ਪ੍ਰੀਤ ਕਹਾਣੀਆਂ/ਮਿਸਟਰ ਏ. ਦੀ ਨਾਕਾਮ ਪ੍ਰੇਮ ਕਥਾ

ਵਿਕੀਸਰੋਤ ਤੋਂ
ਦੇਸ


ਮਿਸਟਰ ਏ.ਦੀ ਨਾਕਾਮ ਪ੍ਰੇਮ ਕਥਾ


ਜਿਥੇ ਪ੍ਰੇਮ ਖੇਤਰ ਵਿਚ ਕਈ ਪ੍ਰੇਮੀਆਂ ਨੇ ਆਪਣੇ ਬਲੀਦਾਨ ਦਿਤੇ, ਉਥੇ ਕਈ ਨਿਰੇ ਵਾਸ਼ਨਾ ਦੇ ਪ੍ਰੇਮੀਆਂ ਨੇ ਇਸ਼ਕ ਦੇ ਨਾਂ ਨੂੰ ਬੁਰੀ ਤਰ੍ਹਾਂ ਬਦਨਾਮ ਕੀਤਾ। ਉਨ੍ਹਾਂ ਵਿਚ ਹਿੰਦ ਦੇ ਕਈ ਨਵਾਬ ਰਾਜੇ, ਤੇ ਮਹਾਰਾਜੇ ਪ੍ਰਸਿਧ ਹਨ। ਅੰਗਰੇਜ਼ਾਂ ਦੀ ਹਕੂਮਤ ਸਮੇਂ ਬਹੁਤ ਸਾਰੇ ਹਿੰਦੀ ਰਿਆਸਤਾਂ ਦੇ ਮਾਲਕਾਂ ਦਾ ਕੰਮ ਸ਼ਰਾਬ ਵਿਚ ਮਸਤ ਰਹਿਣਾ, ਤੇ ਆਪਣੀ ਸਰੀਰਕ ਭੁਖ ਦੂਰ ਕਰਨ ਲਈ ਰਿਆਸਤ ਦੀਆਂ ਸੁੰਦਰ ਬਹੂ ਬੇਟੀਆਂ ਦੀ ਅਸਮਤ ਖ਼ਰਾਬ ਕਰਨਾ ਸੀ। ਜਦੋਂ ਦੇਸ਼ ਵਿਚ ਆਪਣੀ ਤ੍ਰਿਸ਼ਨਾ ਪੂਰਤੀ ਤੋਂ ਇਹ ਲੋਕ ਥਕ ਜਾਂਦੇ, ਤਾਂ ਯੋਰਪ ਵਿਚ ਜਾ ਕੇ ਗਰੀਬ ਪਰਜਾ ਦੀ ਖੂਨ ਪਸੀਨਾ ਇਕ ਕੀਤੀ ਕਮਾਈ ਨੂੰ ਆਪਣੀ ਐਸ਼-ਪ੍ਰਸਤੀ ਵਿਚ ਜ਼ਾਇਆ ਕੀਤਾ ਕਰਦੇ ਸਨ।

ਹਿੰਦ ਦੀ ਇਕ ਬੜੀ ਸੁੰਦਰ ਤੇ ਵਡੀ ਰਿਆਸਤ ਦਾ ਰਾਜ ਕੁਮਾਰ ਸੰਨ ੧੯੧੯ ਵਿਚ ਲਖਾਂ ਪੌਂਡ ਲੈ ਕੇ ਵਲੈਤ ਦੀ ਸੈਰ ਨੂੰ ਨਿਕਲਿਆ। ਲੰਦਨ ਵਿਚ ਰਾਬਿਨਸਨ ਨਾਂ ਦੀ ਵਿਆਹਤ ਸੁੰਦਰੀ ਨਾਲ ਉਸਦਾ ਮੇਲ ਹੋਇਆ। ਕੁਝ ਚਿਰ ਪਿਛੋਂ ਉਸ ਕੁੜੀ ਨਾਲ ਸਬੰਧ ਇੰਨੇ ਗੂੜੇ ਹੋ ਗਏ, ਕਿ ਰਾਜਕੁਮਾਰ ਨੇ ਉਸ ਨੂੰ ਆਪਣੇ ਦੇਸ ਲੈ ਆਣ ਦਾ ਵਿਚਾਰ ਬਣਾ ਲਿਆ।

ਇਕ ਦਿਨ ਜਦ ਇਹ ਰਾਜ ਕੁਮਾਰ, ਸੇਂਟ ਜੇਮਜ਼ ਐਂਡ ਐਲਬਨੀ ਨਾਂ ਦੇ ਇਕ ਹੋਟਲ ਵਿਚ ਰਾਬਿਨਸਨ ਨਾਲ ਰੰਗ ਰਲੀਆਂ ਮਨਾ ਰਿਹਾ ਸੀ, ਤਾਂ ਅਚਾਨਿਕ ਤਿੰਨ ਯੋਰਪੀਨਾਂ ਨੇ ਉਸ ਨੂੰ ਇਸੇ ਦਿਸ਼ਾ ਵਿਚ ਫੜ ਲਿਆ। ਰਾਜ ਕੁਮਾਰ ਘਬਰਾ ਕੇ ਮੰਝਿਉਂ ਉਠ ਖੜੋਤਾ, ਉਸਦਾ ਸਾਰਾ ਸਰੀਰ ਕੰਬ ਰਿਹਾ ਸੀ, ਤੇ ਸਾਹਮਣੇ ਖੁਲ੍ਹੇ ਵਾਲੀਂ ਰਾਬਿਨਸਨ ਲੇਟੀ ਹੋਈ ਸੀ।

ਇਹ ਤਿੰਨ ਯੋਰਪੀਨ ਕੋਣ ਸਨ?

ਇਕ ਸੀ ਮਾਂਟੇਗੋ ਨੋਇਲ ਨੀਊਟਨ, ਦੁਜਾ ਸੀ ਰਾਜ ਕੁਮਾਰ ਦਾ ਆਇਰਿਸ਼ ਏ.ਡੀ. ਸੀ ਕੈਪਟਨ ਚਾਰਲਸ ਵਿਲੀਅਮਜ਼ ਆਰਥਰ, ਤੇ ਤੀਜਾ ਹਾਬਸ ਨਾਂ ਦਾ ਇਕ ਬੜਾ ਹੁਸ਼ਿਆਰ ਵਕੀਲ ਸੀ। ਕੈਪਟਨ ਆਰਥਰ ਨੇ ਰਾਜ ਕੁਮਾਰ ਨੂੰ ਡਰਾਇਆ ਤੇ ਦਸਿਆ ਕਿ ਉਸ ਦੇ ਨਾਲ ਵਾਲਾ ਮਿ: ਰਾਬਿਨਸਨ ਹੈ। (ਜਿਹੜਾ ਅਸਲ ਵਿਚ ਨਿਊਟਨ ਸੀ) ਤੇ ਉਹ ਆਪਣੀ ਪਤਨੀ ਨੂੰ ਉਸਦੇ ਰਾਜ ਕੁਮਾਰ ਨਾਲ ਵਿਭਚਾਰੀ ਹੋਣ ਕਾਰਣ ਤਲਾਕ ਦੇ ਦੇਵੇਗਾ, ਤੇ ਤਲਾਕ ਦੀ ਕਾਰਵਾਈ ਦੀ ਲਪੇਟ ਵਿਚ ਰਾਜ ਕੁਮਾਰ ਦਾ ਆ ਜਾਣਾ ਕੁਦਰਤੀ ਗਲ ਹੈ। ਇਸ ਦਾ ਅਸਰ ਇਹ ਹੋਵੇਗਾ, ਕਿ ਮੌਜੂਦਾ ਮਹਾਰਾਜੇ ਪਿਛੋਂ ਉਸ ਦੇ ਤਖਤ ਦੇ ਕਾਨੂੰਨੀ ਵਾਰਸ ਹੋਣ ਵਿਚ ਭਾਰੀਆਂ ਅੜਿਚਨਾਂ ਪੈ ਜਾਣਗੀਆਂ।

ਰਾਜ ਕੁਮਾਰ ਹਾਲੀਂ ਨਵਾਂ ਨਵਾਂ ਜਵਾਨੀ ਵਿਚ ਪੈਰ ਰੱਖ ਰਿਹਾ ਸੀ, ਬਿਲਕੁਲ ਨਾ-ਤਜਰਬੇਕਾਰ, ਤੇ ਦੇਸੋਂ ਹਜ਼ਾਰਾਂ ਮੀਲ ਦੀ ਦੂਰੀ ਤੇ, ਉਹ ਫੌਰਨ ਘਬਰਾ ਗਿਆ, ਤੇ ਉਸ ਆਪਣੇ ਏ.ਡੀ.ਸੀ. ਨੂੰ ਆਪਣੀ ਜਾਨ ਬਚਾਣ ਲਈ ਬਿਨੈ ਕੀਤੀ।

ਕੈਪਟਨ ਆਰਥਰ ਨੇ ਰਾਜਕੁਮਾਰ ਨੂੰ ਦਸਿਆ, ਕਿ ਜੇ ਉਹ ਤਿੰਨ ਲੱਖ ਪੌਂਡ ਦੇ ਦੇਵੇ, ਤਾਂ ਰਾਬਿਨਸਨ ਖਾਮੋਸ਼ ਹੋ ਜਾਵੇਗਾ। ਵਰਨਾ ਉਹ ਕਚਹਿਰੀ ਦੇ ਦਰਵਾਜ਼ੇ ਖੜਕਾ ਕੇ ਉਸ ਨੂੰ ਬਦਨਾਮ ਕਰੇਗਾ। ਸੋ ਹੋਰ ਕੋਈ ਚਾਰਾ ਚਲਦਾ ਨਾ ਵੇਖ ਕੇ ਰਾਜਕੁਮਾਰ ਨੇ ਰਾਬਿਨਸਨ ਦੇ ਨਾਂ ਤੇ ਇਕ ਲਖ ਪੰਜਾਹ ਹਜ਼ਾਰ ਦੇ ਦੋ ਚੈਕਾਂ ਪੁਰ ਦਸਖਤ ਕਰ ਕੇ ਆਪਣੇ ਏ.ਡੀ.ਸੀ ਦੇ ਹਵਾਲੇ ਕਰ ਦਿਤੇ।

ਪਰ ਇਹ ਸਾਰੀ ਦੀ ਸਾਰੀ ਰਕਮ ਮਿ.ਰਾਬਿਨਸਨ ਨੂੰ ਨਾ ਮਿਲੀ, ਜਿਸਦਾ ਕਿ ਇਸ ਵਾਕਿਆ ਤੋਂ ਤਿੰਨ ਸਾਲ ਪਿਛੋਂ ਇਕ ਮੁਕਦਮੇ ਵਿਚ ਭੇਦ ਖੁਲ੍ਹਾ, ਜਿਹੜਾ ਮਿਡਲੈਂਡ ਨਾਂ ਦੇ ਇਕ ਬੈਂਕ ਵਿਰੁਧ ਰਾਬਿਨਸਨ ਵਲੋਂ ਕੀਤਾ ਗਿਆ ਸੀ।

ਅਸਲ ਵਾਕਿਆਂ ਤੋਂ ਹਫਤਾ ਕੁ ਪਿਛੋਂ ਨਿਊਟਨ ਦੇ ਵਕੀਲ ਵਿਲੀਅਮ ਕੂਪਰ ਹਾਬਸ ਨੇ ਰਾਬਿਨਸਨ ਨੂੰ ਦਸਿਆ, ਕਿ ਰਾਜ ਕੁਮਾਰ ਉਸ ਨੂੰ ਵੀਹ ਹਜ਼ਾਰ ਪੌਂਡ ਦੇਣ ਨੂੰ ਤਿਆਰ ਹੈ, ਜੇ ਉਹ ਆਪਣੀ ਪਤਨੀ ਨੂੰ ਤਿਲਾਕ ਨਾ ਦੇਵੇ। ਇੰਨੀ ਭਾਰੀ ਰਕਮ ਵੇਖ ਕੇ ਰਾਬਿਨਸਨ ਦੇ ਮੂੰਹ ਵਿਚ ਪਾਣੀ ਭਰ ਆਇਆ, ਤੇ ਉਹ ਆਪਣੀ ਹੋਈ ਬੇਇਜ਼ਤੀ ਨੂੰ ੨੫,000 ਪੌਂਡ ਪ੍ਰਾਪਤ ਕਰ ਕੇ ਭੁਲ ਜਾਣ ਲਈ ਤਿਆਰ ਹੋ ਗਿਆ। ਵਿਲੀਅਮ ਹਾਬਸ ਨੇ ਇਹ ਸੌਦਾ ਕਰਾਉਣ ਦੀ ੪000 ਪੌਂਡ ਫੀਸ ਕਟ ਕੇ ਬਾਕੀ ੨੧000 ਪੌਂਡ ਰਾਬਿਨਸਨ ਨੂੰ ਦੇ ਕੇ ਉਸ ਦਾ ਮੂੰਹ ਬੰਦ ਕਰ ਦਿਤਾ।

ਹਾਬਸ ਹੁਣ ਤੀਕ ਰਾਜ ਕੁਮਾਰ ਦੇ ਦੋਹਾਂ ਚੈਕਾਂ ਚੋਂ ਇਕ ਲਖ ਪੰਜਾਹ ਹਜ਼ਾਰ ਦਾ ਇਕ ਚੈਕ ਕੈਸ਼ ਕਰਾ ਚੁਕਾ ਸੀ, ਤੇ ਦੂਜਾ ਹਾਲੀਂ ਬੈਂਕ ਵਲੋਂ ਕੈਸ਼ ਨਹੀਂ ਸੀ ਹੋਇਆ। ਇਸ ਰਕਮ ਚੋਂ ਉਸ ਨੇ ਰਾਬਿਨਸਨ ਨੂੰ ੨੧੦੦੦, ਤੇ ਨਿਊਟਨ ਅਰ ਕੈਪਟਨ ਆਰਥਰ ਨੂੰ ਚਾਲੀ ਚਾਲੀ ਹਜ਼ਾਰ ਦੇ ਕੇ ਬਾਕੀ ਰਕਮ ਆਪ ਹੜੱਪ ਕਰ ਲਈ।

ਰਾਜ ਕੁਮਾਰ ਇਸ ਵਾਕਿਆ ਪਿਛੋਂ ਫੌਰਨ ਹੀ ਹਿੰਦੁਸਤਾਨ ਵਾਪਸ ਆਗਿਆ, ਨਿਊਟਨ ਪ੍ਰਛਾਵੇਂ ਵਾਂਗ ਉਸ ਨਾਲ ਚਮੜਿਆ ਹੋਇਆ ਸੀ, ਤਾਂਜੋ ਦੂਜਾ ਚੈਕ ਕੈਸ਼ ਕਰਵਾ ਲਿਆ ਜਾਵੇ, ਪਰ ਰਾਜਕੁਮਾਰ ਦੀ ਪਤਨੀ ਦੀ ਅਚਾਨਿਕ ਮੌਤ ਹੋ ਜਾਣ ਕਾਰਣ ਨਿਊਟਨ ਰਾਜਕੁਮਾਰ ਪਾਸੋਂ ਬਾਕੀ ਰਕਮ ਪ੍ਰਾਪਤ ਕਰਨੋਂ ਅਸਮਰਥ ਹੀ ਰਿਹਾ।

ਉਹ ਮੁਆਮਲਾ ਇਥੇ ਹੀ ਖਤਮ ਹੋ ਜਾਣਾ ਸੀ, ਜੇ ਤਿੰਨ ਸਾਲ ਪਿਛੋਂ ਅਚਾਨਿਕ ਹਾਲਾਤ ਨਵਾਂ ਰੁਖ ਨਾ ਪਲਟ ਲੈਂਦੇ; ਤੇ ਉਹ ਇਸਤਰ੍ਹਾਂ ਕਿ ਨਿਊਟਨ ਪਾਸ ਜੋ ਲੋਟੀ ਦਾ ਪੈਸਾ ਸੀ, ਸਾਰਾ ਉਸ ਦੇ ਕਾਰੋਬਾਰ ਵਿਚ ਬਰਬਾਦ ਹੋ ਗਿਆ ਸੀ ਉਧਰ ਆਰਥਰ ਨੂੰ ਹਾਬਸ ਨੇ ਹੋਰ ਰਕਮ ਦੇਣ ਦਾ ਲਾਰਾ ਲਾਇਆ ਸੀ, ਪਰ ਉਸ ਨੇ ਹੋਰ ਕੁਝ ਦੇਣੋਂ ਇਕ ਦਮ ਨਾ ਕਰ ਦਿਤੀ ਸੀ। ਸੋ ਦੋਵੇਂ ਬਦਮਾਸ਼ ਹਾਬਸ ਦੇ ਵਿਰੁਧ ਹੋ ਗਏ, ਤੇ ਅਖੀਰ ਆਰਥਰ ਤੰਗ ਆਕੇ ਰਾਬਿਨਸਨ ਨੂੰ ਜਾ ਮਿਲਿਆ। ਰਾਬਿਨਸਨ ਨੂੰ ਉਸਨੇ ਦਸਿਆ, ਕਿ ਉਸ ਦੀ ਪਤਨੀ ਦੀ ਇਜ਼ਤ ਕੇਵਲ ੨੫000 ਪੌਂਡ ਤੋਂ ਨਹੀਂ ਸੀ ਵਿਕੀ, ਸਗੋਂ ਉਸਦਾ ਮੁਲ ਇਕ ਲਖ ਪੰਜਾਹ ਹਜ਼ਾਰ ਪੌਂਡ ਪਿਆ ਸੀ, ਤੇ ਇਹ ਸਾਰੀ ਰਕਮ ਇਕਲਾ ਹਾਬਸ ਛਕ ਗਿਆ ਸੀ। ਇਸਤਰ੍ਹਾਂ ਰਾਬਿਨਸਨ ਨੇ ਆਪਣੇ ਵਕੀਲ ਰਾਹੀਂ ਹਾਬਸ ਪੁਰ ਬਾਕੀ ੧੨੯00 ਪੌਂਡ ਦਾ ਦਾਅਵਾ ਕਰ ਦਿਤਾ। ਪੜਤਾਲ ਸਮੇਂ ਪਤਾ ਲਗਾ, ਕਿ ਹਾਬਸ ਨੇ ਮਿਡਲੈਂਡ ਬੈਂਕ ਦੀ ਕਿੰਗਜ਼ਵੇ ਬਰਾਂਚ ਵਿਚ ਉਸ ਚੈਕ ਦੇ ਰੁਪਏ ਨਾਲ ਰਾਬਿਨਸਨ ਦੇ ਨਾਂ ਥਲੇ ਹਿਸਾਬ ਖੋਹਲਿਆ ਸੀ, ਤੇ ਉਥੋਂ ਉਸ ਨੇ ਸਾਰੀ ਰਕਮ ਕਢਾ ਕੇ ਪੈਰਸ ਦੇ ਇਕ ਬੈਂਕ ਵਿਚ ਜਮ੍ਹਾਂ ਕਰਾ ਦਿਤੀ ਸੀ। ਰਾਬਿਨਸਨ ਦੇ ਵਕੀਲ ਨੇ ਇਕ ਦਾਅਵਾ ਹਾਬਸ ਵਿਰੁਧ ੧੨੯੦੦੦ ਪੌਂਡ ਦਾ ਤੇ ਇਕ ਬੈਂਕ ਵਿਰੁਧ ੧੫੦੦੦੦ ਪੌਂਡ ਦਾ ਕਰ ਦਿਤਾ, ਕਿਉਂ ਕਿ ਉਸ ਦੇ ਨਾਂ ਦੇ ੧੫੦੦੦੦ ਪੌਂਡ ਦਾ ਚੈਕ ਕੋਈ ਗਲਤ ਆਦਮੀ ਕੈਸ਼ ਕਰਾ ਕੇ ਲੈ ਗਿਆ ਸੀ।

ਬੈਂਕ ਨੂੰ ਹਥਾਂ ਪੈਰਾਂ ਦੀ ਪੈ ਗਈ, ਸਚ ਮੁਚ ਉਸ ਤੋਂ ਗਲਤੀ ਨਾਲ ਗਲਤ ਆਦਮੀ ਨੂੰ ਇਡੀ ਵਡੀ ਰਕਮ ਅਦਾ ਕਰ ਦਿਤੀ ਗਈ ਸੀ, ਸੋ ਬੈਂਕ ਨੇ ਬੜੇ ਜ਼ੋਰ ਸ਼ੋਰ ਨਾਲ ਇਹ ਮੁਕਦਮਾ ਲੜਨ ਦਾ ਫੈਸਲਾ ਕੀਤਾ, ਤੇ ਆਪਣਾ ਕੇਸ ਸਰ ਜਾਨ ਸਾਈਮਨ ਨਾਂ ਦੇ ਇਕ ਤਕੜੇ ਵਕੀਲ ਦੇ ਹਵਾਲੇ ਕਰ ਦਿਤਾ।

ਪੋਲੀਸ ਨੇ ਕੇਸ ਦੀ ਪੜਤਾਲ ਕੀਤੀ, ਨਿਊਟਨ ਪਕਾ ਚਾਰ ਸੌ ਵੀਹ ਤੇ ਭਾਰੀ ਚਾਲ ਬਾਜ਼ ਸੀ, ਉਹ ਫੜਿਆ ਗਿਆ। ਉਸ ਨੇ ਮੁਆਮਲੇ ਤੇ ਹੋਰ ਰੋਸ਼ਨੀ ਪਾਈ, ਕਿ ਆਰਥਰ ਨੇ ਮਿਸਿਜ਼ ਰਾਬਿਨਸਨ ਨੂੰ ਨਾਲ ਮਿਲਾ ਕੇ ਰਾਜ ਕੁਮਾਰ ਨੂੰ ਉਸ ਨਾਲ ਹੋਟਲ ਵਿਚ ਫੜ ਕੇ ਉਸ ਨੂੰ ਲੁਟਣ ਦਾ ਭਾਰੀ ਖੜਯੰਤਰ ਰਚਿਆ ਸੀ। ਨਿਊਟਨ ਨੇ ਇਹ ਵੀ ਮਨਿਆ, ਕਿ ਆਰਥਰ ਅਰ ਸ੍ਰੀ ਮਤੀ ਰਾਬਿਨਸਨ ਦੇ ਆਪੋ ਵਿਚ ਅਯੋਗ ਸਬੰਧ ਸਨ।

ਇਹ ਕੇਸ ਅਦਾਲਤ ਵਿਚ ਚਲਦਾ ਰਿਹਾ। ਸ੍ਰੀ ਮਤੀ ਰਾਬਿਨਸਨ ਨੇ ਅਦਾਲਤ ਸਾਹਮਣੇ ਮਨਿਆ, ਕਿ ਰਾਜਕੁਮਾਰ ਨਾਲ ਵਾਕਈ ਉਸ ਦੇ ਅਯੋਗ ਸਬੰਧ ਸਨ।

ਹਾਬਸ ਤੇ ਆਰਥਰ ਦੇ ਵੀ ਵਾਰੰਟ ਜਾਰੀ ਹੋ ਗਏ। ਹਾਬਸ ਇਕ ਡਚ ਜਹਾਜ਼ ਪੁਰ ਬੈਠ ਕੇ ਨਠਣ ਦੀ ਤਿਆਰੀ ਵਿਚ ਸੀ, ਕਿ ਪੁਲਸ ਦੇ ਹਥਾਂ ਵਿਚ ਆ ਗਿਆ। ਆਰਥਰ ਵੀ ਫਰਾਂਸ ਦੀ ਪੁਲਸ ਨੇ ਫੜ ਲਿਆ, ਤੇ ਉਥੋਂ ਉਸ ਨੂੰ ਅੰਗਰੇਜ਼ੀ ਪੁਲਸ ਦੇ ਹਵਾਲੇ ਕਰ ਦਿਤਾ ਗਿਆ।

ਮੁਕਦਮੇ ਦਾ ਫੈਸਲਾ ਬੈਂਕ ਦੇ ਹਕ ਵਿਚ ਹੋ ਗਿਆ। ਸ੍ਰੀ ਮਤੀ ਰਾਬਿਨਸਨ ਤੇ ਮਿ. ਰਾਬਿਨਸਨ ਦੋਵੇਂ ਬਰੀ ਕਰ ਦਿਤੇ ਗਏ। ਨਿਊਟਨ ਹਾਬਸ ਤੇ ਆਰਥਰ ਨੂੰ ਦੋ ਦੋ ਸਾਲ ਦੀ ਸਜ਼ਾ ਹੋ ਗਈ।

ਇੰਡੀਆ ਆਫਰ ਦੀਆਂ ਹਦਾਇਤਾਂ ਦੇ ਅਧਾਰ ਤੇ ਇਸ ਮੁਕਦਮੇ ਵਿਚ ਜਿਥੇ ਜਿਥੇ ਵੀ ਹਿੰਦੀ ਰਾਜ ਕੁਮਾਰ ਦਾ ਜ਼ਿਕਰ ਆਇਆ, ਉਥੇ "ਮਿਸਟਰ ਏ." ਦੇ ਸ਼ਬਦਾਂ ਨਾਲ ਉਸ ਨੂੰ ਯਾਦ ਕੀਤਾ ਗਿਆ, ਤੇ ਮੁਕਦਮੇ ਸਬੰਧੀ ਅਖਬਾਰਾਂ ਵਿਚ ਛਪੀ ਕਾਰਵਾਈ ਵਿਚ ਵੀ ਉਸਦਾ "ਮਿਸਟਰ ਏ." ਦੇ ਨਾਂ ਨਾਲ ਹੀ ਜ਼ਿਕਰ ਕੀਤਾ ਗਿਆ।

ਹੁਣ ਸਿਰਫ ਇਤਨਾ ਹੀ ਦਸਣਾ ਬਾਕੀ ਹੈ, ਕਿ ਇਹ ਰਾਜਕੁਮਾਰ "ਮਿਸਟਰ ਏ." ਕਸ਼ਮੀਰ ਰਿਆਸਤ ਦਾ ਵਾਲੀ ਮਹਾਰਾਜਾ ਹਰੀ ਸਿੰਘ ਸੀ, ਅਰ ਇਹ ਵਾਕਿਆ ਉਸ ਦੇ ਮਹਾਰਾਜਾ ਬਣਨ ਤੋਂ ਪਹਿਲਾਂ ਦਾ ਹੈ।

{{{2}}}{{{2}}}

{{{2}}}{{{2}}}