ਨਤੀਜੇ ਵਜੋਂ ਉਸਦੀ ਇਕ ਲੱਤ ਕੱਟਣੀ ਪਈ। ਬਾਸੂ ਦੀ ਇਹ ਹਾਲਤ ਵੇਖਕੇ ਬਸ਼ੀਰ ਚੱਧੜ ਵੀ ਕਬੱਡੀ ਖੇਡਣੀ ਬੰਦ ਕਰ ਗਿਆ। ਬਰਾਦਰੀ ਵਾਲਿਆਂ ਜ਼ੋਰ ਵੀ ਪਾਇਆ ਪਰ ਉਹ ਉੱਕਾ ਨਾਂਹ ਕਰ ਗਿਆ ਤੇ ਕਹਿਣ ਲੱਗਾ
"ਜਿਸ ਵਸੇਬ ਵਿੱਚ ਖੇਡਾਂ ਦੀ ਇਹ ਕਦਰ ਹੋਵੇ ਉਥੇ ਹੌਲੀ ਹੌਲੀ ਖੇਡਾਂ ਮੁੱਕ ਜਾਂਦੀਆਂ ਨੇ ਸਿਰਫ਼ ਇੱਕ ਖੇਡ ਬਾਕੀ ਰਹਿ ਜਾਂਦੀ ਏ ...ਪੈਸੇ ਦੀ ਖੇਡ..ਜੀਹਦੇ ਵਿੱਚ ਭਰਾ ਭਰਾ ਨੂੰ ਕਤਲ ਕਰਦਾ ਤੇ ਭਾਈ ਆਪਣੀਆਂ ਭੈਣਾਂ ਦੀਆਂ ਸੰਘੀ ਘੁੱਟ ਪੈਂਦੇ ਨੇ। ਜਵਾਨ ਮੁੰਡਿਆਂ ਨੂੰ ਸਿਹਤਮੰਦ ਤਫ਼ਰੀਹ ਨਾ ਲੱਭੇ ਤੇ ਉਨ੍ਹਾਂ ਦਾ ਧਿਆਨ ਚੋਰੀਆਂ, ਡਾਕਿਆਂ ਤੇ ਕਤਲਾਂ ਵੱਲ ਹੋ ਜਾਂਦਾ ਏ।"[1]
ਬਾਸੂ ਦੀ ਲੱਤ ਕੱਟ ਜਾਣ ਤੇ ਉਸਦੇ ਸਾਰੇ ਸੁਪਨੇ ਖੇਰੂੰ ਖੇਰੂੰ ਹੋ ਗਏ। ਬਸ ਹੁਣ ਉਹ ਚੱਕ ਘੁੰਮਾਉਣ ਜੋਗਾ ਹੀ ਰਹਿ ਗਿਆ। ਇੱਕ ਲੱਤ ਵਾਲੇ ਬਾਸੂ ਦਾ ਹੌਸਲਾ ਅਤੇ ਦਲੇਰੀ ਇਕ ਵਾਰੀ ਉਸ ਸਮੇਂ ਪ੍ਰਗਟ ਹੁੰਦੀ ਹੈ ਜਦੋਂ ਖ਼ਾਲਿਦ ਅਤੇ ਉਸਦੇ ਸਾਥੀ ਚੋਣ ਰੈਲੀ ਨੂੰ ਸੰਬੋਧਨ ਕਰਨ ਗਏ ਹੋਏ ਸਨ ਤੇ ਨੈਨਤਾਰਾ ਦੀ ਰਾਖੀ ਲਈ ਬਾਸੂ ਘਰ ਰੁਕ ਗਿਆ ਸੀ। ਉਸ ਸਮੇਂ ਫ਼ਲਕ ਸ਼ੇਰ ਨੈਨਤਾਰਾ ਨੂੰ ਲੈਣ ਆ ਗਿਆ। ਫ਼ਲਕ ਸ਼ੇਰ ਨੂੰ ਨਿਜ਼ਾਮਦੀਨ ਮੋਚੀ ਬੜਾ ਸਮਝਾਉਂਦਾ ਕਿ ਉਹ ਵਾਪਸ ਚਲਿਆ ਜਾਵੇ। ਉਹ ਤਾਂ ਸਗੋਂ ਉਲਟਾ ਹੀ ਪੈ ਗਿਆ ਕਹਿੰਦਾ ਮੋਚੀਆ ‘ਆਪਣੀ ਖੱਲ ’ਚ ਰਹਿ।' ਫ਼ਲਕ ਸ਼ੇਰ ਨੇ ਲਲਕਾਰਾ ਮਾਰਿਆ-ਕੁੜੀ ਨੂੰ ਬਾਹਰ ਕੱਢੋ। ਬਾਸੂ ਨੇ ਗੰਡਾਸਾ ਚੁੱਕ ਲਿਆ ‘ਤੂੰ ਕੁੜੀ ਆਖਨਾਂ ਏ- ਬੂਹੇ ਨੂੰ ਹੱਥ ਲਾ ਕੇ ਦੇਖ।'[2]
ਜੂਰਾ ਖ਼ਾਲਿਦ ਦਾ ਜਮਾਤੀ ਸੀ। ਪੜ੍ਹਨ ਵਿੱਚ ਨਾਲਾਇਕ ਦਸਵੀਂ ਵਿੱਚੋਂ ਫ਼ੇਲ੍ਹ। ਪਰ ਸ਼ਰਾਰਤੀ ਪੁੱਜਕੇ। ਤੂੰਬਾਂ ਧੁਆਉਣ ਦੇ ਬਹਾਨੇ ਸੁਨਿਆਰਾਂ ਦੀ ਕੁੜੀ ਨੱਜੀ ਨੂੰ ਵੇਖਣ ਬਾਗਾਂ ਵਾਲੀ ਵਿਖੇ ਸਾਰੇ ਸਾਥੀਆਂ ਨੂੰ ਲੈ ਕੇ ਜਾਂਦਾ ਹੈ। ਸਰਵਰ ਉਸੇ ਕੁੜੀ ਨੂੰ ਗਰਭਵਤੀ ਕਰ ਦਿੰਦਾ ਹੈ। ਉਧਾਲੇ ਦਾ ਦੋਸ਼ੀ ਖ਼ਾਲਿਦ ਬਣਦਾ ਹੈ। ਪਰ ਸਰਵਰ ਨੂੰ ਮਾਰਨ ਅਤੇ ਨੱਜੀ ਨੂੰ ਉਸਦੀ ਕੈਦ ਵਿੱਚੋਂ ਰਿਹਾ ਕਰਵਾਉਣ ਦਾ ਕਾਰਜ ਵੀ ਜੂਰਾ ਹੀ ਕਰਦਾ ਹੈ। ਨੈਨਤਾਰਾ ਨੂੰ ਫ਼ਲਕ ਸ਼ੇਰ ਦੇ ਹੱਥ ਆਉਣ ਤੋਂ ਰੋਕਣ ਲਈ ਗੋਲੀ ਚਲਾਕੇ ਫ਼ਲਕ ਸ਼ੇਰ ਨੂੰ ਮੌਤ ਦੇ ਘਾਟ ਉਤਾਰਦਾ ਹੈ। ਬੇਸ਼ਕ ਜੂਰਾ ਫ਼ਲਕ ਸ਼ੇਰ ਦੀ ਬਰਾਦਰੀ ਦਾ ਹੀ ਸੀ। ਉਸਨੇ ਫ਼ਲਕ ਸ਼ੇਰ ਨੂੰ ਮਾਰਨ ਤੋਂ ਪਹਿਲਾਂ ਚੇਤਾਵਨੀ ਵੀ ਦਿੱਤੀ ਸੀ:
"ਫ਼ਲਕ ਸ਼ੇਰ ਮੈਂ ਨਹੀਂ ਸੀ ਚਾਹੁੰਦਾ ਤੇਰਾ ਨੁਕਸਾਨ ਕਰਾਂ। ਮੈਂ ਇਸ਼ਤਿਆਰੀ ਕਾਤਲ ਆਂ। ਇਕੋ ਵਾਰੀ ਫਾਹੇ ਲੱਗਣਾ ਏਂ ਪਰ ਤੇਰੇ ਖਾਨਵਾਦੇ ਦਾ ਬੀ ਮਾਰਿਆ ਜਾਣਾ ਏ। ਇਨ੍ਹਾਂ ਮਾਸੂਮ ਜ਼ਨਾਨੀਆਂ ਉੱਤੇ ਤਰਸ ਖਾ...... ਆਪਣੀ ਜਵਾਨੀ ਤੇ ਬੁੱਢੀ ਮਾਂ ਉੱਤੇ ਤਰਸ ਖਾ ਤੇ ਛੱਡ ਦੇ।"[3]
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 186