ਸਮੱਗਰੀ 'ਤੇ ਜਾਓ

ਪੰਨਾ:ਅਨੋਖੀ ਭੁੱਖ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਣਾਇਆਂ ਪਰ ਬੋਲਾ ਨਹੀਂ ਕੀਤਾ, ਕਿਉਂਕਿ ਅੱਖਾਂ ਦੇ ਨਾ ਹੁੰਦਿਆਂ ਵੀ ਮੈਂ ਆਪਣੇ ਕੰਨਾਂ ਦਵਾਰਾ ਸ਼ਬਦ ਨੂੰ ਸੁਣ ਕੇ ਅਨੰਦ ਸਾਗਰ ਦੀਆਂ ਮੌਜਾਂ ਲੈ ਸਕਦੀ ਹਾਂ।

ਉਹਨਾਂ ਮੁੜ ਪੁਛਿਆ, 'ਕਿਉਂ ਰੋਨੀ ਹੈਂ, ਕਿਸੇ ਨੇ ਕੁਝ ਕਿਹਾ ਹੈ?'

ਉਹਨਾਂ ਨਾਲ ਗੱਲ ਕਰਨ ਦਾ ਮੈਨੂੰ ਅਵਸਰ ਮਿਲਿਆ, ਹੁਣ ਮੈਂ ਕਿਉਂ ਨਾ ਬੋਲਦੀ? ਮੈਂ ਆਖਿਆ - 'ਤੁਹਾਡੀ ਭਰਜਾਈ ਨੇ ਮੇਰੀ ਨਿਰਾਦਰੀ ਕੀਤੀ ਹੈ!'

ਉਹਨੇ ਕਿਹਾ - 'ਭਰਜਾਈ ਦੀ ਗੱਲ ਤੇ ਧਿਆਨ ਨਾ ਦੇਹ, ਉਹ ਦਿਲ ਦੀ ਮਾੜੀ ਨਹੀਂ! ਆ ਮੇਰੇ ਨਾਲ, ਹੁਣ ਉਹ ਤੇਰੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰੇਗੀ। ਉਹ ਕੇਵਲ ਮੂੰਹ ਦੀ ਹੀ ਕੌੜੀ ਹੈ, ਦਿਲ ਦੀ ਨਹੀਂ।'

ਭਲਾ ਮੈਂ ਉਹਨਾਂ ਨਾਲ ਕਿਉਂ ਨਾ ਜਾਂਦੀ? ਕੀ ਉਹਨਾਂ ਦੇ ਸਾਹਮਣੇ ਹੋਣ ਨਾਲ ਕ੍ਰੋਧ ਠਹਿਰ ਸਕਦਾ ਹੈ? ਕਦੀ ਨਹੀਂ! ਮੈਂ ਉਠਕੇ ਪਿਛੇ ਪਿਛੇ ਤੁਰ ਪਈ, ਜਦ ਪੌੜੀਆਂ ਚੜ੍ਹਨ ਲਗੇ ਤਾਂ ਬੋਲੇ, 'ਤੂੰ ਵੇਖ ਨਹੀਂ ਸਕਦੀ, ਮੇਰਾ ਹੱਥ ਫੜ ਲੈ।'

ਮੇਰਾ ਸਰੀਰ ਕੰਬ ਉਠਿਆ। ਉਹਨਾਂ ਅੰਨ੍ਹੀ ਸਮਝਕੇ ਪੌੜੀਆਂ ਚੜ੍ਹਾਉਣ ਲਈ ਹਥ ਫੜ ਲਿਆ। ਇਸ ਵਿਚ ਜੇ ਮੈਂ ਨਿੰਦਾ ਦੇ ਯੋਗ ਹਾਂ ਤਾਂ ਪਏ ਕਰੋ! ਮੈਂ ਤਾਂ ਆਪਣਾ ਹੱਥ ਆਪਣੇ ਪ੍ਰੀਤਮ ਦੇ ਹਥ ਵਿਚ ਫੜਾ ਕੇ ਆਪਣਾ ਇਸਤ੍ਰੀ-ਜਨਮ ਸਫ਼ਲ ਸਮਝਦੀ ਹਾਂ। ਮੈਂ ਲਾਹੌਰ ਦੇ ਚੱਪੇ ਚੱਪੇ ਤੋਂ ਜਾਣੂ ਸਾਂ, ਪਰ ਪੌੜੀਆਂ ਚੜ੍ਹਨ ਵੇਲੇ ਛੋਟੇ ਬਾਬੂ ਤੋਂ ਹੱਥ ਨਹੀਂ ਛੁਡਾਇਆ। ਛੋਟੇ ਬਾਬੂ - ਕੀ ਆਖਾਂ? ਕੀ ਕਹਿ ਕੇ ਬੁਲਾਵਾਂ? ਉਹਨਾਂ ਮੇਰਾ ਹੱਥ ਫੜ ਹੀ ਲਿਆ।