ਸਮੱਗਰੀ 'ਤੇ ਜਾਓ

ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ/ਕਰਤਾਰ ਸਿੰਘ ਦੁੱਗਲ ਦੀ ਕਹਾਣੀ ਕਲਾ

ਵਿਕੀਸਰੋਤ ਤੋਂ

ਕਰਤਾਰ ਸਿੰਘ ਦੁੱਗਲ ਦੀ ਕਹਾਣੀ-ਕਲਾ



ਦੁੱਗਲ ਨੇ ਪੰਜਾਬੀ ਵਿਚ ਸਭ ਤੋਂ ਵਧ ਕਹਾਣੀਆਂ ਲਿਖੀਆਂ ਹਨ। ਦੁੱਗਲ ਦੀਆਂ ਕਹਾਣੀਆਂ ਸਭ ਤੋਂ ਵਧ ਪੜ੍ਹੀਆਂ ਗਈਆਂ ਹਨ, ਸਭ ਤੋਂ ਵਧ ਸਲਾਹੀਆਂ ਗਈਆਂ ਹਨ, ਸਭ ਤੋਂ ਵਧ ਨਿੰਦੀਆਂ, ਸਗੋਂ ਤ੍ਰਿਸਕਾਰੀਆਂ ਗਈਆਂ ਹਨ। ਵੱਖੋ ਵੱਖਰੀ ਵਿਚਾਰਧਾਰਾ ਲੈ ਕੇ ਦੁੱਗਲ ਨੂੰ ਪਰਖਣ ਤੁਰੇ ਆਲੋਚਕਾਂ ਨੂੰ, ਕੋਈ ਵਾਰੀ ਉਸ ਨੂੰ ਨਿੰਦਣ ਦੀ ਖ਼ਾਤਰ ਆਪਣੀ ਵਿਚਾਰਧਾਰਾ ਨੂੰ ਕੁਰੂਪਣਾ ਪਿਆ ਹੈ, ਕਈ ਵਾਰੀ ਉਸ ਨੂੰ ਸਲਾਹੁਣ ਦੀ ਖ਼ਾਤਰ ਉਸ ਵਿਚਾਰਧਾਰਾ ਨੂੰ ਤੱਜਣਾ ਪਿਆ ਹੈ। ਕਈ ਵਿਦਵਾਨਾਂ ਨੇ ਉਸ ਦੀ ਵਡਿਆਈ ਦਿਖਾਉਣ ਲਈ ਸੰਸਾਰ ਪੈਮਾਨੇ ਦੇ ਸੈਂਕੜੇ ਚਿੰਤਕਾਂ ਦੇ ਬਚਨਾਂ ਦਾ ਸੰਗ੍ਰਿਹ ਕਰ ਦਿੱਤਾ ਹੈ - ਆਰਥਿਕਤਾ ਬਾਰੇ, ਮਨੋ-ਵਿਗਿਆਨ ਬਾਰੇ, ਆਧੁਨਿਕਤਾ ਬਾਰੇ; ਅਤੇ ਸਿੱਧ ਕਰ ਦਿੱਤਾ ਹੈ ਕਿ ਦੁੱਗਲ ਕਿੰਨਾ ਮਹਾਨ ਹੈ ਕਿ ਉਸ ਦੀਆਂ ਲਿਖਤਾਂ ਏਡੇ ਵੱਡੇ ਵੱਡੇ ਚਿੰਤਕਾਂ ਦੇ ਕਥਨਾਂ ਉਤੇ ਪੂਰੀਆਂ ਉਤਰਦੀਆਂ ਹਨ। ਜਿਵੇਂ ਉਸ ਦੇ ਲਿਖਣ ਦਾ ਇਹੀ ਇਕ ਮੰਤਵ ਸੀ।

ਕਿਤੇ ਕਿਤੇ ਉਸ ਦੀ ਕਿਸੇ ਕਹਾਣੀ ਜਾਂ ਕੁਝ ਕਹਾਣੀਆਂ ਬਾਰੇ ਕੁਝ ਠੀਕ ਵੀ ਕਿਹਾ ਗਿਆ ਹੈ। ਪਰ ਬਹੁਤੀ ਦੁੱਗਲ-ਆਲੋਚਨਾ ਸਾਨੂੰ ਇਹ ਪ੍ਰਭਾਵ ਦੇਂਦੀ ਹੈ ਕਿ ਇਸ ਦੀ ਤਹਿ ਵਿਚ ਕੋਈ ਤਾਰਕਿਕ ਆਧਾਰ ਕੰਮ ਨਹੀਂ ਕਰ ਰਿਹਾ।

ਦੁੱਗਲ ਨੂੰ ਸਮਝਣ ਅਤੇ ਉਸ ਦਾ ਠੀਕ ਮੁੱਲ ਪਾਉਣ ਦੇ ਰਾਹ ਵਿਚ ਕੋਈ ਅੜਿਚਣਾਂ ਆਉਂਦੀਆਂ ਹਨ।

ਦੁੱਗਲ ਨੇ ਆਪਣੇ ਬਾਰੇ, ਆਪਣੀ ਕਲਾ ਬਾਰੇ, ਆਪਣੇ ਵਿਚਾਰਾਂ ਤੇ ਵਿਸ਼ਵਾਸਾਂ ਬਾਰੇ, ਕੋਈ ਵੱਖ ਵੱਖ ਕਹਾਣੀਆਂ ਦੇ ਆਸ਼ਿਆਂ ਅਤੇ ਪਿਛੋਕੜਾਂ ਬਾਰੇ ਬੜਾ ਕੁਝ ਲਿਖਿਆ ਹੈ। ਸਾਡੇ ਕਈ ਆਲੋਚਕ ਇਸ ਬੜੇ ਕੁਝ ਵਿਚ ਖੁੱਭ ਕੇ ਰਹਿ ਜਾਂਦੇ ਹਨ ਅਤੇ ਉਸ ਦੀ ਕਹਾਣੀ-ਕਲਾ ਦੀ ਇਸੇ ਪੱਖ ਤੋਂ ਹੀ ਵਿਆਖਿਆ, ਪ੍ਰਸੰਸਾ ਜਾਂ ਨਿੰਦਿਆਂ ਕਰਨ ਲੱਗ ਪੈਂਦੇ ਹਨ। ਇਹ ਇਕ ਚਿੱਥਿਆ ਹੋਇਆ ਸੱਚ ਬਣ ਚੁੱਕਾ ਹੈ ਕਿ ਲੇਖਕ ਨੂੰ ਉਸ ਦੇ ਕਥਨਾਂ ਦੇ ਦ੍ਰਿਸ਼ਟੀਕੋਣ ਤੋਂ ਨਹੀਂ, ਉਸ ਦੀ ਕਲਾ-ਕ੍ਰਿਤ ਦੇ ਦ੍ਰਿਸ਼ਟੀਕੋਣ ਤੋਂ ਪਰਖਿਆ ਜਾਣਾ ਚਾਹੀਦਾ ਹੈ, ਤਾਂ ਵੀ ਅਜਿਹਾ ਕਰਨਾ ਕੁਝ ਆਲੋਚਕਾਂ ਲਈ ਮੁਸ਼ਕਲ ਲੱਗਦਾ ਹੈ। ਇਸ ਦਾ ਮਤਲਬ ਇਹ ਵੀ ਨਹੀਂ ਕਿ ਕਲਾ ਤੋਂ ਬਾਹਰ ਹੋ ਕੇ ਲੇਖਕ ਜੋ ਕਹਿੰਦਾ ਹੈ, ਉਸ ਦੀ ਕੋਈ ਮਹੱਤਤਾ ਨਹੀਂ, ਜਾਂ ਉਸ ਨੂੰ ਸੁੱਟ ਪਾਉਣਾ ਚਾਹੀਦਾ ਹੈ। ਪਰ ਇਹ ਵੀ ਸਾਰੇ ਜਾਣਦੇ ਹਨ ਕਿ ਕਲਾ ਬਿੰਬਾਂ ਦੀ ਭਾਸ਼ਾ ਵਿਚ ਗੱਲ ਕਰਦੀ ਹੈ, ਅਤੇ ਬਿੰਬ ਵਿਚਾਰਧਾਰਾ ਤੋਂ ਮੂੰਹ-ਜ਼ੋਰ ਹੋ ਕੇ ਵੀ ਯਥਾਰਥ ਦੇ ਠੀਕ ਦਰਸ਼ਨ ਕਰਾ ਸਕਦੇ ਹਨ, ਜੇ ਕਲਾਕਾਰ ਸੱਚਮੁੱਚ ਕਲਾਕਾਰ ਹੋਵੇ ਤਾਂ। ਆਲੋਚਨਾ ਲਈ ਕਲਾਤਮਕ ਬਿੰਬਾਂ ਦੀ ਭਾਸ਼ਾ ਨੂੰ ਸਮਝਣਾ ਤੇ ਅਰਥਾਉਣਾ ਮੁੱਢਲੀ ਮਹੱਤਤਾ ਰੱਖਦਾ ਹੈ।

ਲੇਖਕ ਦੇ ਕਥਨਾਂ ਨੂੰ ਉਸ ਦੀ ਕਲਾ ਦੇ ਸਮਝਣ ਅਤੇ ਅਰਥਾਉਣ ਵਿਚ ਮੁੱਢਲੀ ਮਹੱਤਤਾ ਦੇਣ ਦੇ ਕੀ ਸਿੱਟੇ ਹੋ ਸਕਦੇ ਹਨ, ਇਸ ਦੀ ਇਕ ਉਦਾਹਰਣ ਹੈ ਕਿ ਦੁੱਗਲ ਦੀ ਕਹਾਣੀ-ਕਲਾ ਦੇ ਵਿਕਾਸ ਦੇ ਪੜਾਅ ਨਿਸਚਿਤ ਕਰਨ ਲਗਿਆਂ, ਇਕ ਪੜਾਅ ਦਾ ਆਰੰਭ ਉਥੋਂ ਕੀਤਾ ਜਾਂਦਾ ਹੈ, ਜਦੋਂ ਉਸ ਨੇ ਇਹ ਮੰਨਿਆਂ ਕਿ ਉਹ ਅਤੇ ਉਸ ਦੇ ਸਮਕਾਲੀ ਪ੍ਰਕਿਰਤੀਵਾਦੀ ਅਤੇ ਨੰਗੇਜਵਾਦੀ ਜ਼ਿਆਦਤੀਆਂ ਕਰਦੇ ਆਏ ਸਨ, ਜੋ ਗ਼ਲਤ ਸੀ; ਕਿ ਕਲਾ ਦਾ ਮੰਤਵ ਸਮਾਜ ਦੀ, ਮਨੁੱਖ ਦੀ ਸੇਵਾ ਕਰਨਾ ਹੈ, ਜੀਵਨ ਵਿਚ ਸੁਹਜ ਭਰਨਾ ਹੈ, ਨਾ ਕਿ ਗੰਦ ਉਛਾਲਣਾ ਜਾਂ ਮੂੰਹ ਚਿੜਾਉਣਾ। ਖ਼ਿਆਲ ਕੀਤਾ ਜਾਂਦਾ ਸੀ ਕਿ ਉਹ ਕੁੜੀ ਕਹਾਣੀ ਕਰਦੀ ਗਈ ਵਿਚਲੀਆਂ ਕੁਝ ਇਸ ਪ੍ਰਕਾਰ ਦੀਆਂ ਅਤੇ ਉਹਨਾਂ ਵਰਗੀਆਂ ਹੋਰ ਕਹਾਣੀਆਂ ਨੂੰ ਰੱਦ ਕਰ ਰਿਹਾ ਹੈ। ਪਰ ਬਹੁਤ ਦੇਰ ਮਗਰੋਂ ਉਹ ਉਸੇ "ਕੁੜੀ ਕਹਾਣੀ ਕਰਦੀ ਗਈ" ਵਿਚ ਉਸੇ ਅੰਦਾਜ਼ ਵਿਚ ਲਿਖੀਆਂ ਹੋਰ ਕਹਾਣੀਆਂ ਦਾ ਵਾਧਾ ਕਰ ਕੇ ਛਾਪਦਾ ਹੈ ਤਾਂ ਆਪਣੇ ਪਾਠਕਾਂ ਨੂੰ ਕਹਿੰਦਾ ਹੈ ਕਿ ਇਹਨਾਂ ਦੇ ਹੇਠਾਂ ਜੋ ਲਕਿਆ ਹੋਇਆ ਹੈ, ਉਸ ਨੂੰ ਪਛਾਨਣ ਦਾ ਯਤਨ ਕੀਤਾ ਜਾਏ ਅਤੇ ਯਕੀਨ ਦੁਆਉਂਦਾ ਹੈ ਕਿ ਈਮਾਨਦਾਰ ਲੇਖਕ ਹੋਣ ਦੇ ਨਾਤੇ ਉਹ ਆਪਣੇ ਪਾਠਕਾਂ ਦਾ ਵਿਸ਼ਵਾਸਘਾਤ ਕਦੀ ਨਹੀਂ ਕਰੇਗਾ। ਜੇ ਆਲੋਚਕ ਜਾਂ ਪਾਠਕ ਦੁੱਗਲ ਦੇ ਪਹਿਲੇ ਕਥਨ ਮਗਰ ਲਗ ਕੇ ਉਸ ਦੀਆਂ ਕੁਝ ਕਹਾਣੀਆਂ ਰੱਦ ਕਰ ਦੇਵੇਗਾ, ਤਾਂ ਉਸ ਦੇ ਮਗਰਲੇ ਕਥਨ ਨੂੰ ਨਿਘਲਣਾ ਉਸ ਲਈ ਮੁਸ਼ਕਲ ਹੋ ਜਾਵੇਗਾ। ਜਦ ਕਿ ਬਿਲਕੁਲ ਸੰਭਵ ਹੈ ਕਿ ਉਸ ਦੀਆਂ ਪਹਿਲੀਆਂ ਕਹਾਣੀਆਂ ਵੀ ਸਾਰੀਆਂ ਰੱਦ ਕਰਨ ਯੋਗ ਨਾ ਹੋਣ ਅਤੇ ਮਗਰਲੀਆਂ ਸਾਰੀਆਂ ਸਲਾਹੁਣ ਯੋਗ ਨਾ ਹੋਣ।

ਦੂਜੀ ਮੁਸ਼ਕਲ ਇਹ ਹੈ ਕਿ ਅਸੀਂ ਕਥਾਵਾਂ ਵਰਗੇ ਇਕਹਿਰੇ ਸਾਹਿਤ ਦੇ ਆਦੀ ਹੋ ਗਏ ਹਾਂ, ਜਿਸ ਦਾ ਇਕ ਆਸ਼ਾ ਹੋਵੇ, ਜਿਸ ਦੀ ਇਕ ਸਿਖਿਆ ਅਤੇ ਇਕ ਵਿਆਖਿਆ ਹੋਵੇ। ਬਹੁਤ ਦੇਰ ਤਾਂ ਅਸੀਂ ਚਲਦੀਆਂ ਫਿਰਦੀਆਂ ਚੰਗਿਆਈਆਂ ਬੁਰਿਆਈਆਂ ਨੂੰ ਹੀ ਪਾਤਰ ਸਮਝਦੇ ਰਹੇ ਹਾਂ। ਹੁਣ ਜੇ ਅਸੀਂ ਲਹੂ-ਮਾਸ ਦੇ ਪੁਤਲੇ ਘੜਨੇ ਸ਼ੁਰੂ ਕੀਤੇ ਦੇ ਹਨ, ਤਾਂ ਉਹਨਾਂ ਵਿਚ ਉਹ ਸਾਰੀ ਜਟਿਲਤਾ ਨਹੀਂ ਹੁੰਦੀ, ਜਿਹੜੀ ਸਾਡੀ ਸਮਾਜਕ ਸਥਿਤੀ ਦੀ ਅਤੇ ਚੰਗੀ ਕਲ-ਕਿਤ ਦੀ ਮੰਗ ਹੈ। ਅਤੇ ਜਿਥੇ ਕਿਤੇ ਇਹ ਜਟਿਲਤਾ ਹੈ ਵੀ, ਅਸੀਂ ਉਸ ਨੂੰ ਇਕਹਿਰੇਪਣ ਵਿਚ ਹੀ ਅਰਥਾਉਂਦੇ ਹਾਂ।

ਦੁੱਗਲ ਆਪਣੀਆਂ ਕਹਾਣੀਆਂ ਵਿਚ ਇਸ ਜਟਿਲ ਮਨੁੱਖ ਦੇ ਛਿਣਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ। ਪਰ ਕਿਉਂਕਿ ਇਹ ਫੈਲੇ ਜਾਂ ਸੁੰਗੜੇ ਛਿਣ ਹੀ ਨਿੱਕੀ ਕਹਾਣੀ ਦੇ ਰੂਪ ਦੀ ਸੀਮਾ ਹੁੰਦੇ ਹਨ, ਇਸ ਲਈ ਇਹਨਾਂ ਪਾਤਰਾਂ ਦੀ ਜਟਿਲਤਾ ਨੂੰ ਸਮਝਣ ਲਈ ਪਾਠਕ ਨੂੰ ਬਹੁਤ ਕੁਝ ਆਪਣੇ ਤਜਰਬੇ ਵਿਚੋਂ ਮਿਲਾਉਣਾ ਪੈਂਦਾ ਹੈ। ਚੰਗੇ ਸਾਹਿਤ ਦੀ ਚੰਗਿਆਈ ਦਾ ਪ੍ਰਤੱਖ ਹੋਣਾ ਉਸ ਦੇ ਪਾਠਕ ਦੇ ਅਨੁਭਵ ਦੀ ਡੂੰਘਆਈ ਦੇ ਨਾਲ ਸਿੱਧੀ ਤਨਾਸਬ ਰਖਦਾ ਹੈ। ਕਲਾ ਕਿਉਂਕਿ ਬਿੰਬਾਂ ਵਿਚ ਗੱਲ ਕਰਦੀ ਹੈ, ਇਸ ਲਈ ਅਨੁਭਵੀ ਪਾਠਕ ਪੇਸ਼ ਕੀਤੇ ਗਏ ਬਿੰਬਾਂ ਦੇ ਕਈ ਵਾਰੀ ਉਹ ਪਹਿਲੂ ਵੀ ਦੇਖ ਲੈਂਦਾ ਹੈ, ਜਿਹੜੇ ਸਿਰਜਕ ਦੀ ਚੇਤਨਾ ਵਿਚ ਨਹੀਂ ਹੁੰਦੇ, ਪਰ ਜਿਹੜੇ ਬਿੰਬ ਵਿਚ ਸ਼ਾਮਲ ਹੁੰਦੇ ਹਨ, ਅਤੇ ਰਚਨਾ ਨੂੰ ਹੋਰ ਡੂੰਘਾ ਭਾਵ ਦੇ ਦੇਂਦੇ ਹਨ।

ਇਸ ਤਰ੍ਹਾਂ ਦੇ ਸਾਹਿਤ ਦੀਆਂ ਕਈ ਪਰਤਾਂ ਹੁੰਦੀਆਂ ਹਨ ਅਤੇ ਇਸ ਦੀ ਕਈ ਧਰਾਤਲਾਂ ਉਤੇ ਵਿਆਖਿਆ ਹੋ ਸਕਦੀ ਹੈ। ਇਸ ਤਰ੍ਹਾਂ ਦਾ ਸਾਹਿਤ ਚੌਕਸ ਅਤੇ ਅਨੁਭਵੀ ਪਾਠਕਾਂ ਦੀ ਮੰਗ ਕਰਦਾ ਹੈ। ਇਸ ਤਰ੍ਹਾਂ ਦੀ ਜਟਿਲਤਾ ਦੁੱਗਲ ਦੀਆਂ ਕਹਾਣੀਆਂ ਦੀ ਇਕ ਵਿਸ਼ੇਸ਼ਤਾ ਹੈ।

ਦੁੱਗਲ ਨੂੰ ਠੀਕ ਸਮਝਣ ਅਤੇ ਉਸ ਦਾ ਠੀਕ ਮੁੱਲ ਪਾਉਣ ਵਿਚ ਤੀਜੀ ਵੱਡੀ ਮੁਸ਼ਕਲ ਇਹ ਹੈ ਕਿ ਉਹ ਅਕਸਰ ਐਸੇ ਵਿਸ਼ਿਆਂ ਨੂੰ ਹੱਥ ਵਿਚ ਲੈਂਦਾ ਹੈ, ਜਿਨ੍ਹਾਂ ਨਾਲ ਸਾਡੇ ਭਾਵ ਅਤੇ ਵਿਚਾਰ ਇਕ ਜਾਂ ਦੂਜੇ ਪੱਖ ਤੋਂ ਬਹੁਤ ਤੀਖਣ ਤਰ੍ਹਾਂ ਨਾਲ, ਸਗੋਂ ਤੁਅੱਸਬ ਦੀ ਹੱਦ ਤੱਕ ਜੁੜੇ ਹੁੰਦੇ ਹਨ। ਅਤੇ ਇਹ ਤੁਅੱਸਬ ਸਾਨੂੰ ਅਗਲੇ ਦਾ ਦ੍ਰਿਸ਼ਟੀਕੋਣ ਸਮਝਣਾ ਵੀ ਮੁਸ਼ਕਲ ਬਣਾ ਦੇਂਦੇ ਹਨ, ਉਸ ਦਾ ਮੁੱਲ ਪਾਉਣਾ ਤਾਂ ਇਕ ਪਾਸੇ ਰਿਹਾ। ਲਿੰਗ, ਧਰਮ ਆਦਿ ਇਸ ਤਰਾਂ ਦੇ ਵਿਸ਼ਿਆਂ ਦੀਆਂ ਉਦਾਹਰਣਾਂ ਹਨ।

ਕਿਸੇ ਸਾਹਿਤਕਾਰ ਦੇ ਅਧਿਐਨ ਦਾ ਇਕ ਸੌਖਾ ਤਰੀਕਾ ਉਸ ਦੀ ਕਲਾ ਸਿਰਜਣਾ ਨੂੰ ਕੁਝ ਪੜਾਵਾਂ ਵਿਚ ਵੰਡ ਲੈਣ ਦਾ ਹੁੰਦਾ ਹੈ। ਇਹੋ ਜਿਹੀ ਪੜਾਅ-ਵੰਡ ਸਾਰਥਕ ਤਾਂ ਹੀ ਹੋ ਸਕਦੀ ਹੈ ਜੇ ਇਹ ਵਿਸ਼ੇ-ਵਸਤੂ, ਵਿਚਾਰਾਂ ਜਾਂ ਕਲਾ ਦੇ ਪੱਖੋਂ ਲੇਖਕ ਦੇ ਵਿਕਾਸ ਦੇ ਪੜਾਵਾਂ ਨੂੰ ਪੇਸ਼ ਕਰਦੀ ਹੋਵੇ। ਦੁੱਗਲ ਦੇ ਸੰਬੰਧ ਵਿਚ ਵੀ ਇਸੇ ਤਰ੍ਹਾਂ ਦੀ ਵੰਡ ਅਕਸਰ ਕੀਤੀ ਜਾਂਦੀ ਹੈ। ਇਸ ਵਿਚ ਦੁੱਗਲੇ ਦੀ ਸਾਰੀ ਰਚਨਾ ਨੂੰ ਤਿੰਨ ਪੜਾਵਾਂ ਵਿਚ ਵੰਡਿਆ ਜਾਂਦਾ ਹੈ: ਪਹਿਲਾ ਪੜਾਅ, ਜਦੋਂ ਦੁੱਗਲ ਕਥਿਤ ਤੌਰ ਉਤੇ 'ਕਲਾ ਕਲਾ ਲਈ' ਵਿਚ ਯਕੀਨ ਰਖਦਾ ਸੀ,ਪ੍ਰਕਿਰਤੀਵਾਦੀ ਅਤੇ ਨੰਗੇਜਵਾਦੀ ਰਚਨਾਵਾਂ ਕਰਦਾ ਸੀ; ਮਗਰਲਾ ਪੜਾਅ ਜਦ ਉਸ ਨੇ ਆਪਣੀ ਕਲਮ ਜੀਵਨ ਅਤੇ ਸਮਾਜ ਦੀ ਸੇਵਾ ਵਰਗੇ ਉਸਾਰੂ ਆਸ਼ੇ ਨੂੰ ਸਮਰਪਿਤ ਕਰ ਦਿੱਤੀ, ਅਤੇ ਵਿਚਕਾਰਲਾ ਪੜਾਅ, ਜਦੋਂ ਉਸ ਨੇ 1947 ਦੇ ਅਸਰ ਹੇਠ ਰਚਨਾ ਕੀਤੀ।

ਪਰ ਅਸਲ ਵਿਚ ਇਹ ਵੰਡ ਨਾ ਠੋਸ ਬੁਨਿਆਦਾਂ ਉਤੇ ਖੜੀ ਹੈ, ਨਾ ਹੀ ਇਹ ਕਿਸੇ ਵਿਕਾਸ ਕਰਮ ਨੂੰ ਪੇਸ਼ ਕਰਦੀ ਹੈ। ਜਦੋਂ ਦੁੱਗਲ ਕਥਿਤ ਤੌਰ ਉਤੇ 'ਕਲਾ - ਕਲਾ ਲਈ' ਵਿਚ ਯਕੀਨ ਰੱਖਦਾ ਸੀ, ਉਦੋਂ ਵੀ ਉਸ ਨੇ ਸਮਾਜਕ ਪੱਖ ਤੋਂ ਏਨੀਆਂ ਬਲਵਾਨ ਕਿਰਤਾਂ ਦਿੱਤੀਆਂ, ਜਿੰਨੀਆਂ ਉਸ ਸਮੇਂ 'ਕਲਾ - ਜੀਵਨ ਲਈ' ਦਾ ਨਾਅਰਾ ਲਾਉਣ ਵਾਲਾ ਕੋਈ ਵੀ ਦੇ ਸਕਦਾ ਸੀ। ਵਿਸ਼ੇ-ਵਸਤ ਦੇ ਪੱਖ ਲਿੰਗ-ਸੰਬੰਧਾਂ ਨੂੰ ਚਿਤ੍ਰਨਾ ਵੀ ਇਸ ਪਹਿਲੇ ਸਮੇਂ ਤਕ ਸੀਮਿਤ ਨਹੀਂ, ਮਗਰੋਂ ਵੀ ਇਹ ਜਾਰੀ ਰਿਹਾ। ਹਾਂ, ਪ੍ਰਕਿਰਤੀਵਾਦੀ ਰੰਗ ਕੁੜੀ ਕਹਾਣੀ ਕਰਦ ਗਈ ਅਤੇ ਡੰਗਰ ਤੋਂ ਮਗਰੋਂ ਜ਼ਰੂਰ ਖ਼ਤਮ ਹੋ ਗਿਆ। ਪਰ ਅਸੀਂ ਦੁੱਗਲ ਦੇ ਸਾਰੇ ਰਚਨਾ ਕਾਲ ਨੂੰ ਪ੍ਰਕਿਰਤੀਵਾਦੀ, ਪੂਰਵ ਅਤੇ ਉੱਤਰ-ਪ੍ਰਕਿਰਤੀਵਾਦੀ ਕਾਲ ਵਿਚ ਨਹੀਂ ਵੰਡ ਸਕਦੇ, ਕਿਉਂਕਿ ਇਹ ਇਹਨਾਂ ਸਮਿਆਂ ਦਾ ਠੀਕ ਵਰਨਣ ਨਹੀਂ ਹੋਵੇਗਾ।

ਕਲਾ ਦੇ ਪੱਖ ਵੀ ਇਹ ਪੜਾਅਵੰਡ ਕੋਈ ਬਹੁਤੀ ਠੀਕ ਨਹੀਂ ਲਗਦੀ, ਕਿਉਂਕਿ ਉਸ ਦੇ ਪਹਿਲੇ ਸੰਗ੍ਰਹਿਆਂ ਦੀਆਂ ਚੰਗੀਆਂ ਕਿਰਤਾਂ ('ਤ੍ਰੇਲ ਤੁਪਕੇ, "ਆਉਂਤਰੀ, "ਪੰਜ ਗ੍ਹੀਟੜਾ', ਹਵਾਲਦਾਰ ਦੀ ਵਹੁਟੀ', 'ਪੁਣਛ ਦੇ ਪੁੱਤਰ ਆਦਿ) ਕਲਾ ਦੇ ਪੱਖੋਂ ਉਸ ਦੇ ਸੱਜਰੇ ਸੰਹਿਆਂ ਵਿਚਲੀਆਂ ਚੰਗੀਆਂ ਕਿਰਤਾਂ ਨਾਲੋਂ ਕਿਸੇ ਤਰਾਂ ਪਿਛੇ ਨਹੀਂ।

ਇਸ ਦਾ ਮਤਲਬ ਇਹ ਵੀ ਨਹੀਂ ਲਿਆ ਜਾ ਸਕਦਾ ਕਿ ਦੁੱਗਲ ਵਿਚ ਕਿਸੇ ਤਰ੍ਹਾਂ ਦਾ ਵਿਕਾਸ ਦੇਖਣ ਵਿਚ ਨਹੀਂ ਆਉਂਦਾ। ਮੁਸ਼ਕਲ ਸਿਰਫ਼ ਇਸ ਵਿਕਾਸ ਨੂੰ ਬੱਝਵੇਂ ਪੜਾਵਾਂ ਵਿਚ ਵੰਡਣ ਵੇਲੇ ਆਉਂਦੀ ਹੈ। ਅਸੀਂ ਦੁੱਗਲ ਦੀ ਸਾਰੀ ਕਹਾਣੀ-ਕਲਾ ਨੂੰ ਵਿਸ਼ੇ ਅਨੁਸਾਰ ਵੰਡ ਕੇ, ਉਸ ਦੇ ਵਸਤ, ਤਕਨੀਕ ਅਤੇ ਦ੍ਰਿਸ਼ਟੀਕੋਣ ਵਿਚ ਆਉਂਦੀ ਤਬਦੀਲੀ ਨੂੰ ਦੇਖਾਂਗੇ।

ਸਭ ਤੋਂ ਪਹਿਲਾਂ ਅਸੀਂ ਉਸ ਵਿਸ਼ੇ ਨੂੰ ਲੈਂਦੇ ਹਾਂ ਜਿਸ ਕਾਰਨ ਦੁੱਗਲ ਸਭ ਤੋਂ ਵਧ ਦਿਲਚਸਪੀ ਦਾ ਅਤੇ ਸਭ ਤੋਂ ਵਧ ਗਲਤ-ਫਹਿਮੀ ਅਤੇ ਨਿਖੇਧੀ ਦਾ ਕਾਰਨ ਬਣਿਆ ਹੈ, ਸਾਡਾ ਭਾਵ ਲਿੰਗ-ਸੰਬੰਧਾਂ ਨੂੰ ਚਿਤ੍ਰਤ ਤੋਂ ਹੈ।

ਜਿੰਨੀਆਂ ਕੁ ਮੰਜ਼ਲਾਂ ਪੰਜਾਬੀ ਸਾਹਿਤ ਤੇ ਇਸ ਦਾ ਪਾਠਕ ਮਾਰ ਆਇਆ ਹੈ, ਉਸ ਨੂੰ ਏਨਾ ਕੁ ਪ੍ਰੋਢ ਤਾਂ ਹੋ ਜਾਣਾ ਚਾਹੀਦਾ ਹੈ ਕਿ ਜਦੋਂ ਕੋਈ ਉਸ ਨੂੰ ਇਹ ਦੱਸੇ ਕਿ ਫ਼ਲਾਂ ਲੇਖਕ 'ਸੈਕਸ' ਬਾਰੇ ਲਿਖਦਾ ਹੈ, ਤਾਂ ਉਹ ਇਸ ਦਾ ਮਤਲਬ ਸਿਰਫ਼ ਇਹ ਲਵੇ ਕਿ ਉਹ ਲੇਖਕ ਨੱਕ ਸੁਣਕਣੇ ਬਾਰੇ ਜਾਂ ਹੋਰ ਕਿਸੇ ਸਾਧਾਰਨ ਸਰੀਰਕ ਕਿਰਿਆ ਬਾਰੇ ਨਹੀਂ ਲਿਖਦਾ। (ਦੁੱਗਲ ਭਾਵੇਂ ਨੱਕ ਸੁਣਕਣ ਬਾਰੇ ਅਤੇ ਦੂਜੀਆਂ ਸਾਧਾਰਨ ਸਰੀਰਕ ਕਿਰਿਆਵਾਂ ਬਾਰੇ ਵੀ ਲਿਖਦਾ ਹੈ!) ਸਵਾਲ ਇਹ ਨਹੀਂ ਹੁੰਦਾ ਕਿ ਕੋਈ ਕਿਸ ਚੀਜ਼ ਬਾਰੇ ਲਿਖਦਾ ਹੈ, ਸਵਾਲ ਇਹ ਹੁੰਦਾ ਹੈ ਕਿ ਉਹ ਉਸ ਬਾਰੇ ਕਿਉਂ ਤੇ ਕਿਵੇਂ ਲਿਖਦਾ ਹੈ।

ਪਰ ਸਾਡੇ ਆਲੋਚਕ ਇਕ ਪਾਸੇ ਤਾਂ ਉਥੇ ਵੀ ਸੈਕਸ ਦੇਖਦੇ ਰਹੇ ਹਨ, ਜਿਥੇ ਇਹ 101 ਹੈ ਨਹੀਂ। ਇਹੋ ਜਿਹੀ ਦ੍ਰਿਸ਼ਟੀ ਦੀ ਸਿਖਰ ਇਹ ਹੈ ਕਿ ਦੁੱਗਲ ਦੀ ਸਾਰੀ ਰਚਨਾ ਇਸ ਇੱਕ ਨੁਕਤੇ ਉਤੇ ਸਿਮਟ ਕੇ ਰਹਿ ਗਈ ਸਿੱਧ ਕਰ ਦਿੱਤੀ ਜਾਂਦੀ ਹੈ। ਦੂਜੇ ਪਾਸੇ ਇਹੋ ਜਿਹੇ ਆਲੋਚਕ ਹੀ ਕਾਮ ਦੀ 'ਮਹੱਤਤਾ' ਅਤੇ 'ਯਥਾਰਥਕਤਾ' ਬਾਰੇ ਦਸਦੇ ਅਤੇ ਦੁੱਗਲ ਦੀਆਂ ਕਿਰਤਾਂ ਵਿਚ ਇਸ ਦੇ ਯਥਾਰਥਕ ਚਿੱਤਣ ਬਾਰੇ ਲਿਖਦੇ ਹੋਏ, ਆਪ ਕੋਕ ਸ਼ਾਸਤਰ ਦਾ ਕੋਈ ਆਧੁਨਿਕ ਕਾਂਡ ਲਿਖ ਜਾਂਦੇ ਹਨ।

ਗੱਲ ਫਿਰ ਗ਼ਲਤ ਪਹੁੰਚ ਅਤੇ ਗ਼ਲਤ ਥਾਂ ਜ਼ੋਰ ਦੇਣ ਦੀ ਹੁੰਦੀ ਹੈ। ਰੋਟੀ ਖਾਣ ਨਾਲੋਂ ਮਹੱਤਵਪੂਰਨ ਅਤੇ ਯਥਾਰਥਕ ਕੋਈ ਗੱਲ ਨਹੀਂ, ਪਰ ਇਸ ਬਾਰੇ ਕੋਈ ਸਾਹਿਤ ਨਹੀਂ ਰਚਿਆ ਗਿਆ ਅਤੇ ਜਿਥੇ ਕਿਤੇ ਇਸ ਦਾ ਜ਼ਿਕਰ ਹੈ ਵੀ, ਉਹ ਸਾਡੇ ਭਰਵੱਟੇ ਖੜੇ ਕਰਨ ਦਾ ਕਾਰਨ ਨਹੀਂ ਬਣਦਾ। ਇਸ ਦਾ ਕਾਰਨ ਸਿਰਫ਼ ਇਹ ਹੈ ਕਿ ਇਸ ਕਿਰਿਆ ਦੁਆਲੇ ਸਾਡੀਆਂ ਸਮਾਜਕ ਕਦਰਾਂ-ਕੀਮਤਾਂ ਦਾ ਬਹੁਤਾ ਤਾਣਾ-ਬਾਣਾ ਨਹੀਂ ਬੁਣਿਆ ਗਿਆ, ਜਦ ਕਿ ਲਿੰਗ-ਸੰਬੰਧਾਂ ਦੁਆਲੇ ਅਸੀਂ ਗ਼ਲਤ ਜਾਂ ਠੀਕ ਕੀਮਤਾਂ ਦਾ ਇਕ ਜਾਲ ਫੈਲਾਇਆ ਹੋਇਆ ਹੈ। ਸੈਕਸ ਸਿਰਫ਼ ਰੂਪ ਹੈ, ਵਸਤ ਇਖ਼ਲਾਕੀ, ਸਮਾਜੀ ਅਤੇ ਆਰਥਕ ਕਦਰਾਂ-ਕੀਮਤਾਂ ਦਾ ਇਹ ਜਾਲ ਹੈ। ਸਮਾਜਕ ਕਦਰਾਂ-ਕੀਮਤਾਂ ਵਿਚਲੀਆਂ ਅਜੋੜਤਾਵਾਂ ਨੂੰ ਦਰਸਾਉਣ ਲਈ ਲਿੰਗ-ਸੰਬੰਧਾਂ ਨੂੰ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਪਰ ਇਸ ਵਿਚ ਲੇਖਕ ਦੀ ਵੀ ਜ਼ਿਮੇਵਾਰੀ ਇਹ ਬਣਦੀ ਹੈ, ਜਾਂ ਉਸ ਦੀ ਕਲਾ ਇਸ ਵਿਚ ਹੁੰਦੀ ਹੈ ਕਿ ਪਾਠਕ ਰੂਪ ਵਿਚ ਉਲਝ ਕੇ ਨਾ ਰਹਿ ਜਾਏ ਸਗੋਂ ਵਸਤ ਦੀ ਹਕੀਕਤ ਤਕ ਪਹੁੰਚੇ।

ਦੁੱਗਲ ਦੇ ਪਹਿਲੇ ਦੇ ਕਹਾਣੀ-ਸੰਗ੍ਰਹਿ, ਸਵੇਰ ਸਾਰ ਅਤੇ ਪਿੱਪਲ ਪੱਤੀਆਂ ਦੀਆਂ ਕਹਾਣੀਆਂ ਵਿਚ ਕਾਮ-ਕੀੜਾ ਦਾ ਪਰਗਟਾਅ ਦੇਖਣਾ ਉਲਾਰਪਣ ਹੈ (ਸਿਵਾਏ "ਵਢ ਵਿਚ ਇਕ ਸਵੇਰ" ਦੇ)। ਇਹਨਾਂ ਦੇ ਸੰਗ੍ਰਹਿਆਂ ਦੀਆਂ ਕਹਾਣੀਆਂ ਦੀ ਬਹੁਗਿਣਤੀ ਸਮਾਜਕ ਯਥਾਰਥ ਦੇ ਕਿਸੇ ਨਾ ਕਿਸੇ ਪੱਖ ਨੂੰ ਬਹੁਤ ਜ਼ੋਰਦਾਰ ਢੰਗ ਨਾਲ ਤੇ ਸਾਹਮਣੇ ਪੇਸ਼ ਕਰਦੀ ਹੈ। ਲਿੰਗ-ਸੰਬੰਧਾਂ ਦਾ ਜ਼ਿਕਰ ਪ੍ਰੇਮ-ਕ੍ਰੀੜਾ ਦੀਆਂ ਸੀਮਾ ਦੇ ਅਂਦਰ ਅੰਦਰ ਹੈ, ਜਿਸ ਤੋਂ ਪੰਜਾਬੀ ਸਾਹਿਤ ਨਾਵਾਕਫ਼ ਨਹੀਂ ਹੈ। ਇਹੋ ਜਿਹੀਆਂ ਸਾਰੀਆਂ ਕਹਾਣੀਆਂ ਵਿਚ ਦੁੱਗਲ ਨੇ ਪਰਾਈ ਕਦਰਾਂ-ਕੀਮਤਾਂ ਦੇ ਘੇਰੇ ਦੇ ਅੰਦਰ ਰਹਿ ਰਹੋ ਪਾਤਰਾਂ ਦੇ ਦੁਖਾਂਤ/ਸੁਖਾਂਤ ਨੂੰ ਚੜ੍ਹਿਆ ਹੈ, ਉਹਨਾਂ ਦੇ ਵਿਹਾਰ ਉਤੇ ਮਸ਼ਕਰਾਂ ਕੀਤੀ ਹੈ, ਜਾਂ ਇਹੋ ਜਿਹੀ ਕਿਸੇ ਖ਼ਾਸ ਸਥਿਤੀ ਵਿਚ ਵਿਹਾਰ ਦੀ ਵਿਚਿਤਤਾ ਵਲੋਂ ਧਿਆਨ ਦੁਆਇਆ ਹੈ। ਇਹਨਾਂ ਕਹਾਣੀਆਂ ਵਿਚਲੇ ਪਾਤਰ, ਚਾਹੁੰਦੇ-ਨਾ ਚਾਹੁੰਦੇ, ਪਰਾਂ ਕਰ ਪਰੰਪਰਾ ਨੂੰ ਹੰਢਾ ਰਹੇ ਹਨ। ਬਗਾਵਤ ਜਾਂ ਇਸ ਤੋਂ ਛੁਟਕਾਰਾ ਪਾਉਣ ਦਾ ਵਿਚਾਰ ਉਹਨਾਂ ਦੇ ਅਚੇਤ ਮਨ ਵਿਚ ਵੀ ਨਹੀਂ ਆਉਂਦਾ ("ਮੈਂ ਬੜਾ ਬੇਵਕਫ ਹਾਂ")। ਜੇ ਕਿਤੇ ਮੁੰਡੇ ਕੁੜੀਆਂ ਜ਼ਰਾ ਕੁ ਖੁੱਲ੍ਹ ਲੈਂਦੇ ਹਨ, ਉਥੇ ਪਰਾ ਦਾ ਡੰਡਾ ਨਾਲ ਖੜਾ ਹੈਦ ਹੈ, ਅਤੇ ਉਹ ਉਹਨਾਂ ਦੇ ਵਿਹਾਰ ਨੂੰ ਆਪਣੀ ਇੱਛਾ ਅਨੁਲ ਕੰਟਰੋਲ ਕਰ ਰਿਹਾ ਹੈ ('ਭ)। "ਮੀਰਾ ਮੁਸੱਲੀ" ਕੋਈ ਕਾਮ-ਕ੍ਰੀੜਾ ਦਾ ਪ੍ਰਗਟਾਅ ਨਹੀਂ, ਸਿਰਫ਼ ਦੇ ਸਿੱਧੜ ਸੁਭਾਅ ਉਤੇ ਮਸ਼ਕਰੀ ਹੈ। ਗੌਹਰਾਂ ਦਾ ਸਾਰਾ ਆਚਰਣ ਰੱਬ ਤੋਂ ਡਰਨ ਵਾਲੀ ਵਫ਼ਾਦਾਰ ਪਤਨੀ ਵਾਲਾ ਹੈ। ਉਸ ਦੇ ਮਨ ਵਿਚ ਕਾਮ-ਸੰਤੁਸ਼ਟੀ ਲਈ ਘੋਲ ਨੂੰ ਦੇਖਣਾ, ਉਸ ਨੂੰ ਅਤੇ ਉਸ ਦੇ ਮਾਹੌਲ ਨੂੰ ਨਾ ਸਮਝਣਾ ਹੈ।

ਕਾਮਕ੍ਰੀੜਾ ਦੇ ਪੱਖ ਪਹਿਲੀ ਵਾਰੀ ਖੁੱਲ ਦੁੱਗਲ ਨੇ ਕੁੜੀ ਕਹਾਣੀ ਕਰਦੀ ਗਈ ਕਹਾਣੀ-ਸੰਗ੍ਰਹਿ ਦੀਆਂ ਕਹਾਣੀਆਂ ਵਿਚ ਲਈ ਹੈ। ਮਨੁੱਖੀ ਰਿਸ਼ਤਿਆਂ ਵਿਚ ਕਾਮ ਦਾ ਏਨਾ ਖੁੱਲਾ ਪ੍ਰਗਟਾਅ ਪੰਜਾਬੀ ਦੇ ਸਥਾਪਤ ਸਾਹਿਤ ਵਿਚ ਇਸ ਤੋਂ ਪਹਿਲਾਂ ਨਹੀਂ ਮਿਲਦਾ। ਇਹ ਉਰਦੂ, ਹਿੰਦੀ ਅਤੇ ਅੰਗਰੇਜ਼ੀ ਸਾਹਿਤ ਵਿਚਲੀਆਂ ਇਹੋ ਜਿਹੀਆਂ ਹੀ ਵਰਤੀਆਂ ਦਾ ਅਤੇ ਪ੍ਰਗਤੀਸ਼ੀਲਤਾ ਦੇ ਗ਼ਲਤ ਅਰਥ ਲੈਣ ਦਾ ਸਿੱਧਾ ਅਸਰ ਸੀ। ਇਸ ਗਲਤੀ ਦਾ ਸ਼ਿਕਾਰ ਸਿਰਫ਼ ਕਰਤਾਰ ਸਿੰਘ ਦੁੱਗਲ ਹੀ ਨਹੀਂ ਹੋਇਆ, ਸਗੋਂ ਉਸ ਦੇ ਸਾਰੇ 'ਪ੍ਰਗਤੀਸ਼ੀਲ' ਸਮਕਾਲੀ ਇਕ ਜਾਂ ਦੂਜੇ ਹੱਦ ਤਕੇ ਹੋਏ। ਦੁੱਗਲ ਅਤੇ ਕੁਝ ਹੋਰਨਾਂ ਨੇ ਮਗਰੋਂ ਆਪਣੀ ਇਸ ਗ਼ਲਤੀ ਨੂੰ ਮੰਨਿਆਂ, ਜਦ ਕਿ ਸੰਤ ਸਿੰਘ ਸੇਖੋਂ ਨੇ ਆਪਣੀ ਅਤੇ ਆਪਣੇ ਸਮਕਾਲੀਆਂ ਵਿਚ ਮਿਲਦੀ ਇਸ ਪ੍ਰਵਿਰਤੀ ਨੂੰ ਉਚਿਤ ਦੱਸਣ ਦਾ ਯਤਨ ਕੀਤਾ।

ਇਸ ਸੰਗ੍ਰਹਿ ਦਾ ਮਾੜਾ ਪੱਖ ਇਹ ਨਹੀਂ ਕਿ ਇਹ ਕਾਮ-ਕ੍ਰੀੜਾ ਨੂੰ ਯਥਾਰਥ ਬੋਧ ਦਾ ਸਾਧਨ ਬਣਾਉਂਦਾ ਹੈ, ਸਗੋਂ ਇਹ ਹੈ ਕਿ ਜਿਸ ਯਥਾਰਥ ਦਾ ਬੋਧ ਕਰਾਉਣ ਦਾ ਯਤਨ ਕੀਤਾ ਗਿਆ ਹੈ, ਉਹ ਬਹੁਤੀਆਂ ਸੂਰਤਾਂ ਵਿਚ ਏਨਾ ਮਹੱਤਵਪੂਰਨ ਨਹੀਂ ਇਕ ਕਿ ਉਸ ਲਈ ਇਸ ਤਰ੍ਹਾਂ ਦੇ ਨਾਜ਼ਕ ਸਾਧਨ ਦੀ ਵਰਤੋਂ ਕੀਤੀ ਜਾਏ। ਉਦਾਹਰਣ ਵਜੋਂ, ਸਰੀਰ-ਵਿਗਿਆਨ ਦੀ ਜਾਣਕਾਰੀ ਹੋਰ ਵਿਗਿਆਨਾਂ ਦੀ ਜਾਣਕਾਰੀ ਵਾਂਗ ਕਲਾਤਮਕ ਰਚਨਾ ਦਾ ਪਿਛੋਕੜ ਤਾਂ ਹੋ ਸਕਦੀ ਹੈ, ਅਤੇ ਇਹ ਜ਼ਰੂਰੀ ਹੈ ਕਿ ਕੋਈ ਰਚਨਾ ਕਿਸੇ ਵੀ ਵਿਗਿਆਨ ਦੇ, ਸਮੇਤ ਸਰੀਰ-ਵਿਗਿਆਨ ਦੇ, ਨਿਯਮਾਂ ਦੀ ਉਲੰਘਣਾ ਨਾ ਕਰਦੀ ਹੋਵੇ। ਪਰ ਇਹਨਾਂ ਨਿਯਮਾਂ ਦਾ ਬੋਧ ਕਰਾਉਣ ਲਈ ਕੀਤੀ ਗਈ ਰਚਨਾ ਆਪਣੇ ਸਾਰੇ ਸ਼ੈਲੀ ਦੇ ਗੁਣਾਂ ਦੇ ਬਾਵਜੂਦ ਚੰਗੇ ਪਾਏ ਦੀ ਸਾਹਿਤਕ ਰਚਨਾ ਨਹੀਂ ਅਖਵਾਇਗੀ। "ਬੁਖ਼ਾਰ ਵਿਚ" ਅਤੇ "ਪੇਟ ਦਰਦ" ਕੁਝ ਇਸੇ ਤਰ੍ਹਾਂ ਦਾ ਆਸ਼ਾ ਰਖਦੀਆਂ ਹਨ। "ਮਨ ਮਾਰੇ' ਦਾ ਨਾ ਸਿਰਫ਼ ਆਸ਼ਾ ਹੀ ਨਿਗਣਾ ਹੈ, ਸਗੋਂ ਨਾਲ ਪ੍ਰਕਿਰਤੀਵਾਦੀ ਵਿਸਥਾਰ ਇਸ ਦੇ ਮਾੜੇ ਪੱਖ ਵਿਚ ਵਾਧਾ ਕਰਦੇ ਹਨ।

"ਗੁਲਾਮ" ਇਸ ਸੰਗ੍ਰਹਿ ਦੀ ਚਰਚਿਤ ਕਹਾਣੀ ਹੈ। ਦੁੱਗਲ ਵਲੋਂ ਇਸ ਕਹਾਣੀ ਦੀ ਕੀਤੀ ਗਈ ਵਿਆਖਿਆ ਇਸ ਕਹਾਣੀ ਦੇ ਆਸ਼ੇ ਨੂੰ ਧੁੰਦਲਾ ਬਨਾਉਣ ਵਿਚ ਹਿੱਸਾ ਪਾਉਂਦੀ ਹੈ, ਕਿਉਂਕਿ ਪਾਪਤ ਸਥਿਤੀ ਵਿਚ ਬਹਿਰੇ ਦੀ ਨਿਪੁੰਸਕਤਾ ਦਾ ਕਾਰਨ ਉਸ ਦਾ ਹਿੰਦੁਸਤਾਨੀ ਹੋਣਾ ਜਾਂ ਰਾਜਨੀਤਕ ਤੌਰ 'ਤੇ ਸਦੀਆਂ ਤੋਂ ਗੁਲਾਮ ਕੌਮ ਦਾ ਹਿੱਸਾ ਹੋਣਾ ਨਹੀਂ, ਸਗੋਂ ਉਸ ਦੀ ਆਰਥਕ ਗੁਲਾਮੀ ਹੈ: ਸਮਾਜ ਵਿਚ ਆਪਣੀ ਅਤੇ ਉਸ ਅੰਗਰੇਜ਼ ਔਰਤ ਦੀ ਆਰਥਕ ਸਥਿਤੀ ਦਾ ਅਹਿਸਾਸ ਹੈ; ਉਹ ਸੋਚਦਾ, ਜੇ ਮੇਮ ਨੇ ਨੌਕਰੀ ਤੋਂ ਕੱਢ ਦਿੱਤਾ ਤਾਂ ਪਹਿਲੇ ਪੰਜ ਸਾਲਾਂ ਵਿਚ ਜੰਮੇ ਉਸ ਦੇ ਛੇ ਬੱਚੇ ਕਿਸ ਤਰ੍ਹਾਂ ਪਲ ਸਕਣਗੇ। ਉਸ ਦੀ ਵਹੁਟੀ ਤੇ ਅਜੇ ਫੇਰ ...।' ਤੇ ਮੇਮ ਦੇ ਗੁਸਤਾਖ਼ ਵਤੀਰੇ ਦਾ ਰਾਜ਼ ਉਸ ਦਾ ਮਾਲਕ ਹੋਣਾ ਹੈ, ਮਾਲਕ ਕੌਮ ਨਾਲ ਸੰਬੰਧਿਤ ਹੋਣਾ ਏਨਾ ਨਹੀਂ।

ਪਰ ਫੁੱਲ ਤੋੜਨਾ ਮਨ੍ਹਾ ਹੈ ਸੰਗਹਿ ਤੋਂ ਲੈ ਕੇ ਦੁੱਗਲ ਲਿੰਗ-ਸੰਬੰਧਾਂ ਨੂੰ ਸਮਾਜਕ ਯਥਾਰਥ ਦਾ ਬੋਧ ਕਰਾਉਣ ਲਈ, ਇਖ਼ਲਾਕੀ ਕਦਰਾਂ-ਕੀਮਤਾਂ ਵਿਚਲੀ ਕਾਣੋ ਨੂੰ ਪ੍ਰਗਟੇ ਕਰਨ ਲਈ ਅਕਸਰ ਅਸਰਦਾਰ ਢੰਗ ਨਾਲ ਵਰਤ ਸਕਿਆ ਹੈ।"ਅੱਧੀ ਰਾਤ ਕਤਲ","ਲਿਖਤੁਮ ਲਾਜਵੰਤੀ”, “ਦਸ ਦਸ ਦੇ ਨੌਟ", 'ਕਾਲੀ ਮਿੱਟੀ, ਕਾਲਾ ਬੀਰ", "ਜੂਠਾ ਮੂੰਹ", "ਇਕ ਜਨਾਜ਼ਾ ਹੋਰ', “ਇਨ ਬਿਨ ਉਂਝ" ਆਦਿ ਕਈ ਕਹਾਣੀਆਂ ਇਸ ਪੱਖ ਗਿਣਵਾਈਆਂ ਜਾ ਸਕਦੀਆਂ ਹਨ।

ਇਥੇ ਹੀ ਨਾਲ ਲਗਦੇ ਉਹਨਾਂ ਕਹਾਣੀਆਂ ਦਾ ਜ਼ਿਕਰ ਹੋ ਜਾਣਾ ਚਾਹੀਦਾ ਹੈ, ਜਿਹੜੀਆਂ ਮੁੱਖ ਤੌਰ ਉਤੇ ਇਸਤਰੀ ਪਾਤਰਾਂ ਦੁਆਲੇ ਘੁੰਮਦੀਆਂ ਹਨ। ਅੱਜ ਵੀ ਇਸਤਰੀ ਦਾ ਜ਼ਿਕਰ ਹੀ ਬਹੁਤੀਆਂ ਸ਼ਰਤਾਂ ਵਿਚ ਸਾਡੇ ਪਾਠਕਾਂ ਦੇ ਦਿਲਾਂ ਵਿਚ ਇੱਕ ਉਲਾਰ ਕਿਸਮ ਦੀ ਦਿਲਚਸਪੀ ਭਰ ਦੇਂਦਾ ਹੈ ਅਤੇ ਪ੍ਰਧਾਨ ਰੁਚੀ ਉਸ ਬਾਰੇ (ਉਸ ਦੇ ਦੁਖਾਂ ਦੀ ਗੱਲ ਕਰਦੇ ਹੋਏ ਵੀ) ਕੋਈ ਕਾਮਕ ਕਿਸਮ ਦਾ ਚਟਖਾਰਾ ਲੈ ਕੇ ਜਾ ਆਪਣੇ ਦੁਆਲੇ ਅਖਾਉਤੀ ਸਦਾਚਾਰ ਦਾ ਅਰਧ-ਪਾਰਦਰਸ਼ੀ ਜਿਹਾ ਖੇਲ ਖੜਾ ਕਰ ਕੇ ਗੱਲ ਕਰਨ ਦੀ ਹੁੰਦੀ ਹੈ। ਜਦੋਂ ਦੁੱਗਲ ਅਤੇ ਉਸ ਦੇ ਸਾਥੀਆਂ ਨੇ ਲਿਖਣਾ ਸ਼ੁਰੂ ਕੀਤਾ, ਉਦੋਂ ਅਵਸਥਾ ਕੀ ਹੋਵੇਗੀ, ਇਸ ਬਾਰੇ ਅੰਦਾਜ਼ਾ ਹੀ ਕੀਤਾ ਜਾ ਸਕਦਾ ਹੈ। ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਕਿ ਜੇ ਅਸੀਂ ਇਹ ਪਤਾ ਕਰਨਾ ਹੋਵੇ ਕਿ ਕੋਈ ਸਮਾਜ ਕਿੰਨਾ ਕੁ ਨਿਆਂ ਉਤੇ ਆਧਾਰਤ ਹੈ, ਕਿ ਉਸ ਦੀਆਂ ਇਖ਼ਲਾਕੀ ਕਦਰਾਂ-ਕੀਮਤਾਂ ਕਿੰਨੀਆਂ ਕੁ ਉੱਚੀਆਂ ਹਨ, ਕਿ ਕਿਸੇ ਸਮਾਜ ਵਿਚ ਮਾਨਵਤਾ ਦਾ ਕੀ ਮੁੱਲ ਹੈ, ਤਾਂ ਇਸ ਦੀ ਇੱਕੋ ਇੱਕ ਕਸਵਟੀ ਇਹ ਹੋ ਸਕਦੀ ਹੈ ਕਿ ਉਸ ਸਮਾਜ ਵਿਚ ਇਸਤਰੀ ਦਾ ਕੀ ਸਥਾਨ ਹੈ, ਕਿ ਇਸਤਰੀ ਵਲ ਉਸ ਸਮਾਜ ਦਾ ਕੀ ਵਤੀਰਾ ਹੈ। ਇਸ ਬਾਰੇ ਕੋਈ ਵੀ ਸੁਹਿਰਦੇ ਸਾਹਿਤ ਸਮੁੱਚੇ ਸਮਾਜ ਦੀਆਂ ਕਦਰਾਂ-ਕੀਮਤਾਂ ਉਤੇ ਇਕ ਟਿੱਪਣੀ ਹੋਵੇਗਾ।

ਦੁੱਗਲ ਨੂੰ ਜਿਸ ਵੇਲੇ 'ਕੁੜੀਆਂ ਦਾ ਕਹਾਣੀਕਾਰ' ਹੋਣ ਦਾ ਖ਼ਿਤਾਬ ਦਿੱਤਾ ਜਾਂਦਾ ਹੈ, ਤਾਂ ਅਸਲ ਵਿਚ ਉਸ ਦੀ ਹਕੀਕਤ ਨੂੰ ਨਹੀਂ ਪੇਸ਼ ਕੀਤਾ ਜਾਂਦਾ, ਸਗੋਂ ਇਸ ਨੂੰ ਰੱਖਾਂਚਿਕ ਧੁੰਦ ਵਿਚ ਲਪੇਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਗਲ ਸਮਾਜਕ ਯਥਾਰਥ ਨੂੰ ਚਿਤਰਦਾ ਹੈ, ਜਿਸ ਦਾ ਔਰਤ ਵੀ ਓਨਾ ਹੀ ਅੰਗ ਹੈ, ਜਿੰਨਾ ਆਦਮੀ, ਭਾਵੇਂ ਸਮਾਜ ਮਰਦ-ਪ੍ਰਧਾਨ ਹੀ ਕਿਉਂ ਨਾ ਹੋਵੇ। ਦੁੱਗਲ ਸਾਨੂੰ ਔਰਤ ਵਿਚ ਉਚੇਚੀ ਦਿਲਚਸਪੀ ਲੈਂਦਾ ਇਸ ਲਈ ਲਗਦਾ ਹੈ ਕਿ ਬਾਕੀ ਸਾਹਿਤਕਾਰਾਂ ਵਿਚ (ਸਿਵਾਏ ਇਸਤਰੀ ਸਾਹਿਤਕਾਰਾਂ ਦੇ) ਔਰਤ ਨੂੰ ਉਚਿਤ ਥਾਂ ਨਹੀਂ ਦਿੱਤੀ ਗਈ। ਪਰ, ਬਾਕੀ ਸਾਹਿਤਕਾਰਾਂ ਨਾਲੋਂ ਦੁੱਗਲ ਦਾ ਇਕ ਵੱਡਾ ਫ਼ਰਕ ਇਹ ਵੀ ਹੈ ਕਿ ਦੁੱਗਲ ਉਪਭਾਵਕਤਾਂ ਦਾ ਮੁਲੰਮਾ ਨਹੀਂ ਚੜਾਉਂਦਾ। ਉਹ ਔਰਤ ਨੂੰ ਸਮਾਜਕ ਜੀਵ ਵਜੋਂ ਦੇਖਦਾ ਹੈ, ਉਸ ਦੇ ਯਥਾਰਥ ਨੂੰ ਜਿਉਂ ਦਾ ਤਿਉਂ ਪੇਸ਼ ਕਰਦਾ ਹੈ; ਨਾ ਕੋਈ ਲੜੋ ਵਧ ਹਮਦਰਦੀ ਜਿਤਾਉਂਦਾ ਹੈ, ਨਾ ਤਰਸ ਕਰਦਾ ਹੈ, ਅਤੇ ਨਾ ਹੈ ਉਸ ਉਤੇ ਨਫ਼ੀ ਟਿੱਪਣੀ ਕਰਨ ਤੋਂ ਗੁਰੇਜ਼ ਕਰਦਾ ਹੈ, ਜਿਥੇ ਉਹ ਆਦਮੀਆਂ ਵਾਲੇ ਹੀ ਗਲਤ ਕੰਮਾਂ ਵਿਚ ਜੁੱਟੀ ਹੁੰਦੀ ਹੈ। ਜਿਵੇਂ ਦੁੱਗਲ ਦੀਆਂ ਰਚਨਾਵਾਂ ਬਾਕੀ ਸਮਾਜਕ ਤਬਦੀਲੀਆਂ ਦੀਆਂ ਵੀ ਪ੍ਰਤਿਬਿੰਬ ਹਨ, ਉਸੇ ਤਰ੍ਹਾਂ ਇਹ ਸਮਾਜ ਵਿਚ ਔਰਤ ਦੀ ਬਦਲਦੀ ਸਥਿਤੀ ਨੂੰ ਵੀ ਪੇਸ਼ ਕਰਦੀਆਂ ਹਨ - "ਆਉਂਤਰੀ ਅਤੇ "ਹਵਾਲਦਾਰ ਦੀ ਵਹੁਟੀ" (ਸਵੇਰ ਸਾਰ) ਤੋਂ ਲੈ ਕੇ "ਤਿਤਲੀ" (ਕਰਾਮਾਤ) ਅਤੇ "ਖੁੰਦਕ" (ਇਕਰਾਰਾਂ ਵਾਲੀ ਰਾਤ) ਵਿਚਲੀ ਉਰਵਸ਼ੀ ਤਕ।

ਪੰਜਾਬ ਦੀ ਵੰਡ ਅਤੇ ਫ਼ਿਰਕੂ ਫੁੱਟ ਇਕ ਹੋਰ ਵਿਸ਼ਾ ਹੈ, ਜਿਸ ਬਾਰੇ ਦੁੱਗਲ ਨੇ ਕਾਫ਼ੀ ਕਹਾਣੀਆਂ ਲਿਖੀਆਂ ਹਨ ਅਤੇ ਹਰ ਨਵੇਂ ਸੰਗ੍ਰਹਿ ਵਿਚ ਇਕ ਅੱਧੀ ਕਹਾਣੀ ਇਸ ਵਿਸ਼ੇ ਉਤੇ ਲਿਖੀ ਮਿਲ ਜਾਂਦੀ ਹੈ ('ਕੜਾ ਤੇ ਕਰਾਮਾਤ ਕਹਾਣੀ ਇਕਰਾਰਾਂ ਵਾਲੀ ਰਾਤ ਵਿਚ)। ਦੁੱਗਲ ਕਿਉਕਿ ਆਪ '47 ਦੇ ਇਸ ਸਾਰੇ ਕਾਰੇ ਵਿਚੋਂ ਲੰਘਿਆ ਹੈ ਅਤੇ ਉਸ ਦਾ ਆਪਣਾ ਪਿਆਰਾਂ ਪੋਠੋਹਾਰ, ਜਿਸ ਦੀਆਂ ਉਹ ਸਿਫ਼ਤਾਂ ਕਰਦਾ ਨਹੀਂ ਥੱਕਦਾ, ਉਸ ਤੋਂ ਖੁੱਸ ਗਿਆ ਹੈ ਅਤੇ ਇਸ ਦੇ ਨਾਲ ਹੀ ਕਿੰਨਾ ਕੁਝ ਇਸ ਘਟਨਾ ਦੀ ਭੇਟ ਹੈ ਗਿਆ ਹੈ, ਇਸ ਲਈ ਉਸ ਨੂੰ ਇਸ ਸਭ ਕਾਸੇ ਦਾ ਤੀਖਣ ਅਨੁਭਵ ਹੈ। ਅਤੇ ਕਿਉਂਕਿ ਉਸ ਦੇ ਆਪਣੇ ਰਿਸ਼ਤੇ-ਨਾਤੇ, ਜਿਗਰੀ ਯਾਰਆਂ-ਦੋਸਤੀਆਂ ਸਭ ਧਰਮਾਂ ਦੇ ਲੋਕਾਂ ਵਿਚ ਹਨ, ਇਸ ਲਈ ਉਸ ਨੂੰ ਨਿਰਪੱਖਤਾ ਦੀ ਉਚੇਚ ਨਹੀਂ ਕਰਨੀ ਪੈਂਦੀ, ਨਾ ਹੀ ਉਸ ਦਾ ਨੀਅਤ ਉਤੇ ਕਿਸੇ ਨੂੰ ਸ਼ੱਕ ਹੁੰਦਾ ਹੈ ਜਦੋਂ ਉਹ ਕਿਸੇ ਇਕ ਧਿਰ ਵਲੋਂ ਕੀਤੀ ਜਾ ਰਹੀ ਜ਼ਿਆਦਤੀ ਵਲ ਧਿਆਨ ਦੁਆਉਂਦਾ ਹੈ, ਨਾ ਹੀ ਉਸ ਨੂੰ ਨਿਰਪੱਖ ਦਿੱਸਣ ਲਈ ਕਿਸੇ ਦੀਆਂ ਜ਼ਿਆਦਤੀਆਂ ਉਤੇ ਪਰਦਾ ਪਾਉਣ ਦੀ ਮਜਬੂਰੀ ਹੈ। ਦੁੱਗਲ ਦੀਆਂ ਇਸ ਸਮੇਂ ਦੀਆਂ ਕਹਾਣੀਆਂ ਧਰਮ ਜਾਂ ਮਜ਼ਬ ਦੀ ਇਸ ਹਕੀਕਤ ਵੇਲ ਵੀ ਧਿਆਨ ਦੁਆਉਂਦੀਆਂ ਹਨ ਕਿ ਧਰਮ ਦੇ ਚੰਗੇ ਪੱਖ, ਜਿਹੜੇ ਇਸ ਵਲ ਖਿੱਚ ਦਾ ਕਾਰਨ ਬਣਦੇ ਹਨ, ਉਸ ਬਦੀ ਦੇ ਰਬਰ ਬਿਲਕੁਲ ਨਿਪੁੰਸਕ ਅਤੇ ਬੇਅਸਰ ਹੁੰਦੇ ਹਨ, ਜਿਹੜੀ ਬਦੀ ਇਸ ਨੇ ਆਪ ਹੀ ਪੈਦਾ ਕੀਤੀ ਹੁੰਦੀ ਹੈ (ਵਿਸ਼ਵਾਸਾਂ ਦੇ ਆਧਾਰ ਉਤ ਵੰਡ, ਇਸ ਵੰਡ ਵਿਚ ਕੱਟੜਤਾ, 3 ਅੱਸਬ ਤੇ ਪਾਗਲਪਣ)। ਦੁੱਗਲੇ ਦੀ ਕਹਾਣੀ "ਤੈ' ਕੀ ਦਰਦ ਨਾ ਆਇਆ" ਕਿਸੇ ਰੱਬ ਨੂੰ ਸ਼ਿਕਵਾ ਨਹੀਂ, ਸਗੋਂ ਧਰਮ ਉਤੇ ਇਕ ਕੌੜੀ ਟਿੱਪਣੀ ਹੈ। ਇਸ ਵਿਸ਼ੇ ਦੀ ਤੀਖਣਤਾ ਅੱਗ ਖਾਣ ਵਾਲੇ ਤਕ ਖ਼ਤਮ ਹੈ। ਨਵਾਂ ਘਰ ਵਿਚ ਪਹਿਲਾਂ ਹੀ ਇਕ ਸੰਤੁਲਨ ਦੇਖਣ ਵਿਚ ਆਉਂਦਾ ਹੈ, ਜਿਸ ਵਿਚ ਮਨੁੱਖੀ ਪੱਧਰ ਉਤੇ ਘੋਰ ਦੁਖਾਂਤ ਵਿਚੋਂ ਜ਼ਿੰਦਗੀ ਆਪਣੀਆਂ ਨਵੀਆਂ ਲਗਰਾਂ ਕੱਢਦੀ ਵੀ ਦਿੱਸਦੀ ਹੈ। ਇਸ ਤੋਂ ਮਗਰੋਂ ਇਹ ਵਿਸ਼ਾ ਉਸੇ ਤਰ੍ਹਾਂ ਹੀ ਆਉਂਦਾ ਹੈ, ਜਿਵੇਂ ਸਾਡੇ ਵਰਤਮਾਨ ਵਿਚ ਇਤਿਹਾਸ ਦੇ ਚੰਗੇ ਭੈੜੇ ਛਣ ਜਿਊ ਰਹੇ ਹੁੰਦੇ ਹਨ। ਜਿਉਂ ਜਿਉਂ ਸਮਾਂ ਬੀਤਦਾ ਜਾਂਦਾ, ਹੈ ਇਹ ਮਧਮ ਪਈ ਜਾਂਦਾ ਹੈ।

ਪੰਜਾਬੀ ਆਲੋਚਕਾਂ ਨੇ ਦੁੱਗਲ ਦੀਆਂ ਕਹਾਣੀਆਂ ਵਿਚਲੇ ਉਸ ਪੱਖ ਵਲ ਬਹੁਤ ਘੱਟ ਧਿਆਨ ਦਿੱਤਾ ਹੈ, ਜਿਹੜਾ ਦੁੱਗਲ ਲਈ ਬੜਾ ਮਹੱਤਵਪੂਰਨ ਹੈ, ਅਤੇ ਜਿਸ ਬਾਰੇ ਉਸ ਨੇ ਕਾਫ਼ੀ ਕਹਾਣੀਆਂ ਵੀ ਲਿਖੀਆਂ ਹਨ। ਧਾਰਮਕ ਦਿਖਾਵੇ, ਕਰਮ-ਕਾਂਡ, ਅਡੰਬਰ ਬਾਰੇ ਨਫ਼ੀ ਟਿੱਪਣੀ ਤਾਂ ਦੁੱਗਲ ਦੀਆਂ ਕਹਾਣੀਆਂ ਵਿਚ ਸਵੇਰ ਸਾਰ ਹੀ ਤੋਂ ਮਿਲਦੀ ਹੈ, ਪਰ ਜੇ ਸਮਾਜ-ਵਿਗਿਆਨੀ ਵਾਲੀ ਦ੍ਰਿਸ਼ਟੀ ਨਾਲ ਦੁੱਗਲ ਦੀਆਂ ਕਹਾਣੀਆਂ ਦਾ ਵਿਸ਼ਲੇਸ਼ਣ ਕੀਤਾ ਜਾਏ ਤਾਂ ਧਰਮ, ਵਹਿਮ-ਭਰਮ ਅਤੇ ਅੰਧ-ਵਿਸ਼ਵਾਸ ਨੂੰ ਜਨਮ ਦੇਣ ਵਾਲੇ ਅਤੇ ਕਾਇਮ ਰਖਣ ਵਾਲੇ ਭੌਤਕ ਆਧਾਰਾਂ ਉਤੇ ਵੀ ਭਰਵਾਂ ਚਾਨਣੇ ਪੈਂਦਾ ਹੈ। ਆਉਂਤਰੀ', "ਤੇਰੀ ਬਾਂਦੀ ਰੁੜਦੀ ਜਾਂਦੀ, “ਕਾਲਾ ਬੀਰ' ਅਤੇ ਹੋਰ ਕਈ ਕਹਾਣੀਆਂ ਦਾ ਇਸ ਪੱਖ ਜ਼ਿਕਰ ਕੀਤਾ ਜਾ ਸਕਦਾ ਹੈ। ਉਹ ਕਹਾਣੀਆਂ ਵੀ, ਜਿਨਾਂ ਵਿਚ ਦੁੱਗਲ ਪਰਮਾਰਥਕ ਚਿੰਤਨ ਨੂੰ ਪੇਸ਼ ਕਰਦਾ ਹੈ ('ਰੱਬ ਹੈ ਕਿ ਨਹੀਂ “ਰੱਬ ਦਿਸਦਾ ਕਿਉਂ ਨਹੀਂ?", "ਉਹ ਕੌਣ ਹੈ?", “ਉਹੀ ਹੈ), ਧਿਆਨ ਨਾਲ ਪੜਿਆਂ, ਇਹ ਸਿੱਧ ਤਾਂ ਫਿਰ ਵੀ ਨਹੀਂ ਕਰਦੀਆਂ ਕਿ ਰੱਬ ਹੈ ਜਾਂ ਨਹੀਂ, ਪਰ ਇਹ ਉਹਨਾਂ ਹਾਲਤਾਂ ਤੋਂ ਜ਼ਰੂਰ ਜਾਣੂ ਕਰਾਉਂਦੀਆਂ ਹਨ, ਜਿਨ੍ਹਾਂ ਕਾਰਨ ਇਹੋ ਜਿਹੇ ਸਵਾਲ ਪੈਦਾ ਹੁੰਦੇ ਹਨ, ਖ਼ਾਸ ਕਰਕੇ ਪ੍ਰਕਿਰਤਕ ਅਤੇ ਸਮਾਜਕ ਹਾਲਤਾਂ ਦੇ ਰੂਬਰੂ ਮਨੁੱਖ ਦੀ ਲਾਚਾਰੀ ਤੇ, ਜਿਹੜੀ ਨਾ ਸਦੀਵੀ ਹੈ ਅਤੇ ਨਾ ਹੀ ਅਟੱਲ।

ਇਹ ਦੁੱਗਲ ਦੇ ਕੁਝ ਕੁ ਪ੍ਰਧਾਨੇ ਵਿਸ਼ੇ ਹਨ, ਪਰ ਇਹਨਾਂ ਬਾਰੇ ਲਿਖੀਆਂ ਕੁਲ ਕਹਾਣੀਆਂ ਦੁੱਗਲ ਦੀ ਸਾਰੀ ਰਚਨਾ ਦਾ ਤੀਜਾ ਹਿੱਸਾ ਵੀ ਨਹੀਂ ਹੋਣਗੀਆਂ। ਬਾਕੀ ਦੋ-ਤਿਹਾਈ ਤੋਂ ਵਧ ਕਹਾਣੀਆਂ ਵਿਚ ਅਨੇਕਾਂ ਘਟਨਾਵਾਂ ਸਾਂਭੀਆਂ ਪਈਆਂ ਹਨ, ਜਿਹੜੀਆਂ ਸਾਡੇ ਸਮਾਜ ਦੇ ਪਿਛਲੀ ਸਦੀ ਦੇ ਵਿਕਾਸ ਨੂੰ ਸਮੇਟੀ ਬੈਠੀਆਂ ਹਨ। ਇਹਨਾਂ ਵਿਚ ਉਨੀਵੀਂ ਸਦੀ ਦੇ ਸਾਮੰਤੀ ਪੋਠੋਹਾਰ ਤੋਂ ਲੈ ਕੇ ਵੀਹਵੀਂ ਸਦੀ ਦੀ ਆਖ਼ਰੀ ਚੁਥਾਈ ਦੇ ਉੱਤੇ ਸ਼ਹਿਰੀ, ਸਨਅਤੀ ਅਤੇ ਸਰਮਾਏਦਾਰੀ ਜੀਵਨ ਤਕ ਦੀਆਂ ਕਹਾਣੀਆਂ ਹਨ। ਇਹਨਾਂ ਵਿਚ ਬਦਲਦੇ ਮਨੁੱਖੀ ਰਿਸ਼ਤਿਆਂ ਦਾ ਪਰਤੌਅ ਹੈ। ਇਹਨਾਂ ਵਿਚ ਪੁਰਾਤਨਤਾ ਵਿਚ ਸਿਆਂ ਦਾ ਅਚੇਤ ਕਲੇਸ਼ ਹੈ, ਬਦਲ ਰਹੀਆਂ ਸਮਾਜਕ ਕੀਮਤਾਂ ਤੋਂ ਪੈਦਾ ਹੋ ਰਹੇ ਵਿਰੋਧ ਅਤੇ ਟਕਰਾਅ ਹਨ, ਜਿਨ੍ਹਾਂ ਦਾ ਪਿੜੇ ਮਨੁੱਖੀ ਮਨ ਹੈ; ਇਹਨਾਂ ਵਿਚ ਨਮੀਦਾਰ ਹੋ ਰਹੇ ਜੀਵਨ ਦੇ ਨਵੇਂ ਪੱਖ ਹਨ, ਆਪਣੀਆਂ ਚੰਗਿਆਈਆਂ ਬਰਾਈਆਂ ਸਮੇਤ; ਇਹਨਾਂ ਵਿਚ ਆਰਥਕਤਾ, ਸਭਿਆਚਾਰ ਅਤੇ ਰਾਜਨੀਤੀ ਦੇ ਖੇਤਰਾਂ ਵਿਚ ਵਾਪਰਦੀਆਂ ਘਟਨਾਵਾਂ ਬਾਰੇ ਟਿੱਪਣੀਆਂ ਹਨ, ਉਹਨਾਂ ਨਾਲ ਅਸੀਂ ਸਹਿਮਤ ਹੋਈਏ ਜਾਂ ਨਾ ਹੋਈਏ। ਦੁੱਗਲ ਦੀ ਨਿੱਕੀ ਕਹਾਣੀ ਸਥਾਨਕ ਰੰਗਤ ਤੋਂ ਲੈ ਕੇ ਕੌਮਾਂਤਰੀ ਪਸਾਰ ਤਕ ਨੂੰ ਕਲਾਵੇ ਵਿਚ ਲੈਂਦੀ ਹੈ।

ਇਸ ਸਾਰੀ ਬਹੁ-ਰੰਗਤਾ ਅਤੇ ਬਹੁਭਾਂਤਕਤਾ ਨੂੰ ਇਕ ਇਕਾਈ ਵਿਚ ਪ੍ਰੋਣ ਵਾਲੀ ਚੀਜ਼ ਦੁੱਗਲ ਦਾ ਜੀਵਨ ਪ੍ਰਤਿ ਦ੍ਰਿਸ਼ਟੀਕੋਨ, ਉਸ ਦਾ ਜੀਵਨ-ਫ਼ਲਸਫ਼ਾ ਹੈ। ਇਸ ਫ਼ਲਸਫ਼ੇ ਦੇ ਕਈ ਪਹਿਲੂ ਹਨ। ਸੁੰਦਰਤਾ ਇਸ ਦਾ ਇਕ ਪਹਿਲੂ ਹੈ - ਸੁੰਦਰਤਾ ਦੀ ਪਛਾਣ, ਸੁੰਦਰਤਾ ਦੀ ਸਿਰਜਣਾ, ਸੁੰਦਰਤਾ ਦੀ ਪ੍ਰਸੰਸਾ, ਸੁੰਦਰਤਾ ਲਈ ਭੁੱਖ ਅਤੇ ਇਸ ਭੁੱਖ ਦੀ ਸੁਭਾਵਕ ਸੰਤੁਸ਼ਟੀ। ਇਸ ਵਿਚ ਸ਼ਾਇਦ ਪਹਾਰ ਪਿਛੋਕੜ ਦਾ ਬਹੁਤਾ ਹੱਥ ਹੈ। ਰਵਾਦਾਰੀ ਇਸ ਦਾ ਦੂਜਾ ਪਹਿਲ ਹੈ - ਰਵਾਦਾਰੀ ਧਾਰਮਕ ਮਾਮਲਿਆਂ ਵਿਚ, ਰਵਾਦਾਰੀ ਰਾਜਨੀਤਕ ਵਿਸ਼ਵਾਸਾਂ ਵਿਚ, ਰਵਾਦਾਰੀ ਦੁਜੇ ਦਾ ਦ੍ਰਿਸ਼ਟੀਕੋਨੇ ਸੁਣਨ, ਸਮਝਣ ਅਤੇ ਬਰਦਾਸ਼ਤ ਕਰਨ ਵਿਚ, ਰਵਾਦਾਰੀ ਹਰ ਐਸੇ ਮਸਲੇ ਉਤੇ ਜਿਥੇ ਕੋਈ ਰਗੜ ਚੰਗਾੜੀ ਤੇ ਫਿਰ ਅੱਗ ਪੈਦਾ ਕਰ ਸਕਦੀ ਹੈ। ਇਸੇ ਪਹਿਲ਼ ਦਾ ਪਸਾਰ ਉਸ ਦਾ ਮਾਨਵਵਾਦ ਹੈ। ਮਹਾਤਮਾ ਗਾਂਧੀ ਅਤੇ ਗਾਂਧੀਵਾਦ ਪ੍ਰਤਿ ਉਸ ਦੀ ਹਮਦਰਦੀ ਉਸ ਦੇ ਉਪਰੰਕ ਤੇ ਜੀਵਨ-ਫ਼ਲਸਫ਼ੇ ਵਿਚੋਂ ਹੀ ਨਿਕਲਦੀ ਹੈ।

ਸਮੁੱਚੇ ਤੌਰ ਉਤੇ ਅਸੀਂ ਦੁੱਗਲ ਦੇ ਜੀਵਨ-ਫ਼ਲਸਫ਼ੇ ਨੂੰ ਬੂਰਜੁਆ ਜਮਹੂਰੀ ਮਾਨਵਵਾਦ ਦਾ ਨਾਂਅ ਦੇ ਸਕਦੇ ਹਾਂ। ਇਸ ਫ਼ਲਸਫ਼ੇ ਨੇ ਕੌਮੀ ਆਜ਼ਾਦੀ ਦੀ ਲਹਿਰ ਵੇਲੇ ਜਨਮ ਧਾਰਿਆ ਸੀ, ਇਹ ਫ਼ਲਸਫ਼ਾ ਕੁਝ ਹੋਰ ਅਗਾਂਹ-ਵਧੂ ਅੰਸ਼ ਆਪਣੇ ਵਿਚ ਸਮਾ ਕੇ ਓਦੋਂ ਜ਼ੋਰਦਾਰ ਰੂਪ ਧਾਰਨ ਕਰ ਚੁੱਕਾ ਸੀ ਜਦੋਂ ਦੁੱਗਲ ਅਤੇ ਉਸ ਦੇ ਸਮਕਾਲੀਆਂ ਨੇ ਲਿਖਣਾ ਸ਼ੁਰੂ ਕੀਤਾ। ਇਸ ਫ਼ਲਸਫ਼ੇ ਦੀਆਂ ਸੰਭਾਵਨਾਵਾਂ ਅੱਜ ਵੀ ਅਜੇ ਕਾਇਮ ਹਨ, ਖ਼ਾਸ ਕਰਕੇ ਜਦੋਂ ਟੱਕਰ ਅਤ ਦੇ ਪਿਛਾਖੜ ਅਨ੍ਹੇਰ ਬਿਰਤੀ ਅਤੇ ਘੋਰ ਲੁੱਟ-ਖਸੁੱਟ ਨਾਲ ਹੁੰਦੀ ਹੈ-ਸਥਾਨਕ, ਕੌਮੀ ਜਾਂ ਕੌਮਾਂਤਰੀ ਕਿਸੇ ਵੀ ਪੱਧਰ ਉਤੇ।

ਇਹ ਵਿਸ਼ਾਲ ਅਤੇ ਬਹੁਭਾਂਤਕ ਵਿਸ਼ਾ-ਵਸਤ ਰੂਪ ਦੇ ਪੱਖ ਵੀ ਵੰਨ-ਸਵੰਨਤਾ ਦੀ ਮੰਗ ਕਰਦਾ ਹੈ, ਨਹੀਂ ਤਾਂ ਆਪਣੀ ਸਾਰੀ ਵੰਨ-ਸੁਵੰਨਤਾ ਦੇ ਬਾਵਜੂਦ ਦੁੱਗਲ ਨੂੰ ਪੜ੍ਹਨਾ ਬੜਾ ਬੋਰਿੰਗ ਹੋ ਜਾਏ। ਅਤੇ ਰੁਪ ਦੀ ਇਹ ਵੰਨ-ਸੁਵੰਨਤਾ ਸਾਨੂੰ ਦੁੱਗਲ ਦੀਆਂ ਕਹਾਣੀਆਂ ਵਿਚ ਮਿਲਦੀ ਹੈ।

ਦੁੱਗਲ ਦੀ ਸ਼ਬਦਾਵਲੀ ਵਿਚ ਸਾਨੂੰ ਬਹੁਤੀ ਵੰਨਗੀ ਦੇਖਣ ਵਿਚ ਨਹੀਂ ਆਉਂਦੀ, ਸਿਵਾਏ ਇਸ ਦੇ ਕਿ ਉਹ ਲੋੜ ਪੈਣ ਉਤੇ ਪੋਠੋਹਾਰੀ ਦੀ ਵਰਤੋਂ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕਰਦਾ ਹੈ। ਸ਼ਬਦਾਵਲੀ ਦੀ ਇਹ ਵੰਨ-ਸਵੰਨਤਾ ਸਾਨੂੰ ਕੁਝ ਦੂਜੇ ਲੇਖਕਾਂ ਵਿੱਚ ਦੁੱਗਲ ਨਾਲੋਂ ਵਧੇਰੇ ਦਿਸਦੀ ਹੈ। ਤਾਂ ਵੀ, ਦੁੱਗਲ ਦੀਆਂ ਕਹਾਣੀਆਂ ਕਈ ਤਰ੍ਹਾਂ ਦੇ ਭਾਵ ਅਤੇ ਪ੍ਰਭਾਵ ਪੈਦਾ ਕਰਦੀਆਂ ਹਨ - ਸੁਖਾਂਤਕ, ਦੁਖਾਂਤਕ, ਠੱਠਾ, ਮਸ਼ਕਰੀ, ਖੁੱਲ੍ਹਾ-ਡੁੱਲਾ ਹਾਸਾ, ਤਰਸ, ਭੈਅ, ਹਲਕਾ ਫੁਲਕਾ, ਦਾਰਸ਼ਨਿਕ ਆਦਿ। ਗਹੁ ਨਾਲ ਵਿਸ਼ਲੇਸ਼ਣ ਕੀਤਿਆਂ, ਦੁੱਗਲ ਇਹ ਸਾਰੇ ਭਾਵ ਅਤੇ ਪ੍ਰਭਾਵ ਸ਼ਬਦਾਵਲੀ ਨਾਲ ਨਹੀਂ, ਸਗੋਂ ਮੁੱਖ ਤੌਰ ਉਤੇ ਦੇ ਹੋਰ ਸਾਧਨਾਂ ਰਾਹੀਂ ਪੈਦਾ ਕਰਦਾ ਹੈ: ਵਿਆਕਰਣਕ ਯੁਗਤਾਂ ਵਰਤ ਕੇ, ਅਤੇ ਘਟਨਾ ਰਾਹੀਂ ਜਾਂ ਕਹਾਣੀ ਦੀ ਅੰਦਰਲੀ ਸੰਰਚਨਾ ਨਾਲ। ਭਾਵ ਅਤੇ ਪ੍ਰਭਾਵ ਦੀ ਉਸਾਰੀ ਸ਼ਬਦਾਂ ਰਾਹੀਂ ਨਹੀਂ, ਸਗੋਂ ਸ਼ਬਦਾਂ, ਵਾਕੰਸ਼ਾਂ ਅਤੇ ਵਾਕਾਂ ਦੇ ਖ਼ਾਸ ਤਰ੍ਹਾਂ ਦੇ ਦੁਹਰਾਅ ਰਾਹੀਂ, ਵਾਕਾਂ ਨੂੰ ਨਿੱਕੇ ਜਾਂ ਵੱਡੇ ਕਰ ਕੇ ਉਹਨਾਂ ਨੂੰ ਖ਼ਾਸ ਤਰਤੀਬ ਵਿਚ ਰੱਖਣ ਰਾਹੀ ਹੁੰਦੀ ਹੈ। ਜਿਥੇ ਲੋੜ ਪਵੇ, ਉਹ ਰੂਪਕ ਅਲੰਕਾਰ ਵੀ ਵਰਤਦਾ ਹੈ, ਅਤੇ ਇਹਨਾਂ ਵਿਚ ਇਕ ਮੌਲਿਕ ਹੁੰਦੀ ਹੈ। ਇਹੋ ਜਿਹੀਆਂ ਯੁਗਤਾਂ ਨਾਲ ਹੀ ਉਹ ਆਪਣੀ ਸ਼ੈਲੀ ਨੂੰ ਲੋੜ ਅਨੁਸਾਰ ਸਾਦੀ, ਸਾਧਾਰਨ ਜਾਂ ਫਿਰ ਕਾਵਿਕ ਅਤੇ ਸਰਦੀ ਬਣਾ ਸਕਦਾ ਹੈ। ਇਸ ਤਰਾਂ ਪਾਠਕ ਨੂੰ ਭਾਵਕ ਤੌਰ ਉਤੇ ਆਪਣੇ ਨਾਲ ਲੈ ਸਕਦਾ ਹੈ ਅਤੇ ਉਸ ਨੂੰ ਆਪਣੀ ਗੱਲ ਆਪਣੇ ਦ੍ਰਿਸ਼ਟੀਕੋਨ ਤੋਂ ਸਮਝਾ ਸਕਦਾ ਹੈ।

ਦੁੱਗਲ ਦੇ ਕਹਾਣੀ ਬਿਆਨ ਕਰਨ ਵਿਚ ਵੀ ਅਨੇਕਤਾ ਹੈ। ਉਸ ਨੇ ਇਤਿਹਾਸਕ ਬਿਰਤਾਂਤ ਦਾ ਢੰਗ ਵੀ ਵਰਤਿਆ ਹੈ, ਨਾਟਕੀ ਢੰਗ ਵੀ ਅਤੇ ਸਿਨੇਮਾ ਦੀ ਫ਼ਲੈਸ਼-ਬੈਕ ਤਕਨੀਕ ਵੀ। ਰੀਪੋਰਤਾਜ ਅਤੇ ਰੇਖਾ-ਚਿੱਤਰ ਵੀ ਉਸ ਦੀਆਂ ਕਹਾਣੀਆਂ ਵਿਚ ਸ਼ਾਮਲ ਹਨ। ਦੁੱਗਲ ਲਈ ਹਰ ਕਹਾਣੀ ਆਪਣਾ ਵਖਰਾ ਰੂਪ ਲੈ ਕੇ ਆਉਂਦੀ ਹੈ ਅਤੇ ਉਸੇ ਰੂਪ ਵਿਚ ਸਾਕਾਰ ਹੋਣਾ ਮੰਗਦੀ ਹੈ। ਇਸੇ ਲਈ, ਜਿੰਨੇ ਤਜਰਬੇ, ਅਤੇ ਸਫਲ ਤਜਰਬੇ ਉਸ ਨੇ ਕਹਾਣੀ ਦੇ ਖੇਤਰ ਵਿਚ ਕੀਤੇ ਹਨ, ਉਹ ਕਿਸੇ ਹੋਰ ਕਹਾਣੀਕਾਰ ਨੇ ਨਹੀਂ ਕੀਤੇ।

ਇਹਨਾਂ ਸਾਰਿਆਂ ਦਾ ਵਰਨਣ ਅਸੰਭਵ ਹੈ, ਪਰ ਕੁਝ ਕੁ ਵੱਲ ਸੰਕੇਤ ਕੀਤਾ ਜਾ ਸਕਦਾ ਹੈ। "ਮਾਜ੍ਹਾ ਨਹੀਂ ਮੋਇਆ" ਅਤੇ 'ਪਲੂਟੋ" (ਮਾਜ੍ਹਾ ਨਹੀਂ ਮੋਇਆਂ) ਵਿਚ ਉਹ ਸਵੈਕਥਨੀ ਦਾ ਢੰਗ ਵਰਤਦਾ ਹੈ। ਏ ਸਟੱਡੀ ਇਨ ਬੌਰਡਮ" (ਸੱਭੋ ਸਾਂਝੀਵਾਲ ਵਾਲ) ਵਿਚ ਉਸ ਨੇ ਸ਼ਬਦਾਂ, ਵਾਕੰਸ਼ਾਂ ਅਤੇ ਵਾਕਾਂ ਦੇ ਖ਼ਾਸ ਦੁਹਰਾਅ ਨਾਲ ਅਕੇਵੇਂ ਦਾ ਉਹ ਮਾਹੌਲ ਸਿਰਜ ਦਿੱਤਾ ਹੈ, ਜਿਹੜਾ ਕਹਾਣੀ ਦੀ ਨਾਇਕਾ ਨੂੰ ਪਾਗ਼ਲ ਹੋਣ ਤਕ ਲੈ ਜਾਂਦਾ ਹੈ। "ਹਨੇਰੀ ਰਾਤ, ਚਿੱਕੜ ਤੇ ਚੌਕੀਦਾਰ" (ਗੌਰਜ) ਕਹਾਣੀ ਤੋਂ ਬਿਨਾਂ ਕਹਾਣੀ ਹੈ। 'ਜਿਵੇਂ ਕੋਈ ਭੀੜ ਵਿਚ ਟੇਪ-ਰਿਕਾਰਡਰ ਰੱਖ ਦੇਵੇ,' ਦੁੱਗਲ ਆਪ ਦਸਦਾ ਹੈ। ਹਰ ਵਾਕ ਨਾਲ ਸਾਡੇ ਸਾਹਮਣੇ ਇਕ ਪਾਤਰ ਉਭਰਦਾ ਹੈ ਅਤੇ ਸਾਰੀ ਕਹਾਣੀ ਪਾਤਰਾਂ ਦਾ - ਚੰਗੇ ਤੇ ਭੈੜੇ, ਨੇਕ ਅਤੇ ਜ਼ਾਲਮ ਪਾਤਰਾਂ ਦਾ - ਇਕ ਜਮਘਟਾ ਬਣ ਜਾਂਦੀ ਹੈ, ਜਿਹੜੇ ਇਕ ਨਾਜ਼ਕ ਘੜੀ ਵਿਚ ਆਪੋ ਆਪਣੇ ਸੁਭਾਅ ਅਨੁਸਾਰ ਮਨੁੱਖਤਾ ਦੀ ਹੋਣੀ ਵਿਚ ਸ਼ਰੀਕ ਹੋ ਰਹੇ ਹਨ। "ਸ਼ਹਿਰਜ਼ਾਦ ਦੇ ਨਾਂ" (ਡੋਗਰ) ਅਤੇ "ਅੱਲਾ ਦਿੱਤਾ ਦੇ ਨਾਂ" (ਕੱਚਾ ਦੁੱਧ) ਚਿੱਠੀ-ਪੱਤਰ ਰਾਹੀਂ ਲਿਖੀਆਂ ਗਈਆਂ ਹਨ। “ਇਕੱਲੀ" (ਇੱਕ ਛਿੱਟ ਚਾਨਣ ਦੀ) ਇਕ ਪਾਸੜ ਟੈਲੀਫ਼ੋਨ ਗੱਲ-ਬਾਤ ਹੈ। ਕਈ ਕਹਾਣੀਆਂ ਵਿਚ ਦੁੱਗਲ ਸਾਰਾ ਕੁਝ ਬਿਆਨ ਕਰ ਜਾਂਦਾ ਹੈ, ਪਰ ਅੰਤ ਪਾਠਕ ਦੀ ਕਲਪਣਾ ਉਤੇ ਛੱਡ ਦੇਂਦਾ ਹੈ, ਜਿਵੇਂ ਕਹਿ ਰਿਹਾ ਹੋਵੇ ਕਿ 'ਕਹਾਣੀ ਦਾ ਕੀ ਅੰਤ ਹੁੰਦਾ ਹੈ, ਇਹ ਮਹੱਤਵਪੂਰਨ ਨਹੀਂ, ਪਰ ਇਹ ਪਾਤਰ ਇਸ ਤਰਾਂ ਦਾ ਕੁਹਜਾ ਜੀਵਨ ਜਿਊ ਰਹੇ ਹਨ। "ਫ਼ੈਨ” (ਕੁੜੀ ਕਹਾਣੀ ਕਰਦੀ ਗਈ, 1920) ਅਤੇ “ਜਦੋਂ ਔਰਤ ਹਾਰਦੀ ਹੈ" (ਗੌਰਜ) ਇਸ ਤਰ੍ਹਾਂ ਦੀਆਂ ਕਹਾਣੀਆਂ ਹਨ। “ਬੁਜ਼ਦਿਲ" (ਕੁੜੀ ਕਹਾਣੀ ਕਰਦੀ ਗਈ) ਵਿੱਚ ਉਸ ਨੇ ਮਨੋ-ਵਿਸ਼ਲੇਸ਼ਣ ਦੀ ਤਕਨੀਕ ਵਰਤੀ ਹੈ, ਜਦ ਕਿ "ਸਵੇਰ ਸਾਰ" (ਸਵੇਰ ਸਾਰ) ਅਤੇ ਹੁਣ ਪੌੜੀਆਂ ਸਾਫ਼ ਹਨ" (ਇੱਕ ਛਿੱਟ ਚਾਨਣ ਦੀ) ਵਿਚ ਉਹ ਚੇਤਨਾ-ਪ੍ਰਵਾਹ ਦੋ ਢੰਗ ਨੂੰ ਆਪਣਾ ਵਾਹਣ ਬਣਾਉਂਦਾ ਹੈ। ਪਾਤਰ ਨੂੰ ਸੰਕਟਸਥਿਤੀ ਜਾਂ ਮਰਨ-ਸਥਿਤੀ ਵਿਚ ਪਾ ਕੇ ਸਮਾਧਾਨ ਕਿਸੇ ਅੰਤ੍ਰੀਵਕ ਸੂਝ ਦੀ ਲਿਸ਼ਕ ਨਾਲ ਕਰਾਉਣਾ ਅਸਤਿਤਵਵਾਦੀ ਢੰਗ ਹੈ, ਜਿਹੜਾ ਦੁੱਗਲ ਨੇ "ਇਕ ਛਿੱਟ ਚਾਨਣ ਦੀ" ਵਿਚ ਅਤੇ “ਕਿਉਂ, ਉਹੀ ਕਿਉਂ?" (ਮਾਜ੍ਹਾ ਨਹੀਂ ਮੋਇਆ) ਵਿਚ ਵਰਤਿਆ ਹੈ। ਪਰ ਅਸਤਿਤਵਵਾਦੀ ਫ਼ਿਲਾਸਫ਼ੀ ਦੁੱਗਲ ਨੇ ਨਹੀਂ ਅਪਣਾਈ ਕਿਉਂਕਿ ਵਿਕਾਸਸ਼ੀਲ ਦੇਸ਼ਾਂ ਅਤੇ ਸਮਾਜਾਂ ਦੀ ਸੂਰਤ ਵਿਚ ਕਾਰਜ ਅਤੇ ਉਦਮ ਦੀ ਨਿਹਫਲਤਾ ਅਤੇ ਜੀਵਨ ਤੇ ਉਦਾਸੀਨਤਾ ਦਾ ਅਹਿਸਾਸ ਭਰਨਾ ਕਿਸੇ ਸੁਹਿਰਦ ਲੇਖਕ ਲਈ ਅਸੰਭਵ ਹੈ।

ਰੂਪ ਅਤੇ ਤਕਨੀਕ ਦੀ ਇਹ ਸਾਰੀ ਵੰਨਗੀ ਕਿਸੇ ਪ੍ਰਯੋਗਵਾਦੀ ਫ਼ੈਸ਼ਨ ਅਧੀਨ ਹੋਂਦ ਵਿਚ ਨਹੀਂ ਆਈ, ਸਗੋਂ ਹਰ ਵਿਸ਼ੇ-ਵਸਤੂ ਲਈ ਉਚਿਤ ਰੂਪ ਲੱਭਣ ਦੇ ਚੇਤਨ ਯਤਨ ਦਾ ਸਿੱਟਾ ਹੈ।

ਦੁੱਗਲ ਸਾਡਾ ਇਕ ਕਹਾਣੀਕਾਰ ਹੈ, ਜਿਸ ਦੀ ਰਚਨਾ ਦੇ ਵਿਸ਼ਲੇਸ਼ਣ ਵਿਚ ਜਿੰਨਾ ਡੂੰਘਾ ਉਤਰੀ ਜਾਓ, ਉਹ, ਇਸ ਯਤਨ ਦੇ, ਸਾਰਥਕ ਹੋਣ ਦਾ ਅਤੇ ਇਸ ਨੂੰ ਸੰਤੁਸ਼ਟ ਕਰਨ ਦਾ ਅਹਿਸਾਸ ਭਰਦੀ ਜਾਂਦੀ ਹੈ।

12.10.81