ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਨ੍ਹਾਂ ਸ਼ਬਦਾਂ ਵਿੱਚ ਪ੍ਰਸ਼ੰਸਾ ਕਰਦਾ ਹੈ:

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ,
ਜੰਮੂ ਕਾਂਗੜਾ ਕੋਟ ਨਿਵਾਇ ਗਿਆ।
ਹੋਰ ਦੇਸ਼ ਲਦਾਖ ਤੇ ਚੀਨ ਤੋੜੀ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ
ਅੱਛਾ ਰੱਜਕੇ ਰਾਜ ਕਮਾਇ ਗਿਆ।[1]

ਪਰ ਜਦੋਂ ਮਹਾਂਬਲੀ ਦਾ ਦੇਹਾਂਤ ਹੋ ਗਿਆ ਤਾਂ ਉਸਦੀ ਥਾਂ ਉਸਦਾ ਪੁੱਤਰ ਸ਼ਹਿਜ਼ਾਦਾ ਖੜਕ ਸਿੰਘ ਗੱਦੀ ਤੇ ਬੈਠਿਆ। ਉਹ ਯੋਗਤਾ ਪੱਖੋਂ ਆਪਣੇ ਪਿਤਾ ਦੇ ਮੁਕਾਬਲੇ ਤੇ ਤੁੱਛ ਸੀ। ਸੰਭਾਵਨਾ ਸੀ ਕਿ ਉਹ ਤਜਰਬੇਕਾਰ ਮੰਤਰੀਆਂ ਦੇ ਆਸਰੇ ਪ੍ਰਬੰਧ ਚਲਾਉਂਦਾ ਰਹੇਗਾ ਪਰ ਖੜਕ ਸਿੰਘ, ਚੇਤ ਸਿੰਘ ਨੌਜਵਾਨ ਦੇ ਇਤਨਾ ਨੇੜੇ ਹੋ ਗਿਆ ਸੀ ਕਿ ਉਹ ਦੋਵੇਂ ਕਿਲਾ ਮਹਿਲਾਤ ਵਿੱਚ ਰਹਿਣ ਲੱਗ ਪਏ ਸਨ। ਖੜਕ ਸਿੰਘ ਆਪਣੀ ਪਤਨੀ ਰਾਣੀ ਚੰਦ ਕੌਰ ਨੂੰ ਵੀ ਅਣਗੌਲਿਆ ਕਰ ਰਿਹਾ ਸੀ। ਦਰਬਾਰ ਵਿੱਚ ਵੀ ਸਾਰੇ ਕੰਮ ਚੇਤ ਸਿੰਘ ਦੀ ਸਲਾਹ ਨਾਲ ਹੋਣ ਲੱਗ ਪਏ। ਉਸ ਉੱਪਰ ਅੰਗਰੇਜ਼ਾਂ ਲਈ ਜਾਸੂਸੀ ਦਾ ਵੀ ਸ਼ੱਕ ਸੀ। ਰਾਜਾ ਧਿਆਨ ਸਿੰਘ ਨੇ ਚੇਤ ਸਿੰਘ ਨੂੰ ਮਾਰਨ ਦੀ ਸਲਾਹ ਦਿੱਤੀ ਤਾਂ ਰਾਣੀ ਚੰਦ ਕੌਰ ਅਤੇ ਕੰਵਲ ਨੌਨਿਹਾਲ ਸਿੰਘ ਨੇ ਇਸ ਨੂੰ ਪ੍ਰਵਾਨ ਕਰ ਲਿਆ। 8 ਅਕਤੂਬਰ 1839 ਨੂੰ ਮਹਾਰਾਜਾ ਖੜਕ ਸਿੰਘ ਦੇ ਸਾਹਮਣੇ ਚੇਤ ਸਿੰਘ ਦਾ ਕਤਲ ਕਰ ਦਿੱਤਾ ਗਿਆ। ਸ਼ਾਹ ਮੁਹੰਮਦ ਖੜਕ ਸਿੰਘ ਦੇ ਦੁਖੀ ਮਨ ਤੋਂ ਇਉਂ ਅਖਵਾਉਂਦਾ ਹੈ:

ਮੇਰੇ ਬੈਠਿਆਂ ਇਨ੍ਹਾਂ ਨੇ ਕਤਲ ਕੀਤਾ
ਇਹ ਤਾਂ ਗ਼ਰਕ ਜਾਵੇ ਦਰਬਾਰ ਮੀਆਂ
ਪਿਛੇ ਸਾਡੇ ਵੀ ਕੌਰ ਨਾ ਰਾਜ ਕਰਸੀ
ਅਸੀਂ ਮਰਾਂਗੇ ਏਸ ਨੂੰ ਮਾਰ ਮੀਆਂ
ਨਾ ਹੱਕ ਦਾ ਇਨ੍ਹਾਂ ਨੇ ਖ਼ੂਨ ਕੀਤਾ,
ਇਹ ਤਾਂ ਮਰਨਗੇ ਸਭ ਸਰਦਾਰ ਮੀਆਂ।[2]

ਅਜਿਹੀ ਹੀ ਘਟਨਾ ਮਾਰਲੋ (Marlowe) ਦੇ ਐਡਵਰਡ ਦੂਜੇ (Edward II) ਵਿੱਚ ਵਾਪਰਦੀ ਹੈ। ਐਡਵਰਡ ਦੂਜੇ ਦਾ ਗੇਵਸਟੋਨ ਨਾਲ ਵੈਸਾ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 134

  1. ਉਹੀ, ਮੁਲਪਾਠ, ਬੰਦ ਨੰ: 5
  2. ਉਹੀ, ਬੰਦ ਨੰ: 7