ਪੰਜਾਬ ਦੇ ਲੋਕ ਨਾਇਕ/ਇੰਦਰ ਬੇਗੋ
ਬੇਗੋ ਮਾਰੇ ਜੁੱਤੀਆਂ ਫੁੱਲਾਂ ਦੇ ਸਮਾਨ ਜਾਣੂੰ
ਬੇਗੋ ਤਨ ਚਾਹੇ ਮੇਰਾ ਆਰੇ ਨਾਲ਼ ਚੀਰ ਦੇ।
ਮਹੀਂਵਾਲ ਸੋਹਣੀ ਪਿੱਛੇ ਮਹੀਂਵਾਲ ਬਣਿਆਂ ਸੀ
ਕੰਨ ਪੜਵਾਏ ਰਾਂਝੇ ਪਿੱਛੇ ਜੱਟੀ ਹੀਰ ਦੇ।
ਲੁਹਾਰ ਫ਼ਰਿਹਾਦ ਤੇਸਾ ਮਾਰ ਮੋਇਆ ਪੇਟ ਵਿੱਚ
ਰੁੜ੍ਹੀ ਆਵੇ ਲੋਥ ਵਿੱਚ ਨਹਿਰ ਵਾਲ਼ੇ ਨੀਰ ਦੇ।
ਬੇਗੋ ਨਾਲ਼ ਜਾਊਂ ਕਹੇ ਇੰਦਰ ਨਰੈਣ ਸਿੰਘਾ।
ਟੋਟੇ ਟੋਟੇ ਕਰ ਚਾਹੇ ਸੁੰਦਰ ਸਰੀਰ ਦੇ।
ਇੰਦਰ ਬੇਗੋ
ਇੰਦਰ ਬੇਗੋ ਲਾਹੌਰ ਦੇ ਇਲਾਕੇ ਦੀ ਹਰਮਨ ਪਿਆਰੀ ਸੱਚੀ ਪ੍ਰੀਤ ਕਥਾ ਹੈ ਜਿਸ ਨੂੰ ਨਰੈਣ ਸਿੰਘ, ਪੂਰਨ ਰਾਮ ਅਤੇ ਛੱਜੂ ਸਿੰਘ ਨੇ ਆਪਣੇ ਆਪਣੇ ਕਿੱਸਿਆਂ ਵਿੱਚ ਬੜੇ ਪਿਆਰੇ ਅੰਦਾਜ਼ ਵਿੱਚ ਬਿਆਨ ਕੀਤਾ ਹੈ। ਇਸ ਕਥਾ ਦੀ ਵਿਸ਼ੇਸ਼ ਖੂਬੀ ਇਹ ਹੈ ਕਿ ਇਹ ਇਕੋ ਦਿਨ ਵਿੱਚ ਵਾਪਰਦੀ ਹੈ।
ਲਾਹੌਰ ਦੇ ਲਾਗੇ ਘੁਗ ਵੱਸਦੇ, ਸੱਸਾ ਨਾਮੀ ਪਿੰਡ ਦੇ ਹਿੰਦੂ ਗੁੱਜਰ ਕਿਸ਼ਨ ਸਿੰਘ ਦੀ ਅਲਬੇਲੀ ਧੀ ਬੇਗੋ ਪਿੰਡ ਦੇ ਮਨਚਲੇ ਗੱਭਰੂਆਂ ਦੇ ਸੁਪਨਿਆਂ ਦੀ ਰਾਣੀ ਬਣੀ ਹੋਈ ਸੀ। ਮਾਪਿਆਂ ਉਹਨੂੰ ਬੜੇ ਲਾਡ ਨਾਲ਼ ਪਾਲਿਆ। ਜਿਧਰੋਂ ਵੀ ਬੇਗੋ ਲੰਘਦੀ, ਗੱਭਰੂ ਦਿਲ ਫੜਕੇ ਬੈਠ ਜਾਂਦੇ, ਇੱਕ ਆਹ ਸੀਨਿਓਂ ਪਾਰ ਹੋ ਜਾਂਦੀ। ਉਹਦੀ ਲਟਬੌਰੀ ਚਾਲ, ਉਹਦਾ ਮਘਦਾ ਹੁਸਨ ਗੱਭਰੂਆਂ ਦੇ ਦਿਲਾਂ ਨੂੰ ਧੜਕਾ ਦੇਂਦਾ। ਕਈ ਹੁਸੀਨ ਸੁਪਨੇ ਉਹਨਾਂ ਦੇ ਮਨਾਂ ਵਿੱਚ ਉਣੇ ਜਾਂਦੇ। ਹਰ ਕੋਈ ਬੇਗੋ ਦੇ ਹੁਸਨ ਦੀ ਸਿਫ਼ਤ ਕਰਦਾ ਨਾ ਥੱਕਦਾ:-
ਨਾਲ਼ ਮੜਕ ਦੇ ਤੁਰਦੀ ਬੇਗੋ
ਤੁਰਦੀ ਜਿਉਂ ਮੁਰਗਾਬੀ
ਰੇਬ ਪਜਾਮਾ ਪੱਟੀਂ ਸੋਂਹਦਾ
ਪੈਰਾਂ ਵਿੱਚ ਰਕਾਬੀ
ਨਾਲ਼ ਹੁਸਨ ਦੋ ਕਰੋ ਉਜਾਲਾ
ਮਚਦੀ ਜਿਵੇਂ ਮਤਾਬੀ
ਇਸ਼ਕ ਬਲੀ ਦੀਆਂ ਚੜ੍ਹੀਆਂ ਲੋਰਾਂ
ਝੂਲੇ ਵਾਂਗ ਸ਼ਰਾਬੀ
ਮੁਖੜਾ ਬੇਗੋ ਦਾ
ਖਿੜਿਆ ਫੁੱਲ ਗੁਲਾਬੀ
ਤੇਲਣ ਮਤਾਬੀ, ਜੱਟੀ ਬਿਸ਼ਨੀ, ਗੁਲਾਬੀ
ਕਾਨ੍ਹੋ, ਕੇਸਰੀ, ਪੰਜਾਬੀ,
ਸੱਭੇ ਤਿਆਰ ਹੋ ਕੇ ਆਉਂਦੀਆਂ।
ਕਰਮੀ ਕਸੈਣ, ਸੋਭਾ, ਨੰਦ ਕੁਰ ਨੈਣ
ਵੀਰੋ, ਫੱਤੀ ਹਲਵੈਣ
ਡੋਰੇ ਕਜਲੇ ਦੇ ਪਾਉਂਦੀਆਂ।
ਬਾਹਮਣੀ ਬਲਾਸੋ, ਸੈਦਾਂ, ਸੰਤੀ ਤੇ ਆਸੋ
ਅੱਲਾ ਦਿੱਤੀ ਵੀ ਮਰਾਸੋ
ਗੀਤ ਟੋਲ੍ਹੀ ਬੰਨ੍ਹ ਗਾਉਂਦੀਆਂ।(ਪੂਰਨ ਰਾਮ)
ਲਗਰਾਂ ਵਰਗੀਆਂ ਮੁਟਿਆਰਾਂ ਰਾਵੀ ਦੇ ਪੱਤਣਾਂ ਨੂੰ ਅੱਗ ਲਾਉਂਦੀਆਂ ਹੋਈਆਂ ਲਾਹੌਰ ਜਾ ਵੜੀਆਂ। ਪੇਂਡੂ ਹੁਸਨ ਝਲਕਾਂ ਮਾਰਦਾ ਪਿਆ ਸੀ
ਗੋਦੜੀ ਦੇ ਲਾਲ ਦਗ ਦਗ ਪਏ ਕਰਦੇ ਸਨ। ਸਾਰੇ ਦਾ ਸਾਰਾ ਬਾਜ਼ਾਰ ਝੂਮਦਾ ਪਿਆ ਸੀ।ਬਾਣੀਆਂ ਦੇ ਦਿਲ ਧੂੰਹਦੀ ਇਹ ਟੋਲੀ ਇੰਦਰ ਬਜ਼ਾਜ ਦੀ ਹੱਟੀ ਤੇ ਜਾ ਪੁੱਜੀ! ਇੰਦਰ ਨੇ ਬੇਗੋ ਦਾ ਟਹਿਕਦਾ ਮੁਖੜਾ ਤੱਕਿਆ- ਉਹ ਬੇਗੋ ਦਾ ਹੋ ਗਿਆ:
ਦੇਖਿਆ ਸਰੂਪ ਜਦੋਂ ਬੇਗੋ ਨਾਰ ਦਾ
ਭੁੱਲ ਗਿਆ ਸੌਦਾ ਦਿਲ 'ਚ ਵਿਚਾਰਦਾ!
ਆਖਦਾ ਇੰਦਰ ਏਸ ਦਾ ਕੀ ਨਾਮ ਨੀ
ਕੀਹਦੇ ਘਰ ਉੱਤਰੀ ਉਤਾਰ ਕਾਮਨੀ!
ਨਾਰੀਆਂ ਕਹਿਣ, "ਦੱਸੀਏ ਜੇ ਨਾਮ ਵੇ
ਫੇਰ ਕੀ ਤੂੰ ਸੌਦਾ ਦੇਵੇਂ ਬਿਨਾਂ ਦਾਮ ਵੇ।"
"ਬੈਠੀ ਜੋ ਵਿਚਾਲੇ ਇਹਦਾ ਦੱਸੋ ਨਾਮ ਨੀ
ਸੌਦਾ ਲੈ ਲੋ ਕੋਈ ਮੰਗਦਾ ਨੀ ਦਾਮ ਨੀ।"
"ਬੇਗੋ", ਇਹਦਾ ਨਾਮ ਸਾਰੀਆਂ ਨੇ ਦੱਸਿਆ
ਸੁਣ ਕੇ ਇੰਦਰ ਖਿੜ ਖਿੜ ਹੱਸਿਆ!
ਕੇਰਾਂ ਆਖ ਦੇਵੇ ਬੇਗੋ ਮੁੱਖੋਂ ਬੋਲ ਕੇ
ਜਿਹੜੀ ਚੀਜ਼ ਮੰਗੋ ਸੋਈ ਦੇਵਾਂ ਤੋਲ ਕੇ!(ਪੂਰਨ ਰਾਮ)
ਇੰਦਰ ਦੀ ਦੁਕਾਨ ਮੁਟਿਆਰ ਹਾਸਿਆਂ ਨਾਲ਼ ਛਣਕ ਰਹੀ ਸੀ। ਮੁਟਿਆਰਾਂ ਹੱਸ-ਹੱਸ ਦੂਹਰੀਆਂ ਹੋ ਰਹੀਆਂ ਸਨ ਪਰੰਤੂ ਬੇਗੋ ਸ਼ਰਮਾਂਦੀ ਪਈ ਸੀ, ਸੁੰਗੜਦੀ ਪਈ ਜਾਂਦੀ ਸੀ।
"ਅੜਿਆ ਆਖ ਦੇ ਖਾਂ, ਤੇਰਾ ਕਿਹੜਾ ਮੁੱਲ ਲੱਗਦੈ।" ਕੇਸਰੀ ਦੀ ਨੀਤ ਟਾਸੇ ਦੇ ਥਾਨ ਤੇ ਫਿੱਟੀ ਹੋਈ ਸੀ।"ਮੇਰੇ ਵੱਲੋਂ ਤਾਂ ਬਾਣੀਆਂ ਸਾਰੀ ਦੁਕਾਨ ਲੁਟਾ ਦੇਵੇ, ਮੈਨੂੰ ਕੀ।"
ਬੇਗੋ ਦੇ ਸ਼ਹਿਦ ਜਹੇ ਮਿੱਠੇ ਬੋਲ ਇੰਦਰ ਦੇ ਕੰਨੀਂ ਪਏ! ਉਹ ਮੁਸਕਰਾਇਆ ਤੇ ਸਾਰੀ ਦੁਕਾਨ ਮੁਟਿਆਰਾਂ ਦੇ ਹਵਾਲੇ ਕਰ ਦਿੱਤੀ। ਉਹ ਬਿਨਾਂ ਦਾਮਾਂ ਤੋਂ ਆਪਣੀ ਮਰਜ਼ੀ ਦਾ ਕੱਪੜਾ ਲੈ ਰਹੀਆਂ ਸਨ। ਇੰਦਰ ਤਾਂ ਆਪਣੇ ਪਿਆਰੇ ਦੇ ਬੋਲ ਪੁਗਾ ਰਿਹਾ ਸੀ। ਸਾਰਾ ਬਾਜ਼ਾਰ ਏਸ ਜਨੂਨੀ ਆਸ਼ਕ ਵਲ ਤੱਕ-ਤੱਕ ਮੁਸਕਰਾਂਦਾ ਪਿਆ ਸੀ, ਟਿਕਚਰਾਂ ਪਿਆ ਕਰਦਾ ਸੀ।
"ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ! ਤੁਸੀਂ ਥਾਨ ਪਰਖਦੇ ਹੋ, ਬੇਗੋ ਇੱਕ ਵਾਰੀ ਆਖੇ ਸਹੀ ਮੈਂ ਇਹਦੇ ਵੇਖਦੇ-ਵੇਖਦੇ ਆਪਣੀ ਦੁਕਾਨ ਫੂਕ ਸਕਦਾ ਹਾਂ....!" ਨਫ਼ਾਖੋਰ ਬਾਣੀਆਂ ਸੱਚਮੁੱਚ ਹੀ ਇਸ਼ਕ ਦਾ ਵਿਓਪਾਰ ਕਰਨ ਲਈ ਉਤਾਵਲਾ ਹੋ ਉੱਠਿਆ ਸੀ।
ਖੁੱਲ੍ਹੇ ਡੁੱਲ੍ਹੇ ਪੇਂਡੂ ਵਾਤਾਵਰਣ ਵਿੱਚ ਪਲੀਆਂ ਅਲ੍ਹੜ ਮੁਟਿਆਰਾਂ ਭਲਾ ਕਦੋਂ ਵਾਰ ਖਾਲੀ ਜਾਣ ਦੇਂਦੀਆਂ ਨੇ। ਉਹਨਾਂ ਝੱਟ ਬੇਗੋ ਦੇ ਮੁੱਖੋਂ ਇਹ ਗੱਲ ਵੀ ਅਖਵਾ ਲਈ:
ਸੁਹਣੇ ਜਹੇ ਮੁਖ ਵਿੱਚੋਂ
ਆਖਿਆ ਮਜਾਜ ਨਾਲ਼
ਫੂਕੇ ਭਾਵੇਂ ਰੱਖੇ
ਮੈਂ ਕੀ ਏਸ ਨੂੰ ਹਟਾਉਣਾ।
ਏਹੋ ਜਿਹਾ ਕਾਹਲਾ
ਅੱਗ ਲਾਵੇ ਹੁਣੇ ਖੜੀਆਂ ਤੋਂ
ਆਖ ਕੇ ਤੇ ਮੈਂ ਕਾਹਨੂੰ
ਮੁਖੜਾ ਥਕਾਉਣਾ।
ਦੇਖਾਂਗੇ ਤਮਾਸ਼ਾ ਜੇ ਤਾਂ
ਅੱਗ ਲਾਊ ਹੱਟੀ ਤਾਈਂ
ਇਹੋ ਜਹੇ ਲੁੱਚੇ ਨੇ ਕੀ
ਇਸ਼ਕ ਕਮਾਉਣਾ।
ਕਰਦਾ ਮਖੌਲ ਘੰਟਾ ਹੋ ਗਿਆ ਨਰੈਣ ਸਿੰਘਾ
ਚਲੋ ਭੈਣੇ ਚਲੋ
ਕਾਹਨੂੰ ਮਗਜ਼ ਖਪਾਉਣਾ।
ਇੰਦਰ ਨੇ ਅੱਖ ਨਾ ਝਮਕਣ ਦਿੱਤੀ। ਮਿੱਟੀ ਦੇ ਤੇਲ ਦੇ ਕਈ ਪੀਪੇ ਉਹਨੇ ਦੁਕਾਨ ਵਿੱਚ ਮਧਿਆ ਦਿੱਤੇ ਤੇ ਲੋਕਾਂ ਦੇ ਰੋਕਦੀ ਰੋਕਦੀ ਦੁਕਾਨ ਨੂੰ ਅੱਗ ਲਾ ਦਿੱਤੀ! ਲਾਟਾਂ ਅਸਮਾਨਾਂ ਨੂੰ ਛੂਹਣ ਲੱਗੀਆਂ।
ਮੁਟਿਆਰਾਂ ਦੀ ਟੋਲੀ ਸਹਿਮੀ, ਸਹਿਮੀ, ਘਬਰਾਈ ਘਬਰਾਈ ਓਥੋਂ ਖਿਸਕ ਤੁਰੀ! ਉਹ ਇਹ ਨਹੀਂ ਸਨ ਜਾਣਦੀਆਂ ਕਿ ਉਹਨਾਂ ਦਾ ਨਿੱਕਾ ਜਿਹਾ ਮਖੌਲ ਇਹ ਕੁਝ ਕਰ ਗੁਜਰੇਗਾ!
ਸਾਰਾ ਬਾਜ਼ਾਰ ਅੱਗ ਬੁਝਾਉਣ ਵਿੱਚ ਰੁਝਿਆ ਹੋਇਆ ਸੀ। ਏਧਰ ਇੰਦਰ ਬੇਗੋ ਨੂੰ ਲੱਭਦਾ ਪਿਆ ਸੀ! ਉਹ ਕਿਧਰੇ ਨਜ਼ਰ ਨਹੀਂ ਸੀ ਆਉਂਦੀ ਪਈ, ਉਹ ਤਾਂ ਉਹਦਾ ਸਭ ਕੁਝ ਖਸਕੇ ਲੈ ਗਈ ਸੀ। ਉਹ ਪਾਗਲਾਂ ਵਾਂਗ ਬੇਗੋ ਬੇਗੋ ਕੂਕਦਾ ਬੇਗੋ ਦੀ ਭਾਲ ਵਿੱਚ ਨਸ ਟੁਰਿਆ!
ਬੇਗੋ ਹੋਰੀਂ ਆਪਣੇ ਪਿੰਡ ਨੂੰ ਮੁੜ ਪਈਆਂ। ਇੰਦਰ ਹਾਲੋਂ ਬੇਹਾਲ ਹੋਇਆ ਉਹਨਾਂ ਦੇ ਮਗਰ ਰਾਵੀ ਦੇ ਪੁਲ ਤੇ ਜਾ ਪੁੱਜਾ। ਉਸ ਬੇਗੋ ਅੱਗੇ ਜਾ ਝੋਲੀ ਅੱਡੀ, "ਬੇਗੋ ਤੂੰ ਮੈਨੂੰ ਛੱਡਕੇ ਕਿਧਰ ਨੂੰ ਟੁਰ ਪਈ ਸੈਂ! ਮੈਂ ਤੇਰੇ ਬਿਨਾਂ ਕੱਲਾ ਕਿਵੇਂ ਰਹਿ ਸਕਦਾ ਹਾਂ! ਮੈਂ ਹੁਣ ਤੇਰੇ ਨਾਲ਼ ਹੀ ਚੱਲਾਂਗਾ, ਤੇਰੀ ਚਾਕਰੀ ਕਰਾਂਗਾ।"
ਮੁਟਿਆਰਾਂ ਨੂੰ ਹੁਣ ਖਹਿੜਾ ਛੁਡਾਉਣਾ ਔਖਾ ਹੋ ਗਿਆ ਸੀ!
"ਇੰਦਰਾ ਪਿਛਾਂਹ ਮੁੜ ਜਾ, ਸਾਡੇ ਮਗਰ ਨਾ ਆਈਂ। ਬੇਗੋ ਦੇ ਬਾਪ ਨੂੰ ਤੂੰ ਨਹੀਂ ਜਾਣਦਾ- ਤੇਰੇ ਟੋਟੇ ਟੋਟੇ ਕਰਕੇ ਉਹਨੇ ਸਾਹ ਲੈਣੈ!" ਬਲਾਸੋ ਨੇ ਡਰਾਵਾ ਦਿੱਤਾ!
ਪਰੰਤੂ ਇੰਦਰ ਤਾਂ ਆਪਣੇ ਆਪ ਨੂੰ ਬੇਗੋ ਦੇ ਹਵਾਲੇ ਕਰ ਚੁੱਕਾ ਸੀ। ਇਕ ਬੇਗੋ ਸੀ ਜੀਹਦੇ ਹਿਰਦੇ ਵਿੱਚ ਇੰਦਰ ਲਈ ਕਣੀ ਮਾਤਰ ਵੀ ਪ੍ਰੇਮ ਨਹੀਂ ਸੀ ਜਾਗਿਆ। ਇਕ ਇੰਦਰ ਸੀ ਜਿਹੜਾ ਬੇਗੋ ਲਈ ਸੱਭੇ ਤਸੀਹੇ ਝੱਲਣ ਲਈ ਤਿਆਰ ਸੀ:
ਬੇਗੋ ਮਾਰੇ ਜੁੱਤੀਆਂ,
ਫੁੱਲਾਂ ਦੇ ਸਮਾਨ ਜਾਣੂੰ
ਬੇਗੋ ਤਨ ਚਾਹੇ ਮੇਰਾ
ਆਰੇ ਨਾਲ਼ ਚੀਰ ਦੇ।
ਮਹੀਂਵਾਲ ਸੋਹਣੀ ਪਿੱਛੇ,
ਮਹੀਂਵਾਲ ਬਣਿਆਂ ਸੀ
ਕੰਨ ਪੜਵਾਏ ਰਾਂਝੇ ਪਿੱਛੇ
ਜੱਟੀ ਹੀਰ ਦੇ।
ਲੁਹਾਰ ਫਰਿਹਾਦ,
ਤੇਸਾ ਮਾਰ ਮੋਇਆ ਪੇਟ ਵਿੱਚ
ਰੁੜ੍ਹੀ ਆਵੇ ਲੋਥ,
ਵਿੱਚ ਨਹਿਰ ਵਾਲ਼ੇ ਨੀਰ ਦੇ।
ਬੇਗੋ ਨਾਲ਼ ਜਾਊਂ,
ਕਹੇ ਇੰਦਰ ਨਰੈਣ ਸਿੰਘਾ
ਟੋਟੇ ਟੋਟੇ ਕਰ ਚਾਹੇ ਸੁੰਦਰ ਸਰੀਰ ਦੇ।
"ਬੇਗੋ ਮੇਰੀ ਜ਼ਿੰਦਗੀ ਏ, ਮੈਂ ਇਹਦਾ ਪਿੱਛਾ ਨਹੀਂ ਛੱਡਾਂਗਾ। ਇਹਦੇ ਨਾਲ਼ ਈ ਜਾਵਾਂਗਾ। ਇਹਦੇ ਲਈ ਹਰ ਕੁਰਬਾਨੀ ਕਰਾਂਗਾ! ਜੇ ਇਹ ਹੁਣੇ ਆਖੇ, ਮੈਂ ਇਹਦੇ ਸਾਹਮਣੇ ਰਾਵੀ ਵਿੱਚ ਛਾਲ ਮਾਰ ਦਿਆਂਗਾ। ਬੇਗੋ ਆਖੇ ਤਾਂ ਸਹੀ...।" ਇੰਦਰ ਨੇ ਦਰਿਆ ਦੇ ਠਾਠਾਂ ਮਾਰਦੇ ਪਾਣੀ ਵਲ ਇਸ਼ਾਰਾ ਕਰਕੇ ਕਿਹਾ!
"ਮੇਰੇ ਵਲੋਂ ਤਾਂ ਕਲ੍ਹ ਨੂੰ ਮਰਦਾ ਅੱਜੋ ਡੁੱਬ ਮਰ। ਮੈਂ ਤੈਨੂੰ ਕਦੋਂ ਰੋਕਦੀ ਆਂ।" ਗੁੱਸੇ ਨਾਲ਼ ਬੋਗੋ ਦਾ ਮੁਖੜਾ ਸੂਹਾ ਗੁਲਾਬ ਹੋ ਗਿਆ ਸੀ।
ਬੇਗੋ ਦੇ ਮੁੱਖੋਂ ਇਹ ਬੋਲ ਨਿਕਲਣ ਦੀ ਦੇਰ ਸੀ ਕਿ ਇੰਦਰ ਨੇ ਝੱਟ ਰਾਵੀ ਦਰਿਆ ਵਿੱਚ ਛਾਲ ਮਾਰ ਦਿੱਤੀ!
ਆਹ! ਬੇਗੋ ਦੇ ਬੋਲਾਂ ਤੇ ਇੰਦਰ ਨੇ ਜਾਨ ਕੁਰਬਾਨ ਕਰ ਦਿੱਤੀ! ਬੇਗੋ ਝੰਜੋੜੀ ਗਈ। ਇਕ ਪਲ ਉਹ ਅਹਿਲ ਖੜੀ ਘੁੰਮਣ ਘੇਰੀਆਂ ਵਲ ਤੱਕਦੀ ਰਹੀ। ਉਸ ਦੀ ਤੱਕਣੀ ਵਿੱਚ ਪਛਤਾਵਾ ਸੀ, ਤੜਪ ਸੀ, ਆਪਣੇ ਪਿਆਰੇ ਲਈ ਜਿੰਦੜੀ ਘੋਲ਼ ਘੁਮਾਵਣ ਦੀ ਲਾਲਸਾ ਸੀ!
ਬੇਗੋ ਦੀਆਂ ਸਹੇਲੀਆਂ ਨੇ ਤੱਕਿਆ, ਬੇਗੋ ਉਹਨਾਂ ਦੇ ਵਿਚਕਾਰ ਨਹੀਂ ਸੀ। ਉਹ ਤਾਂ ਰਾਵੀ ਦੀਆਂ ਖੂਨੀ ਲਹਿਰਾਂ ਵਿਚਕਾਰ ਆਪਣੇ ਪਿਆਰੇ ਇੰਦਰ ਨੂੰ ਲੱਭ ਰਹੀ ਸੀ! ਖੂਨੀ ਦਰਿਆ ਦੀ ਇਕ ਲਹਿਰ ਉਹਨੂੰ ਵੀ ਆਪਣੇ ਨਾਲ਼ ਹੀ ਰੋਹੜ ਕੇ ਲੈ ਗਈ! ਦੋ ਲੋਥਾਂ ਕੱਠੀਆਂ ਵਹਿ ਰਹੀਆਂ ਸਨ!
ਮੁਟਿਆਰਾਂ ਉਦਾਸ ਉਦਾਸ ਆਪਣੇ ਪਿੰਡ ਨੂੰ ਪਰਤ ਆਈਆਂ! ਉਹ ਸੋਚਦੀਆਂ ਪਈਆਂ ਸਨ ਕਿ ਉਹ ਕਿਹੜੇ ਮੂੰਹ ਨਾਲ ਬੇਗੋ ਦੇ ਮਾਪਿਆਂ ਦੇ ਮੱਥੇ ਲੱਗਣ ਗੀਆਂ।
ਇਸ ਪ੍ਰੀਤ ਕਹਾਣੀ ਨੂੰ ਵਾਪਰਿਆ ਭਾਵੇਂ ਇਕ ਸਦੀ ਤੋਂ ਵੱਧ ਸਮਾਂ ਬੀਤ ਗਿਆ ਹੈ ਪਰੰਤੂ ਇਸ ਦੀ ਅਮਿੱਟ ਪਿਆਰ ਛੂਹ ਅੱਜ ਵੀ ਪੰਜਾਬ ਦੇ ਲੋਕ ਮਾਨਸ ਦੇ ਹਿਰਦਿਆਂ ਨੂੰ ਠਾਰ ਰਹੀ ਹੈ। ਉਹ ਇੰਦਰ ਬੇਗੋ ਦੇ ਕਿੱਸੇ ਨੂੰ ਲਟਕਾਂ ਨਾਲ਼ ਗਾ ਕੇ ਆਨੰਦ ਮਾਣਦੇ ਹਨ।