ਪੰਜਾਬ ਦੇ ਲੋਕ ਨਾਇਕ/ਸੋਹਣੀ ਮਹੀਂਂਵਾਲ
ਸੋਹਣੀ ਮਹੀਂਵਾਲ
"ਮਾਲਕ ਐਡੇ ਹੁਸੀਨ ਮਿੱਟੀ ਦੇ ਭਾਂਡੇ ਮੈਂ ਆਪਣੀ ਸਾਰੀ ਜ਼ਿੰਦਗੀ ਵਿੱਚ ਨਹੀਂ ਤੱਕੇ! ਮੈਂ ਸਾਰੀ ਦੁਨੀਆਂ ਵੇਖ ਚੁੱਕਿਆਂ.....ਆਹ! ਕੇਡੋ ਖੂਬਸੂਰਤ ਨੇ ਇਹ ਕੂਜੇ, ਇਹ ਬਾਦੀਏ!"
ਬੁੱਢੇ ਨੌਕਰ ਨੇ ਇਕ ਖ਼ੂਬਸੂਰਤ ਬਾਦੀਆ ਇਜ਼ਤ ਬੇਗ ਅੱਗੇ ਕਰ ਦਿੱਤਾ। ਬਲਖ ਬੁਖਾਰੇ ਦੇ ਪ੍ਰਸਿੱਧ ਸੌਦਾਗਰ ਮਿਰਜ਼ਾ ਅਲੀ ਦਾ ਨੌਜਵਾਨ ਪੁੱਤਰ ਇੱਜ਼ਤ ਬੇਗ ਬੜੀ ਰੀਝ ਨਾਲ਼ ਇਨ੍ਹਾਂ ਭਾਂਡਿਆਂ ਨੂੰ ਤੱਕਣ ਲੱਗਾ।
ਅਜੇ ਕਲ੍ਹ ਦੀ ਰਾਤ ਹੀ ਤਾਂ ਉਹ ਏਥੇ ਗੁਜਰਾਤ ਆਏ ਸਨ।
"ਸੱਚਮੁੱਚ ਹੀ ਏਡੀ ਖੂਬਸੂਰਤ ਕਲਾ ਕਿਰਤ ਮੈਂ ਤੱਕੀ ਨਹੀਂ। ਆਪਣੇ ਦੇਸ਼ ਲਈ, ਇਹ, ਏਥੋਂ ਦੀ ਸੁਗਾਤ ਵਜੋਂ ਲੈ ਕੇ ਚੱਲਾਂਗੇ। ਅਸਾਂ ਏਸ ਸ਼ਹਿਰ ਮਸਾਂ ਦੋ ਕੁ ਦਿਨ ਠਹਿਰਨਾ ਹੈ ਕਲ੍ਹ ਭਾਂਡਿਆਂ ਦੀ ਚੋਣ ਕਰਨੀ ਹੋਵੇਗੀ!"
"ਮਾਲਕ ਅਸੀਂ ਏਸ ਸੌਦੇ 'ਚ ਕਾਫ਼ੀ ਕਮਾਂ ਲਵਾਂਗੇ! ਏਸ ਸੌਦੇ ਤੇ ਵੱਡੇ ਮਾਲਕ ਬਹੁਤ ਖ਼ੁਸ਼ ਹੋਣਗੇ।" ਬੁੱਢੇ ਨੌਕਰ ਦਾ ਮਨ ਨਫ਼ੇ ਬਾਰੇ ਸੋਚ ਰਿਹਾ ਸੀ।
"ਹਾਂ, ਹਾਂ, ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਸੌਦਾਗਰੀ ਲਈ ਟੁਰਿਆ ਹਾਂ, ਵੇਖਦੇ ਆਂ ਏਸ ਸੌਦੇ 'ਚ ਨਫ਼ਾ ਰਹਿੰਦੈ ਕਿ ਘਾਟਾ ਪੈਂਦੈ!" ਇਜ਼ਤ ਬੇਗ ਨੇ ਮੁਸਕਰਾਂਦਿਆਂ ਉੱਤਰ ਦਿੱਤਾ।
ਇਜ਼ਤ ਬੇਗ ਆਪਣੇ ਨੌਕਰ ਸਮੇਤ ਗੁਜਰਾਤ ਦੀਆਂ ਹੱਟੀਆਂ ਵੇਖਦਾ ਵੇਖਦਾ ਤੁੱਲੇ ਦੀ ਭਾਂਡਿਆਂ ਦੀ ਦੁਕਾਨ ਤੇ ਪੁੱਜ ਗਿਆ। ਭਾਂਡੇ ਖ਼ਰੀਦਣ ਵਾਲਿਆਂ ਦੀ ਬੜੀ ਭੀੜ ਸੀ। ਦੁਕਾਨ ਵਿੱਚ ਕੂਜੇ, ਬਾਦੀਏ, ਸੁਰਾਹੀਆਂ, ਘੜੇ, ਮਟਕੇ ਆਦਿ ਇਸ ਸਲੀਕੇ ਨਾਲ਼ ਟਿਕਾਏ ਹੋਏ ਸਨ ਜਿਵੇਂ ਇਕ ਚਿੱਤਰਕਾਰ ਆਪਣੇ ਚਿੱਤਰਾਂ ਦੀ ਪ੍ਰਦਰਸ਼ਨੀ ਕਰਦਾ ਹੈ।
ਇਜ਼ਤ ਬੇਗ ਬਾਹਰ ਖੜਾ, ਸਜੀਲੀ ਦੁਕਾਨ ਵੱਲ ਪਰਸੰਸਾ ਭਰੀਆਂ ਤੱਕਣੀਆਂ ਨਾਲ ਤੱਕਦਾ ਰਿਹਾ!
ਗਾਹਕਾਂ ਦੀ ਕੁਝ ਭੀੜ ਘਟੀ! ਤੁੱਲੇ ਦੀ ਨਿਗਾਹ ਨੌਜਵਾਨ ਸੌਦਾਗਰ ਤੇ ਜਾ ਪਈ। ਨੌਜਵਾਨ ਲਗਾਤਾਰ ਤੱਕੀ ਜਾ ਰਿਹਾ ਸੀ, ਖ਼ੁਸ਼ੀ ਉਹਦੀ ਅੱਖੀਆਂ ਵਿੱਚੋਂ ਡੁਲ੍ਹ ਡੁਲ੍ਹ ਪੈਂਦੀ ਸੀ।ਹੁਕਮ ਕਰੋ ਸਭ ਕੁਝ ਹਾਜ਼ਰ ਹੈ, ਜਲ ਪਾਣੀ ਦੀ ਆਗਿਆ ਦਿਓ।" ਤੁੱਲੇ ਨੇ ਨੌਜਵਾਨ ਸੌਦਾਗਰ ਅੱਗੇ ਦੋਨੋਂ ਹੱਥ ਜੋੜੇ ਅਤੇ ਕਾਹੀ ਦਾ ਬਣਿਆ ਰਾਂਗਲਾ ਮੂਹੜਾ ਅੱਗੇ ਵਧਾ ਦਿੱਤਾ।
"ਜਲ ਪਾਣੀ ਲਈ ਮਿਹਰਬਾਨੀ, ਸਾਨੂੰ ਕੁਝ ਭਾਂਡਿਆਂ ਦੀ ਲੋੜ ਏ, ਅਸੀਂ ਆਪਣੇ ਦੇਸ਼ ਨੂੰ ਤੁਹਾਡੇ ਦੇਸ਼ ਦੀ ਸੁਗਾਤ ਲਜਾਣਾ ਚਾਹੁੰਦੇ ਹਾਂ, ਕੁਝ ਨਮੂਨੇ ਵਖਾਓ", ਮੂਹੜੇ 'ਤੇ ਬੈਠਦਿਆਂ ਇਜ਼ਤ ਬੇਗ ਨੇ ਉੱਤਰ ਦਿੱਤਾ।
ਤੁੱਲਾ ਘੁਮਿਆਰ ਦੁਕਾਨ ਅੰਦਰੋਂ ਭਾਂਡੇ ਲੈਣ ਲਈ ਚਲਿਆ ਗਿਆ। ਇਜ਼ਤ ਬੇਗ ਸੋਚਦਾ ਪਿਆ ਸੀ ਕਿ ਉਹ ਖੂਬਸੂਰਤ ਭਾਂਡਿਆਂ ਦੇ ਰਚਣਹਾਰੇ ਦੀ ਸਿਫ਼ਤ ਕਰੇ ਤਾਂ ਕਿਵੇਂ ਕਰੇ। ਅੱਖਰ ਉਹਨੂੰ ਲੱਭਦੇ ਨਹੀਂ ਸਨ ਪਏ!
ਤੁੱਲਾ ਅੰਦਰੋਂ ਕਈ ਨਮੂਨੇ ਲੈ ਆਇਆ। ਨਮੂਨੇ ਕੀ ਸਨ? ਕਿਸੇ ਕਰਾਮਾਤੀ ਹੱਥਾਂ ਦਾ ਕਮਾਲ ਸਨ। ਕੇਹੀ ਚਿਤਰਕਾਰੀ ਸੀ ਇਨ੍ਹਾਂ ਉੱਤੇ, ਤੱਕਿਆਂ ਭੁੱਖ ਲਹਿੰਦੀ ਸੀ। "ਆਹ! ਕਿੰਨਾ ਖੂਬਸੂਰਤ ਹੋਵੇਗਾ ਉਸ ਕਲਾਕਾਰ ਦਾ ਦਿਲ, ਕਿੰਨੀਆਂ ਖੂਬਸੂਰਤ ਹੋਣਗੀਆਂ ਉਸ ਜਾਦੂਗਰ ਦੀਆਂ ਉਂਗਲਾਂ, ਜੀਹਨੇ ਅਜਿਹੀਆਂ ਖ਼ੂਬਸੂਰਤ ਕਲਾ ਕਿਰਤਾਂ ਨੂੰ ਜਨਮ ਦਿੱਤਾ ਹੈ।" ਇਜ਼ਤ ਬੇਗ ਸੋਚਦਾ ਪਿਆ ਸੀ।
"ਇਹ ਬਹੁਤ ਸੁੰਦਰ ਹਨ, ਅਤੀ ਸੁੰਦਰ! ਕੋਈ ਕਦਰਦਾਨ ਦਿਲ ਹੀ ਇਨ੍ਹਾਂ ਦਾ ਮੁੱਲ ਤਾਰ ਸਕਦਾ ਹੈ। ਤੁਸੀਂ ਏਡੇ ਮਨਮੋਹਣੇ ਭਾਂਡੇ ਬਣਾ ਕਿਵੇਂ ਲੈਂਦੇ ਹੋ?" ਇਜ਼ਤ ਬੇਗ ਦੀਆਂ ਪ੍ਰਸ਼ੰਸਾ ਭਰੀਆਂ ਤੱਕਣੀਆਂ ਜਾਣਕਾਰੀ ਲੋੜਦੀਆਂ ਸਨ।
ਪ੍ਰਸੰਸਾ ਦੇ ਸ਼ਬਦ ਸੁਣ ਕੇ, ਤੁੱਲੇ ਦੀਆਂ ਅੱਖਾਂ ਚਮਕ ਉੱਠੀਆਂ। ਉਹ ਇਜ਼ਤ ਬੇਗ ਨੂੰ ਆਪਣੇ ਕਲਾ ਭਵਨ ਵਿੱਚ ਲੈ ਗਿਆ ਜਿੱਥੇ ਭਾਂਡੇ ਬਣ ਰਹੇ ਸਨ। ਚੱਕ ਬੜਾ ਤੇਜ਼ੀ ਨਾਲ਼ ਘੁੰਮਦਾ ਪਿਆ ਸੀ, ਉਸ ਦੀ ਕਲਪਣਾ ਦੀ ਖ਼ੂਬਸੂਰਤ ਦਿਲ ਵਾਲ਼ੀ ਮੁਟਿਆਰ ਆਪਣੀਆਂ ਕੋਮਲ ਉਂਗਲਾਂ ਨਾਲ, ਗੁੰਨ੍ਹੀ ਹੋਈ ਮਿੱਟੀ ਨੂੰ ਜਾਦੂ ਭਰੀਆਂ ਛੁਹਾਂ ਦੇ ਰਹੀ ਸੀ।
“ਇਹ ਹੈ ਮੇਰੀ ਧੀ ਸੋਹਣੀ, ਇਹ ਸਾਰੇ ਭਾਂਡੇ ਏਸੇ ਦੇ ਬਣਾਏ ਹੋਏ ਹਨ", ਤੁੱਲੇ ਨੇ ਆਪਣੀ ਧੀ ਵੱਲ ਇਸ਼ਾਰਾ ਕੀਤਾ।
ਘੁੰਮਦਾ ਚੱਕ ਹੌਲੀ ਹੋ ਗਿਆ। ਮੁਟਿਆਰ ਚੱਕ ਉੱਤੇ ਜਨਮ ਲੈ ਰਹੇ ਸ਼ਾਹਕਾਰ ਵਿੱਚ ਮਗਨ ਸੀ, ਉਸ ਜ਼ਰਾ ਕੁ ਪਿੱਛੇ ਮੁੜ ਕੇ ਤੱਕਿਆ-ਕਾਲੀਆਂ ਘਟਾਵਾਂ ਪਿੱਛੋਂ ਚੰਦ ਦੀ ਪਿਆਰੀ ਟੁਕੜੀ ਟਹਿਕ ਪਈ।
ਇਜ਼ਤ ਬੇਗ ਨੇ ਧੁੱਪ ਵਿੱਚ ਸੁਕਾਏ ਜਾ ਰਹੇ ਭਾਂਡੇ ਤੱਕੇ ਅਤੇ ਆਵੇ ਵਿੱਚ ਪਕਾਏ ਜਾ ਰਹੇ ਭਾਂਡਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਜਿੰਨੀ ਦੇਰ ਉਹ ਇਸ ਕਲਾ ਭਵਨ ਵਿੱਚ ਰਿਹਾ, ਸੋਹਣੀ ਦੀ ਪਿਆਰੀ ਸੂਰਤ ਉਹਨੂੰ ਨਜ਼ਰੀਂ ਆਂਦੀ ਰਹੀ। ਉਸ ਨੂੰ ਭਾਂਡਿਆਂ ਦੀ ਖ਼ੂਬਸੂਰਤੀ ਦਾ ਭੇਤ ਸਮਝ ਪੈ ਗਿਆ, "ਸੋਹਣੀ ਦਾ ਆਪਣਾ ਰੂਪ ਹੀ ਤਾਂ ਇਨ੍ਹਾਂ ਮਿੱਟੀ ਦਿਆਂ ਭਾਂਡਿਆਂ ਵਿੱਚ ਸਮਾਇਆ ਹੋਇਆ ਹੈ ਜਿਸ ਕਰਕੇ ਉਹ ਏਨੇ ਖ਼ੂਬਸੂਰਤ ਲੱਗਦੇ ਨੇ।”
ਉਨ੍ਹਾਂ ਬਹੁਤ ਸਾਰੇ ਭਾਂਡੇ ਖ਼ਰੀਦ ਲਏ, ਜੋ ਮੁੱਲ ਤੁੱਲੇ ਨੇ ਮੰਗਿਆ ਉਨ੍ਹਾਂ ਤਾਰ ਦਿੱਤਾ।
ਤੁੱਲੇ ਦੀ ਦੁਕਾਨ ਵਿੱਚੋਂ ਨਿਕਲਦਿਆਂ ਇਜ਼ਤ ਬੇਗ ਨੇ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਉਹ ਕਿਸੇ ਪਵਿੱਤਰ ਮੰਦਰ ਦੀ ਜ਼ਿਆਰਤ ਕਰ ਕੇ ਆ ਰਿਹਾ ਹੋਵੇ।
ਹੁਣ ਤੁੱਲੇ ਦੀ ਜਾਦੂਗਰ ਧੀ, ਸੋਹਣੀ, ਇਜ਼ਤ ਬੇਗ ਦੇ ਖ਼ਿਆਲਾਂ 'ਤੇ ਛਾ ਚੁੱਕੀ ਸੀ!
ਇਜ਼ਤ ਬੇਗ ਨੇ ਖ਼ੂਬਸੂਰਤ ਭਾਂਡੇ ਆਪਣੇ ਤੰਬੂ ਵਿੱਚ ਸਜਾ ਦਿੱਤੇ। ਜਿਸ ਭਾਂਡੇ ਵੱਲ ਉਹ ਤੱਕਦਾ, ਚੰਨ ਨਾਲੋਂ ਪਿਆਰੀ ਸੋਹਣੀ ਉਹਨੂੰ ਨਜ਼ਰ ਆਂਦੀ! ਹਰ ਪਾਸੇ ਸੋਹਣੀ, ਜਿਧਰ ਵੀ ਤੱਕਦਾ, ਮੁਸਕਰਾਂਦੀ ਸੋਹਣੀ ਵਿਖਾਈ ਦੇਂਦੀ! ਸਾਰੀ ਰਾਤ ਉਹ ਸੋਹਣੀ ਦੇ ਖ਼ਿਆਲਾਂ 'ਚ ਖੋਇਆ ਰਿਹਾ, ਇਕ ਪਲ ਲਈ ਵੀ ਉਹਨੂੰ ਨੀਂਦ ਨਾ ਪਈ। ਪੈਸੇ ਦਾ ਵਣਜ ਕਰਨ ਆਇਆ ਸੌਦਾਗਰ ਇਸ਼ਕ ਦਾ ਵਣਜ ਕਰਨ ਲਈ ਉਤਾਵਲਾ ਹੋ ਉੱਠਿਆ!
ਉਹਨੇ ਆਪਣਾ ਨੌਕਰ ਆਪਣੇ ਦੇਸ਼ ਪਰਤਾ ਦਿੱਤਾ ਤੇ ਆਪ ਗੁਜਰਾਤ ਵਿੱਚ ਹੀ ਭਾਂਡਿਆਂ ਦੀ ਹੱਟੀ ਪਾ ਲਈ। ਉਹ ਭਾਂਡੇ ਖ਼ਰੀਦਣ ਦੇ ਬਹਾਨੇ ਹਰ ਰੋਜ਼ ਸੋਹਣੀ ਦਾ ਪਿਆਰਾ ਮੁਖੜਾ ਤੱਕ ਆਉਂਦਾ। ਭਾਂਡਿਆਂ ਦਾ ਵਪਾਰੀ ਉਹ ਕਿਧਰੋਂ ਸੀ, ਉਹ ਤਾਂ ਨੈਣਾਂ ਦਾ ਵਣਜਾਰਾ ਸੀ, ਹੁਸਨ ਦੀ ਹੱਟੀ ਤੋਂ ਸੌਦਾ ਖ਼ਰੀਦਣ ਵਾਲ਼ਾ। ਦੁਕਾਨ ਵਿੱਚ ਘਾਟੇ ਤੇ ਘਾਟਾ ਪੈਂਦਾ ਗਿਆ। ਇਕ ਵਰ੍ਹੇ ਵਿੱਚ ਹੀ ਉਹਨੇ ਆਪਣੀ ਸਾਰੀ ਪੂੰਜੀ ਮੁਕਾ ਦਿੱਤੀ। ਤੁੱਲੇ ਦਾ ਸੈਂਕੜੇ ਰੁਪਏ ਦਾ ਕਰਜ਼ਾ ਉਹਦੇ ਸਿਰ ਹੋ ਗਿਆ। ਹਾਲਤ ਏਥੋਂ ਤੱਕ ਪੁੱਜ ਗਈ ਕਿ ਉਹ ਰੋਟੀ ਤੋਂ ਵੀ ਆਤੁਰ ਹੋ ਗਿਆ।
ਅਜੇ ਤੀਕਰ ਇਜ਼ਤ ਬੇਗ ਨੇ ਸੋਹਣੀ ਨਾਲ਼ ਦੋ ਪਿਆਰ ਭਰੀਆਂ ਗੱਲੜੀਆਂ ਵੀ ਨਹੀਂ ਸਨ ਕੀਤੀਆਂ, ਸੋਹਣੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮੁਸਕਰਾਇਆ ਤੱਕ ਨਹੀਂ ਸੀ।
ਹਾਰ ਕੇ ਇਜ਼ਤ ਬੇਗ ਨੇ ਤੁੱਲੇ ਦੇ ਪੈਰ ਜਾ ਫੜੇ।
"ਮਾਪਿਆ ਮੈਨੂੰ ਬਚਾ ਲੈ! ਮੇਰੇ ਪਾਸ ਫੁੱਟੀ ਕੌਡੀ ਵੀ ਨਹੀਂ ਜੀਹਦੇ ਨਾਲ਼ ਮੈਂ ਤੇਰਾ ਕਰਜ਼ ਮੋੜ ਸਕਾਂ। ਇਸ ਪ੍ਰਦੇਸ਼ ਵਿੱਚ ਮੇਰਾ ਕੋਈ ਨਹੀਂ। ਹੇ ਨੇਕ ਦਿਲ ਬੰਦੇ ਮੇਰੇ ਤੇ ਤਰਸ ਕਰ! ਮੈਨੂੰ ਆਪਣੇ ਕੋਲ ਨੌਕਰ ਰੱਖ ਲੈ! ਮੈਂ ਸਿਰਫ਼ ਦੋ ਟੁਕੜੇ ਰੋਟੀ ਦੇ ਖਾ ਕੇ ਗੁਜ਼ਰ ਕਰ ਲਵਾਂਗਾ, ਮੇਰੀ ਨੌਕਰੀ ਵਿੱਚੋਂ ਆਪਣਾ ਕਰਜ਼ਾ ਕੱਟ ਲੈਣਾ।" ਇਜ਼ਤ ਬੇਗ ਨੇ ਲੇਲ੍ਹੜੀਆਂ ਕੱਢਦਿਆਂ ਆਖਿਆ! ਉਹਦੇ ਨੈਣ ਭਰ ਆਏ।
ਤੁੱਲਾ ਸੋਚੀਂ ਪੈ ਗਿਆ। ਕੁਝ ਚਿਰ ਸੋਚ ਕੇ ਤੁੱਲੇ ਨੇ ਹੁੰਗਾਰਾ ਭਰਿਆ, "ਬੇਟਾ ਘਾਬਰਨ ਦੀ ਲੋੜ ਨਹੀਂ। ਵਣਜਾਂ ਵਿੱਚ ਘਾਟੇ ਵਾਧੇ ਬਣੇ ਹੀ ਹੋਏ ਨੇ! ਇਹ ਮੈਂ ਜਾਣਨਾਂ ਕਿ ਤੂੰ ਪ੍ਰਦੇਸ਼ੀ ਏਂ, ਏਥੇ ਤੇਰਾ ਕੋਈ ਮਦਦਗਾਰ ਨਹੀਂ। ਤੂੰ ਮੇਰੇ ਕੋਲ ਨੌਕਰ ਰਹਿਣ ਦਾ ਸਵਾਲ ਪਾਇਆ ਏ। ਮੈਂ ਸਵਾਲੀ ਕਦੇ ਦਰੋਂ ਮੋੜਿਆ ਨਹੀਂ। ਮੈਂ ਤੈਨੂੰ ਆਪਣੇ ਕੋਲ ਨੌਕਰ ਰੱਖਣ ਨੂੰ ਤਾਂ ਤਿਆਰ ਹਾਂ ਪਰ ਸ਼ਰਤ ਇਕ ਏ......"
"ਹਾਂ ਦੱਸ ਬਾਬਾ......।" ਇੱਜ਼ਤ ਬੇਗ ਕਾਹਲੀ ਨਾਲ਼ ਬੋਲਿਆ। ਉਹਨੂੰ ਆਸ ਦਾ ਟਹਿਟਹਾਣਾ ਜਗਮਗਾਂਦਾ ਵਿਖਾਈ ਦੇ ਰਿਹਾ ਸੀ।
"ਤੈਨੂੰ ਮੱਝਾਂ ਚਾਰਨ ਤੇ ਨੌਕਰ ਰਹਿਣਾ ਪਵੇਗਾ, ਸੋਚ ਲੈ।" ਤੁੱਲੇ ਨੇ ਗੰਭੀਰਤਾ ਪੂਰਬਕ ਆਖਿਆ।
"ਮੈਨੂੰ ਮਨਜ਼ੂਰ ਏ, ਮੈਂ ਖਿੜੇ ਮੱਥੇ ਇਹ ਨੌਕਰੀ ਕਰਾਂਗਾ।"
ਇਜ਼ਤ ਬੇਗ ਲਈ ਜਿਵੇਂ ਸਵਰਗ ਦੀ ਖਿੜਕੀ ਖੁਲ੍ਹ ਗਈ ਹੋਵੇ। ਆਪਣੇ ਪਿਆਰੇ ਨਾਲ਼ ਨੇੜਤਾ ਪ੍ਰਾਪਤ ਕਰਨ ਦੀ ਸੱਧਰ ਉਹਨੂੰ ਹੁਣ ਪੂਰੀ ਹੁੰਦੀ ਜਾਪਦੀ ਸੀ।
ਇਜ਼ਤ ਬੇਗ ਮੂੰਹ ਝਾਖਰੇ ਹੀ ਮੱਝਾਂ ਖੋਲ੍ਹਦਾ, ਆਪਣੇ ਚਰਵਾਹੇ ਸਾਥੀਆਂ ਸਮੇਤ ਝਨਾ ਦੇ ਬੇਲੇ ਵਿੱਚ ਪੁੱਜ ਜਾਂਦਾ। ਇਜ਼ਤ ਬੇਗ ਤੋਂ ਉਹ ਹੁਣ ਮਹੀਂਵਾਲ ਬਣ ਚੁੱਕਾ ਸੀ, ਉਹਨੂੰ ਇਸੇ ਨਾਂ ਨਾਲ਼ ਸੱਦਦੇ ਸਨ। ਕੋਈ ਡੇਢ ਵਰ੍ਹਾ ਇਸੇ ਪ੍ਰਕਾਰ ਲੰਘ ਗਿਆ। ਸੋਹਣੀ ਦੀ ਰਾਂਗਲੀ ਨੁਹਾਰ ਮਹੀਂਵਾਲ ਲਈ ਜ਼ਿੰਦਗੀ ਜੀਣ ਦਾ ਲਾਰਾ ਦੇਈ ਜਾ ਰਿਹਾ ਸੀ। ਉਹ ਕਈ ਵਾਰ ਕਲਪਨਾ ਵਿੱਚ ਹੀ ਸੋਹਣੀ ਨਾਲ਼ ਸ਼ਹਿਦ ਭਰੀਆਂ ਗੱਲਾਂ ਕਰਦਾ, ਰੁਸਦਾ, ਹਸਦਾ ਅਤੇ ਮਨਮਨਾਈ ਕਰਦਾ। ਪਰੰਤੂ ਸੋਹਣੀ ਅਜੇ ਉਹਦੇ ਪਾਸੋਂ ਬਹੁਤ ਦੂਰ ਸੀ, ਅਸਮਾਨੀ ਤਾਰਿਆਂ ਨਾਲੋਂ ਵੀ ਦੂਰ! ਸੋਹਣੀ ਤਾਂ ਉਹਦੇ ਲਈ ਲਾਜਵੰਤੀ ਦਾ ਬੂਟਾ ਸੀ, ਜਿਹੜਾ ਹੱਥ ਲਾਇਆਂ ਕੁਮਲਾ ਜਾਂਦਾ ਏ।
ਇਕ ਦਿਨ ਸੋਹਣੀ ਬੇਲੇ ਵਿੱਚ ਮਹੀਂਵਾਲ ਲਈ ਭੱਤਾ ਲੈ ਕੇ ਆ ਗਈ। ਉਹਦਾ ਚੋ-ਚੋ ਪੈਂਦਾ ਰੂਪ ਮਹੀਂਵਾਲ ਨੂੰ ਤੜਪਾ ਗਿਆ। ਉਸ ਆਪਣਾ ਦਿਲ ਸੋਹਣੀ ਅੱਗੇ ਫੋਲ ਸੁੱਟਿਆ।
"ਸੋਹਣੀਏਂ, ਮੈਂ ਤੇਰੇ ਲਈ ਆਪਣੇ ਮਾਂ ਬਾਪ ਅਤੇ ਆਪਣਾ ਪਿਆਰਾ ਦੇਸ਼ ਛੱਡ ਦਿੱਤੇ! ਪਰ ਤੂੰ ਏਂ ਜੀਹਨੇ ਅੱਜ ਤੱਕ ਮੇਰੇ ਨਾਲ਼ ਸਿੱਧੇ ਮੂੰਹ ਗੱਲ ਵੀ ਨਹੀਂ ਕੀਤੀ। ਹਜ਼ਾਰਾਂ ਲੱਖਾਂ ਦੀ ਦੌਲਤ ਨੂੰ ਲੱਤ ਮਾਰ ਕੇ ਮੈਂ ਤੇਰੀਆਂ ਮੱਝਾਂ ਚਾਰ ਰਿਹਾਂ। ਕੁਝ ਰਹਿਮ ਕਰ ਸੋਹਣੀਏਂ। ਕੁਝ ਤਰਸ ਕਰੋ ਹੁਸਨ ਪਰੀਏ।"
ਸੋਹਣੀ ਦੇ ਹੁਸ਼ਨਾਕ ਚਿਹਰੇ ਤੇ ਲਾਲੀ ਦੀ ਲਹਿਰ ਦੌੜ ਗਈ। ਉਹਨੇ ਮਹੀਂਵਾਲ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਤੇ ਆਪਣੀ ਮੁਹੱਬਤ ਇਸ਼ਕ ਦੀ ਦਹਿਲੀਜੇ ਚੜ੍ਹਾ ਦਿੱਤੀ।]
"ਸੋਹਣੀਏਂ ਦੁਨੀਆਂ ਦੀ ਸਾਰੀ ਦੌਲਤ ਅੱਜ ਮੇਰੀ ਝੋਲੀ ਵਿੱਚ ਏ! ਮੇਰੇ ਨਾਲ਼ੋਂ ਅਮੀਰ ਹੁਣ ਇਸ ਦੁਨੀਆਂ ਵਿੱਚ ਦੂਜਾ ਕੋਈ ਨਹੀਂ।" ਮਹੀਂਵਾਲ ਨੇ ਸੋਹਣੀ ਨੂੰ ਆਪਣੀ ਛਾਤੀ ਨਾਲ਼ ਘੁਟ ਲਿਆ ਤੇ ਉਹਦੀਆਂ ਗੁਲਾਬੀ ਗੱਲ੍ਹਾਂ ਤੇ ਉਨਾਬੀ ਬੁੱਲ੍ਹੀਆਂ ਤੇ ਚੁਮਣਾਂ ਦਾ ਮੀਂਹ ਵਰਸਾ ਦਿੱਤਾ।
"ਮਹੀਂਵਾਲਾ ਮੈਂ ਆਪਣੀ ਪਾਕ ਮੁਹੱਬਤ ਤੇਰੇ ਹਵਾਲੇ ਕਰ ਦਿੱਤੀ ਐ, ਮੈਂ ਵਫ਼ਾ ਨਿਭਾਵਾਂਗੀ ਇਸ਼ਕ ਨੂੰ ਦਾਗ਼ ਨਹੀਂ ਲੱਗਣ ਦਿਆਂਗੀ.......।"
ਸੋਹਣੀ ਮਹੀਂਵਾਲ ਹਰ ਰੋਜ਼ ਬੇਲੇ ਵਿੱਚ ਪਿਆਰ ਮਿਲਣੀਆਂ ਮਾਣਦੇ ਰਹੇ।
ਬੇਲੇ ਵਿੱਚ ਸੋਹਣੀ ਦਾ ਰੋਜ਼ ਮਹੀਂਵਾਲ ਪਾਸ ਜਾਣਾ ਕਈ ਖਚਰੀਆਂ ਨਜ਼ਰਾਂ ਨੂੰ ਖੁੜਕ ਗਿਆ। ਉਨ੍ਹਾਂ ਦੇ ਇਸ਼ਕ ਦੀ ਚਰਚਾ ਸ਼ੁਰੂ ਹੋ ਗਈ:
ਤੂੰ ਹੱਸਦੀ ਦਿਲ ਰਾਜ਼ੀ ਮੇਰਾ
ਲਗਦੇ ਨੇ ਬੋਲ ਪਿਆਰੇ
ਚੱਲ ਕਿਧਰੇ ਦੋ ਗੱਲਾਂ ਕਰੀਏ
ਬਹਿ ਕੇ ਨਦੀ ਕਿਨਾਰੇ
ਲੁਕ ਲੁਕ ਲਾਈਆਂ ਪ੍ਰਗਟ ਹੋਈਆਂ
ਵਜ ਗਏ ਢੋਲ ਨਗਾਰੇ
ਸੋਹਣੀਏਂ ਆ ਜਾ ਨੀਂ
ਡੁੱਬਦਿਆਂ ਨੂੰ ਰੱਬ ਤਾਰੇ।
ਤੁੱਲੇ ਨੂੰ ਵੀ ਸੋਹਣੀ ਮਹੀਂਵਾਲ ਦੇ ਪ੍ਰੇਮ ਬਾਰੇ ਸੂਹ ਮਿਲ ਗਈ। ਦੋ ਜਵਾਨੀਆਂ ਦੀ ਪਾਕ ਮੁਹੱਬਤ ਨੂੰ ਉਨ੍ਹਾਂ ਪ੍ਰਵਾਨ ਨਾ ਕੀਤਾ। ਮਹੀਂਵਾਲ ਨੂੰ ਚਾਕਰੀਓਂ ਜਵਾਬ ਮਿਲ ਗਿਆ ਅਤੇ ਸੋਹਣੀ ਨੂੰ ਉਨ੍ਹਾਂ ਗੁਜਰਾਤ ਦੇ ਇਕ ਹੋਰ ਘੁਮਾਰਾਂ ਦੇ ਮੁੰਡੇ ਨਾਲ਼ ਵਿਆਹ ਦਿੱਤਾ।
ਸੋਹਣੀ ਮਹੀਂਵਾਲ ਲਈ ਤੜਪਦੀ ਰਹੀ, ਮਹੀਂਵਾਲ ਸੋਹਣੀ ਦੇ ਵੈਰਾਗ ਵਿੱਚ ਹੰਝੂ ਕੇਰਦਾ ਰਿਹਾ! ਝੂਠੀ ਲੋਕ ਲਾਜ ਨੇ ਦੋ ਪਿਆਰੇ ਵਿਛੋੜ ਦਿੱਤੇ, ਦੋ ਰੂਹਾਂ ਘਾਇਲ ਕਰ ਦਿੱਤੀਆਂ!
ਇਜ਼ਤ ਬੇਗੋਂ ਮਹੀਂਵਾਲ ਬਣਿਆਂ ਮਹੀਂਵਾਲ, ਮਹੀਂਵਾਲੋਂ ਫ਼ਕੀਰ ਬਣ ਗਿਆ ਤੇ ਗੁਜਰਾਤ ਤੋਂ ਵਜ਼ੀਰਾ ਬਾਦ ਦੇ ਪਾਸੇ ਇਕ ਮੀਲ ਦੀ ਦੂਰੀ ਤੇ ਦਰਿਆ ਦੇ ਪਾਰਲੇ ਕੰਢੇ ਝੁੱਗੀ ਜਾ ਪਾਈ।
ਸੋਹਣੀ ਹੁਣ ਆਪਣੇ ਸੁਹਰੇ ਘਰ ਰਹਿ ਰਹੀ ਸੀ! ਇਕ ਦਿਨ ਫ਼ਕੀਰ ਬਣਿਆ ਮਹੀਂਵਾਲ ਸੋਹਣੀ ਨੂੰ ਜਾ ਮਿਲਿਆ ਤੇ ਉਨ੍ਹਾਂ ਹਰ ਰੋਜ਼ ਅੱਧੀ ਰਾਤ ਮਗਰੋਂ ਝਨਾ ਦੇ ਕੰਢੇ ਮਿਲਣਾ ਨੀਯਤ ਕਰ ਲਿਆ।
ਅੱਧੀ ਰਾਤ ਗੁਜ਼ਰਦੀ, ਸੋਹਣੀ ਆਪਣੇ ਘਰਦਿਆਂ ਤੋਂ ਚੋਰੀ ਉਠਦੀ ਤੇ ਇਕ ਮੀਲ ਬੇਲੇ ਦੇ ਤਰਾਹ ਤਰਾਹ ਕਰ ਰਹੇ ਸੁਨਸਾਨ ਰਾਹਾਂ ਵਿੱਚੋਂ ਲੰਘਦੀ ਹੋਈ ਆਪਣੇ ਮਹੀਂਵਾਲ ਨੂੰ ਜਾ ਮਿਲਦੀ। ਮਹੀਂਵਾਲ ਪਾਰੋਂ ਕਾਲ਼ੀ ਬੋਲ਼ੀ ਰਾਤ ਵਿੱਚ ਝਨਾਂ ਪਾਰ ਕਰਕੇ ਆਉਂਦਾ।ਸਤਾਰਿਆਂ ਜੜੇ ਚੰਦੋਏ ਦੀ ਛਾਂ ਥੱਲੇ ਦੋ ਘਾਇਲ ਰੂਹਾਂ ਮਿਲਦੀਆਂ, ਪਿਆਰੀਆਂ, ਰਸ ਭਰੀਆਂ ਤੇ ਨਾ ਮੁੱਕਣ ਵਾਲੀਆਂ ਗੱਲਾਂ ਕਰਦੀਆਂ।
ਇਕ ਰਾਤ ਝਨਾਂ ਪਾਰ ਕਰੇਂਦੇ ਮਹੀਂਵਾਲ ਦੇ ਤੰਦੂਏ ਨੇ ਚੱਕ ਮਾਰਿਆ ਤੇ ਉਹਦਾ ਪਟ ਚੀਰ ਸੁੱਟਿਆ। ਹੁਣ ਮਹੀਂਵਾਲ ਲਈ ਤੈਰਨਾ ਮੁਸ਼ਕਿਲ ਹੋ ਗਿਆ ਸੀ।
ਅਗਲ਼ੀ ਰਾਤ ਸੋਹਣੀਂ ਆਪਣੇ ਨਾਲ਼ ਮਿੱਟੀ ਦਾ ਪੱਕਾ ਘੜਾ ਲੈ ਗਈ। ਘੜੇ ਦੀ ਮਦਦ ਨਾਲ ਉਹਨੇ ਝਨਾਂ ਪਾਰ ਕੀਤਾ ਤੇ ਮਹੀਂਵਾਲ ਦੀ ਝੁੱਗੀ ਵਿੱਚ ਜਾ ਪੁੱਜੀ। ਮਹੀਂਵਾਲ ਸੋਹਣੀ ਨੂੰ ਮਿਲ ਕੇ ਆਪਣੀ ਪੀੜ ਭੁੱਲ ਗਿਆ, "ਤੈਨੂੰ ਪਾ ਕੇ, ਸੋਹਣੀਏਂ ਮੇਰਾ ਦੁਖ ਅੱਧਾ ਰਹਿ ਗਿਐ! ਤੂੰ ਤਾਂ ਮਰਦਾਂ ਨਾਲ਼ੋਂ ਵੀ ਤਕੜੀ ਨਿਕਲੀ ਏਂ, ਐਡੀ ਕਾਲ਼ੀ ਬੋਲ਼ੀ ਰਾਤ ਵਿੱਚ ਐਡੇ ਵੱਡੇ ਦਰਿਆ ਨੂੰ ਪਾਰ ਕਰਨਾ ਇਕ ਔਰਤ ਲਈ ਬਹੁਤ ਵੱਡੀ ਗੱਲ ਏ....."
ਸੋਹਣੀ ਮਹੀਂਵਾਲ ਦੀ ਬੁੱਕਲ ਵਿੱਚ ਮਚਲ ਰਹੀ ਸੀ।
"ਜਿੱਥੇ ਵੀ ਮੇਰਾ ਮਹੀਂਵਾਲ ਆਵਾਜ਼ ਮਾਰੇਗਾ, ਮੈਂ ਉੱਥੇ ਪੁੱਜਾਂਗੀ! ਇਹ ਦਰਿਆ ਪਾਰ ਕਰਨਾ ਤਾਂ ਕੁਝ ਵੀ ਗੱਲ ਨਹੀਓਂ.....!"
ਉਹ ਹਰ ਰੋਜ਼ ਦਰਿਆ ਪਾਰ ਕਰਕੇ ਮਹੀਂਵਾਲ ਪਾਸ ਜਾਂਦੀ ਅਤੇ ਆਉਂਦੀ ਹੋਈ ਘੜਾ ਸਰਕੜੇ ਦੇ ਇਕ ਬੂਝੇ ਵਿੱਚ ਲੁਕੋ ਦੇਂਦੀ!
ਸੋਹਣੀ ਦੇ ਹਰ ਰੋਜ਼ ਅੱਧੀ ਰਾਤੋਂ ਬਾਹਰ ਜਾਣ ਤੇ ਉਹਦੀ ਨਨਾਣ ਨੂੰ ਸ਼ੱਕ ਹੋ ਗਿਆ। ਇਕ ਦਿਨ ਉਹ ਵੀ ਸੋਹਣੀ ਦੇ ਮਗਰ ਟੁਰ ਪਈ। ਸੋਹਣੀ ਨੂੰ ਆਪਣੇ ਮਗਰ ਆਉਂਦੀ ਕਦਮਾਂ ਦੀ ਆਵਾਜ਼ ਵੀ ਸੁਣਾਈ ਦਿੱਤੀ। ਪਰੰਤੂ ਉਹਨੇ ਆਪਣੇ ਹੀ ਕਦਮਾਂ ਦੀ ਵਾਜ ਦਾ ਭੁਲੇਖਾ ਜਾਣ ਕੇ ਗੱਲ ਆਈ ਗਈ ਕਰ ਛੱਡੀ। ਸੋਹਣੀ ਦਰਿਆ ਤੇ ਪੁੱਜੀ, ਸਰਕੜੇ ਦੇ ਬੂਝੇ ਵਿੱਚੋਂ ਘੜਾ ਚੁੱਕਿਆ ਤੇ ਦਰਿਆ ਵਿੱਚ ਠਿਲ੍ਹ ਪਈ। ਉਹਦੀ ਨਨਾਣ ਦੂਰ ਖੜੀ ਸਭ ਕੁਝ ਤਕਦੀ ਰਹੀ! ਸੋਹਣੀ ਕੁਝ ਸਮੇਂ ਮਗਰੋਂ ਵਾਪਸ ਪਰਤੀ ਤੇ ਘੜਾ ਉਸੇ ਥਾਂ 'ਤੇ ਲੁਕੋ ਦਿੱਤਾ। ਉਹਦੀ ਨਨਾਣ ਛੋਪਲੇ ਛੋਪਲੇ ਕਦਮੀਂ ਸੋਹਣੀ ਤੋਂ ਪਹਿਲੋਂ ਘਰ ਪੁੱਜ ਗਈ।
ਦਿਨੇ ਨਨਾਣ ਨੇ, ਆਪਣੀ ਮਾਂ ਨੂੰ, ਸੋਹਣੀ ਦੇ ਦਰਿਆ ਪਾਰ ਕਰਕੇ ਮਹੀਂਵਾਲ ਨੂੰ ਮਿਲਣ ਜਾਣ ਦੀ ਸਾਰੀ ਵਾਰਤਾ ਜਾ ਸੁਣਾਈ।
ਅੱਧੀ ਰਾਤ ਲੰਘੀ, ਸੋਹਣੀ ਉੱਠੀ! ਬਾਹਰ ਘੁੱਪ ਹਨੇਰਾ ਪਸਰਿਆ ਹੋਇਆ ਸੀ! ਸਾਰੇ ਅਸਮਾਨ 'ਤੇ ਬੱਦਲ ਛਾਏ ਹੋਏ ਸਨ! ਪੂਰੇ ਜ਼ੋਰ ਦਾ ਠੱਕਾ ਵਗ ਰਿਹਾ ਸੀ। ਸੋਹਣੀ ਨੇ ਦਰੋਂ ਬਾਹਰ ਪੈਰ ਰੱਖਿਆ ਹੀ ਸੀ ਕਿ ਬਿਜਲੀ ਕੜਕੜਾਈ। ਉਹਦਾ ਦਿਲ ਕੰਬ ਗਿਆ ਪਰੰਤੂ ਉਸ ਪੈਰ ਪਿੱਛੇ ਨਾ ਮੋੜੇ। ਉਹਦਾ ਮਹੀਂਵਾਲ ਉਹਨੂੰ ਉਡੀਕਦਾ ਪਿਆ ਸੀ.... ਦੂਰ ਪਾਰਲੇ ਕੰਢੇ ਉਹਦਾ ਇੰਤਜਾਰ ਕਰ ਰਿਹਾ ਸੀ। ਉਹ ਆਪਣਾ ਦਿਲ ਤਕੜਾ ਕਰਕੇ ਤੁਰ ਪਈ। ਰਾਹ ਨਜ਼ਰੀਂ ਨਹੀਂ ਸੀ ਪੈਂਦਾ। ਰਾਹ ਵਿੱਚ ਅਨੇਕਾਂ ਕੰਡੇ ਤੇ ਝਾੜੀਆਂ ਖਿੰਡੀਆਂ ਪਈਆਂ ਸਨ। ਉਹ ਡਿਗਦੀ ਢਹਿੰਦੀ, ਝਾੜੀਆਂ, ਝਾਫਿਆਂ ਵਿੱਚ ਫਸਦੀ ਲਹੂ ਲੁਹਾਣ ਹੋਈ ਝਨਾਂ ਦੇ ਕੰਢੇ 'ਤੇ ਪੁੱਜ ਗਈ। ਉਸ ਸਰਕੜੇ ਦੇ ਬੂਝੇ ਵਿੱਚੋਂ ਘੜਾ ਚੁੱਕ ਲਿਆ। ਘੜੇ ਨੂੰ ਉਸ ਆਪਣੀ ਆਦਤ ਅਨੁਸਾਰ ਟੁਣਕਾ ਕੇ ਵੇਖਿਆ, ਪਹਿਲੀ ਟੁਣਕਾਰ ਨਹੀਂ ਸੀ। ਆਹ! ਕਿਸੇ ਪਾਪੀ ਨੇ ਪੱਕੇ ਦੀ ਥਾਂ ਕੱਚਾ ਰੱਖ ਦਿੱਤਾ ਸੀ! ਮੁਹੱਬਤ ਨਵੇਂ ਇਮਤਿਹਾਨ ਵਿੱਚ ਪਾ ਦਿੱਤੀ ਸੀ।
ਪਾਰਲੇ ਕੰਢੇ ਮਹੀਂਵਾਲ ਦੀ ਝੁੱਗੀ ਵਿੱਚ ਦੀਵਾ ਟਿਮਟਿਮਾ ਰਿਹਾ ਸੀ ਤੇ ਮਹੀਂਵਾਲ ਸੁਰੀਲੀ ਬੰਸਰੀ ਦੀਆਂ ਤਾਨਾਂ ਤੇ ਪਿਆਰੇ ਬੋਲ ਗਾਉਂਦਾ ਪਿਆ ਸੀ। ਉਰਲੇ ਕੰਢੇ ਸੋਹਣੀ ਕੱਚਾ ਘੜਾ ਚੁੱਕੀ ਸੋਚਾਂ ਵਿੱਚ ਡੁੱਬੀ ਖੜੀ ਸੀ। ਵਿਚਕਾਰ ਦਰਿਆ ਪੂਰੇ ਸਿਖ਼ਰ 'ਤੇ ਸੀ। ਅਸਮਾਨਾਂ 'ਤੇ ਕਹਿਰਾਂ ਦੀ ਬਿਜਲੀ ਲਿਸ਼ਕ ਰਹੀ ਸੀ।
"ਕੀ ਹੋਇਆ ਘੜਿਆ ਤੂੰ ਪੱਕਿਓਂ ਕੱਚਾ ਬਣ ਗਿਓ! ਮੈਂ ਪਿੱਛੇ ਨਹੀਂ ਪਰਤਾਂਗੀ, ਆਪਣਾ ਕੌਲ ਪੂਰਾ ਕਰਾਂਗੀ। ਮੈਂ ਮਰਦ ਜ਼ਾਤ ਪਾਸੋਂ ਇਹ ਉਲਾਂਭਾ ਨਹੀਂ ਖੱਟਾਂਗੀ ਕਿ ਇਕ ਤੀਵੀਂ ਨੇ ਆਪਣਾ ਕੌਲ ਪੂਰਾ ਨਹੀਂ ਕੀਤਾ। ਮੈਂ ਆਪਣੀ ਵਫ਼ਾ ਨਿਭਾਵਾਂਗੀ, ਚਾਹੇ ਮੈਨੂੰ ਆਪਣੀ ਜ਼ਿੰਦ ਵੀ ਕਿਉਂ ਨਾ ਵਾਰਨੀ ਪੈ ਜਾਵੇ.....
ਸੋਹਣੀ ਨੇ ਸੱਚੇ ਰੱਬ ਅੱਗੇ ਆਪਣੇ ਦੋਨੋਂ ਹੱਥ ਜੋੜੇ ਤੇ ਕੱਚੇ ਘੜੇ ਨਾਲ਼ ਦਰਿਆ ਵਿੱਚ ਠਿਲ੍ਹ ਪਈ :
ਰਾਤ ਹਨੇਰੀ ਲਿਸ਼ਕਣ ਤਾਰੇ
ਕੱਚੇ ਘੜੇ ਤੇ ਮੈਂ ਤੁਰਦੀ
ਵੇਖੀ ਰੱਬਾ ਖ਼ੈਰ ਕਰੀਂ
ਤੇਰੀ ਆਸ ਤੇ ਮੂਲ ਨਾ ਡਰਦੀ।
ਮੂੰਹ ਜ਼ੋਰ ਪਾਣੀਆਂ ਅੱਗੇ ਕੱਚਿਆਂ ਨੇ ਕਿੱਥੋਂ ਠਹਿਰਨਾ ਹੋਇਆ। ਸੋਹਣੀ ਅਜੇ ਥੋੜ੍ਹੀ ਦੂਰ ਹੀ ਗਈ ਸੀ ਕਿ ਘੜਾ ਖੁਰ ਗਿਆ। ਉਹ ਆਪਣੇ ਹੱਥ ਪੈਰ ਮਾਰਨ ਲੱਗੀ.... ਹੋਰ ਕੁਝ ਗਜ਼ ਵਧੀ.... ਕਹਿਰਾਂ ਦਾ ਪਾਣੀ ਵਗ ਰਿਹਾ ਸੀ! ਉਹਦਾ ਸਾਹ ਟੁੱਟਣ ਲੱਗਾ...।
"ਮਹੀਂਵਾਲਾ...ਮਹੀਂਵਾਲਾ.... ਆ ਮਿਲ ਲੈ ਮਹੀਂਵਾਲਾ...." ਤੇ ਸੋਹਣੀ ਦੀ ਆਵਾਜ਼ ਗੁਆਚ ਗਈ। ਪਾਣੀ ਦੀ ਇਕ ਤੇਜ਼ ਲਹਿਰ ਉਹਨੂੰ ਆਪਣੇ ਨਾਲ਼ ਵਹਾ ਕੇ ਲੈ ਗਈ।
ਬੜੇ ਜ਼ੋਰਾਂ ਦੀ ਬਿਜਲੀ ਕੜਕੀ। ਬਿਜਲੀ ਦੇ ਲਿਸ਼ਕਾਰੇ ਵਿੱਚ ਮਹੀਂਵਾਲ ਨੂੰ ਪਾਣੀਆਂ ਨਾਲ਼ ਘੋਲ ਕਰੇਂਦੀ ਸੋਹਣੀ ਵਿਖਾਈ ਦਿੱਤੀ।
"ਸੋਹਣੀਏਂ ਦਿਲ ਨਾ ਛੱਡੀ, ਮੈਂ ਆਇਆ।" ਮਹੀਂਵਾਲ ਨੇ ਆਪਣੇ ਪੂਰੇ ਜ਼ੋਰ ਨਾਲ਼ ਆਵਾਜ਼ ਮਾਰੀ ਅਤੇ ਦਰਿਆ ਵਿੱਚ ਛਾਲ ਮਾਰ ਦਿੱਤੀ।ਉਹ ਮੁਸ਼ਕਿਲ ਨਾਲ਼ ਝਨਾਂ ਦੇ ਅੱਧ ਵਿਚਕਾਰ ਪੁੱਜਿਆ ਸੀ ਕਿ ਉਹਨੇ ਬਿਜਲੀ ਦੇ ਲਿਸ਼ਕਾਰੇ ਵਿੱਚ ਆਪਣੇ ਤੋਂ ਚੰਦ ਕਦਮਾਂ ਦੀ ਦੂਰੀ ਤੇ ਰੁੜ੍ਹੀ ਜਾਂਦੀ ਸੋਹਣੀ ਤੱਕੀ। ਉਹਨੇ ਬੜੇ ਜ਼ੋਰਾਂ ਦੇ ਹੱਥ ਮਾਰੇ ਤੇ ਬੇਸੁਰਤ ਸੋਹਣੀ ਨੂੰ ਫੜ ਲਿਆ ਅਤੇ ਆਪਣੇ ਕਲਾਵੇ ਵਿੱਚ ਲੈ ਕੇ ਕੰਢੇ ਵੱਲ ਨੂੰ ਵੱਧਣ ਲੱਗਾ। ਦਰਿਆ ਅੱਜ ਪੂਰਾ ਚੜ੍ਹਿਆ ਹੋਇਆ ਸੀ। ਉਹਦੀ ਕੋਈ ਪੇਸ਼ ਨਹੀਂ ਸੀ ਜਾ ਰਹੀ। ਪੂਰਾ ਅੱਧਾ ਦਰਿਆ ਅਜੇ ਉਸ ਪਾਰ ਕਰਨਾ ਸੀ। ਉਸ ਬੜੀ ਕੋਸ਼ਿਸ਼ ਕੀਤੀ ਪਰੰਤੂ ਉਹਦਾ ਸਾਹ ਅੱਧ ਵਿਚਕਾਰ ਹੀ ਟੁੱਟ ਗਿਆ। ਪਾਣੀ ਦੀ ਇਕ ਕਹਿਰਾਂ ਭਰੀ ਲਹਿਰ ਉਹਨੂੰ ਸੋਹਣੀ ਸਮੇਤ ਵਹਾ ਕੇ ਲੈ ਗਈ।
ਮਹੀਂਵਾਲ ਦੀ ਝੁੱਗੀ ਵਿੱਚ ਟਿਮਟਿਮਾਂਦਾ ਦੀਵਾ ਚਰੋਕਣਾ ਬੁਝ ਚੁੱਕਾ ਸੀ!!