ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/250

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਧਿਆਇ ਅਠਾਰਵਾਂ

ਖੂਹ ਖਾਤੇ

ਡਾ. ਜਸਵਿੰਦਰ ਸਿੰਘ ਇਕ ਆਲੋਚਕ ਅਤੇ ਸਭਿਆਚਾਰਕ ਚਿੰਤਕ ਵਜੋਂ ਪੰਜਾਬੀ ਸਾਹਿਤ ਵਿਚ ਆਪਣਾ ਵਿਸ਼ੇਸ਼ ਸਥਾਨ ਰੱਖਦੇ ਹਨ। ਇਸ ਦੇ ਨਾਲ਼ ਹੀ ਉਹ ਪੰਜਾਬੀ ਕਹਾਣੀ ਦੇ ਖੇਤਰ ਆਪਣੇ ਇੱਕੋ-ਇੱਕ ਕਹਾਣੀ ਸੰਗ੍ਰਹਿ ‘ਖੂਹ ਖਾਤੇ' ਨਾਲ ਨਵੇਂ ਪੰਜਾਬੀ ਕਹਾਣੀਕਾਰਾਂ ਵਿੱਚ ਆਪਣਾ ਜ਼ਿਕਰਯੋਗ ਨਾਂ ਬਣਾ ਗਏ ਹਨ। ਜਸਵਿੰਦਰ ਸਿੰਘ ‘ਇਸ ਗੱਲ ਵੱਲੋਂ ਸੁਚੇਤ ਹੈ ਕਿ ਅੱਜ ਦੇ ਸਮੇਂ ਵਿਚ ਕਹਾਣੀ ਲਿਖਣਾ ਇਕ ਜ਼ਿੰਮੇਵਾਰ ਕਲਾ ਹੈ ਤੇ ਇਹ ਪਹਿਚਾਣ ਹੋਣੀ ਬਹੁਤ ਜ਼ਰੂਰੀ ਹੈ ਕਿ ਕਹਾਣੀ ਦੀ ਵਿਧਾ ਕਿਥੇ ਕੁ ਤੱਕ ਪਹੁੰਚੀ ਹੈ। ਪੰਜਾਬੀ ਵਿਚ ਕਹਾਣੀ ਦੀ ਵਿਧਾ ਕਾਫ਼ੀ ਵਿਕਸਤ ਹੈ, ਇਸ ਲਈ ਇਸ ਜ਼ਿੰਮੇਵਾਰੀ ਨੂੰ ਸਮਝਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।'[1]

ਇਹ ਜ਼ਿੰਮੇਵਾਰ ਕਲਾ ਸਮਝਕੇ ਲਿਖੀਆਂ ਇਸ ਸੰਗ੍ਰਹਿ ਦੀਆਂ ਕਹਾਣੀਆਂ ਵਿੱਚੋਂ ਅਸੀਂ ਇਸ ਸੰਗ੍ਰਹਿ ਦੀ ਪਹਿਲੀ ਹੀ ਕਹਾਣੀ 'ਖੂਹ ਖਾਤੇ’ ਨੂੰ ਅਸਤਿਤਵਵਾਦੀ ਆਲੋਚਨਾ ਦ੍ਰਿਸ਼ਟੀ ਅਨੁਸਾਰ ਸਮਝਣ ਦਾ ਯਤਨ ਕਰਾਂਗੇ। ਅਜਿਹੇ ਅਧਿਐਨ ਦਾ ਆਰੰਭ ਕਰਦਿਆਂ ਸਾਡੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਇਸ ਕਹਾਣੀ ਦੇ ਪ੍ਰਮੁੱਖ ਪਾਤਰਾਂ ਦੀ ਤਥਾਤਮਕਤਾ (Facticity) ਬਾਰੇ ਜਾਣਕਾਰੀ ਪ੍ਰਾਪਤ ਕਰੀਏ। ਫੈਕਟੀਸਿਟੀ ਕੀ ਹੈ? ਬਾਰੇ ਮਾਰਟਿਨ ਹਾਈਡਿਗਰ ਲਿਖਦਾ ਹੈ..'Facticity of ourselves in the world that is such facts as where we were born, who were our parents, where we were educated...etc'[2]

ਕਹਾਣੀਕਾਰ ਨੇ ਇਨ੍ਹਾਂ ਪਾਤਰਾਂ ਦੀ ਤਥਾਤਮਕਤਾ ਬਾਰੇ ਜੋ ਜਾਣਕਾਰੀ ਦਿੱਤੀ ਹੈ, ਉਸ ਅਨੁਸਾਰ ਭੂਪਿੰਦਰ ਸਿੰਘ ਗਰੇਵਾਲ ਪਿੰਡ ਬਿਲੇ ਦੇ ਨਾਜ਼ਰ ਸਿੰਘ ਦਾ ਸਪੁੱਤਰ ਹੈ। ਉਸਦੇ ਨਾਨਕੇ ਪਿੰਡ ਤੰਦਾਉਰੇ ਹਨ। ਉਸਦੇ ਮਾਮੇ ਦਾ ਨਾ ਬਚਨ ਸਿੰਘ ਹੈ। ਸੁਰਜੀਤ ਸਿੰਘ ਉਸਦੇ ਮਾਮੇ ਦਾ ਪੁੱਤਰ ਹੈ। ਸੁਰਜੀਤ ਸਿੰਘ ਦੇ ਮੁੰਡੇ ਦਾ ਨਾ ਲਾਡੀ ਹੈ। ਜਦੋਂ ਭੂਪਿੰਦਰ ਸਿੰਘ ਨੇ ਦਸਵੀਂ ਪਾਸ ਕਰ ਲਈ ਤਾਂ ਉਸਦਾ ਬਾਪੂ ਨਾਜ਼ਰ ਸਿੰਘ ਉਸਨੂੰ ਅੱਗੇ ਪੜ੍ਹਾਉਣ ਤੋਂ ਇਨਕਾਰ ਕਰ ਗਿਆ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 248

  1. ਸਤਿੰਦਰ ਸਿੰਘ ਨੂਰ (ਡਾ.) ਆਦਿਕਾ (ਖੂਹ ਖਾਤੇ), ਅਸਥੈਟਿਕ ਪਬਲੀਕੇਸ਼ਨਜ਼, ਲੁਧਿਆਣਾ, 1996, ਪੰਨਾ-12
  2. Mary Warnock, Existentialism, P-62