ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ/ਬਿੰਬ ਪਛਾਣ ਅਤੇ ਅਰਥਾਉਣ ਦੀ ਸਮੱਸਿਆ

ਵਿਕੀਸਰੋਤ ਤੋਂ


ਬਿੰਬ ਪਛਾਨਣ ਅਤੇ ਅਰਥਾਉਣ ਦੀ ਸਮੱਸਿਆ


ਨਿੱਕੀ ਕਹਾਣੀ ਵਿਚ ਪੇਸ਼ ਕੀਤੇ ਗਏ ਮੂਲ ਬਿੰਬ ਨੂੰ ਪਛਾਨਣ ਅਤੇ ਅਰਥਾਉਣ ਵਿਚ ਆਉਂਦੀ ਮੁਸ਼ਕਲ ਨੂੰ ਪੇਸ਼ ਕਰਨ ਲਈ ਅਸੀਂ ਕਰਤਾਰ ਸਿੰਘ ਦੁੱਗਲ ਦੀ ਕਹਾਣੀ "ਕਰਾਮਾਤ" ਦੀ ਉਦਾਹਰਣ ਲੈ ਸਕਦੇ ਹਾਂ। ਇਸ ਕਹਾਣੀ ਨੂੰ ਸ਼ਾਇਦ ਹੀ ਹੈ ਕੋਈ ਸਾਹਿਤ ਪ੍ਰੇਮੀ ਨਾ ਜਾਣਦਾ ਹੋਵੇ। ਤਾਂ ਵੀ ਇਸ ਦਾ ਸਾਰ ਦੇ ਦੇਣਾ ਕੁਥਾਵੇਂ ਨਹੀਂ ਰਹੇਗਾ।

ਕਹਾਣੀ ਦਾ ਮੁੱਖ ਪਾਤਰ ਇਕ ਬਾਲ ਹੈ - ਸਕੂਲ ਜਾਂਦੀ ਉਮਰ ਦਾ। ਉਸ ਨੂੰ ਘਰ ਵੀ, ਸਕੂਲ ਵੀ, ਗੁਰਦਵਾਰੇ ਵੀ ਗੁਰੂ ਨਾਨਕ ਤੇ ਵਲੀ ਕੰਧਾਰੀ ਵਾਲੀ ਸਾਖੀ ਸੁਣਾਈ ਜਾਂਦੀ ਹੈ। ਪਰ ਸਾਖੀ ਦਾ ਆਖ਼ਰੀ ਹਿੱਸਾ ਬਾਲ-ਬੁਧੀ ਨੂੰ ਮਣਾਵਾਂ ਨਹੀਂ ਲਗਦਾ। “ਕਿਵੇਂ ਕੋਈ ਰਿੜਦੀ ਆਉਂਦੀ ਹਾੜੀ ਨੂੰ ਹੱਥ ਦੇ ਕੇ ਰੋਕ ਸਕਦਾ ਹੈ?" ਧਰ ਫਿਰ ਪੰਜੇ ਸਾਹਿਬ ਦਾ 'ਸਾਕਾ' ਵਰਤ ਜਾਂਦਾ ਹੈ। ਬਹੁਤ ਸਾਰੇ ਸਿਦਕੀ ਬੰਦੇ ਜਾਨਾਂ ਦੀ ਬਾਜ਼ੀ ਲਾ ਕੇ, ਭੁੱਖੇ ਭਾਣੇ ਦੇਸ਼-ਦਿਵਾਨਿਆਂ ਨੂੰ ਲਿਜਾ ਰਹੀ ਗੱਡੀ ਰੋਕ ਲੈਂਦੇ ਹਨ। ਇਸ ਸਾਕੇ ਤੋਂ ਉਪਜੇ ਭੈਭੀਤ ਕਰਨ ਵਾਲੇ ਦ੍ਰਿਸ਼ ਨੂੰ ਉਹ ਬਾਲ ਆਪਣੀਆਂ ਅੱਖਾਂ ਨਾਲ ਵੇਖਦਾ ਹੈ। ਤੇ ਫਿਰ ਜਦੋਂ ਉਸ ਨੂੰ ਉਹੀ ਸਾਖੀ ਮੁੜ ਸੁਣਾਈ ਜਾਂਦੀ ਹੈ ਤਾਂ ਉਹ ਨਾ ਸਿਰਫ਼ ਆਪ ਹੀ ਇਸ ਦੀ ਸਚਾਈ ਨੂੰ ਮੰਨਦਾ ਹੈ, ਸਗੋਂ ਆਪਣੀ ਛੋਟੀ ਭੈਣ ਨੂੰ ਵੀ ਕੁਦ ਕੇ ਪੈਂਦਾ ਹੈ ਕਿ "ਹਨੇਰੀ ਵਾਂਗ ਉੱਡਦੀ ਹੋਈ ਟਰੇਨ ਨੂੰ ਜੇ ਰੋਕਿਆ ਜਾ ਸਕਦਾ ਹੈ ਤਾਂ ਪਹਾੜ ਦੇ ਟੁਕੜੇ ਨੂੰ ਕਿਉਂ ਨਹੀਂ ਕੋਈ ਰੋਕ ਸਕਦਾ?"

ਜਿਵੇਂ ਕਿ ਪ੍ਰਤੱਖ ਹੈ, ਇਸ ਕਹਾਣੀ ਵਿਚ ਦੋ ਘਟਨਾਵਾਂ ਹਨ — ਵਲੀ ਕੰਧਾਰੀ ਵਲੋਂ ਸੱਟਿਆ ਪੱਥਰ ਰੋਕਣ ਵਾਲੀ ਅਤੇ ਚਲਦੀ ਗੱਡੀ ਰੋਕਣ ਵਾਲੀ। ਦੋ ਘਟਨਾਵਾਂ ਦਾ ਇਕੋ ਜਿੰਨੀ ਮਹੱਤਾ ਰਖਦੇ ਹੋਣਾ ਇਸ ਕਹਾਣੀ ਦੇ ਮੂਲ ਬਿੰਬ ਦੀ ਇਕਾਈ ਨੂੰ ਘਟਨਾ ਬਿੰਬ ਵਜੋਂ ਦੇਖ ਸਕਣਾ ਸੰਭਵ ਨਹੀਂ ਬਣਾਉਂਦਾ। ਇਸ ਕਹਾਣੀ ਦੇ ਪਲਾਟ ਦੇ ਤਿੰਨ ਪੜਾਅ ਹਨ - ਛੋਟੇ ਬਾਲੇ ਦਾ ਇਕੋ ਗੱਲ ਮੰਨਣ ਤੋਂ ਇਨਕਾਰ, ਉਸ ਵਲੋਂ ਪੰਜੇ ਸਾਹਿਬ ਦੇ ਸਾਕੇ ਦਾ ਦ੍ਰਿਸ਼ ਦੇਖਣਾ, ਅਤੇ ਫਿਰ ਪਹਿਲੀ ਗੱਲ ਮੰਨ ਜਾਣਾ, ਜਿਸ ਤੋਂ ਉਹ ਪਹਿਲਾਂ ਇਨਕਾਰ ਕਰਦਾ ਸੀ। ਇਹਨਾਂ ਦੋ ਘਟਨਾਵਾਂ ਅਤੇ ਤਿੰਨ ਪੜਾਆਂ ਪਿੱਛੇ ਕਿਸੇ ਏਕਤਾ ਨੂੰ ਦੇਖ ਸਕਣਾ ਸਾਡੇ ਬਹੁਤੇ ਆਲੋਚਕਾਂ ਲਈ ਮੁਸ਼ਕਲ ਸਾਬਤ ਹੋਇਆ ਹੈ। ਜਿੰਨੀਆਂ ਕੁ ਕੋਸ਼ਿਸ਼ਾਂ ਹੋਈਆਂ ਵੀ ਹਨ, ਉਸ ਮੰਤਕੀ ਤੌਰ ਉਤੇ ਮਣਾਵੀਆਂ ਨਹੀਂ ਲੱਗਦੀਆਂ। ਪਹਿਲਾਂ ਅਸੀਂ ਇਹਨਾਂ ਕੀਤੀਆਂ ਗਈਆਂ ਕੋਸ਼ਿਸ਼ਾਂ ਉਤੇ ਨਜ਼ਰ ਮਾਰ ਸਕਦੇ ਹਾਂ।

ਦੁੱਗਲ 'ਭੂਤ ਦੀ ਕਿਸੇ ਪ੍ਰੰਪਰਾਵਾਦੀ ਗੱਲ ਨੂੰ ਅਜੋਕੇ ਤਰਕਵਾਦੀ ਤੇ ਵਿਗਿਆਨਕ ਜੁਗ ਦੇ ਪਾਠਕ ਦੀ ਬੌਧਿਕ ਸੰਤੁਸ਼ਟਾ ਤੇ ਤ੍ਰਿਪਤੀ ਲਈ ਕਿਸੇ ਨਵ-ਦ੍ਰਿਸ਼ਟੀ ਰਾਹੀਂ ਇਸ ਤਰ੍ਹਾਂ ਪੇਸ਼ ਕਰ ਵਿਖਾਂਦਾ ਹੈ ਕਿ ਉਸ ਪੁਰਾਤਨ ਗੱਲ ਦੀ ਜਿਥੇ ਸਾਰਥਕਤਾ ਸਿਧ ਹੋ ਜਾਂਦੀ ਹੈ, ਓਥੇ ਉਸ ਵਿਚ ਨਵੇਂ ਅਰਥ ਵੀ ਭਰੇ ਨਜ਼ਰ ਪੈਂਦੇ ਹਨ। ਦੁੱਗਲ ਦੀ ਇਸ ਤਰ੍ਹਾਂ ਦੀ ਇਕ ਪ੍ਰਸਿਧ ਕਹਾਣੀ "ਕਰਾਮਾਤ" ਹੈ ਜਿਸ ਵਿਚ ਗੁਰੂ ਨਾਨਕ ਸਾਹਿਬ ਦੇ ਪੰਜਾ ਲਾਉਣ ਦੀ ਘਟਨਾ ਨੂੰ ਮੰਨਵਾਉਣ ਲਈ ਉਹ ਇਕ ਮਨੋ-ਵਿਗਿਆਨਕ ਤੇ ਤਰਕਵਾਦੀ ਤਰੀਕਾ ਲਭਦਾ ਹੈ', ਡਾ. ਸਵਿੰਦਰ ਸਿੰਘ ਉੱਪਲ ਦਾ ਕਹਿਣਾ ਹੈ (ਪੰਜਾਬੀ ਕਹਾਣੀਕਾਰ, 1970, ਸਫ਼ਾ 204)।

ਪਰ ਇਸ ਕਹਾਣੀ ਦੇ ਸੰਦਰਭ ਵਿਚ ਇਸ ਤਰ੍ਹਾਂ ਨਾਲ ਪੇਸ਼ ਕੀਤੀ ਗਈ 'ਮਨੋਵਿਗਿਆਨ’ ਅਤੇ ‘ਤਰਕਵਾਦ' ਦੀ ਗੱਲ ਕਿਥੋਂ ਤਕ ਢੁਕਦੀ ਹੈ? ਜਾਨਾਂ ਦੀ ਬਾਜ਼ੀ ਲਾ ਕੇ ਰੋਕੀ ਗਈ ਗੱਡੀ ਇਕ ਸਚਾਈ ਹੈ। ਪਰ ਇਸ ਸਚਾਈ ਤੋਂ ਸਹਿਜ-ਸੁਭਾਅ 'ਧੰਨ ਨਿਰੰਕਾਰ' ਕਹਿ ਕੇ, ਇਕ ਹੱਥ ਨਾਲ ਰੋਕੇ ਗਏ ਪਹਾੜ ਵਾਲੀ ਘਟਨਾ ਨੂੰ ਸਚਿਆਂ ਸਿੱਧ ਕਰਨਾ ਮੰਤਕੀ-ਅਜੋੜਤਾ ਹੈ, ਤਰਕਵਾਦ ਨਹੀਂ। ਫਿਰ ਮਨੁੱਖੀ ਖੂਨ ਨਾਲ ਲੱਥ-ਪੱਬ ਮਾਹੌਲ ਤੋਂ ਹਿਰਾਸੇ ਹੋਏ ਬਾਲ-ਮਨ ਵਿਚ ਭਾਵਕ ਤੀਬਰਤਾ ਕਾਰਨ ਉਸ ਨੂੰ ਕੋਈ ਗੱਲ ਮੰਨਦਿਆਂ ਦਿਖਾ ਦੇਣਾ ਮਨੋ-ਵਿਗਿਆਨਕ ਸੂਝ ਤਾਂ ਹੈ, ਪਰ ਜੇ ਕਹਾਣੀ ਵਿਚਲਾ ਬਾਲ ਮੰਨ ਵੀ ਗਿਆ ਹੈ ਤਾਂ ਵੀ ਇਸ ਨਾਲ 'ਅਜੋਕੇ ਤਰਕਵਾਦੀ ਤੇ ਵਿਗਿਆਨਕ ਜੁਗ ਦੇ ਪਾਠਕ' ਦੀ 'ਬੌਧਿਕ ਸੰਤੁਸ਼ਟਾ ਤੇ ਤ੍ਰਿਪਤੀ ਕਿਵੇਂ ਹੋ ਜਾਂਦੀ ਹੈ? ਪਾਠਕ ਤਾਂ ਬਾਲ ਨਹੀਂ। ਉਹ ਤਾਂ ਕਹਾਣੀ ਵਿਚਲੀਆਂ ਦੋਹਾਂ ਘਟਨਾਵਾਂ ਤੋਂ ਬਾਲ-ਮਨ ਵਿਚ ਆਏ ਪ੍ਰੀਵਰਤਨ ਤੋਂ ਵੀ ਆਪਣੇ ਹੀ ਸਿੱਟੇ ਕੱਢੇਗਾ।

'ਮਨੁੱਖ ਵਾਤਾਵਰਣ ਦੇ ਅਧੀਨ ਵੀ ਤੁਰਦਾ ਹੈ ਤੇ ਵਾਤਾਵਰਣ ਨੂੰ ਆਪਣੇ ਅਧੀਨ ਕਰਨ ਦੀ ਸਮਰਥਾ ਵੀ ਰੱਖਦਾ ਹੈ। ਇਸ ਗੱਲ ਦੀ ਪੁਸ਼ਟੀ ਸਾਨੂੰ ਦੁੱਗਲ ਦੀ ਕਹਾਣੀ "ਕਰਾਮਾਤ" ਤੋਂ ਹੁੰਦੀ ਹੈ ਜਿਸ ਵਿਚ ਉਹ ਦੱਸਦਾ ਹੈ ਕਿ ਮਨੁੱਖੀ ਮਨ ਜੇ ਤਕੜਾ ਹੋਵੇ ਤਾ ਨੱਠੀ ਜਾਂਦੀ ਰੇਲ ਵੀ ਰੋਕੀ ਜਾ ਸਕਦੀ ਹੈ..." ਡਾ. ਦਲੀਪ ਕੌਰ ਟਿਵਾਣਾ ਦਾ ਖਿਆਲ ਹੈ (ਆਲੋਚਨਾ, ਜਿਲਦ 13, ਅੰਕ 1, ਸਾਲ 1967, ਸਫ਼ਾ 98)।

ਇਥੇ ਇਕ ਗੱਲ ਬੜੀ ਮਹੱਤਵਪੂਰਨ ਹੋ ਗਈ ਹੈ - ਵਾਤਾਵਰਣ ਦੀ, ਭਾਵੇਂ ਕਿ ਬਾਣੀ ਦੀ ਵਿਆਖਿਆ ਨਾਲ ਇਹ ਗੱਲ ਜੜੀ ਨਹੀਂ। ਅਸੀ ਦਾਰਸ਼ਨਿਕ ਲਫ਼ਜ਼ਾਂ ਵਿਚ ਵਾਤਾਵਰਣ ਦੀ ਗੱਲ ਕਰਦੇ ਹਾਂ ਤਾਂ ਉਸ ਵਿਚ ਦੌੜੀ ਜਾਂਦੀ ਰੇਲ ਨਹੀਂ ਆਉਂਦੀ। ਹਾਂ ਇਹ ਜ਼ਰੂਰ ਹੈ ਕਿ ਵਾਤਾਵਰਣ ਬਦਲਣ ਲਈ ਵੀ ਉਸੇ ਤਰ੍ਹਾਂ ਜਾਨ ਦੀ ਬਾਜ਼ੀ ਲਾਉਣੀ ਪੈਂਦੀ ਹੈ, ਜਿਸ ਤਰ੍ਹਾਂ ਨੱਠੀ ਜਾਂਦੀ ਰੇਲ ਨੂੰ ਰੋਕਣ ਲਈ, ਤੇ ਉਸ ਵਾਸਤੇ ਤਗੜੇ ਮਨੁੱਖੀ ਮਨ ਦੀ ਲੋੜ ਹੁੰਦੀ ਹੈ। ਪਰ ਇਹ ਤਾਂ ਕਹਾਣੀ ਵਿਚਲੀ ਘਟਨਾ ਦੀ ਵਿਆਖਿਆ ਹੈ, ਸਾਰੀ ਕਹਾਣੀ ਦੀ ਸੱਚਾਈ ਤਾਂ ਨਹੀਂ। ਤਾਂ ਕੀ ਗੁਰੂ ਨਾਨਕ ਦੀ ਪਹਾੜ ਰੋਕਣ ਵਾਲੀ ਗੱਲ ਇਕ ਵਾਧੂ ਭੂਮਿਕਾ ਸੀ?

ਚੰਗੀ ਸਾਹਿਤਕ ਕਿਰਤ ਵਿਚ, ਤੇ ਖ਼ਾਸ ਕਰਕੇ ਛੋਟੀ ਕਹਾਣੀ ਵਿਚ ਵਾਧੂ ਕੁਝ ਨਹੀਂ ਹੁੰਦਾ।

'ਆਧੁਨਿਕ ਮਨੋ-ਵਿਗਿਆਨ ਨੇ ਮਨੁੱਖ ਨੂੰ ਨਵੀਂ ਅੱਖ ਬਖ਼ਸ਼ੀ ਹੈ, ਜਿਸ ਰਾਹੀਂ ਪਤਾ ਲੱਗਾ ਹੈ ਕਿ ਮਨੁੱਖਤਾ ਦੀ ਹੋਂਦ-ਵਿਧੀ ਉਸ ਦੇ ਛੋਟੇਪਣ ਰਾਹੀਂ ਹੀ ਕਾਰਜ ਕਰਦੀ ਹੈ। ਸਾਡੇ ਹੱਥਲੇ ਸੰਗ੍ਰਹਿ ਵਿਚ ਕਰਤਾਰ ਸਿੰਘ ਦੁੱਗਲ ਦੀ ਕਹਾਣੀ "ਕਰਾਮਾਤ" ਵਿਚ ਇਹ ਸੱਚ ਅਛੋਪਲੇ ਹੀ ਪੇਸ਼ ਹੋਇਆ ਹੈ। ਪੰਜਾ ਸਾਹਿਬ ਦੀ ਸਾਖੀ ਨੂੰ ਛੋਟੀ ਕਹਾਣੀ ਬਣਨ ਲਈ 'ਛੋਟੀ' ਮਨੁੱਖਤਾ ਦਾ ਸੰਜਮ ਸਵੀਕਾਰ ਕਰਨਾ ਪਿਆ ਹੈ, ਕਰਾਮਾਤ ਨੂੰ ਸੰਭਵ ਬਣਨ ਲਈ ਮਨੁੱਖ ਦੀ ਸਾਧਾਰਣਤਾ ਨਾਲ ਸੰਬੰਧਿਤ ਹੋਣਾ ਪਿਆ ਹੈ। ਚਰਿਤਰ ਦੀ ਸਾਧਾਰਣਤਾ ਸਦਕਾ ਹੀ ਕਹਾਣੀ ਸਮੇਂ ਅਤੇ ਸਥਾਨ ਨੂੰ ਵੀ ਸਾਧਾਰਣ ਪੱਧਰ ਉੱਪਰ ਰਖਦੀ ਹੈ, ਡਾ. ਹਰਿਭਜਨ ਸਿੰਘ ਨੇ ਚੋਣਵੀਆਂ ਕਹਾਣੀਆਂ ਦੇ ਸੰਗ੍ਰਹਿ ਕਥਾ ਪੰਜਾਬ ਦੀ ਭੂਮਿਕਾ ਵਿਚ ਟਿਪਣੀ ਕੀਤੀ ਹੈ (ਸਫ਼ਾ 8)।

ਸੋ ਜੇ ਪਹਿਲੇ ਦੇ ਕਥਨਾਂ ਵਿਚ ਜ਼ੋਰ 'ਮਹਾਨਤਾ' ਉਪਰ ਸੀ, ਤਾਂ ਇਸ ਬਚਨ ਵਿਚ ਜ਼ੋਰ 'ਸਾਧਾਰਣਤਾ' ਉਪਰ ਹੈ। ਪਹਿਲੀ ਘਟਨਾ ਨੂੰ 'ਸਾਧਾਰਣ' (ਭਾਵ, ਹੋਣ ਯੋਗ) ਦਰਸਾਉਣ ਲਈ, ਦੂਜੀ ਘਟਨਾ ਨੂੰ 'ਸਾਧਾਰਣ' ਕਹਿ ਦਿਤਾ ਗਿਆ ਹੈ, ਕਿਉਕਿ ਇਸ ਦੀ ਹੋਣ-ਯੋਗਤਾ ਉਪਰ ਤਾਂ ਸ਼ੱਕ ਹੀ ਨਹੀ। ਪਰ ਘਟਨਾ ਨਾ ਪਹਿਲੀ 'ਸਾਧਾਰਣ ਹੈ, ਨਾ ਦਜੀ। ਦੂਜੀ ਘਟਨਾ ਦੇ ਪਾਤਰ ਭਾਵੇਂ ਸਾਧਾਰਣ ਮਨੁੱਖ ਹੋਣ, ਪਰ ਉਹਨਾਂ ਦਾ ਕਾਰਨਾਮਾ ਲੱਖ ਦੀ ਸਾਧਾਰਣਤਾ ਨੂੰ ਨਹੀਂ — ਸਾਧਾਰਣ ਮਨੁੱਖ ਦੀ ਮਹਾਨਤਾ ਨੂੰ ਸਾਹਮਣੇ ਲਿਆਉਂਦਾ ਹੈ। ਨਾਲੇ, ਜੇ ਤਾਂ 'ਸਾਧਾਰਣਤਾ ਤੋਂ ਮਤਲਬ 'ਯਥਾਰਥ' ਹੈ, ਤਾਂ ਠੀਕ ਹੈ, ਪਰ ਜੇ ਇਸ ਦਾ ਮਤਲਬ ‘ਆਮ' ਤੋਂ ਹੈ, ਤਾਂ ਚਰਿਤਰ, ਸਮੇਂ ਤੇ ਸਥਾਨ ਦੀ ਸਾਧਾਰਣਤਾ ਨਾ ਕਹਾਣੀ ਲਈ ਲਾਜ਼ਮੀ ਹੈ, ਨਾ ਇਸ ਦਾ ਜ਼ਰੂਰੀ ਲੱਛਣ, ਭਾਵੇਂ ਕਿ ਇਹ ਇਸ ਨਾਲ ਬਮੇਲ ਵੀ ਨਹੀਂ।

ਤਾਂ ਫਿਰ, ਅਸੀਂ ਇਸ ਕਹਾਣੀ ਦੇ ਲੇਖਕ ਤੋਂ ਹੀ ਪੁਛ ਦੇਖੀਏ, ਕਿ ਇਹ ਕਹਾਣੀ ਕੀ ਕਹਿੰਦੀ ਹੈ?

"ਕਰਾਮਾਤ" ਨਾਂ ਦੀ ਕਹਾਣੀ ਵਿਚ ਇਕ ਆਦਮੀ ਦੀ ਕਰ-ਸਕਣ-ਦੀ-ਤਾਕਤ ਨੇ ਮੁਅਜਜ਼ੇ ਜਿਤਨਾ ਮਹਾਨ ਦਸਿਆ ਹੈ। ਗੁਰੂ ਨਾਨਕ ਨੇ ਹੰਕਾਰ ਤੇ ਤੰਗ-ਨਜ਼ਰੀ ਨਾਲ ਟੱਕਰ ਲਈ ਸੀ, ਅੱਜ ਗੁਰੂ ਨਾਨਕ ਦੇ ਅਨੁਆਈ ਹਉਮੈ ਤੇ ਅਨਿਆਂ ਚੀਕਦੀ ਦਹਾੜਦੀ ਟਰੇਨ ਨੂੰ ਰੋਕ ਲੈਂਦੇ ਹਨ। ਕਰਾਮਾਤ ਇਨਸਾਨ ਦਾ ਮੁਸ਼ਕਲ ਤੋਂ ਮੁਸ਼ਕਲ ਅਣਹੋਣੀ ਤੋਂ ਅਣਹੋਣੀ ਮੁਹਿੰਮ ਸਰ ਕਰ ਲੈਣ ਦਾ ਨਾਂ ਹੈ', ਦੁੱਗਲ ਆਪ ਇਸ ਕਹਾਣੀ ਬਾਰੇ ਕਹਿੰਦਾ ਹੈ (ਮੇਰੀ ਕਹਾਣੀ ਕਲਾ, ਸਫ਼ਾ 31)।

ਖ਼ਿਆਲ ਇਹ ਵੀ ਮਾੜਾ ਨਹੀਂ। ਪਰ ਸਾਨੂੰ ਖ਼ਤਰਾ ਹੈ ਕਿ ਕਹਾਣੀ ਨੇ ਲੇਖਕ ਦਾ ਕਿਹਾ ਨਹੀਂ ਮੰਨਿਆ।

ਜੇ ਅਸੀਂ ਲੇਖਕ ਦੀ ਗੱਲ ਮੰਨ ਲਈਏ ਤਾਂ ਕਹਾਣੀ ਦੀ ਕੇਂਦਰੀ ਜਾਂ ਮੁੱਖ ਘਟਨਾ ਦੂਜੀ ਹੋਣੀ ਚਾਹੀਦੀ ਹੈ। ਪਰ ਕਹਾਣੀ ਵਿਚ ਸਾਰੀ ਦਿਲਚਸਪੀ ਇਸ ਗੱਲ ਦੁਆਰੇ ਕੇਂਦਰਿਤ ਹੋ ਜਾਂਦੀ ਹੈ ਕਿ ਪਹਿਲੀ ਘਟਨਾ ਨੂੰ ਸੱਚ ਮੰਨਿਆ ਜਾਏ ਜਾਂ ਨਾ। ਕਰ-ਸਕਣ-ਦੀ-ਤਾਕਤ ਦਾ ਪ੍ਰਗਟਾਅ ਮੁਅਜ਼ਜ਼ੇ ਨੂੰ ਬਲ ਦੇਦਾ ਹੈ, ਨਾ ਕਿ ਇਸ ਤੋਂ ਉਲਟ। ਦੋਹਾਂ ਘਟਨਾਵਾਂ ਨੂੰ ਅਲੰਕਾਰਕ ਪੱਧਰ ਉਤੇ ਪੇਸ਼ ਕਰਨ ਦੀ ਗੱਲ ਵੀ ਨਹੀਂ ਬਣਦੀ। ਗੁਰੂ ਨਾਨਕ ਵਾਲੀ ਗੱਲ ਇਸ ਕਰਕੇ ਨਹੀਂ, ਕਿ ਸਚਮੁਚ ਹੀ ਇਕ ਪੱਥਰ ਵਿਚ ਲੱਗੇ ਪੰਜੇ ਨੂੰ ਦਿਖਾ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਗੁਰੂ ਨਾਨਕ ਨੇ ਹੰਕਾਰ ਤੇ ਤੰਗ-ਨਜ਼ਰੀ ਦੇ ਅਲੰਕਾਰਕ ਪੱਥਰ ਨੂੰ ਨਹੀਂ, ਸਗੋਂ ਸੱਚਮੁੱਚ ਦੇ ਪੱਥਰ ਨੂੰ ਰੋਕਿਆ ਸੀ। ਜਦ ਕਿ ਦੂਜੀ ਘਟਨਾ ਵਿਚ ਕੁਝ ਜਾਨਾਂ ਦੀ ਕੁਰਬਾਨੀ ਦੇ ਕੇ ਸੱਚਮੁਚ ਦੀ ਗੱਡੀ ਨੂੰ ਰੋਕ ਲਿਆ ਜਾਂਦਾ ਹੈ।

ਤਾਂ ਫਿਰ ਕੀ ਅਸੀਂ ਕਿਸੇ ਰਚਨਾ ਦੇ ਵਿਸ਼ੇ ਸੰਬੰਧੀ ਉਸ ਦੇ ਲੇਖਕ, ਉਸ ਦੇ ਚ ਰਚਨਹਾਰ ਦੀ ਗੱਲ ਵੀ ਰੱਦ ਕਰ ਦੇਈਏ?

ਹਾਂ, ਸਾਨੂੰ ਪੂਰਾ ਹੱਕ ਹੈ। ਆਮ ਕਰਕੇ ਰਚਨਾ ਦੀ ਤੁਲਨਾ ਸੰਤਾਨ ਨਾਲ ਕੀਤੀ ਜਾਂਦੀ ਹੈ। ਪਰ ਜ਼ਰੂਰੀ ਨਹੀਂ ਕਿ ਮਾਪੇ ਆਪਣੀ ਸੰਤਾਨ ਬਾਰੇ ਕੋਈ ਸੰਤੁਲਤ ਰਾਇ ਰੋਖਦੇ ਹੋਣ। ਸਾਹਿਤਕ ਕਿਰਤ ਤਾਂ ਬਹੁਤ ਮੂੰਹ-ਜ਼ੋਹ ਸੰਤਾਨ ਹੁੰਦੀ ਹੈ। ਅਸੀਂ ਅਕਸਰ ਸਾਹਿਤਕਾਰਾਂ ਨੂੰ ਕਹਿੰਦਿਆਂ ਸੁਣਿਆ ਹੈ ਕਿ ਰਚਨਾ ਦੇ ਅਮਲ ਦੇ ਦੌਰਾਨ ਹੀ ਕੋਈ 'ਕਿਰਤ ਮੂੰਹ-ਜ਼ੋਰ ਹੋ ਜਾਂਦੀ ਹੈ, ਤੇ ਅੰਤਮ ਰੂਪ ਉਹ ਨਹੀਂ ਹੁੰਦਾ ਜਿਸ ਨੂੰ ਧਾਰ ਕੇ ਕੋਈ ਸਾਹਿਤਕਾਰ ਤੁਰਿਆ ਹੁੰਦਾ ਹੈ। ਤੇ ਇਹ ਵੀ ਹੁੰਦਾ ਹੈ ਕਿ ਜਦ ਕਿਸੇ ਸਾਹਿਤਕਾਰ ਨੂੰ ਪੁਛਿਆ ਜਾਂਦਾ ਹੈ ਕਿ ਉਸ ਨੇ ਕਿਸੇ ਰਚਨਾ ਵੇਲੇ ਕਿਸ ਵਿਚਾਰ ਨੂੰ ਮੁੱਖ ਰਖਿਆ ਸੀ, ਉਹ ਹਮੇਸ਼ਾਂ ਹੀ ਇਸ ਦਾ ਜਵਾਬ ਨਹੀਂ ਦੇ ਸਕਦਾ। ਨਾਲੇ, ਸੱਚੇ ਰਚਣੇਈ ਸਾਹਿਤਕਾਰ ਕਦੀ ਕਦੀ ਚੇਤਨਤਾ ਧੋਖਾ ਦੇ ਜਾਂਦੀ ਹੈ, ਅੰਤਰ-ਸੂਝ ਸ਼ਾਇਦ ਨਹੀਂ।

ਸਾਹਿਤਕ ਰਚਨਾ ਬਾਰੇ ਉਸ ਦੇ ਲੇਖਕ ਦੀ ਰਾਇ ਕਈ ਰਾਵਾਂ ਵਿਚੋਂ ਇੱਕ ਹੈ ਜਾਂਦੀ ਹੈ, ਪਰ ਫ਼ੈਸਲਾਕੁਨ ਰਾਇ ਨਹੀਂ।

ਆਪਣੇ ਜਨਮ-ਕਾਲ ਤੋਂ ਹੀ ਸਾਹਿਤਕ ਰਚਨਾ ਇਕ ਆਜ਼ਾਦ ਜੀਵਨ ਜਿਊਣ ਲੱਗ ਪੈਂਦੀ ਹੈ ਤੇ ਆਪਣਾ ਮਾਪ ਆਪ ਹੀ ਹੁੰਦੀ ਹੈ।

ਤਾਂ ਉਪਰਲੀ ਸਾਰੀ ਬਹਿਸ ਤੋਂ ਅਸੀਂ ਇਹ ਸਿੱਟਾ ਕੱਢ ਲਈਏ ਕਿ ਇਸ ਕਹਾਣੀ ਕਈ ਬੁਨਿਆਦੀ ਨੁਕਸ ਹੈ? ਹੋ ਵੀ ਸਕਦਾ ਹੈ, ਨਹੀਂ ਵੀ। ਫ਼ੈਸਲਾ ਕਰਨ ਲਈ ਕਹਾਣੀ ਦੇ ਵਿਸ਼ਲੇਸ਼ਣ ਵਲ ਆਉਣਾ ਪਵੇਗਾ।

'ਅਜੋਕੇ ਤਰਕਵਾਦੀ ਤੇ ਵਿਗਿਆਨਕ ਯੁਗ' ਦਾ ਪਾਠਕ ਹੋਣ ਕਰਕੇ ਮੈਨੂੰ ਪਹਿਲੀ ਤੇ ਦੂਜੀ ਘਟਨਾ ਦੀ ਹਕੀਕਤ ਦਾ ਪਤਾ ਹੈ। ਇਹ ਵੀ ਪਤਾ ਹੈ ਕਿ ਉਹਨਾਂ ਦੀ ਸਾਂਝ ਕੋਈ ਨਹੀਂ, ਪਹਿਲੀ 'ਕਰਾਮਾਤ' ਤੇ ਦੂਜੀ ‘ਕਰਾਮਾਤ' ਦੇ ਬਣਤਰੀ-ਅੰਸ਼ ਇਕ ਨਹੀਂ, ਤੇ ਇਕ ਨਾਲ ਦੂਜੀ ਨੂੰ ਸਿੱਧ ਨਹੀਂ ਕੀਤਾ ਜਾ ਸਕਦਾ। ਭਵਿੱਖ ਵਿਚ ਜਾ ਕੇ ਹੋ ਸਕਦਾ ਹੈ ਇਲੈਕਟ੍ਰਾਨਿਕ ਗੱਡੀਆਂ ਬਣਨ ਲੱਗ ਪੈਣ ਜਿਹੜੀਆਂ ਕਿਸੇ ਦੇ ਅੱਗੇ ਆਉਣ ਨਾਲ ਆਪੇ ਰੁਕ ਜਾਣਗੀਆਂ, ਗੱਡੀ ਨੂੰ ਪੰਜਾ ਤਕ ਵੀ ਛੁਹਾਉਣ ਦੀ ਲੋੜ ਨਹੀਂ ਪਵੇਗੀ। ਪਰ ਤਾਂ ਵੀ ਇਸ ਤੋਂ ਪੱਥਰ ਨੂੰ ਰੋਕਣ ਵਾਲੀ ਗੱਲ ਸਿੱਧ ਨਹੀਂ ਹੋਵੇਗੀ। ਚਲਦੀ ਮਸ਼ੀਨ ਵੀ ਮਨੁੱਖੀ ਚੇਤਨਤਾ ਦਾ ਪਸਾਰ ਹੀ ਹੁੰਦੀ ਹੈ, ਪਰ ਰਿੜਦਾ ਪੱਧਰ ਵੀ ਜੜ੍ਹ-ਰੂਪ ਹੈ ਹੁੰਦਾ ਹੈ। 'ਅਜਕੇ ਤਰਕਵਾਦੀ ਤੇ ਵਿਗਿਆਨਕ ਯੁਗ' ਦਾ ਪਾਠਕ ਹੋਣ ਕਰਕੇ ਮੈਨੂੰ ਕਹਾਣੀ ਵਿਚਲੇ ਬਾਲੇ ਦੀ ਬੌਧਿਕ ਪੱਧਰ ਦਾ ਵੀ ਪਤਾ ਹੈ, ਤੇ ਮੈਂ ਆਪਣੀ ਬੌਧਿਕ ਪੱਧਰ ਨੂੰ ਉਸ ਦੀ ਬੌਧਿਕ ਪੱਧਰ ਨਾਲ ਸਾਵੀਂ ਨਹੀਂ ਲਿਆ ਸਕਦਾ, ਕਿ ਜੇ ਉਹ ਕੋਈ ਗੱਲ ਮੰਨ ਜਾਵੇ ਤਾਂ ਮੈਂ ਵੀ ਮੰਨ ਜਾਵਾਂ।

ਫਿਰ, ਕਹਾਣੀ ਦਾ ਮੁੱਖ ਪਾਤਰ ਨਾ ਗੁਰੂ ਨਾਨਕ ਹੈ, ਨਾ ਉਹ ਮਹਾਨ ਵਿਅਕਤੀ ਜਿਹੜੇ ਆਪਣੀ ਜਾਨ ਉਤੇ ਖੇਡ ਜਾਂਦੇ ਹਨ, ਸਗੋਂ ਇਕ ਬਾਲ ਹੈ। ਤੇ ਕਹਾਣੀ ਵਿਚ ਮੁੱਖ ਘਟਨਾ ਨਾ ਪਹਾੜ ਨੂੰ ਰੋਕਣਾ ਹੈ, ਨਾ ਗੱਡੀ ਨੂੰ ਰੋਕਣਾ, ਸਗੋਂ ਇਕ ਛੋਟੀ ਜਿਹੀ ਬੁੱਧੀ ਦਾ ਇਕ ਗੱਲ ਮੰਨ ਜਾਣਾ ਹੈ, ਜਿਸ ਉਤੇ ਪਹਿਲਾਂ ਉਹ ਸਿਰ ਮਾਰ ਦੇਂਦੀ ਸੀ। ਤੇ ਇਸ ਵਿਚ ਹੀ ਇਸ ਕਹਾਣੀ ਦਾ ਰਹੱਸ ਹੈ। ਇਹੋ ਹੀ ਇਹ ਕਹਾਣੀ ਪੇਸ਼ ਕਰਦੀ ਹੈ ਕਿ ਕਿਵੇਂ ਇਕ ਨਿੱਕੀ ਜਿਹੀ ਜਗ ਰਹੀ ਜੋਤ ਨੂੰ ਮਾਹੌਲ ਦੀ ਅਨ੍ਹੇਰ-ਬਿਰਤੀ ਹੜੱਪ ਕਰ ਲੈਂਦੀ ਹੈ।

'ਅਜੋਕੇ ਵਿਗਿਆਨਕ ਤੇ ਤਰਕਵਾਦੀ ਯੁਗ' ਦੇ ਪਾਠਕ ਹੋਣ ਕਰਕੇ ਮੇਰੀ ਦਿਲਚਸਪੀ ਉਸ ਨਿੱਕੀ ਜਿਹੀ ਜਿੱਤ ਦੀ ਹੋਣੀ ਵਿਚ ਹੈ। ਕਿਵੇਂ ਉਹ ਆਪਣੇ ਮਾਹੌਲ ਦੀ ਅਨ੍ਹੇਰ-ਬਿਰਤੀ ਨੂੰ ਵੰਗਾਰਦੀ ਹੈ: ਘਰ ਵਿਚ ਵੀ, ਸਕੂਲ ਵਿਚ ਵੀ, ਗੁਰਦਵਾਰੇ ਵਿਚ ਵੀ, ਪਰ ਉਹ ਅਜੇ ਏਨੀ ਵਿਕਸਤ ਨਹੀਂ ਕਿ ਕਾਰਜ ਦੇ ਕਾਰਨ ਤੇ ਅਸਰ ਵਿਚਲੇ ਸੰਬੰਧ ਦੀ ਛਾਣਬੀਣ ਕਰ ਸਕੇ। ਫਿਰ ਇਕ ਐਸੀ ਹਲੂਣ ਦੇਣ ਵਾਲੀ ਘਟਨਾ ਵੇਲੇ, ਜਿਹੜੀ ਭਾਵਾਂ ਨੂੰ ਵੀ ਤੇ ਬੁਧੀ ਨੂੰ ਵੀ ਵਿਆਖਿਆ ਦੀ ਚੂੰਡੇ ਵਿਚ ਕੰਡਿਆਂ ਉਤੇ ਖੜਾ ਕਰ ਦੇਦੀ ਹੈ,ਇਹ ਅਨ੍ਹੇਰ-ਬਿਰਤੀ ਵਾਰ ਕਰਦੀ ਹੈ। ਇਹ ਸਮਾਂ ਸੀ ਜਦੋਂ ਬਾਲ ਦਾ ਭਾਵਕ ਤੇ ਬੌਧਿਕ ਲੋਹਾ ਲਾਲ ਹੋਇਆ ਹੋਇਆ ਸੀ, ਤੇ ਜੇ ਵਾਪਰੀ ਘਟਨਾ ਦੀ ਉਚਿਤ ਵਿਆਖਿਆ ਮਿਲਦੀ ਤਾਂ ਹੋ ਸਕਦਾ ਸੀ ਉਸ ਵਿਚਲੀ ਬੁਧੀ ਦੀ ਲਾਟ ਭਖ਼ ਕੇ ਕਿਸੇ ਵੇਲੇ ਜਵਾਲਾਂ ਦਾ ਰੂਪ ਧਾਰਨ ਕਰ ਲੈਂਦੀ। ਪਰ ਐਨ ਇਸ ਵੇਲੇ ਇਹ ਅਨ੍ਹੇਰ ਬਿਰਤੀ ਵਾਰ ਕਰ ਕੇ—- ਉਸ ਬਾਲ-ਬੁਧ ਨੰ ਖੁੰਢਿਆਂ ਕਰ ਦੇਂਦੀ ਹੈ, ਤੇ ਉਹ ਵੀ ਆਪਣੇ ਮਾਹੌਲ ਦਾ ਇਕ ਅੰਗ ਬਣ ਕੇ ਫਿਰ ਇਕ ਹੋਰ ਬਾਲ-ਜੋਤ, ਆਪਣੀ ਛੋਟੀ ਭੈਣ ਦੇ ਤਰਕ, ਨੂੰ ਬੁਝਾਉਣ ਵਿਚ ਸ਼ਾਮਲ ਹੋ ਜਾਂਦੀ ਹੈ। ਅਸਲ ਕਰਾਮਾਤ ਇਹ ਹੈ।

ਹਰ ਚੰਗੀ ਗਲਪ ਰਚਨਾ ਵਾਂਗ ਇਸ ਕਹਾਣੀ ਦੀ ਖੂਬਸੂਰਤੀ ਇਹ ਹੈ ਕਿ ਇਹ ਨਾ ਕੁਝ ਸਿੱਧ ਕਰਦੀ ਹੈ, ਨਾ ਕਿਸੇ ਤੋਂ ਕੋਈ ਗੱਲ ਮੰਨਵਾਉਂਦੀ ਹੈ। ਇਹ ਤਾਂ ਹਕੀਕਤ ਨੂੰ ਪੇਸ਼ ਕਰ ਦੇਂਦੀ ਹੈ। ਕਹਾਣੀ ਵਿਚਲੀ ਮਾਂ ਵੀ ਆਪਣੇ ਬੱਚੇ ਨੂੰ ਮੰਨਵਾਉਣ ਲਈ ਜ਼ੋਰ ਨਹੀਂ ਲਾਉਂਦੀ। ਉਹ ਤਾਂ ਸਾਖੀ ਸੁਣਾਈ ਜਾਂਦੀ ਹੈ, ਸ਼ਾਇਦ ਆਦਤਨ ਜਾਂ ਆਪਣੀ ਸ਼ਰਧਾ ਪਾਲਣ ਲਈ, ਜਾਂ ਫਿਰ ਸ਼ਾਇਦ ਹਿਰਾਸੇ ਹੋਏ ਮਨਾਂ ਨੂੰ ਸਫ਼ਰ ਵਿਚ ਕਿਤੇ ਲਾਂਭੇ ਪਾਉਣ ਲਈ। ਉਸ ਨੂੰ ਕੋਈ ਫਰਕ ਨਹੀਂ ਪੈਂਦਾ - ਕੋਈ ਮੰਨੇ ਜਾਂ ਨਾ ਮੰਨੇ! ਪਰ ਉਹ ਅਨ੍ਹੇਰ-ਬਿਰਤੀ ਵਾਲੇ ਮਾਹੌਲ ਦਾ ਅੰਗ ਹੈ ਤੇ ਇਸ ਦੇ ਹੱਥ ਵਿਚ ਅਚੇਤ ਹੀ ਹਥਿਆਰ ਦਾ ਕੰਮ ਕਰ ਜਾਂਦੀ ਹੈ।

ਇਹ ਹੈ ਜਿਥੇ ਇਸ ਕਹਾਣੀ ਦੀਆਂ ਤੰਦਾਂ ਆ ਕੇ ਜੁੜਦੀਆਂ ਹਨ, ਅਤੇ ਇਸ ਕਹਾਣੀ ਵਿਚਲਾ ਬਿੰਬ ਇਕਜੁੱਟ ਇਕਾਈ ਵਜੋਂ ਸਾਹਮਣੇ ਆਉਂਦਾ ਹੈ।

ਹਰ ਕਹਾਣੀ, ਜਾਂ ਆਮ ਕਰਕੇ ਗਲਪ ਰਚਨਾ ਦਾ ਵਿਸ਼ਾ ਅਤੇ ਬਾਕੀ ਬਣਤਰੀ ਅੰਸ਼ ਵੀ ਉਸ ਕਹਾਣੀ ਦੇ ਸੰਦਰਭ ਵਿਚ ਤਾਂ ਵਿਸ਼ੇਸ਼ ਅਰਥ ਰਖਦੇ ਹੀ . ਹਨ, ਪਰ ਚੰਗੀ ਰਚਨਾ ਦੇ ਅਰਥ ਆਪਣੇ ਤੱਕ ਖ਼ਤਮ ਨਹੀਂ ਹੋ ਜਾਂਦੇ। ਹੋਰ ਚੰਗੀ ਰਚਨਾ ਦੇ ਧਰਾਤਲਾਂ ਉਤੇ ਜਿਉਂਦੀ ਹੈ - ਵਿਸ਼ੇਸ਼ ਅਤੇ ਆਮਿਆਏ। ਇਸ ਦੇ ਬਿੰਬ ਵੀ ਉਸ ਰਚਨਾ ਦੇ ਸੰਦਰਭ ਵਿਚ ਵਿਸ਼ੇਸ਼ ਹੋਣ ਦੇ ਨਾਲ ਨਾਲ, ਆਮਿਆਏ ਜਾਣ ਦੀ ਸਮਰੱਥਾ ਵੀ ਰੱਖਦੇ ਹਨ, ਜਿਸ ਕਰਕੇ ਇਹ ਰਚਨਾ ਆਪਣੇ ਨਾਲ ਰਲਦੀਆਂ ਮਿਲਦੀਆਂ ਕਈ ਪ੍ਰਸਥਿਤੀਆਂ ਦਾ ਝਾਵਲਾ ਦੇ ਜਾਂਦੀ ਹੈ, ਕਈ ਪ੍ਰਸਥਿਤੀਆਂ ਦੇ ਪ੍ਰਤਿਨਿਧਤਾ ਕਰਦੀ ਲੱਗਦੀ ਹੈ। ਹਰ ਚੰਗੀ ਰਚਨਾ ਦੇ ਭਾਵ-ਵਿਸਥਾਰ ਦੇ ਪਿੱਛੇ ਆਮਿਆਏ ਧਰਾਤਲ ਉਤੇ ਵੀ ਸਮਝੇ ਜਾਣ ਦਾ ਉਸ ਦਾ ਗੁਣ ਕੰਮ ਕਰ ਰਿਹਾ ਹੁੰਦਾ ਹੈ। ਇਹ ਗੱਲ ਉਸ ਵਿਚਲੇ ਬਿੰਬ ਦੀ ਸਰਬੰਗਤਾ ਦਾ ਸਬੂਤ ਹੁੰਦੀ ਹੈ।

ਉਪ੍ਰੋਕਤ ਕਹਾਣੀ ਦੇ ਸੰਦਰਭ ਵਿਚ ਵੀ, ਨਿੱਕੀ ਜਿਹੀ ਬੁਧੀ ਦੀ ਜਗ ਰਹੀ ਜੋਤ ਨੂੰ ਮਾਹੌਲ ਦੀ ਅਨ੍ਹੇਰ-ਬਰਤੀ ਵਲੋਂ ਹੜੱਪ ਕੀਤੇ ਜਾਣ ਦੀ ਘਟਨਾ ਅਜੇ ਵੀ ਸਾਡੇ ਸਮਾਜ ਵਿਚ ਵਾਪਰ ਰਹੀ ਹੈ। ਸਾਡੇ ਵਿਚੋਂ ਬਹੁਤੇ ਅਜੇ ਵੀ ਇਸ ਦੇ ਕਿਸੇ ਨਾ ਕਿਸ ਰੂਪ ਵਿਚ ਪਾਤਰ ਹਨ। ਗਲਪ ਵਿਚ ਅਤੇ ਖ਼ਾਸ ਕਰਕੇ ਨਿੱਕੀ ਕਹਾਣੀ ਵਿਚ ਬਿੰਬ ਪਛਾਣ ਅਤੇ ਅਰਥਾਉਣ ਸਮੇਤ ਹੋਰ ਸੰਬੰਧਤ ਸਮੱਸਿਆਵਾਂ ਉਤੇ ਅਸੀਂ ਕਰਤਾਰ ਸਿੰਘ ਦੁੱਗਲ ਦੇ ਹੀ ਕਹਾਣੀ-ਸੰਗ੍ਰਹਿ ਇਕ ਛਿੱਟ ਚਾਨਣ ਦੀ ਦੀਆਂ ਕੁਝ ਕਹਾਣੀਆਂ ਦੇ ਆਧਾਰ ਉਤੇ ਵਿਚਾਰ ਕਰ ਸਕਦੇ ਹਾਂ। ਇਹਨਾਂ ਵਿਚੋਂ ਪਹਿਲੀ ਸਮੱਸਿਆ ਵਸਤੁ ਅਤੇ ਇਸ ਦੀ ਪਛਾਣ ਦੀ ਹੈ।

ਸਾਰੇ ਸਾਹਿਤ ਦਾ ਵਸਤੂ ਮਨੁੱਖ ਦਾ ਸਮਾਜਕ ਜੀਵਨ ਹੈ। ਪ੍ਰਕਿਰਤੀ ਅਤੇ ਪਸ਼ੂ ਜਗਤ ਵੀ ਜਦੋਂ ਸਾਹਿਤ ਵਿਚ ਪ੍ਰਵੇਸ਼ ਕਰਦੇ ਹਨ ਤਾਂ ਮਨੁੱਖ ਦੇ ਸਮਾਜਕ ਜੀਵਨ ਨਾਲ ਸੰਬੰਧਤ ਹੋ ਕੇ ਹੀ ਪ੍ਰਵੇਸ਼ ਕਰਦੇ ਹਨ। ਪਰ, ਜਿਵੇਂ ਕਿ ਅਸੀਂ ਪਹਿਲਾਂ ਕਹਿ ਆਏ ਹਾਂ, ਸਾਹਿਤ ਯਥਾਰਥ ਨਹੀਂ ਹੁੰਦਾ, ਯਥਾਰਥ ਦੀ ਕਲਾਤਮਕ ਬਿੰਬਾਂ ਰਾਹੀਂ ਰਚਣੇਈ ਮੁੜਸਿਰਜਣਾ ਹੁੰਦਾ ਹੈ। ਨਾ ਹੀ ਬਿੰਬ ਯਥਾਰਥ ਹੁੰਦਾ ਹੈ। ਬਿੰਬ ਯਥਾਰਥ ਦੇ ਕਿਸੇ ਅੰਸ਼ ਜਾਂ ਤੱਤ ਦਾ ਸੰਕਲਪਾਤਮਕ ਰੂਪ ਹੁੰਦਾ ਹੈ। ਸਾਹਿਤਕ ਬਿੰਬ ਵਿਚ ਯਥਾਰਥ ਦੇ ਨਾਲ਼ ਨਾਲ ਲੇਖਕ ਦੀ ਕਲਪਨਾ, ਇਸ ਯਥਾਰਥ ਬਾਰੇ ਉਸ ਦਾ ਦ੍ਰਿਸ਼ਟੀਕੋਨ, ਉਸ ਦਾ ਸੁਹਜ-ਦਰਸ਼ਨ ਸ਼ਾਮਲ ਹੁੰਦਾ ਹੈ। ਇਸ ਤੋਂ ਵਸਤੂ ਦੀ ਪਛਾਣ ਦੀ ਸਮੱਸਿਆ ਪੈਦਾ ਹੁੰਦੀ ਹੈ। ਸਾਹਿਤ ਵਿਚਲੇ ਵਸਤੂ ਨੂੰ ਪਛਾਨਣ ਲਈ ਸਿਰਜੇ ਬਿੰਬਾਂ ਵਿਚੋਂ ਕਲਪਨਾ ਦਾ, ਜੀਵਨ-ਫ਼ਲਸਫ਼ੇ ਦਾ, ਸੁਹਜ-ਦਰਸ਼ਨ ਦਾ ਅੰਸ਼ ਵੱਖ ਕਰ ਕੇ ਫਿਰ ਯਥਾਰਥ ਤਕ ਪਹੁੰਚਣਾ ਪੈਂਦਾ ਹੈ। ਇਸ ਸਾਰੇ ਅਮਲ ਵਿਚ ਲੇਖਕ ਅਤੇ ਪਾਠਕ ਵਿਚਕਾਰ ਭਾਸ਼ਾਈ ਸਾਂਝ ਤੋਂ ਛੁਟ ਸਭਿਆਚਾਰਕ ਪਿਛੋਕੜ, ਸਭਿਆਚਾਰਕ ਪੱਧਰ ਅਤੇ ਕਿਸੇ ਹੱਦ ਤਕ ਜਵਨ ਅਨੁਭਵ ਦੀ ਸਾਂਝ ਵੀ ਜ਼ਰੂਰੀ ਹੈ। ਜੇ ਸਭਿਆਚਾਰਕ ਓਪਰਾਪਣ ਹੋਵੇਗਾ ਜਾਂ ਸਭਿਆਚਾਰਕ ਵਿਖੇ ਹੋਵੇ, ਤਾਂ ਕਲਾਤਮਕ ਬਿੰਬਾਂ ਵਿਚ ਸੰਚਿਤ ਬੋਧ ਨੂੰ ਸਮਝਣਾ ਮੁਸ਼ਕਲ ਹੋ ਜਾਵੇਗਾ। ਜੀਵਨ ਅਨੁਭਵ ਦੀ ਸਾਂਝ ਦੀ ਅਣਹੋਂਦ ਵਿਚ ਪਾਠਕ ਲਈ ਲੇਖਕ ਦੀ ਪ੍ਰਮਾਣੀਕਤਾ ਨੂੰ ਮੰਨ ਕੇ ਚਲਣਾ ਪਵੇਗਾ। ਵੈਸੇ ਵੀ, ਲੇਖਕ ਲਈ ਇਹ ਝਾਵ ਕਾਇਮ ਰੱਖਣਾ ਜਰੂਰੀ ਹੈ ਕਿ ਜਿਸ ਯਥਾਰਥ ਨੂੰ ਉਹ ਪੇਸ਼ ਕਰ ਰਿਹਾ ਹੈ ਉਸ ਬਾਰੇ ਉਸ ਦਾ ਬੋਧ ਪ੍ਰਮਾਣੀਕ ਹੈ। ਜੇ ਇਹ ਝਾਵਲਾ ਕਾਇਮ ਨਹੀਂ ਰਹਿੰਦਾ ਤਾਂ ਰਚਨਾ ਦੀ ਪੇਸ਼ਕਾਰੀ ਅਤੇ ਸਮਝ ਵਿਚ ਇਕ ਮੁੱਢਲਾ ਖ਼ਲਾਅ ਰਹਿ ਜਾਂਦਾ ਹੈ, ਜਿਸ ਨੂੰ ਹੋਰ ਕਿਸੇ ਜੁਗਤ ਨਾਲ ਪੂਰਿਆ ਨਹੀਂ ਜਾ ਸਕਦਾ ਅਤੇ ਰਚਨਾ ਯਥਾਰਥ ਦੀ ਪੱਧਰ ਉਤੇ ਵੀ ਅਤੇ ਕਲਾ ਦੀ ਪੱਧਰ ਤੇ ਵੀ ਅਸਫਲ ਰਹਿ ਜਾਂਦੀ ਹੈ।

ਵਸਤੂ ਦੀ ਪਛਾਣ ਜ਼ਰੂਰੀ ਨਹੀਂ, ਵਿਸ਼ੇ ਦੀ ਪਛਾਣ ਵੀ ਹੋਵੇ। ਅਤੇ ਇਹ ਗੱਲ ਦੋਹਾਂ ਪੱਧਰਾਂ ਉਤੇ ਵਾਪਰ ਸਕਦੀ ਹੈ-ਲੇਖਕ ਦੀ ਪੱਧਰ ਉਤੇ ਵੀ ਅਤੇ ਪਾਠਕ ਦੀ ਪੱਧਰ ਉਤੇ ਵੀ। ਰਚਨਾ ਦੀ ਪੱਧਰ ਉਤੇ ਵੀ ਅਤੇ ਰਜ਼ਨਾ ਸਮਝਣ ਅਤੇ ਮਾਨਣ ਦੀ ਪੱਧਰ ਉਤੇ ਵੀ। ਕੋਈ ਜ਼ਰੂਰੀ ਨਹੀਂ ਕਿ ਅਸੀਂ ਜ਼ਿੰਦਗੀ ਜਿਉਂਦੇ ਹੋਏ ਇਸ ਦੇ ਅੰਦਰਲੇ ਮੰਤਕ ਨੂੰ ਵੀ ਸਮਝ ਰਹੇ ਹੋਈਏ। ਕੋਈ ਜ਼ਰੂਰੀ ਨਹੀਂ ਕਿ ਲੇਖਕ ਯਥਾਰਥ ਨੂੰ ਪੇਸ਼ ਕਰਦਾ ਹੋਇਆ ਵੀ, ਇਸ ਯਥਾਰਥ ਨੂੰ ਜ਼ੋਰਦਾਰ ਅਤੇ ਮੰਤਕੀ ਢੰਗ ਨਾਲ ਪੇਸ਼ ਕਰਦਾ ਹੋਇਆ ਵੀ, ਇਸ ਦੇ ਮੰਤਕ ਨੂੰ ਠੀਕ ਤਰਾਂ ਸਮਝ ਰਿਹਾ ਹੋਵੇ।

ਵਿਚਾਰਧਾਰਾ ਅਤੇ ਦ੍ਰਿਸ਼ਟੀਕੋਨ, ਤੁਅੱਸਬ ਅਤੇ ਮਾਨਸਕ ਉਲਾਰ ਨਾਲ ਮਿਲ ਕੇ ਯਥਾਰਥ ਦੇ ਮੰਤਕ ਨੂੰ ਸਮਝਣ ਦੇ ਰਾਹ ਵਿਚ ਰੁਕਾਵਟ ਬਣ ਸਕਦੇ ਹਨ।

ਸਮੁੱਚੀ ਸਾਹਿਤ ਰਚਨਾ ਦਾ ਵਿਸ਼ਾ ਯਥਾਰਥ ਦੇ ਇਸ ਮੰਤਕ ਦਾ ਬੌਧ ਕਰਾਉਣਾ ਹੈ। ਇਹ ਵਿਸ਼ੇ ਦੀ ਇਕ ਪੱਧਰ ਹੈ। ਇਸ ਮੰਤਕ ਦਾ ਬੌਧ ਕਿਉਂ ਕਰਾਉਣਾ ਹੈ ਅਤੇ ਕਿਹੜਾ ਪ੍ਰਤਿਕਰਮ ਪੈਦਾ ਕਰਨ ਲਈ ਕਰਾਉਣਾ ਹੈ - ਇਹ ਵਿਸ਼ੇ ਦੀ ਦੂਜੀ ਪੱਧਰ ਹੈ। ਹਰ ਚੰਗੇ ਸਾਹਿਤਕਾਰ ਦੀ ਸੂਰਤ ਵਿਚ, ਉਸ ਦੀ ਤੀਖਣ ਮਹਿਸੂਸਣ ਸ਼ਕਤੀ ਅਤੇ ਭਾਵਕ ਪ੍ਰਤਿਕਰਮ ਦੇ ਦ੍ਰਿਸ਼ਟੀਕੋਨ ਅਤੇ ਵਿਚਾਰਧਾਰਾ ਦੀਆਂ ਵਲਗਣਾਂ ਨੂੰ ਟੱਪ ਜਾਂਦੇ ਹਨ। ਜਿਸ ਕਰਕੇ ਪਹਿਲੀ ਪੱਧਰ ਉਤੇ ਉਹ ਸ਼ਕਤੀਸ਼ਾਲੀ ਰਚਨਾ ਦੇ ਜਾਂਦਾ ਹੈ। ਦੂਜੀ ਪੱਧਰ ਉਤੇ ਚੇਤੰਨ ਬੌਧਕ ਦਖ਼ਲ ਫਿਰ ਰਚਨਾ ਵਿਚ ਬਹੁਤਾ ਵਿਗਾੜ ਨਹੀਂ ਲਿਆ ਸਕਦਾ। ਨਾ ਹੀ ਸਮੁੱਚਾ ਮੁੱਲ ਪਾਉਣ ਵਿਚ ਇਸ ਨੂੰ ਕੋਈ ਫ਼ੈਸਲਾਕੁਨ ਅਹਿਮੀਅਤ ਦਿੱਤੀ ਜਾ ਸਕਦੀ ਹੈ।

ਚੰਗੇ ਸਾਹਿਤ ਤੋਂ ਇਹ ਆਸ ਨਹੀਂ ਰੱਖੀ ਜਾਂਦੀ ਕਿ ਇਹ ਕਿਸੇ ਐਸੇ ਵਿਸ਼ੇ ਨੂੰ ਲਵੇਗਾ ਜਿਹੜਾ ਪਰੀ-ਕਹਾਣੀਆਂ ਤੋਂ ਮਿਲਦੀ ਸਿਖਿਆ ਵਾਂਗ ਸਾਹਿਤਕ ਕਿਰਤ ਦੇ ਅਖ਼ੀਰ ਉਤੇ ਟਾਂਕਿਆ ਜਾ ਸਕੇ। ਨਾ ਹੀ ਸਾਹਿਤ ਕੁਝ ਸਿੱਧ ਕਰਦਾ ਹੈ। ਜੇ ਸਾਹਿਤ ਸਿੱਧ ਕਰਨ ਲੱਗ ਪਵੇ ਤਾਂ ਇਹ ਕਲਾ ਦੇ ਖ਼ਾਨੇ ਵਿਚੋਂ ਨਿਕਲ ਕੇ ਕਿਸੇ ਹੋਰ ਖ਼ਾਨੇ ਵਿਚ ਜਾ ਪਵੇਗਾ। ਸਿੱਖਿਆ ਦੇਣ ਜਾਂ ਵਿਚਾਰਧਾਰਾ ਪ੍ਰਚਾਰਨ ਦਾ ਉਤਸ਼ਾਹ ਵਿਸ਼ੇ ਨੂੰ ਇਕਹਿਰਾਪਣ ਦੇ ਦੇਦਾ ਹੈ, ਜਿਸ ਨਾਲ ਇਹ ਸਮੇਂ ਦੀ ਸੀਮਾ ਵਿਚ ਬੱਝ ਜਾਂਦਾ ਹੈ। ਸਮਾਂ ਦਾ ਹਵਾਲਾ ਦਿੱਤੇ ਬਿਨਾਂ ਇਸ ਦੇ ਵਿਸ਼ੇ ਨੂੰ ਸਮਝ ਸਕਣਾ ਅਤੇ ਵਸਤ ਦਾ ਮੁੱਲ ਪਾ ਸਕਣਾ ਮੁਸ਼ਕਲ ਹੋ ਜਾਂਦਾ ਹੈ। ਜਦ ਕਿ ਚੰਗਾ ਸਾਹਿਤ ਸਮੇਂ ਨਾਲ ਸੰਬੰਧਿਤ ਹੁੰਦਾ ਹੋਇਆ ਵੀ ਸਮੇਂ ਤੋਂ ਉਤਾਂਹ ਉਠ ਜਾਂਦਾ ਹੈ। ਸਿਖਿਆ ਦੇਣ ਜਾਂ ਵਿਚਾਰਧਾਰਾ ਪ੍ਰਚਾਰਨਾ - ਦੋਵੇਂ ਹੀ ਸਾਹਿਤ ਲਈ ਵਰਜਤ ਨਹੀਂ, ਬਸ਼ਰਤੇ ਕਿ ਸਾਹਿਤ ਕਲਾਤਮਕ ਰਚਨਾ ਹੋਣ ਦੇ ਘੇਰੇ ਤੋਂ ਬਾਹਰ ਨਾ · ਚਲਾ ਜਾਏ। ਨਾ ਹੀ ਅਲੋਚਕ ਵਲੋਂ ਸਾਹਿਤ ਦਾ-ਮੁੱਲ ਪਾਉਣ ਲੱਗਿਆਂ ਇਹਨਾਂ ਦੋਹਾਂ ਚੀਜ਼ਾਂ ਨੂੰ ਕੋਈ ਫ਼ੈਸਲਾਕੁਨ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ।

ਜਿਵੇਂ ਕਿ ਅਸੀਂ ਪਹਿਲਾਂ ਕਿਹਾ ਹੈ, ਵਿਸ਼ੇ ਅਤੇ ਵਸਤੂ ਦੀ ਪਛਾਣ ਅਤੇ ਵਿਆਖਿਆ ਵਿਚ ਰਚਣ-ਪੱਧਰ ਉਤੇ ਵੀ ਅਤੇ ਮਾਨਣ/ਵਿਆਖਿਆਉਣ ਦੀ ਪੱਧਰ ਉਤੇ ਵੀ ਸਭਿਆਚਾਰਕ ਪੱਧਰ/ਪਿਛੋਕੜ ਦਾ ਅਤੇ ਜੀਵਨ ਅਨੁਭਵ ਦਾ ਹੱਥ ਹੁੰਦਾ ਹੈ, ਇਸ ਲਈ ਇਸੇ ਵਿਸ਼ੇ-ਵਸਤੂ ਦੀ ਪਛਾਣ ਅਤੇ ਵਿਆਖਿਆ, ਸਭਿਆਚਾਰਕ ਪੱਧਰ/ਪਿਛੋਕੜ ਅਤੇ ਜੀਵਨ ਅਨੁਭਵ ਦੀ ਵਿਅਕਤੀਗਤ ਸਥਿਤੀ ਉਤੇ ਨਿਰਭਰ ਕਰਦਿਆਂ, ਕਈ ਵੱਖ ਵੱਖ ਪੱਧਰਾਂ ਉਤੇ ਹੋ ਸਕਦੀ ਹੈ।

ਕਿਸੇ ਸਾਹਿਤਕ ਰਚਨਾ ਦੀ ਪਕੜ ਜੀਵਨ ਦੇ ਯਥਾਰਥ ਦੇ ਮੰਤਕ ਉਤੇ ਜਿੰਨੀ ਮਜ਼ਬੂਤ ਹੋਵੇਗੀ, ਓਨਾ ਹੀ ਸਰਬੰਗੀ ਬਿੰਬ ਉਹ ਪੇਸ਼ ਕਰ ਸਕੇਗੀ, ਅਤੇ ਹੋਰ ਸਰਬੰਗੀ ਬਿੰਬ ਦੀ ਵੱਖ ਵੱਖ ਪੱਧਰਾਂ ਅਤੇ ਕੰਨਾਂ ਤੋਂ ਵਿਆਖਿਆ ਓਨੀ ਹੀ ਵਧੇਰੇ ਸੰਭਵ ਹੋਵੇਗੀ। ਕਿਸੇ ਸਾਹਿਤਕ ਰਚਨਾ ਦੀ ਵੱਖ ਵੱਖ ਪੱਧਰਾਂ ਅਤੇ ਕੋਨਾਂ ਤੋਂ ਵਿਆਖਿਆ ਹੋ ਸਕਣਾ, ਇਸ ਨੂੰ ਡੂੰਘੀ ਕਲਾਤਮਕਤਾ ਦੇਂਦਾ ਅਤੇ ਸਮੇਂ ਅਤੇ ਵਿਅਕਤੀ ਦੀਆਂ ਸੀਮਾਂ ਤੋਂ ਮੁਕਤੇ ਕਰਦਾ ਹੈ।

ਆਪਣੀ ਉਪ੍ਰੋਕਤ ਸਾਰੀ ਬਹਿਸ ਦੀ ਵਿਆਖਿਆ ਲਈ ਅਸੀਂ ਉਪ੍ਰੋਕਤ ਸੰਗ੍ਰਹਿ ਵਿਚਲੀ ਕਹਾਣੀ ਰੱਬ ਦਿਸਦਾ ਕਿਉਂ ਨਹੀਂ? ਲੈ ਸਕਦੇ ਹਾਂ। ਸਾਡੀਆਂ ਸਾਰੀਆਂ ਧਾਰਨਾਵਾਂ ਇਸ ਕਹਾਣੀ ਦੇ ਵਸਤੂ ਦੇ ਵਿਸ਼ਲੇਸ਼ਣ ਤੋਂ ਸਪਸ਼ਟ ਹੋ ਸਕਦੀਆਂ ਹਨ। ਇਸ ਕਹਾਣੀ ਦਾ ਕਥਿਤ ਵਿਸ਼ਾ ਦੁੱਗਲ ਨੂੰ ਬਹੁਤ ਪਿਆਰਾ ਹੈ। ਇਸ ਵਲ ਦੁੱਗਲ ਮੁੜ ਮੁੜ ਧਰਤਦਾ ਹੈ। ('ਉਹ ਕੌਣ ਹੈ?' “ਰੱਬ ਹੈ ਕਿ ਨਹੀਂ?) ਅਤੇ ਇਸ ਵਿਸ਼ੇ ਬਾਰੇ ਦੁੱਗਲ ਬਹੁਤ ਗੰਭੀਰ ਹੈ। ਉਹ ਨਹੀਂ ਚਾਹੁੰਦਾ ਕਿ ਪਾਠਕ ਨੂੰ ਇਸ ਵਿਸ਼ੇ ਦੀ ਪਛਾਣ ਬਾਰੇ ਕੋਈ ਅਸਪਸ਼ਟਤਾ ਰਹਿ ਜਾਏ ਅਤੇ ਉਹ ਇਸ ਗੱਲ ਉਤੇ ਮਾਣ ਵੀ ਕਰਦਾ ਹੈ (ਮੇਰੀ ਕਹਾਣੀ ਕਲਾ ਵਿਚ) ਕਿ ਉਹ ਇਸ ਵਿਸ਼ੇ ਨੂੰ ਨਾ ਸਿਰਫ਼ ਨਿਭਾ ਹੀ ਸਕਿਆ ਹੈ, ਸਗੋਂ ਆਪਣੇ ਦ੍ਰਿਸ਼ਟੀਕੋਨ ਨੂੰ ਸਿੱਧ ਵੀ ਕਰ ਸਕਿਆ ਹੈ।

ਇਹ ਸਾਰੀਆਂ ਗੱਲਾਂ ਇਸ ਕਹਾਣੀ ਨੂੰ ਇਕ ਐਸੀ ਰਚਨਾ ਬਣਾ ਦੇਂਦੀਆਂ ਹਨ, ਜਿਸ ਵਿਚ ਲੇਖਕ ਆਪਣੇ ਦ੍ਰਿਸ਼ਟੀਕੋਨ ਅਤੇ ਵਿਚਾਰਧਾਰਾ ਬਾਰੇ ਵਧੇਰੇ ਉਤਸ਼ਾਹਤ ਹੈ। ਜਿਸ ਵਿਚ ਕਲਾ ਨੂੰ ਉਹ ਇਕ ਦਲੀਲ ਦੀ ਪੱਧਰ ਉਤੇ ਲੈ ਆਉਂਦਾ ਹੈ। ਸਾਰੀ, ਕਹਾਣੀ ਇਕ ਦਲੀਲ ਹੈ, ਉਸ ਨਿਰਣੇ ਦੇ ਹੱਕ ਵਿਚ ਜਿਹੜਾ ਲੇਖਕ ਅਖ਼ੀਰ ਉਤੋਂ ਕੱਢਦਾ ਹੈ। ਲੇਖਕ ਲਈ ਇਹ ਇਕ ਨਾਜ਼ਕ ਘੜੀ ਹੈ ਜੇ ਉਸ ਦੀ ਦਲੀਲ ਕੁਝ ਸਾਬਤ ਕਰਦੀ ਹੋਵੇ ਅਤੇ ਨਿਰਣਾ ਉਹ ਕੁਝ ਹੋਰ ਕੱਢ ਰਿਹਾ ਹੋਵੇ ਤਾਂ ਕਹਾਣੀ ਦਾ ਸਾਰਾ ਢਾਂਚਾ ਤਹਿਸ਼-ਨਹਿਸ਼ ਹੋ ਜਾਵੇਗਾ, ਅਤੇ ਇਸ ਕਹਾਣੀ ਦੇ ਵਿਸ਼ਲੇਸ਼ਣ ਤੋਂ ਪਤਾ ਇਹੀ ਲੱਗਦਾ ਹੈ ਕਿ ਦਲੀਲ ਅਤੇ ਨਿਰਣੇ ਵਿਚਕਾਰ ਸੰਬੰਧ ਸਥਾਪਤ ਨਹੀਂ ਹੋ ਰਿਹਾ। ਪਰ ਇਸ ਗੱਲ ਵਲ ਅਸੀਂ ਮਗਰੋਂ ਆਵਾਂਗੇ।

ਅਸੀਂ ਪਹਿਲਾਂ ਕਹਿ ਆਏ ਹਾਂ ਕਿ ਜੇ ਕੋਈ ਸਾਹਿਤਕ ਰਚਨਾ ਕੁਝ ਸਿੱਧ ਕਰਨ ਲੱਗ ਪਵੇ ਤਾਂ ਉਹ ਕਲਾ ਦੇ ਖ਼ਾਨੇ ਵਿਚੋਂ ਨਿਕਲ ਜਾਂਦੀ ਹੈ। ਅਸੀਂ ਇਹ ਵੀ ਕਹਿ ਆਏ ਹਾਂ ਕਿ ਵਿਚਾਰਧਾਰਾ ਪ੍ਰਚਾਰਨ ਲਈ ਉਤਸ਼ਾਹ ਵਿਸ਼ੇ ਨੂੰ ਇਕਹਿਰਾ, ਅਤੇ ਇਕ ਪੱਧਰ ਤਕ ਸੀਮਤ ਬਣਾ ਦੇਂਦਾ ਹੈ। ਇਹ ਗੱਲ ਵੀ ਸਾਹਿਤ ਦੇ ਕਲ-ਪੱਖ ਨੂੰ ਕਮਜ਼ੋਰ ਕਰਦੀ ਹੈ। ਅਤੇ ਜਿਥੋਂ ਤਕ ਇਸ ਵਿਸ਼ੇਸ਼ ਕਹਾਣੀ ਦਾ ਸੰਬੰਧ ਹੈ, ਹੋ ਸਕਦਾ ਹੈ ਕਿ ਕਈਆਂ ਨੇ ਇਹ ਜਾਨਣ ਵਿਚ ਦਿਲਚਸਪੀ ਹੀ ਨਾ ਹੋਵੇ ਕਿ ਰੱਬ ਦਿਸਦਾ ਕਿਉਂ ਨਹੀਂ। ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰਖਦਿਆਂ, ਕੀ ਅਸੀਂ ਇਸ ਕਹਾਣੀ ਨੂੰ ਚੰਗੀ ਸਾਹਿਤਕ ਕਿਰਤ ਮੰਨਣ ਤੋਂ ਇਨਕਾਰ ਕਰ ਦੇਈਏ? ਜੇ ਅਸੀਂ ਇਸ ਕਹਾਣੀ ਦੇ ਵਸਤੂ ਦਾ ਵਿਸ਼ਲੇਸ਼ਣ ਕਰਨ ਤੋਂ ਬਿਨਾਂ ਉਪਰੋਕਤ ਸਵਾਲ ਦਾ ਜਵਾਬ 'ਹਾਂ' ਵਿਚ ਦੇ ਦੇਂਦੇ ਹਾਂ ਤਾਂ ਅਸੀਂ ਆਪਣੇ ਸਿਧਾਂਤ ਅਤੇ ਦ੍ਰਿਸ਼ਟੀਕੋਨ ਸੰਬੰਧੀ ਵੀ ਉਹੀ ਉਤਸ਼ਾਹ ਦਿਖਾ ਰਹੇ ਹੋਵਾਂਗੇ, ਜਿਹੜਾ ਉਤਸ਼ਾਹ ਦਿਖਾਉਣ ਦਾ ਦੋਸ਼ ਅਸੀਂ ਇਸ ਰਚਨਾ ਉਤੇ ਲਾ ਰਹੇ ਹਾਂ। ਵਸਤੂ ਦਾ ਵਿਸ਼ਲੇਸ਼ਣ ਆਲੋਚਨਾ ਦੇ ਹਰ ਨਿਰਣੇ ਦਾ ਆਧਾਰ ਹੋਣਾ ਚਾਹੀਦਾ ਹੈ ਅਤੇ ਇਸ ਗੱਲ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਰਚਨਾ ਦੇ ਉੱਪਰ ਤਰੋਦਾ ਵਿਸ਼ਾ ਅਕਸਰ ਰਚਨਾ ਦੇ ਵਸਤੁ ਦੀ ਪਛਾਣ ਦੇ ਰਾਹ ਵਿਚ ਰੁਕਾਵਟ ਬਣਦਾ ਹੈ।

ਉਪ੍ਰੋਕਤ ਕਹਾਣੀ ਦੋ ਥਾਵਾਂ ਉਤੇ ਵਾਪਰ ਰਹੀ ਹੈ: ਇਕ, ਨਾਇਕ ਦੇ ਆਲੇ ਦੁਆਲੇ, ਸਿੱਧੀ ਉਸ ਨਾਲ; ਦੁਜੇ, ਉਸ ਤੋਂ ਕੁਝ ਹੱਟ ਕੇ ਪਰ ਉਸ ਦੇ ਗ੍ਰਹਿਣ—ਇੰਦਰਿਆਂ ਦੀ ਵਿੱਥ ਦੇ ਅੰਦਰ ਅੰਦਰ, ਜਿਸ ਕਰਕੇ ਉਹ 'ਸਿੱਧੀ' ਘਟਨਾ ਵਿਚ ਲੀਨ ਹੋਇਆ ਹੋਇਆ ਕੁਝ ਹਟ ਕੇ ਵਾਪਰ ਰਹੀ ਘਟਨਾ ਤੋਂ ਚੇਤੰਨ ਰਹਿ ਰਿਹਾ ਹੈ।

ਹੁਣ, ਜੇ ਅਸੀਂ ਲੇਖਕ ਮਗਰ ਚਲੀਏ ਤਾਂ ਸਾਨੂੰ ਕਹਾਣੀ ਦੀ ਸਾਰੀ ਵਸਤੂ ਸਿਰ ਭਾਰ ਖੜੀ ਦਿੱਸਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਗੱਡੀ ਵਿਚ ਮਿਲੇ ਵਿਅਕਤੀ ਨਾਲ ਨਾਇਕ ਨੇ ਬਚਪਨ ਬਿਤਾਇਆ ਹੈ। ਤਾਂ ਵੀ ਉਹ ਨਾਇਕ ਨੂੰ ਯਾਦ ਦੇ ਪਟ 'ਤੇ ਕਿਤੇ, ਦਿਖਾਈ ਨਹੀਂ ਦੇਂਦਾ। ਇਹ ਯਾਦ-ਸ਼ਕਤੀ ਦੀ ਉਕਾਈ ਹੈ, ਜੋ ਕਿ ਨਿਰੋਲ ਸਰੀਰਕ ਭੋਤਿਕ ਉਕਾਈ ਹੈ। ਇਤਫ਼ਾਕਨ ਉਕਾਈ ਦੇ ਆਧਾਰ ਉਤੇ ਕੋਈ ਵੀ ਸਚਾਈ ਸਿੱਧ ਨਹੀਂ' ਕੀਤੀ ਜਾ ਸਕਦੀ।

ਹਕੀਕਤ ਕੀ ਹੈ? ਸਾਰੀ ਕਹਾਣੀ ਵਿਚ ਬਿਆਨ ਕੀਤਾ ਗਿਆ ਵਸਤੂ ਏਨਾ ਬਲਵਾਨ ਹੈ ਕਿ ਨਾਇਕ ਇਸ ਦੇ ਪ੍ਰਭਾਵ ਹੇਠ, ਆਪਣੀ ਹਸਤੀ ਦੀਆਂ ਧੁਰ ਡੂੰਘਾਣਾਂ ਤਕ ਝੂਣਿਆਂ ਜਾਂਦਾ ਹੈ। ("ਉਹ ਆਦਮੀ ਜਿਹੜਾ ਸਵੇਰ ਤੋਂ ਮੇਰੀ ਜ਼ਿੰਦਗੀ ਵਿਚ ਇੰਜ ਬੇਤਕੱਲਫੀ ਨਾਲ ਵੜ ਆਇਆ ਸੀ...... ਇਕ ਆਦਮੀ ਜਿਹੜਾ ਕੁਝ ਘੰਟਿਆਂ ਵਿਚ ਮੇਰੇ 'ਤੇ ਇਤਨੀ ਮਹੱਬਤ ਤੇ ਇਤਨੇ ਪੈਸੇ ਲੁਟਾ ਕੇ ਚਲਾ ਗਿਆ ਸੀ"।) ਇਸ ਸ਼ਕਤੀਸ਼ਾਲੀ ਤਜ਼ਰਬੇ ਦੇ ਰੂਬਰੂ ਉਸ ਨੂੰ ਉਸ ਦਾ ਨਾਂ ਵੀ ਯਾਦ ਨਹੀਂ ਆਉਂਦਾ, ਉਹ ਉਸ ਨੂੰ 'ਪਛਾਣ ਤਕ ਨਹੀਂ ਸਕਦਾ'। ਇਹ ਅਵਸਥਾ ਉਸ ਲਈ ਇਕ ਭਾਵਕ ਸੰਕਟ ਪੈਦਾ ਕਰ ਰਹੀ ਹੈ ਜਿਸ ਸੰਕਟ ਦੀ ਸਥਿਤੀ ਵਿਚ ਉਹ 'ਪਾਣੀ ਪਾਣੀ ਹੋ ਰਿਹਾ ਹੈ, 'ਸ਼ਰਮਿੰਦਗੀ ਨਾਲ ਪਸੀਨਾ-ਪਸੀਨਾ ਹੋ ਰਿਹਾ' ਹੈ।

ਜਿਵੇਂ ਕਿ ਜ਼ਿੰਦਗੀ ਵਿਚ ਹੁੰਦਾ ਹੈ, ਸੰਕਟ ਵਿਚ ਫਸਿਆ ਮਨੁੱਖ 'ਸੁਝਾਅ’ ਵਲ ਤੋਂ ਤੀਬਰ ਰੁਚੀ ਰੱਖਦਾ ਹੈ, ਜੇ ਇਹ ਸੁਝਾਅ ਸੰਕਟ ਵਿਚੋਂ ਨਿਕਲਣ ਦਾ ਅਤੇ ਖੁੱਸ ਰਿਹਾ ਸਵੈ-ਵਿਸ਼ਵਾਸ ਬਹਾਲ ਕਰਨ ਦਾ ਯਕੀਨ ਦੁਆ ਰਿਹਾ ਹੋਵੇ, ਭਾਵੇਂ ਕਿੰਨਾ ਵੀ ਆਰਜ਼ੀ ਤੌਰ ਉਤੇ ਸਹੀ। ਅਸਲ ਵਿਚ ਕਹਾਣੀ ਦਾ ਵਸਤੂ ਪਰਾ-ਭੌਤਕ, ਪਰਾ-ਸਰੀਰਕ ਨਿਰਣੇ ਨੂੰ ਸਮਝਣ ਲਈ ਦਲੀਲ ਨਹੀਂ ਬਣਦਾ, ਸਗੋਂ ਨਾਇਕ ਲਈ ਸੰਕਟ ਦੀ ਸਥਿਤੀ ਵਿਚੋਂ ਨਿਕਲਣ ਦਾ ਬਹਾਨਾ ਬਣਦਾ ਹੈ, ਆਪਣੇ ਸੰਕਟ ਨੂੰ ਸਮਝਣ ਦੀ ਮਜਬੂਰੀ ਤੋਂ ਛੁਟਕਾਰਾ ਦੁਆ ਕੇ। ਸਾਰੀ ਕਹਾਣੀ ਕਿਸੇ ਪਰਾ-ਭੌਤਕ ਮਸਲੇ ਨੂੰ ਹਲ ਨਹੀਂ ਕਰਦੀ ਸਗੋਂ ਮਨੁੱਖਾ ਪ੍ਰਕਿਰਤੀ ਉਤੇ ਵੱਖੋ ਵੱਖਰੇ ਨਾਂ ਤੋਂ ਚਾਨਣਾ ਪਾਉਂਦੀ ਹੈ। ਆਪਣੇ ਵਿਸਥਾਰ ਵਿਚ ਹੀ ਇਹ ਮਨੁੱਖੀ ਅਨੁਭਵ ਦੇ ਵੱਖ ਵੱਖਰੇ ਪੱਧਰਾਂ ਉਤੇ ਚਾਨਣ ਪਾਉਂਦੀ ਹੈ। 'ਖੂਖਾਂ ਪੁੱਟਣ' ਵਾਲੀ ਘਟਨਾ, ਜਦੋਂ ਮੌਲਵੀ ਇਸ ਦੀ ਹਕੀਕਤ ਤੋਂ ਇਨਕਾਰੀ ਹੈ ਰਿਹਾ ਹੈ ਸ਼ਾਇਦ ਇਸ ਲਈ ਕਿ ਉਹ ਸਰੀਰਕ ਪੱਖੋਂ ਇਸ ਅਨੁਭਵ ਦੀ ਅਵਸਥਾ ਤੋਂ ਲੰਘ ਚੁੱਕਾ ਹੈ। (ਜਾਂ ਕਿ ਉਹ ਜਾਣਦਾ ਹੈ? ਪਰ ਖਚਰਾ ਹੈ, ਜਿਸ ਲਈ ਉਹ ਹਕੀਕਤ ਮੰਨਣ ਤੋਂ ਇਨਕਾਰੀ ਹੈ?) ਇਕ ਹੋਰ ਘਟਨਾ ਵਿਚ ਭਾਵਕ ਤੀਖਣਤਾ ਦਾ ਵੇਗ ਗਿਆਨ-ਇੰਦਰਿਆਂ ਨੂੰ ਗੁਮਰਾਹ ਕਰ ਕੇ ਸੱਚ ਨੂੰ ਆਪਣੇ ਮੰਤਵ ਅਨੁਸਾਰ ਢਾਲ ਰਿਹਾ ਹੈ। ('ਚਮਾਰੀ' ਤੇ 'ਸੁਨਿਆਰੀ' ਵਿਚ ਨਿਖੇੜ ਕਰਨ ਦੀ ਅਸਮਰਥਾ।) ਇਸ ਤਰ੍ਹਾਂ ਨਾਲ ਕਹਾਣੀ ਦਾ ਸਾਰਾ ਵਸਤੂ ਹਕੀਕਤ ਨੂੰ ਦੇਖਣ, ਪਛਾਨਣ ਅਤੇ ਸਮਝਣ ਦੇ ਪੜਾਵਾਂ ਵਿਚਲੀ ਵਿਥ ਨੂੰ ਨਿਖੇੜਦਾ ਹੈ। ਪਰ ਇਹ ਵਸਤੂ-ਵੰਡ ਹੈ, ਵਿਸ਼ਾ ਨਹੀਂ। ਵਿਸ਼ੇ ਦੇ ਪੱਖੋਂ, ਇਹ ਕਹਾਣੀ ਮਨੁੱਖੀ ਪ੍ਰਕਿਰਤੀ ਵਿਚ ਲਕੀ ਚੰਗਿਆਈ ਦੇ ਹੱਕ ਵਿਚ ਇਕ ਨਗ਼ਮਾ ਹੈ। ਅਤੇ ਨਾਇਕ ਜੇ ਇਸ ਨਗਮੇਂ ਤੋਂ ਪ੍ਰਭਾਵਤ ਹੁੰਦਾ ਹੋਇਆ ਵੀ ਇਸ ਨੂੰ ਸਮਝ ਨਹੀਂ ਸਕਦਾ ਤਾਂ ਇਸ ਲਈ ਕਿ ਉਹ ਇਸ ਨੂੰ ਸਿਰਫ਼ ‘ਮੁਹੱਬਤ' ਦੇ ਸ਼ਬਦਾਂ ਵਿਚ ਹੀ ਨਹੀਂ, 'ਪੈਸੇ' ਦੇ ਅਰਥਾਂ ਵਿਚ ਵੀ ਦੇਖ ਰਿਹਾ ਹੈ।

ਕਹਾਣੀ ਵਿਚ ਪੇਸ਼ ਬਿੰਬ ਦੀ ਜਟਿਲਤਾ ਦੇ ਬਾਵਜੂਦ ਇਸ ਨੂੰ ਇਕ ਇਕਾਈ ਵਜੋਂ ਪਛਾਨਣ ਦਾ ਇਕ ਹੋਰ ਯਤਨ ਅਸੀਂ ਇਸੇ ਸੰਦ ਦੀ ਕਹਾਣੀ ਕੁਲਸੁਮ ਦੇ ਵਿਸ਼ਲੇਸ਼ਣ ਨਾਲ ਕਰ ਸਕਦੇ ਹਾਂ। ਇਸੇ ਕਹਾਣੀ ਦੀ ਮੂਲ ਘਟਨਾ ਲਿੰਗ ਦੁਆਲੇ ਘੁੰਮਦੀ ਹੈ ਅਤੇ ਇਹ ਗੱਲ ਕਹਾਣੀ ਦੇ ਵਸਤੂ ਦੀ ਠੀਕ ਛਾਣੇ ਵਿਚ ਰੁਕਾਵਟ ਬਣ ਜਾਂਦੀ ਹੈ। ਇਹ ਦਤ ਦੁੱਗਲ ਦੀਆਂ ਬਹੁਤ ਸਾਰੀਆਂ ਕਹਾਣੀਆਂ ਨਾਲ ਵਾਪਰਦਾ ਹੈ। ਜਿਸ ਚੀਜ਼ ਨੂੰ ਲੇਖਕ ਬੋਧ ਕਰਾਉਣ ਦੇ ਇਕ ਸਾਧਨ ਵਜੋਂ ਵਰਤ ਰਿਹਾ ਹੈ, ਉਹੀ ਚੀਜ਼ ਬੱਧ ਕਰਾਉਣ ਦੇ ਰਾਹ ਵਿਚ ਵਿਘਣ ਬਣ ਬੈਠਦੀ ਹੈ। ਕਸੂਰ ਉਸ ਅਪ੍ਰੌਢ ਸੂਝ ਦਾ ਹੁੰਦਾ ਹੈ, ਜਿਹੜੀ ਬਿੰਬ ਦੇ ਅਰਥ ਸਮਝਣ ਨਾਲੋਂ ਬਿੰਬ ਵਿਚ ਹੀ ਫਸ ਕੇ ਰਹਿ ਜਾਂਦੀ ਹੈ।

ਇਸ ਕਹਾਣੀ ਨੂੰ ਸਮਝਣ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਇਸ ਘਟਨਾ ਨਾਲ ਸੰਬੰਧਿਤ ਮੂਲ ਪਾਤਰ ਕੌਣ ਅਤੇ ਕਿਸੇ ਤਰ੍ਹਾਂ ਦੇ ਲੋਕ ਹਨ, ਅਤੇ ਇਹ ਘਟਨਾ ਕਿ ਹਾਲਤਾਂ ਵਿਚ ਵਾਪਰ ਰਹੀ ਹੈ।

ਕਹਾਣੀ ਦਾ ਇਕ ਪਾਤਰ ਬੁੱਢਾ ਬਾਬਾ ਹੈ। ਜੇ ਅਸੀਂ ਉਸ ਦੇ ਬੁੱਢੇ ਬਾਬੇ ਹੋਣ ਉਤੇ ਹੀ ਉਹ ਸਾਰੇ ਚੰਗੇ ਭਾਵ ਉਸ ਨਾਲ ਬੰਨ੍ਹ ਦੇਈਏ, ਜਿਹੜੇ ਬਜ਼ੁਰਗਾਂ ਨਾਲ ਬੱਝੇ ਹੁੰਦੇ ਹਨ ਤਾਂ ਇਹ ਸਾਡੀ ਗ਼ਲਤੀ ਹੋਵੇਗੀ। ਜਿਸ ਬੋਲੀ ਵਿਚ ਉਹ ਮਾਸਟਰ ਨੂੰ ਨਿਉਂਦਾ ਦੇਂਦਾ ਹੈ, ਜਿਸ ਬੋਲੀ ਨਾਲ ਉਹ ਮੁੜ ਅੰਦਰ ਜਾਂਦਾ ਅਤੇ ਜਿਸ ਕਾਰੇ ਨਾਲ ਉਹ ਕੁੜੀ ਦੇ ਆਕੜ ਭੰਨਦਾ ਹੈ, ਉਹ ਸਭ ਕੁਝ ਸਪਸ਼ਟ ਕਰਦਾ ਹੈ ਕਿ ਬਜ਼ੁਰਗ ਵਿਚ ਸ਼ਰਾਫ਼ਤ ਦਾ ਅੰਸ਼ ਸ਼ਾਇਦ ਢੂੰਡਣ ਵਾਲੀ ਗੱਲ ਹੋਵੇ। ਦੂਜਾ ਪਾਤਰ ਮਾਸਟਰ ਹੈ। ਜੇ ਉਸ ਦੇ ਪੇਸ਼ੇ ਕਰਕੇ ਅਸੀਂ ਉਸ ਨੂੰ ਪਵਿਤਰ ਮੰਨ ਲਈਏ ਤਾਂ ਅਸੀਂ ਗਲਤੀ ਕਰ ਰਹੇ ਹੋਵਾਂਗੇ। ਕਹਾਣੀ ਤੋਂ ਪ੍ਰਤੱਖ ਹੈ ਕਿ ਉਸ ਦੀ ਉਪਰਲੀ ਤਰ੍ਹਾਂ ਦੇ ਬਜ਼ੁਰਗ ਨਾਲ ਸਾਂਝ-ਭਿਆਲੀ ਪੁਰਾਣੀ ਹੈ, ਅਤੇ ਸ਼ਾਇਦ ਇਹ ਖਾਣ-ਪੀਣ ਤਕ ਹੀ ਸੀਮਿਤ ਨਹੀਂ। ਬੁੱਢਾ ਆਪਣੇ ਸਰੂਪ ਤੇ ਗਲਤ ਲਾਭ ਉਠਾਉਂਦਾ, ਕੁੜੀ ਨੂੰ ਭਰਮਾਂ ਅਤੇ ਫਸਾ ਲਿਆਇਆ ਹੈ। ਇਖ਼ਲਾਕ ਦਾ ਖ਼ਿਆਲ ਮਾਸਟਰ ਨੂੰ ਵੀ ਕੋਈ ਨਹੀਂ। ਇਹ ਘਟਨਾ ਐਸੇ ਮਾਹੌਲ ਵਿਚ ਵਾਪਰ ਰਹੀ ਹੈ ਜਿਸ ਵਿਚ ਸ਼ਰਾਫ਼ਤ ਦਾ ਪੱਲਾ ਵੈਸੇ ਹੀ ਸੱਖਣਾ ਹੈ। ਇਸ ਸਭ ਕਾਸੇ ਨੂੰ ਹੋਰ ਵੀ ਤੀਖਣਤਾ ਉਹ ਸਮਾਜਕ ਪਿਛੋਕੜ ਦੇਂਦਾ ਹੈ ਜਿਸ ਵਿਚ “ਹਿੰਦੂ-ਸਿੱਖ ਕੁੜੀਆਂ ਦਿਨ ਦੀ ਰੌਸ਼ਨੀ ਵਿਚ ਬਾਹਰ ਨਹੀਂ ਨਿਕਲ ਸਕਦੀਆਂ ਸਨ। ਮੁਸਲਮਾਨ ਗੰਡ ਲੰਘਦੀ-ਪਲੰਘਦੀ ਖਤ੍ਰਿਆਣਈ 'ਤੇ ਆਵਾਜ਼ਾਂ ਕੱਸ ਦਿਆ ਕਰਦੇ ਸਨ ਤੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਸੀ।..." (ਸਫ਼ਾ 58 — ਦੂਜੀ ਐਡੀਸ਼ਨ, 1966)। ਸ਼ਿਕਾਰ ਪਹਿਲਾਂ ਵੀ ਔਰਤਾਂ ਹੁੰਦੀਆਂ ਸਨ। ਸ਼ਿਕਾਰ ਹੁਣ ਵੀ ਇਕ ਮਾਸੂਮ ਕੁੜੀ ਹੋ ਰਹੀ ਹੈ। ਇਹ ਕਹਾਣੀ ਉਸ ਕੁੜੀ ਦਾ ਦੁਖਾਂਤ ਹੈ ਜਿਹੜੀ ਸਰੀਰਕ ਮੌਤ ਤੋਂ ਨੱਸਦੀ ਹੈ ਅਤੇ ਦਿੱਸਦੀ ਬਜ਼ੁਰਗਾਂ ਦੇ ਲਾਰੇ ਵਿਚ ਆ ਕੇ ਇਖ਼ਲਾਕੀ ਮੌਤ ਸਹੇੜ ਲੈਂਦੀ ਹੈ।

ਚਾਨਣੀ ਰਾਤ ਦਾ ਦੁਖਾਂਤ, ਅੱਧੀ ਰਾਤ ਕਤਲ, ਸਤ ਦਿਨ ਸਵਰਗ ਵਿਚ, ਮੈਂਡਾ ਨਾਂ ਰਾਜਕਰਨੀ, ਔਰਤ ਜ਼ਾਤ, ਖੱਟਾ ਮਿੱਠਾ ਸੁਆਦ, ਗ਼ਲਤ ਮਲਤ, ਹਬੀਬ ਜਾਨ - ਕੁਝ ਹੋਰ ਕਹਾਣੀਆਂ ਹਨ, ਜਿਨ੍ਹਾਂ ਵਿਚ ਮੁਖ ਘਟਨਾ ਦਾ ਸੰਬੰਧ ਸਿੱਧਾ ਜਾਂ ਅਸਿੱਧਾ ਲਿੰਗ-ਸੰਬੰਧਾਂ ਨਾਲ ਹੈ, ਪਰ ਜਿਨ੍ਹਾਂ ਵਿਚ ਦੁੱਗਲ ਕਿਸੇ ਡੂੰਘੇ ਇਖ਼ਲਾਕੀ ਸੰਬਾਦ ਵਿਚ ਜੁਟਿਆ ਲੱਗਦਾ ਹੈ।

ਕਦਰਾਂ-ਕੀਮਤਾਂ ਦੇ ਇਸ ਸਾਰੇ ਸੰਬਾਦ ਵਿਚ ਲੇਖਕ ਨਿਰਪਖ ਹੋਣ ਦਾ ਪ੍ਰਭਾਵ ਪਾਉਂਦਾ ਹੈ। ਪਰ ਇਹ ਉਸ ਦੀ ਕਲਾ ਹੈ, ਰਜ਼ਾ ਨਹੀਂ। ਮਨੁੱਖੀ ਕਦਰਾਂ-ਕੀਮਤਾਂ ਦੇ ਸੰਬੰਧ ਵਿਚ ਲੇਖਕ ਨਿਰਪਖ ਨਹੀਂ ਹੁੰਦਾ, ਦੁੱਗਲ ਵੀ ਨਹੀਂ। ਅਤੇ ਜਿਥੇ ਉਸ ਨੂੰ ਖ਼ਿਆਲ ਦੇ ਕਿ ਭੁਲੇਖਾ ਪੈਣ ਦੀ ਸੰਭਾਵਨਾ ਹੈ, ਉਥੇ ਉਹ ਕੋਈ ਨਾ ਕੋਈ ਟਿੱਪਣੀ ਕਰ ਦੇਂਦਾ ਹੈ। ਔਰਤ ਜ਼ਾਤ ਕਹਾਣੀ ਦਾ ਨਾਂ ਇਸ ਤਰ੍ਹਾਂ ਦੀ ਟਿੱਪਣੀ ਹੈ। ਲੇਖਕ ਸ਼ਕੀਲ ਪ੍ਰਤਿ 'ਹਮਦਰਦੀ ਰਖਦਾ ਹੀ ਨਹੀਂ, ਪਰ ਬੇਗ਼ਮ ਸ਼ਕੀਲ ਪ੍ਰਤਿ ਵੀ ਹਮਦਰਦੀ ਨਹੀਂ ਪੈਦਾ ਕਰਨੀ ਚਾਹੁੰਦਾ, ਸਗੋਂ ਉਸ ਤਰਾਂ ਦੀ ਜ਼ਿਹਨੀਅਤ ਵਾਲੀ ਔਰਤ ਦੇ ਵਿਰੁਧ ਭਾਵਨਾ ਭਰਨਾ ਚਾਹੁੰਦਾ ਹੈ। ਗੌਨੀ ਦੇ ਬਾਪੂ ਵਿਚ ਅਮੀਰ ਉਤੇ ਬੱਚੇ ਵਲੋਂ ਅਭੁੱਲ ਕਰਾਇਆ ਗਿਆ ਸਵਾਲ - "ਮਾਂ ਹੁਣ ਇਹ ਬਾਪੂ ਕਦੋਂ ਮਰੇਗਾ?" ਵੀ ਬਾਲ ਮਨੋ ਵਿਗਿਆਨ ਦਾ ਆਸਰਾ ਲੈ ਕੇ ਕੀਤੀ ਗਈ ਟਿੱਪਣੀ ਹੀ ਹੈ। ਇਹ ਕਹਾਣੀ ਚੈਖ਼ਵ ਦੀ ਕਲਾ ਦੀ ਯਾਦ ਦੁਆਉਂਦੀ ਹੈ। ਮੰਜੀਰੇ ਦਾ ਚੰਗੇਰਾ ਰੱਬ ਵਿਚਲਾ ਸ਼ਬਦ 'ਚੰਗੇਰਾ' ਵੀ ਇਕ ਟਿੱਪਣੀ ਹੀ ਹੈ। ਇਥੇ ਇਕ ਆਦਿਵਾਸੀ ਕਬੀਲਾ ਜੰਗਲਾਂ ਦੇ ਸਾਦੇ, ਸਵੱਛ ਤੇ ਨਿਰਛਲ ਜੀਵਨ ਦਾ ਤਿਆਗ ਕਰ ਕੇ ਸ਼ਹਿਰੀ ਕਦਰਾਂ-ਕੀਮਤਾਂ ਦੇ ਜੰਗਲ ਵਿਚ ਆ ਫਸਿਆ ਹੈ। ਆਪਣੇ ਆਪ ਵਿਚ ਇਹ ਕਹਾਣੀ ਇਕ ਚੰਗੀ ਸਮਾਜ-ਵਿਗਿਆਨਕ ਸਟੱਡੀ ਹੈ।

ਉਪ੍ਰੋਕਤ ਤੋਂ ਹੀ ਇਹ ਨਿਰਣਾ ਕੱਢਿਆ ਜਾ ਸਕਦਾ ਹੈ ਕਿ ਨਿੱਕੀ ਕਹਾਣੀ ਅਸਲ ਵਿਚ ਆਪਣੇ ਪਹਿਲੇ ਵਾਕ ਨਾਲ ਸ਼ੁਰੂ ਨਹੀਂ ਹੁੰਦੀ ਸਗੋਂ ਆਪਣੇ ਸਿਰਲੇਖ ਨਾਲ ਹੀ ਸ਼ਰ ਹੋ ਜਾਂਦੀ ਹੈ। ਸਿਰਲੇਖ ਕਹਾਣੀ ਦੀ ਸੰਰਚਨਾ ਦਾ ਇਕ ਅਨਿੱਖੜ ਅੰਗ ਹੈ। ਕਹਾਣੀ ਦੇ ਸਾਰੇ ਪਾਠਾਂ ਦੇ ਦੌਰਾਨ ਇਹ ਸਾਡੇ ਦਿਮਾਗ਼ ਵਿਚ ਰਹਿੰਦਾ ਹੈ, ਕਹਾਣੀ ਬਾਰੇ ਸਾਡੀ ਸਮਝ ਨੂੰ ਅੰਕੁਸ਼ ਲਾਉਂਦਾ ਰਹਿੰਦਾ ਹੈ ਅਤੇ ਕਹਾਣੀ ਵਿਚ ਪਰਗਟ ਬਿੰਬ ਨੂੰ ਪਛਾਨਣ ਵਿਚ ਅਤੇ ਉਸ ਨੂੰ ਇਕ ਇਕਾਈ ਵਜੋਂ ਸਮਝਣ ਵਿਚ ਸਹਾਈ ਹੁੰਦਾ ਹੈ। ਪਰ ਕਹਾਣੀ ਅਤੇ ਇਸ ਦੇ ਸਿਰਲੇਖ ਵਿਚਲਾ ਸੰਬੰਧ ਮਜ਼ਮੂਨ ਅਤੇ ਇਸ ਦੇ ਸਿਰਲੇਖ ਵਿਚਲੇ ਸੰਬੰਧ ਵਰਗਾ ਨਹੀਂ ਹੁੰਦਾ ਸਗੋਂ ਵਧੇਰੇ ਸੂਖਮ ਅਤੇ ਰਚਣੇਈ ਢੰਗ ਦਾ ਹੁੰਦਾ ਹੈ। ਕਹਾਣੀ ਦੇ ਹਰ ਵਾਕ ਨਾਲ ਇਹ ਸੰਬੰਧ ਉਘੜਦਾ ਹੈ ਅਤੇ ਕਹਾਣੀ ਵਿਚ ਪੇਸ਼ ਬਿੰਬ ਨੂੰ ਪਛਾਣ ਕੇ ਸਿਰਲੇਖ ਨਾਲ ਇਸ ਦਾ ਸੰਬੰਧ ਨਿਸ਼ਚਿਤ ਕਰ ਸਕਣਾ ਆਪਣੇ ਆਪ ਵਿਚ ਇਕ ਲੱਭਤ ਅਤੇ ਸੁਹਜ-ਸੰਤੁਸ਼ਟੀ ਦਾ ਕਾਰਨ ਬਣਦਾ ਹੈ।

ਇਸ ਤਰਾਂ ਨਾਲ ਸਿਰਲੇਖ ਤੋਂ ਲੈ ਕੇ ਆਖ਼ਰੀ ਵਾਕ ਤੱਕ ਨਿੱਕੀ ਕਹਾਣੀ ਇਕ ਬਿੰਬ-ਰੂਪ ਵਿਚ ਢਲੀ ਹੁੰਦੀ ਹੈ।