ਪ੍ਰੀਤ ਕਹਾਣੀਆਂ/ਕਮਾਲ ਪਾਸ਼ਾ ਦਾ ਨਾਕਾਮ ਪ੍ਰੇਮ

ਵਿਕੀਸਰੋਤ ਤੋਂ
ਪ੍ਰਦੇਸ
ਕਮਾਲ ਪਾਸ਼ਾ ਦਾ ਨਾਕਾਮ-ਪ੍ਰੇਮ

ਵਡੀ ਜੰਗ ਪਿਛੋਂ ਯੂਨੀਨੀਆਂ ਤੇ ਤੁਰਕਾਂ ਦੀਆਂ ਆਪੋ ਵਿਚ ਬੜੀਆਂ ਖੂਨੀ ਲੜਾਈਆਂ ਹੋ ਰਹੀਆਂ ਸਨ। ਇਕ ਪਾਸੇ ਆਪਣੇ ਵਤਨ ਤੇ ਮਰ ਮਿਟਣ ਦੀ ਖਾਹਿਸ਼ ਸੀ, ਤੇ ਦੂਜੇ ਪਾਸੇ ਤੁਰਕਾਂ ਦੀ ਕਮਜ਼ੋਰੀ ਤੋਂ ਫ਼ਾਇਦਾ ਉਠਾਣ ਦਾ ਲਾਲਚ ਤੇ ਮੁਲਕਗੀਰੀ ਦੀ ਹਿਵਸ ਸੀ। ਤੁਰਕਾਂ ਨੇ ੧੯੨੨ ਵਿਚ ਪਹਿਲੀ ਵਾਰ ਕਮਾਲ ਪਾਸ਼ਾ ਦੀ ਕਮਾਨ ਹੇਠਾਂ ਯੂਨੀਨੀਆਂ ਦੇ ਦੰਦ ਖਟੇ ਕੀਤੇ। ਯੂਨਾਨੀ ਨਠ ਤੁਰੇ ਤੇ ਰਾਹ ਵਿਚ ਆਏ ਕਈ ਪਿੰਡਾਂ ਨੂੰ ਸਾੜਦੇ ਤੇ ਗਰੀਬ ਤੀਵੀਆਂਂ ਬੁਢਿਆਂ ਤੇ ਬਚਿਆਂ ਦੇ ਖੂਨ ਨਾਲ ਆਪਣੇ ਹਥ ਰੰਗਦੇ ਗਏ।

ਕਮਾਲ ਪਾਸ਼ਾ ਨੇ ਅਨਾਤੋਲੀਆ ਤੇ ਕਬਜ਼ਾ ਕਰ ਲਿਆ। ਫੌਜਾਂਂ ਜੇਤੂ ਝੰਡੇ ਲਈ ਸ਼ਹਿਰ ਵਿਚ ਦਾਖਲ ਹੋਈਆਂ। ਸਾਰਾ ਸ਼ਹਿਰ ਨਵੀਂ ਦੁਲਹਨ ਵਾਂਗ ਖੂਬ ਸਜਾਇਆ ਗਿਆ ਸੀ। ਬਜ਼ਾਰਾਂ ਵਿਚ ਚੌਹੀਂ ਪਾਸੀਂ ਲੋਕੀ ਕਮਾਲ ਤੇ ਉਸ ਦੇ ਬਹਾਦਰ ਸਿਪਾਹੀਆਂ ਦੇ ਦਰਸ਼ਨਾਂ ਲਈ ਖੜੋਤੇ ਖੁਸ਼ੀ ਦੇ ਅਥਰੂ ਕੇਰ ਰਹੇ ਸਨ।

ਫੌਜਾਂ ਨੇ ਜਲੂਸ ਪਿਛੋਂ ਆਪਣੇ ਕੈਂਪਾਂ ਵਿਚ ਆਰਾਮ ਕੀਤਾ ਤੇ ਇੰਨੇ ਦਿਨਾਂ ਦੇ ਫ਼ਾਕਿਆਂ ਪਿਛੋਂ ਰਜ ਕੇ ਰੋਟੀ ਖਾਧੀ, ਤੇ ਨਾਚ ਪਾਰਟੀਆਂ ਤੇ ਰੰਗਾ ਰੰਗ ਦੀਆਂ ਮਹਿਫ਼ਲਾਂ ਨੇ ਮੁੜ ਸ਼ਹਿਰ ਵਿਚ ਖੇੜਾ ਲਿਆ ਦਿਤਾ। ਮਾਨੋ ਸੁਕੇ ਤੇ ਉਜੜੇ ਬਾਗ਼ ਦੇ ਸਭ ਫੁਲਾਂਂ ਤੇ ਮੁੜ ਜੋਬਨ ਆ ਗਿਆ ਸੀ।

ਕਮਾਲ ਪਾਸ਼ਾ ਨੂੰ ਇਸ ਰਾਤ ਵੀ ਨੀਂਦ ਨਾ ਆਈ। ਉਸ ਸਾਹਮਣੇ ਕਸਤੁਨਤੁਨੀਆਂ ਦੀ ਦਰਦਨਾਕ ਤਸਵੀਰ ਖੜੋਤੀ ਸੀ। ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਸ਼ਹਿਰ ਨੂੰ ਦੁਸ਼ਮਣਾ ਹਥੋਂ ਬਚਾਣਾ ਚਾਹੁੰਦਾ ਸੀ। ਇਸੇ ਫਿਕਰ ਵਿਚ ਉਹ ਗ਼ਲਤਾਨ ਆਪਣੇ ਕਮਰੇ ਵਿਚ ਬੈਠਾ ਸੋਚਾਂ ਦੇ ਘੋੜੇ ਦੌੜਾ ਰਿਹਾ ਸੀ ਕਿ ਪਹਿਰੇਦਾਰ ਨੇ ਖ਼ਬਰ ਕੀਤੀ ਕਿ ਇਕ ਬੁਰਕਾ ਪੋਸ਼ ਤੀਵੀਂ ਉਸ ਨੂੰ ਮਿਲਣਾ ਚਾਹੁੰਦੀ ਹੈ। ਕਮਾਲ ਪਾਸ਼ਾ ਨੇ ਹਾਲੀਂਂ ਕੋਈ ਜਵਾਬ ਵੀ ਨਹੀਂ ਸੀ ਦਿਤਾ ਕਿ ਉਹ ਤੀਵੀਂ ਅੰਦਰ ਆ ਗਈ! ਉਹ ਬੜੀ ਹੁਸੀਨ ਤੇ ਜੋਬਨ ਮਤੀ ਕੋਈ ਸਵੱਰਗੀ ਅਪੱਛਰਾਂ ਜਾਪਦੀ ਸੀ। ਯੂਰਪੀਨ ਲਿਬਾਸ, ਕਾਲੀਆਂ ਚਮਕੀਲੀਆਂ ਅੱਖਾਂ, ਨਾਗ ਵਾਂਗ ਕੁੰਡਲਦਾਰ ਜ਼ੁਲਫਾਂ,ਕਣਕ ਭਿੰਨਾਂ ਰੰਗ, ਚੜ੍ਹਦੀ ਜਵਾਨੀ, ਕਮਾਲ ਪਾਸ਼ਾ ਦੀਆਂ ਕਾਲੀਆਂ ਅੱਖਾਂ ਵਿਚ ਅੱਖਾਂ ਪਾਈ ਸਾਹਮਣੀ ਕੁਰਸੀ ਤੇ ਬੈਠ ਗਈ। ਉਸਦਾ ਨਾਂ ਲਤੀਫਾਂ ਖਾਨਮ ਸੀ। ਕਮਾਲ ਪਾਸ਼ਾ ਹੈਰਾਨ ਸੀ ਕਿ ਸੁਪਨਾ ਦੇਖ ਰਿਹਾ ਸੀ, ਜਾਂ ਸਚ ਮੁਚ ਉਸ ਸਾਹਮਣੇ ਕੋਈ ਸੁੰਦਰਤਾ ਦੀ ਮਲਕਾ ਬੈਠੀ ਸੀ। ਉਹ ਕਿੰਨਾ ਚਿਰ ਬੁਤ ਬਣਿਆ ਖਾਮੋਸ਼ ਬੈਠਾ ਰਿਹਾ। ਅਖੀਰ ਆਪਣੀਆਂ ਬਿਖਰੀਆਂ ਸ਼ਕਤੀਆਂ ਇਕੱਠਿਆਂ ਕਰ ਕੇ ਪੁਛਣ ਲਗਾ"ਸ੍ਰੀ ਮਤੀ ਜੀ! ਮੈਂ ਆਪ ਦੀ ਕੀ ਸੇਵਾ ਕਰ ਸਕਦਾ ਹਾਂ?" ਸੁੰਦਰੀ ਨੇ ਮੁਸਕਰਾਂਦਿਆਂ ਹੋਇਆਂ ਕਿਹਾ "ਕੌਮ ਦੇ ਪਿਆਰੇ ਤੇ ਬਹਾਦਰ ਜਰਨੈਲ! ਮੈਂ ਇਥੋਂ ਦੇ ਇਕ ਰਈਸ ਦੀ ਧੀ ਹਾਂ, ਮੇਰੇ ਪਿਤਾ ਕਈ ਜਹਾਜ਼ਾਂ ਤੇ ਕਾਰਖਾਨਿਆਂ ਦੇ ਮਾਲਕ ਹਨ,ਮੈਂਂ ਆਪ ਹੁਣੇ ਪੈਰਸੋਂ ਆਪਣੀ ਪੜ੍ਹਾਈ ਖ਼ਤਮ ਕਰ ਕੇ ਵਾਪਸ ਦੇਸ ਮੁੜੀ ਹਾਂ, ਮੇਰੇ ਪਿਤਾ ਜੀ ਦਾ ਖਿਆਲ ਹੈ ਕਿ ਸਾਡੀ ਸ਼ਾਨਦਾਰ ਕੋਠੀ ਮੁਲਕ ਦੇ ਬਹਾਦਰ ਸਪੂਤ ਦੀ ਭੇਟ ਕਰ ਦਿਤੀ ਜਾਵੇ, ਤੇ ਹੁਣ ਮੈਂ ਇਹੋ ਨਾ-ਚੀਜ਼ ਭੇਟ ਲੈਕੇ ਆਪ ਦੀ ਸੇਵਾ ਵਿਚ ਹਾਜ਼ਰ ਹੋਈ ਹਾਂ।"

ਕਮਾਲ ਪਾਸ਼ਾ ਨੇ ਇਹ ਭੇਟ ਸਵੀਕਾਰ ਕਰ ਲਈ।

ਇਹ ਕੋਠੀ ਇਕ ਰਮਣੀਕ ਪਹਾੜੀ ਤੇ ਸੀ। ਜਿਸ ਨੂੰ ਚਹੁੰ ਪਾਸਿਓਂਂ ਚਿਨਾਰ-ਕਦ ਦਰਖ਼ਤਾਂ ਨੇ ਘੇਰਿਆ ਹੋਇਆ ਸੀ। ਬਾਂਗ ਦੇ ਪਹਾੜੀ ਫੁਲਾਂ ਨੇ ਖੁਸ਼ਬੂ ਨਾਲ ਸਾਰੀ ਵਾਦੀ ਨੂੰ ਮਹਿਕਾ ਦਿਤਾ ਸੀ। ਮੁਦਤਾਂ ਦੇ ਥਕੇ ਟੁਟੇ ਕਮਾਲ ਨੂੰ ਇਸ ਥਾਂ ਤੇ ਆਤਮਕ ਆਰਾਮ ਮਿਲਿਆ। ਇਥੇ ਕੰਨ ਖਾਣ ਵਾਲੀਆਂ ਤੋਪਾਂ ਦੀ ਆਵਾਜ਼ ਤੇ ਅੱਖਾਂ ਸਾਹਮਣੇ ਲੜਾਈ ਦੇ ਭਿਆਨਕ ਸੀਨ ਨਹੀਂ ਸਨ——ਜਦ ਲਤੀਫਾ ਕਮਾਲ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਤੇ ਹੁਸੀਨ ਨਗ਼ਮੇ ਗਾਉਂਦੀ ਸੀ ਤਾਂ ਕਮਾਲ ਨੂੰ ਬੀਤੇ ਦੇ ਸਭ ਦੁਖ ਭੁਲ ਜਾਂਦੇ। ਜਿਹੜਾ ਬਹਾਦਰ ਤੇ ਸਖਤ-ਦਿਲ ਤਰੇ-ਪੋਲੀ ਤੇ ਗੇਲੀ-ਪੋਲੀ ਜਿਹੇ ਜੰਗ ਦੇ ਖ਼ੂਨੀ ਮੈਦਾਨ ਵਿਚ ਨਹੀਂ ਸੀ ਧੜਕਿਆ, ਉਸਦੀ ਧੜਕਣ ਅਜ ਸਾਫ਼ ਸੁਣਾਈ ਦੇ ਰਹੀ ਸੀ। ਜਿਹੜਾ ਸਿਰ ਯੂਰਪ ਦੀਆਂ ਜਾਬਰ ਹਕੂਮਤਾਂ ਅਗੇ ਕਦੀ ਨਹੀਂ ਸੀ ਝੁਕਿਆ, ਉਹ ਅੱਜ ਲਤੀਫ਼ਾ ਦੀਆਂ ਅੱਖਾਂ ਦੇ ਅਣਿਆਲੇ ਤੀਰਾਂ ਦੇ ਵਾਰ ਨਾ ਸਹਾਰਦਿਆਂ ਹੋਇਆਂ ਝੁਕ ਗਿਆ।

ਸ਼ਾਮ ਦੀ ਰੋਟੀ ਪਿਛੋਂ ਦੋਵੇਂ ਪ੍ਰੇਮੀ ਪਹਾੜੀ ਬੰਗਲੇ ਦੇ ਬਰਾਂਡੇ ਵਿੱਚ ਖੜੋਤੇ ਸਨ। ਚੌਧਵੀਂ ਦਾ ਚੰਨ ਆਪਣੇ ਪੂਰੇ ਜੋਬਨ ਵਿਚ ਸੀ, ਹੇਠਾਂ ਵਾਦੀ ਵਿਚ ਫ਼ੌਜੀਆਂ ਦੇ ਤੰਬੂਆਂ 'ਚਿ ਜਗ ਰਹੇ ਦੀਵੇ ਤਾਰਿਆਂ ਵਾਂਗ ਟਿਮ-ਟਿਮਾ ਰਹੇ ਸਨ। ਹਾਲੀਂ ਸ਼ਹਿਰ ਵੀ ਸਜ-ਵਿਆਹੀ ਦੁਲਹਨ ਵਾਂਗ ਸਜਿਆ ਹੋਇਆ ਸੀ। ਕਮਾਲ ਕਾਮ ਦੇਵ ਦੇ ਹੋਰ ਵਾਰ ਨਾ ਸਹਿ ਸਕਿਆ। ਉਸ ਨੇ ਆਪਣੀਆਂ ਫ਼ੌਲਾਦੀ ਬਾਹਾਂ ਵਿਚ ਹੁਸੀਨ ਪ੍ਰੇਮਕਾ ਨੂੰ ਜਕੜ ਲਿਆ, ਤੇ ਚੁੰਮਣਾ ਨਾਲ ਉਸਦੀਆਂ ਸੰਧੂਰੀ ਗੱਲ੍ਹਾਂ ਨੂੰ ਲਾਲ ਸੁਰਖ ਕਰ ਦਿਤਾ।

ਸੁੰਦਰੀ ਨੇ ਕਮਾਲ ਨੂੰ ਪਿਆਰ ਨਾਲ ਪਰੇ ਧਕਦਿਆਂ ਹੋਇਆ, ਕਿਹਾ-"ਮੈਨੂੰ ਤੁਹਾਡੇ ਨਾਲ ਮੁਹੱਬਤ ਹੈ, ਪਰ........।"

ਕਮਾਲ ਨੇ ਫਿਰ ਸੁੰਦਰੀ ਨੂੰ ਘੁਟ ਕੇ ਫੜ ਲਿਆ। ਬਾਕੀ ਫ਼ਿਕਰਾ ਉਸ ਦੇ ਹੋਠਾਂ ਵਿਚ ਹੀ ਗੁੰਮ ਹੋ ਕੇ ਰਹਿ ਗਿਆ। ਕਮਾਲ ਨੇ ਕਿਹਾ- "ਪਿਆਰੀ ਲਤੀਫ਼ਾ! ਮੈਂ ਤੁਹਾਨੂੰ ਅਪਨਾਣਾ ਚਾਹੁੰਦਾ ਹਾਂ, ਤੇ ਅਜ ਦੀ ਦੀ ਰਾਤੇਂ- ਹੁਣੇ- ਇਸੇ ਘੜੀ।"

ਲਤੀਫ਼ਾ ਨੇ ਆਪਣੀਆਂ ਸ਼ਰਬਤੀ ਅੱਖਾਂ ਕਮਾਲ ਦੇ ਚਿਹਰੇ ਤੇ ਗਡ ਕੇ ਕਿਹਾ, "ਫਿਰ ਕੀ ਤੁਸੀ ਆਪਣੀ ਪ੍ਰੇਮਿਕਾ ਨਾਲ ਸ਼ਾਦੀ ਕਰਨ ਲਈ ਤਿਆਰ ਹੋ?"

"ਦੋਹਾਂ ਰੂਹਾਂ ਦੇ ਮਿਲਾਪ ਨੂੰ ਹੀ ਸ਼ਾਦੀ ਕਿਹਾ ਜਾਂਦਾ ਹੈ ਮੇਰੀ ਲਤੀਫ਼ਾ! ਪਰ ਕੀ ਸ਼ਾਦੀ ਦੀਆਂ ਫਜ਼ੂਲ ਰਸਮਾਂ ਤੁਹਾਡੇ ਲਈ ਵੀ ਕੋ ਅਰਥ ਰਖਦੀਆਂ ਹਨ, ਲਤੀਫ਼ਾ! ਲੰਮੀ ਦਾੜ੍ਹੀ ਵਾਲੇ ਮੌਲਵੀ ਦੇ ਮੂੰਹੋਂ ਨਿਕਲੇ ਸ਼ਬਦਾਂ ਬਿਨਾਂ ਕੀ ਸ਼ਾਦੀ ਨਹੀਂ ਹੋ ਸਕਦੀ? ਤੁਸੀ ਤੇ ਪੜ੍ਹੇ ਲਿਖੇ ਸਿਆਣੇ ਹੋਤੁਹਾਡੇ ਲਈ ਇਹਨਾਂ ਮਜ਼੍ਹਬੀ ਰਸਮਾਂ ਦੀ ਕੋਈ ਕੀਮਤ ਨਹੀਂ ਹੋਣੀ ਚਾਹੀਦੀ- ਮੇਰੇ ਦਿਲ ਦੀ ਮਲਕਾ!—— ਤੇ ਨਾਲੇ ਆਪਣੇ ਵਤਨ ਨੂੰ ਆਜ਼ਾਦ ਕਰਾਏ ਬਿਨਾਂ ਸ਼ਾਦੀ ਕਰਾਣ ਦੀ ਸਹੁੰ ਖਾਧੀ ਹੋਈ ਹੈ, ਮੇਰੀ ਪਿਆਰੀ....!" ਕਮਾਲ ਨੇ ਆਪਣਾ ਆਪ ਸੰਭਾਲਦੇ ਹੋਏ ਕਿਹਾ।

"ਤੁਸੀ ਠੀਕ ਆਖਦੇ ਹੋ, ਮੇਰੇ ਮਿਠੇ ਕਮਾਲ! ਪਰ ਸਿਆਣਾ ਜੋਹਿਰੀ ਆਪਣੇ ਕੀਮਤੀ ਹੀਰਿਆਂ ਨੂੰ ਲੁਟਾਉਣਾ ਨਹੀਂ ਚਾਹੁੰਦਾ। ਮੈਂ ਵੀ ਕਸਮ ਖਾਧੀ ਹੋਈ ਹੈ ਕਿ ਬਿਨਾਂ ਸ਼ਾਦੀ ਕੀਤੇ ਆਪਣੇ ਆਪ ਨੂੰ ਕਿਸੇ ਦੇ ਹਵਾਲੇ ਨਹੀਂ ਕਰਾਂਗੀ।" ਲਤੀਫ਼ਾ ਨੇ ਨੇੜੇ ਹੋ ਕੇ ਕਿਹਾ।

ਚੰਨ ਬਦਲਾਂ ਦੇ ਉਹਲੇ ਛਿਪ ਗਿਆ ਸੀ, ਪਰ ਕਮਾਲ ਕਿੰਨਾ ਚਿਰ ਆਪਣੀਆਂ ਅੱਖਾਂ ਲਤੀਫ਼ਾ ਦੇ ਚਿਹਰੇ ਤੇ ਗਡੀ ਖੜੋਤਾ ਰਿਹਾ।

ਕੁਝ ਛਿਨਾਂ ਦੀ ਖਾਮੋਸ਼ੀ ਮਗਰੋਂ ਕਮਾਲ ਤੇਜ਼ ਕਦਮ ਉਠਾਂਦਾ ਹੋਇਆ ਆਪਣੇ ਕਮਰੇ ਵਿਚ ਚਲਾ ਗਿਆ। ਸਵੇਰੇ ਉਠਦਿਆਂ ਹੀ ਲਤੀਫ਼ਾ ਨੂੰ ਪਤਾ ਲਗਾ, ਕਿ ਤੁਰਕੀ ਦਾ ਬਹਾਦਰ ਜਰਨੈਲ ਆਪਣੇ ਵਤਨ ਦੀ ਗੁਲਾਮੀ ਦੀਆਂ ਜ਼ੰਜੀਰਾਂ ਕਟਣ ਆਪਣੀਆਂ ਫੌਜਾਂ ਸਣੇ ਬਰੋਸਾ ਵਲ ਕੂਚ ਕਰ ਗਿਆ ਹੈ।