ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਸੈਨਾਪਤੀ ਸੀ, ਸਿਕੰਦਰ ਦੇ ਬਕਤਾਰੀਆ ਦੀ ਸ਼ਹਿਜ਼ਾਦੀ ਰੁਖ਼ਸਾਨਾ ਅਤੇ ਫ਼ਾਰਸ ਦੀ ਸ਼ਹਿਜ਼ਾਦੀ ਸਤਾਤਿਰਾ ਨਾਲ ਵਿਆਹ ਕਰਵਾਉਣ ਕਾਰਨ ਉਸਦਾ ਵਿਰੋਧੀ ਹੋ ਨਿਬੜਿਆ ਅਤੇ ਸਿਕੰਦਰ ਨੂੰ ਮਾਰਨ ਦੀ ਸਾਜ਼ਸ਼ ਰਚਣ ਲੱਗਾ ਸੀ ਪਰ ਅਰਸਤੂ ਦੀ ਵਿਚਾਰਧਾਰਾ ਦਾ ਕੱਟੜ ਸਮਰਥਕ ਕਾਲਿਸਥਸ ਸਾਜ਼ਸ਼ ਨੇਪਰੇ ਚਾੜ੍ਹਨ ਤੋਂ ਐਨ ਪਹਿਲਾਂ ਫੜਿਆ ਗਿਆ।

ਅਰਸਤੂ ਦੀ ਇਸੇ ਪ੍ਰਕਾਰ ਦੀ ਵਿਚਾਰਧਾਰਾ ਨੇ ਹੀ ਫ਼ਰੈਡਰਿਕ ਨੀਤਸ਼ੇ ਦੀ ਸੁਪਰਮੈਨ ਵਾਲੀ ਵਿਚਾਰਧਾਰਾ ਨੂੰ ਪ੍ਰਭਾਵਿਤ ਕੀਤਾ ਜਿਸ ਦੇ ਫਲਸਰੂਪ ਮੁਸੋਲੀਨੀ ਅਤੇ ਹਿਟਲਰ ਵਰਗੇ ਪੈਦਾ ਹੋਏ।

ਇਸ ਅਧਿਐਨ ਵਿੱਚ ਪਹਿਲਾਂ ਅਸੀਂ ਅਰਸਤੂ ਦੇ ਸ਼ਗਿਰਦ ਦੀ ਆਕਾਂਖ਼ਸ਼ਾ, ਉਸਦੇ ਸੁਪਰਮੈਨ ਵਜੋਂ ਹੰਕਾਰ ਅਤੇ ਅਸਤਿੱਤਵ ਦੀ ਬੁਲੰਦੀ ਦਾ ਅਧਿਐਨ ਕਰਾਂਗੇ ਅਤੇ ਫਿਰ ਅਜੈ ਮਿੱਤਰ ਦੀ ਅਗਵਾਈ ਵਿੱਚ ਗਣਤੰਤਰਾਂ ਦੇ ਅਸਤਿੱਤਵ ਅਰਥਾਤ ਪ੍ਰਭੂਸਤਾ ਦੀ ਰਾਖੀ ਲਈ ਪਾਏ ਯੋਗਦਾਨ ਦਾ ਮੁਲਾਂਕਣ ਕਰਾਂਗੇ।

ਸਿਕੰਦਰ ਮਹੱਤਵਾਕਾਂਖੀ ਹੈ। ਉਹ ਆਪਣੇ ਬਲਬੂਤੇ ਸੰਸਾਰ ਵਿਜਯ ਦੀ ਤਾਂਘ ਰੱਖਦਾ ਹੈ। ਸਾਰੇ ਸੰਸਾਰ ਨੂੰ ਵੇਖਣ ਦਾ ਇਛੁੱਕ ਹੈ ਪਰ ਕਾਲਜਿੱਤ ਉਸਨੂੰ ਸਮਝਾਉਂਦਾ ਹੈ ਕਿ ਤੈਨੂੰ 'ਮਹੱਤਵਕਾਂਖਿਆ’ ਨੇ ਜਕੜਿਆ ਹੋਇਆ ਹੈ। ਕਾਲਜਿੱਤ ਉਸਦਾ ਸਾਥ ਦਿੰਦਾ ਹੈ ਤਾਂ ਕਿ ਉਹ ਨੇੜਿਉਂ ਵੇਖ ਸਕੇ ਕਿ ਬੰਦੇ ਦੀਆਂ ਖ਼ਾਹਿਸ਼ਾਂ (Desires) ਉਸਨੂੰ ਕਿਸ ਹੱਦ ਤੱਕ ਲੈ ਜਾਂਦੀਆਂ ਹਨ। ਕਾਲਜਿੱਤ ਉਸ ਨੂੰ ਸਮਝਾਉਂਦਾ ਹੈ:

"ਐ ਬਾਦਸ਼ਾਹ! ਤੂੰ ਐਨਾ ਕਸ਼ਟ ਕਰਕੇ ਐਨੀ ਦੂਰ ਕੀ ਕਰਨ ਆਇਆ ਹੈ? ਜਦ ਕਿ ਤੂੰ ਜੋ ਵੀ ਜਿੱਤਿਆ ਹੈ, ਉਸ ਵਿੱਚ ਤੇਰਾ ਕੁੱਝ ਵੀ ਨਹੀਂ ਸਿਵਾਏ ਉਸ ਧਰਤੀ ਦੇ ਜੋ ਤੇਰੇ ਪੈਰਾਂ ਥੱਲੇ ਹੈ।"[1]

ਸਿਕੰਦਰ ਉਸ ਸਾਧੂ ਦੀ ਕਿਸੇ ਗੱਲ ਤੇ ਨਾਰਾਜ਼ ਨਹੀਂ ਹੁੰਦਾ। ਅਜਿਹੀਆਂ ਜਿੱਤਾਂ ਜਿੱਤਣ ਵਾਲੇ ਸਿਕੰਦਰ ਵਿੱਚ ਕੁੱਝ ਮਨੁੱਖੀ ਗੁਣ ਵੀ ਹਨ। ਉਹ ਇਤਨਾ ਮਿਲਣਸਾਰ ਹੈ ਕਿ ਕਿਸੇ ਵੀ ਮਾਮੂਲੀ ਸੈਨਿਕ ਨੂੰ ਮਿਲਣ ਤੋਂ ਇਨਕਾਰ ਨਹੀਂ ਕਰਦਾ, ਇੰਜ ਉਹ ਹਰ ਕਿਸੇ ਨੂੰ ਸਮਝਣ ਲਈ 'ਮੈਂ-ਤੂੰ’ ਸੰਬੰਧਾਂ ਨੂੰ ਪਹਿਲ ਦਿੰਦਾ ਹੈ। ਉਸਦੇ ਸਿਪਾਹੀ ਉਸਨੂੰ ‘ਅਪੋਲੋ’ ਦੇਵਤਾ ਦਾ ਅਵਤਾਰ ਮੰਨਦੇ ਹਨ। ਉਹ ਇੱਕ ਦੰਭੀ (Hypocrite) ਬੰਦਾ ਸੀ। ਪੋਰਸ ਨਾਲ ਲੜਦਿਆਂ ਉਸਦਾ ਇੱਕ ਘੋੜਾ ਮਰ ਗਿਆ ਸੀ ਜਿਸਦੇ ਨਾਂ 'ਤੇ ਉਸਨੇ ਇੱਕ ਸ਼ਹਿਰ ਵਸਾਉਣ ਦਾ ਹੁਕਮ ਦੇ ਦਿੱਤਾ ਸੀ। ਅਜਿਹੇ ਦੰਭੀ ਲੋਕ ਆਪਣੀ ਸੰਤਾਨ ਅਤੇ ਆਪਣੇ ਕੁੱਤੇ, ਬਿੱਲੀਆਂ ਨੂੰ ਮਹਾਨਤਾ ਦੇਣਾ ਆਪਣੀ ਇੱਛਾ ਦਾ ਭਾਗ ਮੰਨਿਆ ਕਰਦੇ ਹਨ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 171

  1. ਮਨਮੋਹਨ ਬਾਵਾ, ਯੁੱਧ ਨਾਦ, ਪੰ. 35