ਪੰਜਾਬ ਦੇ ਲੋਕ ਨਾਇਕ/ਹੀਰ ਰਾਂਝਾ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਵਾਚਨ - ਅਮਨਦੀਪ ਕੌਰ ਖੀਵਾ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਹੀਰ ਰਾਂਝਾ

“ਵੇ ਕਿਧਰੋਂ ਆ ਗਿਐਂ ਰੋਟੀਆਂ ਦੇ ਨੁਕਸ ਪਰਖਣ ਵਾਲ਼ਾਂ! ਸਾਥੋਂ ਨੀ ਨਿੱਤ ਤੇਰੇ ਨਹੋਰੇ ਝੱਲੇ ਜਾਂਦੇ। ਹਰ ਗੱਲ ਨੂੰ ਨੱਕ ਬੁਲ੍ਹ ਮਾਰਦਾ ਰਹਿਨੈ! ਕਖ ਭੰਨਕੇ ਦੂਹਰਾ ਨੀ ਕਰਦਾ ਉਤੋਂ ਆ ਜਾਂਦੈ ਧੌਂਸ ਦੁਖਾਉਣ। ਵੇਖ ਲਵਾਂਗੇ ਵੱਡੇ ਨਾਢੂ ਖਾਨ ਨੂੰ ਜਦੋਂ ਸਿਆਲਾਂ ਦੀ ਹੀਰ ਨੂੰ ਪਰਨਾ ਲਿਆਵੇਂਗਾ।”

ਭਾਬੀ ਦੀ ਇਸ ਬੋਲੀ ਨਾਲ ਧੀਦੋ ਤੜਪ ਉੱਠਿਆ! ਰੋਟੀ ਉਸ ਪਰੇ ਵਗਾਹ ਮਾਰੀ। ਸੋਲਾਂ ਸਤਾਰਾਂ ਵਰ੍ਹੇ ਦੇ ਲਡਿਕੇ ਧੀਦੋ ਦੀ ਅਣਖ ਵੰਗਾਰ ਪਈ, “ਭਾਬੀ ਜੇ ਤੁਸੀਂ ਨਹੀਂ ਇਹੋ ਜਿਹੀਆਂ ਬੋਲੀਆਂ ਮਾਰੋਗੀਆਂ ਤਾਂ ਭਲਾ ਹੋਰ ਕਿਹੜਾ ਮਾਰੇਗਾ! ਤੁਸੀਂ ਮੇਰੇ ਨਹੋਰੇ ਪਰਖਦੀਆਂ ਓ! ਭਰਾਵਾਂ ਨੇ ਮੇਰੇ ਨਾਲ਼ ਧੋਖਾ ਕਰਕੇ ਚੰਗੀ ਭੌਂ ਆਪ ਸਾਂਭ ਲਈ ਏ ਤੇ ਮੇਰੇ ਲਈ ਕੱਲਰ ਰੱਖ ਦਿੱਤੇ। ਉਤੋਂ ਆਖਦੇ ਓ ਮੈਂ ਕੰਮ ਨਹੀਂ ਕਰਦਾ। ਤੁਸੀਂ ਅੱਜ ਹੀਰ ਦਾ ਤਾਹਨਾ ਦਿੱਤੈ, ਮੈਂ ਜੀਂਦੇ ਜੀ ਹੀਰ ਬਿਨਾਂ ਤੁਹਾਨੂੰ ਮੂੰਹ ਨਹੀਂ ਵਖਾਵਾਂਗਾ.....”

ਇਹ ਆਖ ਧੀਦੋ ਨੇ ਅੰਦਰੋਂ ਕੱਪੜਿਆਂ ਦੀ ਇਕ ਪੋਟਲੀ ਕੱਢੀ ਅਤੇ ਵੰਝਲੀ ਕੱਛੇ ਮਾਰ ਪਿੰਡੋਂ ਨਿਕਲ਼ ਟੁਰਿਆ। ਉਹ ਕਿਧਰ ਜਾ ਰਿਹਾ ਸੀ, ਉਹ ਆਪ ਨਹੀਂ ਸੀ ਜਾਣਦਾ। ਭਾਬੀਆਂ ਦੇ ਤਾਹਨੇ ਉਹਨੂੰ ਸੁਣਦੇ ਪਏ ਸਨ, ਹੀਰ ਦੀ ਧੁੰਦਲੀ ਤਸਵੀਰ ਉਹਦੇ ਮਨ ਵਿੱਚ ਉੱਕਰੀ ਜਾ ਰਹੀ ਸੀ। ਗਿੱਧੇ ਵਿੱਚ ਸੁਣੀ ਇਕ ਬੋਲੀ ਦੇ ਬੋਲ ਉਹਨੂੰ ਯਾਦ ਆਏ:

ਹੀਰ ਨੇ ਸੱਦੀਆਂ ਸੱਭੇ ਸਹੇਲੀਆਂ
ਸਭ ਦੀਆਂ ਨਵੀਆਂ ਪੁਸ਼ਾਕਾਂ
ਗਹਿਣੇ ਗੱਟੇ ਸਭ ਦੇ ਸੋਂਹਦੇ
ਮੈਂ ਹੀਰ ਗੋਰੀ ਵੱਲ ਝਾਕਾਂ
ਕੰਨੀ ਹੀਰ ਦੇ ਸਜਣ ਕੋਕਰੂ
ਪੈਰਾਂ ਦੇ ਵਿੱਚ ਬਾਂਕਾਂ-
ਗਿੱਧੇ ਦੀਏ ਪਰੀਏ ਨੀ
ਤੇਰੇ ਰੂਪ ਨੇ ਪਾਈਆਂ ਧਾਕਾਂ।

ਉਹ ਆਪਣੇ ਆਪ ਮੁਸਕਰਾਇਆ। "ਆਹ! ਕਿੰਨੀ ਮਨ ਮੋਹਣੀ ਹੋਵੇਗੀ ਹੀਰ ਜੀਹਦੇ ਰੂਪ ਦੀਆਂ ਧਾਕਾਂ ਸਾਰੇ ਸੰਸਾਰ ਵਿੱਚ ਪੈ ਗਈਆਂ ਨੇ! ਉਹਨੂੰ ਵੇਖਿਆਂ ਭੁਖ ਲਹਿੰਦੀ ਹੋਵੇਗੀ! ਜੇ ਕਿਤੇ ਉਹਦਾ ਦੀਦਾਰ ਹੋ ਜਾਵੇ ਤਾਂ ਬਸ!" ਉਸ ਸੋਚਿਆ ਅਤੇ ਡੂੰਘੀ ਆਹ ਭਰੀ।

ਧੀਦੋ ਅਜੇ ਛੋਟਾ ਹੀ ਸੀ ਜਦੋਂ ਉਹਦੀ ਮਾਂ ਮਰ ਗਈ! ਉਹਦਾ ਬਾਪੂ ਮੌਜੂ ਤਖ਼ਤ ਹਜ਼ਾਰੇ ਦਾ ਚੌਧਰੀ ਸੀ। ਚੰਗਾ ਖਾਂਦਾ ਪੀਂਦਾ ਘਰ ਸੀ। ਸਾਰੇ ਇਲਾਕੇ ਵਿੱਚ ਮੌਜੂ ਚੌਧਰੀ ਦੀ ਇੱਜ਼ਤ ਬਣੀ ਹੋਈ ਸੀ। ਜ਼ਾਤ ਦਾ ਉਹ ਮੁਸਲਮਾਨ ਸੀ ਤੇ ਰਾਂਝਾ ਉਨ੍ਹਾਂ ਦਾ ਗੋਤ ਸੀ। ਉਹਦੇ ਘਰ ਅੱਠ ਪੁੱਤਰ ਹੋਏ, ਧੀਦੋ ਉਹਦਾ ਸਭ ਤੋਂ ਛੋਟਾ ਅਤੇ ਪਿਆਰਾ ਪੁੱਤਰ ਸੀ। ਮੌਜੂ ਨੇ ਮਾਂ ਮਹਿਟਰ ਧੀਦੋ ਨੂੰ ਬੜਿਆਂ ਲਾਡਾਂ ਮਲ੍ਹਾਰਾਂ ਨਾਲ਼ ਪਾਲਿਆ। ਧੀਦੋ ਮਸਾਂ ਦਸ ਬਾਰਾਂ ਵਰ੍ਹਿਆਂ ਦਾ ਹੋਇਆ ਸੀ ਕਿ ਮੌਜੂ ਦੀ ਮੌਤ ਹੋ ਗਈ। ਮਗਰੋਂ ਉਹਦੇ ਭਰਾਵਾਂ ਨੇ ਭੌਂ ਵੰਡ ਲਈ, ਚੰਗੀ ਚੰਗੀ ਆਪ ਰੱਖ ਲਈ ਕੱਲਰ ਤੇ ਮਾਰੂ ਜ਼ਮੀਨ ਧੀਦੋ ਦੇ ਹਿੱਸੇ ਪਾ ਦਿੱਤੀ। ਲਾਡਲਾ ਤੇ ਛੈਲ ਛਬੀਲਾ ਧੀਦੋ ਭਲਾ ਕੰਮ ਕਿੱਥੋਂ ਕਰਦਾ। ਉਹ ਆਪਣੇ ਪੱਟਾਂ ਨੂੰ ਲਸ਼ਕਾਈ, ਬੋਦੇ ਵਾਹੀਂ, ਹੱਥ ਵਿੱਚ ਵੰਝਲੀ ਲਈ ਸਾਰਾ-ਸਾਰਾ ਦਿਨ ਪਿੰਡ ਦੀਆਂ ਗਲ਼ੀਆਂ ਵਿੱਚ ਫਿਰ ਤੁਰ ਛੱਡਦਾ ਜਾਂ ਸੁਹਣੀਆਂ ਤ੍ਰੀਮਤਾਂ ਨਾਲ਼ ਜਕੜਾਂ ਮਾਰ ਲੈਂਦਾ। ਜਦੋਂ ਉਹ ਘਰ ਆ ਕੇ ਰੋਟੀ ਖਾਣ ਲੱਗਦਾ ਤਾਂ ਉਹਦੀਆਂ ਭਾਬੀਆਂ ਉਹਨੂੰ ਕੰਮ ਨਾ ਕਰਨ ਕਾਰਨ ਵੱਢਣ ਖਾਣ ਨੂੰ ਪੈਂਦੀਆਂ। ਨਿੱਤ ਦਿਆਂ ਤਾਹਨਿਆਂ ਮਿਹਣਿਆਂ ਤੋਂ ਸਤਿਆ ਉਹ ਘਰੋਂ ਨਿਕਲ਼ ਟੁਰਿਆ. ....

ਧੀਦੋ ਆਪਣੇ ਵਿਚਾਰਾਂ ਵਿੱਚ ਮਗਨ ਟੁਰਦਾ ਰਿਹਾ, ਟੁਰਦਾ ਰਿਹਾ! ਆਪਣੀ ਮਾਂ ਦੀ ਅਣਪਛਾਤੀ ਜਿਹੀ ਯਾਦ ਉਹਨੂੰ ਆਈ, ਉਹਦੀਆਂ ਅੱਖਾਂ ਵਿੱਚੋਂ ਮਮਤਾ ਦੇ ਅੱਥਰੂ ਵਗ ਤੁਰੇ! ਮੌਜੂ ਦੀ ਜਾਣੀ ਪਛਾਣੀ ਤਸਵੀਰ ਉਹਦੇ ਨੈਣਾਂ ਵਿੱਚ ਉੱਤਰੀ, ਉਹਦੇ ਕਲੇਜੇ ਵਿੱਚੋਂ ਰੁਗ ਭਰਿਆ ਗਿਆ। ਉਹਦੇ ਭਰਾਵਾਂ ਅਤੇ ਉਹਦੀਆਂ ਭਾਬੀਆਂ ਦੀਆਂ ਸ਼ਕਲਾਂ ਉਹਦੇ ਸਾਹਮਣੇ ਆਈਆਂ, ਉਹਨੇ ਕੌੜਾ ਘੁੱਟ ਭਰਿਆ! ਅਣਵੇਖੀ ਹੀਰ ਸਲੇਟੀ ਦਾ ਉਹਨੂੰ ਖ਼ਿਆਲ ਆਇਆ, ਉਹਦੇ ਪੈਰਾਂ ਵਿੱਚ ਹੋਰ ਤੇਜ਼ੀ ਆ ਗਈ। ਇਕ ਅਨੂਠੀ ਮੁਸਕਾਨ ਉਹਦੇ ਬੁਲ੍ਹਾਂ ਤੇ ਨੱਚ ਪਈ ਤੇ ਉਹਨੇ ਵੰਝਲੀ ਦੀਆਂ ਮਿੱਠੀਆਂ ਸੁਰਾਂ ਛੇੜ ਦਿੱਤੀਆਂ।

ਸ਼ਾਮ ਨੂੰ ਉਹ ਤਖ਼ਤ ਹਜ਼ਾਰੇ ਤੋਂ ਵੀਹ ਪੰਝੀ ਮੀਲ ਦੀ ਵਾਟ ਤੇ ਲੰਗਰ ਮਖਤੂਮ ਨਾਮੀ ਪਿੰਡ ਵਿੱਚ ਪੁੱਜ ਗਿਆ। ਇਸੇ ਪਿੰਡ ਦੀ ਮਸੀਤ ਵਿੱਚ ਉਹਨੇ ਰਾਤ ਬਤੀਤ ਕੀਤੀ।

ਕੁੱਕੜ ਨੇ ਬਾਂਗ ਦਿੱਤੀ। ਧੀਦੋ ਉੱਠਿਆ, ਮਸੀਤ ਦੀ ਖੂਹੀ ਤੋਂ ਅਸ਼ਨਾਨ ਕੀਤਾ, ਆਪਣੇ ਆਪ ਨੂੰ ਰੀਝ ਨਾਲ਼ ਸੁਆਰਿਆ ਤੇ ਝੰਗ ਸਿਆਲਾਂ ਨੂੰ ਚਾਲੇ ਪਾ ਲਏ। ਉਹਦੀ ਮੰਜ਼ਲ ਹੁਣ ਹੀਰ ਦਾ ਪਿੰਡ ਸੀ। ਉਹ ਸਿਆਲੀਂ ਜਾ ਕੇ ਕੀ ਕਰੇਗਾ? ਉਹ ਹੀਰ ਨੂੰ ਕਿਵੇਂ ਮਿਲੇਗਾ? ਇਹ ਨਹੀਂ ਸੀ ਸੋਚ ਰਿਹਾ। ਬਸ ਉਹ ਤਾਂ ਕੇਵਲ ਸਿਆਲਾਂ ਨੂੰ ਜਾ ਰਿਹਾ ਸੀ। ਜਦੋਂ ਉਹ ਝਨਾਂ ਦੇ ਤ੍ਰਿਮੂੰ ਨਾਮੀ ਪੱਤਣ 'ਤੇ ਪੁੱਜਾ ਉਹ ਥੱਕ ਕੇ ਚੂਰ ਹੋ ਚੁੱਕਿਆ ਸੀ। ਉਰਲੇ ਕੰਢੇ ਤੋਂ ਪਾਰਲੇ ਕੰਢੇ ਵੱਲ ਬੇੜੀ ਤੈਰਦੀ ਜਾ ਰਹੀ ਸੀ। ਉਸ ਆਲੇ- ਦੁਆਲ਼ੇ ਨਜ਼ਰ ਮਾਰੀ, ਇਕ ਬੇੜੀ ਵਿੱਚ ਬੜਾ ਸਜੀਲਾ ਪਲੰਘ ਪਿਆ ਸੀ। ਉਹ ਮੁੜਦੀ ਬੇੜੀ ਦੀ ਉਡੀਕ ਕਰਨ ਲਈ ਉਸ ਸਜੀਲੇ ਪਲੰਘ ਤੇ ਇਕ ਪਲ ਲਈ ਬੈਠ ਗਿਆ। ਪਰੰਤੂ ਉਹਦੇ ਉੱਥੇ ਬੈਠਣ ਦੀ ਦੇਰ ਸੀ ਕਿ ਉਹਨੂੰ ਨੀਂਦ ਨੇ ਜ਼ੋਰ ਪਾ ਲਿਆ ਤੇ ਉਹ ਉੱਥੇ ਹੀ ਆਪਣੇ ਉੱਤੇ ਚਾਦਰ ਤਾਣ ਕੇ ਸੌਂ ਗਿਆ।

ਪੱਤਣ ਦਾ ਮਲਾਹ ਲੁੱਡਣ ਪਾਰਲੇ ਕੰਢੇ ਤੋਂ ਬੇੜੀ ਮੋੜ ਲਿਆਇਆ। ਉਹਨੂੰ ਇਹ ਨਹੀਂ ਸੀ ਪਤਾ ਕਿ ਕੋਈ ਸਜੀਲੇ ਪਲੰਘ 'ਤੇ ਸੁੱਤਾ ਪਿਆ ਹੈ। ਉਹ ਕੰਢੇ ਤੇ ਬੈਠ ਕੇ ਹੁੱਕਾ ਪੀਣ ਲੱਗ ਗਿਆ। ਉਹਦੀਆਂ ਦੋਨੋਂ ਤੀਵੀਆਂ ਵੀ ਉਹਦੇ ਪਾਸ ਆ ਕੇ ਬੈਠ ਗਈਆਂ। ਉਹ ਗੱਲਾਂ ਵਿੱਚ ਰੁਝ ਗਿਆ ਜਿਸ ਕਰਕੇ ਉਹ ਉਸ ਪਲੰਘ ਬਾਰੇ, ਸੋਚ ਵੀ ਨਾ ਸਕਿਆ, ਜੀਹਦਾ ਉਹ ਆਪਣੀ ਜ਼ਿੰਦ ਨਾਲ਼ੋ ਵੀ ਵੱਧ ਖ਼ਿਆਲ ਰੱਖਦਾ ਸੀ।

ਇਕ ਘੰਟਾ ਲੰਘ ਗਿਆ। ਮੁਸਾਫ਼ਰ ਘੂਕ ਸੁੱਤਾ ਪਿਆ ਸੀ।

ਹਵਾ ਵਿੱਚੋਂ ਮਹਿਕ ਆਈ! ਲੁੱਡਣ ਉੱਠ ਕੇ ਵੇਖਿਆ-ਅਲ੍ਹੜ ਮੁਟਿਆਰਾਂ ਦੀ ਟੋਲੀ ਪੱਤਣ 'ਤੇ ਪੁੱਜ ਗਈ ਸੀ। ਉਹਨੇ ਬੇੜੀ ਵੱਲ ਨਿਗਾਹ ਮਾਰੀ! ਕਿਸੇ ਮੁਸਾਫ਼ਰ ਨੂੰ ਪਲੰਘ 'ਤੇ ਸੁੱਤਾ ਵੇਖ ਕੇ ਉਹਦਾ ਤ੍ਰਾਹ ਨਿਕਲ਼ ਗਿਆ! ਪਰ ਹੁਣ ਕੀ ਕਰਦਾ? ਮੁਟਿਆਰਾਂ ਦੇ ਖੁਸ਼ੀਆਂ ਭਰੇ ਹਾਸਿਆਂ ਨਾਲ਼ ਪੱਤਣ ਦੀਆਂ ਵਾਵਾਂ ਵਿੱਚ ਸੁਗੰਧ ਖਿਲਰੀ ਪਈ ਸੀ। ਮੁਟਿਆਰਾਂ ਦੀ ਟੋਲੀ ਉਹਦੇ ਸਿਰ ਤੇ ਪੁੱਜ ਚੁੱਕੀ ਸੀ!

"ਵੇ ਲੁੱਡਣਾ! ਔਹ ਮੇਰੀ ਸੇਜ ਤੇ ਕਿਹੜਾ ਸੁੱਤਾ ਪਿਐ ?" ਟੋਲੀ ਦੀ ਸਰਦਾਰ ਹੁਸ਼ਨਾਕ ਮੁਟਿਆਰ ਦੇ ਮੱਥੇ 'ਤੇ ਤਿਊੜੀ ਪਈ।

"ਬੀਬੀ, ਪਤਾ ਨੀ ਕਿਹੜਾ ਆਣ ਸੁੱਤੈ! ਮੈਂ ਵੀ ਹੁਣੇ ਵੇਖਿਐ!" ਲੁੱਡਣ ਨੇ ਦੋਨੋਂ ਹੱਥ ਜੋੜ ਕੇ ਕੰਬਦਿਆਂ-ਕੰਬਦਿਆਂ ਉੱਤਰ ਦਿੱਤਾ।

ਇਹ ਮੁਟਿਆਰ ਉਹਦੇ ਮਾਲਕ ਦੀ ਅਲਬੇਲੀ ਧੀ ਸੀ।

"ਬੁੱਢਿਆ ਤੂੰ ਦਾਈਆਂ ਕੋਲੋਂ ਢਿਡ ਲਕੋਨਾ ਏਂ, ਇਹ ਸਭ ਤੇਰੀ ਸ਼ਰਾਰਤ ਲੱਗਦੀ ਐ। ਤੂੰ ਉਹਤੋਂ ਮੇਰੀ ਸੇਜ ਤੇ ਸੌਣ ਦੇ ਪੈਸੇ ਬਟੋਰੇ ਹੋਣਗੇ! ਪਹਿਲਾਂ ਉਹਨੂੰ ਸੌਣ ਦਾ ਸੁਆਦ ਚਖਾ ਲਵਾਂ ਫੇਰ ਲੈਨੀ ਆਂ ਤੇਰੀ ਖ਼ਬਰ।" ਉਹ ਕੜਕਦੀ ਹੋਈ ਬੋਲੀ।

ਉਹਨੇ ਕੋਲ਼ ਪਈਆਂ ਤੂਤ ਦੀਆਂ ਛਟੀਆਂ ਵਿੱਚੋਂ ਇਕ ਹਰੀ ਛਮਕੀ ਚੁੱਕ ਲਈ ਤੇ ਚਾਦਰ ਤਾਣੀ ਪਏ ਮੁਸਾਫ਼ਰ ਦੁਆਲੇ ਹੋ ਗਈ।

"ਵੇ ਤੂੰ ਕਿਹੜੈਂ ਏਥੇ ਲੰਮੀਆਂ ਤਾਣੀ ਪਿਆ", ਉਹ ਨੇ ਛਮਕੀ ਦੀ ਹੁੱਜ ਮਾਰੀ। ਪਰ ਉਹ ਘੂਕ ਸੁੱਤਾ ਪਿਆ ਸੀ।

ਮੁਟਿਆਰ ਦੀਆਂ ਗੁਲਾਬੀ ਗੱਲ੍ਹਾਂ ਗੁੱਸੇ ਨਾਲ਼ ਭਖ ਉੱਠੀਆਂ। ਉਹਨੇ ਸੁੱਤੇ ਪਏ ਮੁਸਾਫ਼ਰ ਦੇ ਤਿੰਨ ਚਾਰ ਛਮਕਾਂ ਜੜ ਦਿੱਤੀਆਂ। ਰਾਂਝੇ ਮੁਖ ਤੋਂ ਪੱਲਾ ਪਰੇ ਸਰਕਾਇਆਅਸਮਾਨੀ ਚੰਦ ਦੀ ਖੂਬਸੂਰਤ ਟੁਕੜੀ ਧਰਤ ਤੇ ਉਤਰ ਪਈ! ਮੁਟਿਆਰ ਦੀਆਂ ਅੱਖਾਂ ਚੁੰਧਿਆ ਗਈਆਂ ਤੇ ਛਮਕੀ ਉਹਦੇ ਹੱਥ ਵਿੱਚੋਂ ਪਰ੍ਹੇ ਜਾ ਡਿੱਗੀ। ਮੁਸਾਫ਼ਰ ਮੁਸਕਰਾਂਦਾ ਬੋਲਿਆ,"ਮੁਟਿਆਰੇ ਕਿਉਂ ਰੁਕ ਗਈਂ ਏਂ! ਇਹੋ ਜਿਹੀਆਂ ਛਮਕਾਂ ਤਾਂ ਰੱਬ ਨਿੱਤ ਮਰਵਾਵੇ!"

ਮੁਟਿਆਰ ਸ਼ਰਮਾ ਗਈ! ਮੁਟਿਆਰ ਦੇ ਬਾਂਕੇ ਸਰੀਰ ਨੇ ਧੀਦੋ ਤੇ ਕੋਈ ਜਾਦੂ ਧੂੜ ਦਿੱਤਾ। ਧੀਦੋ ਦੀ ਮਨਮੋਹਣੀ ਸੂਰਤ ਮੁਟਿਆਰ ਦੇ ਧੁਰ ਅੰਦਰ ਲਹਿ ਗਈ!

"ਵੇ ਤੂੰ ਹੈਂ ਕੌਣ ਤੇ ਤੈਂ ਜਾਣਾ ਕਿੱਥੇ ਐ?" ਮੁਟਿਆਰ ਮੁਸਕਰਾਂਦੀ ਹੋਈ ਬੋਲੀ।

"ਮੈਂ ਰਾਹੀ ਆਂ ਮੁਟਿਆਰੇ, ਬੜੀ ਦੂਰੋਂ ਆਇਆਂ ਤਖ਼ਤ ਹਜ਼ਾਰੇ ਤੋਂ! ਮੇਰਾ ਨਾਂ ਧੀਦੋ ਰਾਂਝਾ ਏ! ਮੇਰਾ ਭਾਈਆ ਮੌਜੂ ਚੌਧਰੀ ਸੀ, ਉਹ ਮਰ ਗਿਆ ਏ। ਮਗਰੋਂ ਮੇਰੇ ਭਰਾਵਾਂ ਨੇ ਮੇਰੇ ਨਾਲ਼ ਧੋਖਾ ਕੀਤਾ ਏ ਤੇ ਮੈਂ ਘਰੋਂ ਆ ਗਿਆਂ! ਮੈਂ ਝੰਗ ਸਿਆਲੀਂ ਹੀਰ ਸਲੇਟੀ ਦੇ ਦੀਦਾਰ ਲਈ ਚੱਲਿਆਂ! ਕਹਿੰਦੇ ਨੇ ਬੜੀ ਹੁਸ਼ਨਾਕ ਏ। ਮੁਟਿਆਰੇ ਤੂੰ ਉਹਦਾ ਕੋਈ ਥਹੁ ਪਤਾ ਦੱਸ।" ਰਾਂਝੇ ਨੇ ਬਿਨਾਂ ਲਕੋ ਦੇ ਸਾਰੀ ਗੱਲ ਸਪੱਸ਼ਟ ਕਰ ਦਿੱਤੀ!

ਇਹ ਸੁਣ ਸਾਰੀਆਂ ਮੁਟਿਆਰਾਂ ਤਾੜੀ ਮਾਰ ਕੇ ਹੱਸ ਪਈਆਂ। ਵ੍ਹਾਵਾਂ ਵਿੱਚ ਕੇਸਰ ਘੁਲ਼ ਗਏ! ਰਾਂਝੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਇਹੋ ਜਿਹੀ ਕਿਹੜੀ ਗੱਲ ਆਖ ਬੈਠਾ ਹੈ ਜੀਹਦੇ ਕਾਰਨ ਸਾਰੀਆਂ ਮੁਟਿਆਰਾਂ ਹੱਸ-ਹੱਸ ਦੂਹਰੀਆਂ ਹੋ ਰਹੀਆਂ ਨੇ।

"ਅੱਛਾ! ਤਾਂ ਤੂੰ ਹੀਰ ਵਾਸਤੇ ਐਡੀ ਦੂਰੋਂ ਆਇਐਂ! ਜੋੜ ਤਾਂ ਬੜਾ ਸੁਹਣਾ ਜੁੜਿਆ ਏ। ਇਕ ਹੋਰ ਮੁਟਿਆਰ ਅੱਗੇ ਵਧੀ : ਛਮਕੀ ਵਾਲ਼ੀ ਮੁਟਿਆਰ ਹੁਣ ਦੂਜੀਆਂ ਮੁਟਿਆਰਾਂ ਵਿਚਕਾਰ ਗੁਆਚ ਗਈ ਸੀ!

"ਚੱਲ ਵੇ ਰਾਂਝਿਆ ਤੈਨੂੰ ਹੀਰ ਦੇ ਘਰ ਲੈ ਚੱਲੀਏ!" ਇਕ ਹੋਰ ਜਵਾਨੀ ਨੇ ਚਸਕਾ ਲਿਆ।

ਰਾਂਝਾ ਉਨ੍ਹਾਂ ਦੇ ਮਗਰ ਹੋ ਟੁਰਿਆ।

ਲੁੱਡਣ ਉਨ੍ਹਾਂ ਵੱਲ ਬਿਟ ਬਿਟ ਤਕਦਾ ਖੜਾ ਰਿਹਾ।

ਝੰਗ ਪਿੰਡ ਦੇ ਚੜ੍ਹਦੇ ਪਾਸੇ ਚੂਚਕ ਚੌਧਰੀ ਦੀ ਹਵੇਲੀ ਸੀ। ਸਾਰੀਆਂ ਮੁਟਿਆਰਾਂ ਮੁਗਧ ਹੋਈਆਂ ਆਪਣੇ-ਆਪਣੇ ਘਰਾਂ ਨੂੰ ਚਲੀਆਂ ਗਈਆਂ। ਉਸ ਮੁਟਿਆਰ ਦੇ ਪਿੱਛੇ-ਪਿੱਛੇ ਤੁਰਦਾ ਰਾਂਝਾ ਚੂਚਕ ਦੀ ਹਵੇਲੀ ਜਾ ਵੜਿਆ। ਅੱਗੇ ਰੰਗੀਲੇ ਪਲੰਘ ਉੱਤੇ ਬੈਠਾ ਚੌਧਰੀ ਹੁੱਕਾ ਪੀ ਰਿਹਾ ਸੀ। ਉਨ੍ਹਾਂ ਵੱਲ ਉਹ ਉਤਸੁਕਤਾ ਨਾਲ਼ ਵੇਖਣ ਲੱਗਾ!

"ਭਾਈਆ ਮੈਂ ਮੱਝਾਂ ਚਾਰਨ ਲਈ ਚਾਕ ਲੱਭ ਲਿਆਈ ਆਂ। ਇਹ ਜ਼ਾਤ ਦਾ ਰਾਂਝਾ ਏ ——ਤੇ ਤਖ਼ਤ ਹਜ਼ਾਰੇ ਦੇ ਚੌਧਰੀ ਮੌਜੂ ਦਾ ਪੁੱਤਰ ਏ। ਇਹ ਘਰੋਂ ਭਾਈਆਂ ਨਾਲ਼ ਲੜ ਕੇ ਏਧਰ ਚਾਕਰੀ ਕਰਨ ਆਇਆ ਏ।" ਮੁਟਿਆਰ ਨੇ ਚੂਚਕ ਦੀਆਂ ਪ੍ਰਸ਼ਨ ਸੂਚਕ ਨਿਗਾਹਾਂ ਦਾ ਉੱਤਰ ਬੜੀ ਸਿਆਣਪ ਨਾਲ਼ ਦੇ ਦਿੱਤਾ!

ਚੂਚਕ ਨੇ ਨੀਵੀਂ ਪਾਈ ਖੜੇ ਰਾਂਝੇ ਵੱਲ ਵੇਖਿਆ, ਉਹਦੇ ਸਾਰੇ ਸਰੀਰ ਤੇ ਫਿਰਵੀਂ ਨਜ਼ਰ ਮਾਰੀ, ਉਹਨੇ ਇਸ਼ਾਰਾ ਕਰਕੇ ਆਪਣੇ ਪਾਸ ਸੱਦ ਲਿਆ, ਉਹਦੀ ਪਿੱਠ ਤੇ ਥਾਪੀ ਦਿੱਤੀ ਅਤੇ ਆਪਣੇ ਨਾਲ਼ ਪਲੰਘ 'ਤੇ ਬਠਾ ਲਿਆ। ਆਪਣੀ ਧੀ ਨੂੰ ਸੰਬੋਧਨ ਕਰਕੇ ਉਹਨੇ ਕਿਹਾ, "ਜਾ ਹੀਰੇ ਇਹ ਨੂੰ ਕਾੜ੍ਹਨੀ ਵਿੱਚੋਂ ਦੁੱਧ ਦਾ ਛੰਨਾ ਕੱਢ ਕੇ ਪਲ਼ਾ ਸਵੇਰੇ ਦਾ ਭੁੱਖਾ ਹੋਵੇਗਾ।"

“ਹੀਰ” ਸ਼ਬਦ ਦੀ ਆਵਾਜ਼ ਰਾਂਝੇ ਦੇ ਕੰਨੀਂ ਪਈ। ਉਹਨੇ ਉਸ ਮੁਟਿਆਰ ਵੱਲ ਵੇਖਿਆ ਤੇ ਦੋਨੋ ਮੁਸਕੜੀਏਂ ਮੁਸਕਰਾ ਪਏ। ਦੋਨੋਂ ਮੁਸਕਾਨਾਂ ਇਕ ਦੂਜੇ ਨੂੰ ਕਤਲ ਕਰ ਗਈਆਂ।

ਰਾਂਝਾ ਹੀਰ ਦੇ ਘਰ ਮੱਝਾਂ ਤੇ ਚਾਕ ਰਹਿ ਪਿਆ।

ਰਾਂਝਾ ਸਾਜਰੇ ਹੀ ਵੱਗ ਨੂੰ ਬੇਲੇ ਵਿੱਚ ਲੈ ਜਾਂਦਾ। ਜਦ ਵੰਝਲੀ ਤੇ ਮਿੱਠੀਆਂ ਸੁਰਾਂ ਛੇੜਦਾ, ਸਾਰਾ ਬੇਲਾ ਨਸ਼ਿਆ ਜਾਂਦਾ। ਚਰਦੇ ਪਸ਼ੂ ਬੂਥੀਆਂ ਚੁੱਕ ਕੇ ਉਹਦੀਆਂ ਤਾਨਾਂ ਸੁਣਨ ਲਈ ਖੜ੍ਹੋ ਜਾਂਦੇ। ਹੀਰ ਬੜੀ ਰੀਝ ਨਾਲ਼ ਰਾਂਝੇ ਲਈ ਚੂਰੀ ਕੁਟਦੀ ਤੇ ਆਪ ਬੇਲੇ ਵਿੱਚ ਜਾ ਪੁੱਜਦੀ।

ਇਕ ਦਿਨ ਜਦੋਂ ਉਹ ਬੇਲੇ ਵਿੱਚ ਪੁੱਜੀ ਤਾਂ ਰਾਂਝੇ ਦੀ ਕੋਇਲ ਜਿਹੀ ਵਾਜ ਉਹਦੇ ਕੰਨੀਂ ਪਈ। ਉਹ ਉਹਦੀ ਪਿੱਠ ਪਿੱਛੇ ਮਲ੍ਹਕ ਦੇ ਕੇ ਖੜੋ ਗਈ। ਰਾਂਝਾ ਵਜਦ ਵਿੱਚ ਆ ਕੇ ਗਾ ਰਿਹਾ ਸੀ:

ਆਖੇਂ ਗਲ ਤਾਂ ਹੀਰੇ ਕਹਿ ਕੇ ਸੁਣਾ ਦਿਆਂ ਨੀ
ਦੇ ਕੇ ਤੈਨੂੰ ਨਢੀਏ ਸੋਹਣੇ ਨੀ ਹਵਾਲੇ
ਇੰਦਰ ਖਾੜੇ ਦੇ ਵਿੱਚ ਪਰੀਆਂ ਸਭ ਤੋਂ ਚੰਗੀਆਂ ਨੀ
ਗਾਵਣ ਜਿਹੜੀਆਂ ਮਿੱਠੇ ਰਾਗ ਜੋ ਸੁਰਤਾਲੇ
ਮੋਹ ਲਿਆ ਮੈਨੂੰ ਪਰੀਏ ਤੇਰਿਆਂ ਨੀ ਨੈਣਾਂ ਨੇ
ਮੈਂ ਕੀ ਜਾਣਾਂ ਇਹਨਾਂ ਅੱਖੀਆਂ ਦੇ ਚਾਲੇ
ਜਾਲ ਫੈ਼ਲਾਇਆ ਹੀਰੇ ਤੇਰੀਆਂ ਅੱਖੀਆਂ ਨੇ
ਉਡਦੇ ਜਾਂਦੇ ਪੰਛੀ ਜਿਨ੍ਹਾਂ ਨੇ ਫਸਾ ਲੇ
ਤਿੰਨ ਸੌ ਸਠ ਸਹੇਲੀ ਲੈ ਕੇ ਤੁਰਦੀ ਨਢੀਏ ਨੀ
ਸੂਬੇਦਾਰ ਜਿਊਂ ਸੋਂਹਦੀ ਸਭਦੇ ਤੂੰ ਵਿਚਾਲੇ
ਬਲਣ ਮਸ਼ਾਲਾਂ ਵਾਂਗੂੰ ਅੱਖੀਆਂ ਹੀਰੇ ਤੇਰੀਆਂ
ਆਸ਼ਕ ਘੇਰ ਤੈਂ ਭਮਕੱੜ ਵਿੱਚ ਫਸਾ ਲੈ
ਮੁਖੜਾ ਤੇਰਾ ਹੀਰੇ ਸੋਹਣਾ ਫੁਲ ਗੁਲਾਬ ਨੀ

ਆਸ਼ਕ ਭੌਰ ਜੀਹਦੇ ਫਿਰਦੇ ਨੀ ਉਦਾਲੇ
ਸੋਹਲੀ ਤੇਰੀ ਨਢੀਏ ਵਾਂਗ ਨੀ ਕਮਾਣ ਦੇ,
ਅੱਖੀਆਂ ਤੇਰੀਆਂ ਨੇ ਤੀਰ ਨਿਸ਼ਾਨੇ ਲਾ ਲੇ
ਵਿੰਨ੍ਹਿਆਂ ਕਾਲਜਾ ਨਾ ਹਿਲਿਆ ਜਾਵੇ ਰਾਂਝੇ ਤੋਂ
ਇਹ ਜਿੰਦ ਕਰਤੀ ਮੈਂ ਤਾਂ ਤੇਰੇ ਨੀ ਹਵਾਲੇ

ਹੀਰ ਤੋਂ ਰਹਿ ਨਾ ਹੋਇਆ, ਉਹਨੇ ਨਸ ਕੇ ਰਾਂਝੇ ਦੁਆਲੇ ਆਪਣੀਆਂ ਮਖ਼ਮਲੀ ਬਾਹਾਂ ਵਲਾ ਦਿੱਤੀਆਂ। ਰਾਂਝਾ ਤ੍ਰਬਕ ਪਿਆ। ਸੂਹੇ ਗੁਲਾਬ ਵਾਂਗ ਟਹਿਕਦਾ ਹੀਰ ਦਾ ਪਿਆਰਾ ਮੁਖੜਾ ਰਾਂਝੇ ਦੀ ਝੋਲੀ ਵਿੱਚ ਆਣ ਪਿਆ। ਦੋਨਾਂ ਪ੍ਰੀਤ ਨਭਾਉਣ ਦੇ ਕੌਲ-ਕਰਾਰ ਕਰ ਲਏ।

ਹੀਰ ਰਾਂਝੇ ਨੂੰ ਹਰ ਰੋਜ਼ ਬੇਲੇ ਵਿੱਚ ਚੂਰੀ ਖੁਆਉਣ ਜਾਂਦੀ। ਦੋਨੋਂ ਕੱਠੇ ਚੂਰੀ ਖਾਂਦੇ, ਪਿਆਰ ਭਰੀਆਂ ਮਾਖਿਓਂ ਮਿੱਠੀਆਂ ਗੱਲਾਂ ਕਰਦੇ। ਕਈ ਵਰ੍ਹੇ ਇਸੇ ਤਰ੍ਹਾਂ ਲੰਘ ਗਏ। ਆਖ਼ਰ ਇਨ੍ਹਾਂ ਦੇ ਇਸ਼ਕ ਦੀ ਚਰਚਾ ਝੰਗ ਦੇ ਘਰ-ਘਰ ਦੀ ਚਰਚਾ ਬਣ ਗਈ। ਹੀਰ ਦੇ ਮਾਪੇ ਏਸ ਗੱਲ ਤੋਂ ਬੇਖ਼ਬਰ ਸਨ, ਇਨ੍ਹਾਂ ਕੋਲ ਹੀਰ ਬਾਰੇ ਕਿਸੇ ਨੂੰ ਗੱਲ ਕਰਨ ਦੀ ਹਿੰਮਤ ਨਹੀਂ ਸੀ ਪੈਂਦੀ। ਉਂਜ ਆਮ ਲੋਕਾਂ ਨੂੰ ਏਸ ਬਾਂਕੇ ਜੋੜੇ ਦਾ ਪਿਆਰ ਭੈੜਾ ਨਹੀਂ ਸੀ ਲੱਗਦਾ, ਪਰੰਤੂ ਹੀਰ ਦਾ ਚਾਚਾ ਕੈਦੋ ਲੰਗਾ ਇਹ ਬਰਦਾਸ਼ਤ ਨਾ ਕਰ ਸਕਿਆ। ਉਹਦੀ ਸਾਰੀ ਉਮਰ ਉਪੱਧਰਾਂ ਵਿੱਚ ਹੀ ਲੰਘ ਗਈ ਸੀ। ਉਹਨੇ ਆਪਣੇ ਵੱਡੇ ਭਰਾ ਚੂਚਕ ਕੋਲ ਹੀਰ ਰਾਂਝੇ ਦੇ ਇਸ਼ਕ ਦੀ ਗੱਲ ਤੋਰੀ। ਚੂਚਕ ਨੂੰ ਆਪਣੀ ਧੀ ’ਤੇ ਵਿਸ਼ਵਾਸ ਸੀ ਉਸ ਪ੍ਰਮਾਣ ਮੰਗ ਲਿਆ।

ਇਕ ਦਿਨ ਕੈਦੋ ਫ਼ਕੀਰ ਦੇ ਭੇਖ ਵਿੱਚ ਬੇਲੇ ਵਿੱਚ ਪੁੱਜਿਆ। ਰਾਂਝਾ ਚੂਰੀ ਖਾਂਦਾ ਪਿਆ ਸੀ। ਹੀਰ ਪਸ਼ੂਆਂ ਦਾ ਮੋੜਾ ਲਾਣ ਗਈ ਹੋਈ ਸੀ। ਕੈਦੋ ਰਾਂਝੇ ਪਾਸ ਪੁੱਜਿਆ ਤੇ ਲੱਗਾ ਚੂਰੀ ਲਈ ਲੇਲੜ੍ਹੀਆਂ ਕੱਢਣ। ਰਾਂਝੇ ਨੂੰ ਫ਼ਕੀਰ ’ਤੇ ਦਿਆ ਆ ਗਈ। ਉਹਨੇ ਇਕ ਲੱਪ ਚੂਰੀ ਦੀ ਫ਼ਕੀਰ ਦੀ ਚਿੱਪੀ 'ਚ ਪਾ ਦਿੱਤੀ। ਕੈਦੇ ਤੇਜ਼ ਕਦਮੀਂ ਉਥੋਂ ਖਿਸਕ ਗਿਆ। ਹੀਰ ਵਾਪਸ ਆਈ ਉਹਨੂੰ ਜਦੋਂ ਫ਼ਕੀਰ ਦੇ ਚੂਰੀ ਲਜਾਣ ਦਾ ਪਤਾ ਲੱਗਾ ਉਹਦਾ ਮੱਥਾ ਠਣਕਿਆ, ਉਹ ਉਸੇ ਵੇਲੇ ਫ਼ਕੀਰ ਦੇ ਮਗਰ ਨਸ ਟੁਰੀ। ਉਸ ਨੱਸੇ ਜਾਂਦੇ ਕੈਦੋਂ ਨੂੰ ਜਾ ਫੜਿਆ ਤੇ ਲੱਗੀ ਮੁੱਕੀਆਂ ਘਸੁੰਨਾਂ ਨਾਲ ਉਹਦੀ ਮੁਰੰਮਤ ਕਰਨ। ਚਿੱਪੀ ਫੁਟ ਕੇ ਚੂਰੀ ਧਰਤੀ ਉੱਤੇ ਖਿਲਰ ਗਈ। ਮਿੰਨਤਾਂ ਤਰਲੇ ਕਰਕੇ ਕੈਦੋ ਨੇ ਹੀਰ ਪਾਸੋਂ ਆਪਣੀ ਜਾਨ ਛੁਡਾ ਲਈ। ਹੀਰ ਵਾਪਸ ਰਾਂਝੇ ਕੋਲ਼ ਪਰਤ ਆਈ ਤੇ ਕੈਦੋ ਨੇ ਮਗਰੋਂ ਮਿੱਟੀ ਵਿੱਚ ਰਲ਼ੇ ਹੋਏ ਚੂਰੀ ਦੇ ਭੋਰੇ ਕੱਠੇ ਕਰ ਲਏ ਤੇ ਪਿੰਡ ਆ ਕੇ ਚੂਚਕ ਦੇ ਅੱਗੇ ਰੱਖ ਕੇ ਬੋਲਿਆ, "ਇਹ ਹੈ ਤੇਰੀ ਲਾਡਲੀ ਦੀ ਕਰਤੂਤ। ਉਹ ਰੋਜ਼ ਧਗੜੇ ਨੂੰ ਬੇਲੇ ਵਿੱਚ ਚੂਰੀ ਲਜਾ ਕੇ ਖਲਾਂਦੀ ਏ। ਉਹਨੇ ਤਾਂ ਸਾਡੇ ਖ਼ਾਨਦਾਨ ਦਾ ਨੱਕ ਵੱਢ ਕੇ ਰੱਖ ਦਿੱਤੈ।"

ਚੂਚਕ ਦੇ ਸਿਰ ਸੌ ਘੜਾ ਪਾਣੀ ਦਾ ਪੈ ਗਿਆ। ਉਨ੍ਹਾਂ ਰਾਂਝੇ ਨੂੰ ਜਵਾਬ ਦੇ ਦਿੱਤਾ। ਰਾਂਝਾ ਮਸੀਤੇ ਜਾ ਸੁੱਤਾ। ਪਰ ਦੂਜੀ ਭਲਕ ਮੱਝਾਂ ਗਾਂਈਆਂ ਨੇ ਬਿਨਾਂ ਰਾਂਝੇ ਤੋਂ ਇਕ ਵੀ ਕਦਮ ਅਗਾਂਹ ਪੁੱਟਣੋਂ ਇਨਕਾਰ ਕਰ ਦਿੱਤਾ। ਹਾਰ ਕੇ ਉਹ ਰਾਂਝੇ ਨੂੰ ਪੁਚਕਾਰ ਕੇ ਮੋੜ ਲਿਆਏ। ਰਾਂਝੇ ਵੰਝਲੀ ਵਿੱਚ ਫੂਕ ਮਾਰੀ, ਵਗ ਉਹਦੇ ਅੱਗੇ ਅੱਗੇ ਬੇਲੇ ਨੂੰ ਟੁਰ ਪਿਆ।

ਹੀਰ ਦਾ ਬੇਲੇ ਵਿੱਚ ਜਾਣਾ ਬੰਦ ਹੋ ਗਿਆ। ਹੁਣ ਉਹ ਚੋਰੀ ਛਿਪੇ ਮਿਲਦੇ। ਮਾਂ ਨੇ ਹੀਰ ਨੂੰ ਬਥੇਰਾ ਹੋੜਿਆ ਕਿ ਉਹ ਰਾਂਝੇ ਦਾ ਖਹਿੜਾ ਛੱਡ ਦੇਵੇ। ਪਰ ਹੀਰ ਨੇ ਉਹਦੀ ਇਕ ਨਾ ਮੰਨੀ:

ਮਾਏਂ ਨੀ ਮੈਂ ਰਾਂਝੇ ਦੇ ਨੈਣਾਂ ਨੇ ਪੱਟੀਆਂ
ਨਾ ਲਾ ਮਲ੍ਹਮਾਂ ਨਾ ਬੰਨ੍ਹ ਪੱਟੀਆਂ
ਮਾਏਂ ਨੀ
ਮੈਂ ਰਾਂਝੇ ਦੇ ਨੈਣਾਂ ਨੇ ਪੱਟੀਆਂ

ਲਟ ਲਟ ਚੀਰਾ ਰਾਂਝਣ ਦੇ ਸਿਰ
ਹੀਰ ਗੁੰਦਾਈਆਂ ਪੱਟੀਆਂ
ਜੇ ਮੁਖ ਮੋੜਾਂ ਰਾਂਝਣ ਕੋਲੋਂ
ਦੋਜ਼ਖ ਜਾਵਾਂ ਸੁੱਟੀਆਂ
 
ਰਾਂਝਣ ਮੇਰਾ, ਮੈਂ ਰਾਂਝਣ ਦੀ
ਕੂੜ ਮਰੇਂਦੀਆਂ ਜੱਟੀਆਂ
ਮਾਏਂ ਨੀ
ਮੈਂ ਰਾਂਝੇ ਦੇ ਨੈਣਾਂ ਨੇ ਪੱਟੀਆਂ
ਨਾ ਲਾ ਮਲ੍ਹਮਾਂ ਨਾ ਬੰਨ੍ਹ ਪੱਟੀਆਂ।

ਉਹ ਆਪਣੇ ਰਾਂਝਣ ਦੀ ਸੁਖ ਭਾਲਦੀ ਪਈ ਸੀ ਉਹਨੂੰ ਸਾਰੇ ਜਗ ਦੀ ਪਰਵਾਹ ਨਹੀਂ ਸੀ:

ਛਣਕ ਛਣਕ ਦੋ ਛੱਲੇ ਕਰਾ ਲੇ
ਛੱਲੇ ਭਨਾ ਕੇ ਵੰਗਾਂ
ਬਾਹਰ ਗਈ ਨੂੰ ਬਾਬਲ ਝਿੜਕਦਾ
ਘਰ ਆਈ ਨੂੰ ਅੰਮਾਂ
ਵਿੱਚ ਕਚਿਹਰੀ ਹੀਰ ਝਗੜਦੀ
ਮੁਨਸਫ ਕਰਦੇ ਗੱਲਾਂ
ਵਿੱਚ ਤ੍ਰਿੰਜਣਾਂ ਕੁੜੀਆਂ ਝਿੜਕਣ
ਵਿੱਚ ਗਲੀਆਂ ਦੇ ਰੰਨਾਂ
ਏਹਨੀ ਓਹਨੀ ਦੋਹੀਂ ਜਹਾਨੀਂ

ਮੈਂ ਤਾਂ ਖ਼ੈਰ ਰਾਂਝੇ ਦੀ ਮੰਗਾਂ
ਜੇ ਜਾਣਾ ਦੁਖ ਰਾਂਝਣੇ ਨੂੰ ਪੈਣੇ
ਮੈਂ ਨਿਜ ਨੂੰ ਸਿਆਲੀਂ ਜੰਮਾਂ।

ਉਨ੍ਹਾਂ ਹੀਰ ਰਾਂਝੇ ਦੇ ਪਿਆਰ ਨੂੰ ਪਰਵਾਨ ਨਾ ਕੀਤਾ। ਰੰਗਪੁਰ ਖੇੜੇ ਦੇ ਚੌਧਰੀ ਅੱਜੂ ਦੇ ਪੁੱਤਰ ਸੈਦੇ ਨਾਲ਼ ਹੀਰ ਦਾ ਨਿਕਾਹ ਨੀਯਤ ਹੋ ਗਿਆ। ਰੰਗ ਪੁਰੋਂ ਜੰਞਂ ਬੜੇ ਵਾਜਿਆਂ ਗਾਜਿਆਂ ਨਾਲ਼ ਢੁਕੀ। ਸਾਰੇ ਪਿੰਡ ਵਿੱਚ ਬੜੀਆਂ ਖ਼ੁਸ਼ੀਆਂ ਮਨਾਈਆਂ ਗਈਆਂ। ਬੁਲਬੁਲਾਂ ਵਰਗੀਆਂ ਘੋੜੀਆਂ ਤੇ ਜਾਞੀਂ ਸਜੇ ਬੈਠੇ ਸਨ। ਰਾਂਝਾ ਮੱਝਾਂ ਦੇ ਸਿੰਗਾਂ ਨੂੰ ਫੜੀਂ ਭੁੱਬੀਂ ਭੁੱਬੀਂ ਰੋ ਰਿਹਾ ਸੀ। ਹੀਰ ਆਪਣੇ ਘਰ ਤੜਪ ਰਹੀ ਸੀ।

ਹੀਰ ਦਾ ਜ਼ੋਰੀਂ ਸੈਦੇ ਖੇੜੇ ਨਾਲ ਨਿਕਾਹ ਪੜ੍ਹਾ ਦਿੱਤਾ ਗਿਆ। ਰਾਂਝਾ ਤੜਪਦਾ ਰਿਹਾ, ਹੀਰ ਕੁਰਲਾਉਂਦੀ ਰਹੀ। ਉਨ੍ਹਾਂ ਦੀ ਕਿਸੇ ਨੇ ਇਕ ਨਾ ਸੁਣੀ! ਰਾਤ ਸਮੇਂ ਰਾਂਝਾ ਤੀਵੀਂ ਦੇ ਵੇਸ ਵਿੱਚ ਹੀਰ ਦੀਆਂ ਸਹੇਲੀਆਂ ਨਾਲ਼ ਹੀਰ ਪਾਸ ਪੁੱਜਾ। ਹੀਰ ਨੇ ਉਹਦੇ ਦੁਆਲੇ ਗਲਵੱਕੜੀਆਂ ਪਾ ਲਈਆਂ। ਦੋਨੋਂ ਹੰਝੂ ਕੇਰਦੇ ਰਹੇ। ਆਖ਼ਰ ਹੀਰ ਦਿਲ ਤਕੜਾ ਕਰਕੋ ਬੋਲੀ, "ਰਾਂਝਿਆ ਵੇਲ਼ਾ ਈ, ਚਲ ਕਿਧਰੇ ਨਸ ਟੁਰੀਏ। ਮਗਰੋਂ ਵੇਲ਼ਾ ਬੀਤਿਆ ਹੱਥ ਨਹੀਂ ਜੇ ਆਉਣਾ। ਮੈਨੂੰ ਲੈ ਚੱਲ ਰਾਂਝਿਆ ਮੈਂ ਤੇਰੇ ਬਿਨਾਂ ਜੀ ਨਹੀਂ ਸਕਦੀ!"

"ਨਹੀਂ ਹੀਰੇ ਇਹ ਅਸੀਂ ਨਹੀਂ ਜੇ ਕਰਨਾ। ਮੈਂ ਤੈਨੂੰ ਉਧਾਲ਼ੀ ਹੋਈ ਰੰਨ ਅਖਵਾਉਣਾ ਨਹੀਂ ਚਾਹੁੰਦਾ। ਤੂੰ ਇਹ ਨਾ ਸਮਝੀਂ ਕਿ ਮੇਰੇ ਵਿੱਚ ਤੈਨੂੰ ਲਜਾਣ ਦੀ ਹਿੰਮਤ ਨਹੀਂ। ਨਹੀਂ ਹੀਰੇ ਇਹ ਗੱਲ ਨਹੀਂ। ਮੇਰੀ ਤੇਰੀ ਖ਼ਾਤਰ ਜਿੰਦ ਹਾਜ਼ਰ ਹੈ। ਜੇ ਅੱਜ ਅਸੀਂ ਨਸ ਟੁਰੇ ਤਾਂ ਤੇਰੇ ਬਾਪ ਦੀ ਇੱਜ਼ਤ ਰੁਲ਼ ਜਾਵੇਗੀ ਹੀਰੇ। ਲੋਕੀਂ ਤੀਵੀਆਂ ਦੀ ਜ਼ਾਤ ਨੂੰ ਤਾਹਨੇ ਦੇਣਗੇ।" ਰਾਂਝਾ ਆਦਰਸ਼ਕ ਬਣਦਾ ਜਾ ਰਿਹਾ ਸੀ।

"ਚੰਗਾ ਰਾਂਝਿਆ! ਤੇਰੀ ਮਰਜ਼ੀ", ਹੀਰ ਹੌਕਾ ਭਰ ਕੇ ਬੋਲੀ, "ਕੀ ਹੋਇਆ ਰਾਂਝਿਆ ਮੇਰਾ ਨਿਕਾਹ ਲੋਕਾਂ ਦੀਆਂ ਨਜ਼ਰਾਂ ਵਿੱਚ ਸੈਦੇ ਨਾਲ ਪੜ੍ਹਿਆ ਗਿਐ ਪਰ ਮੈਂ ਸੱਚੇ ਖੁਦਾ ਦੀਆਂ ਨਜ਼ਰਾਂ ਵਿੱਚ ਤੇਰੀ ਆਂ। ਸਾਡਾ ਨਿਕਾਹ ਰਸੂਲ ਨੇ ਪਹਿਲਾਂ ਹੀ ਪੜ੍ਹਾਇਆ ਹੋਇਆ ਏ। ਮੈਂ ਮਰ ਜਾਂਗੀ ਰਾਂਝਿਆ ਪਰ ਸੈਦੇ ਖੇੜੇ ਦੀ ਸੇਜ ਕਬੂਲ ਨਾ ਕਰਾਂਗੀ, ਤੂੰ ਛੇਤੀ ਤੋਂ ਛੇਤੀ ਕੋਈ ਆਹੁਰ ਪਹੁਰ ਕਰਕੇ ਰੰਗਪੁਰ ਪੁੱਜ।"

ਤੀਜੇ ਦਿਨ ਖੇੜੇ ਕੁਰਲਾਉਂਦੀ ਹੀਰ ਦੀ ਡੋਲੀ ਲੈ ਟੁਰੇ! ਦੂਰ ਬੇਲੇ ਵਿੱਚ ਕੋਈ ਗਾ ਰਿਹਾ ਸੀ:

ਬੀਨ ਬਜਾਈ ਰਾਂਝੇ ਚਾਕ
ਲੱਗੀ ਮਨ ਮੇਰੇ
ਤਖ਼ਤ ਹਜ਼ਾਰੇ ਦਿਆ ਮਾਲਕਾ
ਕਿਥੇ ਲਾਏ ਨੀ ਡੇਰੇ

ਕਿੰਨ ਵੇ ਬਣਾਇਆ ਲਾੜਾ ਜੰਜਾਂ ਦਾ
ਕਿੰਨ ਬੱਧੇ ਸਿਹਰੇ
ਮਾਂ ਬਣਾਇਆ ਲਾੜਾ ਜੰਜਾਂ ਦਾ
ਭੈਣ ਬੱਧੇ ਸਿਹਰੇ
ਕੱਢ ਖਾਂ ਪਾਂਧਿਆ ਪੱਤਰੀ
ਲਿੱਖੀਂ ਲੇਖ ਮੇਰੇ
ਲਿਖਣ ਵਾਲ਼ਾ ਲਿਖ ਗਿਆ
ਵਸ ਨਹੀਂ ਮੇਰੇ
ਅਖਿਓ ਰਾਂਝੇ ਚਾਕ ਨੂੰ
ਮੱਝੀਆਂ ਛੇੜੇ
ਮੱਝੀਆਂ ਛੇੜਦਾ ਰਹਿ ਗਿਆ
ਹੀਰ ਲੈ ਗਏ ਖੇੜੇ।

ਹੀਰ ਦੀ ਡੋਲੀ ਰੰਗਪੁਰ ਖੇੜੇ ਜਾ ਪੁੱਜੀ। ਸਾਰਾ ਪਿੰਡ ਏਸ ਹੁਸ਼ਨਾਕ ਪਰੀ ਨੂੰ ਵੇਖਣ ਲਈ ਢੁਕਿਆ। ਹੁਸਨ ਉਦਾਸ ਉਦਾਸ ਬੈਠਾ ਰਿਹਾ। ਹੀਰ ਦੀ ਨਣਦ ਸਹਿਤੀ ਉਹਦੇ ਦਿਲ ਦੇ ਰੋਗ ਨੂੰ ਬੁਝ ਗਈ। ਉਹਨੇ ਆਪਣਾ ਹਮਦਰਦ ਦਿਲ ਹੀਰ ਅੱਗੇ ਪੇਸ਼ ਕਰ ਦਿੱਤਾ। ਸੈਦੇ ਖੇੜੇ ਨੇ ਵੀ ਹੀਰ ਨੂੰ ਰਝਾਣ ਦੀ ਬੜੀ ਕੋਸ਼ਿਸ਼ ਕੀਤੀ ਪਰੰਤੂ ਹੀਰ ਨੇ ਉਹਨੂੰ ਆਪਣੇ ਨੇੜੇ ਨਾ ਢੁਕਣ ਦਿੱਤਾ। ਉਹ ਤਾਂ ਧੁਰ ਦਰਗਾਹੋਂ ਰਾਂਝੇ ਦੀ ਅਮਾਨਤ ਹੋ ਚੁੱਕੀ ਸੀ। ਉਹ ਰਾਂਝੇ ਦੀ ਯਾਦ ਵਿੱਚ ਤੜਪਦੀ ਰਹੀ ਤੇ ਉਹਦਾ ਸੂਹਾ ਮੁਖੜਾ ਪੀਲਾ ਵਸਾਰ ਹੋ ਗਿਆ।

ਰਾਂਝਾ ਝੰਗ ਸਿਆਲ ਤੋਂ ਸਿੱਧਾ ਬਾਲ ਨਾਥ ਦੇ ਟਿੱਲੇ ਜਾ ਪੁੱਜਾ ਤੇ ਜੋਗੀ ਦਾ ਭੇਖ ਧਾਰਨ ਲਈ ਬੇਨਤੀ ਕੀਤੀ। ਬਾਲ ਨਾਥ ਨੇ ਉਹਦੇ ਗਠੀਲੇ ਸਰੀਰ ਤੇ ਭਖਦੀ ਜਵਾਨੀ ਵੱਲ ਨਿਗਾਹ ਮਾਰੀ। ਉਹਦਾ ਦਿਲ ਪਸੀਜ ਗਿਆ। ਜੋਗੀ ਨੇ ਉਹਨੂੰ ਬਥੇਰਾ ਸਮਝਾਇਆ ਕਿ ਉਹਦੀ ਉਮਰ ਜੋਗ ਧਾਰਨ ਦੀ ਨਹੀਂ। ਪਰੰਤੂ ਰਾਂਝਾ ਤਾਂ ਆਪਣੀ ਹੀਰ ਲਈ ਜੋਗੀ ਬਣ ਰਿਹਾ ਸੀ, ਉਹਨੇ ਤਾਂ ਹੁਸਨ ਦੀ ਭਿਖਿਆ ਮੰਗਣ ਚੜ੍ਹਨਾ ਸੀ। ਆਖ਼ਰ ਨੂੰ ਜੋਗੀ ਬਾਲ ਨਾਥ ਨੇ ਉਹਨੂੰ ਜੋਗ ਦੇ ਦਿੱਤਾ। ਜਟਾਂ ਲਟਕਾਈ, ਕੰਨਾਂ ਵਿੱਚ ਮੁੰਦਰਾਂ ਪਾ, ਲਾਲੀ ਦੀ ਭਾਅ ਮਾਰਦੇ ਸਰੀਰ ਤੇ ਭਬੂਤੀ ਮਲ ਰਾਂਝਾ ਜੋਗੀ ਬਣ ਤੁਰਿਆ। ਉਹਦੇ ਹੁਸਨ ਦੀ ਹੁਣ ਝਾਲ ਝੱਲੀ ਨਾ ਸੀ ਜਾਂਦੀ। ਉਹ ਸਿੱਧਾ ਰੰਗਪੁਰ ਖੇੜੇ ਪੁੱਜਾ। ਰਾਹ ਵਿੱਚ ਉਹਨੂੰ ਇਕ ਆਜੜੀ ਇਜੜ ਚਰਾਂਦਾ ਮਿਲ ਗਿਆ। ਜੋਗੀ ਨੇ ਉਹਦੇ ਪਾਸੋਂ ਰੰਗਪੁਰ ਬਾਰੇ ਯੋਗ ਵਾਕਫੀ ਪ੍ਰਾਪਤ ਕੀਤੀ ਤੇ ਪਿੰਡ ਵਿੱਚ ਆਣ ਵੜਿਆ। ਕਈ ਮੁਟਿਆਰਾਂ ਖੂਹ ਤੋਂ ਪਾਣੀ ਭਰਦੀਆਂ ਪਈਆਂ ਸਨ। ਜੋਗੀ ਦਾ ਰੰਗ ਰੂਪ ਵੇਖ ਸਾਰੀਆਂ ਨੇ ਠੰਡੇ ਹੌਕੇ ਭਰੇ। ਲੁਗ ਲੁਗ ਕਰਦਾ ਜੋਗੀ ਦਾ ਸਰੀਰ ਲਪਟਾਂ ਛੱਡ ਰਿਹਾ ਸੀ। ਕਈਆਂ ਦੇ ਕਾਲਜੇ ਧਰੂਹੇ ਗਏ। ਕਈਆਂ ਨੇ ਇਕ ਦੂਜੀ ਦੀਆਂ ਵੱਖੀਆਂ ਵਿੱਚ ਚੂੰਢੀਆਂ ਭਰ ਲਈਆਂ। ਇਨ੍ਹਾਂ ਵਿਚਕਾਰ ਹੀਰ ਦੀ ਨਨਾਣ ਸਹਿਤੀ ਵੀ ਸੀ। ਉਹਨੇ ਆਪਣੀ ਭਾਬੋ ਕੋਲ ਪਿੰਡ ਵਿੱਚ ਆਏ ਇਸ ਨਵੇਂ ਜੋਗੀ ਦੀ ਚਰਚਾ ਕੀਤੀ। ਹੀਰ ਦਾ ਦਿਲ ਧੜਕਣ ਲੱਗ ਪਿਆ। "ਖੋਰੇ ਰਾਂਝਾ ਈ ਜੋਗੀ ਦਾ ਭੇਖ ਧਾਰ ਕੇ ਆ ਗਿਆ ਹੋਵੇ", ਉਸ ਸੋਚਿਆ। ਰਾਂਝੇ ਲਈ ਉਹਦਾ ਲੂੰ ਲੂੰ ਤੜਪਦਾ ਪਿਆ ਸੀ।

ਰਾਂਝੇ ਨੇ ਹੀਰ ਦੇ ਦਰਾਂ ਅੱਗੇ ਜਾ ਅਲਖ ਜਗਾਈ। ਸਹਿਤੀ ਉਹਨੂੰ ਲੱਗੀ ਟਿੱਚਰਾਂ ਕਰਨ। ਅੰਦਰ ਖੜੀ ਹੀਰ ਉਨ੍ਹਾਂ ਦੀਆਂ ਝੱੜਪਾਂ ਸੁਣ ਰਹੀ ਸੀ। ਉਹ ਤਾਂ ਕਿਸੇ ਬਹਾਨੇ ਏਸ ਰੰਗੀਲੇ ਜੋਗੀ ਦਾ ਪਿਆਰਾ ਮੁਖੜਾ ਵੇਖਣਾ ਚਾਹੁੰਦੀ ਸੀ।

"ਜੋਗੀਆ ਤੈਨੂੰ ਤਾਂ ਮੰਨਦੀਆਂ ਜੇ ਤੂੰ ਇਹ ਦੱਸ ਦੇਵੇਂ ਕਿ ਮੇਰੀ ਭਾਬੋ ਨੂੰ ਕਿਹੜਾ ਰੋਗ ਚਿੰਬੜਿਆ ਹੋਇਐ?" ਸਹਿਤੀ ਜੋਗੀ ਦੀ ਪ੍ਰੀਖਿਆ ਲੈ ਰਹੀ ਸੀ।

ਜੋਗੀ ਨੇ ਹੀਰ ਰਾਂਝੇ ਦੀ ਮੁਹੱਬਤ ਦੁਹਰਾ ਦਿੱਤੀ। ਸਹਿਤੀ ਇਹ ਸੁਣ ਜੋਗੀ ਦੇ ਪੈਰੀਂ ਜਾ ਡਿੱਗੀ ਤੇ ਲੱਗੀ ਆਪਣੀਆਂ ਮਾੜੀਆਂ ਚੰਗੀਆਂ ਕਹੀਆਂ ਦੀ ਭੁਲ ਬਖਸ਼ਾਣ! ਜੋਗੀ ਨੇ ਅਸੀਸ ਦਿੱਤੀ, "ਸਹਿਤੀਏ ਮੁਰਾਦ ਪਾਵੇਂਗੀ!" ਮੁਰਾਦ ਸਹਿਤੀ ਦਾ ਪ੍ਰੇਮੀ ਸੀ। ਹੁਣ ਸਹਿਤੀ ਦਾ ਵਿਸ਼ਵਾਸ ਜੋਗੀ ਲਈ ਹੋਰ ਵੀ ਪੱਕਾ ਹੋ ਗਿਆ। ਉਹ ਨੱਸ ਕੇ ਅੰਦਰੋਂ ਚੀਣੇ ਦਾ ਥਾਲ ਭਰ ਲਿਆਈ। ਜਦੋਂ ਉਹ ਚੀਣਾ ਪਾਣ ਲੱਗੀ ਤਾਂ ਜੋਗੀ ਨੇ ਆਪਣੇ ਹੱਥੋਂ ਜਾਣ ਬੁੱਝ ਕੇ ਚਿੱਪੀ ਛੱਡ ਦਿੱਤੀ ਤੇ ਸਾਰਾ ਚੀਣਾ ਧਰਤੀ ਉੱਤੇ ਖਿਲਰ ਗਿਆ। ਜੋਗੀ ਚੀਣਾ ਚੁਗਣ ਲਈ ਬੈਠ ਗਿਆ। ਜਦੋਂ ਸਹਿਤੀ ਅੰਦਰ ਚਲੀ ਗਈ ਤਾਂ ਹੀਰ ਨੇ ਦਰਵਾਜ਼ੇ ਦੇ ਨੇੜੇ ਹੋ ਕੇ ਆਖਿਆ, "ਰਾਂਝਿਆ, ਮੇਰੇ ਲਈ ਅੱਜ ਚੰਦ ਚੜ੍ਹ ਪਿਐ।"

ਰਾਂਝੇ ਨੇ ਹੀਰ ਦੇ ਪੀਲੇ ਮੁਖ ਵਲ ਤਕਿਆ। "ਹੀਰੇ ਤੈਨੂੰ ਕੀ ਹੋ ਗਿਐ, ਤੂੰ ਤਾਂ ਦਿਨਾਂ ਵਿੱਚ ਈ ਨਿੱਬੜ ਗਈ ਏਂ।" ਰਾਂਝੇ ਨੀਵੀਂ ਪਾਈ ਆਖਿਆ।

"ਰਾਂਝਿਆ ਆਪਾਂ ਰੱਜ ਕੇ ਗੱਲਾਂ ਫੇਰ ਕਰਾਂਗੇ। ਤੂੰ ਕੁਝ ਦਿਨ ਕਾਲ਼ੇ ਬਾਗ਼ ਵਿੱਚ ਟਿਕਿਆ ਰਹੀਂ ਮੈਂ ਕਿਸੇ ਪਜ ਤੇਰੇ ਪਾਸ ਪੁੱਜਾਂਗੀ। ਮੇਰੀ ਨਨਾਣ ਸਹਿਤੀ ਮੇਰੀ ਭੇਤਣ ਹੈ। ਉਹਨੂੰ ਵੀ ਸਾਡੇ ਜਿਹਾ ਰੋਗ ਲੱਗਿਆ ਹੋਇਐ, ਚੰਗਾ ਹੁਣ ਤੂੰ ਜਾਰ, ਮੁੜਕੇ ਏਧਰ ਪੈਰ ਨਾ ਪਾਵੀਂ, ਕਿੱਧਰੇ ਖੇੜੇ ਸ਼ਕ ਨਾ ਕਰਨ ਲੱਗ ਜਾਣ।" ਇਹ ਆਖ ਹੀਰ ਨੇ ਹਵੇਲੀ ਦੇ ਦਰਵਾਜ਼ੇ ਭੇੜ ਦਿੱਤੇ।

ਰਾਂਝੇ ਜੋਗੀ ਕਾਲੇ ਬਾਗ ਵਿੱਚ ਧੂਣੀ ਤਾਪ ਦਿੱਤੀ। ਸ਼ਰਧਾਲੂ ਤੀਵੀਆਂ ਉਹਦੇ ਆ ਦੁਆਲੇ ਹੋਈਆਂ ਤੇ ਲੱਗੀਆਂ ਮਨ ਦੀਆਂ ਮੁਰਾਦਾਂ ਮੰਗਣ। ਜੋਗੀ ਦੀ ਮੰਨਤਾ ਹੋਣ ਲੱਗ ਪਈ। ਹੀਰ ਨੇ ਸਹਿਤੀ ਨੂੰ ਜੋਗੀ ਬਾਰੇ ਸਭ ਕੁਝ ਦੱਸ ਦਿੱਤਾ। ਹੀਰ ਨੇ ਆਪਣਾ ਰਾਂਝਾ ਅਤੇ ਸਹਿਤੀ ਨੇ ਆਪਣਾ ਮੁਰਾਦ ਪ੍ਰਾਪਤ ਕਰਨ ਦੀ ਤਰਕੀਬ ਸੋਚ ਲਈ। ਇਸ ਤਰਕੀਬ ਬਾਰੇ ਸਹਿਤੀ ਜੋਗੀ ਨੂੰ ਸਭ ਕੁਝ ਸਮਝਾ ਆਈ।

ਦੂਜੀ ਭਲਕ ਹੀਰ, ਆਪਣੀ ਨਣਦ ਤੇ ਉਹਦੀਆਂ ਸਹੇਲੀਆਂ ਨਾਲ਼ ਖੂਹ ਤੇ ਸੈਰ ਕਰਨ ਚਲੀ ਗਈ। ਜਦੋਂ ਉਹ ਵਾਪਸ ਪਰਤ ਰਹੀਆਂ ਸਨ ਤਾਂ ਹੀਰ ਨੇ ਰਾਹ ਵਿੱਚ ਮਲ੍ਹਕ ਦੇਣੇ ਆਪਣੇ ਪੈਰ ਵਿੱਚ ਕਿੱਕਰ ਦਾ ਕੰਡਾ ਚੋਭ ਲਿਆ ਤੇ ਲੱਗੀ ਕਲਕਾਰੀਆਂ ਮਾਰਨ। ਸਹਿਤੀ ਅਤੇ ਉਹਦੀਆਂ ਸਹੇਲੀਆਂ ਨੇ ਰੌਲਾ ਪਾ ਦਿੱਤਾ ਕਿ ਹੀਰ ਨੂੰ ਤਾਂ ਸੱਪ ਲੜ ਗਿਆ ਹੈ। ਸਾਰਾ ਪਿੰਡ ਕੱਠਾ ਹੋ ਗਿਆ। ਹੀਰ ਧਰਤੀ ਤੇ ਲਿਟ ਰਹੀ ਸੀ, ਸਾਹ ਉਹਨੇ ਖਿੱਚਿਆ ਹੋਇਆ ਸੀ। ਉਹ ਪਲ ਵਿੱਚ ਹੀ ਨੀਲੀ ਪੀਲੀ ਹੋ ਗਈ। ਲੋਕੀ ਉਹਨੂੰ ਮੰਜੀ ਤੇ ਪਾ ਕੇ ਘਰ ਲੈ ਆਏ। ਕਈ ਹੱਥ ਹੌਲ਼ਾ ਕਰਨ ਵਾਲ਼ੇ ਸੱਦੇ ਗਏ ਪਰ ਹੀਰ ਤੜਪਦੀ ਰਹੀ, ਕੁਰਲਾਉਂਦੀ ਰਹੀ। ਮਾਂਦਰੀ ਹੈਰਾਨ ਸਨ ਕਿ ਇਹ ਕਿਹੋ ਜਿਹਾ ਨਾਗ ਹੈ ਜੀਹਦੇ ਤੇ ਉਨ੍ਹਾਂ ਦਾ ਮੰਤਰ ਕੋਈ ਅਸਰ ਨਹੀਂ ਕਰ ਰਿਹਾ।

"ਵੀਰਾ ਕਾਲ਼ੇ ਬਾਗ਼ ਵਾਲੇ ਜੋਗੀ ਨੂੰ ਸਦ ਵੇਖ, ਸ਼ਾਇਦ ਭਾਬੀ ਦਾ ਉਹ ਇਲਾਜ ਕਰ ਦੇਵੇ। ਉਹ ਬੜਾ ਸਿਧ ਏ, ਲੋਕੀਂ ਦੂਰੋਂ-ਦੂਰੋਂ ਉਹਦੇ ਪਾਸ ਆਉਂਦੇ ਨੇ।"

ਸਹਿਤੀ ਦੀ ਇਕ ਸਹੇਲੀ ਨੇ ਸੈਦੇ ਨੂੰ ਜੋਗੀ ਵੱਲ ਭੇਜ ਦਿੱਤਾ।

ਬਾਗ਼ ਵਿੱਚ ਜੋਗੀ ਸਮਾਧੀ ਲਾਈਂ ਬੈਠਾ ਸੀ। ਸੈਦੇ ਨੇ ਉਹਦੇ ਪੈਰ ਜਾ ਫੜੇ ਤੇ ਆਪਣੇ ਘਰ ਚੱਲਣ ਲਈ ਬੇਨਤੀ ਕੀਤੀ। ਪਰੰਤੂ ਅੱਗੋਂ ਜੋਗੀ ਸੈਦੇ ਨੂੰ ਫਹੁੜੀਆਂ ਲੈ ਕੇ ਪਿਆ। ਉਹ ਖ਼ਾਲੀ ਵਾਪਸ ਮੁੜ ਆਇਆ। ਸਹਿਤੀ ਨੇ ਆਪਣੇ ਪਿਤਾ ਅਤੇ ਕੁਝ ਹੋਰ ਸਿਆਣੇ ਬੰਦਿਆਂ ਨੂੰ ਜੋਗੀ ਵੱਲ ਦੁਬਾਰਾ ਭੇਜ ਦਿੱਤਾ। ਅੱਜੂ ਜੋਗੀ ਦੇ ਵਾਸਤੇ ਪਾਏ, ਤਰਲੇ ਕੀਤੇ। ਅੰਤ ਜੋਗੀ ਉਹਦੀ ਨੂੰਹ ਦਾ ਇਲਾਜ ਕਰਨ ਲਈ ਮੰਨ ਗਿਆ। ਉਹ ਉਹਨੂੰ ਕੁਰਲਾਂਦੀ ਹੀਰ ਪਾਸ ਲੈ ਆਏ।

ਜੋਗੀ ਨੇ ਹੀਰ ਦੀ ਮੰਜੀ ਦੁਆਲ਼ੇ ਸਤ ਚੱਕਰ ਲਾਏ। ਤੜਪਦੀ ਹੀਰ ਤੇ ਪਾਣੀ ਦੇ ਛਿੱਟੇ ਮਾਰੇ ਤੇ ਸਮਾਧੀ ਲਾ ਕੇ ਬੈਠ ਗਿਆ। ਹੀਰ ਹੂੰਗਰਾਂ ਮਾਰਦੀ ਰਹੀ, ਦਰਸ਼ਕ ਜੋਗੀ ਵੱਲ ਆਸ਼ਾਜਨਕ ਨਿਗਾਹਾਂ ਨਾਲ਼ ਵੇਖਦੇ ਰਹੇ। ਕੁਝ ਚਿਰ ਮਗਰੋਂ ਜੋਗੀ ਨੇ ਅੱਖਾਂ ਖੋਹਲੀਆਂ ਤੇ ਬੋਲਿਆ, "ਲੜਕੀ ਬਚ ਸਕਦੀ ਹੈ ਪਰੰਤੂ ਕਈ ਜਤਨ ਕਰਨੇ ਪੈਣਗੇ। ਇਹਨੂੰ ਇਕ ਅਤਿ ਜ਼ਹਿਰੀਲੇ ਸੱਪ ਨੇ ਡੱਸਿਆ ਏ। ਉਹ ਸੱਪ ਆਪ ਆ ਕੇ ਇਹਦੀ ਜ਼ਹਿਰ ਚੂਸੇਗਾ ਤਦ ਜਾ ਕੇ ਇਹਦਾ ਇਲਾਜ ਹੋ ਸਕੇਗਾ।"

"ਮਹਾਤਮਾ ਜੀ ਤੁਸੀਂ ਹੀ ਇਹਦਾ ਉਪਾਓ ਕਰੋ, ਹੁਕਮ ਕਰੋ ਅਸੀਂ ਸਭ ਕੁਝ ਕਰਨ ਨੂੰ ਤਿਆਰ ਆਂ, ਇਹਦੀ ਜਾਨ ਜ਼ਰੂਰ ਬਚਾਓ," ਅੱਜੂ ਨੇ ਦੋਨੋਂ ਹੱਥ ਜੋੜੇ।

"ਪਿੰਡੋਂ ਬਾਹਰ ਇਹਦੇ ਮੰਜੇ ਨੂੰ ਕਿਸੇ ਘਰ ਵਿੱਚ ਲੈ ਜਾਵੋ। ਇਹਦੇ ਕੋਲ ਮੈਂ ਰਹਾਂਗਾ ਅਤੇ ਇਕ ਹੋਰ ਕੁਆਰੀ ਲੜਕੀ ਰਹੇਗੀ। ਮੈਂ ਤਿੰਨ ਦਿਨ ਸਮਾਧੀ ਲਾਵਾਂਗਾ ਤਦ ਸੱਪ ਆਵੇਗਾ ਤੇ ਲੜਕੀ ਨੌ ਬਰ ਨੌ ਹੋ ਜਾਵੇਗੀ।" ਜੋਗੀ ਨੇ ਉਪਾਓ ਦੱਸ ਦਿੱਤਾ।

ਪਿੰਡੋਂ ਬਾਹਰ ਡੂਮਾਂ ਦੇ ਕੱਲੇ ਕਾਰੇ ਕੋਠੇ ਵਿੱਚ ਉਹ ਹੀਰ ਦੀ ਮੰਜੀ ਲੈ ਗਏ। ਕੋਠੇ ਵਿੱਚ ਹੀਰ, ਜੋਗੀ ਅਤੇ ਇਕ ਕੁਆਰੀ ਕੰਨਿਆਂ ਸਹਿਤੀ ਰਹਿ ਗਏ। ਉਨ੍ਹਾਂ ਬਾਹਰੋਂ ਕੋਠੇ ਦਾ ਕੁੰਡਾ ਮਰਵਾ ਲਿਆ। ਜੋਗੀ ਕੁਰਲਾਉਂਦੀ ਹੀਰ ਦਾ ਇਲਾਜ ਕਰਨ ਲੱਗ ਪਿਆ। ਲੋਕੀਂ ਭੈ ਭੀਤ ਹੋ ਕੇ ਆਪਣੇ-ਆਪਣੇ ਘਰਾਂ ਨੂੰ ਪਰਤ ਆਏ।

ਅੱਧੀ ਰਾਤ ਲੰਘੀ, ਰਾਂਝੇ ਨੇ ਪਿਛਲੀ ਕੰਧ ਵਿੱਚ ਮਘੋਰਾ ਕਰਕੇ ਬਾਹਰ ਵੇਖਿਆ ਬਾਹਰ ਸਹਿਤੀ ਦਾ ਬਲੋਚ ਮੁਰਾਦ ਸਾਂਢਣੀ ਲਈ ਨੀਯਤ ਪ੍ਰੋਗਰਾਮ ਅਨੁਸਾਰ ਤਿਆਰ ਖੜਾ ਸੀ। ਸਹਿਤੀ, ਹੀਰ ਅਤੇ ਜੋਗੀ ਇਸ ਮਘੋਰੇ ਰਾਹੀਂ ਬਾਹਰ ਨਿਕਲ ਆਏ। ਹੀਰ ਰਾਂਝੇ ਨਾਲ਼ ਅਤੇ ਸਹਿਤੀ ਆਪਣੇ ਮੁਰਾਦ ਨਾਲ਼ ਨੱਸ ਟੁਰੇ।

ਸਵੇਰ ਹੋਈ ਤਾਂ ਖੇੜੇ ਕੀ ਵੇਖਦੇ ਹਨ! ਜੋਗੀ ਨਣਦ ਭਰਜਾਈ ਨੂੰ ਲੈ ਕੇ ਤਿੱਤਰ ਹੋ ਚੁੱਕਾ ਸੀ। ਉਹ ਦੋ ਵਾਹਰਾਂ ਬਣਾ ਕੇ ਉਨ੍ਹਾਂ ਪਿੱਛੇ ਨੱਸੇ। ਮੁਰਾਦ ਅਤੇ ਸਹਿਤੀ ਦੂਰ ਜਾ ਚੁੱਕੇ ਸਨ। ਉਹ ਉਨ੍ਹਾਂ ਦੇ ਹੱਥ ਨਾ ਲੱਗੇ ਪਰੰਤੂ ਹੀਰ ਰਾਂਝੇ ਨੂੰ ਨਾਹੜਾਂ ਦੇ ਇਲਾਕੇ ਵਿੱਚ ਉਨ੍ਹਾਂ ਦਾ ਘੇਰਿਆ। ਨਾਹੜਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਖੇੜਿਆਂ ਸਮੇਤ ਆਪਣੇ ਇਲਾਕੇ ਦੇ ਹਾਕਮ ਕੋਲ ਇਨਸਾਫ਼ ਲਈ ਕੋਟਕਬੂਲੇ ਭੇਜ ਦਿੱਤਾ।

ਖੇੜਿਆਂ ਆਖਿਆ, "ਇਹ ਜੋਗੀ ਸਾਡੀ ਵਹੁਟੀ ਨੂੰ ਉਧਾਲ਼ ਲਿਆਇਆ ਏ। ਇਹ ਇਹਦਾ ਇਲਾਜ ਕਰਦਾ ਪਿਆ ਸੀ।"

ਰਾਂਝੇ ਆਪਣਾ ਹੱਕ ਜਤਾਇਆ,"ਇਹ ਝੂਠ ਮਾਰਦੇ ਹਨ, ਇਹ ਹੀਰ ਮੇਰੀ ਏ ਬੇਸ਼ਕ ਹੀਰ ਤੋਂ ਪੁੱਛ ਵੇਖੋ।

ਹੀਰ ਨੇ ਆਪਣੀ ਰਜ਼ਾਮੰਦੀ ਵਿੱਚ ਸਿਰ ਝੁਕਾ ਦਿੱਤਾ।

ਪਰੰਤੂ ਹਾਕਮ ਨੇ ਫ਼ੈਸਲਾ ਖੇੜਿਆਂ ਦੇ ਹੱਕ ਵਿੱਚ ਦੇ ਦਿੱਤਾ। ਹੀਰ ਰਾਂਝੇ ਪਾਸੋਂ ਖੋਹ ਲਈ ਗਈ। ਅਚਾਨਕ ਸਾਰੇ ਸ਼ਹਿਰ ਨੂੰ ਅੱਗ ਲੱਗ ਗਈ। ਲੋਕਾਂ ਜਾਤਾ ਕਿ ਇਹ ਹੀਰ ਰਾਂਝੇ ਦੀ ਬਦ ਅਸੀਸ ਦਾ ਫਲ ਹੈ। ਇਸ ਤਰ੍ਹਾਂ ਹਾਕਮ ਨੇ ਰਾਂਝੇ ਨੂੰ ਸੱਚਾ ਜਾਣ ਕੇ ਹੀਰ ਖੇੜਿਆਂ ਪਾਸੋਂ ਦੁਬਾਰਾ ਖੋਹ ਕੇ ਰਾਂਝੇ ਨੂੰ ਦੇ ਦਿੱਤੀ।

ਹੀਰ ਰਾਂਝਾ ਕਈ ਦਿਨਾਂ ਵਿੱਚ ਘੁੰਮਦੇ ਘੁਮਾਂਦੇ ਝੰਗ ਦੇ ਪੱਤਣ ਤੇ ਪੁੱਜ ਗਏ। ਕਿਸੇ ਨੇ ਚੂਚਕ ਨੂੰ ਜਾ ਦੱਸਿਆ ਕਿ ਹੀਰ ਰਾਂਝਾ ਪੱਤਣ 'ਤੇ ਬੈਠੇ ਨੇ। ਉਹ ਉਨ੍ਹਾਂ ਨੂੰ ਘਰ ਲੈ ਆਇਆ। ਉੱਪਰੋਂ ਚੂਚਕ ਬਹੁਤ ਖ਼ੁਸ਼ ਹੋਇਆ ਪਰੰਤੂ ਉਹ ਅੰਦਰੋਂ ਨਮੋਸ਼ੀ ਦਾ ਮਾਰਿਆ ਪਿਆ ਸੀ। ਉਸ ਰਾਂਝੇ ਦੀ ਬੜੀ ਖ਼ਾਤਰਦਾਰੀ ਕੀਤੀ। ਰਾਂਝੇ ਹੁਣ ਮੁੰਦਰਾਂ ਲਾਹ ਦਿੱਤੀਆਂ। ਜਟਾਂ ਕਟਵਾ ਕੇ ਮੁੜ ਧੀਦੋ ਰਾਂਝਾ ਬਣ ਬੈਠਾ। ਕਈ ਯਾਰ ਬੇਲੀ ਉਹਨੂੰ ਮਿਲਣ ਲਈ ਚੂਚਕ ਦੇ ਘਰ ਆਏ। ਹੀਰ ਦੀਆਂ ਸਹੇਲੀਆਂ ਖ਼ੁਸ਼ੀ ਨਾਲ਼ ਨੱਚਦੀਆਂ ਪਈਆਂ ਸਨ। ਰਾਂਝੇ ਦੀ ਵੰਝਲੀ ਮੁੜ ਮਿੱਠੀਆਂ ਤਾਨਾਂ ਛੇੜ ਦਿੱਤੀਆਂ। ਰੋਟੀ ਟੁਕਰ ਖਾਣ ਮਗਰੋਂ ਚੂਚਕ ਨੇ ਰਾਂਝੇ ਨੂੰ ਆਖਿਆ, "ਪੁੱਤਰ ਰਾਂਝਿਆ ਸਾਨੂੰ ਤੂੰ ਖ਼ਿਮਾ ਕਰ ਦੇ। ਅਸੀਂ ਹੀਰ ਨੂੰ ਤੇਰੇ ਨਾਲ਼ ਨਾ ਵਿਆਹ ਕੇ ਤੇਰੇ ਨਾਲ਼ ਬੜਾ ਅਨਿਆਂ ਕੀਤਾ ਸੀ। ਤੂੰ ਹੁਣ ਛੇਤੀ ਤੋਂ ਛੇਤੀ ਤਖ਼ਤ ਹਜ਼ਾਰੇ ਜਾਹ ਤੇ ਜੰਞ ਚੜ੍ਹਾ ਕੇ ਹੀਰ ਨੂੰ ਸ਼ਗਨਾਂ ਨਾਲ ਵਿਆਹ ਕੇ ਲੈ ਜਾ।" ਰਾਂਝਾ ਦੂਜੇ ਦਿਨ ਸਵੇਰੇ ਸਾਜਰੇ ਹੀ ਜੰਞ ਲੈਣ ਲਈ ਤਖ਼ਤ ਹਜ਼ਾਰੇ ਦੇ ਰਾਹ ਪੈ ਗਿਆ। ਉਹ ਸੋਚਦਾ ਪਿਆ ਸੀ ਕਿ ਉਹ ਹੁਣ ਆਪਣੀਆਂ ਭਾਬੀਆਂ ਦੇ ਮਾਰੇ ਹੋਏ ਤਾਹਨੇ ਨੂੰ ਪੂਰਾ ਕਰੇਗਾ।

ਤੀਜੇ ਦਿਨ ਰਾਂਝਾ ਸਿਹਰੇ ਬੰਨ੍ਹੀਂ ਜੰਞ ਸਮੇਤ ਝੰਗ ਸਿਆਲਾਂ ਨੂੰ ਚੱਲ ਪਿਆ। ਜਦ ਉਹ ਪਿੰਡ ਦੀ ਜੂਹ ਵਿੱਚ ਪੁੱਜੇ ਤਾਂ ਰਾਂਝੇ ਦਾ ਇਕ ਜਾਣੂ ਮੱਝਾਂ ਚਰਾਂਦਾਂ ਚਰਾਂਦਾ ਜੰਞ ਪਾਸ ਪੁੱਜਾ ਤੇ ਰਾਂਝੇ ਨੂੰ ਗਲਵੱਕੜੀ ਪਾ ਕੇ ਰੋਣ ਲੱਗਾ! "ਰਾਂਝਿਆ ਔਹ ਵੇਖਦਾ ਪਿਆਂ ਏਂ ਨਵੀਂ ਕਬਰ! ਇਹ ਤੇਰੀ ਹੀਰ ਦੀ ਕਬਰ ਏ! ਹੀਰ ਦੇ ਮਾਪਿਆਂ ਨੇ ਉਹਨੂੰ ਜ਼ਹਿਰ ਦੇ ਕੇ ਮਾਰ ਦਿਤੈ।" "ਉਹਨੇ ਨਵੀਂ ਬਣੀ ਕਬਰ ਵੱਲ ਇਸ਼ਾਰਾ ਕਰਕੇ ਆਖਿਆ।

ਰਾਂਝੇ ਨੇ ਇਹ ਸੁਣਦੇ ਹੀ ਭੁੱਬ ਮਾਰੀ ਤੇ ਹੀਰ ਦੀ ਕਬਰ ਤੇ ਟੱਕਰਾਂ ਮਾਰ ਮਾਰ ਜਾਨ ਦੇ ਦਿੱਤੀ।

ਜਾਂਞੀਆਂ ਨੇ ਕਬਰ ਨੂੰ ਮੁੜ ਫੋਲਿਆ ਤੇ ਰਾਂਝੇ ਨੂੰ ਵੀ ਉਸੇ ਕਬਰ ਵਿੱਚ ਦਫ਼ਨਾ ਦਿੱਤਾ!

ਜੰਞ ਉਦਾਸ ਉਦਾਸ ਤਖ਼ਤ ਹਜ਼ਾਰੇ ਨੂੰ ਪਰਤ ਆਈ। ਬੇਲਾ ਸੁੰਨਾ ਪਿਆ ਸੀ।

ਨਾਜ਼ਕ ਪੈਰ ਮਲੂਕ ਸੱਸੀ ਦੇ
ਮਹਿੰਦੀ ਨਾਲ ਸ਼ਿੰਗਾਰੇ
ਬਾਲੂ ਰੋਤ ਤਪੇ ਵਿੱਚ ਥਲ ਦੇ
ਜਿਊਂ ਜੌਂ ਭੁੰਨਣ ਭਠਿਆਰੇ
ਸੂਰਜ ਭੱਜ ਵੜਿਆ ਵਿੱਚ ਬੱਦਲੀਂ
ਡਰਦਾ ਲਿਸ਼ਕ ਨਾ ਮਾਰੇ
ਹਾਸ਼ਮ ਵੇਖ ਯਕੀਨ ਸੱਸੀ ਦਾ
ਸਿਦਕੋਂ ਮੂਲ ਨਾ ਹਾਰੇ