ਸਮੱਗਰੀ 'ਤੇ ਜਾਓ

ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਧਿਆਇ ਗਿਆਰਵਾਂ

ਅਮਲ ਜਿ ਕੀਤੇ ਦੁਨੀ ਵਿਚਿ

ਵਿਚਾਰਾਧੀਨ ਸਵੈ-ਜੀਵਨੀ ਪੰਜਾਬੀ ਦੇ ਉੱਚ-ਕੋਟੀ ਦੇ ਵਿਦਵਾਨ ਪ੍ਰੋ: (ਡਾ.) ਰਤਨ ਸਿੰਘ ਜੱਗੀ ਦੀ ਰਚਨਾ ਹੈ। ਪੰਜਾਬੀ ਜਗਤ ਲਈ ਡਾ. ਜੱਗੀ ਕਿਸੇ ਰਸਮੀ ਜਾਣ-ਪਛਾਣ ਦੇ ਮੁਥਾਜ ਨਹੀਂ ਹਨ। ਹਥਲੀ ਆਤਮ-ਕਥਾ ਉਨ੍ਹਾਂ ਦੇ ਜੀਵਨ-ਸੰਘਰਸ਼ ਦੀ ਗਾਥਾ ਨੂੰ ਭਰਵੇਂ ਰੂਪ ਵਿੱਚ ਉਜਾਗਰ ਕਰਦੀ ਹੈ। ਕਿਸੇ ਵੀ ਰਚਨਾ ਦਾ ਵਿਭਿੰਨ ਆਲੋਚਨਾ ਦ੍ਰਿਸ਼ਟੀਆਂ ਅਨੁਸਾਰ ਅਧਿਐਨ ਕੀਤਾ ਜਾ ਸਕਦਾ ਹੈ। ਅਸਾਂ ਇਸ ਰਚਨਾ ਦੇ ਅਧਿਐਨ ਲਈ ਅਸਤਿਤਵਵਾਦੀ ਆਲੋਚਨਾ ਪ੍ਰਣਾਲੀ ਨੂੰ ਅਪਨਾਇਆ ਹੈ।

ਇਸ ਪ੍ਰਕਾਰ ਦੇ ਅਧਿਐਨ ਲਈ ਸਭ ਤੋਂ ਪਹਿਲੀ ਗੱਲ ਇਹ ਸਮਝਣੀ ਬਣਦੀ ਹੈ ਕਿ ਇਸ ਰਚਨਾ ਦੇ ਨਾਇਕ (ਡਾ. ਜੱਗੀ) ਨੂੰ ਕਿਸ ਪ੍ਰਕਾਰ ਦੇ ਵਿਰਾਸਤੀ ਗੁਣ ਪ੍ਰਾਪਤ ਹੋਏ। ਇਹੋ ਹੀ ਉਸ ਨਾਇਕ ਦੀ ਤਥਾਤਮਕਤਾ (Facticity) ਸਮਝਣੀ ਬਣਦੀ ਹੈ। ਡਾ. ਜੱਗੀ ਦਾ ਜਨਮ ਪਿੰਡੀਘੇਬ (ਪਾਕਿਸਤਾਨ) ਵਿੱਚ 19 ਜੁਲਾਈ 1927 ਨੂੰ ਪਿਤਾ ਲੋੜੀਂਦਾ ਮੱਲ ਦੇ ਗ੍ਰਹਿ ਵਿਖੇ ਹੋਇਆ। ਜਨਮ ਸਮੇਂ ਰੰਗ ਗੋਰਾ ਸੀ ਪਰ ਧੁਆਂਖੇ ਵਾਤਾਵਰਨ ਦੇ ਪ੍ਰਭਾਵ ਅਧੀਨ ਸਾਂਵਲਾ ਹੋ ਗਿਆ। ਡਾ. ਜੱਗੀ ਦਾ ਨਾਮਕਰਨ ਰਤਨ ਸਿੰਘ ਵਜੋਂ ਨਿਰਮਲੇ ਸੰਤ ਸੁੱਚਾ ਸਿੰਘ ਵੱਲੋਂ ਕੀਤਾ ਗਿਆ ਜਿਨ੍ਹਾਂ ਪ੍ਰਤੀ ਉਸਦੀ ਸ਼ਰਧਾ ਸਾਰੀ ਆਯੂ ਬਣੀ ਰਹੀ। ਪਿੰਡੀਘੇਬ ਦੇ ਇਲਾਕੇ ਵਿੱਚ ਨਾਥ ਜੋਗੀਆਂ ਦਾ ਡੇਰਾ, ਠਾਕਰ ਦੁਆਰਾ, ਮਸੀਤ ਆਦਿ ਤੋਂ ਬਿਨਾਂ ਅਨੇਕਾਂ ਗੁਰਦੁਆਰੇ ਸਨ। ਉਸਨੇ 1943 ਈ: ਵਿੱਚ ਦਸਵੀਂ ਪਾਸ ਕੀਤੀ-ਦੂਜੇ ਦਰਜੇ ਵਿੱਚ। ਹਾਕੀ, ਫੁੱਟਬਾਲ, ਗੁੱਲੀ ਡੰਡਾ ਖੇਡਣ ਵਿੱਚ ਰੁਚੀ ਸੀ। ਪਿੰਡੀਘੇਬ ਉਹੀ ਹੈ ਜਿੱਥੋਂ ਦੇ ਸੇਵਾ ਦਾਸ ਨੂੰ ਪੁਰਾਤਨ ਜਨਮ ਸਾਖੀ ਦਾ ਲੇਖਕ ਮੰਨਿਆ ਜਾਂਦਾ ਹੈ। ਡਾ. ਜੱਗੀ ਕੁਦਰਤ ਵੱਲੋਂ ਬਚਪਨ ਤੋਂ ਹੀ ਚੰਚਲ ਬਿਰਤੀ ਨਾਲ ਵਰੋਸਾਇਆ ਹੋਇਆ ਸੀ। ਬਚਪਨ ਵਿੱਚ ਪ੍ਰਾਪਤ ਇਹੋ ਚੰਚਲਤਾ ਉਸਦੇ ਅਸਤਿੱਤਵ ਦੇ ਵਿਕਾਸ ਵਿੱਚ ਸਾਰੀ ਆਯੂ ਕਾਰਜਸ਼ੀਲ ਹੁੰਦੀ ਵਿਖਾਈ ਦਿੰਦੀ ਹੈ। ਪਰਿਵਾਰ ਦੇ ਸ਼ਰਾਬ ਦੇ ਠੇਕੇ ਸਮੇਂ ਇਹੋ ਚੰਚਲਤਾ ਸ਼ਰਾਬ ਵਿੱਚ ਪਾਣੀ ਮਿਲਾਉਣ ਅਤੇ ਚੈਕਿੰਗ ਸਮੇਂ ਬਚਾਓ ਵਿੱਚ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 160