ਸਮੱਗਰੀ 'ਤੇ ਜਾਓ

ਪ੍ਰੀਤ ਕਹਾਣੀਆਂ/ਨਾਦਰ ਸ਼ਾਹ ਤੇ ਸਿਤਾਰਾ

ਵਿਕੀਸਰੋਤ ਤੋਂ
ਦੇਸ
ਨਾਦਰ ਸ਼ਾਹ ਤੇ ਸਿਤਾਰਾ

ਹਿੰਦ ਵਿਚ ਮੁਗਲ ਹਕੂਮਤ ਤੇ-ਜਿਸ ਦੀਆਂ ਜੜਾਂ ਸਤ ਸਦੀਆਂ ਵਿਚ ਕਾਫੀ ਮਜ਼ਬੂਤ ਹੋ ਗਈਆਂ ਸਨ-ਇਕ ਵਕਤ ਅਜਿਹਾ ਵੀ ਆਇਆ, ਜਦ ਉਹ ਨਾਦਰ ਸ਼ਾਹ ਦੇ ਜ਼ਾਲਮ ਤੇ ਲਹੂ ਪੀਣੇ ਹਥਾਂ ਵਿਚ ਇਕ ਕਮਜ਼ੋਰ ਜਾਨਵਰ ਵਾਂਗ ਫੜ ਫੜਾ ਰਹੀ ਸੀ! ਨਾਦਰ ਸ਼ਾਹ ਨੂੰ ਯਕੀਨ ਸੀ ਕਿ ਜਿਨ੍ਹਾਂ ਹਸਰਤਾਂ ਨੂੰ ਸੀਨੇ ਵਿੱਚ ਦਬਾਈ ਸਕੰਦਰ ਵਾਪਸ ਮੁੜਿਆ ਸੀ ਉਨਾਂ ਦੇ ਪ੍ਰਫੁਲਤ ਹੋਣ ਵਿਚ ਥੋੜੀ ਹੀ ਦੇਰੀ ਬਾਕੀ ਹੈ।
ਜਦ ਉਹ ਤਖਤ ਪੁਰ ਬੈਠਾ, ਤਾਂ ਈਰਾਨ ਦੀ ਹਾਲਤ ਬੜੀ ਡਾਵਾਂ ਡੋਲ ਸੀ। ਤੁਰਕੀ, ਅਫਗਾਨਿਸਤਾਨ ਤੇ ਰੂਸੀ ਹਕੂਮਤਾਂ ਚਹੁੰ ਪਾਸਿਉਂ ਮੂੰਹ ਟਡੀ ਖੜੋਤੀਆਂ ਸਨ। ਬਗਾਵਤਾਂ ਤੇ ਸਾਜ਼ਸ਼ਾਂ ਨਾਲ ਮੁਲਕ ਬੇਹਦ ਕਮਜ਼ੋਰ ਹੋ ਗਿਆ ਸੀ, ਪਰ ਨਾਦਰ ਦੀ ਸਿਆਣਪ ਨਾਲ

ਬਹੁਤ ਛੇਤੀ ਮੁਲਕ ਵਿਚ ਅਮਨ ਕਾਇਮ ਹੋ ਗਿਆ |
ਆਪਣੇ ਮੁਲਕ ਵਿਚ ਅਮਨ ਹੋ ਜਾਣ ਤੇ ਉਸਨੇ ਹਿੰਦੁਸਤਾਨ ਪੁਰ ਚੜਾਈ ਕਰ ਦਿਤੀ। ਉਹਨਾਂ ਦਿਨਾਂ ਵਿਚ ਮੁਗ਼ਲ ਬਾਦਸ਼ਾਹ, ਮੁਹੰਮਦ ਸ਼ਾਹ ਰੰਗੀਲਾ ਹਿੰਦੁਸਤਾਨ ਦਾ ਬਰਾਏ-ਨਾਮ ਬਾਦਸ਼ਾਹ ਸੀ। ਮੁਗਲ ਹਕੂਮਤ ਕਾਫ਼ੀ ਕਮਜ਼ੋਰ ਹੋ ਗਈ ਸੀ। ਨਾਦਰ ਸ਼ਾਹ ਰਾਹ ਦੇ ਛੋਟੇ ਮੋਟੇ ਸੂਬਿਆਂ ਨੂੰ ਮਿਟੀ ਵਿਚ ਰੋਲਦਾ ਦਿਲੀ ਆ ਪੁਜਾ | ਰੰਗੀਲੇ ਬਾਦਸ਼ਾਹ ਵਿਚ ਇਨੀ ਹਿੰਮਤ ਕਿਥੇ, ਕਿ ਉਹ ਮੁਕਾਬਲੇ ਲਈ ਨਿਕਲਦਾ। ਉਹ ਬਹੁਤ ਸਾਰੇ ਤੋਹਫ਼ੇ ਲੈ ਕੇ ਨਾਦਰ ਸ਼ਾਹ ਦੀ ਸੇਵਾ ਵਿਚ ਸਮਝੌਤੇ ਦੀ ਬਿਨੈ ਲੈਕੇ ਹਾਜ਼ਰ ਹੋਇਆ। ਨਾਦਰ ਸ਼ਾਹ ਨੇ ਇਹ ਦਰਖਾਸਤ ਠੁਕਰਾ ਦਿਤੀ, ਕਿਉਂਕਿ ਇਕ ਵਾਰ ਮੁਹੰਮਦ ਸ਼ਾਹ ਨੇ ਨਾਦਰ ਸਬੰਧੀ ਨਫਰਤ ਭਰੇ ਸ਼ਬਦ ਕਹੇ ਸਨ।
ਨਾਦਰ ਸ਼ਾਹ ਦਾ ਖਿਆਲ ਸੀ, ਕਿ ਉਹ ਮੁਹੰਮਦ ਸ਼ਾਹ ਨੂੰ ਸਬਕ ਦੇਣ ਲਈ ਉਸਦੀ ਰਾਜਧਾਨੀ ਦੀ ਇਟ ਨਾਲ ਇਟ ਵਜਾ ਦੇਵੇ, ਇਨਾਂ ਸੋਚਾਂ ਵਿਚ ਹੀ ਉਹ ਡੁਬਿਆ ਸੀ, ਕਿ ਤੰਬੂ ਦੇ ਬਾਹਰੋਂ ਆਏ ਸ਼ੋਰ ਸ਼ਰਾਬੇ ਨੇ ਉਸਦੀ ਲੜੀ ਤੋੜ ਦਿਤੀ। ਪੁਛਣ ਤੇ ਪਤਾ ਲਗਾ, ਕਿ ਮੁਗਲ ਬਾਦਸ਼ਾਹ ਨੇ ਆਪਣੀ ਦਰਖਾਸਤ ਮੂਜਬ ਇਕ ਹਾਥੀ, ਕੁਝ ਘੋੜੇ, ਪੰਜਾਹ ਗੁਲਾਮ ਤੇ ਬਹੁਤ ਸਾਰੀਆਂ ਖੂਬਸੂਰਤ ਨੌਜਵਾਨ ਕੁੜੀਆਂ ਤੋਹਫੇ ਦੇ ਤੌਰ ਤੇ ਭੇਜ ਦਿੱਤੀਆਂ ਹਨ। ਉਸਦਾ ਖਿਆਲ ਸੀ, ਕਿ ਰਾਤ ਕਾਫੀ ਲੰਘ ਗਈ ਹੈ, ਤੇ ਇਨਾਂ ਚੀਜ਼ਾਂ ਨੂੰ। ਸਵੇਰੇ ਵੇਖੇ, ਪਰ ਨੌਜਵਾਨ ਕੁੜੀਆਂ, ਤੇ ਉਹ ਵੀ ਹਿੰਦੁਸਤਾਨੀ ਮੁਗਲ ਯੁਵਤੀਆਂ? ਉਸ ਦੇ ਮੂੰਹ ਚ ਪਾਣੀ ਭਰ ਆਇਆ, ਤੇ ਉਹ ਵਧੇਰੇ ਇੰਤਜ਼ਾਰ ਨਾ ਕਰ ਸਕਿਆ
ਉਸਨੂੰ ਪਹਿਲੀ ਨਜ਼ਰੇ ਵੇਖਣ ਤੇ ਹੀ ਯਕੀਨ ਹੋ ਗਿਆ ਸੀ,ਹਿੰਦੀ ਤੀਵੀਂਆਂ ਕਹਿਣ ਸੁਣਨ ਤੋਂ ਵਧੇਰੇ ਖੂਬਸੂਰਤ ਹਨ। ਇਨ੍ਹਾਂ ਚੋਂ ਇਕ ਤੋਂ ਇਕ ਵਧ ਹੁਸੀਨ ਸੀ। ਪਰ ਨਾਦਰ ਦੀਆਂ

ਨਜ਼ਰਾਂ ਇਕ ਯੁਵਤੀ ਪੁਰ ਜਮਕੇ ਖੜੋ ਗਈਆਂ, ਜਿਹੜੀ ਕਤਾਰ ਵਿਚਕਾਰ ਖੜੋਤੀ ਸੀ। ਉਚਾ ਲੰਮਾ ਕਦ, ਨਾਜ਼ਕ ਜਿਸਮ, ਉਸਦੀਆਂ ਗੱਲਾਂ ਅੰਗਿਆਰਾਂ ਵਾਂਗ ਭਖ ਰਹੀਆਂ ਸਨ, ਉਸਨੇ ਨਾਦਰ ਨਾਲ ਨਿਗਾਹਾਂ ਮਿਲਾਈਆਂ ਤੇ ਫਿਰ ਨੀਵੀਆਂ ਪਾ ਲਈਆਂ।
ਨਾਦਰ ਨੇ ਪੁਛਿਆ 'ਇਹ ਕੁੜੀ ਕੌਣ ਹੈ?"
ਖਵਾਜਾ-ਸਰਾ ਨੇ ਹਥ ਜੋੜ ਅਰਜ਼ ਕੀਤੀ ਹਜ਼ੂਰ ਇਹ ਰਾਜਪੁਤ ਕੰਵਾਰੀ ਕੁੜੀ ਹੈ।"
ਕੁੜੀ ਉਸ ਵਲ ਨਫ਼ਰਤ ਭਰੀ ਨਿਗਾਹ ਨਾਲ ਵੇਖਕੇ ਬੜੀ ਨਿਡਰਤਾ ਨਾਲ ਬੋਲੀ 'ਬਿਲਕੁਲ ਗਲਤ। ਇਹ ਸਭ ਬਕਭਾਸ਼ ਹੈ, ਮੇਰੀ ਸ਼ਾਦੀ ਹੋ ਚੁਕੀ ਹੈ।
ਖਵਾਜਾ ਸਰਾ ਕੁੜੀ ਦੀ ਗੁਸਤਾਖੀ ਨਾ ਸਹਾਰ ਸਕਿਆ, ਤੇ ਚਾਬਕ ਲੈ ਕੇ ਉਸਨੂੰ ਸਬਕ ਦੇਣ ਲਈ ਅਗੇ ਵਧਿਆ ਹੀ ਸੀ, ਕਿ ਸਤਾਰਾ ਆਪਣਾ ਤੇਜ਼ ਖੰਜਰ ਕਢਕੇ ਮੁਕਾਬਲੇ ਲਈ ਤਿਆਰ ਹੋ ਗਈ। ਬਹਾਦਰੀ, ਤੇ ਅਣਖ ਉਸਦੇ ਚਿਹਰੇ ਤੋਂ ਟਪਕ ਰਹੀ ਸੀ।
ਨਾਦਰ ਜ਼ੋਰ ਦੀ ਕਹਿਕਹਾ ਮਾਰਕੇ ਹਸਿਆ, ਤੇ ਸਤਾਰਾ ਨੂੰ ਕਹਿਣ ਲਗਾ ਇਹ ਖੰਜਰ ਮੈਨੂੰ ਦੇ ਦਿਓ।" ਪਰ ਮਾਨੋ ਸਤਾਰਾ ਨੇ ਸੁਣਿਆ ਹੀ ਨਹੀਂ, ਉਹ ਚੁਪ ਚਾਪ ਉਥੇ ਹੀ ਬੁਤ ਬਣੀ ਖੜੋਤੀ ਰਹੀ। ਨਾਦਰ ਨੇ ਦੋਬਾਰਾ ਉਹੀ ਸਵਾਲ ਕੀਤਾ,ਇਸ ਵਾਰ ਸਤਾਰਾ ਨੇ ਆਪਣਾ ਖੰਜਰ ਉਸਦੇ ਹਵਾਲੇ ਕਰ ਦਿਤਾ।
ਨਾਦਰ ਇਕ ਨਿਗਾਹ ਨਾਲ ਬਾਕੀ ਕੁੜੀਆਂ ਨੂੰ ਵੇਖਦਾ ਆਪਣੇ ਤੰਬੂ ਵਿਚ ਚਲਾ ਗਿਆ। ਰਾਤ ਨੂੰ ਦੇਰ ਤਕ ਨਾਦਰ ਸਤਾਰਾ ਦੇ ਸੁਪਨੇ ਲੈਂਦਾ ਰਿਹਾ। ਅਖੀਰ ਜਦ ਉਸਦਾ ਸਬਰ ਪਿਆਲਾ ਨਕੋ ਨਕ ਭਰਿਆ ਗਿਆ, ਤਾਂ ਉਸਨੇ ਇਕ ਗੁਲਾਮ ਨੂੰ ਸਤਾਰਾ ਨੂੰ ਬੁਲਾ ਭੇਜਣ ਲਈ ਹੁਕਮ ਦਿਤਾ।

ਸਤਾਰਾ ਆ ਗਈ। ਉਹ ਇਸ ਵੇਲੇ ਪਹਿਲਾਂ ਨਾਲੋਂ ਵਧੇਰੇ ਖੂਬਸੂਰਤ ਲਗਦੀ ਸੀ। ਉਹ ਤੰਬੂ ਵਿਚਕਾਰ ਆਕੇ ਖੜੋ ਗਈ।
ਨਾਦਰ ਮੁਸਕਾਇਆ ਤੇ ਪਿਆਰ ਨਾਲ ਕਹਿਣ ਲੱਗਾ, ਅਗੇ ਆ ਜਾ- ਘਬਰਾ ਕਿਉਂ ਰਹੀ ਹੈਂ, ੫ਿਆਰੀ?"
ਸਤਾਰਾ ਸਚ ਮੁਚ ਡਰ ਗਈ। ਉਹ ਨਾਦਰ ਬਾਰੇ ਕਈ ਕਹਾਣੀਆਂ ਸੁਣ ਚੁਕੀ ਸੀ। ਜਦੋਂ ਨਾਦਰ ਨੇ ਪਹਿਲੀ ਵਾਰ ਉਸਨੂੰ ਦਿਖਆ ਸੀ, ਉਦੋਂ ਉਹ ਮਰਨ ਲਈ ਤਿਆਰ ਸੀ, ਪਰ ਹੁਣ ਉਸਨੂੰ ਜ਼ਿੰਦਾ ਰਹਿਣ ਦੀ ਇਛਾ ਸੀ। ਉਹ ਬਹਾਦਰ ਯੁਵਤੀ ਸੀ, ਤੇ ਉਸਦਾ ਇਕ ਬਹਾਦਰ ਮਰਦ ਨਾਲ ਵਾਹ ਪਿਆ ਸੀ, ਜਿਸ ਨਾਲ ਉਹ ਮੁਹੱਬਤ ਕਰਕੇ ਜੀਵਨ ਬਿਤਾਣਾ ਚਾਹੁੰਦੀ ਸੀ।
ਸਤਾਰਾ ਇਕ ਰਾਜਪੂਤ ਘਰਾਣੇ ਵਿਚ ਪੈਦਾ ਹੋਈ, ਤੇ ਬਚਪਨ ਵਿਚ ਹੀ ਗਰਿਫਤਾਰ ਕਰਕੇ ਇਕ ਮੁਗਲ ਸਿਪਾਹੀ ਨਾਲ ਵਿਆਹ ਦਿਤੀ ਗਈ। ਪਰ ਇਕ ਦਿਨ ਮੋਕਿਆ ਮਿਲਣ ਤੇ ਉਥੋਂ ਉਹ ਨਠ ਆਈ। ਕਿੰਨੇ ਸਾਲ ਉਹ ਮੁਸੀਬਤਾਂ ਮਾਰੀ ਜੰਗਲਾਂ ਦੀ ਖਾਕ ਛਾਣਦੀ ਰਹੀ। ਅਖੀਰ ਮਾਰਵਾੜੀ ਸੁਦਾਗਰਾਂ ਰਾਹੀਂ ਉਹ ਦਿਲੀ ਆਈ, ਤੇ ਇਥੇ ਮੁਹੰਮਦ ਸ਼ਾਹ ਰੰਗੀਲੇ ਦੀ ਬੇਗਮ ਦੀਆਂ ਦਾਸੀਆਂ ਵਿਚ ਭਰਤੀ ਹੋ ਗਈ।
ਨਾਦਰ ਸ਼ਾਹ ਕੁਝ ਚਿਰ ਖਾਮੋਸ਼ ਰਹਿਣ ਪਿਛੋਂ ਬੋਲਿਆ, ਸਤਾਰਾ! ਕੀ ਤੈਨੂੰ ਨਾਦਰ ਸ਼ਾਹ ਦੀ ਬੇਗਮ ਬਣਨ ਦੀ ਇਛਾਂ ਹੈ ਨਾਦਰ ਸ਼ਾਹ ਨੂੰ ਯਕੀਨ ਹੋ ਗਿਆ ਸੀ ਕਿ ਸਤਾਰਾ ਵੀ ਉਸ ਨੂੰ ਜ਼ਰੂਰ ਚਾਹੁੰਦੀ ਹੋਵੇਗੀ, ਪਰ ਉਹ ਉਸ ਦੇ ਮੂੰਹੋਂ ਸੁਣਨਾ ਚਾਹੁੰਦਾ ਸੀ।
ਉਧਰ ਸਤਾਰਾ ਵੀ ਸਚ ਮੁਚ ਨਾਦਰ ਸ਼ਾਹ ਵਰਗੇ ਬਹਾਦਰ ਬਾਦਸ਼ਾਹ ਨੂੰ ਦਿਲੋਂ ਚਾਹੁਣ ਲਗ ਪਈ ਸੀ। ਉਹ ਉਸ ਦੇ ਕਦਮਾਂ ਵਿਚ ਡਿਗ ਪਈ। ਇਹ ਉਸ ਦੀ ਹਾਂ' ਸੀ।

ਨਾਦਰ ਨੇ ਉਠਾ ਕੇ ਸਤਾਰਾ ਨੂੰ ਸੀਨੇ ਨਾਲ ਲਾ ਲਿਆ॥ ਸਚ ਮੁਚ ਉਹ ਸੀਨੇ ਲਾਣ ਜੋਗੀ ਹੀ ਸੀ। "ਤੂੰ ਅਜ ਤੋਂ ਆਪਣੇ ਆਪ ਨੂੰ ਮਲਕਾ ਸਮਝ। ਈਰਾਨ ਤੇ ਹਿੰਦੁਸਤਾਨ ਦੀ ਹੀ ਮਲਕਾ ਨਹੀਂ, ਇਨ੍ਹਾਂ ਮੁਲਕਾਂ ਦੇ ਬਾਦਸ਼ਾਹ ਨਾਦਰ ਦੇ ਦਿਲ ਦੀ ਮਲਕਾਂ ਵੀ।" ਨਾਦਰ ਨੇ ਲਾਡ ਨਾਲ ਸਤਾਰਾ ਦੇ ਵਾਲਾਂ ਵਿਚ ਉਂਗਲ ਫੇਰਦਿਆਂ ਕਿਹਾ।
ਉਸੇ ਵੇਲੇ ਕਾਜ਼ੀ ਨੂੰ ਬੁਲਾ ਕੇ ਦੋਹਾਂ ਦਾ ਵਿਆਹ ਕਰ ਦਿਤਾ ਗਿਆ।
ਇਕ ਰਾਤ ਵਿਚ ਹੀ ਦਰ ਦਰ ਠੋਕਰਾਂ ਖਾਣ ਵਾਲੀ ਦਾਸੀ ਇਕ ਵਡੀ ਸਲਤਨਤ ਦੀ ਰਾਣੀ ਬਣ ਗਈ। ਸਤਾਰਾ ਨ ਆਪਣੀ ਸਿਆਣਪ ਨਾਲ ਥੋੜੇ ਦਿਨਾਂ ਵਿਚ ਹੀ ਹਰਮ ਦੀਆਂ ਸਾਰੀਆਂ ਤੀਵੀਆਂ ਨੂੰ ਅਪਣੇ ਵਸ਼ ਕਰ ਲਿਆ, ਪਰ ਉਨ੍ਹਾਂ ਵਿਚੋਂ ਇਕ-ਜਿਹੜੀ ਨਾਦਰ ਦੀ ਮਨਜ਼ੂਰੇ-ਨਜ਼ਰ ਸੀ- ਉਸ ਦੀ ਦੁਸ਼ਮਣ ਬਣ ਗਈ, ਉਸ ਦਾ ਨਾਂ ਸ਼ੇਰਾਜੀ ਸੀ। ਉਹ ਨਾਦਰ ਦੇ ਦਿਲ ਪੂਰੇ ਹਕੁਮਤ ਕਰਦੀ ਸੀ, ਪਰ ਸਤਾਰਾ ਦੇ ਔਣ ਨਾਲ ਸਭ ਕੁਝ ਖੋਹੇ ਜਾਣ ਤੇ ਉਸ ਨੇ ਬਦਲੇ ਦੀ ਠਾਣੀ।
ਲਸ਼ਕਰ ਨੂੰ ਦਿਲੀ ਵਲ ਕੂਚ ਕਰਨ ਦਾ ਹੁਕਮ ਮਿਲ ਗਿਆ | ਨਾਦਰ ਸ਼ਾਹ ਦਾ ਬਹੁਤ ਸਾਰਾ ਵਕਤ ਤਿਆਰੀਆਂ ਵਿਚ ਲੰਘ ਗਿਆ। ਅਖੀਰ ਉਹ ਜਦ ਸਤਾਰਾ ਨੂੰ ਮਿਲਣ ਆਇਆ, ਤਾਂ ਉਹਦੇ ਚਿਹਰੇ ਤੋਂ ਅਜੀਬ ਕਿਸਮ ਦੀ ਹਸਰਤ ਟਪਕ ਰਹੀ ਸੀ। ਸਤਾਰਾ ਸਮਝ ਗਈ ਸੀ ਕਿ ਨਾਦਰ ਨੂੰ ਵਖ ਹੋਣ ਦਾ ਦੁਖ ਹੋ ਰਿਹਾ ਹੈ। ਉਹ ਬੜੇ ਪਿਆਰ ਨਾਲ ਨਾਦਰ ਦਾ ਜੀ ਬਹਿਲਾਣ ਦੀ ਕੋਸ਼ਿਸ਼ ਕਰ ਰਹੀ ਸੀ। ਬੜਾ ਚਿਰ ਗਲਾਂ ਹੁੰਦੀਆਂ ਰਹੀਆ ਅਖੀਰ ਨਾਦਰ ਨੇ ਆਪਣੀ ਪਗੜੀ ਚੋਂ ਇਕ ਕੀਮਤੀ ਹੀਰਾਂ ਕੇ ਸਤਾਰਾ ਨੂੰ ਦੇਂਦਿਆਂ ਹੋਇਆਂ ਕਿਹਾ-"ਜੇ ਤੂੰ ਕਿਸੇ ਵਕਤ ਦੀ

ਮੇਰੇ ਪਾਸ ਆਉਣਾ ਚਾਹੇ, ਇਹ ਹੀਰਾ ਆਪਣੀ ਨਿਸ਼ਾਨੀ ਵਿਖ ਕੇ ਆ ਸਕਦੀ ਹੈਂ।"
ਕੁਝ ਹੀ ਦਿਨਾਂ ਪਿਛੋਂ ਸਤਾਰਾਂ ਨੂੰ ਇਹ ਹੀਰਾ ਵਰਤਣ ਦੀ ਲੋੜ ਪੈ ਗਈ। ਦਿਲੀ ਵਿਚ ਇਕ ਦਿਨ ਉਹ ਆਪਣੇ ਕਮਰੇ ਵਿਚ ਬੈਠੀ ਸੀ, ਕਿ ਬੜੇ ਚੀਕ ਚਿਹਾੜੇ ਦੀ ਅਵਾਜ ਆਈ ਆਗਾਬਾਸ਼ੀ ਪਾਸੋਂ ਪਛਣ ਤੇ ਪਤਾ ਲਗਾ ਕਿ ਸ਼ਹਿਰ ਵਾਲਿਆਂ ਬਲਵਾ ਕਰ ਦਿਤਾ ਹੈ, ਤੇ ਹੁਣ ਨਾਦਰ ਦੀਆਂ ਫੌਜਾਂ ਲੁਟ ਮਾਰ ਕਰ ਰਹੀਆਂ ਹਨ।
ਸਤਾਰਾ ਇਹ ਸੁਣ ਕੇ ਕੰਬ ਉਠੀ | ਉਸ ਨੇ ਨਾਦਰ ਨੂੰ ਸੁਨੇਹਾ ਭੇਜਿਆ ਕਿ ਖੁਦਾ ਦੇ ਵਾਸਤੇ ਦਿਲੀ ਪੁਰ ਹੋਰ ਜ਼ੁਲਮ ਨਾ ਢਾਹਿਆ ਜਾਵੇ, ਪਰ ਕਾਫੀ ਦੇਰ ਉਡੀਕਣ ਮਗਰੋਂ ਉਸ ਨੂੰ ਉਹ ਹੀਰਾ ਭੇਜਣਾ ਪਿਆ।
ਦਿਲੀ-ਬਦ-ਕਿਸਮਤ ਦਿੱਲੀ-ਕਿੰਨੀ ਵਾਰੀ ਲੁਟੀ ਗਈ, ਤੇ ਕਿੰਨੀ ਵਾਰ ਇਸ ਵਿਚ ਰਹਿਣ ਵਾਲਿਆਂ ਦੇ ਖੂਨ ਨਾਲ ਹੋਲੀ ਖੇਡੀ ਗਈ। ਸਤਾਰਾ ਇਹ ਹਾਲ ਵੇਖ ਕੇ ਕੰਬ ਉਠੀ। ਉਹ ਸੋਚ ਰਹੀ ਸੀ ਕਿ ਕੀ ਪਤਾ ਬਾਦਸ਼ਾਹ ਉਸ ਨਾਲ ਨਾਰਾਜ਼ ਹੋ ਗਿਆ ਹੋਵੇ? ਪਰ ਅਸਲ ਵਿਚ ਇਹ ਗੱਲ ਨਹੀਂ ਸੀ। ਅਜ ਉਸਦੇ ਜਰਨੈਲ ਤੋਂ ਸਰਦਾਰ ਇਹ ਵੇਖਕੇ ਹੈਰਾਨ ਹੋ ਰਹੇ ਸਨ, ਕਿ ਉਹ ਜ਼ਰੂਰਤ ਤੋਂ ਵਧੇਰੇ ਕਿਉ ਨਰਮ ਹੋ ਰਿਹਾ ਹੈ? ਉਸ ਦਾ ਸਬਬ ਸਤਾਰਾ ਦਾ ਬਿਨੇ ਪਤ੍ਰ ਹੀ ਤਾਂ ਸੀ।
ਨਾਦਰ ਸ਼ਾਹ ਸਾਰੇ ਹਿੰਦੁਸਤਾਨ ਦੀ ਦੌਲਤ ਲੁਟ ਪੁਟ ਵਾਪਸ ਈਰਾਨ ਰਵਾਨਾ ਹੋ ਗਿਆ। ਸਤਾਰਾ ਵੀ ਨਾਲ ਹੀ ਸੀ। ਇਕ ਰਾਤ ਰਾਹ ਵਿਚ ਸਿੰਧ ਦੇ ਕਿਨਾਰੇ ਡੇਰਾ ਲਾਇਆ ਗਿਆ। ਹਨੇਰੀ ਰਾਤ ਨੂੰ ਨਾਦਰ ਨੀਂਦ ਵਿਚ ਚੂਰ ਸੁਤਾ ਪਿਆ ਸੀ, ਕਿ ਸਤਾਰਾ ਨੂੰ ਬਾਹਰ ਕਿਸੇ ਦੀ ਅਵਾਜ਼ ਆਈ। ਉਸ ਨੇ ਉਠਕੇ ਵੇਖਿਆ ਕਿ ਇਕ ਆਦਮੀ ਕੋਈ

ਚਮਕਦਾ ਹਥਿਆਰ ਹਥ ਵਿਚ ਫੜੀ ਤੰਬੂ ਵਲ ਆ ਰਿਹਾ ਹੈ। ਹਮਲਾਆਵਰ ਦੇ ਔਣ ਤੋਂ ਪਹਿਲਾਂ ਹੀ ਉਸ ਨੇ ਨਾਦਰ ਨੂੰ ਜਗਾ ਦਿਤਾ। ਹਮਲਾ ਕਰਨ ਵਾਲਾ ਨਠ ਗਿਆ, ਪਰ ਬਾਹਿਰ ਜਾ ਕੇ ਵੇਖਣ ਤੋਂ ਪਤਾ ਲਗਾ, ਕਿ ਤੰਬੂ ਦੇ ਬਾਹਰਵਾਰ ਪਹਿਰੇਦਾਰਾਂ ਦੀਆਂ ਲਾਸ਼ਾਂ ਸਿਸਕ ਰਹੀਆਂ ਹਨ। ਨਾਦਰ ਦੇ ਦਿਲ ਵਿਚ ਸਤਾਰਾ ਲਈ ਇਸ ਵਾਕਿਆ ਮਗਰੋਂ ਹੋਰ ਵੀ ਇਜ਼ਤ ਵਧ ਗਈ।
ਨਾਦਰ ਸ਼ਾਹ ਹਰਾਤ ਪੁਜਾ, ਤਾਂ ਉਸ ਨੂੰ ਪਤਾ ਲਗਾ ਕਿ ਉਸ ਦਾ ਨੌਜਵਾਨ ਪੁੱਤ੍ਰ ਸ਼ਾਹਜ਼ਾਦਾ ਰਜ਼ਾ ਖਾਨ ਅਗੋਂ ਮਿਲਣ ਆ ਰਿਹਾ ਹੈ। ਨਾਦਰ ਸ਼ਾਹ ਦੀ ਗੈਰ ਹਾਜ਼ਰੀ ਵਿਚ ਪੂਰੇ ਦੋ ਸਾਲ ਈਰਾਨ ਦੀ ਵਾਗ ਡੋਰ ਬੜੀ ਸਿਆਣਪ ਨਾਲ ਸ਼ਾਹਜ਼ਾਦੇ ਨੇ. ਸੰਭਾਲ ਰਖੀ ਸੀ, ਜਿਸ ਤੋਂ ਨਾਦਰ ਸ਼ਾਹ ਬੜਾ ਖੁਸ਼ ਸੀ। ਜਿਉਂ ਜਿਉਂ ਵਕਤ ਗੁਜ਼ਰਦਾ ਗਿਆ, ਦੋਹਾਂ ਪਿਓ ਪੁਤਰਾਂ ਦੇ ਦਿਲ ਵਿਚ ਇਕ ਦੂਜੇ ਸਬੰਧੀ ਸ਼ਕ ਪਕੇ ਹੁੰਦੇ ਗਏ। ਨਾਦਰ ਸ਼ਾਹ ਨੂੰ ਖਿਆਲ ਹੋਇਆ ਕਿ ਕਿਧਰੇ ਉਸ ਦਾ ਬੇਟਾ ਦੋ ਸਾਲ ਦੀ ਆਜ਼ਾਦੀ ਮਗਰੋਂ ਉਸ ਨੂੰ ਰੁਕਾਵਟ ਨਾ ਸਮਝਦਾ ਹੋਵੇ। ਉਧਰ ਰਜ਼ਾ ਖਾਨ ਸੋਚ ਰਿਹਾ ਸੀ ਕਿ ਉਸਦੇ ਪਿਓ ਦੀ ਵਾਪਸੀ ਤੇ ਉਸਦੀ ਆਜ਼ਾਦੀ ਗੁਲਾਮੀ ਵਿਚ ਬਦਲ ਜਾਵੇਗੀ ਤੇ ਆਮ ਨੌਕਰਾਂ ਵਾਂਗ ਉਸ ਨੂੰ ਵੀ ਬਾਦਸ਼ਾਹ ਦੇ ਹਰ ਇਸ਼ਾਰੇ ਪੁਰ ਚਲਣਾ ਪਵੇਗਾ। ਸਤਾਰਾ ਨੂੰ ਬਦਗੁਮਾਨੀ ਦਾ ਪਤਾ ਲਗ ਗਿਆ, ਉਹ ਦੋਹਾਂ ਪਿਓ ਪੁੱਤ੍ਰ ਵਿਚ ਦੁਸ਼ਮਣੀ ਨਹੀਂ ਸੀ ਵੇਖ ਸਕਦੀ। ਉਸ ਨੇ ਨਾਦਰ ਨੂੰ ਸਮਝਾਣਾ ਚਾਹਿਆ, ਪਰ ਨਾਦਰ ਇਸ ਨਾਲ ਵਧੇਰੇ ਨਾਰਾਜ਼ ਹੋ ਗਿਆ। ਉਸ ਨੂੰ ਇਕ ਹੋਰ ਸ਼ਕ ਨੇ ਆ ਦਬਾਇਆ। ਸਤਾਰਾਂ ਕਿਧਰੇ' ਉਸਦੇ ਨੌਜਵਾਨ ਪੁਤ੍ਰ ਤੇ ਨਾ ਰੀਝ ਗਈ ਹੋਵੇ?
ਇਹ ਸ਼ੀਰਾਜ਼ੀ ਲਈ ਬਦਲਾ ਲੈਣ ਦਾ ਸੁਨਹਿਰੀ ਮੌਕਿਆ। ਸੀ। ਉਹ ਨਾਦਰ ਨੂੰ ਜਾ ਕੇ ਮਿਲੀ ਤੇ ਕਈ ਚਿਕਨੀਆਂ ਚੋਪੜੀਆ

ਗਲਾਂ ਕਰ ਕੇ ਬਾਦਸ਼ਾਹ ਨੂੰ ਯਕੀਨ ਕਰਾ ਦਿਤਾ, ਕਿ ਸ਼ਾਹਜ਼ਾਦੇ ਦੇ ਇਰਾਦੇ ਨੇਕ ਨਹੀਂ, ਤੇ ਇਸ ਤਰ੍ਹਾਂ ਉਹ ਨਾਦਰ ਸ਼ਾਹ ਨੂੰ ਸਤਾਰਾ ਤੇ ਰਜ਼ਾ ਖਾਨ ਦੇ ਖਿਲਾਫ਼ ਪੂਰੀ ਤਰ੍ਹਾਂ ਭੜਕਾ ਸਕਣ ਵਿਚ ਕਾਮਯਾਬ ਹੋ ਗਈ।
ਕੁਝ ਦਿਨਾਂ ਪਿਛੋਂ ਇਕ ਨਾਲਾ ਪਾਰ ਕਰਨ ਸਮੇਂ ਕਿਸੇ ਨੇ ਛੁਪ ਕੇ ਨਾਦਰ ਪੁਰ ਗੋਲੀ ਚਲਾਈ। ਪਹਿਲੀ ਗੋਲੀ ਦੀ ਆਵਾਜ਼ ਨਾਲ ਹੀ ਸਤਾਰਾ ਨਾਦਰ ਦੇ ਅਗੇ ਸੀਨਾ ਤਾਣ ਕੇ ਖੜੋ ਗਈ। ਇਹ ਦੂਜਾ ਮੌਕਿਆ ਸੀ, ਜਦ ਉਸ ਨੇ ਆਪਣੀ ਜਾਨ ਪੁਰ ਖੇਡ ਕੇ ਬਾਦਸ਼ਾਹ ਦੀ ਜਾਨ ਬਚਾਈ ਸੀ, ਪਰ ਨਾਦਰ ਦਾ ਦਿਲ ਸਤਾਰਾ ਵਲੋਂ ਭਰਿਆ ਜਾਣ ਕਰ ਕੇ ਉਸ ਨੇ ਉਸਦਾ ਧੰਨਵਾਦ ਵੀ ਨਾ ਕੀਤਾ।
ਸ਼ੀਰਾਜ਼ੀ ਬੜੀ ਚਾਲਾਕ ਸੀ, ਉਸ ਨੇ ਨਾਦਰਸ਼ਾਹ ਨੂੰ ਯਕੀਨ ਕਰਾ ਦਿਤਾ, ਕਿ ਇਸ ਸਾਜ਼ਸ਼ ਵਿਚ ਸ਼ਾਹਜ਼ਾਦੇ ਦਾ ਹਥ ਸੀ।
ਬਾਦਸ਼ਾਹ ਨੂੰ ਆਪਣੇ ਪੁਤਰ ਤੇ ਸਖਤ ਗੁਸਾ ਸੀ। ਉਸ ਨੇ ਉਸਦੀਆਂ ਅੱਖਾਂ ਕਢਾ ਦੇਣ ਦਾ ਫੈਸਲਾ ਕੀਤਾ।
ਜਦ ਇਸ ਗਲ ਦੀ ਖਬਰ ਸ਼ਾਹਜ਼ਾਦੇ ਦੀ ਮਾਂ ਨੂੰ ਹੋਈ, ਤਾਂ ਉਹ ਬੜੀ ਦੁਖੀ ਹੋਈ। ਉਸ ਨੇ ਸ਼ੀਰਾਜ਼ੀ ਨੂੰ ਬਾਦਸ਼ਾਹ ਅਗੇ ਸਫਾਰਸ਼ ਲਈ ਕਿਹਾ। ਸ਼ੀਰਾਜ਼ੀ ਆਪਣੇ ਮੰਤਵ ਦੀ ਸਫ਼ਲਤਾ ਲਈ ਕੋਈ ਮੌਕਿਆ ਵੀ ਜ਼ਾਇਆ ਨਹੀਂ ਸੀ ਕਰਨਾ ਚਾਹੁੰਦੀ। ਉਸ ਨੂੰ ਫੌਰਨ ਸੁਝ ਗਿਆ, ਕਿ ਅਜੇਹੀ ਤਰਕੀਬ ਕੀਤੀ ਜਾਵੇ, ਕਿ ਰਾਣੀ ਵੀ ਖੁਸ਼ ਹੋ ਜਾਵੇ ਤੇ ਸਤਾਰਾਂ ਦਾ ਵੀ ਬਾਨ੍ਹਣੂ ਬੰਨ੍ਹ ਦਿਤਾ ਜਾਵੇ। ਉਸ ਨੇ ਰਾਣੀ ਨੂੰ ਅਰਜ਼ ਕੀਤੀ-"ਬੇਗਮ! ਜਿਸ ਸੇਵਾ ਦੇ ਮੈਂ ਲਾਇਕ ਹੋਵਾਂ ਮੈਂ ਹਾਜ਼ਰ ਹਾਂ, ਪਰ ਬਾਦਸ਼ਾਹ ਸਲਾਮਤ ਮੇਰੇ ਤੇ ਅਜ ਕਲ ਕੁਝ ਖੁਸ਼ ਨਹੀਂ ਹਨ। ਸਤਾਰਾ ਉਹਨਾਂ ਨੂੰ ਜ਼ਰੂਰ ਮਨਾ ਸਕੇਗੀ, ਇਸ ਲਈ ਉਸੇ ਨੂੰ ਕਹਿਣਾ ਚਾਹੀਦਾ ਹੈ।

ਰਾਣੀ ਨੇ ਸਤਾਰਾ ਨੂੰ ਕਿਹਾ। ਉਸ ਭੋਲੀ ਯੁਵਤੀ ਨੇ ਬਾਦਸ਼ਾਹ ਅਗੇ ਸਿਫਾਰਸ਼ ਕਰਨੀ ਮੰਨ ਲਈ। ਉਧਰ ਸ਼ੀਰਾਜ਼ੀ ਨੇ ਨਾਦਰ ਦੇ ਕੰਨ ਭਰ ਦਿਤੇ ਸਨ, ਕਿ ਸਤਾਰਾ ਸ਼ਹਿਜ਼ਾਦੇ ਪੁਰ ਮੋਹਤ ਹੈ ਤੇ ਉਸਦੀ ਜਾਨ ਬਖਸ਼ੀ ਕਰਾਣ ਲਈ ਕੋਸ਼ਿਸ਼ ਕਰ ਰਹੀ ਹੈ।
ਜਦ ਸਤਾਰਾ ਨੇ ਸ਼ਹਿਜ਼ਾਦੇ ਦੀ ਸਫਾਰਸ਼ ਨਾਦਰ ਸ਼ਾਹ ਅਗੇ ਕੀਤੀ ਤਾਂ ਉਹ ਅਗ-ਬਗੋਲਾ ਹੋ ਗਿਆ। ਉਸ ਨੇ ਪਾਗਲਾਂ ਵਾਂਗ ਗੁਸੇ ਵਿਚ ਭਰ ਕੇ ਕਿਹਾ- ਦੂਰ ਹੋ ਜਾ ਮੇਰੀਆਂ ਅੱਖਾਂ ਸਾਹਮਣਿਉਂ ਕਮੀਨੀ ਤੀਵੀਂ! ਮੈਂ ਤੇਰੀ ਸ਼ਕਲ ਨਹੀਂ ਵੇਖਣੀ ਚਾਹੁੰਦਾ।
ਸਤਾਰਾ ਨੂੰ ਕਦੇ ਸੁਪਨੇ ਵਿਚ ਵੀ ਆਪਣੇ ਪ੍ਰੇਮੀ ਪਾਸੋਂ ਇਸ ਜਵਾਬ ਦੀ ਆਸ ਨਹੀਂ ਸੀ। ਉਹ ਪਿਆਰ ਨਾਲ ਨਾਦਰ ਸ਼ਾਹ ਦੀ ਬਾਂਹ ਫੜ ਕੇ ਕਹਿਣ ਲਗੀ-ਮੇਰੇ ਮਾਲਕ! ਉਹ ਤੁਹਾਡਾ ਪੁਤਰ ਹੈ, ਉਸਦੀਆਂ ਅਖਾਂ ਕਢਣ ਦਾ ਹੁਕਮ ਨਾ ਦਿਓ, ਪਿਛੋਂ ਆਪ ਨੂੰ ਪਛਤਾਣਾ ਪਵੇਗਾ।
ਨਾਦਰ ਸ਼ਾਹ ਗੁਸੇ ਨਾਲ ਕੰਬ ਉਠਿਆ। ਉਹ ਅਗੇ ਹੀ ਭਰਿਆ ਪਿਆ ਸੀ,ਇਸ ਗਲ ਨੇ ਉਸਨੂੰ ਆਪਿਓ ਬਾਹਿਰ ਕਰ ਦਿਤਾ। ਉਸ ਨੇ ਖੰਜਰ ਕਢ ਕੇ ਪੂਰੇ ਜ਼ੋਰ ਨਾਲ ਸਤਾਰਾ ਦੇ ਮੁੰਹ ਪੁਰ ਵਾਰ ਕੀਤਾ। ਉਹ ਚੀਕ ਮਾਰ ਕੇ ਇਕ ਬੇਜਾਨ ਗੰਢ ਵਾਂਗ ਫਰਸ਼ ਪੁਰ ਜਾ ਡਿਗੀ। ਉਸ ਦੇ ਸੋਹਣੇ ਚਿਹਰੇ ਤੋਂ ਲਹੂ ਦਾ ਫੁਵਾਰਾ ਛੂਟ ਪਿਆ।
ਨਾਦਰਸ਼ਾਹ ਆਪਣੀ ਜਲਦਬਾਜ਼ੀ ਪੁਰ ਪਛਤਾ ਰਿਹਾ ਸੀ। ਉਹ ਨਾਦਰਸ਼ਾਹ ਜਿਹੜਾ ਲਖਾਂ ਇਨਸਾਨਾਂ ਨੂੰ ਮੌਤ ਦੇ ਘਾਟ ਉਤਾਰ ਚੁਕਾ ਸੀ, ਅੱਜ ਆਪਣੀ ਪ੍ਰੇਮਿਕਾ ਨੂੰ ਘਾਇਲ ਦੇਖ ਫੁਟ ਫੁੱਟ ਕੇ ਰੋਣ ਲਗਾ।

****


ਅਗਾਬਾਸ਼ੀ ਚੁਪ ਚੁਪੀਤੇ ਤੰਬੂ ਵਿਚ ਦਾਖਿਲ ਹੋਇਆ,ਤੇ

ਸਤਾਰਾ ਨੂੰ ਉਠਵਾ ਕੇ ਸ਼ਾਹੀ ਹਕੀਮ ਪਾਸ ਲੈ ਗਿਆ। ਸਤਾਰਾ ਅਜੇ ਜ਼ਿੰਦਾ ਸੀ, ਪਰ ਆਗਾ ਬਾਸ਼ੀ ਅਸਲ ਗਲ ਤੋਂ ਨਾਵਾਕਫ ਸੀ ਜੋ, ਇਸ ਲਈ ਬਾਦਸ਼ਾਹ ਨੂੰ ਉਸ ਨੇ ਉਸਦੇ ਬਚ ਜਾਣ ਦੀ ਖਬਰ ਨਾ ਦਿਤੀ।
ਜਦ ਸਤਾਰਾ ਦੀ ਹਾਲਤ ਜ਼ਰਾ ਸੰਭਲੀ ਤਾਂ ਆਗਾ ਬਾਸ਼ੀ ਨੇ ਉਸ ਨੂੰ ਇਕ ਅਰਮਨੀ ਖਾਨਦਾਨ ਪਾਸ ਭੇਜ ਦਿੱਤਾ-ਉਥੇ ਸਤਾਰਾ ਨੂੰ ਘਰ ਦੇ ਬੰਦਿਆਂ ਵਾਂਗ ਬੜੇ ਪਿਆਰ ਨਾਲ ਰੱਖਿਆ ਗਿਆ।
ਨਾਦਰ ਵਲੋਂ ਸਤਾਰਾ ਦਾ ਨਾਂ ਤਕ ਲੈਣ ਦੀ ਦਰਬਾਰ ਵਿਚ ਆਗਿਆ ਨਹੀਂ ਸੀ। ਇਸਦਾ ਸਤਾਰਾਂ ਨੂੰ ਪਤਾ ਸੀ, ਜਿਸ ਲਈ ਉਸ ਆਪਣੀ ਹੋਂਦ ਦਾ ਨਾਦਰ ਨੂੰ ਪਤਾ ਨਾ ਦਿੱਤਾ, ਪਰ ਉਹ ਨਾਦਰ ਬਿਨਾਂ ਡਾਢੀ ਬੇਚੈਨ ਸੀ।
ਉਧਰ ਨਾਦਰ ਦਿਨ ਬਦਿਨ ਢਹਿੰਦੀਆਂ ਕਲਾਂ ਵੱਲ ਜਾ ਰਿਹਾ ਸੀ। ਬੁਢਾਪੇ ਦੇ ਨਾਲ ਨਾਲ ਹਕੂਮਤ ਦੀ ਵਾਗ ਡੋਰ ਵੀ ਹੋਲੇ ਹੌਲੇ ਉਸ ਹਥੋਂ ਨਿਕਲੀ ਜਾ ਰਹੀ ਸੀ। ਇਸੇ ਕਾਰਣ ਉਸ ਦਾ ਮਿਜ਼ਾਜ ਬੜਾ ਸੜੀਅਲ ਤੇ ਗੁਸੈਲ ਹੋ ਗਿਆ ਸੀ।
ਦਿਨ, ਹਫਤੇ, ਮਹੀਨੇ ਗਿਣਦਿਆਂ ਕਈ ਸਾਲ ਗੁਜ਼ਰ ਗਏ। ਸਤਾਰਾ ਮਛੀ ਵਾਂਗ ਮਾਹੀ ਬਿਨਾ ਗਮ ਵਿਚ ਘੁਲੀ ਜਾ ਰਹੀ ਸੀ।ਕਿ ਅਚਾਨਕ ਉਸ ਨੂੰ ਖ਼ਬਰ ਮਿਲੀ ਨਾਦਰ ਕਿਸੇ ਰਾਜਸੀ ਸਿਲ-ਸਿਲੇ ਵਿਚ ਅਰਮਨੀ ਪਿੰਡ ਪਾਸੋਂ ਲੰਘ ਰਿਹਾ ਹੈ। ਸਤਾਰਾ ਨੇ ਮਿਲਣ ਦੀ ਪਕੀ ਠਾਣ ਲਈ। ਉਸਦੇ ਸੁਨੇਹੀਆਂ ਨੇ ਉਸਨੂੰ ਕਾਫੀ ਸਮਝਾਇਆ ਕਿ ਕਿਓ ਆਪਣੇ ਆਪ ਤੇ ਆਪਣੇ ਹਮਦਰਦਾਂ ਪੁਰ ਜ਼ੁਲਮ ਢਾਹਣ ਲਗੀ ਹੈ ਪਰ ਓਹ ਆਪਣੇ ਇਰਾਦੇ ਤੋਂ ਬਾਜ਼ ਨਾ ਰਹਿ ਸਕੀ ਓਹ ਇਸ ਉਦਾਸ ਜੀਵਨ ਨਾਲੋਂ ਆਪਣੇ ਪ੍ਰੇਮੀ ਹਥੋਂ ਮਰ ਜਾਣਾ ਹਜ਼ਾਰ ਦਰਜੇ ਚੰਗਾ ਜਾਣਦੀ ਸੀ।

ਸਤਾਰਾਂ ਨੇ ਨਾਦਰ ਨੂੰ ਸੁਨੇਹਾ ਘਲਿਆ, ਕਿ ਉਸਦੀ ਦਾਸੀ ਉਸ ਲਈ ਤੜਪ ਰਹੀ ਹੈ, ਜੋ ਆਗਿਆ ਹੋਵੇ ਤਾਂ ਸੇਵਾ ਵਿਚ ਹਾਜ਼ਰ ਹੋ ਜਾਵੇ। ਉਸਨੇ ਨਾਦਰ ਦੀ ਭੇਟ ਹੀਰਾ ਵੀ ਨਿਸ਼ਾਨੀ ਦੇ ਤੌਰ ਤੇ ਘਲ ਦਿਤਾ।
ਨਾਦਰ ਸ਼ਾਹ ਨੂੰ ਇਹ ਸੁਣਕੇ, ਕਿ ਸਿਤਾਰਾ ਹਾਲੀ ਜ਼ਿੰਦਾ ਹੈ, ਇਤਨੀ ਖੁਸ਼ੀ ਹੋਈ, ਕਿ ਉਹ ਇਕ ਪਲ ਨਾਂ ਸਬਰ ਕਰ ਸਕਿਆ, ਤੇ ਉਸ ਵਕਤ ਸਵਾਰਾਂ ਦਾ ਇਕ ਦਸਤਾ ਸਤਾਰਾ ਨੂੰ ਲਿਆਣ ਲਈ ਘਲ ਦਿਤਾ।
ਸਤਾਰਾ ਆ ਗਈ।ਮੁਰਝਾਏ ਚਮਨ ਵਿਚ ਮੁੜ ਬਹਾਰ ਛਾ ਗਈ। ਨਾਦਰ ਦੀ ਦੁਨੀਆਂ ਵਿਚ ਅਜ ਖੇੜਾ ਸੀ, ਕਿਉਂਕਿ ਉਸ ਦੇ ਪਹਿਲੂ ਵਿਚ ਸਤਾਰਾ ਵਰਗੀ ਹੁਸੀਨ ਯੁਵਤੀ ਸੀ।
ਨਾਦਰ ਦੀ ਸ਼ਾਨ-ਸ਼ੌਕਤ ਵਿਚ ਦਿਨ ਬਦਿਨ ਜ਼ਵਾਲ ਆ ਰਿਹਾ ਸੀ। ਉਸਦੇ ਕਈ ਦੁਸ਼ਮਨ ਪੈਦਾ ਹੋ ਗਏ ਸਨ। ਇਕ ਦਿਨ ਰਾਤ ਨੂੰ ਉਸਦੇ ਦੁਸ਼ਮਣਾ ਉਸ ਪੁਰ ਹਮਲਾ ਕੀਤਾ। ਇਸ ਸਮੇਂ ਸਤਾਰਾ ਵੀ ਉਸਦੀ ਜਾਨ ਨਾ ਬਚਾ ਸਕੀ, ਤੇ ਨਾਦਰ ਦੁਸ਼ਮਣਾ ਦੀ ਸਾਜ਼ਸ਼ ਦਾ ਸ਼ਿਕਾਰ ਹੋ ਗਿਆ|
ਪਹਿਰੇਦਾਰ ਚੀਕ ਚਿਹਾੜਾ ਸੁਣ ਜਦ ਕਮਰੇ ਅੰਦਰ ਦਾਖਲ ਹੋਏ, ਤਾਂ ਕੀ ਵੇਖਦੇ ਹਨ, ਕਿ ਨਾਦਰ ਦੀ ਮੁਰਦਾ ਲਾਸ਼ ਨਾਲ ਸਤਾਰਾ ਚਿਮਟੀ ਹੋਈ ਹੈ, ਤੇ ਆਪਣੇ ਪ੍ਰੇਮੀ ਦੀ ਮੌਤ ਤੇ ਆਪਣੇ ਸੀਨੇ ਵਿਚ ਛੁਰਾ ਮਾਰ ਮੌਤ ਦੀ ਸੁਖਾਵੀਂ ਨੀਂਦ ਸੌਂ ਗਈ ਹੈ।