ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/231

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਸੰਸਾਰ 'ਵਸੇਬ' ਕਹਾਉਣ ਦਾ ਹੱਕਦਾਰ ਨਹੀਂ।

ਵਸਦਾ ਹੈ ਪਰ ਉਜੜਨ ਜੋਗਾ।[1]

ਇਸ ਕਾਵਿ-ਪੰਕਤੀ ਵਿੱਚ ਮਾਰਟਿਨ ਹਾਈਡਿਗਰ ਦੇ ਮੌਤ ਬਾਰੇ ਵਿਚਾਰ ਅੰਕਿਤ ਵਿਖਾਈ ਦਿੰਦੇ ਹਨ ਜਦੋਂ ਉਹ ਲਿਖਦਾ ਹੈ ਕਿ ਬੰਦਾ ਸੰਸਾਰ ਵਿੱਚ ਤਾਂ ਹੈ ਪਰ ਸੰਸਾਰ ਦਾ ਨਹੀਂ ਹੈ ਅਰਥਾਤ ਉਜੜਨ ਜੋਗਾ ਹੈ। ਇਸੇ ਲਈ ਕਵੀ ਜਿੰਦ ਨੂੰ ਸੰਬੋਧਨ ਕਰਦਿਆਂ 'ਅੱਜ ਤੇਰੇ ਮਹਿਮਾਨ’ ਕਹਿੰਦਾ ਹੈ। ‘ਕਵੀ ਸਾਹਿਬ' ਕਵਿਤਾ ਦਾ ਸਿਰਲੇਖ ਹੀ ਵਿਅੰਗਾਤਮਕ ਹੈ ਜਿਸਦੀ ਸ਼ਖ਼ਸੀਅਤ ਦੋਫਾੜ ਹੈ। ਕਦੇ ਸਰਕਾਰੀ ਪੱਖ ਬਾਰੇ ਲਿਖਦਾ ਹੈ, ਕੱਟ ਦਿੰਦਾ ਹੈ। ਫਿਰ ਬਾਗੀਆਂ ਬਾਰੇ ਲਿਖਦਾ ਹੈ, ਕੱਟ ਦਿੰਦਾ ਹੈ। ਉਸਨੂੰ ਦੋਨਾਂ ਪਾਸਿਆਂ ਤੋਂ ਆਪਣੀ ਜਾਨ ਨੂੰ ਖ਼ਤਰਾ ਹੈ। ਇੰਜ ਉਸਦਾ ਅਸਤਿਤਵ ਅਪ੍ਰਮਾਣਿਕ ਹੋ ਜਾਂਦਾ ਹੈ। ਇਸ ਅਪ੍ਰਮਾਣਿਕਤਾ ਦੀ ਸਜ਼ਾ ਜੇ ਕਿਸੇ ਨੂੰ ਮਿਲਦੀ ਹੈ ਤਾਂ ਉਹ ਹੈ ਕਵੀ ਸਾਹਿਬ ਦੀ ਕਵਿਤਾ। ਇੱਥੇ ਸਾਡਾ ਧਿਆਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵੱਲ ਜਾਂਦਾ ਹੈ। ਜਿਨ੍ਹਾਂ ਨੇ ਸਮੇਂ ਦੀ ਸਰਕਾਰ ਨੂੰ ਜ਼ਫ਼ਰਨਾਮਾ ਲਿਖਕੇ ਨਿਡਰਤਾ ਦਾ ਸਬੂਤ ਦਿੱਤਾ ਅਤੇ ਇਉਂ ਪ੍ਰਮਾਣਿਕ ਅਸਤਿਤਵ ਦੇ ਸੁਆਮੀ ਬਣੇ। ਮੌਤ ਦੀ ਦ੍ਰਿਸ਼ਟੀ ਤੋਂ 'ਪਿਆਰਾ’ ਕਵਿਤਾ ਵੀ ਵਿਲੱਖਣ ਹੈ। ਕਾਵਿ-ਨਾਇਕ ਦਾ ਉਹ ਵਿਦਿਆਰਥੀ ਸੀ ਜਿਸਨੂੰ ਉਸਨੇ ਕਾਲੇ ਅੱਖਰਾਂ 'ਚੋਂ ਅਰਥ ਕੱਢਣੇ ਸਿਖਾਏ ਸਨ ਤੇ ਜੋ ਗਾਉਣ ਲੱਗ ਪਿਆ ਸੀ ਅਤੇ ‘ਕਾਲੀ ਧੌਣ ਵਿੱਚ ਦੀਵੇ' ਜਗਾਉਣ ਲੱਗ ਪਿਆ ਸੀ ਪਰ ਹਨੇਰੇ ਦੇ ਖ਼ੁਦਾਵਾਂ ਨੇ ਉਸਨੂੰ ਮਾਰ ਦਿੱਤਾ ਸੀ। ਪਰ ਕਾਵਿ-ਨਾਇਕ ਹਨ੍ਹੇਰੇ ਦੇ ਖ਼ੁਦਾਵਾਂ ਦੇ ਦਫ਼ਤਰਾਂ ਵਿੱਚ ਕਰਮਚਾਰੀ ਵਜੋਂ ਤਾਇਨਾਤ ਹੈ ਅਤੇ ਸੱਚ ਇਹ ਹੈ ਕਿ:

ਹਰ ਪਿਆਰੇ ਤੋਂ ਵੱਧ ਕੇ ਜਿਸਨੂੰ ਆਪਣੀ ਜਾਨ ਪਿਆਰੀ।[2]

ਪਰ ਇਸ ਪ੍ਰਕਾਰ ਜਿਉਣ ਤੇ ਰੋਣਾ ਅਤੇ ਅਜਿਹੀ ਮੌਤ ’ਤੇ ਹਾਸਾ ਵੀ ਆਉਂਦਾ ਹੈ। ਕਿਉਂਕਿ ਅਜਿਹੇ ਜੀਵਨ ਦੀ ਦਸ਼ਾ ਜੀਵਨ ’ਤੇ ਮੌਤ ਦਰਮਿਆਨ ਲਟਕਾਅ ਦੀ ਅਵਸਥਾ ਹੈ। ਅਜਿਹਾ ਜੀਣਾ ਹੀ ਖੋਟਾ ਨਿਸ਼ਚਾ (Bad faith) ਹੈ। ਕਾਵਿ-ਨਾਇਕ ਨੂੰ ਮੌਤ ਹਰ ਪਲ ਯਾਦ ਰਹਿੰਦੀ ਹੈ:

ਸ਼ਾਮ ਹੋ ਸਕਦੀ ਹੈ ਕਿਸੇ ਪਲ ਵੀ

ਮੈਨੂੰ ਹਰ ਪਲ ਇਹ ਯਾਦ ਰਹਿੰਦਾ ਹੈ।[3]

ਮੌਤ ਇੱਕ ਸੰਸਾਰ ਵਿਆਪਕ ਸਚਾਈ ਹੈ। ਬੰਦਾ ਜੰਮਿਆ ਹੀ ਮਰਨ ਲਈ ਹੈ। ਪਰ ਮੌਤ ਦਾ ਇਹ ਖ਼ਤਰਾ ਕਾਵਿ-ਨਾਇਕ ਨੂੰ, ਵਿਗਿਆਨ ਦੀ ਦੇਣ ਪ੍ਰਮਾਣੂ ਹਥਿਆਰਾਂ ਕਾਰਨ ਸ਼ਾਇਦ, ਪੂਰੀ ਦੁਨੀਆਂ ਲਈ ਵਿਖਾਈ ਦਿੰਦਾ ਹੈ:

ਜੋ ਸਹਿ ਲਿਆ ਸਦੀਆਂ, ਇੱਕ ਦਿਵਸ ਨਾ ਸਹੇਗਾ।

ਸਦੀਆਂ ਦੀ ਅਣਕਹੀ ਨੂੰ, ਇੱਕ ਹਾਦਸਾ ਕਹੇਗਾ।[4]

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 229

  1. ਉਹੀ, ਪੰ. 63
  2. ਉਹੀ, ਪੰ. 44
  3. ਉਹੀ, ਪੰ. 51
  4. ਉਹੀ, ਪੰ. 71