ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਨੁਕਤਾ ਪੂਰਾ ਸਪਸ਼ਟ ਨਹੀਂ ਸੀ। ਜੇ ਕੋਈ ਵਿਅਕਤੀ ਧਾਰਮਿਕ ਅਸਤਿਤਵਵਾਦੀ ਹੈ ਤਾਂ ਉਹ ਧਾਰਮਿਕ ਗ੍ਰੰਥਾਂ ਨੂੰ ਕੇਵਲ ਪੜ੍ਹਦਾ ਹੀ ਨਹੀਂ, ਉਨ੍ਹਾਂ ਵਿੱਚ ਦਿੱਤੀ ਸਿੱਖਿਆ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਦਾ ਵੀ ਹੈ। ਨਾਸਤਿਕ ਅਸਤਿਤਵਵਾਦੀ ਵੀ ਆਪਣੇ ਹਰ ਕੰਮ ਦੀ ਚੋਣ ਮਾਨਵਵਾਦੀ ਦ੍ਰਿਸ਼ਟੀਕੋਣ ਅਨੁਸਾਰ ਕਰਦਾ ਹੈ ਜੋ ਵਿਅਕਤੀ ਕਹਿਣੀ ਅਤੇ ਕਰਨੀ ਦੇ ਪੂਰੇ ਨਹੀਂ ਹੁੰਦੇ, ਉਨ੍ਹਾਂ ਦਾ ਅਸਤਿਤਵ ਅਪ੍ਰਮਾਣਿਕ ਹੁੰਦਾ ਹੈ।

ਭਾਰਤੀ ਚਿੰਤਨ ਵੀ ਆਪਣੇ ਸਵੈ ਦੀ ਖੋਜ ਕਰਦਾ ਹੈ। 'ਆਤਮਾ ਵਿਧੀ' (Atman viddhi) ਅਸਤਿਤਵਵਾਦ ਵੱਲ ਹੀ ਸੰਕੇਤ ਕਰਦੀ ਹੈ। ਉਪਨਿਸ਼ਦਾਂ ਵਿੱਚ ‘ਤਤਵਾਮਸਿ’ (Thou art That) ਅਤੇ ‘ਅਹੰਮਬ੍ਰਹਮੋਅਸਮੀ’ (I am Braman) ਦੋ ਅਜਿਹੀਆਂ ਉਕਤੀਆਂ ਉਪਲਬਧ ਹਨ ਜੋ ਇਸ ਬੰਨੇ ਸੰਕੇਤ ਕਰਦੀਆਂ ਹਨ ਕਿ ਵਿਅਕਤੀ ਵਸਤੂ ਨਹੀਂ ਹੈ। ਪਰਮਾਤਮਾ ਦਾ ਵਾਸਾ ਮਨੁੱਖ ਦੇ ਅੰਦਰ ਹੀ ਹਿਰਨ ਦੀ ਕਸਤੂਰੀ ਵਾਂਗ ਹੈ। ਅਸਤਿਤਵਵਾਦੀਆਂ ਅਨੁਸਾਰ ਬੰਦੇ ਦੀ ਮਹਾਨਤਾ ਇਸ ਗੱਲ ਵਿੱਚ ਨਹੀਂ ਕਿ ਉਹ ਕੀ ਹੈ? ਸਗੋਂ ਇਸ ਸੰਭਾਵਨਾ (Possibility) ਵਿੱਚ ਨਿਹਿਤ ਹੈ ਕਿ ਉਹ ਕੀ ਬਣ ਸਕਦਾ ਹੈ। ਜੀਵਨ ਵਿੱਚ ਦੁੱਖ ਹਨ, ਬਿਮਾਰੀਆਂ ਹਨ, ਬੇਗਾਨਗੀ ਦਾ ਸਾਹਮਣਾ ਕਰਨਾ ਪੈਂਦਾ ਹੈ, ਨਿਰਾਸ਼ਾ ਹੈ, ਪਰੇਸ਼ਾਨੀ, ਅਕਾਊਪਨ ਆਦਿ ਹੈ। ਇਹ ਸਭ ਜੀਵਨ ਦਾ ਸੱਚ ਹੈ। ਬੰਦੇ ਨੂੰ ਇਨ੍ਹਾਂ ਸਭ ਨਾਂਹਮੁਖੀ ਪਰਿਸਥਿਤੀਆਂ ਨਾਲ ਟਕਰਾਉਣਾ ਪੈਂਦਾ ਹੈ। ਫ਼ਿਲਾਸਫ਼ੀ ਦੇ ਅਧਿਕਤਰ ਅਨੁਸ਼ਾਸ਼ਨ ਬੰਦੇ ਨੂੰ ਬੰਦੇ ਵਜੋਂ ਵੇਖਣ ਦੀ ਥਾਂ ਵਸਤੂ ਵਜੋਂ ਵੇਖਣ ਸਮੇਂ ਟਪਲਾ ਖਾਂਦੇ ਹਨ। ਜੀਵਨ ਦੀਆਂ ਦੁਸ਼ਵਾਰੀਆਂ ਅਤੇ ਨਿਰਾਸ਼ਾਵਾਂ ਵਿੱਚੋਂ ਅਸਤਿਤਵਵਾਦੀ ਊਸ਼ਾ ਦੀ ਲਾਲੀ ਉਡੀਕਦੇ ਹਨ ਅਤੇ ਇਉਂ ਆਸ਼ਾਵਾਦੀ ਰਹਿੰਦੇ ਹਨ। ਅਸਤਿਤਵਵਾਦੀਆਂ ਵਾਂਗ ਭਾਰਤੀ ਚਿੰਤਕ ਵੀ ਮੌਤ ਨੂੰ ਅਟੱਲ ਮੰਨਦੇ ਹਨ। ਉਹ ਵੀ ਬੰਦੇ ਦੀ ਪਾਰਗਮਤਾ (Transcendence) ਵਿੱਚ ਵਿਸ਼ਵਾਸ ਰੱਖਦੇ ਹਨ। ਉਹ ਵੀ ਮਨੁੱਖ ਨੂੰ ਸੁਤੰਤਰ ਗਤੀਸ਼ੀਲਤਾ ਵਿੱਚ ਵੇਖਣ ਦੇ ਇਛੁੱਕ ਹਨ। ਬਾਹਰਲਾ ਕੋਈ ਵੀ ਸਾਧਨ ਸਾਡੇ ਚੰਗੇ ਜਾਂ ਮੰਦੇ ਹੋਣ ਨੂੰ ਨਿਰਧਾਰਤ ਨਹੀਂ ਕਰ ਸਕਦਾ, ਚੰਗੇ ਜਾਂ ਮੰਦੇ ਤਾਂ ਅਸੀਂ ਅੰਦਰੋਂ ਹੋਣਾ ਹੈ। ਸਾਡੇ ਲਈ ਕਿਹੜਾ ਕਰਮ ਚੰਗਾ ਹੈ, ਇਹ ਸਾਡੇ ਅੰਦਰ ਨੇ ਨਿਰਣਾ ਕਰਨਾ ਹੈ। ਆਪਣੀ ਆਤਮਾ ਦੀ ਆਵਾਜ਼ ਸੁਣਨ ਲਈ ਮਨੁੱਖਤਾ ਨੂੰ ਸਾਵਧਾਨ ਕਰਦਾ ਹੋਇਆ Leon Brown ਲਿਖਦਾ ਹੈ: Listen to your own voice, your own soul; Too many people listen to the noise of the world instead of themselves.[1]

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ)/20

  1. The Tribune, 16-04-2014