ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/214

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੇਤਨ ਹੁੰਦਾ ਹੈ। ਹੁਣ ਉਸ ਥਾਣੇਦਾਰ ਦਾ ਕੁੱਝ ਕਰਨਾ ਹੈ ਜੋ ਸਾਬਾਂ ਨੂੰ ਕਾਬੂ ਕਰੀ ਬੈਠਾ ਹੈ। ਜਿਸ ਮਨਬਚਨੀ ਵਿੱਚ ਰੁੱਤਾ ਆਪਣੀ ਮਾਨਸਿਕ ਉਧੇੜ-ਬੁਣ ਕਰਦਾ ਹੈ, ਇਸਦੀ ਮੰਚ ਉੱਪਰ ਪੇਸ਼ਕਾਰੀ ਕਾਫ਼ੀ ਲੰਬੀ ਹੈ ਪਰ ਇਸ ਵਿੱਚ ਉਸਦੀ ਚੇਤਨਾ ਭਟਕਨ ਵਿੱਚ ਹੈ। ਇੱਕ ਥਾਂ ਟਿਕ ਨਹੀਂ ਰਹੀ। ਬੀਤ ਚੁੱਕੀ ਘਟਨਾ ਦਾ ਪੂਰਾ ਵਿਸ਼ਲੇਸ਼ਣ ਕਰਦਿਆਂ ਕਦੀ ਉਹ ਬੁੱਢਣ ਸ਼ਾਹ ਨੂੰ ਦੋਸ਼ੀ ਠਹਿਰਾਉਂਦਾ ਹੈ; ਕਦੇ ਆਪਣੇ ਆਪ ਨੂੰ; ਕਦੇ ਸਾਬਾਂ ਨੂੰ। ਇੱਥੇ ਉਹ ਇਕਤਦਾਰ ਅਲੀ ਨੂੰ ਦੋਸ਼-ਮੁਕਤ ਕਰਦਾ ਹੈ। ਕੀ ਹੋਇਆ ਜੇ ਇਕ ਪੈਰ ਥਿੜਕ ਗਿਆ ਸੀ। ਇਥੇ ਉਹ, ਦਰਅਸਲ, ਅਸਤਿਤਵਵਾਦੀ ਮਨੋਵਿਗਿਆਨੀ (Existential psychologist) ਵਾਂਗ ਸੋਚਦਾ ਪ੍ਰਤੀਤ ਹੁੰਦਾ ਹੈ। ਸਾਬਾਂ ਜ਼ਰੂਰ ਇਕਤਦਾਰ ਅਲੀ ਦੇ ਸਾਹਵੇਂ ਬਣ ਠਣਕੇ ਲੰਘਦੀ ਹੋਣੀ ਐਂ। ਇਕਤਦਾਰ ਨੂੰ ਉਹ ਚੰਗਾ ਇਸ ਲਈ ਸਮਝਦਾ ਹੈ ਕਿ ਉਸਨੇ ਹੀ ਤਾਂ ਮੁਸੱਲੀਆਂ ਨੂੰ ਪੰਜ ਹਜ਼ਾਰ ਵਰ੍ਹਿਆਂ ਦੀ ਜਾਤ-ਪਾਤੀ ਪ੍ਰਥਾ ਤੋਂ ਮੁਕਤ ਕਰਨ ਲਈ ਉਨ੍ਹਾਂ ਨੂੰ ਚੇਤਨਾ ਪ੍ਰਦਾਨ ਕੀਤੀ ਸੀ। ਇਉਂ ਰੁੱਤੇ ਦੀ ਜ਼ਮੀਰ ਵਾਰ ਵਾਰ ਇਸ ਸਥਿਤੀ ਬਾਰੇ ਸੋਚਦੀ ਹੈ। ਕਦੇ ਆਪਣੇ ਆਪ ਨੂੰ ਕਸੂਰਵਾਰ ਮੰਨਦਾ ਹੈ ਕਿਉਂਕਿ ਉਸਨੇ ਪਹਿਲਾ ਹੱਕ ਦਾ ਵਾਰ ਆਪਣੇ ਗੁਰੂ ਤੇ ਹੀ ਕਰ ਦਿੱਤਾ। ਸਾਬਾਂ ਵੀ ਜ਼ਰੂਰ ਰੁੱਤੇ ਉੱਪਰ ਦੋਸ਼ ਲਾਉਂਦੀ ਹੋਏਗੀ ਕਿ ਉਸਨੇ ਉਸ ਉੱਪਰ ਵਿਸ਼ਵਾਸ ਕਿਉਂ ਨਾ ਕੀਤਾ। ਇਸ ਮਨਬਚਨੀ ਨੂੰ ਘਟਨਾ ਕਿਰਿਆ ਵਿਗਿਆਨ (Understanding Phenomenologically) ਅਨੁਸਾਰ ਸਮਝਦਿਆਂ ਰੁੱਤਾ ਫ਼ਜ਼ੂਲ ਜਜ਼ਬਾਤਾਂ ਵਿੱਚ ਉਲਝਿਆ ਪ੍ਰਤੀਤ ਹੁੰਦਾ ਹੈ। ਕਦੀ ਕਿਸੇ ਗੱਲ ਨੂੰ ਠੀਕ ਕਹਿੰਦਾ ਹੈ, ਫਿਰ ਉਸੇ ਨੂੰ ਗ਼ਲਤ। ਸਾਰਤਰ ਦੀ ਟਿੱਪਣੀ ਸ਼ਾਇਦ ਅਜਿਹੀ ਮਾਨਸਿਕ ਸਥਿਤੀ ਬਾਰੇ ਹੀ ਹੈ:

Sartre argues that there is no moral law, that "man is a useless passion" that no one can really respect the freedom of others, that the basis of all relations between human beings is conflict.[1]

ਰੁੱਤਾ ਆਪਣੇ ਆਪ ਨੂੰ ਬੀਤੇ ਪੰਜ ਹਜ਼ਾਰ ਵਰ੍ਹਿਆਂ ਦੇ ਮੁਸੱਲਿਆਂ ਦਾ ਪ੍ਰਤਿਨਿਧੀ ਸਮਝ ਰਿਹਾ ਹੈ। ਉਸਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਮੁਸੱਲੀ ਕਿਰਤੀ-ਕਾਮੇ ਉਸਦੀਆਂ ਗੱਲਾਂ ਵੱਲ ਧਿਆਨ ਦੇਣ ਲੱਗ ਪਏ ਹਨ। ਸਾਬਾਂ ਨੂੰ ਉਹ ਹੜੱਪੇ ਦੀ ਬਰਬਾਦੀ ਸਮੇਂ ਔਰਤਾਂ ਦੀ ਹੋਈ ਦਸ਼ਾ ਦੀ ਪ੍ਰਤਿਨਿਧਤਾ ਕਰਨ ਵਾਲੀ ਸਮਝਦਾ ਹੈ। ਹੜੱਪੇ ਦੇ ਸਮੇਂ ਦੇ ਧਾੜਵੀ ਜ਼ਾਲਮ ਸਨ ਪਰ ਅਜੋਕੇ ਧਾੜਵੀ ਤਾਂ ਰੱਬ/ਅੱਲ੍ਹਾ ਦਾ ਨਾਂ ਜਪਣ ਵਾਲੇ ਹਨ। ਫਿਰ ਉਹ ਏਦਾਂ ਵਿਵਹਾਰ ਕਿਉਂ ਕਰਦੇ ਹਨ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 212

  1. Encyclopaedia Brittanica; Vol. 19, 1969