹਕ ਹੈ, ਮੇਰੀ ਇਸ ਕਿਤਾਬ ਨੂੰ ਨਾ ਖਰੀਦਣ, ਨਾ ਪੜ੍ਹਨ, ਨਾ ਹਥ ਲਾਉਣ। ਮੇਰੀ ਇਹ ਰਚਨਾ ਸਿਰਫ ਨਰੋਏ ਤੇ ਅਗੇ ਵਧੂ ਖਿਆਲਾਂ ਵਾਲੇ ਪੜ੍ਹੇ ਲਿਖੇ ਨੌਜਵਾਨਾਂ ਦੇ ਵਾਸਤੇ ਹੈ, ਜਿਨ੍ਹਾਂ ਦੀ ਦਲੇਰੀ ਤੇ ਨਿਡਰਤਾ ਦੇ ਭਰੋਸੇ ਉਤੇ ਮੈਂ ਹਿੰਦੁਸਤਾਨ ਦੇ ਸ਼ਾਨਦਾਰ ਭਵਿਸ਼ ਦਾ ਸੁਪਨਾ ਲੈ ਰਿਹਾ ਹਾਂ।

ਪੰਜਾਬੀ ਦੇ ਕੁਝ ਸਾਹਿੱਤ ਸਮਾਲੋਚਕਾਂ ਦਾ ਵਿਚਾਰ ਹੈ ਕਿ ਮੇਰੀਆਂ ਕਵਿਤਾਵਾਂ ਵਿਚ ਰੋਮਾਂਸ ਦਾ ਅਭਾਵ ਹੈ। ਹੋਵੇਗਾ ਭਾਵੇਂ ਇਸੇ ਤਰਾਂ ਹੀ, ਪਰ ਮੇਰੇ ਆਪਣੇ ਆਪ ਨੂੰ ਤਾਂ ਸਾਰੇ ਆਲੇ ਦੁਆਲੇ ਅਗ ਲਗੀ ਹੋਈ ਦਿਸ ਰਹੀ ਹੈ। ਜੇ ਮੇਰੀ ਕਵਿਤਾ ਨੇ ਦੇਸ਼ ਦਾ ਕੁਝ ਸੁਆਰਨਾ ਹੀ ਨਹੀਂ, ਤਾਂ ਇਸ ਦਾ ਹੋਣਾ ਭੀ ਕਿਸ ਕੰਮ, ਇਸ ਨੂੰ ਫੂਕ ਦੇਣਾ ਬਿਹਤਰ ਹੈ।

ਇਸ ਗਲਤ ਫਹਿਮੀ ਦਾ ਕਾਰਣ ਮੈਂ ਇਹ ਸਮਝਦਾ ਹਾਂ ਕਿ ਯੂਰਪੀਨ ਕਵੀਆਂ ਦੀ ਰੋਮਾਂਟਿਕ ਰਚਨਾ ਤੋਂ ਪ੍ਰਭਾਵਿਤ ਹੋਏ ਹਿੰਦੁਸਤਾਨੀ ਗ੍ਰੈਜੂਏਟਾਂ ਨੂੰ ਮੇਰੇ ਅੰਦਰ ਉਸੇ ਨਮੂਨੇ ਦਾ ਰੋਮਾਂਸ ਨਹੀਂ ਮਿਲਦਾ। ਪਰ ਮੇਰਾ ਤਰਜ਼ੇ ਬਿਆਨ ਸਾਰਾ ਏਸ਼ਿਆਟਿਕ ਤੇ ਖਾਸ ਕਰ ਹਿੰਦੁਸਤਾਨੀ ਹੈ, ਅਤੇ ਉਹ ਹਿੰਦੁਸਤਾਨ ਵਿਚ ਚਲਦੇ ਫਿਰਦੇ ਆਮ ਲੋਕਾਂ ਦੀਆਂ ਸੁੁੱਤੀਆਂ ਨਸਾਂ ਨੂੰ ਤੜਪਾਉਣ ਵਾਸਤੇ ਪੇਸ਼ ਕੀਤਾ ਜਾ ਰਿਹਾ ਹੈ। ਹੋ ਸਕਦਾ ਹੈ ਕਿ ਅਗਾਊ ੨੦ ਵਰਿਹਾਂ ਵਿਚ ਹਿੰਦੁਸਤਾਨੀ ਸਾਹਿੱਤ ਵਿਚ ਯੂਰਪ ਦੇ ਮੇਯਾਰ ਦਾ ਰੋਮਾਂਸ ਪੈਦਾ ਹੋ ਜਾਵੇ ਪਰ ਇਸ ਵੇਲੇ ਦੇ ਹਾਲਾਤ ਨੇ ਮੈਨੂੰ ਕੁਝ ਲਿਖਣ ਦਾ ਹੌਸਲਾ ਦਿੱਤਾ ਹੈ।
ਅੰਤ ਵਿਚ ਮੈਂ ਹਿੰਦੁਸਤਾਨ ਦੇ ਭਵਿਸ਼ ਬਾਬਤ ਕੁਝ ਪੇਸ਼ੀਨ ਗੋਈਆਂ ਕਰਦਾ ਹਾਂ ਜੋ ਅਗਾਊ ੨੦ ਸਾਲਾਂ ਦੇ ਅੰਦਰ ਆਉਣ ਵਾਲੀ ਨਸਲ ਦੇ ਹੱਥੀਂ ਪੂਰੀਆਂ ਹੋ ਜਾਣਗੀਆਂ।
(੧) ਰਬ ਤੇ ਬੰਦੇ ਦਾ ਸਿੱਧਾ ਸੰਬੰਧ ਹੋਵੇਗਾ, ਵਿਚੋਲਾ ਕੋਈ ਨਾ ਰਹੇਗਾ। ਬੰਦਾ ਰਬ ਦੀ ਜਿਸਤਰਾਂ ਦੀ ਬੰਦਗੀ ਚਾਹੇ ਅੰਦਰ ਬੈਠ ਕੇ ਹੀ ਕਰ ਲਏਗਾ। ਕਿਸੇ ਨੂੰ ਦਖਲ ਦੇਣ ਦਾ ਹਕ ਨਾ ਰਹੇਗਾ। ਪੁਰਾਣੀਆਂ ਕੀਮਤਾਂ ਸਭ ਗਲਤ ਹੋ ਜਾਣਗੀਆਂ।
(੨) ਜਾਦੂ, ਟੂਣਾ, ਮੰਤਰ, ਝਾੜਾ, ਜਿੰਨ ਭੂਤ, ਕਰਾਮਾਤ, ਵਰ ਸਰਾਪ ਸਾਰੇ ਵਿਸ਼ਵਾਸ ਟੁਟ ਜਾਣਗੇ। ਕਿਸਮਤ ਦਾ ਢਕੋਸਲਾ ਨਿਕਲ ਜਾਏਗਾ। ਜਨਿਤਾ ਰਲ ਕੇ ਅਪਣੀ ਅਪਣੀ ਨਹੀਂ ਸਮੁਚੇ ਦੇਸ ਦੀ ਕਿਸਮਤ ਬਣਾਏਗੀ।
(੩) ਸਾਰੇ ਜਹਾਨ ਦਾ ਰਬ ਇਕੋ ਹੋਵੇਗਾ ਤੇ ਮਜ਼ਹਬ ਮਨੁਖਤਾ ਹੋਵੇਗਾ ਉਸ ਦੀ ਨੀਂਹ ਇਖਲਾਕ ਅਤੇ ਸਚਾਈ ਉਤੇ ਧਰੀ ਜਾਏਗੀ। (੪) ਕੋਈ ਅਨਪੜ੍ਹ, ਭੁਖਾ ਨੰਗਾ, ਭਿਖਾਰੀ, ਵਿਹਲੜ ਨਾ ਰਹੇਗਾ, ਸਾਰੇ ਕਮਾਊ ਹੋਣਗੇ। ਹਰੇਕ ਨੂੰ ਰਜਵੀਂ ਰੋਟੀ ਮਿਲੇਗੀ।
(੫) ਮੰਦਰਾਂ ਤੀਰਥਾਂ ਗੁਰੂਆਂ ਗੁਸਾਈਆਂ ਦੀ ਮਨਤਾ ਨਾ ਰਹੇ ਗੀ। ਚੜ੍ਹਾਵਿਆਂ ਦਾ ਧਨ ਦੇਸ਼ ਦੀ ਸਰਬ ਸਾਂਝੀ ਭਲਾਈ ਦੇ ਕੰਮ ਆਵੇਗਾ।
(੬) ਇਸਤ੍ਰੀ ਸੁਤੰਤਰ ਹੋਵੇਗੀ, ਮਨ ਮਰਜ਼ੀ ਦੀ ਸ਼ਾਦੀ ਕਰੇਗੀ ਔਲਾਦ ਵਾਸਤੇ ਅਸ਼ੀਰਵਾਦਾਂ ਦੀ ਥਾਂ ਦਵਾਵਾਂ ਵਰਤੇਗੀ। ਕੁੜੀ ਮੁੰਡੇ ਦੇ ਹਕ ਬਰਾਬਰ ਹੋ ਜਾਣ ਗੇ।
(੭) ਸੁਰਗ ਨਰਕ ਦਾ ਸਵਾਲ ਸੱਚਾ ਸਾਬਤ ਨਹੀਂ ਹੋਵੇਗਾ। ਏਸੇ ਦੁਨੀਆ ਨੂੰ ਬਹਿਸ਼ਤ ਬਣਾਇਆ ਜਾਵੇਗਾ। ਸਰਾਧ ਤੇ ਕਿਰਿਆ ਕਰਮ ਦੀ ਲੋੜ ਹੀ ਨਾ ਰਹੇਗੀ।
(੮) ਸੰਤਾਂ ਸਾਧੂਆਂ, ਮਹੰਤਾਂ ਨੂੰ ਸ਼ਾਦੀ ਕਰਨ ਦੀ ਪੂਰੀ ਆਜ਼ਾਦੀ ਹੋਵੇਗੀ।
(੯) ਦੇਵੀ ਦਿਉਤਿਆਂ ਉਤੇ ਸ਼ਰਧਾ ਨਾ ਰਹੇਗੀ। ਜੋਤਸ਼ ਨਾਲ ਧਰਮ ਦਾ ਕੋਈ ਲਗਾਉ ਨਾ ਰਹੇਗਾ। ਦਾਨ ਦਾ ਅਧਿਕਾਰੀ ਗਰੀਬ ਹੋਵੇਗਾ, ਪਰ ਗਰੀਬੀ ਰਹਿਣ ਨਾ ਦਿਤੀ ਜਾਵੇਗੀ।
(੧੦) ਰਾਜ ਹਿੰਦੁਸਤਾਨੀਆਂ ਦਾ ਹੋਵੇਗਾ। ਮਜਾਰਟੀ ਮਜੂਰਾਂ ਕਿਸਾਨਾਂ ਦੇ ਹਥ ਹੋਵੇਗੀ। ਸੁਆਰਥੀ ਨੂੰ ਨਫਰਤ ਨਾਲ ਦੇਖਿਆ ਜਾਏਗਾ।
(੧੧) ਮੌਤ ਨੂੰ ਮਾਮੂਲੀ ਘਟਨਾ ਸਮਝਿਆ ਜਾਏਗਾ। ਸਿਆਪੇ ਫੂੜੀਆਂ, ਦੁਵਰ੍ਹੀਆਂ ਚੁਵਰ੍ਹੀਆਂ ਬੰਦ ਹੋ ਜਾਣਗੇ।
(੧੨) ਸਭ ਕਾਰੋਬਾਰ ਨੈਸ਼ਨਲ ਬਿਹਤਰੀ ਦੇ ਆਧਾਰ ਪਰ ਹੋਣਗੇ। ਚੋਣਾਂ ਸਾਂਝੀਆਂ ਹੋਣਗੀਆਂ।
੨੫-੯-੧੯੪੫ ਧਨੀ ਰਾਮ ਚਾਤ੍ਰਿਕ