ਪ੍ਰੀਤ ਕਹਾਣੀਆਂ/ਮਮਤਾਜ਼-ਪ੍ਰੇਮੀ ਦਾ ਭਿਆਨਕ ਅੰਤ

ਵਿਕੀਸਰੋਤ ਤੋਂ
Jump to navigation Jump to search
ਦੇਸ
ਮੁਮਤਾਜ਼-ਪ੍ਰੇਮੀ ਦਾ ਭਿਆਨਕ ਅੰਤ

ਸੰਨ ੧੯੧੭ ਦੀ ਗਲ ਹੈ, ਇੰਦੌਰ ਮਹੱਲ ਦੇ ਬਾਗ਼ ਵਿਚ ਇਕ ਤੇਰਾਂ ਸਾਲਾਂ ਦੀ ਮਾਸੂਮ ਬਾਗ ਕੁੜੀ ਤਿਤਰੀਆਂ ਨਾਲ ਅਠਕੇਲੀਆਂ ਕਰ ਰਹੀ ਸੀ। ਉਸਦੇ ਚਮਕੀਲੇ ਵਾਲਾਂ ਦੀਆਂ ਲਿਟਾਂ ਮੋਢਿਆਂ ਪੁਰ ਖਿਲਰੀਆਂ ਹੋਈਆਂ ਸਨ, ਜਿਨ੍ਹਾਂ ਨਾਲ ਉਹ ਕਿਸੇ ਪਰੀ ਦੇਸ ਦੀ ਵਾਸੀ ਜਾਪਦੀ ਸੀ। ਕਿਸੇ ਨੇ ਇਸ ਸਮੇਂ ਇਸ ਸਵੱਰਗੀ ਅਪਛਰਾਂ ਦੇ ਅਨੰਦ ਵਿਚ ਵਿਘਨ ਪਾਇਆ। ਇਸ ਪਿਆਰੀ ਆਵਾਜ਼ ਨੇ ਉਸ ਦੀ ਤਵੱਜੋ ਖਿਚੀ। ਜਿਧਰੋਂ ਆਵਾਜ਼ ਆਈ ਸੀ, ਉਧਰ ਉਸਨੇ ਮੁੜਕੇ ਦੇਖਿਆ। ਕਿਸੇ ਨੇ ਫਿਰ ਪੁਕਾਰਿਆ-"ਮਮਤਾਜ਼!ਮਮਤਾਜ਼!!" ਕੁੜੀ ਹਸਦੀ ਨਚਦੀ ਟਪਦੀ ਮਹੱਲ ਵਲ ਚਲੀ ਗਈ।

****

ਚਾਰ ਫੌਜੀ ਅਫਸਰ ਚਹਿਲ ਕਦਮੀ ਲਈ ਨਿਕਲੇ। ਬਜ਼ਾਰ ਵਲ ਇਹ ਫਿਰ ਤੁਰ ਕੇ ਜਦ ਬੰਬਈ ਦੇ ਕੁਲਾਵਾ ਨਾਂ ਦੀ ਥਾਂ ਤੇ ਪੁਜੇ, ਤਾਂ ਉਨ੍ਹਾਂ ਪਿਸਤੌਲ ਦੀ ਆਵਾਜ਼ ਦੇ ਨਾਲ ਹੀ ਜ਼ੋਰ ਦਾ ਚੀਕ ਚਿਹਾੜਾ ਵੀ ਸੁਣਿਆ। ਇਹ ਪਤਾ ਕਰਨ ਲਈ ਕਿ ਮੁਆਮਲਾ ਕੀ ਹੈ, ਉਹ ਜ਼ਰਾ ਹੋਰ ਅਗੇ ਵਧੇ। ਇਕ ਸ਼ਹਾਨਾ ਕੋਠੀ ਪਾਸ ਉਨਾਂ ਨੇ ਦੋ ਵਡੀਆਂ ਮੋਟਰਾਂ ਨੂੰ ਖੜੋਤਿਆਂ ਵੇਖਿਆ। ਪਿਛਲੀ ਮੋਟਰ ਦੇ ਸਤ ਅਠ ਆਦਮੀ ਅਗਲੀ ਮੋਟਰ ਪੁਰ ਹਮਲਾ ਕਰ ਰਹੇ ਸਨ। ਪਿਸਤੌਲ ਤੇ ਛੁਰੇ ਨਾਲ ਬੇਦਰੇਗ ਵਾਰ ਕੀਤੇ ਜਾ ਰਹੇ ਸਨ। ਅਗਲੀ ਮੋਟਰ ਵਿਚ ਇਕ ਤੀਵੀਂ ਸੀ। ਇਨ੍ਹਾਂ ਫੌਜੀਆਂ ਚੋਂ ਇਕ ਨੇ ਤੀਵੀਂ ਪੁਰ ਹਮਲਾ ਕਰਨ ਵਾਲੇ ਨੂੰ ਪਿਛਲੇ ਪਾਸਿਉਂ ਜਫਾ ਮਾਰ ਲਿਆ, ਤੇ ਬਾਕੀ ਹਮਲਾਆਵਰ ਡਰ ਕੇ ਨਠ ਗਏ। ਫੌਜੀ ਅਫਸਰਾਂ ਨੇ ਉਸ ਗਡੀ ਦਾ ਨੰਬਰ ਨੋਟ ਕਰ ਲਿਆ।

ਜਿਸ ਆਦਮੀ ਪੁਰ ਹਮਲਾ ਕੀਤਾ ਗਿਆ ਸੀ, ਉਹ ਬੰਬਈ ਦਾ ਇਕ ਪ੍ਰਸਿਧ ਵਪਾਰੀ ਸੀ, ਤੇ ਉਸਦਾ ਨਾਂ ਅਬਦੁਲ ਕਾਦਰ ਸੀ। ਉਸਦੇ ਜਿਸਮ ਪੁਰ ਤਿੰਨ ਗੋਲੀਆਂ ਲਗੀਆਂ ਸਨ। ਉਸ ਪਾਸ ਬੈਠੀ ਤੀਵੀਂ ਦੇ ਜਿਸਮ ਪੁਰ ਵੀ ਕਈ ਡੂੰਘੇ ਜ਼ਖ਼ਮ ਆਏ। ਅਬਦੁਲ ਕਾਦਰ ਬੇਹੋਸ਼ ਪਿਆ ਸੀ, ਤੇ ਉਸਦੇ ਜ਼ਖ਼ਮਾਂ ਚੋਂ ਕਾਫ਼ੀ ਖੂਨ ਨਿਕਲ ਚੁਕਾ ਸੀ। ਗੋਰੇ ਸਿਪਾਹੀਆਂ ਨੂੰ ਹਸਪਤਾਲ ਦਾ ਪਤਾ ਨਹੀਂ ਸੀ, ਇਸ ਲਈ ਕਾਫੀ ਦੇਰ ਇਧਰ ਉਧਰ ਭਟਕਣ ਮਗਰੋਂ ਉਹ ਹਸਪਤਾਲ ਪੁਜ ਸਕੇ। ਇਸ ਦੌਰਾਨ ਵਿਚ ਉਨ੍ਹਾਂ ਦੀ ਟਕਰ ਦੋਬਾਰਾ ਹਮਲਾਆਵਰਾਂ ਨਾਲ ਹੋਈ, ਉਹ ਇਕ ਲਾਲ ਮੋਟਰ ਪੁਰ ਸਵਾਰ ਪੂਰੀ ਸਪੀਡ ਤੇ ਨਠੀ ਜਾ ਰਹੇ ਹਨ।

ਹਸਪਤਾਲ ਜਾ ਕੇ ਅਬਦੁਲ ਕਾਦਰ ਦੇ ਸਰੀਰ ਚੋਂ ਅਪਰੇਸ਼ਨ ਰਾਹੀਂ ਗੋਲੀਆਂ ਕਢੀਆਂ ਗਈਆਂ। ਉਸਦੇ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਗਈ, ਪਰ ਕਮਜ਼ੋਰੀ ਕਾਰਨ ਉਸਦੇ ਮੂੰਹੋਂ ਕੋਈ ਸ਼ਬਦ ਨਾ ਨਿਕਲ ਸਕਿਆ। ਡਾਕਟਰਾਂ ਦੀ ਕੋਸ਼ਿਸ਼ ਦੇ ਬਾਵਜੂਦ ਉਹ ਬਚ ਨ ਸਕਿਆ, ਤੇ ਅਧੀ ਰਾਤ ਨੂੰ ਚਲ ਵਸਿਆ। ਜ਼ਖਮੀ ਮੁਟਿਆਰ ਬੜੀ ਖੂਬਸੂਰਤ ਸੀ। ਹਸਪਤਾਲ ਵਾਲਿਆਂ ਦਾ ਖਿਆਲ ਸੀ, ਕਿ ਉਸਦੀ ਸੁੰਦਰਤਾ ਦੇ ਸਾਰੇ ਚਿਨ ਮਿਟਾਣ ਲਈ ਉਸ ਪੁਰ ਇਹ ਹਮਲਾ ਕੀਤਾ ਗਿਆ ਹੋਵੇਗਾ। ਪੁਲਸ ਨੂੰ ਬਿਆਨ ਦੇਣ ਸਮੇਂ ਉਸ ਸੁੰਦਰੀ ਨੇ ਕਿਹਾ-"ਮੇਰਾ ਨਾਂ ਮੁਮਤਾਜ਼ ਹੈ, ਤੇ ਮੈਂ ਅਬਦੁਲ ਕਾਦਰ ਦੀ ਰਖੇਲੀ ਹਾਂ। ਅਬਦੁਲ ਇਕ ਬੜਾ ਅਮੀਰ ਆਦਮੀ ਹੈ ਤੇ ਉਸਨੂੰ ਲੁਟਣ ਲਈ ਇਹ ਹਮਲਾ ਕੀਤਾ ਗਿਆ ਹੈ।" ਪਰ ਉਸਦੇ ਪ੍ਰਾਈਵੇਟ ਸੈਕਰੇਟਰੀ ਦਾ ਬਿਆਨ ਸੀ ਕਿ "ਇਸ ਹਮਲੇ ਹੇਠਾਂ ਕੋਈ ਡੂੰਘੀ ਸਾਜ਼ਸ਼ ਕੰਮ ਕਰ ਰਹੀ ਸੀ। ਹਮਲਾਆਵਰਾਂ ਨੇ ਅਬਦੁਲ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਤੇ ਮੁਮਤਾਜ਼ ਨੂੰ ਉਨ੍ਹਾਂ ਸਿਰਫ ਛੁਰੇ ਨਾਲ ਜ਼ਖਮੀ ਕੀਤਾ ਸੀ। ਮੁਮਤਾਜ਼ ਦੀ ਉਹ ਸਿਰਫ ਸ਼ਕਲ ਹੀ ਵਿਗਾੜਨਾ ਚਾਹੁੰਦੇ ਸਨ।" ਮੋਟਰ ਡਰਾਈਵਰ ਨੇ ਵੀ ਇਸ ਬਿਆਨ ਦੀ ਤਾਈਦ ਕੀਤੀ।

ਮਿਸਟਰ ਪੀ. ਏ. ਕੇਲੀ ਉਨ੍ਹੀਂ ਦਿਨੀ, ਬੰਬਈ ਦੇ ਪੁਲਸ ਕਮਿਸ਼ਨਰ ਸਨ। ਉਹ ਇਸ ਮੁਆਮਲੇ ਦੀ ਪੂਰੀ ਪੜਤਾਲ ਕਰਨਾ ਚਾਹੁੰਦੇ ਸਨ। ਪੁਰਾਣੇ ਕਾਗ਼ਜ਼ਾਤ ਦੀ ਵੀ ਵੇਖ ਭਾਲ ਕੀਤੀ ਗਈ। ਇਸ ਵਾਕਿਆ ਤੋਂ ਪੰਜ ਮਹੀਨੇ ਪਹਿਲਾਂ ਦੀ ਇਕ ਦਰਖਾਸਤ ਪੁਲਸ ਹਥ ਆਈ, ਜਿਸ ਵਿਚ ਮੁਮਤਾਜ਼ ਨੇ ਲਿਖਿਆ ਸੀ-'ਮੇਰੇ ਮਾਪੇ ਮੈਨੂੰ ਇੰਦੌਰ ਨਰੇਸ਼ ਪਾਸ ਭੇਜਣਾ ਚਾਹੁੰਦੇ ਹਨ, ਪਰ ਮੈਂ ਉਥੇ ਨਹੀਂ ਜਾਣਾ ਚਾਹੁੰਦੀ, ਇਸ ਲਈ ਬੰਬਈ ਪੁਲਸ ਮੇਰੀ ਰਖਿਆ ਕਰੇ।"

ਪੁਲਸ ਕਮਿਸ਼ਨਰ ਨੇ ਇਸ ਮੁਆਮਲੇ ਵਿਚ ਖਾਸੀ ਦਿਲਚਸਪੀ ਲਈ। ਪੁਲਸ ਦੇ ਪੁਰਾਣੇ ਕਾਗ਼ਜ਼ਾਂ ਚੋਂ ਇਕ ਹੋਰ ਮੁਆਮਲੇ ਦਾ ਪਤਾ ਲਗਾ। ਇੰਦੌਰ ਦੇ ਸ਼ੰਭੂ ਦਿਆਲ ਨਾਂ ਦੇ ਇਕ ਆਦਮੀ ਦੀ ਰਿਆਸਤੀ ਪੁਲਸ ਮੰਗ ਕਰ ਰਹੀ ਸੀ। ਇੰਦੌਰ ਪੁਲਸ ਨੂੰ ਸ਼ਕ ਸੀ, ਕਿ ਸ਼ੰਭੂ ਦਿਆਲ ਬੰਬਈ ਵਿਚ ਹੀ ਹੈ। ਸ਼ੰਭੂ ਦਿਆਲ ਪਕੜਿਆ ਗਿਆ। ਫੜੇ ਜਾਣ ਪੁਰ ਉਸਨੇ ਆਪਣੇ ਬਿਆਨ ਵਿਚ ਦਸਿਆ, ਕਿ ਇੰਦੌਰ ਵਲੋਂ ਮੈਂਨੂੰ ਮੁਮਤਾਜ਼ ਨੂੰ ਫੜਣ ਲਈ ਘਲਿਆ ਗਿਆ ਸੀ, ਪਰ ਮੁਮਤਾਜ਼ ਦੇ ਨਾ ਜਾਣ ਕਾਰਨ ਮੇਰੇ ਤੇ ਗ਼ਬਨ ਦਾ ਝੂਠਾ ਮੁਕਦਮਾ ਬਣਾਇਆ ਗਿਆ ਹੈ। ਪਰੰਤੂ ਸ਼ੰਭੂ ਦਿਆਲ ਨੂੰ ਇੰਦੌਰ ਪੁਲਸ ਦੇ ਹਵਾਲੇ ਕਰ ਦਿਤਾ ਗਿਆ, ਤੇ ਉਥੇ ਉਸਨੂੰ ਲੰਬੀ ਸਜ਼ਾ ਦੇ ਕੇ ਜੇਲ੍ਹ ਵਿਚ ਸੁਟ ਦਿਤਾ ਗਿਆ। ਇਸ ਮੁਆਮਲੇ ਨੂੰ ਮੁੜ ਵੇਖਣ ਤੇ ਪੁਲਸ ਨੂੰ ਯਕੀਨ ਹੋ ਗਿਆ, ਕਿ ਇਸ ਮੁਆਮਲੇ ਦਾ ਸਬੰਧ ਜ਼ਰੂਰ ਇੰਦੌਰ ਨਾਲ ਹੈ।

ਜਿਹੜਾ ਹਮਲਾਆਵਰ ਮੌਕੇ ਪੁਰ ਗ੍ਰਿਫਤਾਰ ਕੀਤਾ ਗਿਆ ਸੀ, ਉਸ ਆਪਣਾ ਨਾਂ ਗਲਤ ਦਸਿਆ। ਉਸ ਪਾਸੋਂ ਦੋ ਹਜ਼ਾਰ ਰੁਪਿਆ ਨਿਕਲਿਆ, ਜਿਸ ਤੇ ਪੁਲਸ ਨੂੰ ਯਕੀਨ ਹੋ ਗਿਆ ਕਿ ਉਹ ਸਾਧਾਰਨ ਬਦਮਾਸ਼ ਨਹੀਂ। ੧੪ ਜਨਵਰੀ ਨੂੰ ਪੁਲਸ ਕਮਸ਼ਿਨਰ ਮਮਤਾਜ਼ ਦੇ ਰਿਹਾਇਸ਼ੀ ਮਕਾਨ ਪੁਰ ਪੁਜਾ, ਤੇ ਉਸਨੂੰ ਆਪਣਾ ਪਿਛਲਾ ਇਤਿਹਾਸ ਦਸਣ ਲਈ ਕਿਹਾ। ਮੁਮਤਾਜ਼ ਨੇ ਦਸਿਆ-"ਮੇਰੀ ਮਾਂ ਵਜ਼ੀਰ ਬੇਗਮ ਅੰਮ੍ਰਿਤਸਰ 'ਚ ਰਹਿਣ ਵਾਲੀ ਪ੍ਰਸਿਧ ਗਾਇਕਾ ਹੈ। ਮੈਂ ਉਸ ਪਾਸ ਰਹਿ ਕੇ ਹੀ ਗਾਣਾ ਤੇ ਨਾਚ ਆਦਿ ਦੀ ਸਿਖਿਆ ਪ੍ਰਾਪਤ ਕੀਤੀ। ਮੇਰੀ ਸੁੰਦਰਤਾ ਗਾਣਾ ਤੇ ਨਚਣਾ ਵੇਖ ਕੇ ਇੰਦੌਰ ਦੇ ਰਾਜੇ ਨੇ ਮੈਨੂੰ, ਮੇਰੀ ਮਾਂ ਤੋਂ ਖਰੀਦ ਲਿਆ। ਉਸ ਵਕਤ ਮੇਰੀ ਉਮਰ ਸਿਰਫ ਤੇਰਾਂ ਸਾਲ ਦੀ ਸੀ। ਪਹਿਲਾਂ ਤਾਂ ਮੈਂ ਸਾਧਾਰਣ ਗਾਇਕਾਵਾਂ ਤੇ ਨਾਚੀਆਂ ਵਾਂਗ ਰਖੀ ਗਈ, ਪਰ ਕੁਝ ਦਿਨਾਂ ਹੀ ਪਿਛੋਂ ਹੀ ਮਹਾਰਾਜੇ ਦੀ ਖਾਸ ਕ੍ਰਿਪਾ ਦ੍ਰਿਸ਼ਟੀ ਮੇਰੇ ਤੇ ਹੋਣੀ ਸ਼ੁਰੂ ਹੋ ਗਈ। ਇਕ ਸਾਲ ਪਿੱਛੋਂ ਉਹ ਆਪਣੇ ਵਕਤ ਦਾ ਕਾਫ਼ੀ ਹਿਸਾ ਮੇਰੇ ਨਾਲ ਹੀ ਗੁਜ਼ਾਰਣ ਹੀ ਲਗ ਪਿਆ। ਮੈਨੂੰ ਉਦੋਂ ਇਹ ਵੀ ਨਹੀਂ ਸੀ ਪਤਾ, ਕਿ ਪ੍ਰੇਮ ਕਿਸ ਮਾਨਵਰ ਦਾ ਨਾਂ ਹੈ? ਪਰ ਮੈਂ ਅਣਜਾਣ ਪੁਣੇ ਵਿਚ ਹੀ ਉਸਦੀ ਕਾਮ-ਵਾਸ਼ਨਾ ਦਾ ਸ਼ਿਕਾਰ ਹੋ ਗਈ। ੧੬ ਸਾਲ ਦੀ ਉਮਰ ਵਿਚ ਮੇਰੀ ਕੁਖੋਂ ਇਕ ਬਾਲਕ ਨੇ ਜਨਮ ਲਿਆ। ਕੁਝ ਦਿਨਾਂ ਪਿਛੋਂ ਉਸਦੀ ਮੌਤ ਹੋ ਗਈ। ਮੈਨੂੰ ਪਤਾ ਲਗਾ ਕਿ ਮਹਾਰਾਜੇ ਦੇ ਹੁਕਮ ਨਾਲ ਮੇਰੇ ਬਚੇ ਦਾ ਖੂਨ ਕੀਤਾ ਗਿਆ ਹੈ। ਇਨ੍ਹਾਂ ਹੀ ਦਿਨਾਂ ਵਿਚ ਇੰਦੌਰ ਦਾ ਮਹਾਰਾਜਾ ਸਰ ਤੁਕੋ ਜੀ ਰਾਵ ਕਿਸੇ ਹੋਰ ਮਹਾਰਾਜੇ ਨੂੰ ਰਿਆਸਤੋਂ ਬਾਹਰ ਮਿਲਣ ਗਿਆ। ਮੈਂ ਵੀ ਉਨ੍ਹਾਂ ਨਾਲ ਗਈ। ਜਦ ਗਡੀ ਦਿਲੀ ਸਟੇਸ਼ਨ ਪੁਰ ਪੁਜੀ, ਤਾਂ ਮੈਂ ਅੰਗਰੇਜ਼ੀ ਪੁਲਸ ਨੂੰ ਅਰਜ਼ ਕੀਤੀ, ਕਿ ਰਿਆਸਤ ਮੇਰੇ ਪੁਰ ਜ਼ੁਲਮ ਕਰ ਰਹੀ ਹੈ, ਮੈਨੂੰ ਆਪਣੀ ਨਿਗਰਾਨੀ ਵਿਚ ਲੈ ਲਿਆ ਜਾਵੇ। ਪੁਲਸ ਨੇ ਮੈਨੂੰ ਆਪਣੀ ਹਿਫਾਜ਼ਤ ਵਿਚ ਮੇਰੀ ਮਾਂ ਪਾਸ ਅੰਮ੍ਰਿਤਸਰ ਘਲ ਦਿਤਾ।"

ਮੁਮਤਾਜ਼ ਨੇ ਅਗੇ ਚਲ ਕੇ ਕਿਹਾ-"ਮੇਰੀ ਮਾਂ ਪੈਸੇ ਦੀ ਭੁਖੀ ਸੀ, ਉਸਨੇ ਫਿਰ ਇੰਦੌਰ ਮਹਾਰਜੇ ਪਾਸੋਂ ਰੁਪਏ ਦੀ ਮੰਗ ਕੀਤੀ। ਉਥੇ ਰੁਪਏ ਦੀ ਕੀ ਕਮੀ ਸੀ, ਇਹੋ ਜਹੇ ਕੰਮਾਂ ਲਈ ਸਦਾ ਰਿਆਸਤ ਦੇ ਖਜ਼ਾਨੇ ਖੁਲ੍ਹੇ ਰਹਿੰਦੇ ਸਨ।

"ਕਾਫੀ ਰੁਪਿਆ ਨਾਲ ਲੈ ਕੇ ਸ਼ੰਭੂ ਅੰਮ੍ਰਿਤਸਰ ਪੁਜਾ। ਉਸਦੇ ਅੰਮ੍ਰਤਸਰ ਪੁਜਦਿਆਂ ਹੀ ਮੈਂ ਬੰਬਈ ਨਠ ਗਈ। ਬੰਬਈ ਦੇ ਹੋਟਲ ਵਿਚ ਮੇਰੀ ਮੁਲਾਕਾਤ ਅਬਦੁਲ ਕਾਦਰ ਨਾਲ ਹੋਈ। ਸਾਰੀ ਗਲ ਬਾਤ ਦਸਣ ਪੁਰ ਅਬਦੁਲ ਮੈਨੂੰ ਆਪਣੀ ਹਿਫਾਜ਼ਤ ਵਿਚ ਲੈਣ ਲਈ ਰਜ਼ਾ-ਮੰਦ ਹੋ ਗਿਆ। ਇਸ ਤਰ੍ਹਾਂ ਮੈਂ ਉਸ ਪਾਸ ਰਹਿਣ ਲਗ ਪਈ।

"ਅਬਦੁਲ ਮੈਨੂੰ ਇੰਦੌਰ ਮਹਾਰਾਜੇ ਤੋਂ ਜ਼ਿਆਦਾ ਪਿਆਰ ਤੇ ਆਰਾਮ ਨਾਲ ਰਖਦਾ ਸੀ। ਉਹ ਬੜੇ ਜਿਗਰੇ ਵਾਲਾ ਬਹਾਦਰ ਮਨੁੱਖ ਸੀ। ਉਸ ਨੂੰ ਕਈ ਵਾਰ ਮੌਤ ਦੀ ਧਮਕੀ ਦਿਤੀ ਗਈ, ਪਰ ਉਸ ਨੇ ਮੈਨੂੰ ਛਡਣਾ ਪਰਵਾਨ ਨਾ ਕੀਤਾ, ਸਗੋਂ ਇਹ ਪ੍ਰੇਮ ਤਣੀਆਂ ਦਿਨ ਬਦਿਨ ਪੱਕੀਆਂ ਹੁੰਦੀਆਂ ਗਈਆਂ। ਇਸ ਤਰ੍ਹਾਂ ਸਾਡੇ ਦਿਨ ਬੜੇ ਅਨੰਦ ਨਾਲ ਗੁਜ਼ਰ ਰਹੇ ਸਨ।

"੧੨ ਜਨਵਰੀ ਨੂੰ ਅਸੀਂ ਦੋਵੇਂ ਮੋਟਰ ਵਿਚ ਸੈਰ ਨੂੰ ਨਿਕਲੇ। ਨਾਲ ਹੀ ਉਸਦਾ ਪ੍ਰਾਈਵੇਟ ਸਕੱਤਰ ਵੀ ਸੀ। ਸ਼ਾਮ ਨੂੰ ਪੌਣੇ ਅਠ ਵਜੇ ਦਾ ਵਕਤ ਹੋਵੇਗਾ ਕਿ ਸਾਡੀ ਮੋਟਰ ਇਕ ਹੋਰ ਮੋਟਰ ਨਾਲ ਟਕਰਾ ਗਈ। ਸਾਡੇ ਡਰਾਈਵਰ ਨੇ ਗਡੀ ਰੋਕ ਲਈ। ਪਿਛਲੀ ਮੋਟਰ ਵੀ ਰੁਕ ਗਈ। ਉਸ ਗਡੀ ਚੋਂ ਤਿੰਨ ਚਾਰ ਆਦਮੀ ਨਿਕਲੇ। ਅਸੀਂ ਸਮਝਿਆ ਕਿ ਸਾਡੀ ਗਡੀ ਨਾਲ ਟਕਰ ਲਗ ਜਾਣ ਕਰ ਕੇ ਉਹ ਖਿਮਾਂ ਮੰਗਣਾ ਚਾਹੁੰਦੇ ਹਨ, ਪਰ ਉਨਾਂ ਆਉਂਦਿਆਂ ਸਾਰ ਪਿਸਤੌਲ ਨਾਲ ਅਬਦੁਲ ਪੁਰ ਫਾਇਰ ਕਰਨੇ ਸ਼ੁਰੂ ਕਰ ਦਿਤੇ। ਇਕ ਆਦਮੀ ਛੁਰਾ ਲੈ ਕੇ ਮੇਰੇ ਵਲ ਵਧਿਆ। ਮੇਰੇ ਤੇ ਕਈ ਛੁਰੇ ਦੇ ਵਾਰ ਕੀਤੇ ਗਏ, ਜਿਸ ਕਾਰਣ ਮੈਂ ਬੇਹੋਸ਼ ਹੋ ਗਈ।"
ਇਨ੍ਹਾਂ ਬਿਆਨਾਂ ਤੋਂ ਪੁਲਸ ਕਮਿਸ਼ਨਰ ਨੂੰ ਯਕੀਨ ਹੋ ਗਿਆ ਕਿ ਇਸ ਕਤਲ ਦਾ ਸਬੰਧ ਰਿਆਸਤ ਇੰਦੌਰ ਨਾਲ ਹੈ। ਮਿਸਟਰ ਕੇਲੀ ਨੇ ਹੋਰ ਛਾਣ ਬੀਣ ਦਾ ਕੰਮ ਇਨਸਪੈਕਟਰ ਜੇਫਰਿਸ਼ ਨੂੰ ਸੌਂਪਿਆ, ਇਨਸਪੈਕਟਰ ਜੇਫਰਿਸ ਨੂੰ ਪਤਾ ਲਗਾ ਕਿ ਇੰਦੌਰ ਵਲੋਂ ਸਤਾਏ ਗਏ ਕੁਝ ਪਾਰਸ਼ੀ ਬੰਬਈ ਰਹਿੰਦੇ ਹਨ।
ਜਿਸ ਹਮਲਾ-ਆਵਰ ਨੇ ਗਰਿਫ਼ਤਾਰ ਪੁਰ ਗ਼ਲਤ ਨਾਂ ਦਸਿਆ ਸੀ, ਉਸ ਨੂੰ ਨਾਲ ਲੈ ਇਨਸਪੈਕਟਰ ਉਨ੍ਹਾਂ ਪਾਰਸੀਆਂ ਪਾਸ ਪੁਜਾ। ਉਹਨਾਂ ਦਸਿਆ ਕਿ ਉਹ ਇੰਦੌਰ ਫੌਜ ਦੀ ਘੋੜਸਵਾਰ ਫ਼ੌਜ ਦਾ ਸਾਰਜੈਂਟ ਮੇਜਰ ਸ਼ਖਸੀ-ਅਹਿਮਦ ਹੈ।
ਇਨਸਪੈਕਟਰ ਨੇ ਸੋਚਿਆ, ਜੇ ਇਸ ਕਤਲ ਦਾ ਸਬੰਧ ਇੰਦੌਰ ਰਾਜ ਨਾਲ ਹੈ, ਤਾਂ ਉਨ੍ਹਾਂ ਦਿਨਾਂ ਵਿਚ ਤਾਰ ਜ਼ਰੂਰ ਆਏ ਗਏ ਹੋਣਗੇ। ਵਡੇ ਡਾਕਖਾਨੇ ਜਾ ਕੇ ਤਾਰਾਂ ਦੀਆਂ ਫਾਈਲਾਂ ਦੀ ਪੜਤਾਲ ਤੋਂ ਪਤਾ ਲਗਾ ਕਿ ਇਸ ਹਾਦਸੇ ਪਿਛੋਂ ਇੰਦੌਰ ਦੇ ਐਡਜੂਟੈਂਟ ਜੈਨਰਲ ਪਾਸ ਇਕ ਤਾਰ ਘਲਿਆ ਗਿਆ ਸੀ। ਤਾਰ ਦੇ ਲਫਜ਼ ਬੜੇ ਸਾਧਾਰਨ ਸਨ, ਪਰ ਉਸ ਨੂੰ ਯਕੀਨ ਸੀ, ਕਿ ਤਾਰ ਹਮਲਾ-ਆਵਰ ਭਗੌੜਿਆ ਵਲੋਂ ਦਿਤਾ ਗਿਆ ਹੋਵੇਗਾ। ਅਠ ਦਿਨ ਪਹਿਲਾਂ ਭੇਜੇ ਗਏ ਇਕ ਹੋਰ ਤਾਰ ਤੋਂ ਪਤਾ ਲਗਾ, ਕਿ ਕਾਤਲ ੧੦ ਜਨਵਰੀ ਨੂੰ ਬੰਬਈ ਪੁਜ ਗਏ ਸਨ। ਤਾਰ ਵਿਚ ਲਿਖਿਆ ਸੀ———"ਨਾਸਕ ਦੇ ਰਾਹੋਂ ਭੇਜੇ ਗਏ ਫ਼ਲ ਕਲ ਜ਼ਰੂਰ ਪੁਜ ਜਾਣਗੇ।" ਇਹ 'ਫਲ’ ਸ਼ਬਦ ਕਾਤਲਾਂ ਲਈ ਨੀਯਤ ਸਨ। ਇਨਸਪੈਕਟਰ ਨੂੰ ਪਤਾ ਲਗਾ ਕਿ 'ਫਲਾਂ' ਵਾਲਾ ਤਾਰ, ਦਾਖ ਵੇਚਣ ਵਾਲੇ ਇਕ ਵਪਾਰੀ ਦਾ ਭੇਜਿਆ ਹੋਇਆ ਹੈ। ਉਸ ਵਪਾਰੀ ਦਾ ਸਬੰਧ ਇੰਦੌਰ ਦੇ ਰਾਜ-ਮਹੱਲ ਨਾਲ ਹੈ। ਉਸ ਦਾ ਨਾਂ ਅਬਦੁਲ ਲਤੀਫ ਸੀ। ਪੁਲਸ ਨੇ ਉਸ ਨੂੰ ਗਰਿਫਤਾਰ ਕਰ ਲਿਆ।

ਇਸ ਵਾਕਫੀ ਪਿਛੋਂ ਪੁਲਸ ਕਮਿਸ਼ਨਰ ਮਿ: ਕੇਲੀ ਨੇ ਮੁਆਮਲੇ ਦੀ ਹੋਰ ਵਧੇਰੇ ਪੜਤਾਲ ਲਈ ਇਨਸਪੈਕਟਰ ਸਮਿਥ ਨੂੰ ਮੁਕਰਰ ਕੀਤਾ, ਇਨਸਪੈਕਟਰ ਸਮਥਿ ਨੇ ਚੁਪ ਚਾਪ ਇੰਦੌਰ ਜਾ ਕੇ ਛਾਨ ਬੀਨ ਕਰਨੀ ਸ਼ੁਰੂ ਕੀਤੀ ਉਥੋਂ ਪਤਾ ਲਗਾ, ਕਿ ਜਿਸ ਮੋਟਰ ਪੁਰ ਕਾਤਲ ਵੇਖੇ ਗਏ ਸਨ, ਉਹ ਐਡਜੂਟੈਂਟ ਜਨਰਲ ਦੀ ਸੀ। ਇਹ ਗਡੀ ਇਸੇ ਦਸੰਬਰ ਵਿਚ ਖ਼ਰੀਦੀ ਗਈ ਸੀ ਤੇ ਕਤਲ ਦੇ ਦਿਨਾਂ ਵਿਚ ਇਹ ਗਡੀ ਇੰਦੌਰ ਵਿਚ ਨਹੀਂ ਸੀ। ਰੈਜ਼ੀਡੈਂਟ ਨੂੰ ਮੁਮਤਾਜ਼ ਦੇ ਨਠ ਜਾਣ ਦੀ ਖ਼ਬਰ ਸੀ। ਰੈਜ਼ੀਡੈਂਟ ਨੇ ਇੰਦੌਰ ਦੇ ਮਹਾਰਾਜੇ ਨੂੰ ਲਿਖਿਆ ਕਿ ਉਹ ਆਪਣੇ ਭਗੌੜੇ ਕਾਤਲਾਂ ਦੀ ਗਰਿਫ਼ਤਾਰੀ ਦੀ ਆਗਿਆ ਦੇਵੇ। ਇਸ ਕੰਮ ਲਈ ੨੨ ਜਨਵਰੀ ਮੁਕੱਰਰ ਕੀਤੀ ਗਈ। ਸਮਿਥ ਨੇ ਉਸ ਗੋਰੇ ਫੌਜੀ ਅਫਸਰ ਨੂੰ ਪਹਿਲਾਂ ਹੀ ਰੈਜ਼ੀਡੈਨਸੀ ਵਿਚ ਛੁਪਾ ਰਖਿਆ ਸੀ, ਜਿਸ ਹਮਲਾਆਵਰਾਂ ਨੂੰ ਜਾ ਫੜਿਆ ਸੀ। ਫੌਜੀ ਅਫਸਰ ਨੇ ਸਤ, ਰਾਜ-ਕਰਮਚਾਰੀਆਂ ਦੀ ਸ਼ਿਨਾਖਤ ਕੀਤੀ। ਇਹਨਾਂ ਵਿੱਚੋਂ ਚਾਰ ਫੌਜੀ ਅਫਸਰ ਸਨ। ਇਕ, ਜਿਸ ਦਾ ਨਾਂ ਕੇ. ਪਾਂਡੇ ਸੀ,ਇੰਦੌਰ ਦੇ ਮਹਾਰਾਜੇ ਦਾ ਏ. ਡੀ. ਸੀ. ਸੀ। ਇੰਦੌਰ ਦੇ ਐਡਜੂਟੈਂਟ ਜੈਨਰਲ ਤੇ ਕੈਪਟਨ ਸ਼ਿਆਮ ਲਾਲ ਦਿਵੇ ਆਦਿ ਫ਼ੌਜੀ ਅਫਸਰ ਵੀ ਇਸ ਸਾਜ਼ਸ਼ ਵਿਚ ਸ਼ਾਮਲ ਸਨ। ਇਨਸਪੈਕਟਰ ਨੇ ਮਹਾਰਾਜੇ ਨੂੰ ਇਨ੍ਹਾਂ ਆਦਮੀਆਂ ਨੂੰ ਅੰਗਰੇਜ਼ੀ ਪੁਲਸ ਦੇ ਹਵਾਲੇ ਕਰਨ ਲਈ ਕਿਹਾ। ਪਹਿਲਾਂ ਤਾਂ ਮਹਾਰਾਜੇ ਨੇ ਬੜੀ ਹੀਲ ਹੁਜਤ ਕੀਤੀ, ਪਰ ਅਖੀਰ ਮਜਬੂਰ ਹੋ ਕੇ ਉਨ੍ਹਾਂ ਸਤਾਂ ਆਦਮੀਆਂ ਨੂੰ ਅੰਗਰੇਜ਼ੀ ਪੁਲਸ ਦੇ ਹਵਾਲੇ ਕਰਨਾ ਪਿਆ।

ਮਮਤਾਜ਼ ਦੇ ਦੋ ਚਾਚੇ ਇੰਦੌਰ ਵਿਚੋਂ ਇਸ ਸਿਲਸਿਲੇ ਵਿਚ ਗਰਿਫਤਾਰ ਕਰ ਲਏ ਗਏ। ਲਗਾਤਾਰ ਤਿੰਨ ਦਿਨ ਮਮਤਾਜ਼ ਦਾ ਬਿਆਨ ਅਦਾਲਤ ਵਿਚ ਹੁੰਦਾ ਰਿਹਾ। ਉਸ ਨੇ ਅਦਾਲਤ ਵਿਚ ਸ਼ੁਰੂ ਤੋਂ ਅਖੀਰ ਤਕ ਆਪਣੀ ਪ੍ਰੇਮ ਕਹਾਣੀ ਸੁਣਾਈ। ਆਪਣੇ ਰਾਜ ਕਰਮਚਾਰੀਆਂ ਨੂੰ ਬਚਾਣ ਖਾਤਰ ਮਹਾਰਾਜੇ ਨੇ ਪਾਣੀ ਵਾਂਗ ਰੁਪਿਆ ਵਹਾਇਆ, ਪਰ ੨੩ ਮਈ ਨੂੰ ਜਿਯੂਰੀ ਦੀ ਬਹੁਸੰਮਤੀ ਨਾਲ ਸ਼ਫੀ ਅਹਿਮਦ, ਕੇ. ਪਾਂਡੇ ਤੇ ਕੈਪਟਨ ਸ਼ਿਆਮ ਰਾਉ ਨੂੰ ਫਾਂਸੀ ਦੀ ਸਜ਼ਾ ਦਿਤੀ ਗਈ। ਮੁਜਰਮਾਂ ਵਲੋਂ ਅਪੀਲ ਕੀਤੀ ਗਈ, ਪਰ ਉਹ ਖਾਰਜ ਹੋ ਗਈ। ਨਵੰਬਰ ਵਿਚ ਚਹੁੰ ਕਾਤਲਾਂ ਨੂੰ ਫਾਂਸੀ ਪੁਰ ਲਟਕਾ ਦਿਤਾ ਗਿਆ।

ਇੰਦੌਰ ਦੇ ਮਹਾਰਾਜੇ ਦਾ ਇਸ ਕਤਲ ਵਿਚ ਖਾਸਾ ਸਬੰਧ ਹੋਣ ਕਰ ਕੇ ਉਸ ਵੇਲੇ ਦੇ ਲਾਰਡ ਰੀਡਿੰਗ ਨੇ ਸਰ ਤੁਕੋ ਜੀ ਰਾਓ ਹੁਲਕਰ ਨੂੰ ਹੁਕਮ ਦਿਤਾ ਕਿ ਜਾਂ ਤਾਂ ਉਹ ਇਸ ਮੁਆਮਲੇ ਦੀ ਪੜਤਾਲ ਲਈ ਕਮਿਸ਼ਨ ਮੁਕੱਰਰ ਕਰਣ ਦੀ ਆਗਿਆ ਦੇਵੇ ਤੇ ਜਾਂ ਤਖਤ ਛਡ ਦੇਵੇ। ਵਾਇਸਰਾਏ ਦੀ ਇਸ ਚਿਠੀ ਦਾ ਕਿੰਨੇ ਚਿਰ ਤਕ ਕੋਈ ਜਵਾਬ ਨਾ ਦਿਤਾ ਗਿਆ। ਕਿਹਾ ਜਾਂਦਾ ਹੈ ਕਿ ਜਦ ਹਕੂਮਤ ਹਿੰਦ ਨੇ ਇੰਦੌਰ ਦੀਆਂ ਫੌਜਾਂ ਦੇ ਹਥਿਆਰ ਖੋਹ ਕੇ ਮਹਾਰਾਜੇ ਦੀ ਗ੍ਰਿਫਤਾਰੀ ਦਾ ਇਰਾਦਾ ਕੀਤਾ ਤਾਂ ਮਹਾਰਾਜੇ ਨੇ ੨੮ ਫ਼ਰਵਰੀ ੧੯੨੬ ਨੂੰ ਗੱਦੀ ਛੱਡ ਦਿੱਤੀ।

ਇਸ ਤਰ੍ਹਾਂ ਬਦਕਿਸਮਤ ਅਬਦੁਲ ਦੇ ਕਤਲ-ਕਾਂਡ ਦਾ ਅੰਤ ਹੋਇਆ। ਪ੍ਰੇਮ ਲੀਲਾ ਦਾ ਅਰੰਭ ਹੋਣ ਦੇ ਕੁਝ ਦਿਨ ਹੀ ਪਿਛੋਂ ਉਸਨੂੰ ਆਪਣੀ ਜੀਵਣ ਲੀਲਾ ਨੂੰ ਖ਼ਤਮ ਕਰਨਾ ਪਿਆ।

{{{2}}}{{{2}}}