ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟਿੱਲੇ ਜਾ ਕੇ ਕੰਨ ਪੜਵਾਕੇ ਜੋਗੀ ਬਣ ਜਾਵੇ ਅਤੇ ਫਿਰ ਹੀਰ ਦੀ ਹਦਾਇਤ ਅਨੁਸਾਰ ਖੇੜੀਂ ਪੁੱਜੇ। ਅਜਿਹਾ ਅਮਲ ਕਰਨ ਲਈ ਹੀਰ ਇੱਕ ਕਾਸਦ (ਔਰਤ) ਰਾਹੀਂ ਸੁਨੇਹਾ ਭੇਜਦੀ ਹੈ।

ਚੁਸਤੀ ਆਪਣੀ ਪਕੜ ਨਾ ਹਾਰ ਹਿੰਮਤ,
ਹੀਰ ਨਹੀਉਂ ਇਸ਼ਕ ਦੇ ਵਿੱਚ ਢਿੱਲੀ।

[1]

ਬਾਲ ਨਾਥ ਦੇ ਟਿੱਲੇ ਜਾ ਕੇ ਕੰਨ ਪੜਵਾਉਂਦਾ ਅਤੇ ਜੋਗੀ ਬਣ ਜਾਂਦਾ ਹੈ। ਨਾਥ ਉਸਨੂੰ ਸਾਬਤ ਲੰਗੋਟੀ ਰੱਖਣ ਲਈ ਨਸੀਹਤ ਕਰਦਾ ਹੈ ਪਰ ਰਾਂਝਾ ਇੱਥੇ ਪ੍ਰਮਾਣਿਕ ਅਸਤਿਤਵ ਦਾ ਪ੍ਰਗਟਾਵਾ ਕਰਦਿਆਂ ਸਪਸ਼ਟ ਕਹਿੰਦਾ ਹੈ:

. ਸਾਬਤ ਹੁੰਦੀ ਲੰਗੋਟੀ ਜੇ ਸੁਣੀਂ ਨਾਥਾ
. ਕਾਹੇ ਝੱਗੜਾ ਚਾਇ ਉਜਾੜਦਾ ਮੈਂ।[2]
. ਜੇ ਮੈਂ ਜਾਣਦਾ ਹੱਸਣੋਂ ਮਨ੍ਹਾਂ ਕਰਨਾ,
. ਤੇਰੇ ਟਿੱਲੇ ਤੇ ਧਾਰ ਨਾ ਮਾਰਦਾ ਮੈਂ।[3]
. ਨਾਥਾ ਜਿਉਂਦਿਆਂ ਮਰਨ ਹੈ ਬੜਾ ਔਖਾ
. ਸਾਥੋਂ ਇਹ ਨਾ ਵਾਅਦੇ ਹੋਵਣੇ ਜੀ।[4]

ਬਾਲ ਨਾਥ ਰਾਂਝੇ ਲਈ ਹੀਰ ਵਾਸਤੇ ਪੀਰਾਂ ਅੱਗੇ ਅਰਦਾਸ ਕਰਦਾ ਹੋਇਆ- ਨਾਲ਼ੇ ਅਰਜ਼ ਕਰਦਾ ਹੈ ਅਤੇ ਨਾਲੇ ਸੰਗਦਾ ਹੈ ਬਈ ਮੈਂ ਕੇਹੋਜੀ ਬੇਨਤੀ ਪੀਰਾਂ ਅੱਗੇ ਕਰ ਰਿਹਾ ਹਾਂ। ਇਉਂ ਨਾਥ ਅਪ੍ਰਮਾਣਿਕ ਅਸਤਿਤਵ ਦਾ ਪ੍ਰਗਟਾਵਾ ਕਰ ਰਿਹਾ ਹੈ ਅਤੇ ਉਸਦਾ ਨਿਸ਼ਚਾ ਖੋਟਾ (Bad faith) ਹੈ। ਫਿਰ ਵੀ ਪੰਜਾਂ ਪੀਰਾਂ ਵੱਲੋਂ ‘ਹੋਇਆ ਹੁਕਮ ਦਰਗਾਹ ਥੀਂ ਹੀਰ ਬਖ਼ਸ਼ੀ' ਦਾ ਐਲਾਨ ਹੁੰਦਾ ਹੈ। ਧਾਰਮਿਕ ਅਸਤਿਤਵਵਾਦੀਆਂ ਅਨੁਸਾਰ ਇਹੋ ਨਦਰ (Grace) ਸਮਝਣੀ ਬਣਦੀ ਹੈ।

ਜੋਗੀ ਬਾਲ ਨਾਥ ਦੇ ਉਹ ਚੇਲੇ ਜੋ ਬੜੀ ਦੇਰ ਤੋਂ ਉਸਦੇ ਟਿੱਲੇ ਤੇ ਰਹਿਕੇ ਜੋਗ ਪ੍ਰਾਪਤੀ ਦੀ ਉਡੀਕ ਵਿੱਚ ਸਨ, ਉਨ੍ਹਾਂ ਦੇ ਅਸਤਿਤਵ ਨੂੰ ਠੇਸ ਪੁੱਜਦੀ ਹੈ। ਇੱਕ ਦਾ ਕੰਮ ਪਲਕ ਵਿੱਚ ਹੋ ਜਾਣ ਨਾਲ ‘ਲੱਗੀ ਅੱਗ ਜੋਗੀਅੜਿਆਂ ਸਾਰਿਆਂ ਨੂੰ' ਤੋਂ ਅਜਿਹਾ ਹੀ ਸਪਸ਼ਟ ਹੁੰਦਾ ਹੈ।

ਨਾਥ ਤੋਂ ਵਿਦਾਇਗੀ ਲੈ ਕੇ ਰਾਂਝਾ ਉਥੋਂ ਤੁਰੰਤ ਪੱਤਰਾ ਵਾਚਦਾ ਹੈ। ਜਿਨ੍ਹਾਂ ਪਿੰਡਾਂ ਵਿੱਚ ਦੀ ਲੰਘਦਾ ਹੈ, ਉਨ੍ਹਾਂ ਲੋਕਾਂ ਦੀ ਸ਼ੰਕਾ ਨੂੰ ਦੂਰ ਕਰਦਾ ਹੋਇਆ ਰਾਂਝਾ ਕਹਿੰਦਾ ਹੈ 'ਸੱਤ ਜਨਮ ਕੇ ਹਮੀਂ ਹਾਂ ਨਾਥ ਪੁਰੇ', ਆਪਣਾ ਨਾਂ ਦੁੱਖ-ਭੰਜਨ ਨਾਥ ਪੋਤਰਾ ਧਨੰਤਰ ਨਾਥ ਵੈਦ ਦਾ ਕਹਿੰਦਾ ਹੈ। ਅਯਾਲੀ ਉਸਨੂੰ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 120

  1. ਸ਼ਾਹ ਚਮਨ (ਸੰ.), ਉਹੀ, ਪੰ. 88
  2. ਉਹੀ, ਪੰ. 98
  3. ਉਹੀ
  4. ਉਹੀ, ਪੰ.99