ਪ੍ਰੀਤ ਕਹਾਣੀਆਂ/ਔਰੰਗਜ਼ੇਬ-ਪੁਤ੍ਰੀ-ਜ਼ੇਬਾਂ-ਦੀ ਪ੍ਰੇਮ ਕਥਾ

ਵਿਕੀਸਰੋਤ ਤੋਂ
ਦੇਸ਼

ਔਰੰਗਜ਼ੇਬ- ਪੁਤ੍ਰੀ ਜ਼ੇਬਾਂ ਦੀ ਪ੍ਰੇਮ ਕਥਾ



ਉਸ ਦੇ ਪ੍ਰੇਮੀ ਹਿਰਦੇ ਨੂੰ ਅਜੇਹੀ ਚੋਟ ਲਗੀ, ਕਿ ਉਸ ਨੇ ਕਵਿਤਾ ਰਾਹੀਂ ਆਪਣੇ ਮਨ ਦੇ ਭਾਵ ਕਾਗਜ਼ ਪੁਰ ਅੰਗਣੇ ਸ਼ੁਰੂ ਕਰ ਦਿਤੇ। ਕੋਈ ਪ੍ਰੇਮੀ ਹਿਰਦਾ ਚੋਟ ਸਹਿ ਕੇ ਜੇ ਅੰਤ੍ਰੀਵ ਭਾਵ ਕਿਸੇ ਨੂੰ ਦਸ ਕੇ ਆਪਣੇ ਦਿਲ ਦੇ ਬੋਝ ਨੂੰ ਹਲਕਾ ਨਾ ਕਰੇ, ਤਾਂ ਉਸਦਾ ਸੀਨਾ ਵਿਚੋ ਵਿਚ ਸੜਨ ਵਲ ਲਗ ਜਾਂਦਾ ਹੈ, ਤੇ ਕੁਝ ਸਮਾਂ ਪਾਕੇ ਬਿਲਕੁਲ ਭਸਮ ਹੋ ਜਾਂਦਾ ਹੈ। ਉਹ ਆਪਣੇ ਦਿਲੀ ਭਾਵਾਂ ਨੂੰ ਕਵਿਤਾ ਰਾਹੀਂ ਗੁੰਦ ਕੇ ਆਪਣੀਆਂ ਸਖੀਆਂ ਨੂੰ ਲੈ ਨਾਲ ਸੁਣਾ ਕੇ ਆਪਣੇ ਦਿਲ ਦਾ ਭਾਰ ਹੌਲਾ ਕਰ ਲੈਂਦੀ ਸੀ।

ਪ੍ਰੇਮ ਦੇ ਰੰਗ ਵਿਚ ਰੰਗੀ ਉਸ ਹੁਸੀਨਾ-ਕੁਦਰਤ ਦੇ ਖਾਸ ਨਮੂਨੇ-ਦਾ ਨਾਂ ਸੀ-ਜ਼ੇਬੁਲਨਿਸ਼ਾਂ- ਤੇ ਉਹ ਸੀ ਸ਼ਹਿਨਸ਼ਾਹੇ ਹਿੰਦ ਔਰੰਗਜ਼ੇਬ ਦੀ ਪੁਤਰੀ। ਔਰੰਗਜ਼ੇਬ-ਪੱਥਰ ਦਿਲ ਤੇ ਪ੍ਰੇਮ ਹੀਣ ਔਰੰਗਜ਼ੇਬ, ਜਿਸ ਨੇ ਪਾਣੀ ਦੀ ਬੂੰਦ ਤੋਂ ਤਰਸਾ ਤਰਸਾ ਕੇ ਆਪਣੇ ਪਿਤਾ ਨੂੰ ਮਾਰ ਦਿਤਾ, ਜਿਸ ਨੇ ਆਪਣੇ ਮਾਂ ਜਾਏ ਵੀਰ ਮੁਰਾਦ ਨੂੰ ਧੋਖਾ ਦੇ ਕੇ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰਵਾ ਦਿਤਾ, ਤੇ ਪਿਛੋਂ ਮੌਤ ਦੇ ਘਾਟ ਉਤਾਰਿਆ-ਜਿਸ ਨੇ ਆਪਣੇ ਦੂਜੇ ਭਰਾ-ਦਾਰਾ-ਨੂੰ ਧਰਮ ਵਿਰੋਧੀ ਕਰਾਰ ਦੇ ਕੇ ਕਤਲ ਕਰਵਾ ਦਿਤਾ ਤੇ ਉਸਦੀ ਵਹੁਟੀ ਨਾਲ ਆਪ ਨਿਕਾਹ ਕਰ ਲਿਆ- ਉਸ ਦੇ ਘਰ ਜ਼ੇਬੁਲਨਿਸਾਂ ੧੫ ਜਨਵਰੀ ੧੬੩੮ ਈ: ਨੂੰ ਪੈਦਾ ਹੋਈ।

ਜ਼ੇਬੁਲਨਿਸਾਂ ਸ਼ੁਰੂ ਵਿਚ ਹੀ ਬੜੀ ਹੋਨਹਾਰ ਜਾਪਦੀ ਸੀ। ਉਹਦੀ ਫਾਰਸੀ ਦੀ ਵਿਦਿਆ ਲਈ ਉਸ ਦੇ ਪਿਤਾ ਨੇ ਕਈ ਵਿਦਵਾਨ ਮੌਲਵੀ ਰਖੇ ਹੋਏ ਸਨ। ਉਸ ਨੂੰ ਬਚਪਨ ਤੋਂ ਹੀ ਕਵਿਤਾ ਲਿਖਣ ਦਾ ਸ਼ੌਕ ਸੀ। ਔਰੰਗਜ਼ੇਬ ਕਵੀਆਂ ਦਾ ਸਖ਼ਤ ਵਿਰੋਧੀ ਸੀ, ਤੇ ਉਸ ਨੇ ਕਵੀਆਂ ਨੂੰ ਆਪਣੇ ਦਰਬਾਰ ਚੋਂ ਕਢ ਦਿਤਾ ਸੀ, ਪਰ ਜ਼ੇਬੁਲਨਿਸਾਂ ਦੀਆਂ ਕਵਿਤਾਵਾਂ ਨੇ ਉਸ ਪੁਰ ਬੜਾ ਚੰਗਾ ਪ੍ਰਭਾਵ ਪਾਇਆ ਤੇ ਇਸੇ ਕਾਰਣ ਬਾਦਸ਼ਾਹ ਕਈ ਵਾਰ ਦਰਬਾਰ ਵਿਚ ਉਸਦੀ ਤਾਰੀਫ਼ ਕਰਦਾ ਰਹਿੰਦਾ ਸੀ।

ਇਕ ਵਾਰ ਦਰਬਾਰ ਵਿਚ ਆਏ ਬੜੇ ਬੜੇ ਸ਼ਾਇਰਾਂ ਦੇ ਸਾਹਮਣੇ ਔਰੰਗਜ਼ੇਬ ਨੇ ਆਪਣੀ ਧੀ ਦਾ ਕਲਾਮ ਸੁਣਿਆ। ਸਾਰੇ ਸ਼ਾਇਰਾਂ ਨੇ ਉਸਦੀ ਕਵਿਤਾ ਦੀ ਰਜ ਕੇ ਤਾਰੀਫ ਕੀਤੀ, ਜਿਸ ਤੋਂ ਪ੍ਰਸੰਨ ਹੋ ਔਰੰਗਜ਼ੇਬ ਨੇ ਕਈ ਬਹੁਮੁਲੇ ਹੀਰੇ ਜ਼ੇਬਾਂ ਦੀ ਭੇਟ ਕੀਤੇ।

ਜਿਉਂ ਜਿਉਂ ਦਿਨ ਬੀਤਦੇ ਗਏ, ਉਸ ਦਾ ਰੰਗ ਤੇ ਜੋਬਨ ਨਿਖਰਦਾ ਗਿਆ। ਨਵ-ਖਿੜੀ ਕਲੀ ਵਾਂਗ ਉਸ ਦੀ ਮੋਹਣੀ ਮੂਰਤ ਵੇਖਦਿਆਂ ਸਾਰ ਵੇਖਣ ਵਾਲੇ ਉਸ ਵਲ ਖਿਚੇ ਚਲੇ ਆਉਂਦੇ।

ਬਾਰਸ਼ ਦਾ ਰੰਗ ਸੀ, ਤੇ ਰਾਵੀ ਦੇ ਕਿਨਾਰਿਆਂ ਨੂੰ ਚੁੰਮ ਚੁੰਮ ਕੇ ਆ ਰਹੀਆਂ ਪਿਆਰੀਆਂ ਲਹਿਰਾਂ, ਉਸ ਦੇ ਪੈਰਾਂ ਨੂੰ ਛੋਹ 

ਰਹੀਆਂ ਸਨ। ਇਸ ਸਮੇਂ ਹਰੇ ਰੰਗ ਦੇ ਸੁੰਦਰ ਤੇ ਕੀਮਤੀ ਕਪੜੇ ਪਾਈ ਜੇਬਾਂ ਲਾਹੌਰ ਦੇ ਸ਼ਾਹੀ ਮਹੱਲ ਦੀ ਇਕ ਦੀਵਾਰ ਪਾਸ ਖੜੋਤੀ ਕੁਦਰਤੀ ਨਜ਼ਾਰੇ ਵੇਖ ਰਹੀ ਸੀ, ਪਰ ਕੁਝ ਨਿਰਾਸਤਾ ਦੇ ਚਿੰਨ ਉਸ ਦੇ ਚਿਹਰੇ ਤੋਂ ਸਾਫ ਨਜ਼ਰ ਆ ਰਹੇ ਸਨ। ਕਿਉਂ? ਇਸੇ ਲਈ ਕਿ ਉਸ ਪਾਸ ਰੂਪ ਸੀ, ਰੰਗ ਸੀ, ਜੋਬਨ ਸੀ, ਪਰ ਚੌਵੀ ਜੀਵਣ ਦੀਆਂ ਲੰਮੀਆਂ ਮੰਜ਼ਲਾਂ ਲੰਘ ਜਾਣ ਬਾਅਦ ਵੀ ਉਸ ਨੂੰ ਪਿਆਰ ਵਾਲਾ ਕੋਈ ਨਹੀਂ ਸੀ। ਉਸਨੇ ਕਿਸੇ ਸ਼ਮ੍ਹਾਂ ਪੁਰ ਮਰ ਮਿਟਣ ਵਾਲੇ ਭੌਰੇ ਦੇ ਮੂੰਹੋ ਇਹ ਸ਼ਬਦ ਨਹੀਂ ਸਨ ਸੁਣੇ ਕਿ ਜ਼ੇਬ! ਮ ਤੈਨੂੰ ਪਿਆਰ ਕਰਦਾ ਹਾਂ। ਸਚ ਮੁਚ ਉਹ ਪਿਆਰ ਦੀ ਭੁਖੀ ਸੀ, ਤੇ ਕਿਤਨੇ ਵਡੇ ਵਡੇ ਸਾਲਾਂ ਤੋਂ ਉਸ ਦੇ ਕੰਨ ਉਪਰੋਕਤ ਸ਼ਬਦ ਸੁਣਨ ਦੀ ਉਡੀਕ ਵਿਚ ਸਨ।
੧੬੬੨ ਈ: ਨੂੰ ਔਰੰਗਜ਼ੇਬ ਬਖਤ ਬੀਮਾਰ ਹੋ ਗਿਆ। ਸ਼ਾਹੀ ਤਬੀਬਾ ਨੇ ਰਾਏ ਦਿਤੀ ਕਿ ਹਵਾ, ਪਾਣੀ ਦੀ ਬਦਲੀ ਲਈ ਲਾਹੌਰ ਜਾਣਾ ਚਾਹੀਦਾ ਹੈ। ਤਿਆਰੀ ਸ਼ੁਰੂ ਹੋ ਗਈ, ਸਾਰਾ ਸ਼ਾਹੀ ਘਰਾਣਾ ਸਣੇ ਆਪਣੇ ਨੌਕਰ ਨੌਕਰਾਣੀਆਂ ਦੇ ਤਿਆਰ ਹੋ ਗਿਆ। ਔਰੰਗਜ਼ੇਬ ਦੇ ਵਜ਼ੀਰ ਦਾ ਪੁਤਰ ਆਕਲ-ਖਾਂ ਉਨੀ ਦਿਨੀਂ ਲਾਹੌਰ ਦਾ ਗਵਰਨਰ ਸੀ। ਜਦ ਉਸ ਨੂੰ ਬਾਦਸ਼ਾਹ ਦੇ ਆਉਣ ਦੀ ਖ਼ਬਰ ਹੋਈ ਤਾਂ ਉਹ ਬੜਾ ਖੁਸ਼ ਹੋਇਆ | ਆਕਲ-ਖਾਂ ਆਪ ਵੀ ਸ਼ਾਇਰ ਸੀ, ਤੇ ਉਸ ਨੇ ਜ਼ੇਬਾਂ ਦੀ ਸੁੰਦਰਤਾ ਤੇ ਦਿਲ ਖਿਚਵੀਆਂ ਕਵਿਤਾਵਾਂ ਦੀ ਬੜੀ ਤਾਰੀਫ ਸੁਣੀ ਹੋਈ ਸੀ। ਉਹ ਬਿਨ ਵੇਖਿਆਂ ਉਸ ਵਲ ਖਿਚਿਆ ਜਾ ਰਿਹਾ ਸੀ, ਸੋ ਹੁਣ ਉਹ ਆਪਣੀ ਪ੍ਰੇਮਿਕਾ ਦੇ ਦਰਸ਼ਨਾ ਲਈ ਉਤਾਵਲਾ ਹੋਣ ਲਗਾ। ਸ਼ਾਹੀ ਘਰਾਣਾ ਸ਼ਾਹੀ ਮਹੱਲ ਵਿਚ ਆ ਕੇ ਠਹਿਰ ਗਿਆ। ਆਕਲ-ਖਾਂ ਸ਼ਾਮ ਨੂੰ ਰੋਜ਼ਾਨਾ ਨਿਯਮ ਨਾਲ ਘੋੜੇ ਪਰ ਸਵਾਰ ਹੋ ਕੇ ਸ਼ਹਿਰ ਦੀ ਗਸ਼ਤ ਕੀਤਾ ਕਰਦਾ ਸੀ!ਬਾਕੀ ਸ਼ਹਿਰ ਵਿਚ ਤਾਂ ਉਹ ਬਹੁਤ ਘਟ ਘੁੰਮਿਆ ਕਰਦਾ ਪਰ 

ਸ਼ਾਹੀ ਮਹੱਲ ਦੇ ਇਰਦ ਗਿਰਦ ਰੋਜ਼ਾਨਾ ਚਕਰ ਕਟਦਾ। ਇਸ ਤੋਂ ਉਸਦਾ ਭਾਵੇਂ ਸ਼ਹਿਜ਼ਾਦੀ ਦੇ ਦਰਸ਼ਨ ਕਰਨਾ ਸੀ। ਕਈ ਦਿਨ ਦੀ ਦੌੜ ਭੱਜ ਮਗਰੋਂ ਇਕ ਦਿਨ ਉਸਦੀ ਨਜ਼ਰ ਸ਼ਾਹੀ ਮਹੱਲ ਦੀ ਛਤ ਪੁਰ ਇਕੱਲੀ ਖੜੋਤੀ ਸ਼ਹਿਜ਼ਾਦੀ ਪਰ ਪੈ ਗਈ। ਦੋਹਾਂ ਦੀਆਂ ਅਖਾਂ ਮਿਲਦਿਆਂ ਸਾਰ ਦੋਹਾਂ ਦੀਆਂ ਅਕਲਾਂ ਨੇ ਜੁਆਬ ਦੇ ਦਿਤਾ, ' ਤੋਂ ਬਸ-ਉਸੇ ਛਿਨ ਉਹ ਇਕ ਦੂਜੇ ਦੇ ਦੀਵਾਨੇ ਬਣ ਗਏ।
ਆਕਲ-ਖਾਂ ਹੁਣ ਸਾਰੇ ਸ਼ਹਿਰ ਨੂੰ ਛੱਡ ਕੇ ਬਿਲਕੁਲ ਹੀ ਮਹੱਲਾਂ ਦੀ ਗਸ਼ਤ ਕਰਨ ਲਗ ਪਿਆ। ਉਸ ਦਾ ਬਹੁਤ ਸਾਰਾ ਵਕਤ ਗਸ਼ਤ ਵਿਚ ਲਗ ਜਾਂਦਾ। ਇਕ ਦਿਨ ਉਸ ਨੇ ਗਸ਼ਤ ਸਮੇਂ ਸ਼ਹਿਜ਼ਾਦੀ ਨੂੰ ਮਹੱਲ ਦੇ ਫਾਟਕ ਪਾਸ ਬੜੇ ਕੀਮਤੀ ਦਿਲ ਖਿਚਵੇਂ ਤੇ ਫਬਵੇਂ ਕਪੜੇ ਪਾਈ ਵੇਖਿਆ। ਉਹ ਰਹਿ ਨਾ ਸਕਿਆ। ਉਸ ਨੇ ਫਾਰਸੀ ਦਾ ਇਕ ਸ਼ੇਅਰ ਬੋਲਿਆ-ਮਹੱਲ ਪਾਸ ਤਾਂ ਅਜ ਹੁਸਨ ਠਾਠਾਂ ਮਾਰ ਰਿਹਾ ਹੈ ਉਸ ਸ਼ੇਅਰ ਨੂੰ ਪੂਰਿਆਂ ਕਰਦਿਆਂ ਹੋਏ ਸ਼ਹਿਜ਼ਾਦੀ ਨ ਜਵਾਬ ਦਿਤਾ-ਪਰ ਉਸ ਨੂੰ ਕੋਈ-ਤਾਕਤ ਦੌਲਤ ਤੇ ਭੈ ਨਾਲ ਨਹੀਂ ਅਪਣਾ ਸਕਦਾ।" ਅਥਵਾ ਉਸ ਨੂੰ ਪ੍ਰਾਪਤ ਕਰਨ ਲਈ ਪ੍ਰੇਮ ਤੇ ਕੁਰਬਾਨੀ ਦੀ ਲੋੜ ਹੈ।
ਕੁਝ ਦਿਨਾਂ ਪਿਛੋਂ ਔਰੰਗਜ਼ੇਬ ਦੀ ਤਬੀਅਤ ਠੀਕ ਹੋ ਗਈ, ਤੇ ਉਸ ਨੇ ਦਿਲੀ ਵਾਪਸ ਜਾਣ ਦਾ ਇਰਾਦਾ ਕੀਤਾ । ਜ਼ੇਬਾਂ ਨੇ ਕਿਹਾ ਕਿ ਲਾਹੌਰ ਦੀ ਹਵਾ ਪਾਣੀ ਉਸਨੂੰ ਮੁਆਫ਼ਕ ਆ ਗਈ ਹੈ, ਇਸ ਲਈ ਉਸ ਨੂੰ ਇਥੇ ਹੀ ਰਹਿਣ ਦੀ ਆਗਿਆ ਦਿਤੀ ਜਾਵੇ। ਦੇ ਕਰੋੜਾਂ ਬੰਦਿਆਂ ਪਰ ਰਾਜ ਕਰਨ ਵਾਲੇ ਸ਼ਹਿਨਸ਼ਾਹ ਨੂੰ ਕੀ ਪਤਾ ਸੀ, ਕਿ ਉਸ ਦੀ ਪੁਤਰੀ ਦੇ ਦਿਲ ਪਰ ਕਿਸਦਾ ਰਾਜ ਹੈ? ਉਸ ਨੇ ਇਸ ਗਲ ਦੀ ਬੜੀ ਖੁਸ਼ੀ ਨਾਲ ਆਗਿਆ ਦੇ ਦਿੱਤੀ। ਬਾਦਸ਼ਾਹ ਦਿਲੀ ਚਲਾ ਗਿਆ ਤੇ ਜੇਬਾਂ ਲਾਹੌਰ ਹੀ ਰਹਿ ਗਈ। ਉਸ ਨੇ ਆਪਣੀ ਇਛਾ ਅਨੁਸਾਰ ਲਾਹੌਰ ਵਿਚ ਇਕ ਬੜਾ ਖੂਬਸੂਰਤ ਛੋਟਾ ਜਿਹਾ ਬਾਗ ਬਣਵਾਇਆ। ਉਸ ਵਿਚ ਸੰਗਮਰਮਰ ਦਾ ਇਕ ਸੁੰਦਰ ਚਬੂਤਰਾ ਬਣਾਨ ਦਾ ਉਸ ਨੇ ਹੁਕਮ ਦਿਤਾ। ਇਕ ਦਿਨ ਉਹ ਚਬੂਤਰਾ ਵੇਖਣ ਆਪ ਗਈ। ਉਧਰ ਆਕਲ-ਖਾਂ ਨੇ ਆਪਣੇ ਕੁਝ ਆਦਮੀ ਚਬੂਤਰਾ ਬਣਾਨ ਲਈ ਭੇਜ ਦਿਤੇ ਸਨ ਆਪ ਉਸ ਵਿਚ ਇੰਨੀ ਹਿਮਤ ਨਹੀਂ ਜੀ, ਕਿਉਂਕਿ ਔਰੰਗਜ਼ਜੇਬ ਦੇ ਸਖਤ ਸੁਭਾ ਤੋਂ ਉਹ ਚੰਗੀ ਤਰ੍ਹਾਂ ਜਾਣੂ ਸੀ, ਉਦੋਂ ਤੋਂ ਜਦੋਂ ਦੀ ਔਰੰਗਜ਼ੇਬ ਨੇ ਆਪਣੇ ਸਾਰੇ ਟਬਰ ਦੀ ਸੰਭਾਲਣਾ ਆਕਲ ਖਾਂ ਸਪੁਰਦ ਕੀਤੀ ਹੋਈ ਸੀ, ਤੇ ਉਸੇ ਦੇ ਬਦਲੇ ਵਿਚ ਆਕਲ ਖਾਂ ਨੂੰ ਅਜ ਲਾਹੌਰ ਦਾ ਗਵਰਨਰ ਬਣਿਆ ਹੋਇਆ ਸੀ। ਇਤਨੇ ਉਚ੍ਹੇ ਅਹੁਦੇ ਤੇ ਹੋਣ ਦੇ ਬਾਵਜੂਦ ਵੀ ਉਹ ਸ਼ਾਹੀ ਮਹੱਲਾਂ ਵਿਚ ਜਾਣ ਦੀ ਜੁਰਅੱਤ ਨਹੀਂ ਸੀ ਕਰ ਸਕਿਆ। ਖੈਰ ਜਿਸ ਦਿਨ ਸ਼ਹਿਜ਼ਾਦੀ ਚਬੂਤਰਾ ਵੇਖਣ ਗਈ, ਉਸੇ ਦਿਨ ਉਸ ਨੂੰ ਆਪਣੇ ਆਦਮੀ ਰਾਹੀ ਇਸ ਦੀ ਇਤਲਾਹ ਮਿਲ ਗਈ।
ਆਪਣੀ ਪ੍ਰੇਮਿਕਾ ਦੇ ਦਰਸ਼ਨ ਪਾਣ ਤੇ ਉਸ ਨੂੰ ਯਕੀਨ ਦਵਾਣ ਲਈ ਕਿ ਉਹ ਪਿਆਰ ਖਾਤਰ ਸਭ ਕੁਝ ਕਰ ਗੁਜ਼ਰਣ ਨੂੰ ਤਿਆਰ ਹੈ, ਉਸ ਵਿਚ ਆਪਣੀ ਪਿਆਰੀ ਦੇ ਇਕ ਵਾਰ ਰਜ ਕੇ ਦਰਸ਼ਨ ਕਰਨ ਦੀ ਇੱਛਾ ਪ੍ਰਬਲ ਹੋ ਉਠੀ। ਉਸ ਭੇਸ ਬਦਲਿਆ ਤੇ ਰਾਜ ਮਿਸਤਰੀ ਬਣ ਕੇ ਬਗੀਚੇ ਵਿਚ ਜਾ ਪੁਜਾ। ਆਕਲ ਖਾਂ 'ਰਾਜੀ' ਦੇ ਉਪਨਾਮ ਹੇਠਾਂ ਸ਼ੇਅਰ ਕਿਹਾ ਕਰਦਾ ਸੀ। ਸਿਰ ਪੁਰ ਪੱਥਰ ਰਖੇ ਹੋਏ ਪਾਗ਼ਲ ਪ੍ਰੇਮੀ ਜਦੋਂ ਜੇ਼ਬਾ ਪਾਸੋਂ ਲੰਘਿਆ, ਤਾਂ ਉਹ ਆਪਣੀਆਂ ਸਹੇਲੀਆਂ ਨਾਲ ਚੌਸਰ ਖੇਡ ਰਹੀ ਸੀ। ਆਕਲ ਖਾਂ ਨੇ ਇਸ ਤਰ੍ਹਾਂ ਇਕ ਫਾਰਸੀ ਦਾ ਸ਼ੇਅਰ ਪੜਿਆ, ਤਾਂ ਜੋ ਹੋਰ ਕਿਸੇ ਦਾ ਧਿਆਨ ਉਸ ਵਲ ਨਾ ਖਿਚਿਆ ਜਾਵੇ- "ਮੈਂ ਤੈਨੂੰ ਪਾਣ ਖਾਤਰ ਪੈਰਾਂ ਦੀ ਧੂੜ ਬਣ ਗਿਆ ਹਾਂ, ਮੇਰੀ ਪਿਆਰੀ!" ਜ਼ੇਬਾਂ ਨੇ ਖੇਡਦਿਆਂ ਖੇਡਦਿਆ ਹੀ ਸ਼ੇਅਰ ਰਾਹੀਂ ਉਤਰ ਦਿਤਾ-"ਧੂੜ ਦੀ ਥਾਂ ਜੇ ਤੂੰ ਪਾਵਣ ਦਾ ਰੂਪ ਵੀ ਧਾਰਣ ਕਰ ਲਵੇਂ ਤਾਂ ਵੀ ਮੇਰੇ ਵਾਲਾਂ ਨੂੰ ਛੋਹ ਨਹੀਂ ਸਕਦਾ।"
ਇਸ ਤੋਂ ਪਿਛੋਂ ਕਿਸੇ ਨਾ ਕਿਸੇ ਤਰ੍ਹਾਂ ਦੋਵੇਂ ਪ੍ਰੇਮੀ ਮਿਲੇ। ਪ੍ਰੇਮ ਦੀਆਂ ਗਲਾਂ ਘੰਟਿਆਂ ਬਧੀ ਚਲਦੀਆਂ ਰਹਿੰਦੀਆਂ, ਦਿਲਾਂ ਦੇ ਅਰਮਾਨ ਕਢੇ ਜਾਂਦੇ, ਸ਼ੇਅਰ ਬਾਜ਼ੀ ਹੁੰਦੀ ਤੇ ਪਿਆਰ-ਮਧ ਦੇ ਦੌਰ ਦੇ ਪਾਗ਼ਲ ਦੀਵਾਨਿਆਂ ਵਿਚਕਾਰ ਚਲਦੇ ਰਹਿੰਦੇ। ਪਰ ਇਸ਼ਕ ਤੇ ਮੁਸ਼ਕ ਕਿੰਨਾ ਚਿਰ ਛੁਪੇ ਰਹਿ ਸਕਦੇ ਹਨ? ਹੁੰਦਿਆਂ ਹੁੰਦਿਆਂ ਇਹ ਗਲ ਸ਼ਾਹੀ ਮਹੱਲਾਂ ਚੋਂ ਨਿਕਲ ਕੇ ਆਮ ਲੋਕਾਂ ਦੇ ਕੰਨਾਂ ਤੀਕ ਜਾ ਪੁਜੀ ਤੇ ਉਥੋਂ ਸਿਧੀ ਦਿਲੀ। ਔਰੰਗਜ਼ੇਬ ਇਸ ਗਲ ਨੂੰ ਸੁਣ ਕੇ ਅੱਗ ਬਗੋਲਾ ਹੋ ਉਠਿਆ। ਉਸ ਨੇ ਸ਼ਹਿਜ਼ਾਦੀ ਨੂੰ ਫੌਰਨ ਦਿਲੀ ਆ ਜਾਣ ਦਾ ਹੁਕਮ ਦਿਤਾ। ਦੋਹਾਂ ਪ੍ਰੇਮੀਆਂ ਨੂੰ ਜਦ ਇਹ ਖਬਰ ਮਿਲੀ, ਤਾਂ ਬੜੇ ਦੁਖੀ ਹੋਏ ਪਰ ਕੋਈ ਚਾਰਾ ਨਹੀਂ ਸੀ। ਜ਼ੇਬਾਂ ਨੇ ਰੋਂਦਿਆਂ ਹੋਇਆਂ ਆਪਣੇ ਪ੍ਰੇਮੀ ਤੋਂ ਵਿਦੈਗੀ ਲਈ। ਉਸ ਨੇ ਆਕਲ ਨਾਲ ਇਕਰਾਰ ਕੀਤਾ ਕਿ ਜੇ ਜ਼ੇਬਾਂ ਕਿਸੇ ਨਾਲ ਸ਼ਾਦੀ ਕਰੇਗੀ ਤਾਂ ਉਹ ਉਸਦਾ ਪ੍ਰੇਮੀ ਆਕਲ ਹੀ ਹੋਵੇਗਾ, ਵਰਨਾ ਸਾਰੀ ਉਮਰ ਉਹ ਕੰਵਾਰੀ ਰਹੇਗੀ।
ਦਿਲੀ ਜਾਂਦਿਆਂ ਸਾਰ ਔਰੰਗਜ਼ੇਬ ਨੇ ਸ਼ਾਹਜ਼ਾਦੀ ਦੇ ਵਿਆਹ ਬਾਰੇ ਗਲ ਬਾਤ ਛੇੜ ਦਿੱਤੀ। ਜ਼ੇਬਾਂ ਨੇ ਪਿਤਾ ਨੂੰ ਸੁਨੇਹਾ ਘਲਿਆ ਕਿ ਉਸਨੂੰ ਆਪਣੀ ਇਛਾ-ਅਨੁਸਾਰ ਪਤੀ ਚੁਣਨ ਦੀ ਆਗਿਆ ਦਿਤੀ ਜਾਵੇ। ਪਿਤਾ ਨੇ ਆਗਿਆ ਦੇ ਦਿਤੀ। ਜ਼ੇਬਾਂ ਨੇ ਆਪਣਾ ਪ੍ਰੇਮੀ ਆਕਲ ਖਾਂ ਚੁਣਿਆ,ਤੇ ਬਾਦਸ਼ਾਹ ਨੂੰ ਇਸਦੀ ਖ਼ਬਰ ਦੇ ਦਿੱਤੀ ਗਈ।
ਬਾਦਸ਼ਾਹ ਦੇ ਹਵਾਲੇ ਨਾਲ ਆਕਲ ਖਾਂ ਨੂੰ ਇਕ ਚਿਠੀ ਲਿਖੀ ਗਈ, ਫਿਰ ਦੂਜੀ, ਫਿਰ ਤੀਜੀ ਪਰ ਉਸ ਵਲੋਂ ਕੋਈ ਉਤਰ ਨਾ ਆਇਆ। ਜ਼ੇਬਉਨਿਸਾਂ ਬੜੀ ਨਿਰਾਸ ਹੋਈ, ਪਰ ਉਸ ਨੇ ਹੌਂਸਲਾ ਨਾ ਛਡਿਆ। ਉਸ ਨੂੰ ਯਕੀਨ ਸੀ, ਕਿ ਇਕ ਦਿਨ ਉਸ ਦਾ ਪ੍ਰੇਮੀ ਜਰੂਰ ਉਸਨੂੰ ਆਣ ਕੇ ਮਿਲੇਗਾ। ਅਸਲ ਗਲ ਕੁਝ ਹੋਰ ਸੀ। ਇਕ ਹੋਰ ਨੌਜਵਾਨ ਜ਼ੇਬਾਂ ਨੂੰ ਚਾਹੁੰਦਾ ਸੀ। ਉਹ ਕਦੀ ਨਹੀਂ ਸੀ ਪਸੰਦ ਕਰਦਾ, ਕਿ ਉਸ ਦੀ ਮਨ-ਪਸੰਦ ਸੁਪਨ-ਪ੍ਰੇਮਕਾ ਕਿਸੇ ਹੋਰ ਦਾ ਘਰ ਵਸਾਵੇ। ਉਸਨੇ ਆਕਲ ਖਾਂ ਨੂੰ ਇਕ ਬਣਾਉਟੀ ਚਿਠੀ ਭੇਜੀ, ਜਿਸ ਵਿਚ ਲਿਖਿਆ ਸੀ-"ਆਕਲ ਖਾਂ! ਅਕਲ ਤੋਂ ਕੰਮ ਲੌ। ਸ਼ਾਹਜ਼ਾਦੀ ਨਾਲ ਵਿਆਹ ਕਰਨਾ ਕੋਈ ਬਚਿਆਂ ਦਾ ਖੇਲ ਨਹੀਂ, ਜਦ ਬਾਦਸ਼ਾਹ ਦੇ ਸਦੇ ਪੁਰ। ਤੂੰ ਦਿਲੀ ਆਵੇਂਗਾ, ਤਦ ਪ੍ਰੇਮ ਦਾ ਮਜ਼ਾ ਤੈਨੂੰ ਚਖਣਾ ਪਵੇਗਾ।" ਪ੍ਰੇਮੀ ਇਸ ਚਿਠੀ ਨੂੰ ਪੜਕੇ ਘਬਰਾ ਗਿਆ। ਉਹ ਅਗੇ ਹੀ ਬਾਦਸ਼ਾਹ ਦੇ ਸੁਭਾ ਤੋਂ ਵਾਕਫ਼ ਸੀ। ਉਸ ਨੂੰ ਯਕੀਨ ਹੋ ਗਿਆ, ਕਿ ਬਾਦਸ਼ਾਹ ਉਸ ਪੁਰ ਨਾਰਾਜ਼ ਹੋ ਗਿਆ ਹੈ, ਤੇ ਬਹਾਨੇ ਨਾਲ ਉਸ ਨੂੰ ਦਿਲੀ ਮੰਗਾਇਆ ਜਾ ਰਿਹਾ ਹੈ।
ਜ਼ੇਬਾਂ ਹਰ ਲਾਹੌਰ ਆਉਣ ਵਾਲੇ ਕਾਸਦ ਪਾਸੋਂ ਆਪਣੇ ਪ੍ਰੇਮੀ ਬਾਰੇ ਪੁਛਦੀ ਪਰ ਉਸ ਨੂੰ ਆਕਲ ਦੇ ਲਾਹੌਰੋਂ ਤੁਰਨ ਦੀ ਕੋਈ ਖਬਰ ਨਾ ਮਿਲ ਸਕੀ। ਇਕ ਦਿਨ ਉਸਨੂੰ ਪਤਾ ਲਗਾ ਕਿ ਆਕਲ ਨੇ ਆਪਣੇ ਔਹਦੇ ਤੋਂ ਅਸਤੀਫਾ ਦੇ ਦਿਤਾ ਹੈ, ਤੇ ਜੇ਼ਬਾਂ ਨਾਲ ਵਿਆਹ ਕਰਨੋਂ ਵੀ ਇਨਕਾਰ ਕਰ ਦਿਤਾ ਹੈ। ਵਿਚਾਰੀ ਜ਼ੇਬਾਂ ਠੰਡੀਆ ਆਹ ਭਰ ਕੇ ਰਹਿ ਗਈ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਜਿਸ ਆਕਲ ਨੇ ਪ੍ਰੇਮ-ਵਾਹਿਦੇ ਕਰਨ ਵਿਚ ਜ਼ਿਮੀਂ ਅਸਮਾਨ ਦੇ ਕਲਾਬੇ ਮੇਲੇ ਸਨ, ਉਹ ਕਿਵੇਂ ਇੰਨੀ ਛੇਤੀ ਉਸ ਨੂੰ ਭੁਲ ਗਿਆ ਸੀ। ਜ਼ੇਬਾਂ ਦੇ ਦਿਲ ਪੁਰ ਇਸ ਨਾਲ ਬੜੀ ਸਟ ਲਗੀ। ਉਸ ਨੇ ਇੰਨ੍ਹੀ ਦਿਨੀਂ ਕੁਝ ਵਿਰਾਗ-ਭਰੀਆਂ ਨਜ਼ਮਾਂ ਲਿਖੀਆਂ ਜਿਨ੍ਹਾਂ ਨੂੰ ਪੜ੍ਹਕੇ ਆਦਮੀ ਦਾ ਮਨ ਰੋ ਉਠਦਾ ਹੈ।
ਆਕਲ ਖਾਂ ਅਸਲ ਵਿਚ ਕਿਸੇ ਤਰ੍ਹਾਂ ਵੀ ਆਪਣੀ ਪ੍ਰੇਮਕਾ ਨੂੰ ਨਹੀਂ ਸੀ ਭੁਲ ਸਕਿਆ, ਸਗੋਂ ਜਦ ਉਸ ਨੂੰ ਇਹ ਪਤਾ ਲਗਾ ਕਿ ਕਈ ਸ਼ਾਹਜ਼ਾਦਿਆਂ ਤੇ ਨਵਾਬਾਂ ਨੂੰ ਛਡਕੇ ਜੇ਼ਬਾਂ ਨੇ ਉਸਨੂੰ ਆਪਣਾ ਇਆ ਹੈ, ਤਾਂ ਉਹ ਉਸ ਨੂੰ ਅਗੇ ਤੋਂ ਵਧੇਰੇ ਪਿਆਰ ਕਰਨ ਲਗ ਪਿਆ। ਇਹ ਸਭ ਕੁਝ ਹੋਣ ਪੁਰ ਵੀ ਉਹ ਔਰੰਗਜ਼ੇਬ ਤੋਂ ਡਰਦਾ ਸੀ। ਇਕ ਵਾਰ ਜ਼ੇਬਾਂ ਨੇ ਲਿਖਿਆ-"ਆਕਲ ਖਾਂ ਹੋਣ ਤੇ ਵੀ ਤੁਸੀਂ ਅਜੇਹੀ ਬੇਵਕੂਫੀ ਕਿਉਂ ਕੀਤੀ?"
ਅਖੀਰ ਪ੍ਰੇਮਕਾ ਨੂੰ ਮਿਲਣ ਦੀ ਇਕ ਤਜਵੀਜ਼ ਆਕਲ ਨੂੰ ਸੁਝੀ। ਉਹ ਭੇਸ ਬਦਲ ਕੇ ਉਸਨੂੰ ਮਿਲਣ ਦਿਲੀ ਜਾ ਪੁੱਜਾ। ਦਿਲੀ ਪੁਜਕੇ ਉਹ ਜੇ਼ਬਾਂ ਨੂੰ ਮਿਲਣ ਦਾ ਰਾਹ ਸੋਚਣ ਲਗਾ। ਕਈ ਦਿਨ ਉਹ ਸ਼ਾਹੀ ਮਹਲਾਂ ਦੇ ਨੇੜੇ ਤੇੜੇ ਚਕਰ ਕਢਦਾ ਰਿਹਾ, ਅਖੀਰ ਇਕ ਦਿਨ ਸ਼ਾਹੀ ਬਾਗ ਵਿਚ ਦੋਹਾਂ ਦੀ ਮੁਲਾਕਾਤ ਹੋਈ। ਕਿਸੇ ਜ਼ਾਲਮ ਨੇ ਔਰੰਗਜ਼ੇਬ ਨੂੰ ਇਸ ਪਿਆਰ-ਮਿਲਣੀ ਦੀ ਖਬਰ ਜਾ ਪੁਚਾਈ। ਜਿਸ ਸਮੇਂ ਪ੍ਰੇਮੀ ਆਪਣੀਆਂ ਅਖਾਂ ਨੂੰ ਅਥਰੂਆਂ ਨਾਲ ਤਰ ਕੀਤਿਆਂ ਆਪਣੀ ਸਾਰੀ ਤੜਪ-ਦਾਸਤਾਨ ਸੁਣਾਕੇ ਮੁਆਫੀ ਮੰਗ ਰਿਹਾ ਸੀ, ਓਦੋਂ ਇਕ ਬਾਂਦੀ ਨੇ ਆ ਇਕ ਖਬਰ ਦਿਤੀ ਕਿ ਬਾਦਸ਼ਾਹ ਬਾਗ ਵਲ ਨੂੰ ਆ ਰਿਹਾ ਹੈ। ਇਹ ਸੁਣ ਦੋਵੇਂ ਘਬਰਾ ਉਠੇ। ਛਿਪਣ ਲਈ ਕੋਈ ਟਿਕਾਣਾ ਨ ਵੇਖਕੇ ਜ਼ੇਬਾਂ ਨੇ ਅਕਾਲ ਨੂੰ ਪਾਣੀ ਦੀ ਇਕ ਵਡੀ ਦੇਗ ਵਿਚ ਛੁਪਾ ਦਿਤਾ, ਤੇ ਦੇਗ਼ ਨੂੰ ਉਪਰੋਂ ਢਕਣ ਨਾਲ ਢਕ ਦਿਤਾ।
ਬਾਦਸ਼ਾਹ ਬਾਗ ਵਿਚ ਚਹੁੰ ਪਾਸੀਂ ਨਜ਼ਰ ਦੌੜਾ ਰਿਹਾ ਸੀ! ਉਸਨੂੰ ਸ਼ਕ ਹੋ ਗਿਆ ਕਿ ਕਿਧਰੇ ਆਕਲ ਦੇਗ ਵਿਚ ਹੀ ਨ ਛੁਪ ਗਿਆ ਹੋਵੇ। ਪਰ ਫਿਰ ਵੀ ਸ਼ਾਹਜ਼ਾਦੀ ਪਾਸੋਂ ਪੁਛਿਆ " ਇਸ ਦੇਗ ਵਿਚ ਕੀ ਹੈ, "ਬੇਟਾ!"
"ਕੁਝ ਵੀ ਨਹੀਂ ਅੱਬਾ।"ਉਸ-ਘਬਰਾਹਟ ਨਾਲ ਕਿਹਾ-"ਨਹਾਣ ਲਈ ਪਾਣੀ ਰਖਿਆ ਹੈ, ਗਰਮ ਕਰਕੇ ਨਹਾਣ ਦਾ ਖਿਆਲ ਹੈ।
"ਅਛਾ! ਇਸ ਦੇਗ ਨੂੰ ਹੁਣੇ ਚੁਲੇ ਪੁਰ ਰਖ ਦਿਓ।" ਬਾਦਸ਼ਾਹ ਦਾ ਹੁਕਮ ਸੀ, ਫੌਰਨ ਅਮਲ ਕੀਤਾ ਗਿਆ। ਦੇਗ ਚੁਲੇ ਪੁਰ ਰਖਕੇ ਹੇਠਾਂ ਅੱਗ ਜਲਾ ਦਿਤੀ ਗਈ। ਜ਼ੇਬਾਂ ਦੇਗ਼ ਪਾਸ ਜਾਕੇ ਕਹਿਣ  ਲਗੀ,"ਅਕਾਲ ਜੀ! ਤੁਸੀਂ ਮੈਨੂੰ ਪਿਆਰ ਕੀਤਾ ਹੈ ਤੇ ਮੇਰੇ ਲਈ ਸੀ ਕੁਝ ਕਰ ਗੁਜ਼ਰਣ ਲਈ ਤਿਆਰ ਸੌ, ਅਜ ਤੁਹਾਡੀ ਪਿਆਰ-ਪ੍ਰੀਖਿਆ ਲਗੀ ਹੈ, ਵੇਖਣਾ ਕਿਧਰੇ ਡੌਲ ਨਾ ਜਾਣਾ। ਖੌਲਦੇ ਪਾਣੀ ਉਬਲ ਕੇ ਮਰ ਜਾਣਾ,ਪਰ ਪ੍ਰੇਮ ਦੇ ਪਾਕ ਨਾਂ ਤੇ ਧੱਬਾ ਨਾ ਲਾਣਾ-।"
ਆਕਲ ਨੂੰ ਆਪਣੇ ਕੀਤੇ ਸਾਰੇ ਵਾਹਿਦੇ ਯਾਦ ਸਨ ਤੇ ਉਹ ਉਨ੍ਹਾਂ ਪ੍ਰਵਾਨਿਆਂ ਵਿਚੋਂ ਸੀ ਜਿਹੜੇ ਸ਼ਮਾ ਪੁਰ ਮਰ ਮਿਟਣਾ ਜਾਣਦੇ ਸਨ, ਪਰ ਮੂੰਹੋਂ ਸੀ ਨਹੀਂ ਕਰਦੇ। ਉਹ ਪਿਆਰ ਵੇਦੀ ਪੁਰ ਹਸਦਾ ਹਸਦਾ ਕੁਰਬਾਨ ਹੋ ਗਿਆ, ਪਰ ਪ੍ਰੇਮ ਦੇ ਪਵਿੱਤ੍ਰ ਨਾਂ ਨੂੰ ਧਬਾ ਨਾ ਲਗਣ ਦਿਤਾ।
ਆਕਲ ਖਾਂ ਦੀ ਦਰਦਨਾਕ ਮੌਤ ਪਿਛੋਂ ਜ਼ੇਬਾਂ ਦੀ ਦੁਨੀਆ ਸੁੰਞੀ ਗਈ। ਉਹ ਦਿਨ ਰਾਤ ਆਪਣੇ ਮਾਹੀ ਨੂੰ ਯਾਦ ਕਰ ਕੇ ਰੋਂਦੀ ਤੇ ਆਪਣੇ ਪਿਤਾ ਦੀ ਬੇਤਰਸੀ ਤੇ ਆਪਣੀ ਕਮਜ਼ੋਰੀ ਪੁਰ ਘੰਟਿਆਂ ਬਧੀ ਅਥਰੂ ਕੇਰਦੀ ਰਹਿੰਦੀ। ਬਾਦਸ਼ਾਹ ਉਸਦਾ ਇਹ ਰੋਣਾ ਵੀ ਨਾ ਸਹਾਰ ਸਕਿਆ। ਉਸਨੂੰ ਸਲੀਮ ਗੜ ਦੇ ਕਿਲੇ ਵਿੱਚ ਕੈਦ ਕਰ ਦਿਤਾ ਗਿਆ ਤੇ ਉਸਦੀ ਚਾਰ ਲਖ ਸਾਲਾਨਾ ਦੀ ਪੈਨਸ਼ਨ ਵੀ ਬੰਦ ਕਰ ਦਿਤੀ ਗਈ। ਨੌਜਵਾਨ ਪ੍ਰੇਮਕਾ ਦੀਆਂ ਮਾਸੂਮ ਰੀਝਾਂ ਨੂੰ ਬੜਾ ਬੇ- ਰਹਿਮੀ ਨਾਲ ਇਸੇ ਕਿਲ੍ਹੇ 'ਚਿ ਕੁਚਲਿਆ ਗਿਆ। ਉਸਦੀਆਂ ਦਰਦ ਨਾਕ ਨਜ਼ਮਾਂ ਤੋਂ ਪਤਾ ਲਗਦਾ ਹੈ ਕਿ ਜ਼ੇਬਾਂ ਨੇ ਇਹ ਮੁਸੀਬਤ-ਕਾਲ ਕਿਸ ਤਰਾਂ ਕਟਿਆ ਸੀ- "ਅਜ ਆਪਣੇ ਪਰਾਏ ਹੋ ਗਏ ਹਨ-ਦੋਸਤ ਦੁਸ਼ਮਣ ਬਣ ਬੈਠੇ ਹਨ। ਖੁਦਾਇਆ! ਜਦ ਦੁਨੀਆਂ ਇੰਨੀ ਬਦਲ ਗਈ ਹੈ, ਇਤਨੀ ਬੇਤਰਸ ਤੇ ਜ਼ਾਲਮ ਹੋ ਗਈ ਹੈ, ਤਾਂ ਮੈਨੂੰ ਸੰਸਾਰ ਤੋਂ ਕਿਉਂ ਨਹੀਂ ਉਠਾ ਲੈਂਦਾ-।"
੨੬ ਮਈ ਸੰਨ ੧੭੦੨ ਈ: ਨੂੰ ਜੇਬਾਂ ਇਸ ਪ੍ਰੇਮ-ਹੀਣ ਸੰਸਾਰ ਨੂੰ ਛਡਕੇ ਆਪਣੇ ਪ੍ਰੇਮੀ ਪਾਸ ਤੁਰ ਗਈ। ਜਦ ਔਰੰਗਜ਼ੇਬ ਨੇ ਇਹ ਸਾਰੀ ਦਾਸਤਾਨ ਸੁਣੀ, ਤਾਂ ਉਸਦਾ ਪਿਤਾ-ਹਿਰਦਾ ਰੋ ਉਠਿਆ ਉਸ ਦੀਆਂ ਜ਼ਾਲਮ ਖੂੰ-ਖਾਰ ਤੇ ਗੁਸੈਲ ਅਖਾਂ ਚੋਂ ਅਥਰੂਆਂ ਦੀ ਗੰਗਾ ਵਹਿ ਨਿਕਲੀ। ਜੇਬਾਂ ਦੀ ਆਤਮਾ ਦੀ ਸ਼ਾਂਤੀ ਲਈ ਬਾਦਸ਼ਾਹ ਨੇ ਦਿਲ ਖੋਹਲਕੇ ਗਰੀਬਾਂ ਨੂੰ ਦਾਨ ਦਿਤਾ। ਦਿਲੀ ਦੇ ਬਾਹਰਵਾਰ ਜਹਾਨ-ਆਰਾ ਦੇ ਬਣਵਾਏ ਬਾਗ਼ ਵਿਚ ਜ਼ੇਬਾਂ ਦਾ ਮਕਬਰਾ ਬਣਵਾਇਆ ਗਿਆ। ਪੰਛੀਆਂ ਵਾਂਗ ਮਹੱਲ ਵਿਚ ਟਪੋਸੀਆਂ ਲਾਣ ਵਾਲੀ ਜੇ਼ਬਉਲਨਿਸਾਂ ਦੀ ਸਮਾਧ ਵੀ ਅਜ ਕਹਿਣ ਸੁਣਨ ਦੀ ਇਕ ਕਹਾਣੀ ਬਣਕੇ ਰਹਿ ਗਈ ਹੈ।*


*ਸੰਨ ੧੬੬੨ ਈ: ਵਿਚ ਔਰੰਗਜ਼ੇਬ ਦੀ ਪੁਤ੍ਰੀ ਜ਼ਬਿੰਦਾ ਬੇਗ਼ਮ (ਜ਼ੇਬਉਲਨਿਸਾਂ) ਨੇ ਲਾਹੌਰ ਵਿਚ ਆਪਣੀ ਮਨ ਪਸੰਦ ਦਾ ਇਕ ਅਤ-ਸੁੰਦਰ ਬਾਗ ਬਣਵਾਇਆ। ਉਸ ਦੇ ਇਕ ਸਿਰੇ ਪੁਰ ਚਾਰ ਉਚੇ ਅਕਾਸ਼ ਨਾਲ ਗਲਾਂ ਕਰਦੇ ਬੁਰਜ ਸਨ, ਜਿਨ੍ਹਾਂ ਚੋਂ ਲੰਘਕੇ ਬਾਗ਼ ਅੰਦਰ ਜਾਈਦਾ ਹੈ। ਇਨ੍ਹਾਂ ਬੁਰਜਾਂ ਦਾ ਹੀ ਨਾਂ ਚਬੁਰਜੀ ਹੈ। ਬਾਗ ਬਣ ਜਾਣ ਪਿੱਛੋਂ ਇਹ ਜੇਬਾਂ ਦੀ ਪਿਆਰੀ ਸਖੀ ਮੀਆਂ ਬਾਈ ਦੇ ਨਾਂ ਤੇ ਮਸ਼ਹੂਰ ਹੋ ਗਿਆ, ਜਿਸ ਪੁਰ ਸ਼ਹਿਜ਼ਾਦੀ ਨੇ ਇਸੇ ਨੂੰ ਇਹ ਭੇਟ ਕਰ ਦਿਤਾ।
ਜ਼ੇਬਾਂ ਦੀ ਆਪਣੇ ਪ੍ਰੇਮੀ ਆਕਲ ਖਾਂ ਨਾਲ ਪਹਿਲੀ ਮੁਲਾਕਾਤ ਇਸੇ ਬਾਗ ਵਿਚ ਹੋਈ ਜਾਪਦੀ ਹੈ, ਤੇ ਸਦਾ ਲਈ ਇਕ ਦੂਜੇ ਦੇ ਹੋ ਜਾਣ ਦੇ ਕੌਲ ਇਕਰਾਰ ਵੀ ਇਥੇ ਹੀ ਹੋਏ ਹੋਣਗੇ।
ਚੋਬੁਰਜੀ ਦੀ ਇਹ ਇਤਿਹਾਸਕ ਇਮਾਰਤ ਗਵਰਨਮੈਂਟ ਕਵਰਾਟਰਾਂ ਪਾਸ ਹੈ। ਅਜ ਬਾਗ਼ ਦਾ ਨਾਮੋ-ਨਿਸ਼ਾਨ ਮਿਟ ਚੁਕਾ ਹੈ, ਪਰ ਇਸਦੇ ਇਕ ਸਿਰੇ ਪੁਰ ਖੜੋਤੇ ਬੁਰਜ ਆਪਣੀ ਮਲਕਾ ਦੀ ਪਿਆਰ ਕਹਾਣੀ ਪੁਕਾਰ ਪੁਕਾਰ ਕੇ ਸੁਣਾ ਰਹੇ ਹਨ।