ਪੰਨਾ:ਅਰਸ਼ੀ ਝਲਕਾਂ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾਕਸਤਾਨ

ਗੱਲਾਂ ਉਲਟੀਆਂ ਹੋਣ ਜਹਾਨ ਦੀਆਂ,
ਕੁਦਰਤ ਆਪਣਾ ਰੰਗ ਵਟਾ ਜਾਵੇ।
ਸੂਰਜ ਪਛਮੋਂ ਨਿਕਲੇ ਸਵੇਰ ਹੁੰਦੇ,
ਚੜ੍ਹਦੇ ਸਾਰ ਹਨੇਰ ਵਰਤਾ ਜਾਵੇ।
ਨਿਕਲੇ ਲਾਟ ਸਮੁੰਦਰ ਦੀ ਛਲ ਵਿਚੋਂ,
ਪਾਣੀ ਛਾਲੇ ਸਰੀਰ ਤੇ ਪਾ ਜਾਵੇ।
ਸਾੜੇ ਖੇਤੀਆਂ ਚਾਨਣੀ ਚੰਦਰਮਾ ਦੀ,
ਬਰਫ ਆਪਣਾ ਬਦਲ ਸੁਭਾ ਜਾਵੇ।

ਇਹ ਤਾਂ ਸਾਰੀਆਂ ਗੱਲਾਂ ਹੋ ਸਕਦੀਆਂ ਨੇ।
ਵੇਖਣ ਵਿਚ ਆ ਜਾਣ ਜਹਾਨ ਦੀਆਂ।
ਐਪਰ ਨਹੀਂ ਮੁਮਕਿਨ ਜੀਉਂਦੇ ਜੀ ਸਾਡੇ,
ਵਿਓਤਾਂ ਬਣ ਸਕਣ ਪਾਕਿਸਤਾਨ ਦੀਆਂ।

ਇਕ ਮਿਕ ਜਿਥੇ ਉਮਰਾ ਪਲੇ ਖੇਡੇ,
ਗੰਢਾਂ ਪੀਚੀਆਂ ਗਈਆਂ ਪਿਆਰ ਦੀਆਂ।
ਪਾਣੀ ਇਕ ਕਿਆਰੀ ਦਾ ਪੀ ਕੇ ਤੇ,
ਕਲੀਆਂ ਟਹਿਕੀਆਂ ਇਕੋ ਗੁਲਜ਼ਾਰ ਦੀਆਂ।

੮੪.