ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ/ਪੰਜਾਬੀ ਛੋਟੀ ਕਹਾਣੀ ਦੇ ਵਿਚਾਰਧਾਰਾਈ ਪਰਿਪੇਖ

ਵਿਕੀਸਰੋਤ ਤੋਂ

ਪੰਜਾਬੀ ਛੋਟੀ ਕਹਾਣੀ ਦੇ ਵਿਚਾਰਧਾਰਾਈ ਪਰਿਪੇਖ



ਰਚਣੇਈ ਸਾਹਿਤ ਦੇ ਵਿਚਾਰਧਾਰਾਈ ਪਰਿਪੇਖ ਲੱਭਣਾ ਕੋਈ ਸਿੱਧੀ ਜਾਂ ਸੌਖੀ ਜਿਹੀ ਗੱਲ ਨਹੀਂ, ਕਿਉਂਕਿ ਵਿਚਾਰਧਾਰਾ ਸਾਹਿਤ ਵਿਚ ਸਿੱਧੀ ਤਰ੍ਹਾਂ ਨਿੱਖਰ ਕੇ ਸਾਹਮਣੇ ਨਹੀਂ ਆਉਂਦੀ, ਅਤੇ ਜੇ ਕਿਤੇ ਆਉਂਦੀ ਵੀ ਹੈ ਤਾਂ ਪਹਿਲਾਂ ਉਹ ਸਾਹਿਤ ਉਪਰ ਰਚਣੇਈ ਕਾਰਜ ਵਜੋਂ ਲੀਕ ਫੇਰ ਦੇਂਦੀ ਹੈ, ਜਿਸ ਕਰਕੇ ਇਸ ਤਰ੍ਹਾਂ ਦੇ ਸਾਹਿਤ ਦਾ ਸਾਹਿਤ ਵਜੋਂ ਵਿਚਾਰਿਆ ਜਾਣਾ ਸੰਭਵ ਨਹੀਂ ਹੁੰਦਾ, ਭਾਵੇਂ ਆਤਪਰਕ ਪ੍ਰਤਿਕਰਮ ਤਾਂ ਅਸੀਂ ਕਿਸੇ ਚੀਜ਼ ਪ੍ਰਤਿ ਵੀ ਦੇ ਸਕਦੇ ਹਾਂ।

ਬੇਸ਼ਕ ਇਸ ਦਾ ਮਤਲਬ ਇਹ ਨਹੀਂ ਲਿਆ ਜਾਣਾ ਚਾਹੀਦਾ ਕਿ ਵਿਚਾਰਧਾਰਾ ਅਤੇ ਸਾਹਿਤਕ ਰਚਨਾ ਇਕ ਦੂਜੇ ਦੀ ਸੰਗਤ ਵਿਚ ਰਹਿ ਨਹੀਂ ਸਕਦੇ। ਅਸੀਂ ਸਗੋਂ ਇਹ ਗੱਲ ਮੰਨ ਕੇ ਤੁਰਦੇ ਹਾਂ ਕਿ ਵਿਚਾਰਧਾਰਾ ਅਤੇ ਸਾਹਿਤ-ਸਿਰਜਣਾ ਦਾ ਅਨਿੱਖੜ ਸੰਬੰਧ ਹੈ। ਜਿਹੜੇ ਲੋਕ ਇਸ ਮਣੌਤ ਤੋਂ ਇਨਕਾਰੀ ਹੋਣ ਅਤੇ ਇਹ ਕਹਿੰਦੇ ਹੋਣ ਕਿ ਸਾਹਿਤ-ਸਿਰਜਣਾ ਦਾ ਵਿਚਾਰਧਾਰਾ ਨਾਲ ਕੋਈ ਸੰਬੰਧ ਨਹੀਂ ਹੁੰਦਾ, ਜਾਂ ਨਹੀਂ ਹੋਣਾ ਚਾਹੀਦਾ, ਤਾਂ ਅਸੀਂ ਕਹਾਂਗੇ ਕਿ ਇਹ ਉਹਨਾਂ ਦੀ ਵਿਚਾਰਧਾਰਾ ਹੈ। ਸੋ ਸਾਹਿਤ-ਸਿਰਜਣਾ ਅਤੇ ਵਿਚਾਰਧਾਰਾ ਦੇ ਅਨਿੱਖੜ ਸੰਬੰਧ ਨੂੰ ਮੰਨਣਾ ਜਾਂ ਨਾ ਮੰਨਣਾ ਦੋਵੇਂ ਹੀ ਵਿਚਾਰਧਾਰਕ ਪ੍ਰਗਟਾਅ ਹਨ।

ਪਰ ਜਿਸ ਗੱਲ ਉਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ, ਉਹ ਇਹ ਹੈ ਕਿ ਸਾਹਿਤ ਅਤੇ ਵਿਚਾਰਧਾਰਾ ਦਾ ਸੰਬੰਧ 'ਦੋ ਤੇ ਦੋ - ਚਾਰ’ ਵਾਲਾ ਨਹੀਂ, ਕਿਉਂਕਿ ਸਾਹਿਤ ਸਿਰਜਣਾ ਕੋਈ ਸਰਲ ਪ੍ਰਕਿਰਿਆ ਨਹੀਂ ਅਤੇ ਸਾਹਿਤਕ ਰਚਨਾ ਕੋਈ ਸਰਲ ਵਰਤਾਰਾ ਨਹੀਂ। ਸਰਲ ਦਿਸਦੀ ਰਚਨਾ ਵੀ ਜੇ ਕਲਾਤਮਕ ਹੈ ਤਾਂ ਆਪਣੀ ਪ੍ਰਕਿਰਤੀ ਵਿਚ ਜਟਿਲ ਰਹੀ। ਵਿਚਾਰਧਾਰਾ ਇਸ ਦਾ ਅਨਿੱਖੜ ਅੰਗ ਹੋਣ ਦੇ ਬਾਵਜੂਦ ਇਸ ਨੂੰ ਸਾਕਾਰ ਕਰਨ ਅਤੇ ਇਸ ਨੂੰ ਕਰ ਦੇਣ ਵਾਲਾ ਇੱਕੋ ਇਕ ਘਟਕ ਨਹੀਂ, ਬਹੁਤ ਸਾਰੇ ਘਟਕਾਂ ਵਿਚੋਂ ਇਕ ਹੈ।

ਨਾ ਹੀ ਵਿਚਾਰਧਾਰਾ ਸਾਹਿਤਕ ਸਿਰਜਣਾ ਤੋਂ ਕੋਈ ਬਾਹਰੀ ਵਸਤ ਹੈ। ਸਾਹਿਤ ਨੂੰ ਸਮਝਣਾ, ਇਸ ਦੀ ਵਿਆਖਿਆ ਕਰਨ ਜਾਂ ਇਸ ਦਾ ਮੁੱਲ ਪਾਉਣ ਵਿਚ ਵਿਚਾਰਧਾਰਾ ਨੂੰ ਧਿਆਨ ਵਿਚ ਰੱਖਣਾ ਕੋਈ ਸਾਹਿਤ ਤੋਂ ਬਾਹਰੀ ਚੀਜ਼ ਨੂੰ ਸਾਹਿਤ ਉਪਰ ਥੱਪਣਾ ਨਹੀਂ। ਸਵਰਗੀ ਕਰਮਜੀਤ ਸਿੰਘ ਨੇ ਇਸੇ ਤਰ੍ਹਾਂ ਦੀ ਸੋਚਣੀ ਦਾ ਜਵਾਬ ਦੇਣ ਲਈ ਨਦੀ ਦੇ ਬਿੰਬ ਦੀ ਵਰਤੋਂ ਕੀਤੀ ਸੀ ਕਿ ਕੰਢੇ ਨਦੀ ਤੋਂ ਬਾਹਰ ਹੁੰਦੇ ਹਨ, ਪਰ ਇਹਨਾਂ ਤੋਂ ਬਿਨਾਂ ਨਦੀ ਦੀ ਕਲਪਣਾ ਕਰ ਸਕਣਾ ਸੰਭਵ ਨਹੀਂ। ਇਸ ਬਿੰਬ ਵਿਚ ਕੰਢੇ ਵਿਚਾਰਧਾਰਾ ਹਨ ਅਤੇ ਵਹਿੰਦਾ ਪਾਣੀ ਸਾਹਿਤਕ ਸਿਰਜਣਾ। ਦੋਹਾਂ ਦੀ ਇਕ ਦੂਜੇ ਤੋਂ ਬਿਨਾਂ ਕਲਪਣਾ ਨਹੀਂ ਕੀਤੀ ਜਾ ਸਕਦੀ। ਪਰ ਇਹ ਬਿੰਬ ਵੀ ਰੂਚਨਾ ਅਤੇ ਵਿਚਾਰਧਾਰਾ ਦੇ ਰਿਸ਼ਤੇ ਨੂੰ ਸਰਲੀਕ੍ਰਿਤ ਰੂਪ ਵਿਚ ਪੇਸ਼ ਕਰਦਾ ਹੈ, ਜਿਸ ਵਿਚ ਕੰਢੇ ਨਦੀ ਨੂੰ ਰੂਪ ਦੇਣ ਵਾਲਾ ਇੱਕੋ ਇਕ ਘਟਕ ਹੋ ਨਿਬੜਦੇ ਹਨ, ਜਦ ਕਿ ਪਾਣੀ ਦੇ ਗੁਣਾਂ, ਰੂਪ, ਰੰਗ ਅਤੇ ਵਹਿਣ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਬਣਦਾ। ਪਰ ਸਾਹਿਤ ਅਤੇ ਵਿਚਾਰਧਾਰਾ ਦੇ ਸੰਬੰਧ ਵਿਚ ਨਾ ਸਿਰਫ਼ ਕੰਢੇ ਅਤੇ ਵਹਿੰਦਾ ਪਾਣੀ ਦੋਵੇਂ ਹੀ ਸ਼ਾਮਲ ਹੋਣਗੇ ਸਗੋਂ ਇਹਨਾਂ ਤੋਂ ਇਲਾਵਾਂ ਵੀ ਸ਼ਾਇਦ ਬੜਾ ਕੁਝ ਦੇਖਣਾ ਪਵੇ।

ਇਸ 'ਬੜੇ ਕੁਝ' ਵਿਚ ਕਈ ਮਸਲੇ ਹਨ ਜਿਹੜੇ ਅਜੇ ਤਕ ਸਾਹਿਤ ਚਿੰਤਨ ਲਈ ਅੜਾਉਣੀਆਂ ਬਣੇ ਹੋਏ ਹਨ, ਅਤੇ ਕਈ ਧਾਰਨਾਵਾਂ ਹਨ ਜਿਹੜੀਆਂ ਸੱਚੀਆਂ ਹੁੰਦੀਆਂ ਹੋਈਆਂ ਵੀ ਇਕ ਦੂਜੇ ਦੀਆਂ ਵਿਰੋਧੀ ਲੱਗਦੀਆਂ ਹਨ। ਉਦਾਹਰਣ ਵਜੋਂ:

- ਸਾਹਿਤ ਅਤੇ ਵਿਚਾਰਧਾਰਾ ਅਨਿਖੜ ਹਨ; - ਸਾਹਿਤ ਅਤੇ ਵਿਚਾਰਧਾਰਾ ਆਪਣੀ ਆਪਣੀ ਸਵੈਧੀਨ ਹੱਦ ਵੀ ਰੱਖਦੇ ਹਨ। - ਵਿਚਾਰਧਾਰਾਂ ਵਿਅਕਤੀਗਤ ਰੂਪ ਵਿਚ ਪਰਗਟ ਹੁੰਦੀ ਹੈ; - ਵਿਚਾਰਧਾਰਾ ਇਕ ਸਮੂਹ ਦੀ ਹੁੰਦੀ ਹੈ ਜਿਸ ਨੂੰ ਸ਼ਰੇਣੀ ਕਹਿੰਦੇ ਹਨ। — ਲੇਖਕ ਆਪਣੀ ਸ਼ਰੇਣੀ ਦੀ ਵਿਚਾਰਧਾਰਾ ਨੂੰ ਪਰਗਟ ਕਰਦਾ ਹੈ; - ਲੇਖਕ ਆਪਣੀ ਸ਼ਰੇਣੀ ਦੀ ਵਿਚਾਰਧਾਰਾ ਨੂੰ ਉਲੰਘਣ ਜਾਂ ਇਸ ਤੋਂ ਉੱਚਾ ਉੱਠਣ ਦੀ ਸਮਰੱਥਾ ਵੀ ਰੱਖਦਾ ਹੈ, ਅਤੇ ਫਿਰ ਵੀ ਉੱਤਮ ਸਾਹਿਤਕਾਰ ਰਹਿ ਸਕਦਾ ਹੈ। - ਵਿਚਾਰਧਾਰਾ ਆਪਣੀ ਸਮਾਜਿਕ ਭੁਇੰ ਵਿਚੋਂ ਪੈਦਾ ਹੁੰਦੀ ਹੈ; - ਵਿਚਾਰਧਾਰਾ ਦੇ ਕੌਮੀ ਅਤੇ ਕੌਮਾਂਤਰੀ ਪਸਾਰ ਵੀ ਹੁੰਦੇ ਹਨ। - ਵਿਚਾਰਧਾਰਾ ਦਾ ਰੂਪ ਸਾਮਿਅਕ ਹੁੰਦਾ ਹੈ; - ਵਿਚਾਰਧਾਰਾ ਵੀ ਹੋਰ ਹਰ ਹੋਦ ਵਾਂਗ ਇਕ, ਨਿੱਤ ਬਦਲਦੀ ਅਤੇ ਵਿਕਾਸ ਕਰਦੀ ਚੀਜ਼ ਹੈ, ਜਿਸ ਦੀ ਆਪਣੀ ਪਰੰਪਰਾ ਹੁੰਦੀ ਹੈ, ਅਤੇ ਜਿਹੜੀ ਭਵਿੱਖ ਦੇ ਅੰਸ਼ ਆਪਣੇ ਵਿਚ ਲੁਕਾਈ ਬੈਠੀ ਹੁੰਦੀ ਹੈ, ਦੂਜੇ ਸ਼ਬਦਾਂ ਵਿਚ ਵਿਚਾਰਧਾਰਾ ਸਰਬਕਾਲ ਦਾ ਪਰਿਪੇਖ ਆਪਣੇ ਅੰਦਰ ਸਮੋਈ ਰੱਖਦੀ ਹੈ। _ _ਵਿਚਾਰਧਾਰਾ ਲੇਖਕ ਦਾ ਸੁਚੇਤ ਕਰਮ ਹੈ; -ਵਿਚਾਰਧਾਰਾ ਲੇਖਕ ਦੀ ਰਚਨਾ ਵਿਚ ਅਚੇਤ ਤੌਰ ਉਤੇ ਪਰਗਟ ਹੁੰਦੀ ਹੈ। - ਵਿਚਾਰਧਾਰਾ ਕਿਸੇ ਰਚਨਾ ਵਲ ਸਾਡੇ ਪ੍ਰਤਿਕਰਮ ਨੂੰ ਘੜਦੀ ਹੈ; - ਕਿਸੇ ਰਚਨਾ ਦੇ ਅੰਤਮ ਮੁਲਾਂਕਣ ਵਿਚ ਵਿਚਾਰਧਾਰਾ ਦਾ ਨਿਰਣਾਇਕ ਰੱਲ ਨਹੀਂ ਹੁੰਦਾ, ਆਦਿ।

ਇਹ ਅਤੇ ਇਸ ਤਰਾਂ ਦੇ ਹੋਰ ਬਹੁਤ ਸਾਰੇ ਸੂਤਰ ਸਾਡੇ ਸਾਹਮਣੇ ਸਮੱਸਿਆ ਬਣ ਕੇ ਆਉਂਦੇ ਹਨ, ਜਿਸ ਦਾ ਹਲ ਕੀਤਾ ਜਾਣਾ ਜ਼ਰੂਰੀ ਹੈ, ਜੇ ਅਸੀਂ ਸਾਹਿਤ ਅਤੇ ਵਿਚਾਰਧਾਰਾ ਦੇ ਸੰਬੰਧ ਦੀ ਪ੍ਰਕਿਰਤੀ ਬਾਰੇ ਠੀਕ ਨਿਰਣੇ ਕਰਨਾ ਚਾਹੁੰਦੇ ਹਾਂ।

ਪਰ ਸਾਹਿਤ ਅਤੇ ਵਿਚਾਰਧਾਰਾ ਦੇ ਸੰਬੰਧ ਦੀ ਪ੍ਰਕਿਰਤੀ ਨੂੰ ਇਸ ਦੀ ਸਰਬੰਗਤਾ ਵਿਚ ਵਿਚਾਰੇ ਤੋਂ ਬਿਨਾਂ ਸਾਹਿਤ ਅਤੇ ਵਿਚਾਰਧਾਰਾ ਦੇ ਸੰਬੰਧ ਨੂੰ ਸਰਲ ਜਿਹੇ ਢੰਗ ਨਾਲ ਪੇਸ਼ ਕਰਨਾ ਅਤੇ ਸਾਹਿਤ ਦੇ ਮੁਲਾਂਕਣ ਵਿਚ ਵਿਚਾਰਧਾਰਾ ਨੂੰ ਨਿਰਣਾਇਕ ਸਥਾਨ ਦੇਣਾ ਪੰਜਾਬੀ ਸਾਹਿਤ-ਚਿੰਤਨ ਦੇ ਦੋ ਉਘੜਵੇਂ ਰੋਗ ਰਹੇ ਹਨ। ਅਤੇ ਇਸ ਰੋਗ ਦਾ ਸ਼ਿਕਾਰ ਦੋਵੇਂ ਧਿਰਾਂ ਹੀ ਰਹੀਆਂ ਹਨ - ਜਿਹੜੇ ਸਾਹਿਤ ਅਤੇ ਵਿਚਾਰਧਾਰਾ ਨੂੰ ਅਨਿੱਖੜ ਸਮਝਦੇ ਹਨ, ਉਹ ਵੀ, ਅਤੇ ਜਿਹੜੇ ਵਿਚਾਰਧਾਰਾ ਨੂੰ ਸਾਹਿਤ ਤੋਂ ਬਾਹਰੀ ਚੀਜ਼ ਸਮਝਦੇ ਹਨ, ਉਹ ਵੀ।

ਸਰਲ ਜਿਹੇ ਢੰਗ ਨਾਲ ਲਏ ਗਏ ਨਿਰਣੇ ਹੁਣ ਥੋੜ੍ਹੇ ਬਹੁਤੇ ਫ਼ਰਕਾਂ ਨਾਲ ਸਾਡੀ ਸਾਹਿਤਾਲੋਚਨਾ ਦੀ ਲਗਭਗ ਸਾਂਝੀ ਰਾਇ ਬਣ ਚੁੱਕੇ ਹਨ। ਮੋਟੇ ਤੌਰ ਉਤੇ ਇਹ ਨਿਰਣੇ ਇਸ ਪ੍ਰਕਾਰ ਸੂਤ੍ਰਿਤ ਕੀਤੇ ਜਾ ਸਕਦੇ ਹਨ:

ਜਿਸ ਚੀਜ਼ ਨੂੰ ਅੱਜ ਅਸੀਂ ਨਿੱਕੀ ਕਹਾਣੀ ਕਹਿੰਦੇ ਹਾਂ, ਉਹ ਅਸਲ ਵਿਚ ਸੰਤ ਸਿੰਘ ਸੇਖੋਂ, ਕਰਤਾਰ ਸਿੰਘ ਦੁੱਗਲ ਅਤੇ ਸੁਜਾਨ ਸਿੰਘ ਨਾਲ ਸ਼ੁਰੂ ਹੁੰਦੀ ਹੈ। ਇਹ ਵਿਚਾਰਧਾਰਕ ਨਿਰਣਾ ਹੈ ਜਾਂ ਨਹੀਂ?!)

ਇਹਨਾਂ ਤੋਂ ਪਹਿਲਾਂ ਦੇ ਕਹਾਣੀ ਲੇਖਕ (ਭਾਈ ਮੋਹਨ ਸਿੰਘ ਵੈਦ, ਚਰਨ ਸਿੰਘ ਸ਼ਹੀਦ, ਨਾਨਕ ਸਿੰਘ, ਗੁਰਬਖ਼ਸ਼ ਸਿੰਘ ਆਦਿ) ਆਦਰਸ਼ਵਾਦੀ, ਆਦਰਸ਼ਵਾਦੀ-ਰੋਮਾਂਚਿਕ ਜਾਂ ਆਦਰਸ਼ਵਾਦੀ ਯਥਾਰਥਵਾਦੀ ਸਨ।

ਆਲੋਚਨਾਤਮਕ ਯਥਾਰਥਵਾਦ ਦਾ ਆਰੰਭ ਉਪਰਲੇ ਲੇਖਕਾਂ ਨਾਲ ਹੁੰਦਾ ਹੈ, ਜਿਨ੍ਹਾਂ ਦੇ ਅਗਲੇ ਵਿਕਾਸ ਵਿਚ ਸੁਜਾਨ ਸਿੰਘ, ਸੰਤ ਸਿੰਘ ਸੇਖ, ਜਸਵੰਤ ਸਿੰਘ ਕੰਵਲ, ਸੰਤੋਖ ਸਿੰਘ, ਧੀਰ, ਨਵਤੇਜ ਸਿੰਘ ਆਦਿ ਮਾਰਕਸਵਾਦੀ, ਸਮਾਜਵਾਦੀ, ਸਮਾਜਵਾਦੀ-ਯਥਾਰਥਵਾਦੀ ਹੋ ਨਿਬੜਦੇ ਹਨ। ਦੁੱਗਲ ਪ੍ਰਕਿਰਤੀਵਾਦੀ ਫ਼ਰਾਇਡਵਾਦੀ ਧਾਰਾ ਦਾ ਮੋਢੀ ਹੈ। ਕੁਲਵੰਤ ਸਿੰਘ ਵਿਰਕ, ਗੁਰਦਿਆਲ ਸਿੰਘ ਅਤੇ ਕੁਝ ਹੋਰ ‘ਨਿਰੋਲ ਯਥਾਰਥਵਾਦੀ' ਹਨ। ਇਸ ਦੇ ਇਲਾਵਾ ਕੁਝ ਲੇਖਕ ਨਕਸਲਵਾਦੀ, ਆਧੁਨਿਕਤਾਵਾਦੀ,ਪ੍ਰਯੋਗਵਾਦੀ ਆਦਿ ਵੀ ਹਨ। ਬਹੁਤੇ ਲੇਖਕ ਇੱਕੋ ਵੇਲੇ ਕਈ ਕੁਝ ਵੀ ਹਨ।

ਪੰਜਾਬੀ ਕਹਾਣੀ ਲੇਖਕਾਂ ਵਿਚੋਂ ਸਿਰਫ਼ ਪ੍ਰਕਿਰਤੀਵਾਦੀ ਅਤੇ ਫ਼ਰਾਇਡਵਾਦੀ ਸ਼ਾਇਦ ਆਪਣੇ ਆਪ ਨੂੰ ਕੋਈ ਵੀ ਅਖਵਾਉਣ ਨੂੰ ਤਿਆਰ ਨਹੀਂ (ਦੁੱਗਲ ਵੀ ਨਹੀਂ, ਭਾਵੇਂ ਉਸ ਨੂੰ ਇਸ ਧਾਰਾ ਦਾ ਮੋਢੀ ਹੋਣ ਦਾ ਮਾਣ ਬਖ਼ਸ਼ਿਆ ਜਾਂਦਾ ਹੈ)। ਚਤੁਰ ਲੋਕ ਆਪਣੇ ਆਪ ਨੂੰ ਆਧੁਨਿਕਤਾਵਾਦੀ ਕਹਿ ਲੈਂਦੇ ਹਨ, ਜਿਸ ਦੇ ਪ੍ਰਧਾਨ ਲੱਛਣਾਂ ਵਿਚ ਪ੍ਰਕਿਰਤੀਵਾਦ ਅਤੇ ਫ਼ਰਾਇਡਵਾਦ ਦੋਵੇਂ ਹੀ ਆ ਜਾਂਦੇ ਹਨ।

ਇਹ ਸਾਰੀਆਂ ਵਿਚਾਰਧਾਰਾਵਾਂ ਆਲੋਚਕਾਂ ਵਿਚ ਵੀ ਮਿਲਦੀਆਂ ਹਨ, ਅਤੇ ਉਹ ਉਸੇ ਵਿਚਾਰਧਾਰਾ ਦੇ ਲੇਖਕ ਦੀ ਹੀ ਤਾਰੀਫ਼ ਕਰਦੇ ਹਨ, ਜਿਹੜੀ ਉਹਨਾਂ ਦੀ ਆਪਣੀ ਹੁੰਦੀ ਹੈ। ਇਹ ਗੱਲ ਬੜੀ ਕੁਦਰਤੀ ਲਗਦੀ ਹੈ, ਪਰ ਇਸ ਤਰ੍ਹਾਂ ਵਿਚਾਰਧਾਰਾ ਨੂੰ ਮੁਲਾਂਕਣ ਵਿਚ ਨਿਰਣਾਇਕ ਸਥਾਨ ਪ੍ਰਾਪਤ ਹੋ ਜਾਂਦਾ ਹੈ।

ਪਰ ਉਪਰੋਕਤ ਸਾਰੇ ਵਰਗੀਕਰਣਾਂ ਦਾ ਆਧਾਰ ਕੀ ਹੈ? ਲੇਖਕਾਂ ਦੀ ਰਚਨਾ? ਪਰ ਕਿਸੇ ਵੀ ਕਹਾਣੀਕਾਰ ਦੀ ਸਮੁੱਚੀ ਰਚਨਾ, ਜਾਂ ਉਸ ਦੀ ਪ੍ਰਧਾਨ ਰੰਗਤ ਇਸ ਪ੍ਰਕਾਰ ਦੀ ਨਹੀਂ ਕਿ ਉਸ ਨੂੰ ਕਿਸੇ ਇਕ ਖ਼ਾਨੇ ਵਿਚ ਟਿਕਾਇਆ ਜਾ ਸਕੇ।

ਲੇਖਕਾਂ ਦੇ ਆਪਣੇ ਬਾਰੇ ਕਥਨ? ਕਿਸੇ ਹੱਦ ਤਕ ਇਹ ਠੀਕ ਹੈ। ਬਹੁਤੇ ਲੇਖਕਾਂ ਨੂੰ ਅਸੀਂ ਮਾਰਕਸਵਾਦੀ ਇਸ ਕਰਕੇ ਕਹਿੰਦੇ ਹਾਂ, ਕਿਉਂਕਿ ਉਹ ਆਪਣੇ ਆਪ ਨੂੰ ਮਾਰਕਸਵਾਦੀ ਕਹਿੰਦੇ ਹਨ। ਪਰ ਤਾਂ ਵੀ ਇਹ ਗੱਲ ਪੂਰੀ ਤਰ੍ਹਾਂ ਠੀਕ ਨਹੀਂ। ਕਿਉਂਕਿ ਦੁੱਗਲ ਨੇ ਆਪਣੇ ਆਪ ਨੂੰ ਫ਼ਰਾਇਡਵਾਦੀ ਕਦੀ ਨਹੀਂ ਕਿਹਾ, ਪਰ ਅਸੀਂ ਉਸ ਨੂੰ ਪ੍ਰਧਾਨ ਰੂਪ ਵਿਚ ਫ਼ਰਾਇਡਵਾਦੀ ਹੀ ਕਹਿੰਦੇ ਆ ਰਹੇ ਹਾਂ। ਦੂਜੇ ਪਾਸੇ ਸੇਖੋਂ ਨੇ ਇਕ ਤੋਂ ਬਹੁਤੀਆਂ ਥਾਵਾਂ ਉਤੇ ਇਹ ਮੰਨਿਆ ਹੈ ਕਿ ਇਕ ਸਮੇਂ ਉਹ ਮੂਲ ਰੂਪ ਵਿਚ ਫ਼ਰਾਇਡਵਾਦੀ ਸੀ, ਗੌਣ ਰੂਪ ਵਿਚ ਮਾਰਕਸਵਾਦੀ। ਉਦਾਹਰਣ ਵਜੋਂ 17 ਜੁਲਾਈ, 1983 ਦੇ ਅਜੀਤ ਵਿਚ ਉਹ ਲਿਖਦਾ ਹੈ: 'ਸਾਡੇ ਨਵੇਂ ਪ੍ਰਗਤੀਵਾਦੀਆਂ ਦੀ ਰੁਚੀ ਉਸ ਸਮੇਂ ਜਦੋਂ ਅਸੀਂ ਜਵਾਨੀ ਦੀ ਰੋਮਾਂਟਿਕ ਅਵਸਥਾ ਵਿਚ ਵਿਚਰਦੇ ਸਾਂ, ਲਿੰਗ ਸੰਬੰਧਾਂ ਦੇ ਆਧੁਨਿਕੀਕਰਣ ਵੱਲ ਬਹੁਤ ਮੁੜਦੀ ਸੀ ਤੇ ਇਸ ਪ੍ਰਕਿਰਿਆ ਵਿਚ ਫ਼ਰਾਇਡਵਾਦ ਬੜਾ ਸਹਾਈ ਹੁੰਦਾ ਸੀ। ਸੋ ਮੇਰੀਆਂ ਕਹਾਣੀਆਂ ਵਿਚ ਮਾਰਕਸਵਾਦੀ ਸਿਧਾਂਤ ਦਾ ਪ੍ਰਭਾਵ ਤਾਂ ਗੌਣ ਰੂਪ ਹੀ ਸੀ, ਫ਼ਰਾਇਡਵਾਦੀ ਪ੍ਰਭਾਵ ਪ੍ਰਧਾਨ ਸੀ।......' ਇਸੇ ਗੱਲ ਨੂੰ ਉਹ 24 ਜੁਲਾਈ, 1983 ਦੇ ਅਜੀਤ ਵਿਚ ਮੁੜ ਦੁਹਰਾਉਂਦਾ ਹੈ: 'ਮੈਨੂੰ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਕਿ ਮੇਰੀ ਸਾਹਿਤ ਦ੍ਰਿਸ਼ਟੀ ਉਤੇ ਮਾਰਕਸੀ ਸਿਧਾਂਤ ਤੋਂ ਪਹਿਲਾਂ ਤੇ ਇਸ ਦੇ ਨਾਲ ਨਾਲ ਵੀ ਕੁਝ ਹੋਰ ਬਲਵਾਨ ਪ੍ਰਭਾਵ ਪਏ ਹਨ, ਜਿਨ੍ਹਾਂ ਨੂੰ ਉਦਾਰਵਾਦੀ ਤੇ ਫ਼ਰਾਇਡਵਾਦੀ ਦੇ ਗੁੱਟਾਂ ਵਿਚ ਵੰਡਿਆ ਜਾਂਦਾ ਹੈ। ਮੈਂ ਇਕ ਉਦਾਰਵਾਦੀ ਹਾਂ ਤੇ ਮੈਨੂੰ ਕਾਮਮਈ ਕਾਮਮਈ ਤੇ ਚਿਤਰਾਂ ਵਿਚੋਂ ਅਨੰਦ ਮਿਲਦਾ ਹੈ, ਤੇ ਜਿਹੜਾ ਸਾਹਿਤ ਅਜਿਹੇ ਪ੍ਰਭਾਵ ਪ੍ਰਵਾਨ ਕਰਦਾ ਹੈ, ਮੈਂ ਉਸ ਦਾ ਮੁਲਿਅੰਕਣ ਕਰਨ ਲਈ ਉਸ ਉਤੇ ਮਾਰਕਸਵਾਦੀ ਮਾਪਦੰਡ ਨਹੀਂ ਲਗਾਦਾ।' ਪਰ ਸਾਡੇ ਆਲੋਚਕਾਂ ਨੇ ਅੰਸ਼ਕ ਰੂਪ ਵਿਚ ਵੀ ਉਸ ਨੂੰ ਫ਼ਰਾਇਡਵਾਦੀ ਨਹੀਂ ਦਸਿਆ। ਉਸ ਦੀਆਂ ਫ਼ਰਾਇਡਵਾਦੀ ਪ੍ਰਭਾਵ ਵਾਲੀਆਂ ਲਿਖਤਾਂ ਪਿੱਛੇ ਵੀ ਕੋਈ ਨਾ ਕੋਈ ਮਾਰਕਸਵਾਦੀ ਮੰਤਵ ਕੰਮ ਕਰਦਾ ਦੇਖਿਆ ਜਾਂਦਾ ਹੈ।

ਕਈ ਵਾਰੀ ਲੇਖਕ ਦੀ ਸਮਾਜਕ ਸਥਿਤੀ ਤੋਂ ਵੀ ਉਸ ਦੀ ਵਿਚਾਰਧਾਰਾ ਬਾਰੇ ਨਿਰਣੇ ਕਰ ਲਏ ਜਾਂਦੇ ਹਨ, ਭਾਵੇਂ ਉਸ ਦੀ ਰਚਨਾ ਇਸ ਦੀ ਪੁਸ਼ਟੀ ਕਰੇ ਜਾਂ ਨਾ। ਸੰਤ ਸਿੰਘ ਸੇਖੋਂ ਨੇ ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ ਅਤੇ ਸੁਰਜੀਤ ਸਿੰਘ ਸੇਠੀ ਨੂੰ ਸਰਵੋਦੇਵਾਦੀ ਕਿਹਾ ਹੈ। ਇਸ ਦਾ ਇੱਕੋ ਇਕ ਕਾਰਨ ਇਹ ਲੱਗਦਾ ਹੈ ਕਿ ਇਹ ਤਿੰਨੇ ਹੀ ਕਦੀ ਸਰਕਾਰੀ ਨੌਕਰੀ ਉਤੇ ਰਹੇ ਹਨ ਅਤੇ ਸਰਕਾਰੀ ਵਿਚਾਰਧਾਰਾ ਗਾਂਧੀਵਾਦ ਜਾਂ ਸਰਵੋਦੇਵਾਦ ਸੀ। ਡਾ. ਟੀ.ਆਰ. ਵਿਨੋਦ ਅਤੇ ਡਾ. ਗੁਰਚਰਨ ਸਿੰਘ ਨੇ ਦੁੱਗਲ ਨੂੰ 'ਜਿਉਂ' ਹੈ ਤਿਉ ਰਹੇ' ਦਾ ਪਰਚਾਰਕ ਅਤੇ 'ਹਾਕਮ ਸ਼ਰੇਣੀਆਂ ਦਾ ਧੂਤ' ਕਿਹਾ ਹੈ। ਜੇ ਇਸ ਤਰ੍ਹਾਂ ਦੇ ਕਥਨਾਂ ਪਿਛੇ ਵੀ ਕੋਈ ਨਿੱਜੀ ਕਾਰਨ ਕੰਮ ਨਾ ਕਰ ਰਹੇ ਹੋਣ ਤਾਂ ਇਹਨਾਂ ਦਾ ਇਕ ਪ੍ਰਤੱਖ ਕਾਰਨ ਇਹੋ ਦਿਸਦਾ ਹੈ ਕਿ ਦੁੱਗਲ ਸਰਕਾਰੀ ਕਰਮਚਾਰੀ ਸੀ ਅਤੇ ਸਰਕਾਰ ਦੇ ਪਰਚਾਰ ਮਾਧਿਅਮਾਂ ਨਾਲ ਸੰਬੰਧਤ ਸੀ।

ਲੇਖਕ ਦੀ ਵਿਚਾਰਧਾਰਾ ਸੰਬੰਧੀ ਨਿਰਣੇ ਕਰਨ ਦੇ ਹੋਰ ਵੀ ਕਈ ਆਧਾਰ ਹੈ ਸਕਦੇ ਹਨ, ਸਮੇਤ ਨਿੱਜੀ ਸਨਕਾਂ, ਦੋਸਤੀਆਂ, ਦੁਸ਼ਮਣੀਆਂ ਦੇ, ਜਿਨ੍ਹਾਂ ਕਰਕੇ ਅਸੀਂ ਕਿਸੇ ਲੇਖਕ ਨੂੰ ਕੋਈ ਖ਼ਾਸ ਫ਼ਤਵਾ ਜਾਂ ਲਕਬ ਦੇਣਾ ਹੀ ਚਾਹੁੰਦੇ ਹਾਂ। ਪਰ ਇਸ ਸੰਬੰਧ ਵਿਚ ਕੁਝ ਬੁਨਿਆਦੀ ਗੱਲਾਂ ਸਮਝ ਲੈਣੀਆਂ ਚਾਹੀਦੀਆਂ ਹਨ। ਪਹਿਲੀ, ਕਿ ਕਲਾ-ਕ੍ਰਿਤ ਵਿਚ ਵਿਚਾਰਧਾਰਾ ਪਛਾਨਣ ਦਾ ਸਵਾਲ ਦਾਰਸ਼ਨਿਕ (ਸੁਹਜ-ਵਿਗਿਆਨਕ) ਅਤੇ ਸਮਾਜਵਿਗਿਆਨਕ ਪ੍ਰਕਿਰਤੀ ਰਖਦਾ ਹੈ, ਅਤੇ ਇਸ ਨੂੰ ਇਸ ਦੀ ਪ੍ਰਕਿਰਤੀ ਅਨੁਸਾਰ ਹੀ ਨਜਿੱਠਿਆ ਜਾਣਾ ਚਾਹੀਦਾ ਹੈ। ਦੂਜੀ ਗੱਲ, ਵਿਚਾਰਧਾਰਕ ਪਛਾਣ ਸੰਬੰਧੀ ਨਿਰਣਿਆਂ ਦਾ ਆਧਾਰ ਵੀ ਕਲਾ-ਕ੍ਰਿਤ ਦੇ ਸਰਬੰਗੀ ਵਿਸ਼ਲੇਸ਼ਣ ਨੂੰ ਹੀ ਬਣਾਇਆ ਜਾਣਾ ਚਾਹੀਦਾ ਹੈ। ਤੀਜੀ ਗੱਲ, ਵਿਚਾਰਧਾਰਕ ਪਛਾਣ ਅਤੇ ਕਲਾਤਮਕ ਪੱਖ ਤੋਂ ਮੁਲਾਂਕਣ ਇੱਕ ਚੀਜ਼ ਨਹੀਂ; ਅਤੇ ਨਾ ਹੀ ਕਲਾਤਮਕ ਪੱਖ ਤੋਂ ਮੁਲਾਂਕਣ ਵਿਚ ਵਿਚਾਰਧਾਰਕ ਪਛਾਣ ਦਾ ਨਿਰਣਾਇਕ ਰੋਲ ਹੋ ਸਕਦਾ ਹੈ। ਵਿਚਾਰਧਾਰਕ ਪਛਾਣ ਕਿਸੇ ਕਿਰਤ ਨੂੰ ਸਮਝਣ ਅਤੇ ਉਸ ਨਾਲ ਸਬੰਧਤ ਸੁਹਜ-ਵਿਗਿਆਨਕ ਅਤੇ ਗਿਆਨ-ਸ਼ਾਸਤ੍ਰੀ ਸਮੱਸਿਆਵਾਂ ਦੇ ਸਮਾਧਾਨ ਵਿਚ ਜ਼ਰੂਰ ਸਹਾਈ ਹੋ ਸਕਦੀ ਹੈ।

ਵਿਚਾਰਧਾਰਾਂ ਕੋਈ ਵਿਚਾਰਾਂ ਦਾ ਜੋੜ ਜਾਂ ਇਕੱਠ ਨਹੀਂ ਹੁੰਦਾ, ਸਗੋਂ ਇਹ ਵਿਚਾਰਾਂ ਦੇ ਇਕ ਸਿਸਟਮ ਵਾਂਗ ਹੋਂਦ ਰਖਦੀ ਹੈ। ਇਸ ਸਿਸਟਮ ਰਾਹੀਂ ਹੀ ਕੋਈ ਸਮਾਜ ਇਸ ਦਾ ਕੋਈ ਅੰਗ - ਸ਼ਰੇਣੀ ਜਾਂ ਗਰੁੱਪ ਆਪਣੀ ਹੋਂਦ ਨੂੰ ਸਮਝਣ ਦੀ, ਇਸ ਦੀ ਆਖਿਆ ਕਰਨ ਦੀ, ਇਸ ਦੀ ਅਟੱਲਤਾ ਅਤੇ ਦੂਜਿਆਂ ਨਾਲ ਪ੍ਰਮੁਖਤਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਇਕਹਿਰੇ ਅਤੇ ਸਰਲ ਸਮਾਜਾਂ ਦੀ ਵਿਚਾਰਧਾਰਾ ਵੀ ਇਕਹਿਰੀ ਅਤੇ ਸਰਲ ਹੀ ਹੁੰਦੀ ਹੈ। ਜਿਉਂ ਜਿਉਂ ਸਮਾਜਕ ਬਣਤਰ ਜਟਿਲ ਹੁੰਦੀ ਜਾਂਦੀ ਹੈ; ਸਮਾਜ ਚਲੀਆਂ ਸ਼ਰੇਣੀਆਂ ਅਤੇ ਗਰੁੱਪਾਂ ਦੀ ਗਿਣਤੀ ਵਧਦੀ ਜਾਂਦੀ ਹੈ, ਸਮਾਜਕ ਸੰਬੰਧ ਜਟਿਲ ਹੁੰਦੇ ਜਾਂਦੇ ਹਨ, ਜਿਸ ਨਾਲ ਵਿਚਾਰਧਾਰਕ ਸੰਰਚਨਾ ਵੀ ਜਟਿਲ ਹੁੰਦੀ ਜਾਂਦੀ ਹੈ।

ਹਰ ਵਿਚਾਰਧਾਰਾ ਦਾ ਪ੍ਰਧਾਨ ਰੂਪ ਵਿਚ ਆਰਥਿਕ ਆਧਾਰ ਅਤੇ ਸ਼ਰੇਣੀ ਮੂਲ ਹਮੇਸ਼ਾ ਹੀ ਪਛਾਣਿਆ ਜਾ ਸਕਦਾ ਹੈ। ਪਰ ਇਸ ਦੇ ਨਾਲ ਹੀ ਇਸ ਵਿਚੋਂ ਜਿਹੜੇ ਅੰਸ਼ ਨਿਖੇੜੇ ਜਾ ਸਕਦੇ ਹਨ, ਉਹਨਾਂ ਵਿਚ ਇਕ ਪਰੰਪਰਾ ਦਾ ਅੰਸ਼ ਹੈ। ਭੈੜੇ ਵਿਰਸੇ ਤੋਂ ਵੀ ਖਹਿੜਾ ਛੁਡਾਉਣਾ ਏਨਾ ਸੌਖਾ ਨਹੀਂ ਹੁੰਦਾ, ਭਾਵੇਂ ਅਸੀਂ ਇਸ ਦੇ ਭੈੜੇਪਣ ਤੋਂ ਕਿੰਨੇ ਹੀ ਚੇਤੰਨ ਕਿਉਂ ਨਾ ਹੋ ਗਏ ਹੋਈਏ। ਦੂਜਾ ਅੰਸ਼ ਸਮਾਜਕ ਸ਼ਰੇਣੀਆਂ ਅਤੇ ਗਰੁੱਪਾਂ ਦੇ ਪ੍ਰਸਪਰ ਪ੍ਰਭਾਵ ਦਾ ਹੁੰਦਾ ਹੈ, ਜਿਹੜਾ ਉਹ ਪ੍ਰਸਪਰ ਤਵਾਜ਼ਨ ਵਿਚ ਪ੍ਰਮੁਖਤਾ ਪ੍ਰਾਪਤ ਕਰਨ ਲਈ ਇਕ ਦੂਜੀ ਉਪਰ ਪਾਉਂਦੇ ਰਹਿੰਦੇ ਹਨ। ਇਸ ਵਿਚ ਬੇਸ਼ਕ ਆਰਥਿਕ ਪ੍ਰਮੁੱਖਤਾ ਰਖਦੀਆਂ ਸ਼ਰੇਣੀਆਂ ਦਾ ਪ੍ਰਭਾਵ ਹੀ ਪ੍ਰਮੁੱਖ ਹੋਵੇਗਾ, ਜਿਸ ਨੂੰ ਨਿਮਨ ਸ਼ਰੇਣੀਆਂ ਦੀ ਵਿਚਾਰਧਾਰਾ ਵਿਚ ਪਛਾਣਿਆ ਜਾ ਸਕਦਾ ਹੈ। ਇਸ ਫ਼ੌਰੀ ਮਾਹੌਲ ਵਿਚ ਚੱਲ ਰਹੇ ਵਿਚਾਰਧਾਰਕ ਅਮਲਾਂ ਦੇ ਨਾਲ ਨਾਲ ਕੌਮੀ ਅਤੇ ਕੌਮਾਂਤਰੀ ਮਾਹੌਲ ਤਕ ਵਿਚਲੇ ਅੰਸ਼ ਵੀ ਅਸਰ ਅੰਦਾਜ਼ ਹੁੰਦੇ ਰਹਿੰਦੇ ਹਨ। ਲੇਖਕ ਦਾ ਨਿੱਜਤਵ ਆਪਣੇ ਆਪ ਵਿਚ ਇਕ ਮਹੱਤਵਪੂਰਨ ਅੰਸ਼ ਹੈ, ਖ਼ਾਸ ਕਰਕੇ ਜੇ ਉਹ ਸਮਾਜਕ ਤੌਰ ਉਤੇ ਸਮਰੱਥ ਹੋਵੇ ਅਤੇ ਇਕੋ ਵੇਲੇ ਵੱਖੋ ਵਖਰੀਆਂ ਸ਼ਰੇਣੀਆਂ ਦਾ ਬੁਲਾਰਾ ਅਤੇ ਵਿਸ਼ਵਾਸਪਾਤਰ ਹੋਣੇ ਦਾ ਦਾਅਵਾ ਕਰਦਾ ਹੋਵੇ। ਇਹੋ ਜਿਹੇ ਵਿਅਕਤੀ ਦੀ ਵਿਚਾਰਧਾਰਾ ਵੀ ਸਵੈਧੀਨ ਦਿੱਖ ਰੱਖਣ ਦੇ ਬਾਵਜੂਦ ਉਪਰ ਗਿਣਵਾਏ ਅੰਸ਼ਾਂ ਦੇ ਨਾਲ ਨਾਲ ਸਮੇਂ ਦੀਆਂ ਸਮਾਜਕ ਤਾਕਤਾਂ ਵਿਚਲੇ ਤਵਾਜ਼ਨ ਨੂੰ ਪੇਸ਼ ਕਰ ਰਹੀ ਹੁੰਦੀ ਹੈ।

ਕਦੀ ਸਾਮਰਾਜੀ ਗੁਲਾਮੀ ਵਿਚ ਰਹਿ ਚੁੱਕੇ ਪਰ ਹੁਣ ਸਵੈਧੀਨ ਹੋ ਚੁੱਕੇ ਅਤੇ ਵਿਕਾਸ ਕਰ ਰਹੇ ਦੇਸ਼ਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹਨਾਂ ਦੀ ਸਮਾਜਕ ਬਣਤਰ ਪ੍ਰਧਾਨ ਰੂਪ ਵਿਚ ਇਕ ਪ੍ਰਕਾਰ ਦੀ ਨਹੀਂ। ਕਈ ਸਮਾਜਾਂ ਵਿਚ ਤਾਂ ਇਕੋ ਵੇਲੇ ਆਦਿ-ਮਾਨਵੀ ਸਮੂਹਾਂ ਤੋਂ ਲੈ ਕੇ ਅਤਿ ਉੱਨਤ ਸਮਾਜਵਾਦੀ ਵਿਚਾਰਧਾਰਾ ਵਾਲੇ ਸਮੂਹ ਨੂੰ ਦੇਖਿਆ ਜਾ ਸਕਦਾ ਹੈ। ਭਾਰਤ ਵਰਗੇ ਦੇਸ਼ ਵਿਚ ਆਜ਼ਾਦੀ ਦੇ 40 ਸਾਲਾਂ ਦੇ ਦੌਰਾਨ ਸਰਮਾਇਦਾ ਨਜ਼ਾਮ ਆਪਣੇ ਪੈਰ ਪੂਰੀ ਤਰ੍ਹਾਂ ਜ਼ਮਾ ਚੁੱਕਾ ਹੈ, ਤਾਂ ਵੀ ਇਹ ਆਪਣੇ ਆਪ ਨੂੰ ਇਸ ਦੇ ਸਮਰਥ ਨਹੀਂ ਸਮਝਦਾ ਕਿ ਆਪਣੇ ਏਕਾਧਿਕਾਰ ਦਾ ਐਲਾਨ ਕਰ ਸਕੇ। ਇਹ ਕਿਤੇ ਸਾਮੰਤਵਾਦੀ, ਸਗੋਂ ਆਦਿ-ਕਾਲੀ ਹਨੇਰ ਬਿਰਤੀ ਵਾਲੇ ਅੰਸ਼ਾਂ ਦਾ ਆਸਰਾ ਲੈਂਦਾ ਹੈ, ਕਦੀ ਪ੍ਰਗਤੀਸ਼ੀਲ ਸਮਾਜਵਾਦੀ ਅੰਸ਼ਾਂ ਦਾ ਵਖੋ ਵਖਰੇ ਤਬਕਿਆਂ ਦੀ ਮੌਜੂਦਗੀ ਸਗੋਂ ਦਸ਼ਮਣੀ, ਵੀ ਇਸ ਲਈ ਠੁਮਣੇ ਦਾ ਕੰਮ ਦੇਂਦੀ ਹੈ, ਕਿਉਂਕਿ ਇਹ ਇਹਨਾਂ ਵਿਚਲੇ ਵਿਰੋਧ ਭੜਕਾ ਕੇ ਆਪਣੀ ਹੋਂਦ ਵਿਚਲੇ ਵਿਰੋਧਾਂ ਤੋਂ ਲੋਕਾਂ ਦਾ ਧਿਆਨ ਲਾਂਭੇ ਰੱਖ ਸਕਦਾ ਹੈ।

ਇਸ ਅਵਸਥਾ ਵਿਚ ਸਮਾਜਕ ਬਣਤਰ ਦੇ ਭਾਗ ਵਜੋ ਹੇਠ ਲਿਖੀਆਂ ਸ਼ਰੇਣੀਆਂ ਨੂੰ ਨਿਖੇੜਿਆ ਜਾ ਸਕਦਾ ਹੈ: (ੳ) ਸ਼ਾਮੰਤੀ ਬਣਤਰ ਦੀਆਂ ਸ਼ਰੇਣੀਆਂ - ਵੱਡੇ ਜ਼ਿਮੀਂਦਾਰ ਛੋਟੇ ਜ਼ਿਮੀਦਾਰ, ਗ਼ਰੀਬ ਕਿਸਾਨ, ਖੇਤ ਮਜ਼ਦੂਰ, ਵਿਆਜੀਏ; (ਅ) ਸਰਮਾਇਦਾਰਾ ਬਣਤਰ ਦੀਆਂ ਸ਼ਰੇਣੀਆਂ:ਵੱਡੇ ਸਰਮਇਦਾਰ (ਕੌਮੀ ਹੈਸੀਅਤ ਰਖਦੇ ਵੀ ਅਤੇ ਕੌਮਾਂਤਰੀ ਸਰਮਾਏ ਨਾਲ ਜੁੜੇ ਹੋਏ ਵੀ), ਛੋਟੇ ਸਰਮਾਇਦਾਰ, ਮਧ ਸ਼ਰੇਣੀ (ਉਪਰਲੀ, ਵਿਚਲੀ ਅਤੇ ਹੇਠਲੀ), ਮਜ਼ਦੂਰ, ਪ੍ਰੋਲਤਾਰੀ; (ਇ) ਲੁੰਪਣ ਖ਼ਾਸੇ ਵਾਲੀਆਂ ਸ਼ਰੇਣੀਆਂ (ਕੰਗਾਲ ਵੀ ਅਤੇ ਬੁੱਧੀਜੀਵੀ ਵੀ)। ਪੱਛੜੇ ਸਮਾਜਾਂ ਵਿਚ ਕਬੀਲਾ ਬਣਤਰਾਂ ਨੂੰ ਦੇਖਿਆ ਜਾ ਸਕਦਾ ਹੈ। ਬਹੁਤੇ ਵਿਕਾਸ ਕਰ ਦੇ ਦੇਸ਼ਾਂ ਵਿਚ ਸੱਤਾ। ਕਈ ਵਾਰੀ ਬੜੀ ਤੇਜ਼ੀ ਨਾਲ ਇਕ ਤੋਂ ਦੂਜੀ ਸ਼ਰੇਣੀ ਦੇ ਹੱਥਾਂ ਵਿਚ ਜਾਂਦੀ ਰਹਿੰਦੀ ਹੈ। ਭਾਰਤ ਵਰਗੇ ਦੇਸ਼ ਵਿਚ ਵੀ ਭਾਵ ਨਿਰਸੰਦੇਹ ਸਰਮਾਏਦਾਰਾ ਬਣਤਰ ਸਥਾਪਤ ਹੋ ਚੁੱਕੀ ਹੈ, ਤਾਂ ਵੀ ਵਿਚਾਰਧਾਰਕ ਪ੍ਰਭਾਵ ਦੀ ਪ੍ਰਧਾਨਤਾ' ਦਾ ਪਹਿਰਾ ਬੜੀ ਛੇਤੀ ਛੇਤੀ ਬਦਲਦਾ ਰਹਿੰਦਾ ਹੈ -ਹਨੇਰ ਬਿਰਤੀ, ਸਾਮੰਤਵਾਦੀ, ਉਦਾਰ ਬੁਰਜੂਆ, ਫ਼ਾਜ਼ਿਸ਼ਸਟ ਬੁਰਜੂਆ, ਲੁੰਪਣ ਅਰਾਜਕਤਾਵਾਦੀ, ਪ੍ਰਗਤੀਸ਼ੀਲ, ਸਮਾਜਵਾਦੀ ਕਿਸਮ ਦੀ ਆਦਿ।

ਇਸ ਤਰਾਂ ਦੀਆਂ ਹਾਲਤਾਂ ਵਿਚ ਕਿਸੇ ਇਕ ਲੇਖਕ ਵਿਚ ਵਿਚਾਰਧਾਰਕ ਸ਼ੁਧਤਾ ਦੀ ਭਾਲ ਵਿਅਰਥ ਹੋਵੇਗੀ। ਇੱਕੋ ਹੀ ਸਮੇਂ ਇਕ ਲੇਖਕ ਵਿਚ ਵਖੋ ਵਖਰੇ ਵਿਚਾਰਧਾਰਕ ਅੰਸ਼ ਨਿਖੇੜੇ ਜਾ ਸਕਦੇ ਹਨ ਅਤੇ ਸਮਾਜ ਦੀਆਂ ਮਿਸ਼ਰਤ ਬਣਤਰਾਂ ਦੀ ਹਾਲਤ ਵਿਚ ਇਸੇ ਤਰਾਂ ਹੋਣਾ ਵਧੇਰੇ ਸੰਭਵ ਹੈ। ਇਹਨਾਂ ਵਿਚਾਰਧਾਰਕ ਅੰਸ਼ਾਂ ਨੂੰ ਅਸੀਂ ਸੰਰਚਨਾਵਾਦੀ ਸ਼ਬਦਾਵਲੀ ਤੋਂ ਸੰਕੇਤ ਲੈਂਦਿਆਂ ਵਿਚਾਰਧਾਰੀਮ ਕਹਿ ਸਕਦੇ ਹਾਂ। ਇਕੋ ਹੀ ਲੇਖਕ ਵਿਚ ਵਖੋ ਵਖਰੇ ਸਮੇਂ ਵਖੋ ਵਖਰੇ ਵਿਚਾਰਧਾਰੀਮ ਮੁਖਤਾ ਪ੍ਰਾਪਤ ਕਰਦੇ ਵੇਖੇ ਜਾ ਸਕਦੇ ਹਨ। ਇਸ ਨੂੰ ਭਾਵੇਂ ਵਿਚਾਰਧਾਰਕ ਵਿਕਾਸ ਦਾ ਨਾਂ ਦੇ ਲਿਆ ਜਾਏ, ਭਾਵੇਂ ਵਿਚਾਰਧਾਰਕ ਅਨੁਕੂਲਣ ਦਾ।

ਪੰਜਾਬੀ ਕਹਾਣੀਕਾਰਾਂ ਦੀ ਵਿਚਾਰਧਾਰਕ ਘੇਰਾ ਸਾਮੰਤੀ-ਧਾਰਮਿਕ ਤੋਂ ਲੈ ਕੇ ਬੂਰਜੁਆ ਜਮਹੂਰੀ ਮਾਨਵਵਾਦ ਤੱਕ ਦਾ ਹੈ, ਜਿਸ ਵਿਚ ਕਿਤੇ ਕਿਤੇ ਸਮਾਜਵਾਦ ਅਤੇ ਲੁੰਪਣਵਾਦ ਦੇ ਅੰਸ਼ ਵੀ ਦੇਖੇ ਜਾ ਸਕਦੇ ਹਨ। ਪੰਜਾਬੀ ਕਹਾਣੀਕਾਰਾਂ ਦੀ ਪ੍ਰਧਾਨ ਰੁਚੀ ਪੈਟੀ-ਬੁਰਜੂਆ ਹੈ। ਇਸੇ ਪੜੁੱਲ ਤੋਂ ਛਾਲ ਮਾਰ ਕੇ ਕਦੀ ਉਹ ਸਮਾਜਵਾਦ ਵੱਲ ਲਪਕ ਜਾਂਦੇ ਹਨ, ਕਦੀ ਲੁੰਪਣਵਾਦ ਵੱਲ।

ਪੰਜਾਬੀ ਕਹਾਣੀ ਦੇ ਖੇਤਰ ਵਿਚ ਸ਼ਾਇਦ ਸੁਜਾਨ ਸਿੰਘ ਦਾ ਨਾਮ ਇਕਸਾਰ ਪ੍ਰਗਤੀਵਾਦੀ, ਸਮਾਜਵਾਦੀ ਜਾਂ ਸਮਾਜਵਾਦੀ-ਯਥਾਰਥਵਾਦੀ ਵਜੋਂ ਚੱਲਦਾ ਹੈ। ਡਾ.ਟੀ. ਆਰ. ਵਿਨੋਦ ਨੇ ਸਰਫ਼ ਦੱਖ-ਸੁਖ ਦੀਆਂ ਕੁਝ ਕਹਾਣੀਆਂ ਉਤੇ ਕਿੰਤੂ ਕੀਤੇ ਹਨ, ਬਾਕੀ ਕੁਝ ਬਾਰੇ ਉਸ ਦੀ ਵੀ ਮੰਟੇ ਤੌਰ ਉਤੇ ਇਸੇ ਤਰਾਂ ਦੀ ਰਾਇ ਹੈ। ਪਰ ਜੇ ਪੂਰੀ ਤਰ੍ਹਾਂ ਗਿਆਨ-ਆਧਾਰਿਤ ਨਿਰੀਖਣ ਤੇ ਵਿਸ਼ਲੇਸ਼ਣ ਕੀਤਾ ਜਾਏ ਤਾਂ ਉਪਰੋਕਤ ਵਿਸ਼ੇਸ਼ਣ ਸ਼ਾਇਦ ਹੀ ਹੈ ਸੁਜਾਨ ਸਿੰਘ ਉੱਪਰ ਲਾਗੂ ਹੋ ਸਕਦੇ ਹੋਣ। ਜੇ ਅਸੀਂ ਉਸ ਦੀ ਬਹੁ ਚਰਚਿਤ ਕਹਾਣੀ 'ਕੁਲਫ਼ੀ' ਨੂੰ ਹੀ ਲਈਏ, ਤਾਂ ਇਸ ਵਿਚ ਸਮਾਜਵਾਦੀ ਅੰਸ਼ ਦੇਖਣਾ ਜਾਂ ਇਨਕਲਾਬ ਲਈ ਪ੍ਰੇਰਨਾ ਦੇਖਣਾ ਸਿੱਧੜਪੁਣੇ ਦੀ ਹੀ ਇਕ ਉਦਾਹਰਣ ਹੈ। ਇਹ ਕਹਾਣੀ ਅਸਲ ਵਿਚ ਪੈਟੀ-ਬੁਰਜੁਆ ਭਾਂਜਵਾਦੀ ਜ਼ਿਹਨੀਅਤ ਉਪਰ ਇਨਕਲਾਬ ਦੀ ਆਸ ਦਾ ਖੋਲ ਚੜ੍ਹਾਉਂਦੀ ਹੈ। ਕਹਾਣੀ ਵਿਚ ਪਿਤਾ ਨੂੰ ਤਾਂ ਆਪਣੀ ਬੁਜ਼ਦਿਲੀ ਅਤੇ ਨਾਕਾਮੀ ਉੱਪਰ ਕੋਈ ਸ਼ੱਕ ਹੀ ਨਹੀਂ, ਪਰ ਉਸ ਦਾ ਤੋੜ ਉਹ ਬਾਲ-ਪੁੱਤਰ ਵਿਚ ਮਾਅਰਕੇਬਾਜ਼ੀ ਉਕਸਾਉਣ ਵਿਚ ਦੇਖ ਰਿਹਾ ਹੈ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਅੱਜ ਸਮਾਜ ਦੇ ਕੁਝ ਤਬਕਿਆਂ ਦੀ ਪੁਰਾਣੀ ਪੀੜੀ ਰਾਜ-ਪਾਟ ਤਕ ਪਹੁੰਚਣ ਵਿਚ ਜਾਂ ਇਸ ਨੂੰ ਕਾਇਮ ਰੱਖ ਸੱਕਣ ਵਿਚ ਹੋਈ ਨਿਰਾਸ਼ਤਾ ਨੂੰ ਇਸ ਆਸ ਨਾਲ ਦੂਰ ਕਰ ਰਹੀ ਹੈ ਕਿ ਨੌਜਵਾਨ ਆਪਣੀਆਂ ਜਾਨਾਂ ਦੀ ਅਹੂਤੀ ਦੇ ਕੇ ਤਖ਼ਤ ਤਕ ਪੁੱਜਣ ਲਈ ਉਹਨਾਂ ਦਾ ਰਾਹ ਪਧਰਾ ਕਰਨਗੇ। ਇਸ ਕਹਾਣੀ ਨੂੰ ਇਨਕਲਾਬ ਦੇ ਪੈਟੀ-ਬੂਰਜੁਆ ਸੰਕਲਪ ਉਪਰ ਵਿਅੰਗ ਵਜੋਂ ਦੇਖਿਆ ਜਾਏ, ਤਾਂ ਇਸ ਦੀ ਸਾਰਥਕਤਾ ਨਜ਼ਰ ਆਉਂਦੀ ਹੈ, ਪਰ ਸੁਜਾਨ ਸਿੰਘ ਖ਼ੁਦ ਇਸ ਕਹਾਣੀ ਦੀ ਪੈਟੀ-ਬੁਰਜੁਆ ਵਿਆਖਿਆ ਦਾ ਸਮਰਥਨ ਕਰਦਾ ਹੈ। ਇਸੇ ਤਰਾਂ ਦੀ ਪੈਟੀ ਬੂਰਜੁਆ ਸੋਚਣੀ ਉਸ ਦੇ ਇਨਕਲਾਬੀ 'ਪਰਾਹੁਣੇ ਨੂੰ ਦੁੱਧ ਦਾ ਸੇਵਣ ਕਰਨ ਤੋਂ ਵਰਜਦੀ ਹੈ, ਕਿਉਂਕਿ ਹਿੰਦੋਸਤਾਨ ਦੇ ਕਰੋੜਾਂ ਲੋਕਾਂ ਨੂੰ ਦੁੱਧ ਦੀ ਬੂੰਦ ਵੀ ਨਸੀਬ ਨਹੀਂ ਹੁੰਦੀ। ਉਸ ਦਾ ਬਹੁ ਚਰਚਿਤ ਸਾਦਗੀ ਵਿਚ ਸੁੰਦਰਤਾ ਦਾ ਨਾਅਰਾ ਵੀ ਇਸੇ ਤਰ੍ਹਾਂ ਦੀ ਸੋਚਣੀ ਦਾ ਸਿੱਟਾ ਹੈ। ਸੁਜਾਨ ਸਿੰਘ ਲਈ ਸਾਦਗੀ ਦਾ ਮਤਲਬ ਸਮਾਜਕ ਵਰਤਾਰਿਆਂ ਦੀ ਸਰਲੀਕ੍ਰਿਤ ਵਿਆਖਿਆ ਅਤੇ ਪੇਸ਼ਕਾਰੀ ਹੈ।

ਵੈਸੇ ਸੁਜਾਨ ਸਿੰਘ ਨੇ ਮਧਕਾਲੀ ਸਾਮੰਤੀ ਸੋਚ ਤੋਂ ਲੈ ਕੇ ਪੈਟੀ-ਬੁਰਜਆਂ ਸੰਸਾਰ ਦ੍ਰਿਸ਼ਟੀਕੋਨ ਅਪਣਾਉਣ ਤਕ ਦਾ ਸਫ਼ਰ ਤੈਅ ਕੀਤਾ ਹੈ। ਦੁਖ-ਸੁਖ ਵਿਚ ਉਸ ਦੀ ਸੋਚਣੀ ਦਾ ਘੇਰਾ ਮਧਕਾਲੀ ਅੰਧਕਾਰਵਾਦ ਤੋਂ ਲੈ ਕੇ ਸਾਮੰਤੀ ਉਪਭਾਵਕਤਾ ਤਕੇ ਫੈਲਿਆ ਹੋਇਆ ਹੈ। 'ਕਹਾਣੀ ਤੋਂ ਮਗਰੋਂ ਸਿਰਲੇਖ ਹੇਠ ਕਹਾਣੀਆਂ ਤੋਂ ਪਹਿਲਾਂ ਦਿੱਤੀਆਂ ਗਈਆਂ ਟਿੱਪਣੀਆਂ ਉਪਰ ਇਕ ਨਜ਼ਰ ਸਾਡੇ ਇਸ ਕਥਨ ਦੀ ਸਚਾਈ ਨੂੰ ਪਰਖਣ ਲਈ ਕਾਫ਼ੀ ਹੈ। ਉਸ ਦਾ ਆਤਮਵਾਦ ਇਕ ਤੋਂ ਬਹੁਤੀਆਂ ਕਹਾਣੀਆਂ ਵਿਚ ਭਾਰੂ ਹੈ। "ਰੂਹਾਂ ਦਾ ਰੂਹਾਂ ਤੇ ਅਸਰ ਹੁੰਦਾ ਹੈ।"... "ਆਤਮਾ ਜਦ ਤੱਕ ਸ਼ਾਂਤ ਨਾ ਹੋਵੇ ਗਰਦਸ਼ ਵਿਚ ਰਹਿੰਦੀ ਹੈ।"..."ਰੂਹ ਦੀਆਂ ਅੱਖਾਂ ਨੂੰ ਰੂਹਾਂ ਦੀ ਇਕ, ਅਣਜਾਣੀ ਜਹੀ ਸ਼ਕਤੀ ਪਛਾਣਦੀ ਹੈ।" ਪੁਨਰ-ਜਨਮ' ਪਿੱਛੇ ਕੰਮ ਕਰਦੀ ਵਿਚਾਰਧਾਰਾ ਸਿਰਫ਼ ਇਹ ਕਹਿ ਕੇ ਨਹੀਂ ਨਕਾਰੀ ਜਾ ਸਕਦੀ ਕਿ "ਇਕੋ ਜਨਮ ਵਿਚ ਕਈ ਵਾਰੀ ਪੁਨਰ-ਜਨਮ ਹੋ ਜਾਂਦਾ ਹੈ। ਇਸੇ ਤਰ੍ਹਾਂ ਹੋਰ ਕਈ ਵਿਚਾਰ ਮਧਕਾਲੀ ਸੋਚਣੀ ਨੂੰ ਪ੍ਰਚਾਰਦੇ ਦਿੱਸਦੇ ਹਨ। ਹੋਣੀਵਾਦ ਨੂੰ ਪ੍ਰਗਟ ਕਰਦੇ: “ਕੋਈ ਹੱਥ ਸਾਡੇ ਇਰਾਦਿਆਂ ਦੇ ਉਲਟ ਕੰਮ ਕਰਦਾ ਹੈ। "... "ਪੁਰਾਣੇ ਵਹਿਮਾਂ ਦੀ ਸਚਾਈ ਹਾਲੀ ਤੱਕ ਨੁਮਾਇਆਂ ਹੁੰਦੀ ਰਹਿੰਦੀ ਹੈ, ਭਾਵੇਂ ਦਲੀਲੀ ਸਬ ਤੋਂ ਸਾਡੇ ਕੋਲ ਨਹੀਂ" ਜਿਸ ਦਾ ਮਤਲਬ ਹੈ ਕਿ ਦਲੀਲ ਉਪਰ ਨਹੀਂ' ਵਹਿਮਾਂ ਉਪਰ ਯਕੀਨ ਰੱਖਣਾ ਚਾਹੀਦਾ ਹੈ।... "ਇਲਮ ਕਈ ਵਾਰੀ ਦੁਖਦਾਈ ਹੋ ਜਾਂਦਾ ਹੈ" - ਇਸ ਲਈ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। "ਕੁੱਤੇ ਕਈ ਵਾਰੀ ਆਦਮੀਆਂ ਕੋਲੋਂ ਬਹੁਤੇ ਦਿਆਨਤਦਾਰ, ਪਿਆਰ ਦੇ ਸਮੇਂ ਤੇ ਕਿਸੇ ਹੱਦ ਤੱਕ ਅਕਲਮੰਦ ਸਾਬਤ ਹੁੰਦੇ ਹਨ।" ਇਸ ਲਈ ਅਸੀਂ ਦਿਆਨਤਦਾਰ ਆਦਮੀ ਦੀ ਇਹ ਕਹਿ ਕੇ ਸ਼ਲਾਘਾ ਕਰ ਸਕਦੇ ਹਾਂ -“ਤੇਰੀ ਦਿਆਨਤਦਾਰੀ ਉਤੇ ਤਾਂ ਕੁੱਤੇ ਵੀ ਰਸ਼ਕ ਕਰ ਸਕਦੇ ਹਨ।" ਜਾਂ ਕੋਈ ਪ੍ਰੇਮਿਕਾ ਆਪਣੇ ਪ੍ਰੇਮੀ ਉਤੇ ਡੁੱਲ੍ਹਦੀ ਹੋਈ ਇਹ ਕਹਿ ਸਕਦੀ ਹੈ - "ਹੋ ਪ੍ਰੀਤਮ! ਤੂੰ ਤਾਂ ਬਿਲਕੁਲ ਪਿਆਰ ਦਾ ਸੋਮਾ ਹੈ - ਕੁੱਤੇ ਵਰਗਾ। " ਦੁੱਖ-ਸੁਖ ਵਿਚੋਂ ਇਸੇ ਤਰ੍ਹਾਂ ਦੇ ਕਈ 'ਮੋਤੀ' ਸਹਿਜੇ ਹੀ ਬਿਨਾਂ ਕਿਸੇ ਬਹੁਤੇ ਯਤਨ ਦੇ ਚੁਗੇ ਜਾ ਸਕਦੇ ਹਨ। ਅਤੇ ਕਿਉਂਕਿ ਸੁਜਾਨ ਸਿੰਘ ਨੇ ਅਜੇ ਤੱਕ ਆਪਣੇ ਇਹਨਾਂ ਵਿਚਾਰਾਂ ਪ੍ਰਤਿ ਕੋਈ ਸੰਦੇਹ ਪਰਗਟ ਨਹੀਂ ਕੀਤਾ, ਇਸ ਲਈ ਦੁੱਖ-ਸੁਖ ਦੀ ਹਰ ਨਵੀਂ ਛਾਪ ਇਹਨਾਂ ਖ਼ਿਆਲਾਂ ਵਿਚ ਉਸ ਦੇ ਯਕੀਨ ਦੀ ਪ੍ਰੋੜਤਾ ਕਰੀ ਜਾ ਰਹੀ ਹੈ।

ਤਾਂ ਵੀ, ਪੰਜਾਬੀ ਕਹਾਣੀ ਦੀ ਪ੍ਰਧਾਨ ਵਿਚਾਰਧਾਰਕ ਦਿੱਖ ਮਧਵਰਗੀ ਸੋਚਣੀ ਨੂੰ ਪੇਸ਼ ਕਰਦੀ ਹੈ। ਕਰਤਾਰ ਸਿੰਘ ਦੁੱਗਲ ਉਹਨਾਂ ਬਹੁਤ ਥੋੜੇ ਪੰਜਾਬੀ ਲੇਖਕਾਂ ਵਿਚੋਂ ਇਕ ਹੈ, ਜਿਹੜੇ ਵਿਚਾਰਧਾਰਕ ਇਕਸਾਰਤਾ ਦਿਖਾਉਂਦੇ ਹਨ। ਉਸ ਦੀ ਵਿਚਾਰਧਾਰਾ ਦਾ ਵਰਨਣ ਉਦਾਰ ਬੂਰਜੂਆ ਜਮਹੂਰੀ ਮਾਨਵਵਾਦ ਵਜੋਂ ਕੀਤਾ ਗਿਆ ਹੈ। (ਦੇਖੋ ਹਥਲੀ ਪੁਸਤਕ ਦਾ ਸਫ਼ਾ 107)। ਸਿਰਫ਼ ਬਹੁਤ ਸੰਖੇਪ ਸਮੇਂ ਲਈ ਉਹ ਲੁੰਪਣਵਾਦ ਦਾ ਧਾਰਨੀ ਰਿਹਾ ਹੈ, ਜਿਵੇਂ ਕੁੜੀ ਕਹਾਣੀ ਕਰਦੀ ਗਈ ਅਤੇ ਡੰਗਰ ਦੀਆਂ ਕੁਝ ਕਹਾਣੀਆਂ ਵਿਚ। ਇਸ ਲੁੰਪਣਵਾਦ ਨੂੰ ਕਦੀ ਰੱਦ ਕਰਨ ਅਤੇ ਕਦੀ ਫਿਰ ਅਪਣਾਉਣ ਅਤੇ ਉਚਿਤ ਠਹਿਰਾਉਣ ਸੰਬੰਧੀ ਉਸ ਦੀ ਦੁਚਿਤੀ ਵੀ ਮਧਵਰਗੀ ਖ਼ਾਸਾ ਰੱਖਦੀ ਹੈ। ਸੰਤ ਸਿੰਘ ਸੇਖੋਂ ਦੀ ਵਿਚਾਰਧਾਰਾ ਨੂੰ ਵੀ ਉਪ੍ਰੋਕਤ ਸ਼ਬਦਾਂ ਵਿਚ ਹੀ ਬਿਆਨ ਕੀਤਾ ਜਾ ਸਕਦਾ ਹੈ। ਸਿਰਫ਼ ਸਾਮੰਤਵਾਦੀ ਸੰਸਕਾਰਾਂ ਤੋਂ ਪਿੱਛਾ ਛੁਡਾਉਣ ਵਿਚ ਉਹ ਹਮੇਸ਼ਾ ਹੀ ਸਫਲ ਨਹੀਂ ਹੁੰਦਾ।

ਇਹ ਮਧਵਰਗੀ ਸੋਚਣੀ ਅਤੇ ਪਹੁੰਚ ਪੰਜਾਬੀ ਨਿੱਕੀ ਕਹਾਣੀ ਵਿਚ ਬਹੁਤ ਵੱਖ ਵੱਖ ਤਰ੍ਹਾਂ ਨਾਲ ਸਾਹਮਣੇ ਆਉਂਦੀ ਹੈ, ਜਿਵੇਂ ਕਿ ਅਕਸਰ ਕੋਲ ਦੀ ਕੀਮਤ ਉਤੇ ਆਪਣੀ ਵਿਚਾਰਧਾਰਾ ਨੂੰ ਸਪਸ਼ਟ ਕਰਨ ਲਈ ਫ਼ਿਕਰਮੰਦੀ; ਪਾਠਕ ਉਤੇ ਬੇਵਿਸ਼ਵਾਸੀ, ਜਿਸ ਕਰਕੇ ਦਿਖਾਉਣ ਨਾਲ ਸਮਝਾਉਣ ਉਤੇ ਜ਼ੋਰ; ਨਾਅਰਾ-ਨੁਮਾ ਸ਼ੈਲੀ ਦੀ ਵਰਤੋਂ, ਜੋ ਕਿ ਨਕਸਲੀ ਅਤੇ ਉੱਤਰ-ਨਕਸਲੀ ਦੌਰ ਦੀਆਂ ਕਹਾਣੀਆਂ ਦਾ ਪ੍ਰਧਾਨ ਨੂੰ ਲਛਣ ਹੈ; ਇਕ ਵੇਲੇ ਡੁਲ੍ਹ ਡੁਲ੍ਹ ਪੈਂਦਾ ਪੈਟੀ-ਬੂਰਜੁਆ ਇਨਕਲਾਬੀ ਉਤਸ਼ਾਹ ਪਰ ਦੂਜੇ ਵੇਲੇ, ਜਦੋਂ ਮੌਸ ਮਾਰਨੀ, ਤਾਂ ਇਸ ਉਤਸ਼ਾਹ ਪਿੱਛੇ ਸਿਰਫ਼ ਜਿਨਸੀ ਅਵੈੜ ਅਤੇ ਹੋਰ ਨਕਾਰਾਤਮਕ ਰੁਚੀਆਂ ਕੰਮ ਕਰਦੀਆਂ ਹੀ ਦੇਖਣਾ ਆਦਿ। ਵਿਆਖਿਆਮਈ ਸਾਹਿਤ (ਇਲਸਟ੍ਰੇਟਿਵ ਲਿਟਰੇਚਰ) ਵੀ ਇਸੇ ਰਚੀ ਦੀ ਉਪਜ ਹੈ, ਅਤੇ ਇਸ ਦੀ ਪੰਜਾਬੀ ਕਹਾਣੀ ਦੇ ਖੇਤਰ ਵਿਚ ਕੋਈ ਘਾਟ ਨਹੀਂ। ਵਿਰਕ ਦੀਆਂ ਵੀ ਕਈ ਬਹੁਤ ਚੰਗੀਆਂ ਸਮਝੀਆਂ ਜਾਂਦੀਆਂ ਕਹਾਣੀਆਂ ਕਿਸੇ ਮਨੋ-ਵਿਗਿਆਨਕ, ਆਰਥਿਕ ਜਾਂ ਸਮਾਜਕ ਸੂਤਰ ਦੀ ਵਿਆਖਿਆ ਹੀ ਕਰਦੀਆਂ ਹਨ, ਜਦ ਕਿ ਜਿਥੇ ਵੀ ਕਿਤੇ ਉਹ ਆਪ ਟਿੱਪਣੀ ਕਰਦਾ ਹੈ ਤਾਂ ਉਹ ਭੂਤ-ਮੁਖੀ ਪੈਂਤੜੇ ਤੋਂ ਕਰਦਾ ਹੈ।

ਦਲਿਤ ਵਰਗ ਨਾਲ ਸੰਬੰਧਤ ਪੰਜਾਬੀ ਕਹਾਣੀਕਾਰਾਂ ਅਤੇ ਦੂਜੀਆਂ ਭਾਸ਼ਾਵਾਂ ਦੇ ਦਲਿਤ ਲੇਖਕਾਂ ਵਿਚਕਾਰ ਵੀ ਇਹੀ ਫ਼ਰਕ ਹੈ। ਦੂਜੀਆਂ ਭਾਸ਼ਾਵਾਂ ਦੇ ਦਲਿਤ ਲੇਖਕ ਆਪਣੇ ਅਸਲੇ ਨੂੰ ਲੁਕਾਉਣ ਨਾਲ ਇਸ ਨੂੰ ਦੂਜਿਆਂ ਸਾਹਮਣੇ ਵੰਗਾਰ ਵਜੋਂ ਪੇਸ਼ ਕਰਦੇ ਹਨ, ਪਰ ਦਲਿਤ ਵਰਗ ਦੇ ਪੰਜਾਬੀ ਲਿਖਾਰੀ ਆਪਣੇ ਅਸਲੇ ਨੂੰ ਲੁਕਾਉਣ ਦੀ, ਇਸ ਉਤੇ ਮਧਵਰਗੀ ਜ਼ਾਹਰਦਾਰੀ ਦਾ ਮੁਲੰਮਾਂ ਚੜ੍ਹਾਉਣ ਦੀ ਅਤੇ ਮਧਵਰਗੀ ਜੀਵਨ-ਢੰਗ ਅਪਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਲਈ ਪੰਜਾਬੀ ਕਹਾਣੀ ਦੇ ਖੇਤਰ ਵਿਚ ਦਲਿਤ ਸ਼ਰੇਣੀਆਂ ਨਾਲ ਸੰਬੰਧਤ ਲੇਖਕ ਤਾਂ ਹਨ, ਪਰ ਦਲਿਤ ਸਾਹਿਤ ਕੋਈ ਨਹੀਂ।

ਪੰਜਾਬੀ ਕਹਾਣੀ ਦੇ ਵਿਚ ਲੂੰਪਣਵਾਦ ਮੁੱਖ ਤੌਰ ਉਤੇ ਜਿਨਸੀ ਸੰਬੰਧਾਂ ਵਿਚ ਗ਼ੈਰ-ਜ਼ਿੰਮੇਵਾਰਾਨਾ ਵਿਵਹਾਰ ਨੂੰ ਇਨਕਲਾਬੀ ਕਾਰਵਾਈ ਵਜੋਂ ਚਿਤ੍ਰਣ ਦੇ ਰੂਪ ਵਿਚ ਸਾਹਮਣੇ ਆਇਆ। ਪਹਿਲਾਂ ਪਹਿਲਾਂ ਇਸ ਦਾ ਪ੍ਰਗਟਾਵਾ ਚਾਲੀਵਿਆਂ ਦੇ ਸ਼ੁਰੂ ਵਿਚ ਹੋਇਆ, ਜਦੋਂ ਇਹ ਪ੍ਰਗਤੀਵਾਦੀ ਆਸ਼ਿਆਂ ਦੀ ਗ਼ਲਤ ਸੋਝੀ ਦਾ ਸਿੱਟਾ ਸੀ। ਓਦੋਂ ਇਹ ਪ੍ਰਕਿਰਤੀਵਾਦੀ ਰੰਗਤ ਵੀ ਨਾਲ ਹੀ ਲੈ ਕੇ ਆਇਆ। ਮਗਰੋਂ ਪ੍ਰਯੋਗਵਾਦੀ ਧਾਰਾ ਨੇ ਇਸ ਨੂੰ ਇਕ ਵਾਰੀ ਫਿਰ ਹੁਲਾਰਾ ਦਿੱਤਾ। ਓਦੋਂ ਇਹ ਕਵਿਤਾ ਵਿਚ ਵੀ ਪਰਗਟ ਹੋਣ ਲੱਗਾ। ਨਕਸਲਵਾਦ ਨੇ ਇਸ ਨੂੰ ਠੱਲ੍ਹਿਆ। ਪਰ ਉੱਤਰ-ਨਕਸਲੀ ਦੌਰ ਵਿੱਚ ਇਹ ਮੁੜ ਇਕ ਮੁਖ ਵਰਤਾਰੇ ਵਜੋਂ ਸਾਹਮਣੇ ਆਇਆ। ਸਾਡੇ ਵੱਡੇ ਵੱਡੇ ਲੇਖਕ ਵੀ ਇਸ ਵਰਤਾਰੇ ਦੇ ਵਾਹਕ, ਪਰਚਾਰਕ ਅਤੇ ਉਤਸ਼ਾਹ ਦੇਣ ਵਾਲੇ ਰਹੇ ਹਨ।

ਲੁੰਪਣਵਾਦ ਅਸਲ ਵਿਚ ਸ਼ਰੇਣੀ-ਰਹਿਤ ਗੈਰ-ਜ਼ਿੰਮੇਵਾਰ ਰਵਈਆ ਹੈ। ਇਹ ਕਹਿਣ ਨੂੰ ਤਾਂ ਸਮਾਜ ਦੀਆਂ ਊਣਤਾਈਆਂ ਵੱਲ ਧਿਆਨ ਦੁਆਉਂਦਾ ਅਤੇ ਉਹਨਾ ਨੂੰ ਨਿੰਦਦਾ ਹੈ, ਪਰ ਅਸਲ ਵਿਚ ਇਹ ਸਮਾਜ ਦਾ ਮੂੰਹ-ਚਿੜ੍ਹਉਂਂਦਾ ਹੈ ਅਤੇ ਆਪਣੇ ਗ਼ੈਰ-ਜ਼ਿੰਮੇਵਾਰ ਵਿਵਹਾਰ ਨੂੰ ਇਨਕਲਾਬੀ ਕਾਰਜ ਦਾ ਨਾਂ ਦੇਂਦਾ ਹੈ। ਇਸ ਦਾ ਇਨਕਲਾਬੀ ਕਾਰਜ ਵੀ ਇਥੋਂ ਤਕ ਹੀ ਸੀਮਿਤ ਹੁੰਦਾ ਹੈ। ਕਿਸੇ ਢੁੱਕਵੇਂ ਹਾਂ-ਪੱਖੀ ਬਦਲ ਨੂੰ ਪੇਸ਼ ਕਰਨਾ ਨਾ ਇਸ ਦਾ ਮੰਤਵ ਹੁੰਦਾ ਹੈ, ਨਾ ਇਸ ਦੇ ਵੱਸ ਦੀ ਗੱਲ। ਅੱਸੀਵਿਆਂ ਦੇ ਸ਼ੁਰੂ ਤਕ ਇਸ ਦੇ ਤੀਸਰੇ ਦੌਰ ਦਾ ਬੋਲਬਾਲਾ ਰਿਹਾ ਹੈ। (ਦੇਖੋ ਹਥਲੀ ਪੁਸਤਕ ਦਾ ਲੇਖ ਅਜੋਕੀ ਪੰਜਾਬੀ ਕਹਾਣੀ ਵਿਚ ਸੈਕਸ, ਸਿਆਸਤ ਤੇ ਸੁਪਨਾ ।)

ਉੱਪਰ ਅਸੀਂ ਪੰਜਾਬੀ ਨਿੱਕੀ ਕਹਾਣੀ ਦੇ ਵਿਚਾਰਧਾਰਾਈ ਪਰਿਪੇਖ ਨੂੰ ਪਛਾਨਣ ਦੀ ਅਤੇ ਵਿਚਾਰਧਾਰਾ ਦੇ ਪ੍ਰਗਟਾਵਾਂ ਨੂੰ ਨਿਖੇੜਣ ਦੀ ਕੋਸ਼ਿਸ਼ ਕੀਤੀ ਹੈ। ਇਹ ਕਿਸੇ ਤਰ੍ਹਾਂ ਵੀ ਸਮੁੱਚੀ ਪੰਜਾਬੀ ਕਹਾਣੀ ਦਾ ਜਾਂ ਉਹਨਾਂ ਕਹਾਣੀਕਾਰਾਂ ਦਾ ਸਮੁੱਚਾ ਮੁਲਾਂਕਣ ਨਹੀਂ ਜਿਨ੍ਹਾਂ ਦਾ ਇਸ ਵਿਚ ਜ਼ਿਕਰ ਆਇਆ ਹੈ।

ਵਿਚਾਰਧਾਰਕ ਪੱਖੋੋਂ ਕਿਸੇ ਲੇਖਕ ਬਾਰੇ ਨਿਰਣਾ ਕਰਨ ਲਈ ਸਾਡੇ ਵਾਸਤੇ ਉਸ ਦੀਆਂ ਰਚਨਾਵਾਂ ਦਾ ਵਿਚਾਰਧਾਰਮ ਦੀ ਪੱਧਰ ਤੱਕ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੋਵੇਗਾ, ਅਤੇ ਇਸ ਸਮੁੱਚੇ ਨਿਖੇੜ ਤੋਂ ਪੈਂਦੇ ਪ੍ਰਭਾਵ ਦੇ ਆਧਾਰ ਉਤੇ ਹੀ ਇਹ ਨਿਰਣਾ ਹੋ ਸਕੇਗਾ। ਇਹ ਵਿਸ਼ਲੇਸ਼ਣ ਵੀ ਨਿਰੋਲ ਰਚਨਾ ਦੇ ਆਧਾਰ ਉਤੇ ਹੀ ਕਰਨਾ ਪਵੇਗਾ, ਨਾ ਕਿ ਲੇਖਕ ਦੇ ਕਿੱਤੇ, ਜਨਮ, ਜ਼ਾਤ ਅਤੇ ਸੰਬੰਧਾਂ ਦੇ ਆਧਾਰ ਉਤੇ। ਰਚਨਾ ਤੋਂ ਬਾਹਰ ਆਪਣੇ ਬਾਰੇ ਕਹੇ ਗਏ ਲੇਖਕ ਦੇ ਸ਼ਬਦ ਉਸ ਦੀ ਵਿਚਾਰਧਾਰਾ ਪਛਾਨਣ ਵਿੱਚ ਸਹਾਇਕ ਸਿੱਧ ਹੋ ਸਕਦੇ ਹਨ ਪਰ ਨਿਰਣਾਇਕ ਨਹੀਂ। ਲੇਖਕ ਦੀ ਵਿਚਾਰਧਾਰਾ ਬਾਰੇ ਸਪਸ਼ਟਤਾ ਰਚਨਾ ਵਿੱਚ ਵਸਤੂ ਦੀ ਚੋਣ, ਉਸ ਦੀ ਪੇਸ਼ਕਾਰੀ ਅਤੇ ਮੰਤਕ ਸਮਝਣ ਵਿੱਚ ਅਤੇ ਇਹ ਨਿਰਣਾ ਕਰਨ ਵਿੱਚ ਸਹਾਈ ਹੋ ਸਕਦੀ ਹੈ ਕਿ ਵਿਚਾਰਧਾਰਾ ਨੇ ਉਸ ਦੀ ਇਸ ਚੋਣ, ਪੇਸ਼ਕਾਰੀ ਅਤੇ ਮੰਤਕ ਉਪਰ ਚੰਗਾ ਪ੍ਰਭਾਵ ਪਾਇਆ ਹੈ ਜਾਂ ਮਾੜਾ। ਪਰ ਸਮੁੱਚੀ ਰਚਨਾ ਬਾਰੇ ਨਿਰਣਾ ਇਸੇ ਆਧਾਰ ਉਤੇ ਹੀ ਕਰਨਾ ਪਵੇਗਾ ਕਿ ਪੇਸ਼ ਕੀਤਾ ਗਿਆ ਵਸਤੂ-ਵਿਆਪਕ ਵਸਤੁਪਕ ਯਥਾਰਥ ਨਾਲ ਕਿੱਥੋਂ ਤੱਕ ਮੇਲ ਖਾਂਦਾ ਅਤੇ ਉਸ ਬਾਰੇ ਪਾਠਕ ਨੂੰ ਠੀਕ ਬੋਧ ਕਰਾਉਂਦਾ ਹੈ। ਅਤੇ ਇੰਝ ਕਰਦਾ ਹੋਇਆ, ਪਾਠਕ ਦੇ ਯਥਾਰਥ ਬਾਰੇ ਬੰਧ ਵਿੱਚ ਵਾਧਾ ਕਰਨ ਦੇ ਨਾਲ ਨਾਲ ਉਸ ਦੀ ਸੰਵੇਦਨਸ਼ੀਲਤਾ ਨੂੰ ਕਿੱਥੋਂ ਤੱਕ ਟੁੰਭਦਾ ਅਤੇ ਵਧਾਉਂਦਾ ਹੈ। ਇਸ ਮਗਰਲੇ ਪ੍ਰਕਾਰਜ ਵਿੱਚ ਸੱਚਾ ਸਾਹਿਤਕਾਰ ਆਪਣੀ ਵਿਚਾਰਧਾਰਾ ਨੂੰ ਉਲੰਘ ਵੀ ਸਕਦਾ ਹੈ।