ਪੰਨਾ:ਅਨੋਖੀ ਭੁੱਖ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਉਹ ਬੋਲੀ - 'ਕਿਸ ਤਰਾਂ ਜਾਵਾਂ, ਮੈਂ ਤਾਂ ਅੰਨ੍ਹੀ ਹਾਂ ਤੇ ਇਸ ਰਸਤੇ ਅਗੇ ਕਦੇ ਨਹੀਂ ਆਈ।'

ਅੰਨ੍ਹੀ ਸੁਣ ਕੇ ਮੇਰਾ ਬਲ ਹੋਰ ਵਧੇਰਾ ਹੋ ਗਿਆ। ਮੈਂ ਵੀ ਇਕ ਸ਼ੁਕਲਾ ਨਾਮ ਦੀ ਅੰਨ੍ਹੀ ਦੀ ਭਾਲ ਵਿਚ ਸਾਂ। ਉਹ ਦੁਸ਼ਟ ਮੈਨੂੰ ਮਾਰ ਤਾਂ ਨਹੀਂ ਸੀ ਸਕਦਾ, ਪਰ ਇਕ ਪਾਸੇ ਵਲ ਘਸੀਟਦਾ ਜਾ ਰਿਹਾ ਸੀ। ਮੈਂ ਸਮਝ ਗਿਆ ਜੁ ਇਹ ਕਟਾਰ ਵਲ ਜਾ ਰਿਹਾ ਹੈ। ਬੱਸ ਮੈਂ ਹਥ ਛੁਡਾ ਕੇ ਪਹਿਲਾਂ ਹੀ ਕਟਾਰ ਫੜ ਲਈ, ਪਰ ਉਹਨੇ ਇਕ ਰੁਖ ਦੀ ਟਾਹਣੀ ਤੋੜ ਕੇ ਮੇਰੇ ਹਥ ਤੇ ਅਜਿਹੀ ਮਾਰੀ ਜੁ ਕਟਾਰ ਮੇਰੇ ਹਥੋਂ ਡਿੱਗ ਪਈ। ਉਸਨੇ ਕਟਾਰ ਫੜ ਕੇ ਮੈਨੂੰ ਦੋ ਤਿੰਨ ਥਾਵਾਂ ਤੋਂ ਘਾਇਲ ਕੀਤਾ ਤੇ ਆਪ ਉਥੇ ਖਲੋ ਨਾ ਸਕਿਆ ਅਤੇ ਡਰਦਾ ਮਾਰਾ ਨੱਸ ਗਿਆ।

ਮੈਨੂੰ ਬੜਾ ਦੁਖ ਹੋਇਆ। ਬੜੇ ਕਸ਼ਟ ਨਾਲ ਮੈਂ ਇਕ ਨੇੜੇ ਦੇ ਪਿੰਡ ਵਲ ਤੁਰ ਪਿਆ। ਉਸ ਪਿੰਡ ਵਿਚ ਮੇਰੇ ਸਾਕ ਰਹਿੰਦੇ ਸਨ। ਕੁਝ ਦੂਰ ਜਾ ਕੇ ਮੈਂ ਨਿਢਾਲ ਹੋ ਗਿਆ, ਪਰ ਇਕ ਰਾਹੀ ਨੇ ਮੇਰੇ ਪਤਾ ਦਸਨ ਤੇ ਮੈਨੂੰ ਉਸ ਪਿੰਡ ਵਿਚ ਪਹੁੰਚਾ ਦਿੱਤਾ।

ਉਥੇ ਮੇਂ ਕੁਝ ਦਿਨ ਰਿਹਾ ਤੇ ਉਹ ਅੰਨ੍ਹੀ ਇਸਤ੍ਰੀ ਵੀ ਮੇਰੇ ਪਿਛੇ ਪਿਛੇ ਆ ਕੇ ਉੱਥੇ ਹੀ ਠਹਿਰ ਗਈ। ਮੈਨੂੰ ਅਜਿਹੀ ਅਵਸਥਾ ਵਿਚ ਵੇਖ ਕੇ ਉਸਨੇ ਜਾਣਾ ਉਚਿਤ ਨਾ ਸਮਝਿਆ। ਕੁਝ ਦਿਨਾਂ ਉਪਰੰਤ ਮੈਂ ਅਰੋਗੀ ਹੋ ਗਿਆ। ਉਸੇ ਦਿਨ ਉਸ ਅੰਨ੍ਹੀ ਇਸਤ੍ਰੀ ਨੂੰ ਮੈਂ ਪੁਛਿਆ- 'ਤੁਹਾਡਾ ਨਾਉਂ ਕੀ ਹੈ?'
‘ਸ਼ੁਕਲਾ!'
ਮੈਂ ਤ੍ਰਬਕ ਪਿਆ। ਪੁਛਿਆ, 'ਤੂੰ ਪ੍ਰੇਮ ਚੰਦ ਦੀ ਲੜਕੀ ਹੈਂ'?'
ਸ਼ੁਕਲਾ ਬੜੀ ਅਸਚਰਜ ਹੋਈ। ਬੋਲੀ - 'ਤੁਸੀਂ ਮੇਰੇ ਪਿਤਾ ਨੂੰ ਜਾਣਦੇ ਹੋ?'