ਸਮੱਗਰੀ 'ਤੇ ਜਾਓ

ਪੰਜਾਬ ਦੇ ਲੋਕ ਨਾਇਕ/ਸੱਸੀ ਪੁੰਨੂੰ

ਵਿਕੀਸਰੋਤ ਤੋਂ
ਵਾਚਨ - ਅਮਨਦੀਪ ਕੌਰ ਖੀਵਾ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਨਾਜ਼ਕ ਪੈਰ ਮਲੂਕ ਸੱਸੀ ਦੇ
ਮਹਿੰਦੀ ਨਾਲ ਸ਼ਿੰਗਾਰੇ
ਬਾਲੂ ਰੇਤ ਤਪੇ ਵਿੱਚ ਥਲ ਦੇ
ਜਿਊਂ ਜੌਂ ਭੁੰਨਣ ਭਠਿਆਰੇ
ਸੂਰਜ ਭੱਜ ਵੜਿਆ ਵਿੱਚ ਬੱਦਲੀਂ
ਡਰਦਾ ਲਿਸ਼ਕ ਨਾ ਮਾਰੇ
ਹਾਸ਼ਮ ਵੇਖ ਯਕੀਨ ਸੱਸੀ ਦਾ
ਸਿਦਕੋਂ ਮੂਲ ਨਾ ਹਾਰੇ

ਪੰਨਾ

ਸੱਸੀ ਪੁੰਨੂੰ

ਅੱਜ ਤੋਂ ਕੋਈ ਸਤ'ਕ ਸਦੀਆਂ ਪਹਿਲਾਂ ਭੰਬੋਰ ਸ਼ਹਿਰ ਵਿੱਚ ਸਿੰਧ ਦਾ ਆਦਮਖ਼ਾਨ ਨਾਮੀ ਬਾਦਸ਼ਾਹ ਰਾਜ ਕਰਦਾ ਸੀ। ਰਾਜਾ ਬੜਾ ਦਾਨੀ ਸੀ, ਕਿਸੇ ਗੱਲ ਦੀ ਉਹਦੇ ਘਰ ਤੋਟ ਨਹੀਂ ਸੀ ਪਰੰਤੂ ਜੋ ਤੋਟ ਸੀ ਤਾਂ ਇਕ ਔਲਾਦ ਦੀ। ਰਾਣੀ ਦੀ ਸੱਖਣੀ ਗੋਦ ਉਹਦੀ ਸਾਰੀ ਪਰਜਾ ਲਈ ਉਦਾਸੀ ਦਾ ਕਾਰਨ ਬਣੀ ਹੋਈ ਸੀ। ਰਾਜੇ ਨੇ ਪਰਜਾ ਸਮੇਤ ਸੱਚੇ ਰੱਬ ਅੱਗੇ ਅਰਦਾਸਾਂ ਕੀਤੀਆਂ, ਸੈਆਂ ਮੰਨਤਾਂ ਮੰਨੀਆਂ ਤੇ ਪੁੰਨਦਾਨ ਕੀਤੇ। ਰੱਬ ਤਰੁੱਠਿਆ, ਰਾਣੀ ਦੀ ਗੋਦ ਹਰੀ ਹੋ ਗਈ। ਉਹਦੇ ਘਰ ਪਿਆਰੀ ਬਾਲੜੀ ਨੇ ਜਨਮ ਲਿਆ। ਸਾਰੀ ਪਰਜਾ ਨੇ ਖ਼ੁਸ਼ੀਆਂ ਮਨਾਈਆਂ! ਭੰਬੋਰ ਸ਼ਹਿਰ ਜਗਮਗਾ ਉੱਠਿਆ। ਸਾਰੇ ਦੇਂ ਸਾਰੇ ਅਸਮਾਨੀ ਤਾਰੇ ਧਰਤ ਤੇ ਉਤਰ ਆਏ।

ਬਾਦਸ਼ਾਹ ਨੇ ਨੰਨ੍ਹੀ ਬਾਲੜੀ ਦੀ ਕਿਸਮਤ ਜਾਨਣ ਲਈ ਨਜੂਮੀ ਸੱਦ ਲਏ। ਉਨ੍ਹਾਂ ਆਪਣੀ ਜੋਤਸ਼ ਵਿੱਦਿਆ ਦੀ ਅੱਖ ਖੋਲ੍ਹੀ। ਤਾਰਿਆਂ ਜੜੀ ਰਾਤ ਤੇ ਕਿਸੇ ਕਾਲਖ਼ ਧੂੜ ਦਿੱਤੀ।

ਨਜੂਮੀਆਂ ਦੱਸਿਆ, "ਹੇ ਬਾਦਸ਼ਾਹ ਸਲਾਮਤ ਇਹ ਲੜਕੀ ਤੁਹਾਡੇ ਮੱਥੇ ਕਾਲਖ਼ ਦਾ ਟਿੱਕਾ ਲਾਵੇਗੀ! ਜਦੋਂ ਬਾਲੜੀ ਮੁਟਿਆਰ ਹੋ ਜਾਏਗੀ ਤਦ ਇਹਦਾ ਪਿਆਰ ਇਕ ਵਿਦੇਸ਼ੀ ਗੱਭਰੂ ਨਾਲ਼ ਪੈ ਜਾਵੇਗਾ ਤੇ ਇਹ ਉਹਦੇ ਪਿੱਛੇ ਥਲਾਂ ਵਿੱਚ ਰੁਲ ਮੋਏਗੀ!"

ਇਹ ਸੁਣ ਰਾਜੇ ਦਾ ਕੇਸੂ ਦੇ ਫੁੱਲ ਵਾਂਗ ਟਹਿਕਦਾ ਮੁਖੜਾ ਕੁਮਲਾ ਗਿਆ।

"ਇਹ ਮੇਰੇ ਮੱਥੇ ਕਾਲਖ਼ ਦਾ ਟਿੱਕਾ ਲਾਵੇਗੀ, ਕਿਉਂ ਨਾ ਇਹਨੂੰ ਹੁਣੇ ਬਿਲੇ ਲਾ ਦਿੱਤਾ ਜਾਵੇ", ਰਾਜੇ ਸੋਚਿਆ। ਅਮੀਰਾਂ ਵਜ਼ੀਰਾਂ ਹਾਂ ਵਿੱਚ ਹਾਂ ਮਿਲਾ ਦਿੱਤੀ।

ਰਾਜੇ ਨੇ ਬੋਟ ਨੂੰ ਮਰਵਾਉਣਾ ਚਾਹਿਆ, ਪਰੰਤੂ ਉਹਦੀ ਮਮਤਾ ਜਾਗ ਪਈ। ਉਹ ਆਪਣੇ ਦਿਲ ਦੇ ਟੁਕੜੇ ਨੂੰ ਕਿਵੇਂ ਮਰਵਾਂਦਾ! ਆਹ! ਉਹਨੇ ਇਕ ਅਤੀ ਸੁੰਦਰ ਸੰਦੂਕ ਬਣਵਾਇਆ ਤੇ ਨਿੱਕੀ ਜਿਹੀ ਜਿੰਦ ਉਸ ਵਿੱਚ ਬੰਦ ਕਰਕੇ ਠਾਠਾਂ ਮਾਰਦੇ ਸਿੰਧ ਦਰਿਆ ਵਿੱਚ ਰੋੜ੍ਹ ਦਿੱਤੀ।

ਮਲੂਕ ਜਿੰਦ ਦੀ ਅੰਮੜੀ ਤੜਪਦੀ ਰਹੀ, ਬਾਦਸ਼ਾਹ ਹੰਝੂ ਕੇਰਦਾ ਰਿਹਾ। ਸੰਦੂਕ, ਬਿਨਾਂ ਚੱਪੂਓਂ ਤੇ ਮਲਾਹੋਂ ਬੇੜੀ ਵਾਂਗ, ਦਰਿਆ ਦੀਆਂ ਕਹਿਰ ਭਰੀਆਂ ਲਹਿਰਾਂ ਤੇ ਤੈਰਦਾ ਰਿਹਾ।

ਸ਼ਹਿਰੋਂ ਬਾਹਰ ਅੱਤਾ ਨਾਂ ਦਾ ਧੋਬੀ ਆਪਣੀ ਧੋਬਣ ਸਮੇਤ ਇਸੇ ਦਰਿਆ ਤੇ ਕੱਪੜੇ ਧੋ ਰਿਹਾ ਸੀ। ਉਹਦੀ ਨਜ਼ਰ ਸੂਰਜ ਵਿੱਚ ਚਮਕਦੇ ਰੁੜ੍ਹੇ ਆਉਂਦੇ ਸੰਦੂਕ ਤੇ ਜਾ ਪਈ। ਉਹਨੇ ਉਹ ਸੰਦੂਕ ਫੜ ਲਿਆ। ਉਸ ਸੰਦੂਕ ਦਾ ਢੱਕਣ ਚੁੱਕਿਆ——ਇਕ ਪਿਆਰਾ ਬੱਚਾ ਅੰਗੂਠਾ ਚੁੰਘ ਰਿਹਾ ਸੀ। ਹੈਰਾਨੀ ਅਤੇ ਖ਼ੁਸ਼ੀ ਦੇ ਰਲ਼ੇ ਮਿਲ਼ੇ ਭਾਵਾਂ ਦੇ ਪ੍ਰਭਾਵ ਸਦਕਾ ਅੱਤਾ ਅਹਿਲ ਖੜਾ ਰਿਹਾ। ਇਕ ਪਲ ਮਗਰੋਂ ਬੁੱਢੇ ਧੋਬੀ ਦੇ ਝੁਰੜਾਏ ਬੁਲ੍ਹਾਂ ਤੇ ਮੁਸਕਾਨ ਨੱਚੀ ਤੇ ਉਹਨੇ ਆਪਣੀ ਧੋਬਣ ਨੂੰ ਆਵਾਜ਼ ਮਾਰੀ, "ਨੱਸ ਕੇ ਆਈਂ ਉਰੇ, ਆਹ ਵੇਖ ਰੱਬ ਨੇ ਸਾਡੇ ਲਈ ਕੇਹੀ ਅਮੁੱਲੀ ਦਾਤ ਘੱਲੀ ਏ! ਸਾਡੀਆਂ ਵਰ੍ਹਿਆਂ ਦੀਆਂ ਸੁਖਣਾਂ ਅੱਜ ਪੂਰੀਆਂ ਹੋਈਆਂ ਨੇ।"

ਧੋਬਣ ਨੇ ਬਾਲੜੀ ਨੂੰ ਆਪਣੀ ਗੋਦ ਲੈ ਲਿਆ। ਖ਼ੁਸ਼ੀ ਦੇ ਮਾਰੇ ਉਹਦੀਆਂ ਅੱਖਾਂ ਵਿੱਚੋਂ ਮਮਤਾ ਦੇ ਅੱਥਰੂ ਵਗ ਟੁਰੇ।

ਮਹਿਲਾਂ ਦੀ ਦੌਲਤ ਧੋਬੀਆਂ ਦੇ ਘਰ ਜਵਾਨ ਹੋਣ ਲੱਗੀ। ਉਹਦਾ ਨਾਂ ਉਨ੍ਹਾਂ ਸੱਸੀ ਪਾ ਲਿਆ!

ਸਿੰਧ ਦੇ ਪਾਣੀਆਂ ਨੇ ਜਵਾਨ ਸੱਸੀ ਤੇ ਲੋਹੜੇ ਦਾ ਰੂਪ ਚਾੜ੍ਹ ਦਿੱਤਾ। ਸੱਸੀ ਦੇ ਰੂਪ ਦੀਆਂ ਧੁੰਮਾਂ ਪੈ ਗਈਆਂ। ਧੋਬੀਆਂ ਦੇ ਘਰ ਐਨਾ ਹੁਸਨ, ਲੋਕੀਂ ਹੈਰਾਨ ਹੁੰਦੇ! ਕਈ ਚੰਗਾ ਖਾਂਦੇ ਪੀਂਦੇ ਧੋਬੀਆਂ ਨੇ ਸੱਸੀ ਦੇ ਸਾਕ ਲਈ ਖ਼ੈਰਾਤ ਮੰਗੀ, ਪਰ ਅੱਤੇ ਨੇ ਸਾਰੇ ਠੁਕਰਾ ਦਿੱਤੇ। ਉਹ ਸੱਸੀ ਦੀ ਰਜ਼ਮਾਮੰਦੀ ਲੈਣਾ ਚਾਹੁੰਦਾ ਸੀ। ਸੱਸੀ ਨੂੰ ਅਜੇ ਕੋਈ ਗੱਭਰੂ ਜਚਿਆ ਨਹੀਂ ਸੀ।

ਭੰਬੋਰ ਸ਼ਹਿਰ ਦੇ ਇਕ ਰਸੀਏ ਸੁਦਾਗਰ ਦੇ ਨਵੇਂ ਮਹਿਲ ਦੀ ਬੜੀ ਚਰਚਾ ਸੀ। ਏਸ ਮਹਿਲ ਵਿੱਚ ਸੰਸਾਰ ਭਰ ਦੇ ਸਾਰੇ ਸ਼ਾਹਜ਼ਾਦਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਸੱਸੀ ਵੀ ਆਪਣੀਆਂ ਸਹੇਲੀਆਂ ਸਮੇਤ ਇਹ ਮਹਿਲ ਵੇਖਣ ਗਈ। ਉਹ ਬੜੀ ਰੀਝ ਨਾਲ਼ ਤਸਵੀਰਾਂ ਵੇਖਦੀਆਂ ਪਈਆਂ ਸਨ। ਪਰ ਇਕ ਤਸਵੀਰ ਨੇ ਤਾਂ ਜਾਣੋ ਸੱਸੀ ਨੂੰ ਕੀਲ ਹੀ ਦਿੱਤਾ। ਉਹ ਇਸ ਤਸਵੀਰ ਤੋਂ ਆਪਣੀ ਨਿਗਾਹ ਪਰੇ ਨਾ ਹਟਾ ਸਕੀ। ਉਹ ਆਪਣਾ ਹੁਸੀਨ ਦਿਲ ਇਸ ਅਦੁੱਤੀ ਤਸਵੀਰ ਦੇ ਹਵਾਲੇ ਕਰ ਆਈ।

ਕਿਸੇ ਦੱਸਿਆ, "ਇਹ ਕੀਚਮ ਦੇ ਸ਼ਾਹਜ਼ਾਦੇ ਪੁੰਨੂੰ ਦੀ ਤਸਵੀਰ ਏ।"

ਐਨਾ ਪਿਆਰਾ ਮੁਖੜਾ ਉਸ ਕਦੀ ਤੱਕਿਆ ਨਹੀਂ ਸੀ। "ਰੱਬ ਕਰੇ, ਪੁੰਨੂੰ ਮੈਨੂੰ ਮਿਲ ਜਾਵੇ।" ਸੱਸੀ ਨੇ ਦਿਲ ਫੜ ਕੇ ਠੰਡਾ ਹੌਕਾ ਭਰਿਆ। ਸੱਸੀ ਹੁਣ ਪੁੰਨੂੰ ਦੀ ਹੋ ਚੁੱਕੀ ਸੀ।

ਸੱਸੀ ਦੇ ਸ਼ਹਿਰ ਭੰਬੋਰ ਕੀਚਮ ਦੇ ਸੌਦਾਗਰ ਆਂਦੇ ਜਾਂਦੇ ਰਹਿੰਦੇ ਸਨ। ਉਹ ਸੱਸੀ ਦੇ ਹੁਸਨ ਦੀ ਚਰਚਾ ਆਪਣੇ ਦੇਸ਼ ਵਿੱਚ ਜਾ ਕੇ ਕਰਦੇ। ਓਥੋਂ ਦਾ ਸਾਹਜ਼ਾਦਾ ਪੁੰਨੂੰ ਹੁਸ਼ਨਾਕ ਸੱਸੀ ਨੂੰ ਤੱਕਣ ਲਈ ਬੇਤਾਬ ਹੋ ਗਿਆ। ਉਹਨੇ ਆਪਣੇ ਪਿਤਾ ਨੂੰ ਕੋਈ ਬਹਾਨਾ ਲਾਇਆ ਤੇ ਇਕ ਕਾਫ਼ਲੇ ਨਾਲ ਭੰਬੋਰ ਪੁੱਜ ਗਿਆ।

ਸੱਸੀ ਪੁੰਨੂੰ ਇਕ ਦੂਜੇ ਨੂੰ ਇਸ ਤਰ੍ਹਾਂ ਮਿਲੇ ਜਿਵੇਂ ਔੜਾਂ ਮਾਰੀ ਧਰਤੀ ਨੂੰ ਬਾਰਸ਼ ਦੀਆਂ ਬੂੰਦਾਂ ਮਿਲਦੀਆਂ ਨੇ।

"ਤੂੰ ਪੁੰਨੂੰ ਏਂ ਸੁਹਣਿਆਂ, ਕੀਚਮ ਦਾ ਸ਼ਾਹਜ਼ਾਦਾ?" ਸੱਸੀ ਦਾ ਚਿਹਰਾ ਮੁਸਕਰਾਇਆ।

"ਹਾਂ ਮਨਮੋਹਣੀਏਂ ਸੱਸੀਏ, ਮੈਂ ਤੇਰੇ ਹੁਸਨ ਨੂੰ ਸਿਜਦਾ ਕਰਨ ਤੇਰੇ ਦੇਸ਼ ਆਇਆਂ।"

ਦੋਨੋ ਪਿਆਰੇ ਇਕ ਦੂਜੇ ਵਿੱਚ ਲੀਨ ਹੋ ਗਏ। ਦੁਨੀਆਂ ਭਰ ਦੀਆਂ ਸਾਰੀਆਂ ਨਿਆਮਤਾਂ ਉਨ੍ਹਾਂ ਦੀ ਝੋਲੀ ਆਣ ਪਈਆਂ।

ਪੁੰਨੂੰ ਹੁਣ ਸੱਸੀ ਜੋਗਾ ਹੋ ਚੁਕਿਆ ਸੀ।

ਪੁੰਨੂੰ ਦੇ ਨਾਲ਼ ਦੇ ਸੌਦਾਗਰ ਆਪਣੇ ਦੇਸ਼ ਪਰਤ ਗਏ। ਉਨ੍ਹਾਂ ਪੁੰਨੂੰ ਦੇ ਪਿਤਾ ਅਲੀ ਹੋਤ ਨੂੰ ਪੁੰਨੂੰ ਦੇ ਇਸ਼ਕ ਦੀ ਸਾਰੀ ਵਾਰਤਾ ਜਾ ਸੁਣਾਈ। ਉਹਨੇ ਪੁੰਨੂੰ ਦੇ ਭਰਾ, ਪੁੰਨੂੰ ਨੂੰ ਵਾਪਸ ਕੀਚਮ ਲਿਆਉਣ ਲਈ ਭੰਬੋਰ ਭੇਜ ਦਿੱਤੇ।

ਉਹ ਕਈ ਦਿਨਾਂ ਦੀ ਮੰਜ਼ਲ ਮਾਰ ਕੇ ਭੰਬੋਰ ਸ਼ਹਿਰ ਸੱਸੀ ਦੇ ਘਰ ਪੁੱਜ ਗਏ। ਪੁੰਨੂੰ ਹੁਣ ਸੱਸੀ ਦੇ ਘਰ ਹੀ ਰਹਿੰਦਾ ਪਿਆ ਸੀ। ਸੱਸੀ ਨੇ ਪੁੰਨੂੰ ਦੇ ਭਰਾਵਾਂ ਦੀ ਬੜੀ ਖ਼ਾਤਰਦਾਰੀ ਕੀਤੀ। ਪੁੰਨੂੰ ਦੇ ਭਰਾ ਪੁੰਨੂੰ ਨੂੰ ਸ਼ਰਾਬ ਦੇ ਜਾਮਾਂ ਦੇ ਜਾਮ ਭਰ-ਭਰ ਪਿਆਂਦੇ ਰਹੇ। ਪੁੰਨੂੰ ਬੇਹੋਸ਼ ਹੋ ਗਿਆ।

ਰਾਤ ਰਾਣੀ ਨੇ ਸਤਾਰਿਆਂ ਜੜੀ ਕਾਲੀ ਚਾਦਰ ਆਪਣੇ ਦੁਆਲੇ ਵਲ੍ਹੇਟ ਲਈ। ਸੱਸੀ ਬੇਹੋਸ਼ ਪਏ ਪੁੰਨੂੰ ਦੇ ਗਲ ਆਪਣੀ ਬਾਂਹ ਵਲੀਂ ਘੂਕ ਸੁੱਤੀ ਪਈ ਸੀ। ਪੁੰਨੂੰ ਦੇ ਭਰਾ ਉੱਠੇ, ਉਨ੍ਹਾਂ ਹੌਲੇ ਜਿਹੇ ਸੱਸੀ ਦੀ ਬਾਂਹ ਪਰ੍ਹੇ ਹਟਾਈ ਤੇ ਪੁੰਨੂੰ ਨੂੰ ਇਕ ਊਂਠ ਉੱਤੇ ਲੱਦ ਲਿਆ। ਉਹ ਜਾਣਦੇ ਸਨ ਕਿ ਪੁੰਨੂੰ ਆਪਣੇ ਆਪ ਸੌਖਿਆਂ ਵਾਪਸ ਮੁੜਨ ਵਾਲਾ ਨਹੀਂ। ਸੱਸੀ ਬੇਖ਼ਬਰ ਸੁੱਤੀ ਰਹੀ। ਉਹ ਬੇਹੋਸ਼ ਪੰਨੂੰ ਨੂੰ ਲੈ ਟੁਰੇ।

ਸੱਸੀ ਦੀ ਜਾਗ ਖੁਲ੍ਹੀ। ਪੁੰਨੂ ਉਹਦੇ ਕੋਲ਼ ਨਹੀਂ ਸੀ! ਪੁੰਨੂੰ ਦੇ ਭਰਾ ਤੱਕੇ, ਉਨ੍ਹਾਂ ਦੀਆਂ ਡਾਚੀਆਂ ਵੇਖੀਆਂ ਕੋਈ ਵੀ ਕਿਧਰੇ ਨਹੀਂ ਸੀ। ਉਸ ਆਲ਼ਾ ਦੁਆਲ਼ਾ ਛਾਣ ਮਰਿਆ! ਪਰੰਤੂ ਪੁੰਨੂੰ ਤਾਂ ਕਾਫ਼ੀ ਦੂਰ ਜਾ ਚੁੱਕਿਆ ਸੀ। ਸੱਸੀ ਕੁਰਲਾਂਦੀ ਪਈ ਸੀ:

ਮੈਂ ਪੁੰਨੂ ਦੀ ਪੁੰਨੂ ਮੇਰਾ
ਸਾਡਾ ਪਿਆ ਵਿਛੋੜਾ ਭਾਰਾ
ਦਸ ਵੇ ਰੱਬਾ ਕਿੱਥੇ ਗਿਆ
ਮੇਰੇ ਨੈਣਾਂ ਦਾ ਵਣਜਾਰਾ

ਉਹਦੀ ਧਰਮ ਮਾਂ ਨੇ ਉਹਨੂੰ ਬਹੁਤੇਰਾ ਸਮਝਾਇਆ!

ਨਾ ਰੋ ਧੀਏ ਸੱਸੀਏ
ਪੁੰਨੂੰ ਵਰਗੇ ਬਲੋਚ ਬਥੇਰੇ

ਪਰ ਸੱਸੀ ਦੀ ਜ਼ਿੰਦ ਤਾਂ ਪੁੰਨੂੰ ਦੇ ਹਵਾਲੇ ਹੋ ਚੁੱਕੀ ਸੀ:

ਮੈਂ ਵਟ ਲਿਆਵਾਂ ਪੂਣੀਆਂ
ਧੀਏ ਚਰਖੇ ਨੂੰ ਚਿੱਤ ਲਾ
ਜਾਂਦੇ ਪੁੰਨੂੰ ਨੂੰ ਜਾਣ ਦੇ
ਕੌਲ਼ੇ ਦੀ ਗਈ ਨੀ ਬਲਾ।

ਅੱਗ ਲਾਵਾਂ ਤੇਰੀਆਂ ਪੂਣੀਆਂ
ਚਰਖੇ ਨੂੰ ਨਦੀ ਨੀ ਹੜ੍ਹਾ
ਜਾਨ ਤਾਂ ਮੇਰੀ ਲੈ ਗਿਆ
ਕੋਈ ਚੀਰੇ ਦੇ ਲੜ ਲਾ
ਨੀ ਜਾਂਦੇ ਪੁੰਨੂੰ ਨੂੰ ਮੋੜ ਲੈ।

ਸੂਟ ਸਮਾਵਾਂ ਰੇਸ਼ਮੀ
ਚੁੰਨੀਆਂ ਦੇਵਾਂ ਨੀ ਰੰਗਾ
ਜਾਂਦੇ ਪੁੰਨੂੰ ਨੂੰ ਜਾਣ ਦੇ
ਕੌਲ਼ੇ ਦੀ ਗਈ ਨੀ ਬਲਾ।

ਅੱਗ ਲਾਵਾਂ ਤੇਰੇ ਸੂਟ ਨੂੰ
ਚੁੰਨੀਆਂ ਦੇਵਾਂ ਨੀ ਮਚਾ
ਜਾਨ ਤਾਂ ਮੇਰੀ ਲੈ ਗਿਆ
ਕੋਈ ਚੀਰੇ ਦੇ ਲੜ ਲਾ
ਨੀ ਜਾਂਦੇ ਪੁੰਨੂੰ ਨੂੰ ਮੋੜ ਲੈ।

ਬੂਰੀ ਮੱਝ ਤੈਨੂੰ ਲੈ ਦਿਆਂ
ਧੀਏ ਮੱਖਣਾਂ ਨਾਲ ਟੁਕ ਖਾ
ਜਾਂਦੇ ਪੰਨੂੰ ਨੂੰ ਜਾਣ ਦੇ,
ਕੌਲ਼ੇ ਦੀ ਗਈ ਨੀ ਬਲਾ।

ਅੱਗ ਲਾਵਾਂ ਤੇਰੀ ਮੱਖਣੀ
ਬੂਰੀ ਨੂੰ ਬਗ ਨੀ ਰਲਾ
ਜਾਨ ਤਾਂ ਮੇਰੀ ਲੈ ਗਿਆ
ਕੋਈ ਚੀਰੇ ਦੇ ਲੜ ਲਾ
ਨੀ ਜਾਂਦੇ ਪੁੰਨੂੰ ਨੂੰ ਮੋੜ ਲੈ।

ਸੱਸੀ ਪੁੰਨੂੰ ਪੁੰਨੂੰ ਕੂਕਦੀ ਡਾਚੀ ਦੇ ਖੁਰੇ ਮਗਰ ਨੱਸ ਟੁਰੀ। ਸੂਰਜ ਲੋਹੜੇ ਦੀ ਅੱਗ ਵਰ੍ਹਾ ਰਿਹਾ ਸੀ। ਸੱਸੀ ਦੇ ਫੁੱਲਾਂ ਜਿਹੇ ਪੈਰ ਤਪਦੇ ਰੇਤ 'ਤੇ ਭੁੱਜਦੇ ਪਏ ਸਨ ਪਰੰਤੂ ਉਹ ਪੁੰਨੂੰ ਪੁੰਨੂੰ ਦਾ ਜਾਪ ਕਰੇਂਦੀ ਹਾਲੋਂ ਬੇਹਾਲ ਹੋਈ ਨੱਸੀ ਜਾ ਰਹੀ ਸੀ:

ਨਾਜ਼ਕ ਪੈਰ ਮਲੂਕ ਸੱਸੀ ਦੇ
ਮਹਿੰਦੀ ਨਾਲ਼ ਸ਼ਿੰਗਾਰੇ
ਬਾਲੂ ਰੇਤ ਤਪੇ ਵਿੱਚ ਥਲ ਦੇ
ਜਿਉਂ ਜੌਂ ਭੁੰਨਣ ਭਠਿਆਰੇ
ਸੂਰਜ ਭਜ ਵੜਿਆ ਵਿੱਚ ਬੱਦਲੀਂ
ਡਰਦਾ ਲਿਸ਼ਕ ਨਾ ਮਾਰੇ
ਹਾਸ਼ਮ ਵੇਖ ਯਕੀਨ ਸੱਸੀ ਦਾ
ਸਿਦਕੋਂ ਮੂਲ ਨਾ ਹਾਰੇ।

ਸੱਸੀ ਅੱਗੋਂ ਆਉਂਦੇ ਰਾਹੀਆਂ ਪਾਸੋਂ ਆਪਣੇ ਪੁੰਨੂੰ ਦਾ ਪਤਾ ਪੁੱਛਦੀ ਪਰੰਤੂ ਸਾਰੇ ਨਾਂਹ ਵਿੱਚ ਸਿਰ ਹਿਲਾ ਦੇਂਦੇ। ਉਹਨੇ ਥਲ ਅੱਗੇ ਵੀ ਵਾਸਤੇ ਪਾਏ:-

ਦਸ ਵੇ ਥਲਾ ਕਿਤੇ ਵੇਖੀ ਹੋਵੇ
ਮੇਰੇ ਪੁੰਨੂੰ ਦੀ ਡਾਚੀ ਕਾਲੀ
ਜਿੱਥੇ ਮੇਰਾ ਪੁੰਨੂੰ ਮਿਲੇ
ਉਹ ਧਰਤ ਨਸੀਬਾਂ ਵਾਲੀ।

ਕੋਹਾਂ ਦੇ ਕੋਹ ਸੱਸੀ ਭੁੱਜਦੇ ਥਲਾਂ ਤੇ ਡਾਚੀ ਦਾ ਖੁਰਾ ਲੱਭਦੀ ਰਹੀ। ਅੰਤ ਮਾਰੂਥਲਾਂ ਵਿਚਕਾਰ ਭੁੱਖੀ ਭਾਣੀ ਉਹ ਬੇਹੋਸ਼ ਹੋ ਕੇ ਡਿੱਗ ਪਈ ਤੇ ਪੁੰਨੂੰ ਪੁੰਨੂੰ ਕੂਕਦੀ ਨੇ ਪ੍ਰਾਣ ਤਿਆਗ ਦਿੱਤੇ।

ਦੂਜੇ ਬੰਨੇ, ਪੁੰਨੂੰ ਨੂੰ ਹੋਸ਼ ਪਰਤੀ, ਉਹਦੀ ਜ਼ਿੰਦ-ਸੱਸੀ-ਉਹਦੇ ਪਾਸ ਨਹੀਂ ਸੀ, ਨਾ ਹੀ ਕਿਧਰੇ ਭੰਬੋਰ ਸ਼ਹਿਰ ਸੀ-ਚਾਰੇ ਬੰਨੇ ਮਾਰੂ ਰੇਤ ਥਲ ਨਜ਼ਰੀਂ ਆ ਰਿਹਾ ਸੀ। ਉਸ ਵਾਪਸ ਪਰਤਣ ਦੀ ਜ਼ਿੱਦ ਕੀਤੀ। ਉਹਦੇ ਭਰਾਵਾਂ ਉਹਨੂੰ ਲਖ ਸਮਝਾਇਆ। ਉਹ ਉਨ੍ਹੀਂ ਰਾਹੀਂ ਆਪਣੀ ਡਾਚੀ ਸਮੇਤ ਮੁੜ ਪਿਆ। ਸੱਸੀ ਦਾ ਪਿਆਰਾ ਮੁਖੜਾ ਉਹਨੂੰ ਨਜ਼ਰੀਂ ਆਂਦਾ ਪਿਆ ਸੀ।

ਡਾਚੀ ਤੇਜ਼ ਕਦਮੀਂ ਭੰਬੋਰ ਸ਼ਹਿਰ ਵੱਲ ਨੱਸੀ ਆ ਰਹੀ ਸੀ। ਰਾਹ ਵਿੱਚ ਪੁੰਨੂੰ ਨੂੰ ਆਵਾਜ਼ ਪਈ:

"ਡਾਚੀ ਵਾਲਿਆ, ਇਕ ਪਲ ਰੁਕ ਜਾਵੀਂ। ਆ ਆਪਾਂ ਰਲ ਕੇ ਇਕ ਰੱਬੀ ਜਿਊੜੇ ਦੀ ਕਬਰ ਪੁੱਟ ਦੇਵੀਏ। ਇਹ ਆਪਣੇ ਪਿਆਰੇ ਦੀ ਭਾਲ ਵਿੱਚ ਪੂਰੀ ਹੋ ਗਈ ਏ।" ਪੁੰਨੂੰ ਨੇ ਪਰਤ ਕੇ ਵੇਖਿਆ ਇਕ ਅਯਾਲੀ ਕਬਰ ਪੁੱਟਦਾ ਪਿਆ ਸੀ।

ਪੁੰਨੂੰ ਦਾ ਦਿਲ ਧੜਕਿਆ। ਉਹਨੇ ਡਾਚੀ ਖਲ੍ਹਿਆਰ ਲਈ ਤੇ ਉਸ ਦੇ ਪਾਸ ਜਾ ਕੇ ਬੋਲਿਆ, "ਕਿੱਥੇ ਹੈ ਉਹ ਸਿਦਕਣ ਮੁਟਿਆਰ?"

ਅਯਾਲੀ ਪੁੰਨੂੰ ਨੂੰ ਦਰੱਖਤਾਂ ਦੇ ਇਕ ਝੁੰਡ ਕੋਲ ਲੈ ਗਿਆ। ਅਯਾਲੀ ਨੇ ਮੁਟਿਆਰ ਦੇ ਕੁਮਲਾਏ ਮੁਖੜੇ ਤੋਂ ਪੱਲਾ ਸਰਕਾਇਆ, ਪੁੰਨੂੰ ਦੇ ਹੋਸ਼ ਉੱਡ ਗਏ। "ਸੱਸੀ!" ਪੰਨੂੰ ਨੇ ਧਾਹ ਮਾਰੀ ਤੇ ਉਹਦੇ ਤੇ ਉਲਰ ਪਿਆ। ਪੁੰਨੂੰ ਵਿਰਲਾਪ ਕਰ ਰਿਹਾ ਸੀ ਤੇ ਉਹਦੇ ਕੋਸੇ ਹੰਝੂ ਕੁਮਲਾਏ ਚਿਹਰੇ ਨੂੰ ਧੋ ਰਹੇ ਸਨ। "ਸੱਸੀਏ ਵੇਖ ਤੇਰਾ ਪੁੰਨੂੰ ਤੇਰੇ ਕੋਲ ਆ ਗਿਆ ਏ! ਸੱਸੀਏ! ਬੋਲ ਤਾਂ ਸਹੀ......ਤੇਰਾ ਪੁੰਨੂੰ ......ਸੱਸੀਏ........ ਹਾਏ ਸੱਸੀਏ....." ਪੁੰਨੂੰ ਨੂੰ ਮੁੜ ਕੇ ਸਾਹ ਨਾ ਆਇਆ।

ਅਯਾਲੀ ਦੀਆਂ ਅੱਖੀਆਂ ਵਿੱਚੋਂ ਹੰਝੂਆਂ ਦੇ ਦਰਿਆ ਵਗ ਟੁਰੇ। ਉਹਦੇ ਵੇਖਦੇ-ਵੇਖਦੇ ਦੋ ਜ਼ਿੰਦਾਂ ਇਕ ਦੂਜੇ ਲਈ ਕੁਰਬਾਨ ਹੋ ਗਈਆਂ।

ਅਯਾਲੀ ਨੇ ਤਾਂ ਆਪਣੀ ਸਹਾਇਤਾ ਲਈ ਰਾਹੀ ਨੂੰ ਬੁਲਾਇਆ ਸੀ, ਪਰੰਤੂ ਹੁਣ ਉਹਦੇ ਸਾਹਮਣੇ ਇਕ ਦੀ ਥਾਂ ਦੋ ਲੋਥਾਂ ਪਈਆਂ ਸਨ। ਖੌਰੇ ਕੋਈ ਹੋਰ ਉਸ ਦੀ ਮੱਦਦ ਲਈ ਆਵੇ।

ਅਯਾਲੀ ਨੇ ਕੱਲਿਆਂ ਕਬਰ ਖੋਦੀ। ਦੋਨੋਂ ਉਸ ਵਿੱਚ ਦਫ਼ਨਾ ਦਿੱਤੇ ਤੇ ਉਹਦੇ ਜੀਵਨ ਨੇ ਅਜਿਹਾ ਪਲਟਾ ਖਾਧਾ ਕਿ ਉਹ ਸੱਸੀ ਪੁੰਨੂੰ ਦੀ ਕਬਰ ਉੱਤੇ ਫ਼ਕੀਰ ਬਣ ਕੇ ਬੈਠ ਗਿਆ।

ਪੰਨਾ