ਪੰਨਾ:ਅਨੋਖੀ ਭੁੱਖ.pdf/58

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਥਾ ਪ੍ਰਕਰਣ

ਸਾਰਿਆਂ ਦੀਆਂ ਗੱਲਾਂ

.੧.


ਕੁਸਮਲਤਾ ਦੀ ਜ਼ਬਾਨੀ ਬੜੀ ਖਰਾਬੀ ਹੋਈ ! ਮੈਂ ਅਨੇਕਾਂ ਮਿੰਨਤਾਂ ਨਾਲ ਸੰਨਿਆਸੀ ਨੂੰ ਕਿਸ਼ੋਰ ਚੰਦ ਦੇ ਪ੍ਰੇਰਨ ਤੇ ਲਾਇਆ ਸੀ ਤੇ ਅਜੇਹਾ ਉਪਾਉ ਕਰਾਇਆ ਸੀ, ਜਿਸ ਕਰਕੇ ਕਿਸ਼ੋਰ ਸ਼ੁਕਲਾ ਨੂੰ ਪਿਆਰ ਕਰਨ ਲੱਗ ਜਾਵੇ ਤੇ ਉਸਦੇ ਨਾਲ ਵਿਆਹ ਕਰਕੇ ਸਾਰੀ ਗਈ ਹੋਈ ਦੌਲਤ ਦਾ ਨਵੇਂ ਸਿਰਿਓਂ ਅਧਿਕਾਰੀ ਹੋ ਜਾਵੇ। ਸੰਨਿਆਸੀ ਜੀ ਦੇ ਵੱਸ ਵਿਚ ਸਭ ਕੁਝ ਹੈ ਅਤੇ ਇਸ ਸੰਸਾਰ ਉਤੇ ਕੋਈ ਅਜੇਹੀ ਗੁੰਝਲ ਨਹੀਂ ਜਿਸ ਨੂੰ ਉਹ ਆਪਣੇ ਯੋਗ-ਬਲ ਨਾਲ ਸੁਲਝਾ ਨਾ ਸਕਣ । ਉਹਨਾਂ ਦੇ ਹੀ ਉਦਮ ਨਾਲ ਕਿਸ਼ੋਰ ਚੰਦ ਕੁਝ ੨ ਸਿਧੇ ਰਾਹ ਪਿਆ ਪਰ ਫੇਰ ਵੀ ਬੜੀ ਖਰਾਬੀ ਹੋਈ। ਇਹ ਸਾਰੀ ਖਰਾਬੀ ਦੀ ਜੜ੍ਹ ਬਲਬੀਰ ਹੀ ਸੀ । ਅਤੇ ਹੁਣ ਸੁਣਿਆਂ ਹੈ ਜੋ ਸ਼ੁਕਲਾ ਦਾ ਵਿਆਹ ਉਸੇ ਨਾਲ ਹੋਣਾ ਹੀ ਨੀਯਤ ਹੋਇਆ ਹੈ।

ਸ਼ੁਕਲਾ ਦੀ ਮਾਸੀ ਤੇ ਮਾਸੜ ਕਾਂਸ਼ੀ ਰਾਮ ਅਤੇ ਉਹਦੀ ਪਤਨੀ ਸਾਡੇ ਵਲ ਸਨ । ਇਸ ਦਾ ਕਾਰਨ ਇਹ ਸੀ ਕਿ ਅਸੀਂ ਉਨ੍ਹਾਂ ਨੂੰ ਧੀ ਦੇ ਵਿਆਹ ਤੇ ਵਧਾਈ ਦੇਣ ਦਾ ਇਕਰਾਰ ਕੀਤਾ ਸੀ। ਕਹਿਣ ਨੂੰ ਤਾਂ ਭਾਵੇਂ ਵਧਾਈ ਹੀ ਸੀ,ਪਰ ਵਾਸਤਵ ਵਿਚ ਅਸਾਂ ਦੋ ਤਿੰਨ ਹਜ਼ਾਰ ਦੇਣਾ ਕੀਤਾ ਸੀ । ਉਹਨਾਂ ਦੇ ਸਾਡੇ ਵਲ ਹੋਂਦਿਆ ਵੀ ਕੁਝ ਨਹੀਂ ਸੀ ਬਣਦਾ । ਬਲਬੀਰ ਬੜਾ ਪ੍ਰਬਲ ਸੀ। ਉਹਦਾ ਹਠ ਸੀ ਜੁ ਉਹ ਜ਼ਰੂਰ ਸ਼ੁਕਲਾ ਨਾਲ ਵਿਆਹ ਕਰੇਗਾ ।

੬੧.